“ਦੋਹਾਂ ਅੱਡਿਆਂ ਦੇ ਵਿੱਚ ਪੈਟਰੋਲ ਪੰਪ ਦੀ ਕੰਧ ਸੀ ਅਤੇ ਦੂਜੇ ਪਾਸੇ ਜਾਣ ਲਈ ਰਸਤਾ”
(8 ਨਵੰਬਰ 2021)
ਇਸ ਸਮੇਂ ਬੈਂਕ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਮੈਂ ਲੁਧਿਆਣੇ ਰਹਿ ਰਿਹਾ ਹਾਂ। ਜਦੋਂ ਦੀ ਮੈਂ ਗੱਲ ਕਰ ਰਿਹਾ ਹਾਂ, ਉਸ ਵੇਲੇ ਖਰੜ ਵੀਰਾਨ ਜਿਹਾ ਹੁੰਦਾ ਸੀ। ਹੁਣ ਤਾਂ ਬਹੁਤ ਸਾਰੀਆਂ ਸੁਸਾਇਟੀਆਂ ਨੇ ਉੱਥੇ ਫਲੈਟ ਬਣਾਏ ਹੋਏ ਹਨ, ਵਧੀਆ ਕੋਠੀਆਂ ਅਤੇ ਮਾਲ ਵੀ ਹਨ। ਖਰੜ ਤਾਂ ਹੁਣ ਚੰਡੀਗੜ੍ਹ ਦੇ ਨਾਲ ਹੀ ਮਿਲ ਗਿਆ ਹੈ।
ਜਦੋਂ ਸਾਡੇ ਬੇਟੇ ਨੇ ਖਰੜ ਫਲੈਟ ਲਿਆ ਤਾਂ ਉਸ ਸਬੰਧ ਵਿੱਚ ਮੈਂ ਰਜਿਸਟਰੀ ਕਰਾਉਣ ਵੇਲੇ ਉੱਥੇ ਗਿਆ। ਮੇਰਾ ਭਾਣਜਾ ਉਸੇ ਸੁਸਾਇਟੀ ਵਿਚ ਰਹਿੰਦਾ ਹੈ ਜਿੱਥੇ ਅਸੀਂ ਫਲੈਟ ਲਿਆ ਹੈ। ਜਦੋਂ ਮੈਂ ਆਪਣੇ ਭਾਣਜੇ ਨੂੰ ਕਿਹਾ ਕਿ ਖਰੜ ਦਾ ਬੱਸ ਅੱਡਾ ਮੈਨੂੰ ਨਹੀਂ ਭੁੱਲਦਾ ਤਾਂ ਉਸ ਨੇ ਕਿਹਾ ਕਿ ਖਰੜ ਵਿਚ ਤਾਂ ਕੋਈ ਬੱਸ ਅੱਡਾ ਹੀ ਨਹੀਂ, ਇੱਥੇ ਤਾਂ ਬੱਸ ਅੱਡੇ ਦੇ ਨਾਂ ’ਤੇ ਸੜਕ ਦੇ ਕਿਨਾਰੇ ਹੀ ਬੱਸਾਂ ਖਲੋਂਦੀਆਂ ਹਨ। ਮੈਂ ਉਸ ਨਾਲ 1967 ਦੀ ਘਟਨਾ ਸਾਂਝੀ ਕਰਨ ਲੱਗ ਪਿਆ।
1966 ਦੇ ਅੱਧ ਵਿੱਚ ਅਸੀਂ ਪਟਿਆਲੇ ਤੋਂ ਕਾਲਕਾ ਚਲੇ ਗਏ ਜਿੱਥੇ ਭਾਪਾ ਜੀ ਨੇ ਇੱਕ ਦੁਕਾਨ ਕਿਰਾਏ ਤੇ ਲੈ ਕੇ ਕਰਿਆਨੇ ਦਾ ਕੰਮ ਸ਼ੁਰੂ ਕੀਤਾ ਸੀ। ਦੁਕਾਨ ਮੇਨ ਬਾਜ਼ਾਰ ਵਿੱਚ ਸੀ ਤੇ ਘਰ ਪਿਛਲੇ ਪਾਸੇ ਇੱਕ ਮੁਹੱਲੇ ਵਿੱਚ ਲਿਆ ਸੀ। ਮੈਂ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਸਾਡੇ ਗੁਆਂਢ ਵਿੱਚ ਇੱਕ ਭਾਈ ਰਹਿੰਦਾ ਸੀ ਜਿਹੜਾ ਬਾਜ਼ਾਰ ਵਿੱਚ ਟਿੱਕੀਆਂ ਦੀ ਰੇਹੜੀ ਲਾਉਂਦਾ ਸੀ। ਜਿਹੜਾ ਵੀ ਬੱਚਾ ਦੁਪਹਿਰ ਤੋਂ ਬਾਅਦ ਉਸਦੇ ਘਰੋਂ ਟਿੱਕੀ ਬਣਾਉਣ ਲਈ ਘਰੋਂ ਤਿਆਰ ਕੀਤਾ ਮਟੀਰੀਅਲ ਲੈ ਕੇ ਰੇਹੜੀ ’ਤੇ ਦੇਣ ਜਾਂਦਾ, ਉਹ ਭਾਈ ਉਸ ਨੂੰ ਇਕ ਟਿੱਕੀ ਜ਼ਰੂਰ ਖਾਣ ਲਈ ਦੇਂਦਾ ਸੀ। ਬੱਚਿਆਂ ਵਿੱਚ ਟਿੱਕੀਆਂ ਦਾ ਸਮਾਨ ਦੇਣ ਜਾਣ ਦੀ ਹੋੜ ਲੱਗੀ ਰਹਿੰਦੀ ਸੀ ਅਤੇ ਉਹ ਖੁਸ਼ੀ ਨਾਲ ਜਾਂਦੇ ਸਨ। ਮੈਂ ਵੀ ਬੜੀ ਵਾਰੀ ਉਹ ਮਟੀਰੀਅਲ ਰੇਹੜੀ ’ਤੇ ਦੇਣ ਗਿਆ ਅਤੇ ਟਿੱਕੀਆਂ ਖਾਧੀਆਂ। ਟਿੱਕੀ ਬਹੁਤ ਸਵਾਦ ਹੁੰਦੀ ਸੀ ਪਰ ਕੋਲੋਂ ਪੈਸੇ ਖ਼ਰਚ ਕੇ ਨਹੀਂ ਸੀ ਖਾਧੀ ਜਾ ਸਕਦੀ। ਸਾਡੇ ਘਰ ਦੇ ਪਿਛਲੇ ਪਾਸਿਓਂ ਹੀ ਕਾਲਕਾ ਤੋਂ ਸ਼ਿਮਲਾ ਨੂੰ ਜਾਣ ਵਾਲੀ ਰੇਲ ਦੀ ਛੋਟੀ ਲਾਈਨ ਲੰਘਦੀ ਸੀ। ਅਸੀਂ ਕੋਠੇ ’ਤੇ ਚੜ੍ਹ ਕੇ ਲੰਘ ਰਹੀ ਗੱਡੀ ਦੇ ਡਰਾਈਵਰ ਨੂੰ ਅਤੇ ਸਵਾਰੀਆਂ ਨੂੰ ਹੱਥ ਹਿਲਾ ਕੇ ਬਾਏ ਬਾਏ ਕਰਦੇ ਸਾਂ।
ਕਾਲਕਾ ਦਾ ਸਟੇਸ਼ਨ ਬਹੁਤ ਸਾਫ਼ ਅਤੇ ਵਧੀਆ ਸੀ। ਦੇਸ਼ ਦੇ ਮੰਨੇ ਹੋਏ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਸੀ। ਵੱਡੀ ਲਾਈਨ ਇੱਥੇ ਆ ਕੇ ਖਤਮ ਹੋ ਜਾਂਦੀ ਸੀ ਅਤੇ ਇੱਥੋਂ ਛੋਟੀ ਲਾਈਨ ਵਾਲੀ ਗੱਡੀ ਸ਼ਿਮਲੇ ਨੂੰ ਜਾਂਦੀ ਸੀ। ਅੰਗਰੇਜ਼ਾਂ ਨੇ ਆਪਣੇ ਐਸ਼ੋ ਆਰਾਮ ਲਈ ਇਸ ਲਾਈਨ ਨੂੰ ਵਿਛਾਇਆ ਸੀ। ਸ਼ਾਮ ਨੂੰ ਅਸੀਂ ਰੇਲਵੇ ਸਟੇਸ਼ਨ ’ਤੇ ਵੀ ਚਲੇ ਜਾਂਦੇ ਸੀ ਅਤੇ ਪਲੇਟਫਾਰਮ ’ਤੇ ਘੁੰਮਦੇ ਸੀ। ਕਾਲਕਾ ਪਾਣੀ ਦੀ ਬੜੀ ਕਿੱਲਤ ਸੀ। ਮੇਰੇ ਵੱਡੇ ਵੀਰ ਜੀ ਨੇ ਇੱਕ ਵਹਿੰਗੀ ਬਣਾਈ ਹੋਈ ਸੀ ਤੇ ਉਹ ਦੂਰੋਂ ਬਹੁਲੀ ਤੋਂ ਜਾ ਕੇ ਪਾਣੀ ਲਿਆਉਂਦੇ ਹੁੰਦੇ ਸਨ। ਫਿਰ ਅਸੀਂ ਇੱਕ ਡਰੰਮ ਲੈ ਕੇ ਉਹਨੂੰ ਪੇਂਟ ਕਰਵਾ ਲਿਆ ਅਤੇ ਉਸ ਵਿਚ ਮੀਂਹ ਦਾ ਪਾਣੀ ਇਕੱਠਾ ਕਰ ਲੈਂਦੇ ’ਤੇ ਫਟਕੜੀ ਪਾ ਕੇ ਉਸ ਨੂੰ ਸਾਫ ਕਰ ਲੈਂਦੇ।
ਕਾਲਕਾ ਤੋਂ ਸ਼ਿਮਲਾ ਨੂੰ ਜਾਂਦੇ ਹੋਏ ਬਾਹਰਵਾਰ ਇਕ ਮੇਲਾ ਲੱਗਦਾ ਹੁੰਦਾ ਸੀ। ਭਾਵੇਂ ਮੈਂ ਬਹੁਤ ਛੋਟਾ ਸੀ ਪਰ ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਉੱਥੇ ਟੌਫੀਆਂ ਤੇ ਗੋਲੀਆਂ ਦੀ ਇੱਕ ਫੜ੍ਹੀ ਲਾਈ ਸੀ ਤੇ ਉਸ ਤੋਂ ਹੋਇਆ ਮੁਨਾਫ਼ਾ ਮੈਨੂੰ ਹੀ ਮਿਲ ਗਿਆ ਸੀ। ਉਹ ਮੁਨਾਫੇ ਵਾਲੇ ਪੈਸੇ ਲੈ ਕੇ ਮੈਂ ਬਹੁਤ ਖ਼ੁਸ਼ ਹੋਇਆ ਸੀ। ਉਸੇ ਸਾਲ ਵੋਟਾਂ ਪੈਣੀਆਂ ਸਨ। ਇੱਕ ਉਮੀਦਵਾਰ ਠੇਕੇਦਾਰ ਸੀ ਤੇ ਉਸਨੇ ਪਹਾੜਾਂ ਵਿਚ ਲੱਕੜ ਦੇ ਜੰਗਲ ਦੇ ਠੇਕੇ ਲਏ ਹੋਏ ਸਨ। ਉਸ ਨੇ ਉਹ ਜੰਗਲ ਆਮ ਜਨਤਾ ਲਈ ਖੋਲ੍ਹ ਦਿੱਤੇ ਸਨ। ਲੋਕ ਵੱਡੇ ਵੱਡੇ ਦਰੱਖਤ ਬਾਲਣ ਲਈ ਉੱਥੋਂ ਲੈ ਕੇ ਆਉਂਦੇ ਸਨ। ਅਸੀਂ ਬੱਚੇ ਛੋਟੀਆਂ ਛੋਟੀਆਂ ਛਟੀਆਂ ਇਕੱਠੀਆਂ ਕਰ ਕੇ ਬਾਲਣ ਲਈ ਉੱਥੋਂ ਲਿਆਉਂਦੇ ਹੁੰਦੇ ਸਾਂ। ਉਸਨੇ ਆਪਣੀ ਹਵੇਲੀ ਦੇ ਦਲਾਨ ਵਿੱਚ ਸ਼ਰਾਬ ਦੇ ਡਰੰਮ ਰੱਖੇ ਹੋਏ ਸਨ, ਜਿਨ੍ਹਾਂ ਨੂੰ ਟੂਟੀ ਲੱਗੀ ਹੋਈ ਸੀ ਤੇ ਲੋਕ ਉੱਥੇ ਆ ਕੇ ਸ਼ਰਾਬ ਪੀਂਦੇ ਸਨ। ਸ਼ਾਮ ਵੇਲੇ ਤਾਂ ਉੱਥੇ ਮੇਲਾ ਲੱਗਿਆ ਰਹਿੰਦਾ ਸੀ। ਜਨਸੰਘ ਦਾ ਚੋਣ ਨਿਸ਼ਾਨ ਦੀਵਾ ਹੁੰਦਾ ਸੀ। ਉਨ੍ਹਾਂ ਦੇ ਪ੍ਰਚਾਰ ਵਿੱਚ “ਰਾਮ ਰਾਜ ਮੇਂ ਦੂਧ ਮਿਲੇਤਾ, ਕ੍ਰਿਸ਼ਨ ਰਾਜ ਮੇਂ ਘੀ, ਕਾਂਗਰਸ ਰਾਜ ਸਮੇਂ ਤੱਤਾ ਪਾਣੀ, ਫੂਕਾਂ ਮਾਰ ਮਾਰ ਕੇ ਪੀ” ਵਾਲਾ ਗੀਤ ਸਪੀਕਰ ’ਤੇ ਵੱਜਦਾ ਹੁੰਦਾ ਸੀ। ਕਾਂਗਰਸ ਵਾਲਿਆਂ ਦੇ ਪ੍ਰਚਾਰ ਸਪੀਕਰ ਤੋਂ ਅਕਸਰ ਇਹ ਨਾਅਰੇ ਲੱਗਦੇ ਸਨ “ਜਨ ਸੰਘ ਦਾ ਮੁੱਲ ਏ, ਦੀਵਾ ਬੱਤੀ ਗੁੱਲ ਏ।” ਜਿੱਤਿਆ ਉੱਥੋਂ ਆਜ਼ਾਦ ਉਮੀਦਵਾਰ ਸੀ। ਉਸ ਦਾ ਚੋਣ ਨਿਸ਼ਾਨ ਘੋੜਾ ਸੀ ਤੇ ਉਸ ਦੇ ਗੀਤ ਲੱਗੇ ਹੁੰਦੇ ਸਨ “ਨੀਲ ਗਗਨ ਪਰ ਉਡਣੇ ਵਾਲੇ ਘੋੜੇ”। ਇਲੈਕਸ਼ਨ ਉਸ ਵੇਲੇ ਵੀ ਇਸ ਤਰ੍ਹਾਂ ਹੀ ਜਿੱਤੇ ਜਾਂਦੇ ਸਨ।...
ਕਾਦੀਆਂ ਸਾਡਾ ਜੱਦੀ ਘਰ ਹੁੰਦਾ ਸੀ, ਜੋ ਅਸੀਂ ਉਸ ਵੇਲੇ ਦੁਕਾਨ ਸ਼ੁਰੂ ਕਰਨ ਲਈ ਤਿੰਨ ਹਜ਼ਾਰ ਰੁਪਏ ਦਾ ਵੇਚ ਦਿੱਤਾ ਸੀ। ਕਿਉਂਕਿ ਕਾਲਕਾ ਕੰਮ ਨਹੀਂ ਸੀ ਚੱਲਿਆ ਤੇ ਤਕਰੀਬਨ ਦਸ ਮਹੀਨੇ ਵਿੱਚ ਅਸੀਂ ਉਹ ਤਿੰਨ ਹਜਾਰ ਰੁਪਇਆ ਖਤਮ ਕਰਕੇ ਉੱਥੋਂ ਖੰਨੇ ਜਾਣ ਦਾ ਫ਼ੈਸਲਾ ਕੀਤਾ। ਖੰਨੇ ਬਰਾਦਰੀ ਦੇ ਕਾਫ਼ੀ ਘਰ ਸਨ। ਅਸੀਂ ਘਰ ਦਾ ਸਾਰਾ ਸਮਾਨ ਗਠੜੀਆਂ ਵਿਚ ਬੰਨ੍ਹ ਲਿਆ। ਮੰਜੀਆਂ ਉਸ ਵੇਲੇ ਵਾਣ ਦੀਆਂ ਹੁੰਦੀਆਂ ਸਨ। ਮੰਜੀਆਂ ਦੇ ਪਾਵੇ ਖੋਲ੍ਹ ਲਏ ਅਤੇ ਛੋਟੀਆਂ ਬਾਹੀਆਂ ਵੀ ਖੋਲ੍ਹ ਕੇ ਵੱਡੀਆਂ ਦੇ ਦੁਆਲੇ ਲਪੇਟ ਕੇ ਰੱਸੀ ਨਾਲ ਬੰਨ੍ਹ ਲਈਆਂ। ਇਸ ਤਰ੍ਹਾਂ ਉਹ ਇੱਕ ਨਗ ਬਣ ਗਿਆ ਸੀ। ਕੁੱਝ ਸਮਾਨ ਟਰੰਕਾਂ ਵਿੱਚ ਸੀ। ਕੁੱਲ ਬੱਤੀ ਨਗ ਬਣ ਗਏ ਸਨ। ਕਾਲਕਾ ਤੋਂ ਬੱਸ ’ਤੇ ਸਾਰੇ ਨਗ ਰੱਖ ਕੇ ਅਸੀਂ ਚੱਲ ਪਏ ਤੇ ਖਰੜ ਪਹੁੰਚ ਗਏ। ਖਰੜ ਤੋਂ ਖੰਨੇ ਲਈ ਬੱਸ ਬਦਲਣੀ ਪੈਂਦੀ ਸੀ। ਸਾਰੇ ਨਗ਼ ਬੱਸ ਤੋਂ ਅਸੀਂ ਆਪ ਹੀ ਲਾਹੇ। ਪਰ ਖੰਨੇ ਵਾਲੀ ਬੱਸ ਦੂਸਰੀ ਸੜਕ ਤੋਂ ਜਾਂਦੀ ਸੀ। ਦੋਹਾਂ ਅੱਡਿਆਂ ਦੇ ਵਿੱਚ ਪੈਟਰੋਲ ਪੰਪ ਦੀ ਕੰਧ ਸੀ ਅਤੇ ਦੂਜੇ ਪਾਸੇ ਜਾਣ ਲਈ ਰਸਤਾ ਬੜੀ ਦੂਰੋਂ ਸੀ। ਕੁਲੀ ਕਰਨ ਜੋਗੇ ਪੈਸੇ ਨਹੀਂ ਸਨ। ਪਰਿਵਾਰ ਦੇ ਅੱਧੇ ਮੈਂਬਰਾਂ ਇਕ ਪਾਸਿਓਂ ਨਗ ਚੁੱਕ ਕੇ ਕੰਧ ਤੋਂ ਦੂਜੇ ਪਾਸੇ ਦੂਸਰੇ ਪਾਸੇ ਖੜ੍ਹਿਆਂ ਨੂੰ ਫੜਾਏ। ਇਸ ਤਰਾਂ ਉਹ ਸਾਰੇ ਨਗ ਪਾਰ ਕੀਤੇ। ਇਸੇ ਦੌਰਾਨ ਇੱਕ ਟਰੰਕ, ਜਿਸ ਵਿੱਚ ਪੱਥਰ ਦੀ ਦੌਰੀ ਸੀ, ਕਿਨਾਰੇ ਤੋਂ ਟੁੱਟ ਗਿਆ ਤੇ ਦੌਰੀ ਜ਼ਮੀਨ ’ਤੇ ਡਿੱਗ ਕੇ ਟੁੱਟ ਗਈ। ਭਾਪਾ ਜੀ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੋਇਆ ਕਿਉਂਕਿ ਇਹ ਦੌਰੀ ਉਹ ਆਪਣੇ ਇੱਕ ਖਾਸ ਦੋਸਤ ਲਈ ਲੈ ਕੇ ਆਏ ਸਨ। ਕਾਲਕਾ ਪੱਥਰ ਦੀ ਕਟਾਈ ਕਰ ਕੇ ਸਪੈਸ਼ਲ ਦੌਰੀਆਂ ਬਣਦੀਆਂ ਸਨ, ਭਾਪਾ ਜੀ ਨੇ ਆਪਣੇ ਦੋਸਤ ਨਾਲ ਇਸ ਦਾ ਵਾਅਦਾ ਕੀਤਾ ਸੀ। ਅਸੀਂ ਫੇਰ ਇਹ ਸਾਰੇ ਨਗ ਇੱਕ ਇੱਕ ਕਰਕੇ ਖੰਨੇ ਵਾਲੀ ਬੱਸ ’ਤੇ ਚੜ੍ਹਾਏ।
ਇਸ ਤਰ੍ਹਾਂ ਰਿਹਾ ਸਾਡਾ ਕਾਲਕਾ ਤੋਂ ਖੰਨੇ ਦਾ ਸਫਰ। ਖਰੜ ਦੇ ਬੱਸ ਸਟੈਂਡ ’ਤੇ ਬਿਤਾਇਆ ਹੋਇਆ ਉਹ ਸਮਾਂ ਅਜੇ ਵੀ ਨਹੀਂ ਭੁੱਲਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3133)
(ਸਰੋਕਾਰ ਨਾਲ ਸੰਪਰਕ ਲਈ: