“ਸਿਆਸੀ ਨੇਤਾ ਆਪਣੀ ਪ੍ਰਸਿੱਧੀ ਦਾ ਪ੍ਰਗਟਾਵਾ ਕਰਨ ਲਈ ਵੱਡੀਆਂ ਭੀੜਾਂ ਇਕੱਠੀਆਂ ...”
(17 ਅਪਰੈਲ 2021)
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੇਪਰ ਵਿੱਚ ਸਭ ਤੋਂ ਪਹਿਲਾਂ ਔਖੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਇਸੇ ਗੱਲ ਨੂੰ ਆਧਾਰ ਬਣਾ ਕੇ ਰਵੀਸ਼ ਕੁਮਾਰ ਨੇ ਆਪਣੇ ਪ੍ਰੋਗਰਾਮ ਵਿੱਚ ਕਿਹਾ ਕਿ ਸਰਕਾਰ ਨੂੰ, ਮੰਤਰੀਆਂ ਨੂੰ, ਪ੍ਰਧਾਨ ਮੰਤਰੀਆਂ ਨੂੰ ਵੀ ਪੱਤਰਕਾਰਾਂ ਦੇ ਔਖੇ ਸਵਾਲਾਂ ਦੇ ਜਵਾਬ ਪਹਿਲਾਂ ਦੇਣੇ ਚਾਹੀਦੇ ਹਨ ਅਤੇ ਅਕਸ਼ੈ ਕੁਮਾਰ ਵਰਗਿਆਂ ਦੇ ਹਲਕੇ ਫੁਲਕੇ ਪ੍ਰਸ਼ਨਾਂ ਦੇ ਉੱਤਰ ਬਾਅਦ ਵਿੱਚ ਦੇਣੇ ਚਾਹੀਦੇ ਹਨ।
ਸਾਲ 2020 ਦੇ ਆਰੰਭ ਵਿੱਚ ਆਰੀ.ਟੀ.ਆਈ. ਰਾਹੀਂ ਇੱਕ ਨਿਊਜ਼ ਚੈਨਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਪ੍ਰੈੱਸ ਕਾਨਫਰੰਸਾਂ ਸੰਬੰਧੀ ਪ੍ਰਧਾਨ ਮੰਤਰੀ ਦਫਤਰ ਨੂੰ ਪੁੱਛਿਆ। ਜਵਾਬ ਮਿਲਿਆ ਕਿ ਸਾਡੇ ਕੋਲ ਉਨ੍ਹਾਂ ਦੀਆਂ ਪ੍ਰੈੱਸ ਕਾਨਫਰੰਸਾਂ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ। ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਕੋਈ ਵੀ ਅਜਿਹੀ ਖੁੱਲ੍ਹੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਜਿਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹੋਣ।
ਵਿਦਿਆਰਥੀਆਂ ਨੂੰ ਸਮਝਾਉਣਾ, ਸਲਾਹਾਂ ਦੇਣੀਆਂ ਅਸਾਨ ਹਨ, ਉਨ੍ਹਾਂ ਸਥਿਤੀਆਂ ਵਿੱਚੋਂ ਖੁਦ ਲੰਘਣਾ ਕਠਿਨ ਹੈ। ਸਰਕਾਰ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੀ? ਔਖੇ ਸਵਾਲਾਂ ਦੇ ਤਾਂ ਬਿਲਕੁਲ ਨਹੀਂ। ਮੀਡੀਆ ਕੋਲ, ਜਨਤਾ ਕੋਲ ਵੀ ਔਖੇ ਸਵਾਲਾਂ ਦੀ ਲੰਮੀ ਸੂਚੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਹਿਲੀ ਪ੍ਰੈੱਸ ਕਾਨਫਰੰਸ ਉਦੋਂ ਕੀਤੀ ਜਦੋਂ ਦੂਸਰੀ ਵਾਰ ਚੋਣ-ਮੁਹਿੰਮ ਉਪਰੰਤ ਨਤੀਜਿਆਂ ਦੀ ਉਡੀਕ ਵਿੱਚ ਸਨ। ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸ਼੍ਰੀ ਅਮਿਤ ਸ਼ਾਹ ਨੂੰ ਅੱਗੇ ਕਰ ਦਿੱਤਾ। ਉਹ ਇਹ ਕਹਿੰਦਿਆਂ ਖਾਮੋਸ਼ ਹੋ ਗਏ। “ਮੈਂ ਮੀਡੀਆ ਦੀ ਪ੍ਰਸ਼ੰਸਾ ਕਰਦਾ ਹਾਂ।” ਉਨ੍ਹਾਂ ਪੱਤਰਕਾਰਾਂ ਦੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਅਤੇ ਸ਼੍ਰੀ ਅਮਿਤ ਸ਼ਾਹ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਲੱਗੇ। ਪੰਜ ਸਾਲ ਸਰਕਾਰ ਚਲਾਉਣ ਬਾਅਦ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਪ੍ਰੈੱਸ ਕਾਨਫਰੰਸ ਸੀ। ਉਹ ਇਸ ਵਿੱਚ 17 ਮਿੰਟ ਬੈਠੇ ਪ੍ਰੰਤੂ ਇੱਕ ਵੀ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਲੰਮੇ ਭਾਸ਼ਨ ਕਰਨ ਵਿੱਚ ਮਾਹਿਰ ਹਨ ਪ੍ਰੰਤੂ ਪੱਤਰਕਾਰਾਂ ਦੇ ਸਵਾਲਾਂ ਤੋਂ ਉਹ ਹਮੇਸ਼ਾ ਬਚਦੇ ਰਹੇ ਹਨ। ਸਵਾਲ ਉਠਾਉਣ ਵਾਲੇ ਉਨ੍ਹਾਂ ਨੂੰ ਚੰਗੇ ਨਹੀਂ ਲੱਗਦੇ। ਬੀਤੇ ਸਾਲਾਂ ਦੌਰਾਨ ਉਨ੍ਹਾਂ ਨੇ ਕੁਝ ਕੁ ਟੀ.ਵੀ. ਇੰਟਰਵਿਊ ਦਿੱਤੀਆਂ ਹਨ ਪ੍ਰੰਤੂ ਅਜਿਹੇ ਐਂਕਰਾਂ, ਕਲਾਕਾਰਾਂ ਨੂੰ ਜਿਹੜੇ ਭਾਜਪਾ ਪੱਖੀ ਹਨ ਅਤੇ ਸਵਾਲਾਂ ਦੀ ਸੂਚੀ ਪਹਿਲਾਂ ਤੈਅ ਕਰ ਲਈ ਜਾਂਦੀ ਹੈ। ਉਨ੍ਹਾਂ ਵਿੱਚ ਦੇਸ਼ ਦੀਆਂ ਸਮੱਸਿਆਵਾਂ ਸੰਬੰਧੀ ਕੋਈ ਸਵਾਲ ਨਹੀਂ ਹੁੰਦਾ। ਚੋਣ-ਅਮਲ ਦੌਰਾਨ ਕੀਤੇ ਵਾਅਦਿਆਂ ਦਾ ਜ਼ਿਕਰ ਨਹੀਂ ਹੁੰਦਾ। ਮਹਿੰਗਾਈ, ਬੇਰੁਜ਼ਗਾਰੀ ਦੀ ਬਾਤ ਨਹੀਂ ਹੁੰਦੀ।
ਅਜਿਹੀ ਇੰਟਰਵਿਊ ਵਿੱਚ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ- ਤੁਸੀਂ ਇੱਕ ਦਿਨ ਵਿੱਚ 18 ਘੰਟੇ ਕਿਵੇਂ ਕੰਮ ਕਰ ਲੈਂਦੇ ਹੋ? ਕੇਵਲ 4 ਘੰਟੇ ਸੌਂ ਕੇ ਤੁਸੀਂ ਸਾਰਾ ਦਿਨ ਚੁਸਤ ਦਰੁਸਤ ਕਿਵੇਂ ਰਹਿੰਦੇ ਹੋ? ਤੁਸੀਂ ਆਪਣਾ ਕੰਮ-ਕਾਰ, ਆਪਣੀਆਂ ਜ਼ਿੰਮੇਵਾਰੀਆਂ ਦੀ ਵਿਉਂਤਬੰਦੀ ਕਿਵੇਂ ਕਰਦੇ ਹੋ? ਜਿਹੜੀ ਟੈਲੀਵਿਜ਼ਨ ਇੰਟਰਵਿਊ ਵਿੱਚ ਉਨ੍ਹਾਂ ਨੂੰ ਸਖ਼ਤ ਤੇ ਔਖੇ ਸਵਾਲ ਪੁੱਛੇ ਗਏ ਜਾਂ ਉਸ ਇੰਟਰਵਿਊ ਨੂੰ ਉਹ ਵਿਚਾਲੇ ਛੱਡ ਗਏ ਜਾਂ ਗੱਲਬਾਤ ਦਾ ਵਿਸ਼ਾ ਬਦਲ ਦਿੱਤਾ।
ਉਨ੍ਹਾਂ ਆਪਣੀ ਸਰਕਾਰ ਦੀਆਂ ਅਸਫ਼ਲਤਾਵਾਂ ਸੰਬੰਧੀ ਆਲੋਚਨਾ ਸੁਣਨ ਦੀ ਥਾਂ ਮੀਡੀਆ ਦਾ ਸਾਹਮਣਾ ਕਰਨਾ ਛੱਡ ਦਿੱਤਾ। ਪ੍ਰੈੱਸ ਕਾਨਫਰੰਸ ਵਿੱਚ ਵੱਖ-ਵੱਖ ਮੀਡੀਆ ਅਦਾਰਿਆਂ ਦੇ ਪੱਤਰਕਾਰ ਬੈਠੇ ਹੋਣਗੇ। ਕੋਈ ਨੋਟਬੰਦੀ ਦੀਆਂ ਪ੍ਰਾਪਤੀਆਂ ਸੰਬੰਧੀ ਸਵਾਲ ਪੁੱਛੇਗਾ, ਕੋਈ ਜੀ.ਐੱਸ.ਟੀ ਤੋਂ ਕੇਂਦਰ ਤੇ ਰਾਜਾਂ ਨੂੰ ਪਹੁੰਚੇ ਫਾਇਦਿਆਂ ਦੀ ਗੱਲ ਕਰੇਗਾ। ਕੋਈ ਕੋਰੋਨਾ ਕਾਰਨ ਮੱਚੀ ਹਾਹਾਕਾਰ ਦਾ ਮੁੱਦਾ ਛੇੜੇਗਾ। ਅਜਿਹੀਆਂ ਸੰਭਾਵਨਾਵਾਂ ਦੇ ਚੱਲਦੇ ਕਿਉਂ ਕੋਈ ਨੇਤਾ ਪ੍ਰੈਸ-ਕਾਨਫਰੰਸ ਕਰੇਗਾ?
ਕਰਨ ਥਾਪਰ ਨੇ ਇੱਕ ਇੰਟਰਵਿਊ ਵਿੱਚ ਗੁਜਰਾਤ ਦੇ ਦੰਗਿਆਂ ਸੰਬੰਧੀ ਸਵਾਲ ਪੁੱਛਿਆ ਤਾਂ ਪ੍ਰਧਾਨ ਮੰਤਰੀ ਚੱਲਦੀ ਇੰਟਰਵਿਊ ਵਿੱਚੋਂ ਉੱਠ ਕੇ ਚਲੇ ਗਏ। ਇੱਕ ਵਾਰ ਇੱਕ ਭਾਜਪਾ ਵਰਕਰ ਨੇ ਖੜ੍ਹੇ ਹੋ ਕੇ ਸਵਾਲ ਪੁੱਛ ਲਿਆ ਕਿ ਸਰਕਾਰ ਮੱਧ-ਵਰਗੀ ਦੇਸ਼ ਵਾਸੀਆਂ ਪਾਸੋਂ ਟੈਕਸ ਇਕੱਠਾ ਕਰਦੀ ਹੈ। ਉਸਦੇ ਬਦਲੇ ਵਿੱਚ ਉਨ੍ਹਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਸ਼੍ਰੀ ਨਰਿੰਦਰ ਮੋਦੀ ਨੇ ਸਵਾਲ ਦਾ ਜਵਾਬ ਨਾ ਦੇ ਕੇ ਗੱਲਬਾਤ ਦਾ ਵਿਸ਼ਾ ਹੀ ਬਦਲ ਦਿੱਤਾ।
ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮੀਡੀਆ ਦਾ ਸਾਹਮਣਾ ਨਾ ਕਰਕੇ ਕੇਵਲ ਭਾਸ਼ਨ ਦਿੰਦੇ ਹਨ ਕਿਉਂਕਿ ਭਾਸ਼ਨ ਦੇਣਾ ਸੁਖਾਲਾ ਹੈ। ਉਹ ਆਪਣੇ ਹੀ ਤਰਕ ਵਾਲੀ ਰਾਜਨੀਤੀ ਕਰਦੇ ਹਨ ਜਿੱਥੇ ਕੇਵਲ ਇੱਕ ਵਿਅਕਤੀ ਬੋਲਦਾ ਹੈ ਅਤੇ ਬਾਕੀ ਸਾਰੇ ਸੁਣਦੇ ਹਨ। ਭਾਸ਼ਨ ਭੀੜ ਨੂੰ ਦਿੱਤਾ ਜਾਂਦਾ ਹੈ ਅਤੇ ਭੀੜ ਕਦੇ ਸਵਾਲ ਨਹੀਂ ਕਰਦੀ। ਭੀੜ ਜਾਂ ਤਾੜੀਆਂ ਮਾਰਦੀ ਹੈ ਜਾਂ ਹੱਥ ਖੜ੍ਹੇ ਕਰਕੇ ਹਾਂ ਵਿੱਚ ਹਾਂ ਮਿਲਾਉਂਦੀ ਹੈ। ਭਾਰਤ ਦੀ ਆਬਾਦੀ ਐਨੀ ਹੈ ਕਿ ਸਿਆਸੀ ਨੇਤਾਵਾਂ ਲਈ ਭੀੜ ਇਕੱਠੀ ਕਰਨੀ ਖੱਬੇ ਹੱਥ ਦੀ ਖੇਡ ਹੈ। ਸਿਆਸੀ ਨੇਤਾ ਆਪਣੀ ਪ੍ਰਸਿੱਧੀ ਦਾ ਪ੍ਰਗਟਾਵਾ ਕਰਨ ਲਈ ਵੱਡੀਆਂ ਭੀੜਾਂ ਇਕੱਠੀਆਂ ਕਰਦੇ ਹਨ ਜਿਨ੍ਹਾਂ ʼਤੇ ਵੱਡੀ ਉਰਜਾ, ਵੱਡਾ ਧੰਨ ਖਰਚਿਆ ਜਾਂਦਾ ਹੈ। ਚਾਹੀਦਾ ਇਹ ਹੈ ਕਿ ਦੇਸ਼ ਦੇ ਬੁਨਿਆਦੀ ਮੁੱਦਿਆਂ ਮਸਲਿਆਂ ਸੰਬੰਧੀ ਟੈਲੀਵਿਜ਼ਨ ʼਤੇ ਸਿਆਸੀ ਨੇਤਾਵਾਂ ਨਾਲ ਖੁੱਲ੍ਹੀ ਬਹਿਸ ਹੋਵੇ। ਹਰੇਕ ਨੇਤਾ, ਹਰੇਕ ਪਾਰਟੀ ਆਪਣੀਆਂ ਨੀਤੀਆਂ ਸਪਸ਼ਟ ਕਰੇ। ਉਸਦੀ ਰੌਸ਼ਨੀ ਵਿੱਚ ਦੇਸ਼ ਵਾਸੀ ਵੋਟ ਦਾ ਇਸਤੇਮਾਲ ਕਰਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2715)
(ਸਰੋਕਾਰ ਨਾਲ ਸੰਪਰਕ ਲਈ: