SukhwantSDhiman7ਬਾਈ ਜੂਪੇ ਦੇਸ਼ ਤਾਂ ਉਦੋਂ ਅਜ਼ਾਦ ਹੋਣਾ ਜਦੋਂ ਇਹੋ ਜਹੇ ਡਾਕੂ, ਚੋਰ, ਲੁਟੇਰੇ ਤੇ ...
(15 ਅਗਸਤ 2020)

 

15 ਅਗਸਤ 1947 ਦੀ ਸਵੇਰ ਸੀ। ਦੇਸ਼ ਅਜ਼ਾਦ ਹੋ ਗਿਆ ... ਦੇਸ਼ ਅਜ਼ਾਦ ਹੋ ਗਿਆ … ਸਾਰੇ ਪਾਸੇ ਰੌਲਾ ਪੈ ਰਿਹਾ ਸੀ। ਸੱਥ ਵਿੱਚ ਲੋਕ ਗੱਲਾਂ ਕਰ ਰਹੇ ਸਨ ਕਿ ਲਾਲ ਕਿਲੇ ’ਤੇ ਨਹਿਰੂ ਨੇ ਝੰਡਾ ਚਾੜ੍ਹ ਦਿੱਤਾ। ਤਾਇਆ ਗਿੰਦਰ ਜਿਹੜਾ ਕਿ ਸਿੱਧ ਪੱਧਰਾ ਤੇ ਸੱਚ ਬੋਲਣ ਵਾਲਾ ਬੰਦਾ ਸੀ ਨੇ ਲੋਕਾਂ ਵਿੱਚ ਰੌਲਾ ਪਾ ਰਹੇ ਕਿ ਦੇਸ਼ ਅਜ਼ਾਦ ਹੋ ਗਿਆ ... ਦੇਸ਼ ਅਜ਼ਾਦ ਹੋ ਗਿਆ … ਜੂਪੇ ਚਾਚੇ ਨੂੰ ਪੁੱਛਿਆ, “ਕੀ ਆਪਣਾ ਦੇਸ਼ ਸੱਚੀ ਅਜ਼ਾਦ ਹੋ ਗਿਆ ਬਾਈ ਜੂਪੇ?”

ਜੂਪੇ ਚਾਚੇ ਨੇ ਬਿਨਾਂ ਸਾਹ ਲਏ ਫੇਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਦੇਸ਼ ਅਜ਼ਾਦ ਹੋ ਗਿਆ ... ਦੇਸ਼ ਅਜ਼ਾਦ ਹੋ ਗਿਆ। ਗਿੰਦਰ ਤਾਇਆ ਬੋਲਿਆ, “ਅੱਛਾ ਬਾਈ ਜੂਪੇ, ਦੇਸ਼ ਸੱਚੀ ਅਜ਼ਾਦ ਹੋ ਗਿਆ?” ਅੱਗਿਓਂ ਜੂਪੇ ਚਾਚੇ ਨੇ ਖਿਝ ਕੇ ਜਵਾਬ ਦਿੱਤਾ, “ਨਾ ਹੁਣ ਮੈਂ ਇੰਨੇ ਟੈਮ ਦਾ ਫਾਰਸੀ ਬੋਲ ਰਿਹਾ ਸੀ ਗਿੰਦਰਾ?”

ਗਿੰਦਰ ਤਾਇਆ ਬੋਲਿਆ, “ਅੱਛਾ ਬਾਈ ਫੇਰ ਤਾਂ ਵਧੀਆਂ ਹੋਇਆ ਜੇ ਦੇਸ਼ ਅਜ਼ਾਦ ਹੋ ਗਿਆ।"

ਗਿੰਦਰ ਤਾਏ ਨੇ ਬੜੇ ਠਰ੍ਹੰਮੇ ਨਾਲ ਜੂਪੇ ਚਾਚੇ ਨੂੰ ਪੁੱਛਿਆ, “ਬਾਈ ਜੂਪੇ, ਫੇਰ ਤਾਂ ਆਪਣੀ ਕੋਤਵਾਲੀ ਦਾ ਰਿਸ਼ਵਤ ਖੋਰ ਤੇ ਜ਼ਾਲਮ ਠਾਣੇਦਾਰ ਵੀ ਬਦਲ ਗਿਆ ਹੋਣਾ ਜਿਹੜਾ ਲੋਕਾਂ ’ਤੇ ਝੂਠੇ ਕੇਸ ਬਣਾ ਕੇ ਕੁੱਟਦਾ ਤੇ ਲੁੱਟਦਾ ਹੁੰਦਾ ਸੀ?”

“ਨਾ ਬਾਈ ਗਿੰਦਰਾ, ਉਹ ਤਾਂ ਨੀ ਬਦਲਿਆ।” ਜੂਪੇ ਚਾਚੇ ਨੇ ਝੱਟਪੱਟ ਜਵਾਬ ਦਿੱਤਾ।

ਗਿੰਦਰ ਤਾਏ ਨੇ ਅੱਗਿਓਂ ਫਿਰ ਕਿਹਾ, “ਫੇਰ ਤਾਂ ਬਾਈ ਰਿਸ਼ਵਤਖੋਰ ਮਹਿੰਦਰ ਪਟਵਾਰੀ ਜ਼ਰੂਰ ਬਦਲ ਗਿਆ ਹੋਣਾ? ਉਹ ਜੱਟਾਂ ਨੂੰ ਬਾਈ ਬਹੁਤ ਤੰਗ ਕਰਦਾ ਹੁੰਦਾ ਸੀ।”

ਜੂਪੇ ਚਾਚੇ ਨੇ ਨਾਂਹ ਵਿੱਚ ਸਿਰ ਹਿਲਾਉਂਦੇ ਫੇਰ ਕਿਹਾ, “ਨਾ ਬਾਈ ਗਿੰਦਰ ਸਿਹਾਂ ਉਹ ਵੀ ਨੀ ਬਦਲਿਆ।

ਗਿੰਦਰ ਤਾਏ ਨੇ ਫੇਰ ਲੰਮਾ ਜਿਹਾ ਸਾਹ ਭਰ ਕੇ ਕਿਹਾ, “ਫਿਰ ਉਹ ਮਾੜਾ, ਰਿਸ਼ਵਤਖੋਰ, ਲੋਕਾਂ ਦੀਆਂ ਜ਼ਮੀਨਾਂ ਹੜੱਪਣ ਵਾਲਾ ਤੇ ਕੁਰਖਤ ਤਹਿਸੀਲਦਾਰ ਤਾਂ ਜ਼ਰੂਰ ਬਦਲ ਦਿੱਤਾ ਹੋਣਾ ਬਾਈ ਜੂਪੇ ਜਿਹੜਾ ਆਪਣੇ ਪਿੰਡ ਦੇ ਬਿੱਲੂ ਭਗਤ ਦੀ ਜ਼ਮੀਨ ਹੜੱਪ ਕਰ ਗਿਆ ਸੀ?”

ਅੱਗਿਓਂ ਫਿਰ ਜੂਪੇ ਚਾਚੇ ਨੇ ਨਾਂਹ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ, “ਨਾ ਬਾਈ ਉਹ ਵੀ ਨੀ ਬਦਲਿਆ।”

ਸਾਰੇ ਗਿੰਦਰ ਤਾਏ ਦੇ ਮੂੰਹ ਵੱਲ ਦੇਖਣ ਲੱਗੇ ਕਿਉਂਕਿ ਸਾਰੇ ਜਾਣਦੇ ਸਨ ਕਿ ਚਾਚਾ ਹੁਣ ਕੋਈ ਟੋਟਕਾ ਸੁਣਾਊ ਜੂਪੇ ਚਾਚੇ ਨੂੰ। ਖਿਝ ਕੇ ਗਿੰਦਰ ਤਾਇਆ ਜੂਪੇ ਚਾਚੇ ਨੂੰ ਬੋਲਿਆ, “ਨਾ ਕੀ ਗੱਲ ਟੈਣਿਆ ਜਿਹਾ, ਊਈਂ ਰੌਲਾ ਪਾਈ ਜਾਨੈ ... ਅਖੇ ਦੇਸ਼ ਅਜ਼ਾਦ ਹੋ ਗਿਆ ... ਦੇਸ਼ ਅਜ਼ਾਦ ਹੋ ਗਿਆ … ਨਾ ਦੇਸ਼ ਕੀ ਸਵਾਹ ਅਜ਼ਾਦ ਹੋਇਆ ਇਹ ਸਾਰੇ ਐਹੋ ਜਿਹੇ ਡਾਕੂ ਚੋਰ ਤੇ ਲੁਟੇਰੇ ਮੁਲਾਜ਼ਮ, ਅਫਸਰ ਤਾਂ ਅਜੇ ਇੱਥੇ ਈ ਬੈਠੇ ਨੇ ਫੇਰ ਦੇਸ਼ ਕਿਵੇਂ ਅਜ਼ਾਦ ਹੋ ਗਿਆ? ਬਾਈ ਜੂਪੇ ਦੇਸ਼ ਤਾਂ ਉਦੋਂ ਅਜ਼ਾਦ ਹੋਣਾ ਜਦੋਂ ਇਹੋ ਜਹੇ ਡਾਕੂ, ਚੋਰ, ਲੁਟੇਰੇ ਤੇ ਜ਼ਾਲਮ ਬੰਦੇ ਦੇਸ਼ ਵਿੱਚੋਂ ਨਿਕਲਣਗੇ। ਊਈ ਰੌਲਾ ਪਾਈ ਜਾਂਦਾ ਹੈ ਦੇਸ਼ ਅਜ਼ਾਦ ਹੋ ਗਿਆ ... ਦੇਸ਼ ਅਜ਼ਾਦ ਹੋ ਗਿਆ, ਝੂਠ ਬੋਲ ਬੋਲ ਕੇ ਲੋਕਾਂ ਨੂੰ ਗੁਮਰਾਹ ਕਰੀ ਜਾਂਦਾ ਹੈ। ਨਾ ਲੋਕੋ, ਦੱਸੋ ਭਲਾ, ਐਂ ਕਿਤੇ ਦੇਸ਼ ਅਜ਼ਾਦ ਹੁੰਦੈ?”

ਚਾਚਾ ਜੂਪਾ ਬੋਲਣ ਜੋਗਾ ਨਾ ਰਿਹਾ। ਬਿਟਰ ਬਿਟਰ ਤਾਏ ਗਿੰਦਰ ਵੱਲ ਵੇਖਦਾ ਹੋਇਆ ਉਹ ਬੁੜਬੁੜ ਕਰਦਾ ਉੱਥੋਂ ਚਲਾ ਗਿਆ। ਸਾਰੇ ਹੱਥ ’ਤੇ ਹੱਥ ਮਾਰ ਕੇ ਹੱਸਣ ਲੱਗ ਪਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2296)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)

More articles from this author