“ਮੇਰਾ ਦਿਮਾਗ ਸੁੰਨ ਹੋਣ ਲੱਗ ਪਿਆ। ਜਦੋਂ ਤਕਲੀਫ ਅਸਹਿ ਹੋ ਗਈ ...”
(12 ਅਕਤੂਬਰ 2019)
ਲਗਾਤਾਰ ਪੇਟ ਵਿੱਚ ਦਰਦ ਰਹਿਣ ਕਾਰਨ ਮੇਰੇ ਮਿੱਤਰਾਂ ਨੇ ਕਿਹਾ ਕਿ ਤੂੰ ਸ਼ਹਿਰ ਜਾ ਕੇ ਕਿਸੇ ਵੱਡੇ ਡਾਕਟਰ ਨੂੰ ਚੈੱਕ ਕਰਵਾ। ਘਰਦੇ ਵੀ ਵਾਰ ਵਾਰ ਕਹਿੰਦੇ ਕਿ ਇੰਨਾ ਜ਼ਿਆਦਾ ਲੰਮਾ ਸਮਾਂ ਪੇਟ ਦਰਦ ਰਹਿਣਾ ਠੀਕ ਨਹੀਂ, ਸ਼ਹਿਰ ਜਾ ਕੇ ਵੱਡੇ ਹਸਪਤਾਲ ਵਿੱਚ ਚੈੱਕ ਕਰਵਾ ਲੈ। ਸਭ ਦੀਆਂ ਸਲਾਹਾਂ ਅਤੇ ਪੇਟ ਦੀ ਤਕਲੀਫ ਵਧਣ ਕਾਰਨ ਮੈਂ ਸ਼ਹਿਰ ਵੱਡੇ ਡਾਕਟਰ ਕੋਲ ਚਲਾ ਗਿਆ। ਜਦੋਂ ਡਾਕਟਰ ਨੇ ਚੈੱਕ ਅੱਪ ਕੀਤਾ ਅਤੇ ਮੈਂਨੂੰ ਕੁਝ ਟੈਸਟ ਕਰਵਾਉਣ ਲਈ ਕਿਹਾ।
ਸਾਰੇ ਟੈਸਟ ਕਰਵਾ ਕੇ ਤਕਰੀਬਨ ਚਾਰ ਕੁ ਘੰਟਿਆਂ ਵਿੱਚ ਮੈਂ ਵਾਪਸ ਡਾਕਟਰ ਕੋਲ ਚਲਾ ਗਿਆ। ਵਾਰੀ ਆਉਣ ’ਤੇ ਮੈਂ ਸਾਰੀਆਂ ਟੈਸਟ ਰਿਪੋਰਟਾਂ ਡਾਕਟਰ ਸਾਅਬ ਨੂੰ ਫੜਾ ਦਿੱਤੀਆਂ। ਰਿਪੋਰਟਾਂ ਚੈੱਕ ਕਰਨ ’ਤੇ ਪਤਾ ਲੱਗਾ ਕਿ ਮੈਂਨੂੰ ਪੇਟ ਦਾ ਕੈਂਸਰ ਹੋ ਚੁੱਕਾ ਹੈ ਅਤੇ ਆਖਰੀ ਸਟੇਜ ’ਤੇ ਹੈ। ਡਾਕਟਰ ਨੇ ਦੱਸਿਆ, “ਤੇਰਾ ਲਿਵਰ ਬਿਲਕੁਲ ਖਰਾਬ ਹੋ ਚੁੱਕਾ ਹੈ ਅਤੇ ਹੁਣ ਇਸਦਾ ਕੋਈ ਇਲਾਜ ਨਹੀਂ।” ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੇ ਕੋਲੋਂ ਹਿੱਲਿਆ ਨਹੀਂ ਜਾ ਰਿਹਾ ਸੀ। ਮੇਰੀ ਹਿੰਮਤ ਜਵਾਬ ਦੇ ਗਈ।
ਮੈਂ ਆਪਣੇ ਇੱਕ ਮਿੱਤਰ ਚਰਨਜੀਤ ਸਿੰਘ ਨੂੰ ਬੁਲਾਇਆ ਤੇ ਸਾਰੀ ਕਹਾਣੀ ਦੱਸੀ। ਉਹੀ ਮਿੱਤਰ ਫਿਰ ਮੈਂਨੂੰ ਮੇਰੇ ਘਰ ਛੱਡ ਕੇ ਗਿਆ।
ਘਰ ਵਿੱਚ ਇੱਕ ਦਮ ਭੁਚਾਲ ਜਿਹਾ ਆ ਗਿਆ। ਕੁਝ ਨਹੀਂ ਸੁੱਝ ਰਿਹਾ ਸੀ ਕਿ ਆਖਿਰ ਕੀ ਕੀਤਾ ਜਾਵੇ। ਬਹੁਤ ਛੇਤੀ ਹੀ ਮੇਰੀ ਬਿਮਾਰੀ ਦੀ ਗੱਲ ਸਾਰੇ ਪਿੰਡ ਵਿੱਚ ਅਤੇ ਮੇਰੇ ਸਾਰੇ ਮਿੱਤਰਾਂ, ਰਿਸ਼ਤੇਦਾਰਾਂ ਵਿੱਚ ਫੈਲ ਗਈ। ਮੇਰੇ ਦੋਸਤ ਮਿੱਤਰ, ਰਿਸ਼ਤੇਦਾਰ ਅਤੇ ਗੁਆਂਢੀ ਸਾਰੇ ਮੈਂਨੂੰ ਮਿਲਣ ਆਉਣ ਲੱਗ ਗਏ ਪਏ। ਕਈ ਉਹ ਲੋਕ ਵੀ ਮੇਰੇ ਨਾਲ ਪਿਆਰ ਜਿਤਾਉਣ ਲੱਗ ਪਏ ਸਨ ਜਿਹੜੇ ਮੈਂਨੂੰ ਦੇਖ ਕੇ ਵੀ ਰਾਜ਼ੀ ਨਹੀਂ ਸਨ। ਇੱਕ ਮੇਰਾ ਮਿੱਤਰ ਜੋ ਮੈਂਨੂੰ ਅਖਬਾਰਾਂ ਵਿੱਚ ਆਰਟੀਕਲ ਲਿਖਣ ਕਾਰਨ ਮਿਲਿਆ ਸੀ, ਉਸਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ। ਮੇਰੇ ਕੋਲੋਂ ਉਸਦਾ ਦੁੱਖ ਨਹੀਂ ਸਹਿ ਹੋ ਰਿਹਾ ਸੀ।
ਮੇਰੇ ਮਹਿਕਮੇ ਦੇ ਦਫਤਰਾਂ ਵਿੱਚ ਮੁਲਾਜ਼ਮ ਮੈਂਨੂੰ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਪਿਆਰ ਅਤੇ ਮੁਹੱਬਤ ਨਾਲ ਪੇਸ਼ ਆਉਣ ਲੱਗ ਗਏ। ਇੱਕ ਦਿਨ ਤਾਂ ਬੇਹੱਦ ਹੈਰਾਨੀ ਹੋਈ ਜਦੋਂ ਮੇਰਾ ਇੱਕ ਬਹੁਤ ਪੁਰਾਣਾ ਮਿੱਤਰ, ਜੋ ਮੇਰੇ ਨਾਲ ਕਾਫੀ ਸਾਲ ਪਹਿਲਾਂ ਕਿਸੇ ਗਲਤਫਹਿਮੀ ਕਰਕੇ ਰੁੱਸ ਗਿਆ ਸੀ, ਉਹਦਾ ਫੋਨ ਆਇਆ ਤੇ ਮੇਰੇ ਨਾਲ ਗੱਲਾਂ ਕਰਨ ਲੱਗਾ। ਗੱਲਾਂ ਕਰਦੇ ਕਰਦੇ ਉਹਨੇ ਮੇਰੇ ਕੋਲੋਂ ਕਈ ਸਾਲ ਪਹਿਲਾਂ ਕੀਤੀ ਗਲਤੀ ਦੀ ਮੁਆਫੀ ਮੰਗੀ ਅਤੇ ਭਾਵੁਕ ਹੋ ਕੇ ਰੋਣ ਲੱਗ ਗਿਆ। ਘਰ ਦਾ ਮਾਹੌਲ ਬਹੁਤ ਗਮਗੀਨ ਰਹਿਣ ਲੱਗ ਗਿਆ ਸੀ।
ਮੈਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਂ ਆਪਣੇ ਘਰਦਿਆਂ ਨਾਲ, ਬੱਚਿਆਂ ਨਾਲ ਗੁਜ਼ਾਰਨ ਲੱਗਾ। ਮੇਰੇ ਮਨ ਵਿੱਚ ਇਹ ਸੀ ਕਿ ਜਿੰਨਾ ਸਮਾਂ ਜਿਉਂਦਾ ਹਾਂ ਆਪਣੇ ਪਰਿਵਾਰ ਨਾਲ ਵਧੀਆ ਹੱਸ ਖੇਡ ਕੇ ਸਮਾਂ ਬਿਤਾਇਆ ਜਾਵੇ। ਕਿਉਂਕਿ ਹੁਣ ਮੌਤ ਤਾਂ ਨਿਸ਼ਚਿਤ ਸੀ। ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਆਖਰੀ ਸਟੇਜ ਹੋਣ ਕਾਰਨ ਇਸ ਲਾਇਲਾਜ ਬੀਮਾਰੀ ਦਾ ਕੋਈ ਇਲਾਜ ਨਹੀਂ।
ਜ਼ਿੰਦਗੀ ਇਸ ਤਰ੍ਹਾਂ ਖਿਸਕ ਰਹੀ ਸੀ ਕਿ ਜਿਵੇਂ ਮੁੱਠੀ ਵਿੱਚੋਂ ਰੇਤ ਖਿਸਕ ਰਹੀ ਹੋਵੇ। ਮੇਰਾ ਸੁਭਾਅ, ਜੋ ਪਹਿਲਾਂ ਕਾਫੀ ਸਖਤ ਸੀ, ਹੁਣ ਨਿਮਰਤਾ ਨਾਲ ਭਰ ਚੁੱਕਾ ਸੀ। ਮੈਂ ਸਭ ਨੂੰ ਅਸੀਸਾਂ ਦਿੰਦਾ ਰਹਿੰਦਾ। ਕਿਸੇ ਨਾਲ ਵੈਰ-ਵਿਰੋਧ ਨਹੀਂ ਰਿਹਾ। ਮੈਂਨੂੰ ਸਭ ਆਪਣੇ ਲੱਗਣ ਲੱਗ ਪਏ, ਕਿਸੇ ਨਾਲ ਕੋਈ ਨਫਤਰ-ਘ੍ਰਿਣਾ ਨਹੀਂ ਰਹੀ। ਮੈਂ ਹਰ ਰੋਜ਼ ਮੌਤ ਵੱਲ ਨੂੰ ਵਧ ਰਿਹਾ ਸੀ। ਕਈ ਮੇਰੇ ਮਿੱਤਰ, ਜੋ ਬਾਹਰਲੇ ਮੁਲਕਾਂ ਵਿੱਚ ਵਸ ਗਏ ਸੀ, ਉਹਨਾਂ ਦੇ ਫੋਨ ਆਉਣੇ, ਕਈ ਇੰਡੀਆ ਆ ਕੇ ਮੇਰੇ ਘਰ ਆ ਕੇ ਮਿਲ ਕੇ ਜਾਂਦੇ। ਬਹੁਤ ਪਿਆਰ ਜਤਾਉਂਦੇ, ਜੱਫੀਆਂ ਪਾਉਂਦੇ।
ਮੇਰੇ ਚਾਚੇ ਦਾ ਮੁੰਡਾ ਜੋ ਮੈਂਨੂੰ ਪਿਛਲੇ ਦਸ-ਬਾਰਾਂ ਸਾਲਾਂ ਤੋਂ ਬੁਲਾਉਂਦਾ ਨਹੀਂ ਸੀ, ਇੱਕ ਦਿਨ ਉਹ ਵੀ ਆ ਕੇ ਮੈਂਨੂੰ ਜੱਫੀ ਪਾ ਕੇ ਉੱਚੀ-ਉੱਚੀ ਰੋਂਦਾ ਹੋਇਆ ਆਪਣੇ ਆਪ ਨੂੰ ਕੋਸਣ ਲੱਗਾ। ਮੈਂ ਸਗੋਂ ਉਸਨੂੰ ਹੌਸਲਾ ਦਿੰਦੇ ਹੋਏ ਕਿਹਾ, “ਵੱਡੇ ਵੀਰ ਰੋ ਨਾ, ਮੈਂ ਇੰਨੀ ਜਲਦੀ ਨੀ ਮਰਨ ਲੱਗਾ, ਅਜੇ ਜਿਉਂਦਾ ਹਾਂ ...।”
ਦਫਤਰੋਂ ਜਲਦੀ ਆ ਕੇ ਮੈਂ ਖੁੰਢ ਚਰਚਾ ਕਰ ਰਹੇ ਆਪਣੇ ਪਿੰਡ ਦੇ ਬਜ਼ੁਰਗਾਂ ਕੋਲ ਖੜ੍ਹ ਜਾਂਦਾ ਤਾਂ ਮੈਂਨੂੰ ਦੇਖਣਸਾਰ ਚੱਲ ਰਹੀ ਚਰਚਾ ਦਾ ਵਿਸ਼ਾ ਬਦਲ ਜਾਂਦਾ। ਮੈਂ ਉੱਥੇ ਬੈਠੇ ਚਾਚਿਆਂ-ਤਾਇਆਂ ਨਾਲ ਹਾਸਾ ਮਜ਼ਾਕ ਕਰਨ ਲੱਗ ਜਾਂਦਾ। ਉਂਝ ਮੈਂ ਕਦੀ ਉਹਨਾਂ ਕੋਲ ਨਹੀਂ ਖੜ੍ਹਦਾ ਸੀ ਪਰ ਇਸ ਭਿਆਨਕ ਬਿਮਾਰੀ ਨੇ ਮੇਰਾ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ। ਮੈਂਨੂੰ ਕੋਈ ਵੀ ਪਰਾਇਆ ਨਹੀਂ ਲੱਗਦਾ ਸੀ। ਸਾਰੇ ਲੋਕ ਮੈਂਨੂੰ ਆਪਣੇ ਲਗਦੇ ਸਨ। ਹੁਣ ਮੈਂਨੂੰ ਕਿਸੇ ਵਿੱਚ ਕੋਈ ਬੁਰਾਈ ਨਹੀਂ ਦਿਸਦੀ ਸੀ। ਸਭ ਪਾਸੇ ਸਿਰਫ ਪਿਆਰ-ਅਪਣਾਪਣ ਹੀ ਸੀ।
ਇੱਕ ਪਾਸੇ ਤਾਂ ਮੈਂਨੂੰ ਇਸ ਨਾਮੁਰਾਦ ਬਿਮਾਰੀ ਨੇ ਝੰਜੋੜ ਕੇ ਰੱਖ ਦਿੱਤਾ ਸੀ, ਪ੍ਰੰਤੂ ਦੂਸਰੇ ਪਾਸੇ ਜਦੋਂ ਮੈਂ ਸਭ ਪਾਸੇ ਇੰਨਾ ਪਿਆਰ ਮੁਹੱਬਤ ਦੇਖਦਾ ਤਾਂ ਮੇਰਾ ਗੱਚ ਭਰ ਆਉਂਦਾ। ਮੈਨੂੰ ਆਪਣੇ ਵਿੱਚ ਔਗੁਣ ਜ਼ਿਆਦਾ ਅਤੇ ਦੂਸਰਿਆ ਵਿੱਚ ਗੁਣ ਦਿਖਣ ਲੱਗ ਪਏ। ਪ੍ਰੰਤੂ ਮੈਂਨੂੰ ਬਿਮਾਰੀ ਦੇ ਨਾਲ ਨਾਲ ਇੱਕ ਦੁੱਖ ਬਹੁਤ ਬੇਚੈਨ ਕਰ ਦਿੰਦਾ ਸੀ ਕਿ ਮੇਰੇ ਘਰਦੇ ਮੇਰੀ ਮੌਤ ਨੂੰ ਕਿਵੇਂ ਸਹਿਣਗੇ। ਹੁਣ ਮੌਤ ਇੱਕ ਸੱਚਾਈ ਜਾਪਣ ਲੱਗ ਗਈ ਸੀ। ਪਹਿਲਾਂ ਮੈਂਨੂੰ ਮੌਤ ਯਾਦ ਨਹੀਂ ਹੁੰਦੀ ਸੀ ਜਦਕਿ ਹੁਣ ਮੌਤ ਮੈਂਨੂੰ ਪਲ ਪਲ ਯਾਦ ਰਹਿਣ ਲੱਗੀ।
ਭਾਵੇਂ ਕਿ ਮੇਰੀ ਸਰੀਰਕ ਤਕਲੀਫ ਵਧ ਰਹੀ ਸੀ, ਪ੍ਰੰਤੂ ਜਿਉਂ ਜਿਉਂ ਮੌਤ ਨੇੜੇ ਆ ਰਹੀ ਸੀ ਮੈਂ ਪਹਿਲਾਂ ਨਾਲੋਂ ਨਿਡਰ ਹੋ ਰਿਹਾ ਸੀ। ਮੈਂਨੂੰ ਜਿਉਣ ਦੀ ਹੋਰ ਵੀ ਜਾਂਚ ਆ ਰਹੀ ਸੀ। ਮੇਰੇ ਮੂੰਹ ਵਿੱਚੋਂ ਹਮੇਸ਼ਾ ਸਭ ਲਈ ਦੁਆਵਾਂ, ਪ੍ਰਸ਼ੰਸਾ ਅਤੇ ਪਿਆਰ ਵਾਲੀਆਂ ਗੱਲਾਂ ਹੀ ਨਿੱਕਲਦੀਆਂ। ਮਨ ਵਿੱਚ ਊਚ-ਨੀਚ, ਵੈਰ-ਵਿਰੋਧ ਖਤਮ ਹੋ ਚੁੱਕਾ ਸੀ। ਕੋਈ ਵੀ ਬੇਗਾਨਾ ਨਹੀਂ ਲਗਦਾ ਸੀ। ਹਰ ਰੋਜ਼ ਜਦੋਂ ਮੈਂ ਆਪਣੀ ਸਰਕਾਰੀ ਗੱਡੀ ਦੀ ਜਰਨੀ ਬੰਦ ਕਰਕੇ ਦਸਤਖਤ ਕਰਦਾ ਤਾਂ ਮੈਂਨੂੰ ਆਪਣੀ ਜ਼ਿੰਦਗੀ ਦੇ ਵੀ ਕਿਲੋਮੀਟਰ ਪੂਰੇ ਹੁੰਦੇ ਸਾਫ ਦਿਖਾਈ ਦੇਣ ਲੱਗੇ। ਇਸ ਇੰਨੇ ਵੱਡੇ ਆਏ ਬਦਲਾਅ ਨੂੰ ਦੇਖਦਿਆਂ ਹੋਇਆਂ ਮੈਂ ਸੋਚਦਾ ਕਿ ਅਜੋਕਾ ਇਨਸਾਨ ਜਿੰਨੀ ਸ਼ਿੱਦਤ ਨਾਲ ਨਫਰਤ ਨੂੰ ਨਿਭਾਉਂਦਾ ਹੈ ਅਗਰ ਉੰਨੀ ਸ਼ਿੱਦਤ ਨਾਲ ਪਿਆਰ ਨੂੰ ਵੀ ਨਿਭਾਵੇ ਤਾਂ ਇਹ ਦੂਨੀਆਂ ਸਵਰਗ ਬਣ ਜਾਵੇ।
ਮੇਰੀ ਤਕਲੀਫ ਦਿਨ ਬਦਿਨ ਵਧਦੀ ਜਾ ਰਹੀ ਸੀ ਅਤੇ ਮੇਰੀ ਸਿਹਤ ਵਿਗੜਨ ਲੱਗ ਪਈ। ਮੇਰੇ ਕੋਲੋਂ ਹੁਣ ਡਿਊਟੀ ਵੀ ਨਹੀਂ ਹੋ ਰਹੀ ਸੀ। ਇਲਾਜ ਬੇਸ਼ੱਕ ਚੱਲ ਰਿਹਾ ਸੀ ਪਰ ਮੈਂਨੂੰ ਪਤਾ ਸੀ ਹੁਣ ਕੁਝ ਨਹੀਂ ਹੋ ਸਕਦਾ ਸੀ। ਦਫਤਰੋ ਮੈਂ ਮੈਡੀਕਲ ਛੁੱਟੀ ਲੈ ਲਈ ਅਤੇ ਡਾਕਟਰ ਨੇ ਮੈਨੂੰ ਕਿਹਾ ਕਿ ਹਸਪਤਾਲ ਦਾਖਲ ਹੋ ਜਾਵੋ। ਮੈਂ ਹਸਪਤਾਲ ਦੇ ਬੈੱਡ ਉੱਤੇ ਜਾਨ ਦੇਣ ਨਾਲੋਂ ਹੱਸਦੇ ਹੋਏ ਆਪਣੇ ਪਰਿਵਾਰ ਵਿੱਚ ਮਰਨਾ ਠੀਕ ਸਮਝਿਆ। ਡਾਕਟਰ ਦੇ ਦੱਸਣ ਮੁਤਾਬਿਕ ਮੌਤ ਦਾ ਦਿਨ ਨਜ਼ਦੀਕ ਆਉਣ ਲੱਗ ਗਿਆ।
ਅੱਜ ਮੈਂਨੂੰ ਸਵੇਰ ਤੋਂ ਸਾਹ ਔਖਾ ਆ ਰਿਹਾ ਸੀ। ਸਾਰੇ ਸਰੀਰ ਵਿੱਚ ਕਈ ਦਿਨਾਂ ਤੋਂ ਹੋ ਰਿਹਾ ਦਰਦ ਬਹੁਤ ਜ਼ਿਆਦਾ ਵਧ ਗਿਆ ਸੀ। ਪੇਨ-ਕਿਲਰ ਵੀ ਅਸਰ ਨਹੀਂ ਕਰ ਰਹੇ ਸੀ। ਮੇਰੀ ਤਕਲੀਫ ਬਰਦਾਸ਼ਤ ਤੋਂ ਪਰੇ ਹੋਈ ਪਈ ਸੀ। ਮੇਰਾ ਦਿਮਾਗ ਸੁੰਨ ਹੋਣ ਲੱਗ ਪਿਆ। ਜਦੋਂ ਤਕਲੀਫ ਅਸਹਿ ਹੋ ਗਈ ਅਤੇ ਮੇਰਾ ਸਾਹ ਘੁਟਣ ਲੱਗਾ ਤਾਂ ਮੈਂ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗਾ। ਮੇਰੇ ਮੂੰਹ ਵਿੱਚੋਂ ਅਵਾਜ਼ ਨਹੀਂ ਨਿੱਕਲ ਰਹੀ ਸੀ। ਜਦੋਂ ਮੈਂ ਹੋਰ ਵੀ ਜ਼ੋਰ ਲਗਾ ਕੇ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਦਮ ਮੇਰੀ ਜਾਗ ਖੁੱਲ੍ਹ ਗਈ। ਮੈਂ ਪਸੀਨੋ ਪਸੀਨੀ ਹੋਇਆ ਪਿਆ ਸੀ। ਮੈਂਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ। ਮੈਂ ਘੜੀ ਉੱਤੇ ਸਮਾਂ ਦੇਖਿਆ, ਸਵੇਰ ਦੇ ਪੌਣੇ ਤਿੰਨ ਵੱਜ ਚੁੱਕੇ ਸਨ। ਫਿਰ ਇੱਕ ਦਮ ਮੇਰਾ ਧਿਆਨ ਕੋਲ ਪਏ ਮੇਰੇ 5 ਸਾਲ ਦੇ ਬੇਟੇ ਵਲ ਗਿਆ ਅਤੇ ਮੈਂ ਇੱਕ ਦਮ ਉਸ ਨੂੰ ਘੁੱਟ ਕੇ ਜੱਫੀ ਵਿੱਚ ਲਿਆ ਅਤੇ ਬਹੁਤ ਪਿਆਰ ਕੀਤਾ। ਹੁਣ ਮੈਂਨੂੰ ਵਿਸ਼ਵਾਸ ਹੋ ਗਿਆ ਸੀ ਕਿ ਇਹ ਇੱਕ ਸੁਪਨਾ ਸੀ। ਮੈਂ ਪਾਣੀ ਦਾ ਘੁੱਟ ਭਰਿਆ ਅਤੇ ਲੰਮਾ ਸਾਹ ਲੈ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਇਹ ਇੱਕ ਸੁਪਨਾ ਸੀ।
ਇੰਨੇ ਨੂੰ ਗੁਰੂ ਘਰ ਵਿੱਚ ਭਾਈ ਜੀ ਬੋਲ ਪਿਆ ਅਤੇ ਮੈਂ ਵਾਹਿਗੁਰੂ ਪ੍ਰਮਾਤਮਾ ਵੱਲ ਧਿਆਨ ਧਰ ਕੇ ਲੱਖ ਲੱਖ ਸ਼ੁਕਰਾਨਾ ਕੀਤਾ।
ਇਸ ਸੁਪਨੇ ਨੇ ਮੈਂਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਹਕੀਕਤ ਦਾ ਜੋ ਸਬਕ ਮੈਨੂੰ ਇਸ ਸੁਪਨੇ ਨੇ ਸਿਖਾਇਆ ਉਹ ਮੈਂ ਪੂਰੀ ਜ਼ਿੰਦਗੀ ਨਹੀਂ ਭੁੱਲਾਂਗਾ। ਜੇਕਰ ਇਨਸਾਨ ਆਪਣੀ ਮੌਤ ਨੂੰ ਯਾਦ ਰੱਖਦਾ ਹੈ ਤਾਂ ਕਦੇ ਵੀ ਕੋਈ ਗਲਤ ਜਾਂ ਬੁਰਾ ਕੰਮ ਕਰਨ ਬਾਰੇ ਨਹੀਂ ਸੋਚਦਾ।
ਸਵੇਰੇ ਦਫਤਰ ਜਾਣ ਵੇਲੇ ਜਦੋਂ ਮੈਂ ਘਰ ਤੋਂ ਬਾਹਰ ਨਿੱਕਲਿਆ ਤਾਂ ਘਰ ਤੋਂ ਥੋੜ੍ਹੀ ਦੂਰ ਮੇਰੇ ਚਾਚੇ ਦਾ ਮੁੰਡਾ ਮੇਰੇ ਵੱਲ ਅੱਖਾਂ ਕੱਢਦਾ ਹੋਇਆ ਮੇਰੇ ਕੋਲ ਦੀ ਲੰਘ ਗਿਆ। ਪਰ ਹੁਣ ਮੈਂ ਉਸ ਵੱਲ ਮੁਸਕਰਾ ਕੇ ਦੇਖਿਆ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਨਿੱਕਲ ਤੁਰਿਆ। ਹੁਣ ਮੇਰਾ ਨਜ਼ਰੀਆ ਬਦਲ ਚੁੱਕਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1767)
(ਸਰੋਕਾਰ ਨਾਲ ਸੰਪਰਕ ਲਈ: