ManinderBhatia7ਮੈਂ ਬਹੁਤ ਘਬਰਾ ਗਿਆ ਕਿ ਪਤਾ ਨਹੀਂ ਕੀ ਗੱਲ ਹੋ ਗਈ, ਮੇਰੇ ਤੋਂ ਕੀ ਗ਼ਲਤੀ ਹੋ ਗਈ ...
(18 ਨਵੰਬਰ 2021)

ਇਹ 1967 ਦੀ ਗੱਲ ਹੈ। ਉਦੋਂ ਅਸੀਂ ਖੰਨੇ ਨਾਰੋ ਦੇ ਮਕਾਨ ਵਿੱਚ ਰਹਿੰਦੇ ਸੀ ਤੇ ਮੈਂ ਚੌਥੀ ਜਮਾਤ ਵਿੱਚ ਤਲਾਅ ਵਾਲੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਇੱਕ ਦਿਨ ਸ਼ਾਮ ਵੇਲੇ ਮਾਤਾ ਨੇ ਸਾਨੂੰ ਚਾਰੇ ਭੈਣ ਭਰਾਵਾਂ ਨੂੰ ਪਕੌੜੇ ਬਣਾ ਕੇ ਖੁਆਏ। ਮੇਰੇ ਭੈਣ ਭਰਾ ਤਾਂ ਖਾ ਕੇ ਚਲੇ ਗਏ ਤੇ ਮੈਂ ਅਜੇ ਮਾਤਾ ਕੋਲ ਹੀ ਬੈਠਾ ਸਾਂ। ਮਾਤਾ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਕਿ ਤੂੰ ਜਦੋਂ ਪੈਦਾ ਹੋਇਆ ਸੀ ਤੇਰੇ ਨਾਨਾ ਜੀ ਨੇ ਇੱਕ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਬਣਵਾ ਕੇ ਮੈਂਨੂੰ ਦਿੱਤੀਆਂ ਸਨ। ਪਰ ਤੇਰੇ ਭਾਪਾ ਜੀ ਨੂੰ ਕਾਰੋਬਾਰ ਵਿੱਚ ਘਾਟਾ ਪੈਣ ਕਰਕੇ ਛੇਤੀ ਹੀ ਉਹ ਵੇਚਣੀਆਂ ਪਈਆਂ। ਮੈਂ ਮਨ ਹੀ ਮਨ ਸੋਚਿਆ ਕਿ ਜਦੋਂ ਮੈਂ ਵੱਡਾ ਹੋ ਕੇ ਪੈਸੇ ਕਮਾਵਾਂਗਾ ਤਾਂ ਮੈਂ ਮਾਤਾ ਨੂੰ ਵਾਲੀਆਂ ਬਣਵਾ ਕੇ ਦਿਆਂਗਾ। ਭਾਪਾ ਜੀ ਕਾਰੋਬਾਰ ਦੇ ਸਬੰਧ ਵਿੱਚ ਦੂਰ ਚਲੇ ਜਾਂਦੇ ਸਨ ਤੇ ਕਈ ਕਈ ਮਹੀਨੇ ਘਰ ਨਹੀਂ ਸਨ ਪਰਤਦੇ। ਮਾਤਾ ਘਰ ਚਲਾਉਣ ਲਈ ਬੜੀ ਮਿਹਨਤ ਕਰਦੀ ਸੀ। ਅਸੀਂ ਚਾਰੇ ਭੈਣ ਭਰਾ ਵੀ ਆਪਣੇ ਆਪਣੇ ਵਿੱਤ ਮੁਤਾਬਕ ਮਿਹਨਤ ਕਰਦੇ ਸਾਂ।

ਮੇਰੇ ਛੋਟੇ ਮਾਮਾ ਜੀ ਡਾ. ਪ੍ਰੀਤਮ ਸਿੰਘ ਪਟਿਆਲੇ ਭਾਸ਼ਾ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਲੱਗੇ ਹੋਏ ਸਨ। ਉਨ੍ਹਾਂ ਦਾ ਮਾਤਾ ਨਾਲ ਬਹੁਤ ਪਿਆਰ ਸੀ ਤੇ ਉਹ ਹਰ ਮਹੀਨੇ ਸਾਡੀ ਮਾਮੀ ਤੋਂ ਚੋਰੀ ਮਾਤਾ ਨੂੰ ਕੁਝ ਨਾ ਕੁਝ ਪੈਸੇ ਭੇਜਦੇ ਰਹਿੰਦੇ ਸਨ। ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। ਵੱਡੇ ਵੀਰ ਜੀ ਅੱਠਵੀਂ ਤੋਂ ਬਾਅਦ ਕਿਸੇ ਦੁਕਾਨ ਉੱਤੇ ਕੰਮ ਕਰਨ ਲੱਗ ਪਏ ਅਤੇ ਬਾਕੀ ਦੀ ਪੜ੍ਹਾਈ ਪ੍ਰਾਈਵੇਟ ਤੌਰ ਤੇ ਕਰਨ ਲੱਗੇ।

ਸਾਡੇ ਛੋਟੇ ਮਾਮਾ ਜੀ ਸਵੇਰੇ ਸਵੇਰੇ ਮਠਿਆਈ ਦਾ ਡੱਬਾ ਲੈ ਕੇ ਆ ਗਏ ਤੇ ਕਿਹਾ ਮੁਬਾਰਕਾਂ ਹੋਣ, ਮੁੰਡਿਓ ਮੂੰਹ ਮਿੱਠਾ ਕਰੋ, ਪਾਸ ਹੋ ਗਏ ਹੋ। ਉਸ ਵੇਲੇ ਨਤੀਜੇ ਅਖ਼ਬਾਰਾਂ ਵਿੱਚ ਛਪਦੇ ਸਨ ਤੇ ਸਾਡੇ ਮਾਮਾ ਜੀ ਦੇ ਘਰ ਸਵੇਰੇ ਹੀ ਅਖਬਾਰ ਆ ਜਾਂਦੀ ਸੀ। ਜਦੋਂ ਸਾਡੇ ਭੈਣਜੀ ਨੇ ਦਸਵੀਂ ਪਾਸ ਕੀਤੀ, ਉਸ ਵੇਲੇ ਅਸੀਂ ਪਟਿਆਲੇ ਰਹਿੰਦੇ ਸਾਂ। ਭੈਣ ਜੀ ਦਸਵੀਂ ਕਰਨ ਤੋਂ ਬਾਅਦ ਘਰ ਵਿੱਚ ਹੀ ਲੋਕਾਂ ਦੇ ਕੱਪੜੇ ਸਿਉਣ ਲੱਗ ਪਏ। ਉਹਨਾਂ ਵਰਗੀ ਬਲਾਊਜ ਦੀ ਸਿਲਾਈ ਤਾਂ ਸ਼ਾਇਦ ਸ਼ਹਿਰ ਵਿੱਚ ਹੋਰ ਕੋਈ ਨਹੀਂ ਸੀ ਕਰ ਸਕਦਾ। ਦੂਰ ਦੂਰ ਤਕ ਉਨ੍ਹਾਂ ਦਾ ਨਾਂ ਸੀ। ਬਲਾਊਜ਼ ਦੇ ਕੱਪੜੇ ਦੇ ਨਾਲ ਦੀ ਰੀਲ ਅਤੇ ਬਟਨ ਵਗੈਰਾ ਮੈਂ ਹੀ ਬਾਜ਼ਾਰ ਤੋਂ ਲੈਣ ਜਾਂਦਾ ਸਾਂ। ਮੈਂਨੂੰ ਅਜੇ ਵੀ ਯਾਦ ਹੈ ਕਿ ਸਿਲਾਈ ਕਰ ਕੇ ਉਨ੍ਹਾਂ ਦੇ ਛਾਈਆਂ ਪੈ ਗਈਆਂ ਸਨ ਜਿਸ ਕਰਕੇ ਮੈਂ ਤਿਵਾੜੀ ਦੀ ਡੇਅਰੀ ਤੋਂ ਹਰ ਰੋਜ਼ ਭੈਣ ਜੀ ਲਈ ਮੱਖਣ ਦਾ ਪੇੜਾ ਲੈ ਕੇ ਆਉਂਦਾ ਸਾਂ। ਭੈਣ ਜੀ ਨੇ ਆਪਣੀ ਮਿਹਨਤ ਸਦਕਾ ਪੈਸੇ ਇਕੱਠੇ ਕੀਤੇ ਹੋਏ ਸਨ। ਉਨ੍ਹਾਂ ਦੀ ਉਮਰ ਅਜੇ ਵੀਹ ਸਾਲ ਦੀ ਸੀ ਜਦੋਂ ਉਨ੍ਹਾਂ ਲਈ ਇੱਕ ਰਿਸ਼ਤੇ ਦੀ ਦੱਸ ਪਈ। ਮੁੰਡਾ ਡਾਕਖਾਨੇ ਵਿੱਚ ਲੱਗਿਆ ਹੋਇਆ ਸੀ। ਮਾਤਾ ਅਜੇ ਵਿਆਹ ਦੇ ਹੱਕ ਵਿੱਚ ਨਹੀਂ ਸੀ, ਪਰ ਹਾਲਾਤ ਨੇ ਮਜਬੂਰ ਕਰ ਦਿੱਤਾ ਤੇ ਭੈਣ ਜੀ ਦੀ ਸ਼ਾਦੀ ਹੋ ਗਈ।

ਮੈਂ ਉਦੋਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਵਜ਼ੀਫ਼ੇ ਲਈ ਇੱਕ ਸਪੈਸ਼ਲ ਪੇਪਰ ਹੋਇਆ ਸੀ। ਉਸ ਪੇਪਰ ਦੇ ਨਤੀਜੇ ਦਾ ਕੀ ਬਣਿਆ ਮੈਂਨੂੰ ਨਹੀਂ ਸੀ ਪਤਾ। ਹੁਣ ਮੈਂ ਅੱਠਵੀਂ ਜਮਾਤ ਵਿੱਚ ਹੋ ਗਿਆ ਸੀ। ਪੜ੍ਹਾਈ ਵਿੱਚ ਹੁਸ਼ਿਆਰ ਸੀ ਤੇ ਨਾਲ ਹੀ ਮੈਂ ਕ੍ਰਿਕਟ ਵੀ ਬਹੁਤ ਚੰਗੀ ਖੇਡਦਾ ਸੀ। ਬੈਟ ਜੋਗੇ ਪੈਸੇ ਨਹੀਂ ਸਨ ਹੁੰਦੇ। ਪੜ੍ਹਾਈ ਦੇ ਨਾਲ ਸਕੂਲ ਵਿੱਚ ਵਾਧੂ ਵਿਸ਼ਾ ਵੁੱਡ ਵਰਕ ਸੀ, ਇਸ ਕਰਕੇ ਆਪ ਹੀ ਖੇਡਣ ਲਈ ਲੱਕੜ ਦਾ ਬੈਟ ਬਣਾ ਲੈਂਦਾ। ਸਕੂਲੋਂ ਮਿਲਿਆ ਹੋਇਆ ਹੋਮ ਵਰਕ ਮੈਂ ਉੱਥੇ ਹੀ ਬੈਠ ਕੇ ਕਰ ਲੈਂਦਾ ਅਤੇ ਉਸ ਤੋਂ ਬਾਅਦ ਕਿੰਨੀ ਦੇਰ ਤਕ ਅਸੀਂ ਗਰਾਊਂਡ ਵਿੱਚ ਖੇਡਦੇ ਰਹਿੰਦੇ। ਜਦੋਂ ਸ਼ਾਮ ਹੋ ਜਾਂਦੀ ਮੈਂ ਉਦੋਂ ਹੀ ਘਰ ਪਹੁੰਚਦਾ। ਕਈ ਕਈ ਵਾਰੀ ਤਾਂ ਮਾਤਾ ਆ ਜਾਂਦੀ ਤੇ ਆ ਕੇ ਮੈਂਨੂੰ ਕੁੱਟਦੀ ਹੋਈ ਲੈ ਕੇ ਜਾਂਦੀ। ਮੈਂਨੂੰ ਕ੍ਰਿਕਟ ਦਾ ਸ਼ੁਦਾਅ ਦੀ ਹੱਦ ਤਕ ਸ਼ੌਕ ਸੀ। ਪਰ ਪੈਸਿਆਂ ਦੀ ਘਾਟ ਕਰਕੇ ਮੈਂ ਜ਼ਿਲ੍ਹੇ ਤੋਂ ਉੱਪਰ ਖੇਡਣ ਨਾ ਜਾ ਸਕਿਆ। ਦੋਸਤ ਕਹਿੰਦੇ ਸਨ ਕਿ ਤੂੰ ਘਰਦਿਆਂ ਨੂੰ ਕਹਿ ਕੇ ਕਿੱਟ ਲੈ ਲੈ ਤਾਂ ਤੂੰ ਹੋਰ ਵੀ ਵਧੀਆ ਖਿਡਾਰੀ ਬਣ ਸਕਦੈਂ। ਕਿੱਟ ਬੜੀ ਮਹਿੰਗੀ ਸੀ। ਮੈਂ ਸ਼ਰਾਰਤੀ ਵੀ ਬਹੁਤ ਹੁੰਦਾ ਸੀ।

ਇੱਕ ਦਿਨ ਸਕੂਲ ਦੇ ਅਕਾਊਂਟੈਂਟ ਨੇ ਮੈਂਨੂੰ ਦਫਤਰ ਬੁਲਾ ਕੇ ਕਿਹਾ ਕਿ ਘਰਦਿਆਂ ਨੂੰ ਬੁਲਾ ਕੇ ਲਿਆ। ਮੈਂ ਬਹੁਤ ਘਬਰਾ ਗਿਆ ਕਿ ਪਤਾ ਨਹੀਂ ਕੀ ਗੱਲ ਹੋ ਗਈ, ਮੇਰੇ ਤੋਂ ਕੀ ਗ਼ਲਤੀ ਹੋ ਗਈ, ਜਿਸ ਕਰ ਕੇ ਘਰਦਿਆਂ ਨੂੰ ਬੁਲਾਇਆ ਜਾ ਰਿਹਾ ਹੈ। ਮੈਂ ਘਰ ਆ ਕੇ ਮਾਤਾ ਜੀ ਨੂੰ ਦੱਸਿਆ। ਭਾਪਾ ਜੀ ਤਾਂ ਬਾਹਰ ਰਹਿੰਦੇ ਸਨ। ਅਗਲੇ ਦਿਨ ਮਾਤਾ ਜੀ ਸਕੂਲ ਚਲੇ ਗਏ। ਪਹਿਲਾਂ ਕਦੀ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਮੇਰੇ ਘਰਦਿਆਂ ਨੂੰ ਸਕੂਲ ਬੁਲਾਇਆ ਗਿਆ ਹੋਵੇ। ਜਿਵੇਂ ਹੀ ਮਾਤਾ ਜੀ ਦਫਤਰ ਗਏ ਤਾਂ ਅਕਾਊਂਟੈਂਟ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ। ਮਾਤਾ ਨੇ ਪੁੱਛਿਆ ਕਿ ਬੇਟੇ ਨੇ ਕੀ ਕੀਤਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਤੁਹਾਡੇ ਬੇਟੇ ਨੇ ਅਸਚਰਜ ਕੰਮ ਕੀਤਾ ਸੀ। ਤਿੰਨ ਸਾਲ ਪਹਿਲਾਂ ਉਸਨੇ ਵਜ਼ੀਫ਼ੇ ਦਾ ਪੇਪਰ ਦਿੱਤਾ ਸੀ ਤੇ ਉਸ ਲਈ ਵਜ਼ੀਫਾ ਲੱਗ ਗਿਆ ਹੈ। ਵਜੀਫੇ ਦੇ ਅੱਠ ਰੁਪਏ ਮਹੀਨਾ ਦੇ ਹਿਸਾਬ ਨਾਲ ਪਿਛਲੇ ਤੀਹ ਮਹੀਨਿਆਂ ਦੇ ਦੋ ਸੌ ਚਾਲੀ ਰੁਪਏ ਆਏ ਹਨ। ਉਸ ਨੇ ਗਿਣ ਕੇ ਮਾਤਾ ਜੀ ਨੂੰ ਪੈਸੇ ਦਿੱਤੇ ਤੇ ਰਜਿਸਟਰ ਉੱਤੇ ਰਸੀਦੀ ਟਿਕਟ ਲਾ ਕੇ ਉਨ੍ਹਾਂ ਦੇ ਸਾਈਨ ਕਰਵਾ ਲਏ। ਮਾਤਾ ਨੇ ਪੈਸੇ ਲਏ ਤੇ ਘਰ ਚਲੀ ਗਈ।

ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤਾਂ ‍ਮਾਤਾ ਨੇ ਕਿਹਾ ਕਿ ਮੇਰੇ ਨਾਲ ਬਾਜ਼ਾਰ ਚੱਲ ਤੇ ਤੂੰ ਇਨ੍ਹਾਂ ਪੈਸਿਆਂ ਦੀ ਕ੍ਰਿਕਟ ਦੀ ਕਿੱਟ ਲੈ ਲੈ। ਜਦੋਂ ਅਸੀਂ ਸੁਭਾਸ਼ ਬਾਜ਼ਾਰ ਵਿੱਚ ਗਏ ਤਾਂ ਮਾਤਾ ਮੈਂਨੂੰ ਖੇਡਾਂ ਦੇ ਸਾਮਾਨ ਵਾਲੀ ਦੁਕਾਨ ਤੇ ਲੈ ਗਈ। ਪਰ ਮੈਂ ਮਾਤਾ ਨੂੰ ਉਸ ਤੋਂ ਦੋ ਹੋਰ ਦੁਕਾਨਾਂ ਅੱਗੇ ਲੈ ਗਿਆ। ਇਹ ਸੁਨਿਆਰੇ ਦੀ ਦੁਕਾਨ ਸੀ। ਮੈਂ ਮਾਤਾ ਨੂੰ ਸੋਨੇ ਦੀਆਂ ਵਾਲੀਆਂ ਪਸੰਦ ਕਰਨ ਲਈ ਕਿਹਾ। ਭਾਵੇਂ ਮੈਂ ਬੜਾ ਛੋਟਾ ਸਾਂ ਪਰ ਫੇਰ ਵੀ ਮੈਂ ਮਾਤਾ ਨੂੰ ਵਾਲੀਆਂ ਲੈਣ ਲਈ ਮਜਬੂਰ ਕੀਤਾ ਅਤੇ ਇੱਕ ਤੋਲੇ ਦੀਆਂ ਵਾਲੀਆਂ ਜਦੋਂ ਮਾਤਾ ਨੇ ਕੰਨਾਂ ਵਿੱਚ ਪਾਈਆਂ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਨ੍ਹਾਂ ਨੇ ਮੈਂਨੂੰ ਆਪਣੀ ਜੱਫੀ ਵਿੱਚ ਲੈ ਲਿਆ। ਮੈਂਨੂੰ ਲੱਗ ਰਿਹਾ ਸੀ ਕਿ ਜਿਵੇਂ ਕ੍ਰਿਕਟ ਦੇ ਮੈਚ ਵਿੱਚ ਮੈਂ ਮੈਨ ਆਫ ਦਾ ਮੈਚ ਬਣ ਗਿਆ ਹੋਵਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3087)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਮਨਿੰਦਰ ਭਾਟੀਆ

ਮਨਿੰਦਰ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author