“ਮੰਤਰੀ ਜੀ ਭੱਜ ਕੇ ਕਮਰੇ ਵਿੱਚ ਪਏ ਮੇਜ਼ ਦੇ ਥੱਲੇ ਵੜ ਕੇ ਲੁਕ ਗਏ। ਇਹ ਦੇਖ ਕੇ ...”
(25 ਅਕਤੂਬਰ 2021)
ਅਜ਼ਾਦੀ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਅਜੇ ਬਿਜਲੀ ਨਹੀਂ ਸੀ ਆਈ। ਸਭ ਤੋਂ ਪਹਿਲਾਂ ਵੱਡੇ ਪੱਧਰ ’ਤੇ ਭਾਖੜਾ ਡੈਮ ਬਣਾਇਆ ਗਿਆ ਜਿਸ ਨਾਲ ਪਹਾੜਾਂ ਵਿੱਚੋਂ ਆਉਂਦੇ ਪਾਣੀ ਨੂੰ ਰੋਕ ਕੇ ਬਿਜਲੀ ਪੈਦਾ ਕੀਤੀ ਗਈ ਤੇ ਇਸ ਬਿਜਲੀ ਨਾਲ ਸ਼ਹਿਰਾਂ ਵਿੱਚ ਕਾਰਖਾਨੇ ਚਲਾ ਕੇ ਉਤਪਾਦਨ ਵਿੱਚ ਵਾਧਾ ਕੀਤਾ ਗਿਆ। ਇਸ ਤੋਂ ਬਾਅਦ ਛੋਟੇ ਹਾਈਡਲ ਪ੍ਰੋਜੈਕਟ ਬਣਾਏ ਗਏ। ਪਿੰਡਾਂ ਵਿੱਚ ਅਜੇ ਬਿਜਲੀ ਨਹੀਂ ਸੀ ਪਹੁੰਚੀ।
ਹੌਲੀ ਹੌਲੀ ਸਬ ਸਟੇਸ਼ਨ ਸਥਾਪਿਤ ਕੀਤੇ ਗਏ। 1971 ਵਿੱਚ ਮੇਰੇ ਦੋਸਤ ਬਚਨ ਸਿੰਘ ਬਿਜਲੀ ਬੋਰਡ ਵਿੱਚ ਸ਼੍ਰੀ ਹਰਗੋਬਿੰਦਪੁਰ ਨੌਕਰੀ ਕਰਦੇ ਸਨ ਤੇ ਹਰ ਹਫ਼ਤੇ ਜਲੰਧਰ ਆਪਣੇ ਘਰ ਆ ਜਾਂਦੇ ਸਨ। 1976 ਵਿੱਚ ਉਨ੍ਹਾਂ ਦੀ ਬਦਲੀ ਬਠਿੰਡੇ ਦੀ ਹੋ ਗਈ ਤੇ ਉਹ ਰਲੀਵ ਹੋ ਕੇ ਜਲੰਧਰ ਘਰ ਆ ਗਏ। ਉਨ੍ਹਾਂ ਨੇ ਦੱਸਿਆ:
ਮੈਂ ਪਹਿਲਾਂ ਕਦੀ ਬਠਿੰਡਾ ਨਹੀਂ ਸੀ ਗਿਆ। ਮੈਂਨੂੰ ਸਿਰਫ ਇਹ ਪਤਾ ਸੀ ਕਿ ਬੱਸ ਲੁਧਿਆਣੇ ਤੋਂ ਮਿਲਦੀ ਹੈ। ਜਲੰਧਰ ਤੋਂ ਲੁਧਿਆਣੇ ਪਹੁੰਚ ਗਿਆ ਅਤੇ ਮੇਰੇ ਕੋਲ ਸਮਾਨ ਵਜੋਂ ਇੱਕ ਟਰੰਕ ਤੇ ਇੱਕ ਸਾਈਕਲ ਸੀ। ਲੁਧਿਆਣੇ ਪਹੁੰਚਣ ’ਤੇ ਪਤਾ ਲੱਗਿਆ ਕਿ ਬੱਸ ਨੌਂ ਵਜੇ ਚੱਲਣੀ ਹੈ ਤੇ ਇਹ ਆਖ਼ਰੀ ਬੱਸ ਹੈ। ਅਜੇ ਛੇ ਵੱਜੇ ਸਨ। ਮੈਂ ਆਪਣਾ ਸਮਾਨ ਬੱਸ ਉੱਤੇ ਚੜ੍ਹਾ ਕੇ ਬੱਸ ਵਿੱਚ ਬੈਠ ਗਿਆ। ਰਾਹ ਵਿੱਚ ਬੱਸ ਇੱਕ ਥਾਂ ਰੋਟੀ ਖਾਣ ਲਈ ਰੁਕੀ ਤੇ ਫੇਰ ਬਠਿੰਡੇ ਲਈ ਚੱਲ ਪਈ। ਰਾਤੀਂ ਇੱਕ ਵਜੇ ਬੱਸ ਪਹੁੰਚ ਗਈ ਤੇ ਬੱਸ ਸਟੈਂਡ ਦੇ ਨਾਂ ’ਤੇ ਉੱਥੇ ਕੁਝ ਵੀ ਨਹੀਂ ਸੀ। ਮੈਂ ਆਪਣਾ ਸਮਾਨ ਲਾਹਿਆ, ਜਿਸ ਵਿੱਚ ਕੰਡਕਟਰ ਨੇ ਮੇਰੀ ਸਹਾਇਤਾ ਕੀਤੀ। ਸਾਈਕਲ ਦੇ ਪਿੱਛੇ ਟਰੰਕ ਰੱਖ ਕੇ ਮੈਂ ਬੱਸ ਸਟੈਂਡ ਤੋਂ ਬਾਹਰ ਨਿਕਲਿਆ। ਉੱਥੇ ਇੱਕ ਢਾਬਾ ਜਿਹਾ ਸੀ, ਜਿਸ ਨੂੰ ਬੰਦ ਕਰ ਕੇ ਦੁਕਾਨ ਵਾਲਾ ਬੰਦਾ ਜਾਣ ਲੱਗਾ ਸੀ। ਉਸ ਨੂੰ ਪੁੱਛ ਕੇ ਮੈਂ ਉੱਥੇ ਪਏ ਬੈਂਚ ’ਤੇ ਸੌਂ ਗਿਆ। ਉਹ ਆਪਣੇ ਘਰ ਚਲਾ ਗਿਆ। ਉਸ ਦੇ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਸਬ ਸਟੇਸ਼ਨ ਦਾ ਰਸਤਾ ਪੁੱਛ ਲਿਆ ਸੀ।
ਜਿਵੇਂ ਹੀ ਪਹੁ ਫੁਟਾਲਾ ਹੋਇਆ, ਮੈਂ ਆਪਣਾ ਸਾਈਕਲ ਚੁੱਕ ਕੇ ਸਬ ਸਟੇਸ਼ਨ ਵੱਲ ਨੂੰ ਚੱਲ ਪਿਆ। ਇੱਕ ਦੋ ਬੰਦਿਆਂ ਨੂੰ ਪੁੱਛਦਾ ਪੁਛਾਉਂਦਾ ਮੈਂ ਸਬ ਸਟੇਸ਼ਨ ਪਹੁੰਚਿਆ। ਡਿਊਟੀ ਤੇ ਹਾਜ਼ਰ ਚੌਕੀਦਾਰ ਨੂੰ ਚਿੱਠੀ ਦਿਖਾਈ ਤੇ ਉਸ ਨੇ ਮੈਂਨੂੰ ਦਫਤਰ ਵਿੱਚ ਸੌਣ ਲਈ ਕਿਹਾ। ਮੈਂ ਸਟਾਫ ਦੇ ਆਉਣ ਤੋਂ ਪਹਿਲਾਂ ਹੀ ਸਵੇਰੇ ਤਿਆਰ ਹੋ ਗਿਆ। ਦੋ ਤਿੰਨ ਦਿਨ ਮੈਂ ਰਾਤ ਦਫਤਰ ਵਿੱਚ ਹੀ ਸੌਂ ਜਾਂਦਾ ਰਿਹਾ ਪਰ ਫੇਰ ਮੈਂਨੂੰ ਨੇੜਲੇ ਪਿੰਡ ਵਿੱਚ ਸਰਪੰਚ ਦੇ ਬਾਹਰਲੇ ਘਰ ਵਿੱਚ ਇੱਕ ਕਮਰਾ ਮਿਲ ਗਿਆ। ਕਮਰੇ ਦੇ ਬਾਹਰ ਇੱਕ ਨਲਕਾ ਲੱਗਿਆ ਹੋਇਆ ਸੀ। ਲੈਟਰੀਨ ਦੇ ਨਾਂ ’ਤੇ ਇੱਕ ਗਰਕਣੀ ਬਣੀ ਹੋਈ ਸੀ।
ਬਠਿੰਡੇ ਦੇ ਕੋਲ ਹੀ ਇੱਕ ਪਿੰਡ ਵਿੱਚ ਬਿਜਲੀਘਰ ਬਣਾਇਆ ਗਿਆ ਸੀ ਤੇ ਉਸ ਦਾ ਉਦਘਾਟਨ ਹੋਣਾ ਸੀ। ਇਹ ਜਗ੍ਹਾ ਪਿੰਡ ਦੇ ਬਾਹਰਵਾਰ ਸੀ ਅਤੇ ਸਾਰਾ ਇਲਾਕਾ ਅਜੇ ਬੇਆਬਾਦ ਸੀ। ਜਾਨਵਰਾਂ ਤੋਂ ਬਚਾ ਲਈ ਅਜੇ ਚਾਰਦੀਵਾਰੀ ਵੀ ਨਹੀਂ ਸੀ ਹੋਈ, ਅਜੇ ਤਾਰਾਂ ਹੀ ਲਾਈਆਂ ਗਈਆਂ ਸਨ। ਕਿਉਂਕਿ ਉਦਘਾਟਨ ਮੰਤਰੀ ਸਾਬ੍ਹ ਨੇ ਕਰਨਾ ਸੀ, ਇਸ ਕਰਕੇ ਇਲਾਕੇ ਦੇ ਐੱਸ ਸੀ ਦੀ ਡਿਊਟੀ ਲੱਗੀ ਕਿ ਉਸਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਲੋਕਾਂ ਨੂੰ ਇਕੱਠੇ ਕਰਨਾ ਹੈ। ਇਸ ਤਰ੍ਹਾਂ ਬੰਦੇ ਇਕੱਠੇ ਕਰਨ ਦਾ ਹੁਕਮ ਐੱਸ ਸੀ ਤੋਂ ਐੱਸ ਡੀ ਓ ਅਤੇ ਐੱਸ ਡੀ ਓ ਤੋਂ ਥੱਲੇ ਜੇ ਈ ਰਾਹੀਂ ਹੁੰਦਾ ਹੋਇਆ ਹੇਠਾਂ ਤਕ ਪਹੁੰਚ ਗਿਆ। ਅਸੀਂ ਮੁਲਾਜ਼ਮਾਂ ਨੇ ਤਾਂ ਇਸ ਨੂੰ ਹੁਕਮ ਸਮਝ ਕੇ ਪ੍ਰਵਾਨ ਕਰਨਾ ਸੀ।
ਉਸ ਵੇਲੇ ਇਲਾਕੇ ਵਿੱਚ ਸਬ ਸਟੇਸ਼ਨ ਲੱਗਣਾ ਬੜੀ ਵੱਡੀ ਗੱਲ ਸੀ ਕਿਉਂਕਿ ਉਨ੍ਹਾਂ ਸਾਰੇ ਪਿੰਡਾਂ ਵਿੱਚ ਅਜੇ ਬਿਜਲੀ ਨਹੀਂ ਸੀ ਪਹੁੰਚੀ। ਲੋਕਾਂ ਵਿੱਚ ਵੀ ਬਹੁਤ ਉਤਸ਼ਾਹ ਸੀ। ਉਦਘਾਟਨ ਦਾ ਦਿਨ ਆ ਗਿਆ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਉਣ ਲੱਗ ਪਏ। ਦੇਖਦੇ ਹੀ ਦੇਖਦੇ ਉੱਥੇ ਇਕੱਠੇ ਹੋ ਗਿਆ। ਸਟੇਜ ਤਿਆਰ ਕੀਤੀ ਗਈ। ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਹੋਰ ਪਤਵੰਤਿਆਂ ਨੂੰ ਬੁਲਾਇਆ ਗਿਆ। ਚਾਹ ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ। ਮੰਤਰੀ ਜੀ ਲਈ ਪੰਡਾਲ ਦੇ ਵਿੱਚ ਇੱਕ ਪਰਦਾ ਲਾ ਕੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ।
ਜਿਵੇਂ ਹੀ ਮੰਤਰੀ ਜੀ ਪਹੁੰਚੇ, ਸਾਰਿਆਂ ਨੇ ਖੜ੍ਹੇ ਹੋ ਕੇ ਅਤੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਐੱਸ ਈ ਸਾਬ੍ਹ ਨੇ ਮੰਤਰੀ ਜੀ ਨੂੰ ਚਾਹ ਪਾਣੀ ਪੀਣ ਲਈ ਕਿਹਾ ਪਰ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਦਘਾਟਨ ਕਰ ਲੈਂਦੇ ਹਾਂ, ਚਾਹ ਪਾਣੀ ਬਾਅਦ ਵਿੱਚ ਪੀਵਾਂਗੇ। ਉਦਘਾਟਨ ਕਰਨ ਲਈ ਉਨ੍ਹਾਂ ਨੂੰ ਕਮਰੇ ਵਿੱਚ ਲਿਜਾਇਆ ਗਿਆ। ਮੰਤਰੀ ਜੀ ਨੇ ਓ ਸੀ ਬੀ ਦਾ ਸਵਿੱਚ ਚੁੱਕਣਾ ਸੀ। ਜਿਵੇਂ ਹੀ ਸਪੀਕਰ ਤੋਂ ਉਦਘਾਟਨ ਦੀ ਅਨਾਊਂਸਮੈਂਟ ਹੋਈ, ਸਾਰਿਆਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੰਤਰੀ ਜੀ ਨੇ ਸਵਿੱਚ ਚੁੱਕਿਆ। ਪਟਾਕੇ ਦੀ ਆਵਾਜ਼ ਆਈ ਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਇਕਦਮ ਭਗਦੜ ਮੱਚ ਗਈ। ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਹੋਇਆ ਕੀ ਹੈ? ਮੰਤਰੀ ਜੀ ਭੱਜ ਕੇ ਕਮਰੇ ਵਿੱਚ ਪਏ ਮੇਜ਼ ਦੇ ਥੱਲੇ ਵੜ ਕੇ ਲੁਕ ਗਏ। ਇਹ ਦੇਖ ਕੇ ਐੱਸ ਈ, ਐਕਸੀਅਨ ਤੇ ਹੋਰ ਸਟਾਫ ਹੱਕੇ ਬੱਕੇ ਰਹਿ ਗਏ ਤੇ ਮੰਤਰੀ ਜੀ ਕੋਲ ਜਾ ਕੇ ਉਨ੍ਹਾਂ ਨੂੰ ਬਾਹਰ ਆਉਣ ਲਈ ਕਹਿਣ ਲੱਗੇ। ਮੰਤਰੀ ਜੀ ਉਨ੍ਹਾਂ ਨੂੰ ਗਾਲ੍ਹਾਂ ਕੱਢ ਕੇ ਦਫ਼ਾ ਹੋ ਜਾਣ ਲਈ ਕਹਿਣ ਲੱਗੇ।
ਜਿਵੇਂ ਹੀ ਧੂੰਆਂ ਥੋੜ੍ਹਾ ਘੱਟ ਹੋਇਆ, ਸਕਿਉਰਿਟੀ ਸਟਾਫ ਅੰਦਰ ਆਇਆ ਤੇ ਉਨ੍ਹਾਂ ਨੇ ਮੰਤਰੀ ਜੀ ਨੂੰ ਫੜ ਕੇ ਮੇਜ਼ ਹੇਠੋਂ ਬਾਹਰ ਕੱਢਿਆ, ਕਾਰ ਵਿੱਚ ਬਿਠਾਇਆ ਤੇ ਉੱਥੋਂ ਚਲੇ ਗਏ।
ਬਿਜਲੀ ਬੋਰਡ ਦੇ ਵੱਡੇ ਅਫਸਰ ਦੀ ਮੰਤਰੀ ਜੀ ਦੇ ਸਾਹਮਣੇ ਬੇਇੱਜ਼ਤੀ ਹੋ ਗਈ ਸੀ ਤੇ ਉਹ ਆਪਣੇ ’ਤੇ ਹੋਣ ਵਾਲੇ ਐਕਸ਼ਨ ਬਾਰੇ ਸੋਚ ਰਿਹਾ ਸੀ। ਉਹ ਹੇਠਲੇ ਸਟਾਫ ਨੂੰ ਬੁਰਾ ਭਲਾ ਕਹਿ ਕੇ ਜਾਂਚ ਕਰਨ ਦੇ ਹੁਕਮ ਦੇ ਕੇ ਆਪ ਸਰਕਟ ਹਾਊਸ ਵੱਲ ਰਵਾਨਾ ਹੋ ਗਿਆ, ਜਿੱਥੇ ਮੰਤਰੀ ਜੀ ਪਹੁੰਚੇ ਸਨ।
ਧੂੰਆਂ ਹਟਣ ਤੋਂ ਬਾਅਦ ਜਿਵੇਂ ਹੀ ਬਾਕਸ ਖੋਲ੍ਹ ਕੇ ਦੇਖਿਆ, ਬੱਸਬਾਰ ਦੇ ਵਿੱਚ ਇੱਕ ਜੰਗਲੀ ਚੂਹਾ ਫਸ ਕੇ ਸੜਿਆ ਪਿਆ ਸੀ। ਚੂਹੇ ਨੂੰ ਕੱਢ ਕੇ ਪੱਤੀਆਂ ਨੂੰ ਸਾਫ ਕੀਤਾ ਗਿਆ ਅਤੇ ਉਸ ਨੂੰ ਸ਼ੁਰੂ ਕਰਨ ਲਈ ਤਿਆਰ ਕੀਤਾ ਗਿਆ। ਤਿਆਰੀ ਹੋਣ ਤੋਂ ਬਾਅਦ ਏ.ਈ. ਸਾਹਿਬ ਨੂੰ ਸੂਚਿਤ ਕੀਤਾ ਗਿਆ ਕਿ ਉਦਘਾਟਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਆਪੇ ਕਰ ਲਓ ਉਦਘਾਟਨ ਤੁਸੀਂ, ਮੇਰੇ ਤਾਂ ਸਿਰ ਸੁਆਹ ਪਵਾ ਦਿੱਤੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3101)
(ਸਰੋਕਾਰ ਨਾਲ ਸੰਪਰਕ ਲਈ: