“ਉਹ ਇੱਕ ਦਮ ਖੜ੍ਹਾ ਹੋ ਗਿਆ ਅਤੇ ਝੱਟ ਚਾਕੂ ਕੱਢ ਕੇ ਮੇਰੇ ਸਾਹਮਣੇ ...”
(14 ਜਨਵਰੀ 2019)
ਇਹ ਗੱਲ ਦਸੰਬਰ 2016 ਦੀ ਹੈ। ਉਦੋਂ ਮੇਰੀ ਪੋਸਟਿੰਗ ਬਤੌਰ ਐਕਸੀਅਨ ਲਹਿਰਾਗਾਗਾ ਵਿਖੇ ਸੀ। ਮੇਰੇ ਮਹਿਕਮੇ ਵੱਲੋਂ ਮੇਰੀ ਟਰੇਨਿੰਗ ਪੰਜ ਦਿਨਾਂ ਲਈ ਸ਼ਿਮਲਾ ਵਿਖੇ ਹਿਮਾਚਲ ਪਰਦੇਸ਼ ਇਨਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਵਿਖੇ ਲਗਾਈ ਗਈ ਸੀ। ਟਰੇਨਿੰਗ ਸੋਮਵਾਰ ਨੂੰ ਸ਼ੂਰੁ ਹੋਣੀ ਸੀ, ਇਸ ਲਈ ਮੈਂਨੂੰ ਇੱਕ ਦਿਨ ਪਹਿਲਾਂ ਹੀ ਐਤਵਾਰ ਨੂੰ ਇਨਸਟੀਚਿਊਟ ਵਿਖੇ ਪਹੁੰਚਣ ਲਈ ਕਿਹਾ ਗਿਆ ਸੀ। ਮੇਰੇ ਵਾਂਗੂ ਹੋਰ ਵੀ ਬਹੁਤ ਅਫਸਰ ਇਸ ਇਨਸਟੀਚਿਊਟ ਵਿਖੇ ਪਹੁੰਚ ਰਹੇ ਸਨ। ਮੈਂ ਆਪਣੀ ਸਰਕਾਰੀ ਗੱਡੀ ਵਿੱਚ ਜਾਣ ਦੀ ਬਜਾਏ ਆਪਣੇ ਬੁਲਟ ਮੋਟਰਸਾਇਕਲ ’ਤੇ ਜਾਣ ਦਾ ਮਨ ਬਣਾਇਆ। ਘਰਦਿਆਂ ਨੂੰ ਮਨਾ ਕੇ, ਉਹਨਾਂ ਦੀ ਇਜਾਜ਼ਤ ਲੈ ਕੇ ਮੈਂ ਸਵੇਰੇ ਤਕਰੀਬਨ ਨੌਂ ਕੁ ਵਜੇ ਆਪਣਾ ਬੁਲਟ ਮੋਟਰਸਾਇਕਲ ਸਟਾਰਟ ਕੀਤਾ ਅਤੇ ਘਰੋਂ ਚੱਲ ਪਿਆ। ਪਟਰੌਲ ਦੀ ਟੈਂਕੀ ਫੁੱਲ ਕਰਵਾ ਕੇ ਮੈਂ ਸ਼ਿਮਲੇ ਵੱਲ ਨੂੰ ਚਾਲੇ ਪਾ ਦਿੱਤੇ। ਆਪਣਾ ਸਮਾਨ ਵਾਲਾ ਬੈਗ ਮੈਂ ਆਪਣੇ ਇੱਕ ਹੋਰ ਐਕਸੀਅਨ ਮਿੱਤਰ ਦੀ ਗੱਡੀ ਵਿੱਚ ਰੱਖ ਦਿੱਤਾ। ਬੁਲਟ ’ਤੇ ਸਫਰ ਕਰਦਿਆਂ ਮੈਂ ਇੱਦਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਸੁਪਨਿਆਂ ਦੇ ਦੇਸ਼ ਵਿੱਚ ਪਹੁੰਚ ਗਿਆ ਹੋਵਾਂ। ਅਸਲ ਵਿੱਚ ਬੁਲਟ ਮੋਟਰਸਾਇਕਲ ਚਲਾਉਣਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਮੇਰਾ ਮਨ ਭਾਉਂਦਾ ਸਾਧਨ ਵੀ ਹੈ।
ਮੈਂ ਸ਼ਿਮਲੇ ਵੱਲ ਇਕੱਲਾ ਹੀ ਬੁਲਟ ’ਤੇ ਬੈਠਾ ਆਪਣੀ ਮਸਤੀ ਵਿੱਚ ਚਲਾ ਜਾ ਰਿਹਾ ਸੀ। ਰਸਤੇ ਵਿੱਚ ਕਿਤੇ ਵੀ ਮਨ ਕਰਦਾ ਰੁਕ ਜਾਂਦਾ ਅਤੇ ਪਹਾੜਾਂ ਦੀ ਸੁੰਦਰਤਾ ਨੂੰ ਨਿਹਾਰਦਾ ਹੋਇਆ ਅਰਾਮ ਨਾਲ ਅੱਗੇ ਨੂੰ ਵਧ ਰਿਹਾ ਸੀ। ਰਸਤੇ ਵਿੱਚ ਜਦੋਂ ਕਿਤੇ ਜਾਮ ਲੱਗਦਾ ਤਾਂ ਮੈਂ ਅਰਾਮ ਨਾਲ ਗੱਡੀਆਂ ਵਿੱਚਦੀ ਦੁੱਗ ਦੁੱਗ ਕਰਦਾ ਹੋਇਆ ਅਗਾਂਹ ਲੰਘ ਜਾਂਦਾ। ਜਿੱਥੇ ਕਿਤੇ ਕੋਈ ਵਧੀਆ ਖਾਣ-ਪੀਣ ਦਾ ਰੈਸਤਰਾਂ ਆਉਂਦਾ ਤਾਂ ਰੁਕ ਕੇ ਕੁਝ ਖਾ ਲੈਂਦਾ। ਵਿਅਸਥ ਜ਼ਿੰਦਗੀ ਵਿੱਚ ਅਜਿਹੇ ਪਲ ਮਿਲਣਾ ਅਤੇ ਫਿਰ ਕੁਦਰਤ ਦੇ ਸੁਹਾਵਣੇ ਮੌਸਮ ਅਤੇ ਕੁਦਰਤੀ ਬਨਸਪਤੀ ਵਿੱਚ ਵਿੱਚਰਨਾ ਤਾਂ ਇੱਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸਵਰਗ ਦੀ ਸੈਰ ਕਰ ਰਿਹਾ ਹੋਵਾਂ।
ਪਹਾੜੀ ਰਸਤੇ ਵਿੱਚਦੀ ਬੁਲਟ ਮੋਟਰਸਾਇਕਲ ਦੁੱਗ ਦੁੱਗ ਕਰਦਾ ਇੱਦਾਂ ਲੰਘ ਰਿਹਾ ਸੀ ਜਿਵੇਂ ਮੈਂ ਕਿਸੇ ਬੱਬਰ ਸ਼ੇਰ ’ਤੇ ਬੈਠਾ ਜਾ ਰਿਹਾ ਹੋਵਾਂ। ਮੈਂ ਮੋਟਰਸਾਇਕਲ ਨੂੰ ਬਹੁਤ ਸੰਭਾਲ ਕੇ ਰੱਖਦਾ ਹਾਂ ਅਤੇ ਸ਼ਿਮਲੇ ਜਾਂਦੇ ਵੀ ਮੈਂ ਬੁਲਟ ਨੂੰ ਮਿੱਟੀ ਨਹੀਂ ਲੱਗਣ ਦਿੱਤੀ। ਰਸਤੇ ਵਿੱਚ ਇੱਕ ਲਗਜ਼ਰੀ ਕਾਰ ਵਾਲੇ ਮੁੰਡੇ ਨੇ ਮੈਨੂੰ ਕੁਮੈਂਟ ਦਿੱਤਾ, ਕਹਿੰਦਾ, ਸਰਦਾਰ ਜੀ, ਤੁਸੀਂ ਅਤੇ ਤੁਹਾਡਾ ਬੁਲਟ ਬਹੁਤ ਸੋਹਣੇ ਲੱਗ ਰਹੇ ਹੋ। ਮੈਂ ਉਸ ਰਾਹਗੀਰ ਦਾ ਧੰਨਵਾਦ ਕੀਤਾ ਅਤੇ ਆਪਣੇ ਸਫਰ ਵੱਲ ਨੂੰ ਵਧਣ ਲੱਗਾ।
ਇਸ ਤਰ੍ਹਾਂ ਹੌਲੀ ਹੌਲੀ ਸਫਰ ’ਤੇ ਚਲਦੇ ਹੋਏ ਮੈਂ ਸ਼ੋਗੀ ਕਸਬੇ ਕੋਲ ਪੁੱਜ ਗਿਆ। ਇੱਥੇ ਮੈਂਨੂੰ ਰਾਤ ਪੈ ਗਈ ਅਤੇ ਵਹੀਕਲਾਂ ਦੀਆਂ ਲਾਇਟਾਂ ਅੱਖਾਂ ਵਿੱਚ ਪੈਣ ਲੱਗੀਆਂ। ਠੰਢ ਵੀ ਗਜ਼ਬ ਦੀ ਪੈ ਰਹੀ ਸੀ। ਮੈਂ ਰੁਕ ਕੇ ਡਿੰਨਰ ਕਰਨ ਦਾ ਮਨ ਬਣਾਇਆ ਅਤੇ ਇਹ ਵੀ ਸੋਚਿਆ ਕਿ ਕੁਝ ਟਰੈਫਿਕ ਵੀ ਘਟ ਜਾਵੇਗੀ। ਇਸ ਜਗਾਹ ਇੱਕ ਛੋਟੇ ਜਿਹੇ ਢਾਬੇ ਤੇ ਮੈਨੂੰ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਲੱਸੀ ਮਿਲ ਗਏ। ਬੱਸ ਹੋਰ ਕੀ ਚਾਹੀਦਾ ਸੀ। ਮੈਂ ਰੱਜ ਕੇ ਰੱਟੀ ਖਾ ਲਈ ਅਤੇ ਸ਼ਿਮਲੇ ਵੱਲ ਨੂੰ ਚੱਲ ਪਿਆ।
ਬਿਲਕੁਲ ਕਾਲੀ ਬੋਲੀ ਰਾਤ, ਅਣਜਾਣ ਰਸਤਾ ਅਤੇ ਜ਼ੋਰਾਂ ਦੀ ਠੰਢ, ਬਹੁਤ ਹੀ ਅਲੌਕਿਕ ਨਜ਼ਾਰਾ ਸੀ। ਮੈਂ ਆਪਣੇ ਸ਼ੇਰ ਵਾਂਗੂ ਗੱਜਦੇ ਬੁਲਟ ਦੀ ਸੀਟ ’ਤੇ ਬੈਠਾ ਅੱਗੇ ਮੰਜ਼ਿਲ ਵੱਲ ਨੂੰ ਵਧ ਰਿਹਾ ਸੀ ਕਿ ਕੀ ਦੇਖਦਾ ਹਾਂ, ਇੱਕ ਬੰਦਾ ਸੜਕ ਦੇ ਕਿਨਾਰੇ ਡਿੱਗਾ ਪਿਆ ਸੀ। ਲੱਗਦਾ ਸੀ ਕਿ ਕੋਈ ਇਸ ਬੰਦੇ ਨੂੰ ਸੜਕ ’ਤੇ ਫੇਟ ਮਾਰ ਕੇ ਸੁੱਟ ਗਿਆ ਹੈ। ਮੈਂ ਇੱਕ ਦਮ ਮੋਟਰਸਾਇਕਲ ਦੀਆਂ ਬਰੇਕਾਂ ਲਗਾ ਦਿੱਤੀਆਂ ਅਤੇ ਆਲਾ ਦੁਆਲਾ ਦੇਖਿਆ। ਕੋਈ ਵੀ ਹੋਰ ਬੰਦਾ ਨੇੜੇ ਤੇੜੇ ਨਹੀਂ ਦਿਸਿਆ। ਮੈਂ ਮੋਟਰਸਾਇਕਲ ਸਟੈਂਡ ’ਤੇ ਲਗਾਇਆ ਅਤੇ ਹਮਦਰਦੀ ਨਾਲ ਸੜਕ ਦੇ ਕਿਨਾਰੇ ’ਤੇ ਪਏ ਬੰਦੇ ਵੱਲ ਵਧਿਆ। ਜਦੋਂ ਮੈਂ ਉਸ ਬੰਦੇ ਨੂੰ ਮੋਢੇ ਤੋਂ ਫੜ ਕੇ ਹਲੂਣਿਆ ਤਾਂ ਉਹ ਇੱਕ ਦਮ ਖੜ੍ਹਾ ਹੋ ਗਿਆ ਅਤੇ ਝੱਟ ਚਾਕੂ ਕੱਢ ਕੇ ਮੇਰੇ ਸਾਹਮਣੇ ਖੜ੍ਹ ਗਿਆ। ਉਸਨੇ ਮੈਂਨੂੰ ਡਰਾਉਂਦੇ ਹੋਏ ਕਿਹਾ, “ਸਰਦਾਰਾ, ਜਿੰਨੇ ਪੈਸੇ ਹੈਗੇ ਆ, ਸਾਰੇ ਕੱਢ ਕੇ ਮੇਰੀ ਹਥੇਲੀ ’ਤੇ ਰੱਖ ਦੇ ਨਹੀਂ ਤਾਂ ਚਾਕੂ ਤੇਰੇ ਆਰ ਪਾਰ ਕਰ ਦੇਵਾਂਗਾ।”
ਮੈਂ ਕੁਝ ਨਾ ਬੋਲਦਾ ਹੋਇਆ। ਆਪਣਾ ਪਰਸ ਅਤੇ ਮੋਬਾਇਲ ਫੋਨ ਉਸਦੀ ਹਥੇਲੀ ’ਤੇ ਰੱਖ ਦਿੱਤਾ। ਉਸਨੇ ਪਰਸ ਵਿੱਚੋਂ ਪੈਸੇ ਕੱਢ ਕੇ ਮੇਰਾ ਮੋਬਾਇਲ ਅਤੇ ਖਾਲੀ ਪਰਸ ਮੈਨੂੰ ਵਾਪਸ ਕਰ ਦਿੱਤਾ ਅਤੇ ਮੈਨੂੰ ਮੋਟਰਸਾਇਕਲ ਚੁੱਕ ਕੇ ਭੱਜ ਜਾਣ ਲਈ ਕਿਹਾ। ਉਸਨੇ ਮੈਂਨੂੰ ਧਮਕੀ ਵੀ ਦਿੱਤੀ ਕਿ ਅਗਰ ਪੁਲਿਸ ਨੂੰ ਦੱਸਿਆ ਤਾਂ ਹਸ਼ਰ ਠੀਕ ਨਹੀਂ ਹੋਵੇਗਾ।
ਮੈਂ ਝੱਟ ਰੱਬ ਦਾ ਸ਼ੁਕਰਾਨਾ ਕਰਦੇ ਮੋਟਰਸਾਇਕਲ ਦੀ ਸੀਟ ’ਤੇ ਜਾ ਬੈਠਾ ਅਤੇ ਸੀਟ ’ਤੇ ਬੈਠਦੇ ਹੋਏ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਹੁਣ ਮੋਟਰਸਾਇਕਲ ਤੇ ਤਾਂ ਬੈਠ ਹੀ ਗਿਆ ਹਾਂ, ਕਿਉਂ ਨਾ ਇਸ ਨੂੰ ਕੁਝ ਕਿਹਾ ਜਾਵੇ। ਸੋਚਿਆ, ਜੇ ਤਿੜ-ਫਿੜ ਕਰੂ ਤਾਂ ਆਪਾਂ ਭੱਜ ਜਾਵਾਂਗੇ। ਮੈਂ ਉਸ ਬੰਦੇ ਨੂੰ ਕਿਹਾ, “ਵੱਡੇ ਵੀਰ, ਤੂੰ ਇਹ ਗਲਤ ਕੀਤਾ। ਮੈਂ ਤੇਰੀ ਮਦਦ ਕਰਨ ਲਈ ਰੁਕਿਆ ਸੀ, ਅੱਗੇ ਤੋਂ ਮੈਂ ਹੁਣ ਕਦੀ ਕਿਸੇ ਦੀ ਮਦਦ ਲਈ ਨਹੀਂ ਰੁਕਾਂਗਾ। ... ਭਲਿਆ ਮਾਨਸਾ ਤੂੰ ਮੇਰਾ ਵਿਸ਼ਵਾਸ ਤੋੜਿਆ ਹੈ, ਰੱਬ ਤੈਨੂੰ ਇਸਦੀ ਸਜ਼ਾ ਜਰੂਰ ਦੇਵੇਗਾ।” ਮੇਰਾ ਮਨ ਡਰ ਅਤੇ ਵਿਸ਼ਵਾਸ ਟੁੱਟਣ ਨਾਲ ਵਲੂੰਧਰਿਆ ਗਿਆ ਸੀ। ਮੈਂ ਅਜੇ ਮੋਟਰਸਾਇਕਲ ਦਾ ਗੇਅਰ ਪਾਇਆ ਹੀ ਸੀ ਕਿ ਉਹ ਬੰਦਾ ਦੁਬਾਰਾ ਫੇਰ ਮੇਰੇ ਸਾਹਮਣੇ ਖਲੋ ਗਿਆ ਅਤੇ ਮੈਂਨੂੰ ਰੁਕਣ ਲਈ ਕਹਿਣ ਲੱਗਾ। ਉਹ ਚਾਕੂ ਸੁੱਟ ਕੇ ਮੇਰੇ ਪਰਸ ਵਿੱਚੋਂ ਕੱਢੇ ਨੋਟ ਮੇਰੇ ਵੱਲ ਕਰਦੇ ਹੋਏ ਬੋਲਿਆ, “ਸਰਦਾਰ ਜੀ, ਆਹ ਲਵੋ ਆਪਣੇ ਸਾਰੇ ਰੁਪਏ ... ਪਰ ਆਪਣਾ ਵਿਸ਼ਵਾਸ ਨਾ ਤੋੜੋ।”
ਮੈਂ ਉਸਦੇ ਇੱਕ ਦਮ ਬਦਲੇ ਤੇਵਰ ਦੇਖ ਕੇ ਹੈਰਾਨ ਰਹਿ ਗਿਆ। ਇੱਕ ਤਾਂ ਲੱਗੇ ਕਿਤੇ ਡਰਾਮਾ ਹੀ ਨਾ ਕਰਦਾ ਹੋਵੇ, ਕੋਈ ਹੋਰ ਚਾਲ ਚਲਦਾ ਹੋਵੇ। ਪਰ ਸੱਚ ਜਾਣਿਓ, ਮੇਰੇ ਮਨ ਨੇ ਕਿਹਾ ਕਿ ਮਨਾ ਇਹਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਫੇਰ ਹੌਸਲਾ ਕਰਕੇ ਮੈਂ ਮੋਟਰਸਾਇਕਲ ਨੂੰ ਸਿੰਗਲ ਸਟੈਂਡ ’ਤੇ ਲਗਾ ਕੇ ਉਸ ਬੰਦੇ ਦੀ ਗਲ ਸੁਣਨ ਲੱਗਾ। ਹੁਣ ਉਸ ਬੰਦੇ ਦਾ ਗੱਲ ਕਰਨ ਦਾ ਰਵੱਈਆ ਬਹੁਤ ਨਿਮਰਤਾ ਭਰਿਆ ਅਤੇ ਦੁੱਖ ਵਾਲਾ ਸੀ। ਉਸਨੇ ਆਪਣੀ ਗਾਥਾ ਸੁਣਾਉਣੀ ਸ਼ੂਰੁ ਕੀਤੀ। ਉਸਨੇ ਦੱਸਿਆ ਕਿ ਉਹ ਮਜਦੂਰ ਹੈ ਅਤੇ ਉੱਚੇ ਪਹਾੜੀ ਇਲਾਕੇ ਤੋਂ ਪਰਿਵਾਰ ਸਮੇਤ ਦਿਹਾੜੀ ਕਰਨ ਆਇਆ ਹੈ ਅਤੇ ਸਰਕਾਰ ਦੀ ਨੋਟਬੰਦੀ ਕਾਰਨ ਬਿਲਡਿੰਗ ਉਸਾਰੀ ਦਾ ਕੰਮ ਬੰਦ ਹੋਣ ਕਾਰਨ ਹੁਣ ਉਸ ਕੋਲ ਕੋਈ ਕੰਮ ਨਹੀਂ ਹੈ। ਉਹ ਭੁੱਖਾ ਮਰ ਰਿਹਾ ਹੈ। ਉਸਨੇ ਰੋਂਦੇ ਹੋਏ ਦੱਸਿਆ ਕਿ ਉਸਦੀ ਬੇਟੀ ਸਖਤ ਬਿਮਾਰ ਹੈ ਅਤੇ ਠੰਢ ਕਾਰਨ ਬੁਖਾਰ ਨਾਲ ਲੜ ਰਹੀ ਹੈ। ਉਸ ਕੋਲ ਕੋਈ ਕੰਮ ਨਹੀਂ ਹੈ ਅਤੇ ਪੈਸੇ ਵੀ ਮੁੱਕ ਚੁੱਕੇ ਹਨ। ਬਹੁਤ ਲੋਕਾਂ ਅੱਗੇ ਹੱਥ ਵੀ ਅੱਡੇ ਪਰ ਕਿਸੇ ਨੇ ਮਦਦ ਨਹੀਂ ਕੀਤੀ। ਹੁਣ ਮਰਦਾ ਕੀ ਨਾ ਕਰਦਾ ... ਬੱਸ ਮਜਬੂਰੀ ਵਿੱਚ ਇਹ ਰਾਹ ਅਪਣਾਉਣਾ ਪਿਆ ਹੈ।
ਉਸਦੀਆਂ ਗੱਲਾਂ ਸੁਣ ਕੇ ਮੇਰਾ ਮਨ ਪਸੀਜ ਗਿਆ। ਮੇਰਾ ਮਨ ਭਰ ਆਇਆ ਅਤੇ ਮੈਂਨੂੰ ਕੁਝ ਨਹੀਂ ਸੁੱਝ ਰਿਹਾ ਸੀ। ਮੈਂ ਚੁੱਪ ਖੜ੍ਹਾ ਉਸਦੀਆਂ ਗੱਲਾਂ ਸੁਣਦਾ ਰਿਹਾ। ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਸਨ। ਉਸਨੇ ਸਾਰੇ ਪੈਸੇ ਮੈਂਨੂੰ ਵਾਪਸ ਕਰ ਦਿੱਤੇ। ਪਰ ਮੈਂ ਲੈਣ ਤੋਂ ਇਨਕਾਰ ਕਰ ਦਿੱਤਾ। ਉਸਨੇ ਧੱਕੇ ਨਾਲ ਪੈਸੇ ਮੇਰੀ ਜਾਕਟ ਦੀ ਜੇਬ ਵਿੱਚ ਪਾ ਦਿੱਤੇ। ਮੈਂ ਆਪਣੀ ਜੇਬ ਵਿੱਚੋਂ ਸਾਰੇ ਪੈਸੇ ਕੱਢ ਕੇ ਉਸ ਲੋੜਬੰਦ ਬੰਦੇ ਨੂੰ ਦੇ ਦਿੱਤੇ ਅਤੇ ਭਾਵੁਕ ਹੁੰਦੇ ਨੇ ਕਿਹਾ ਕਿ ਦੋਸਤ ਅਜੇ ਮੇਰੇ ਕੋਲ ਆਹੀ ਹਨ। ਮੈਂ ਉਸਨੂੰ ਕਿਹਾ ਕਿ ਤੂੰ ਮੇਰੇ ਨਾਲ ਮੋਟਰਸਾਇਕਲ ’ਤੇ ਬੈਠ ਮੈਂ ਤੈਨੂੰ ਏ.ਟੀ.ਐੱਮ. ਵਿੱਚੋਂ ਹੋਰ ਰੁਪਏ ਕਢਵਾ ਕੇ ਦੇ ਦਿੰਦਾ ਹਾਂ। ਪਰ ਉਸ ਮਜਦੂਰ ਬੰਦੇ ਨੇ ਸਾਫ ਨਾਂਹ ਕਰ ਦਿੱਤੀ। ਪਰ ਹੁਣ ਮੇਰਾ ਮਨ ਵੀ ਪਸੀਜ ਚੁੱਕਾ ਸੀ ਅਤੇ ਮੈਂ ਸਾਰੇ ਪੈਸੇ ਉਸ ਗਰੀਬ ਅਤੇ ਲਾਚਾਰ ਮਜਦੂਰ ਨੂੰ ਦੇ ਕੇ ਮੋਟਰਸਾਇਕਲ ’ਤੇ ਬਹਿ ਕੇ ਆਪਣੇ ਅਗਲੇ ਬਾਕੀ ਰਹਿੰਦੇ ਸਫਰ ’ਤੇ ਚੱਲ ਪਿਆ। ਮੈਨੂੰ ਜਾਂਦਾ ਹੋਇਆ ਦੇਖ ਕੇ ਉਹ ਮੇਰਾ ਧੰਨਵਾਦ ਕਰ ਰਿਹਾ ਸੀ।
ਇਸ ਘਟਨਾ ਨੇ ਲੋੜਬੰਦ ਲੋਕਾਂ ਦੀ ਮਦਦ ਕਰਨ ਪ੍ਰਤੀ ਮੇਰਾ ਵਿਸ਼ਵਾਸ ਹੋਰ ਵੀ ਪੱਕਾ ਕਰ ਦਿੱਤਾ। ਤਕਰੀਬਨ ਇੱਕ ਘੰਟੇ ਬਾਅਦ ਮੈਂ ਆਪਣੀ ਮੰਜ਼ਿਲ ’ਤੇ ਪੁੱਜ ਗਿਆ। ਸਾਰੇ ਰਾਹ ਮੈਂ ਇਹ ਸੋਚਦਾ ਜਾ ਰਿਹਾ ਸੀ ਕਿ ਸਰਕਾਰਾਂ ਆਪਣੀਆਂ ਨੀਤੀਆਂ ਲੋਕਾਂ ’ਤੇ ਥੋਪ ਦਿੰਦੀਆਂ ਹਨ ਅਤੇ ਇਹਨਾਂ ਨੀਤੀਆਂ ਦੇ ਖਮਿਆਜੇ ਥੁੜਾਂ ਦੇ ਮਾਰੇ ਲੋਕਾਂ ਨੂੰ ਭੁਗਤਣੇ ਪੈਂਦੇ ਹਨ।
ਇਹ ਘਟਨਾ ਮੇਰੇ ਮਨ ਵਿੱਚ ਅਟਕੀ ਪਈ ਸੀ। ਮੈਂ ਆਪਣੇ ਘਰਦਿਆਂ ਨਾਲ ਵੀ ਇਸ ਡਰੋਂ ਸਾਂਝੀ ਨਹੀਂ ਕੀਤੀ ਕਿ ਫੇਰ ਕਦੀ ਉਹਨਾਂ ਨੇ ਮੈਂਨੂੰ ਮੋਟਰਸਾਇਕਲ ’ਤੇ ਇਕੱਲੇ ਨੂੰ ਜਾਣ ਨਹੀਂ ਦੇਣਾ। ਪਰ ਇਹ ਘਟਨਾ ਦੇਖ ਕੇ ਮੈਨੂੰ ਇਹ ਜ਼ਰੂਰ ਪਤਾ ਲੱਗਾ ਕਿ ਮਜਬੂਰੀ, ਸਮਾਂ ਅਤੇ ਹਾਲਾਤ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੇ ਹਨ। ਮੈਂ ਅੱਗੇ ਤੋਂ ਹੋਰ ਵੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦਾ ਪ੍ਰਣ ਕਰ ਲਿਆ।
*****
(1460)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)