“ਮੇਰੇ ਮੰਮੀ ਪਾਪਾ ਆਪਸ ਵਿੱਚ ਬਹੁਤ ਲੜਦੇ ਹਨ ਤੇ ਜਦੋਂ ਉਹ ਲੜਦੇ ਹੁੰਦੇ ਹਨ ਤਾਂ ਮੈਂ ...”
(28 ਅਕਤੂਬਰ 2019)
ਜ਼ਿੰਦਗੀ ਦੇ ਸਫਰ ’ਤੇ ਟੁਰਦਿਆਂ ਹੋਇਆਂ ਮੈਂਨੂੰ ਅਨੇਕਾਂ ਤਰ੍ਹਾਂ ਦੇ ਲੋਕ ਮਿਲ ਰਹੇ ਹਨ। ਕਈਆਂ ਨੇ ਦੁੱਖ ਦਿੱਤਾ ਅਤੇ ਕਈਆਂ ਦਾ ਦੁੱਖ ਦੇਖ ਕੇ ਅਪਣਾ ਦੁੱਖ ਭੁੱਲ ਗਿਆ। ਇਸੇ ਹੀ ਤਰ੍ਹਾਂ ਦੀ ਇੱਕ ਘਟਨਾ ਮੇਰੀਆਂ ਅੱਖਾਂ ਸਾਹਮਣੇ ਘਟੀ ਜਿਸ ਨੂੰ ਦੇਖ ਕੇ ਮੇਰਾ ਦਿਲ ਕੰਬ ਗਿਆ। ਅਸੀਂ ਚੰਦ ਤੇ ਜਾਂ ਮੰਗਲ ਤੱਕ ਤਾਂ ਆਪਣੀ ਪਹੁੰਚ ਕਰ ਲਈ ਹੈ ਪ੍ਰੰਤੂ ਅੱਜ ਅਸੀਂ ਆਪਣਿਆਂ ਤੋਂ ਨਿਰੰਤਰ ਦੂਰ ਹੁੰਦੇ ਜਾ ਰਹੇ ਹਾਂ। ਰਿਸ਼ਤਿਆਂ ਨੂੰ ਤੋੜਨ ਦੇ ਕਨੂੰਨ ਤਾਂ ਇਸ ਤਰੱਕੀ ਕਰ ਰਹੇ ਸਮਾਜ ਵਿੱਚ ਬਣ ਚੁੱਕੇ ਹਨ ਪ੍ਰੰਤੂ ਰਿਸ਼ਤਿਆਂ ਨੂੰ ਜੋੜਨ ਦੇ ਕਨੂੰਨ ਸ਼ਾਇਦ ਅਜੇ ਬਣਨੇ ਬਾਕੀ ਹਨ। ਸਾਡੀ ਉਦਯੋਗਿਕ ਤਰੱਕੀ ਦੇ ਨਾਲ ਨਾਲ ਸਮਾਜਿਕ ਤਰੱਕੀ ਉੰਨੀ ਨਹੀਂ ਹੋ ਰਹੀ। ਸਗੋਂ ਇੱਦਾਂ ਲਗਦਾ ਹੈ ਵੀ ਸਮਾਜਿਕ ਤਰੱਕੀ ਨਾ ਮਾਤਰ ਹੀ ਹੈ।
ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਂ ਆਪਣੇ ਸਰਕਾਰੀ ਦਫਤਰੀ ਕੰਮ ਕਾਰਨ ਅਦਾਲਤ ਵਿੱਚ ਗਿਆ। ਜਦੋਂ ਮੈਂ ਆਪਣੇ ਮਹਿਕਮੇ ਦੇ ਵਕੀਲ ਸਾਹਿਬ ਕੋਲ ਉਸਦੇ ਚੈਂਬਰ ਵਿੱਚ ਗਿਆ ਤਾਂ ਚੈਂਬਰ ਵਿੱਚ ਵੜਨ ਸਾਰ ਇੱਕ ਪਿਆਰਾ ਜਿਹਾ ਮਸੂਮ ਬੱਚਾ ਜੋ ਕਿ ਮੇਰੇ ਬੇਟੇ ਦੀ ਉਮਰ ਦਾ ਸੀ, ਬੈਠਾ ਦਿਖਾਈ ਦਿੱਤਾ। ਉਹ ਬਹੁਤ ਹੀ ਚੁੱਪ ਚਾਪ ਅਤੇ ਓਦਰਿਆ ਹੋਇਆ ਸੀ। ਮੈਂ ਵਕੀਲ ਸਾਹਿਬ ਨਾਲ ਹੱਥ ਮਿਲਾ ਕੇ ਅਤੇ ਇੱਕ ਹੋਰ ਵੀਰ, ਜੋ ਕਿ ਬਾਅਦ ਵਿੱਚ ਪਤਾ ਲੱਗਾ ਉਸ ਬੱਚੇ ਦਾ ਪਿਤਾ ਹੈ, ਨਾਲ ਹੱਥ ਮਿਲਾ ਕੇ ਬੈਠ ਗਿਆ। ਵਕੀਲ ਸਾਹਿਬ ਨੇ ਮੇਰੇ ਲਈ ਚਾਹ ਪਾਣੀ ਦਾ ਆਡਰ ਕੀਤਾ ਅਤੇ ਮੈਂਨੂੰ ਬੇਨਤੀ ਪੂਰਵਕ ਥੋੜ੍ਹਾ ਜਿਹਾ ਇੰਤਜ਼ਾਰ ਕਰਨ ਲਈ ਕਿਹਾ। ਮੈਂ ਸਮਾਂ ਲੰਘਾਉਣ ਲਈ ਉਸ ਬੱਚੇ ਵੱਲ ਆਪਣਾ ਧਿਆਨ ਕੇਂਦ੍ਰਿਤ ਕਰਦੇ ਹੋਏ ਉਸ ਪਿਆਰੇ ਬੱਚੇ ਵੱਲ ਇੱਕ ਮੁਸਕਰਾਹਟ ਦਿੱਤੀ। ਪਰ ਬੱਚੇ ਦੇ ਚਿਹਰੇ ਉੱਤੇ ਛਾਈ ਖਾਮੋਸ਼ੀ ਵਿੱਚ ਮੇਰੀ ਮੁਸਕਰਾਹਟ ਕਿਧਰੇ ਰੁਲ ਗਈ। ਵਕੀਲ ਸਾਹਿਬ ਅਤੇ ਬੱਚੇ ਦਾ ਪਿਤਾ ਆਪਸ ਵਿੱਚ ਕੇਸ ਬਾਰੇ ਵਾਰਤਾਲਾਪ ਕਰ ਰਹੇ ਸੀ। ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਬੱਚੇ ਦੇ ਪਿਤਾ ਦਾ ਉਸਦੀ ਪਤਨੀ (ਬੱਚੇ ਦੀ ਮਾਤਾ) ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ।
ਇਸ ਦੌਰਾਨ ਮੈਂ ਫਿਰ ਬੱਚੇ ਵੱਲ ਮੁਸਕਰਾਹਟ ਪੇਸ਼ ਕੀਤੀ ਅਤੇ ਆਪਣਾ ਹੱਥ ਵੀ ਉਸ ਵੱਲ ਵਧਾਇਆ। ਬੱਚੇ ਨੇ ਡਰੇ-ਸਹਿਮੇ ਹੋਏ ਨੇ ਮੇਰੇ ਨਾਲ ਹੱਥ ਮਿਲਾਇਆ। ਪਤਾ ਨਹੀਂ ਕਿਉਂ ਮੇਰਾ ਬਹੁਤ ਦਿਲ ਕੀਤਾ ਕਿ ਮੈਂ ਇਸ ਬੱਚੇ ਨਾਲ ਗੱਲਾਂ ਕਰਾਂ। ਇਸ ਦੌਰਾਨ ਮੈਂ ਵਾਸ਼ਰੂਮ ਦਾ ਬਹਾਨਾ ਬਣਾ ਕੇ ਅਦਾਲਤ ਦੀ ਕੰਟੀਨ ਵਿੱਚੋਂ ਇੱਕ ਬਿਸਕੁਟਾਂ ਦਾ ਪੈਕਟ ਅਤੇ ਕੁਝ ਕੁ ਟੌਫੀਆਂ ਉਸ ਬੱਚੇ ਵਾਸਤੇ ਲੈ ਆਇਆ। ਸੋਚਿਆ, ਹੋ ਸਕਦਾ ਬੱਚਾ ਖੁਸ਼ ਹੋ ਜਾਵੇ। ਮੈਂ ਚੈਂਬਰ ਵਿੱਚ ਜਾ ਕੇ ਬੱਚੇ ਨੂੰ ਇਹ ਚੀਜਾਂ ਦੇ ਦਿੱਤੀਆਂ। ਹੁਣ ਬੱਚੇ ਦੇ ਚਿਹਰੇ ਉੱਤੇ ਕੁਝ ਰੌਣਕ ਦੇਖ ਕੇ ਮੇਰੇ ਮਨ ਨੂੰ ਤਸੱਲੀ ਹੋਈ ਕਿ ਸ਼ੁਕਰ ਹੈ, ਮੇਰੀ ਮਿਹਨਤ ਪੱਲੇ ਪੈ ਗਈ। ਮੈਂ ਉਸ ਬੱਚੇ ਨਾਲ ਗੱਲਾਂ ਕਰਨੀਆਂ ਸ਼ੂਰੁ ਕਰ ਦਿੱਤੀਆਂ। ਇੰਨੇ ਨੂੰ ਵਕੀਲ ਸਾਹਿਬ ਦੀ ਗੱਲਬਾਤ ਉਸ ਬੱਚੇ ਦੇ ਪਿਤਾ ਨਾਲ ਮੁੱਕ ਗਈ ਅਤੇ ਚਾਹ ਵੀ ਆ ਗਈ।
ਫਿਰ ਮੈਂ ਅਤੇ ਵਕੀਲ ਸਾਹਿਬ ਸਾਡੇ ਮਹਿਕਮੇ ਦੇ ਕੇਸ ਬਾਰੇ ਗੱਲਬਾਤ ਕਰਨ ਲੱਗੇ। ਲੋੜੀਦੇ ਦਸਤਾਵੇਜ ਮੇਰੇ ਕੋਲੋਂ ਹਸਤਾਖਰ ਕਰਵਾਉਣ ਤੋਂ ਬਾਅਦ ਵਕੀਲ ਸਾਹਿਬ ਨੇ ਮੈਂਨੂੰ ਫਿਰ ਥੋੜ੍ਹਾ ਚਿਰ ਰੁਕਣ ਲਈ ਬੇਨਤੀ ਕੀਤੀ। ਜਦੋਂ ਵਕੀਲ ਸਾਹਿਬ, ਬੱਚੇ ਦਾ ਪਿਤਾ ਅਤੇ ਬੱਚਾ ਖੜ੍ਹਾ ਹੋ ਕੇ ਬਾਹਰ ਜਾਣ ਲੱਗੇ ਤਾਂ ਇੱਕ ਦਮ ਬੱਚੇ ਦੇ ਪਿਤਾ ਨੇ ਕਿਹਾ ਕਿ ਆਪਾਂ ਬੱਚੇ ਨੂੰ ਤੁਹਾਡੇ ਚੈਂਬਰ ਵਿੱਚ ਤੁਹਾਡੇ ਮੁਨਸ਼ੀ ਕੋਲ ਛੱਡ ਜਾਂਦੇ ਹਾਂ, ਕਿਉਂਕਿ ਇਸਨੇ ਅਗਰ ਆਪਣੀ ਮਾਂ ਦੇਖ ਲਈ ਤਾਂ ਬਹੁਤ ਤੰਗ ਕਰੇਗਾ। ਵਕੀਲ ਸਾਹਿਬ ਨੇ ਆਪਣੀ ਸਹਿਮਤੀ ਦੇ ਦਿੱਤੀ। ਮੇਰਾ ਕੰਮ ਵੀ ਨਿੱਬੜ ਗਿਆ ਸੀ। ਚਾਹ ਪੀਣ ਉਪਰੰਤ ਮੈਂ ਵੀ ਵਕੀਲ ਸਾਹਿਬ ਤੋਂ ਇਜਾਜ਼ਤ ਮੰਗੀ ਅਤੇ ਚੈਂਬਰ ਵਿੱਚੋਂ ਵਕੀਲ ਸਾਹਿਬ ਹੁਰਾਂ ਨਾਲ ਬਾਹਰ ਹੀ ਨਿੱਕਲ ਆਇਆ।
ਅਦਾਲਤ ਦੇ ਗੇਟ ਤੱਕ ਪਹੁੰਚਦੇ ਹੋਏ ਮੇਰਾ ਧਿਆਨ ਫਿਰ ਉਸ ਮੁਰਝਾਏ ਚਿਹਰੇ ਵਾਲੇ ਬੱਚੇ ਵੱਲ ਗਿਆ। ਮੈਂ ਫਿਰ ਵਪਿਸ ਵਕੀਲ ਸਾਹਿਬ ਦੇ ਚੈਂਬਰ ਵੱਲ ਨੂੰ ਚੱਲ ਪਿਆ ਅਤੇ ਫਿਰ ਦੁਬਾਰਾ ਉਸ ਬੱਚੇ ਕੋਲ ਆ ਗਿਆ। ਉਹ ਮਾਸੂਮ ਬੱਚਾ ਉਸੇ ਤਰ੍ਹਾਂ ਮਾਯੂਸ, ਡਰਿਆ ਅਤੇ ਚੁੱਪਚਾਪ ਕੁਰਸੀ ਉੱਤੇ ਬੈਠਾ ਸੀ। ਕੋਲ ਬੈਠਾ ਮੁਨਸ਼ੀ ਅਪਣਾ ਕੰਮ ਕਰ ਰਿਹਾ ਸੀ। ਉਸਦਾ ਬੱਚੇ ਵੱਲ ਕੋਈ ਖਾਸ ਧਿਆਨ ਨਹੀਂ ਸੀ। ਬੱਚੇ ਦੀ ਉਮਰ ਪੰਜ ਕੁ ਸਾਲਾਂ ਦੀ ਸੀ। ਮੈਂ ਬੱਚੇ ਨਾਲ ਗੱਲਾਂਬਾਤਾਂ ਕਰਨ ਲੱਗਾ ਅਤੇ ਉਸ ਨਾਲ ਘੁਲ ਮਿਲ ਗਿਆ।
ਉਸ ਬੱਚੇ ਦੀਆਂ ਭੋਲੀਆਂ ਭਾਲੀਆਂ ਗੱਲਾਂ ਵਿੱਚ ਮੈਂਨੂੰ ਮੇਰਾ ਬੇਟਾ ਦਿੱਖ ਰਿਹਾ ਸੀ। ਫਿਰ ਮੈਂ ਉਸਨੂੰ ਪੁੱਛਿਆ ਕਿ ਤੈਨੂੰ ਤੇਰੀ ਮੰਮੀ ਯਾਦ ਨੀ ਆਉਂਦੀ? ਤਾਂ ਬੱਚਾ ਇੱਕ ਦਮ ਚੁੱਪ ਹੋ ਗਿਆ। ਮੇਰੇ ਪ੍ਰਸ਼ਨ ਨੇ ਉਸਦੇ ਮੁੰਹ ਉੱਤੇ ਜਿਵੇਂ ਜਿੰਦਰਾ ਹੀ ਲਗਾ ਦਿੱਤਾ ਹੋਵੇ। ਮੈਂਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂਨੂੰ ਇਹ ਪ੍ਰਸ਼ਨ ਇਸ ਮਸੂਮ ਬੱਚੇ ਨੂੰ ਨਹੀਂ ਪੁੱਛਣਾ ਚਹੀਦਾ ਸੀ। ਖੈਰ ਮੈਂ ਫਿਰ ਦੁਬਾਰਾ ਉਸ ਮਸੂਮ ਬੱਚੇ ਨਾਲ ਗੱਲਾਂਬਾਤਾਂ ਕਰਦਾ ਹੋਇਆ ਖੇਡਣ ਲੱਗਾ। ਮੈਂ ਬੱਚੇ ਨੂੰ ਆਪਣੇ ਬੇਟੇ ਦੀਆਂ ਤਸਵੀਰਾਂ ਆਪਣੇ ਮੋਬਾਇਲ ਵਿੱਚ ਦਿਖਾਈਆਂ। ਤਸਵੀਰਾਂ ਦੇਖਦੇ ਹੋਏ ਮਸੂਮ ਬੱਚੇ ਨੇ ਮੈਂਨੂੰ ਇੱਕ ਪ੍ਰਸ਼ਨ ਪੁੱਛ ਕੇ ਧੁਰ ਅੰਦਰ ਤੱਕ ਹਿਲਾ ਦਿੱਤਾ। ਉਸਦਾ ਪ੍ਰਸ਼ਨ ਸੀ “ਅੰਕਲ ਤੁਹਾਡੇ ਬੇਟੇ ਦੀ ਮੰਮੀ ਵੀ ਤੁਹਾਡੇ ਬੇਟੇ ਨਾਲ ਰਹਿੰਦੀ ਹੈ?”
ਮੈਂ ਇਹ ਪ੍ਰਸ਼ਨ ਸੁਣ ਕੇ ਇੱਕ ਦਮ ਸੁੰਨ ਜਿਹਾ ਹੋ ਗਿਆ। ਮੇਰਾ ਗੱਚ ਭਰ ਆਇਆ ਤੇ ਆਪਣੇ ਹੰਝੂ ਰੋਕਦਾ ਹੋਇਆ ਮੈਂ ਉਸ ਮਸੂਮ ਬੱਚੇ ਨੂੰ ਕਿਹਾ, “ਹਾਂ ਬੱਚੇ, ਅਸੀਂ ਸਾਰੇ ਇਕੱਠੇ ਇੱਕੋ ਘਰ ਵਿੱਚ ਰਹਿੰਦੇ ਹਾਂ।”
ਮੈਂ ਅਜੇ ਚੁੱਪ ਹੀ ਸਾਂ ਕਿ ਮਸੂਮ ਅਤੇ ਪਿਆਰੇ ਬੱਚੇ ਨੇ ਫਿਰ ਅਗਲਾ ਪ੍ਰਸ਼ਨ ਮੈਂਨੂੰ ਪੁੱਛਿਆ, “ਅੰਕਲ, ਤੁਸੀਂ ਆਪਸ ਵਿੱਚ ਲੜਦੇ ਤਾਂ ਨੀ, ਮੇਰੇ ਮੰਮੀ ਪਾਪਾ ਆਪਸ ਵਿੱਚ ਬਹੁਤ ਲੜਦੇ ਹਨ ਤੇ ਜਦੋਂ ਉਹ ਲੜਦੇ ਹੁੰਦੇ ਹਨ ਤਾਂ ਮੈਂ ਡਰ ਕੇ ਬਿਸਤਰਿਆਂ ਵਾਲੇ ਕਮਰੇ ਵਿੱਚ ਲੁਕ ਜਾਂਦਾ ਹਾਂ।”
ਉਸ ਮਸੂਮ ਤੇ ਪਿਆਰੇ ਬੱਚੇ ਦਾ ਚਿਹਰਾ ਦੇਖ ਕੇ ਮੈਂਨੂੰ ਉਸਦੀ ਅਨਮੋਲ ਅਤੇ ਕੋਰੇ ਕਾਗਜ਼ ਵਰਗੀ ਜ਼ਿੰਦਗੀ ਉੱਤੇ ਲਿਖੀ ਜਾ ਰਹੀ ਭਿਆਨਕ ਅਤੇ ਬਦਸੂਰਤ ਕਹਾਣੀ ਸਾਫ ਸਾਫ ਦਿਸ ਰਹੀ ਸੀ। ਇੰਨੇ ਨੂੰ ਵਕੀਲ ਸਾਹਿਬ ਅਤੇ ਬੱਚੇ ਦਾ ਪਿਤਾ ਦੋਵੇਂ ਹੀ ਚੈਂਬਰ ਵਿੱਚ ਵਾਪਸ ਪਰਤ ਆਏ। ਵਕੀਲ ਸਾਹਿਬ ਨੇ ਮੈਂਨੂੰ ਦੁਬਾਰਾ ਕਮਰੇ ਵਿੱਚ ਦੇਖ ਕੇ ਕਿਹਾ, “ਐਕਸੀਅਨ ਸਾਹਿਬ, ਕੀ ਕੋਈ ਹੋਰ ਕੰਮ ਯਾਦ ਆ ਗਿਆ ਸੀ?”
ਮੈਂ ਬਹਾਨਾ ਬਣਾ ਕੇ ਕਿਸੇ ਹੋਰ ਕੇਸ ਬਾਬਤ ਪੁੱਛ ਕੇ ਦੁਬਾਰਾ ਆਉਣ ਦਾ ਡਰਾਮਾ ਜਿਹਾ ਕਰਨ ਲੱਗਾ। ਅਸੀਂ ਅਜੇ ਬੈਠੇ ਹੀ ਸੀ ਕਿ ਇੱਕ ਦਮ ਉਸ ਬੱਚੇ ਦੀ ਮਾਂ ਵਕੀਲ ਸਾਹਿਬ ਦੇ ਚੈਂਬਰ ਵਿੱਚ ਆ ਗਈ। ਬੱਸ ਫਿਰ ਕੀ ਸੀ, ਮਸੂਮ ਬੱਚਾ ਭੱਜ ਕੇ ਆਪਣੀ ਮਾਂ ਦੇ ਗੱਲ ਨੂੰ ਚਿੰਬੜ ਗਿਆ। ਬੱਚੇ ਦਾ ਪਿਤਾ ਆਪਣੀ ਪਤਨੀ ਤੋਂ ਬੱਚੇ ਨੂੰ ਖੋਹਣ ਲੱਗਾ। ਪਰ ਮਾਂ ਨੇ ਆਪਣੇ ਬੱਚੇ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਰੱਖਿਆ ਸੀ, ਪਿਤਾ ਵੱਲੋਂ ਧੱਕੇ ਨਾਲ ਖੋਹਣ ’ਤੇ ਵੀ ਬੱਚੇ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦੇ ਰਹੀ ਸੀ। ਆਖਰ ਪਿਤਾ ਨੇ ਬੱਚੇ ਨੂੰ ਮਾਂ ਤੋਂ ਵੱਖ ਕਰ ਦਿੱਤਾ ਅਤੇ ਉਹ ਬੱਚੇ ਦੀ ਮਾਂ ਕਿਹਾ, “ਤੈਂਨੂੰ ਇਹੀ ਸਜ਼ਾ ਹੈ ਕਿ ਤੈਨੂੰ ਤੇਰੇ ਬੇਟੇ ਤੋਂ ਵੱਖ ਕਰਾਂਗਾ, ਫਿਰ ਤੇਰੀ ਆਕੜ ਠੀਕ ਹੋਵੇਗੀ।”
ਬੱਚੇ ਅਤੇ ਮਾਂ ਦੇ ਮਿਲਣ ਅਤੇ ਵਿਛੋੜੇ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ ਅਤੇ ਮੈਂ ਬਿਨਾਂ ਰੁਕੇ ਚੈਂਬਰ ਵਿੱਚੋਂ ਬਾਹਰ ਆ ਗਿਆ। ਵਾਸ਼ਰੂਮ ਵਿੱਚ ਜਾ ਕੇ ਮੈਂ ਖੂਬ ਰੋਇਆ ਅਤੇ ਆਪਣਾ ਚਿਹਰਾ ਧੋ ਕੇ ਵਾਪਸ ਆਪਣੀ ਕਾਰ ਵੱਲ ਨੂੰ ਚੱਲ ਪਿਆ।
ਮੈਂਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੈਂਨੂੰ ਮੇਰੀ ਮਾਂ ਤੋਂ ਵਿਛੋੜ ਦਿੱਤਾ ਹੋਵੇ। ਇਸ ਘਟਨਾ ਨੇ ਮੇਰਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ ਸੀ।
ਅਦਾਲਤ ਤੋਂ ਬਾਹਰ ਆਉਂਦੇ ਹੋਏ ਮੈਂ ਦੁਖੀ ਮਨ ਨਾਲ ਆਪਣੇ ਆਪ ਨੂੰ ਇਹ ਪ੍ਰਸ਼ਨ ਵਾਰ ਵਾਰ ਕਰ ਰਿਹਾ ਸੀ ਕਿ ਮਸੂਮ ਬੱਚੇ ਦੇ ਮਾਂ ਬਾਪ ਦੀ ਕਨੂੰਨੀ ਲੜਾਈ ਵਿੱਚ ਬੱਚੇ ਦੇ ਬਾਪ ਦੀ ਜਿੱਤ ਹੁੰਦੀ ਹੈ ਜਾਂ ਬੱਚੇ ਦੀ ਮਾਂ ਦੀ ਜਿੱਤ ਹੁੰਦੀ ਹੈ ਪਰ ਦੋਵਾਂ ਹਾਲਤਾਂ ਵਿੱਚ ਬੱਚੇ ਦੀ ਤਾਂ ਹਾਰ ਹੀ ਹੋਵੇਗੀ।
ਅਜੋਕਾ ਇਨਸਾਨ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਅਡੰਬਰ ਕਰਦਾ ਫਿਰਦਾ ਹੈ ਪਰ ਦੂਸਰੇ ਪਾਸੇ ਰੱਬ ਦਾ ਰੂਪ ਕਹੇ ਜਾਣ ਵਾਲੇ ਮਸੂਮ ਤੇ ਨਿਰਦੋਸ਼ ਬੱਚੇ ਉੱਤੇ ਆਪਣੀ ਜਿੱਦ ਅਤੇ ਫੋਕੇ ਹੰਕਾਰ ਦਾ ਤਸ਼ੱਦਦ ਢਾਹ ਕੇ ਪਤਾ ਨਹੀਂ ਕਿਹੜੀ ਜਿੱਤ ਪ੍ਰਾਪਤ ਕਰਨੀ ਚਹੁੰਦਾ ਹੈ।
ਘਰ ਆ ਕੇ ਮੈਂ ਆਪਣੇ ਬੇਟੇ ਨੂੰ ਘੁੱਟ ਕੇ ਆਪਣੇ ਗੱਲ ਨਾਲ ਲਗਾਇਆ ਅਤੇ ਖੂਬ ਪਿਆਰ ਕੀਤਾ। ਇਸ ਤਰ੍ਹਾਂ ਹਉਮੈ ਅਤੇ ਅਹੰਕਾਰਾਂ ਵਿੱਚ ਪਿਸ ਰਹੀ ਬੱਚੇ ਦੀ ਮਾਸੂਮੀਅਤ ਉਸ ਮਾਸੂਮ ਬੱਚੇ ਨੂੰ ਇੱਕ ਵਧੀਆ ਇਨਸਾਨ ਨਹੀਂ ਬਣਨ ਦੇਵੇਗੀ। ਇਹ ਇੱਕ ਵਧੀਆ ਸਮਾਜ ਦੀ ਨਿਸ਼ਾਨੀ ਨਹੀਂ ਹੈ।
****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1787)
(ਸਰੋਕਾਰ ਨਾਲ ਸੰਪਰਕ ਲਈ: