“ਮੈਂ ਕੁਝ ਕੁ ਮਿੰਟਾਂ ਵਿੱਚ ਉਸ ਕੋਲ ਪੁੱਜ ਗਿਆ ਤੇ ਉਸਨੇ ਕਾਕੇ ਵਾਲੀ ਸਾਰੀ ਗੱਲ ...”
(19 ਫਰਵਰੀ 2019)
ਪੁਰਾਣੇ ਸਮਿਆਂ ਵਿੱਚ ਘਰ ਕੱਚੇ ਹੁੰਦੇ ਸਨ ਅਤੇ ਰਿਸ਼ਤੇ ਪੱਕੇ ਹੁੰਦੇ ਸਨ। ਪਰੰਤੂ ਅਜੋਕੇ ਸਮੇਂ ਵਿੱਚ ਘਰ ਤਾਂ ਪੱਕੇ ਹੋ ਗਏ ਪਰ ਰਿਸ਼ਤੇ ਕੱਚੇ ਸਾਬਿਤ ਹੋ ਰਹੇ ਹਨ। ਮਨੁੱਖੀ ਰਿਸ਼ਤਿਆਂ ਵਿੱਚ ਘਟ ਰਿਹਾ ਪਿਆਰ ਅਤੇ ਪੈਸੇ ਦੀ ਦੌੜ ਨੇ ਰਿਸ਼ਤੇ ਕੰਮਜ਼ੋਰ ਕਰ ਦਿੱਤੇ ਹਨ। ਅਸੀਂ ਆਮ ਦੇਖ ਰਹੇ ਹਾਂ ਬਹੁਤੇ ਨਵੇਂ ਬਣੇ ਰਿਸ਼ਤੇ ਬਹੁਤ ਜਲਦੀ ਟੁੱਟ ਰਹੇ ਹਨ ਅਤੇ ਕਈ ਪੁਰਾਣੇ ਰਿਸ਼ਤਿਆਂ ਦੀਆਂ ਜੜਾਂ ਵੀ ਸਮੇਂ ਨਾਲ ਮਜਬੂਰੀਆਂ ਅਤੇ ਬੇਰੁਖੀਆਂ ਕਾਰਨ ਕਮਜ਼ੋਰ ਹੋ ਰਹੀਆਂ ਹਨ। ਦਿਲਾਂ ਵਿੱਚ ਵਧ ਰਹੀਆਂ ਦੂਰੀਆਂ ਅਤੇ ਬਿਨਾਂ ਸੋਚੇ ਸਮਝੇ ਕਹੀਆਂ ਗਈਆਂ ਚੁੱਭਵੀਆਂ ਗੱਲਾਂ ਇਨਸਾਨੀ ਰਿਸ਼ਤਿਆਂ ਨੂੰ ਗਿਰਾਵਟ ਵੱਲ ਲੈ ਕੇ ਜਾ ਰਹੇ ਹਨ, ਜਿਸ ਕਾਰਨ ਬਹੁਤ ਲੋਕ ਕੋਰਟ ਕੇਸਾਂ ਵਿੱਚ ਉਲਝੇ ਵੇਖੇ ਗਏ ਹਨ। ਅਜਿਹੇ ਲੋਕ ਆਪਣੀ ਜ਼ਿੰਦਗੀ ਦੇ ਹੁਸੀਨ ਪਲ ਕੋਰਟ ਕਚਿਹਰੀਆਂ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਖਾਤਰ ਅਜਾਈਂ ਗੁਆ ਰਹੇ ਹਨ ਤੇ ਇਸ ਬੇਤੁਕੀ ਲੜਾਈ ਵਿੱਚ ਆਪਣੇ ਪਿਆਰੇ ਬੱਚਿਆਂ ਦਾ ਬਚਪਨ ਗੁਆ ਰਹੇ ਹਨ।
ਅੱਜ ਲੋਕਾਂ ਕੋਲ ਇੱਕ ਦੂਜੇ ਲਈ ਸਮਾਂ ਨਹੀਂ ਹੈ। ਕੁਝ ਰਿਸ਼ਤੇ ਮਜਬੂਰੀਆਂ ਵੱਸ ਨਿਭਾਏ ਜਾ ਰਹੇ ਹਨ ਅਤੇ ਕੁਝ ਕਿਸੇ ਨਾ ਕਿਸੇ ਲਾਲਚ ਖਾਤਰ ਨਿਭਾਏ ਜਾ ਰਿਹੇ ਹਨ। ਅੱਜ ਦੇ ਇਸ ਤੇਜ਼ੀ ਵਾਲੇ ਯੁੱਗ ਵਿੱਚ ਕਈ ਮਨੁੱਖ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਇੱਕ ਦੌੜ ਵਾਂਗ ਜਿਊਣ ਲਈ ਮਜਬੂਰ ਹੋਏ ਪਏ ਹਨ। ਅਜੋਕਾ ਮਨੁੱਖ ਅਹੁਦਿਆਂ, ਡਾਲਰਾਂ ਅਤੇ ਫੋਕੀਆਂ ਸ਼ੋਹਰਤਾਂ ਦੀ ਦੌੜ ਵਿੱਚ ਆਪਣੇ ਰਿਸ਼ਤਿਆਂ ਨੂੰ ਭੁਲਾ ਕੇ ਆਪਣੀ ਅਸਲ ਜਿਊਣ ਯੋਗ ਜ਼ਿੰਦਗੀ ਦਾ ਖਾਤਮਾ ਕਰ ਰਿਹਾ ਹੈ।
ਕੁਝ ਦਿਨ ਪਹਿਲਾਂ ਮੈਂਨੂੰ ਇੱਕ ਅਜਿਹੇ ਹੀ ਰਿਸ਼ਤੇ ਨੂੰ ਟੁੱਟਣ ਤੋਂ ਬਾਅਦ ਅਚਾਨਕ ਬਣਦੇ ਹੋਏ ਦੇਖਿਆ। ਜੋ ਹਲਾਤ ਇਸ ਰਿਸ਼ਤੇ ਨੂੰ ਟੁੱਟਨ ਤੋਂ ਬਚਾਉਣ ਲਈ ਬਣਦੇ ਦੇਖੇ ਉਹ ਹਾਲਾਤ ਬਣਨੇ ਬਹੁਤ ਘੱਟ ਹੀ ਸੰਭਵ ਹੁੰਦੇ ਹਨ। ਮੇਰੇ ਇੱਕ ਮਿੱਤਰ ਦਾ ਆਪਣੀ ਪਤਨੀ ਨਾਲ ਹਮੇਸ਼ਾ ਹੀ ਝਗੜਾ ਚੱਲਦਾ ਰਹਿੰਦਾ ਸੀ। ਉਨ੍ਹਾਂ ਦੇ ਵਿਆਹ ਹੋਏ ਨੂੰ ਤਕਰੀਬਨ ਗਿਆਰਾਂ ਕੁ ਸਾਲ ਹੋ ਗਏ ਹਨ। ਉਹਨਾਂ ਦਾ ਦਸ ਕੁ ਸਾਲਾਂ ਦਾ ਬਹੁਤ ਪਿਆਰਾ ਬੇਟਾ ਵੀ ਹੈ। ਸ਼ੂਰੁ ਤੋਂ ਹੀ ਉਹਨਾਂ ਦੀ ਘੱਟ ਹੀ ਬਣਦੀ ਦਿਸਦੀ ਸੀ। ਛੋਟੀ ਛੋਟੀ ਗੱਲ ’ਤੇ ਆਪਸ ਵਿੱਚ ਤਕਰਾਰ ਹੋ ਜਾਂਦਾ। ਕਈ ਵਾਰੀ ਅਸੀਂ ਦੋਸਤ ਵਿੱਚ ਪੈ ਕੇ ਉਹਨਾਂ ਦਾ ਸਮਝੌਤਾ ਕਰਵਾਉਂਦੇ।
ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਪਰ ਹੁਣ ਕੁਝ ਕੁ ਮਹੀਨਿਆਂ ਤੋਂ ਉਹਨਾਂ ਦੀ ਖਟਪਟ ਜ਼ਿਆਦਾ ਹੀ ਚੱਲ ਰਹੀ ਸੀ। ਉਹ ਦੋਵੇਂ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ। ਉਨ੍ਹਾਂ ਦੀ ਬਜ਼ੁਰਗ ਮਾਤਾ ਅਤੇ ਉਨ੍ਹਾਂ ਦਾ ਬੇਟਾ ਦੋਵਾਂ ਨੂੰ ਲੜਦੇ ਦੇਖ ਅੰਦਰੋਂ ਅੰਦਰੀ ਝੁਰਦੇ ਰਹਿੰਦੇ ਸਨ। ਪਰ ਦੋਵੇ ਪਤੀ-ਪਤਨੀ ਇਸ ਗੱਲ ਤੋਂ ਬੇਖਬਰ ਸਨ ਕਿ ਉਹਨਾਂ ਦੇ ਬੇਟੇ ’ਤੇ ਇਸ ਦਾ ਕਿੰਨਾਂ ਬੁਰਾ ਪ੍ਰਭਾਵ ਪੈ ਰਿਹਾ ਸੀ। ਤੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਤਕਰਾਰ ਇੰਨਾ ਵਧ ਗਿਆ ਕਿ ਦੋਵੇਂ ਇੱਕ ਦੂਜੇ ਤੋਂ ਵੱਖ ਹੋਣ ਬਾਰੇ ਸੋਚਣ ਲੱਗ ਪਏ।
ਇੱਕ ਦਿਨ ਤਕਰਾਰ ਜ਼ਿਆਦਾ ਵਧਣ ਕਾਰਨ ਭਾਬੀ ਜੀ ਗੁੱਸੇ ਹੋ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਚਲੇ ਗਏ। ਕੁਝ ਦਿਨ ਬੀਤ ਗਏ। ਇਕ ਦਿਨ ਕਾਕਾ ਆਪਣੀ ਮਾਂ ਨੂੰ ਕਹਿੰਦਾ, ਮੰਮੀ ਆਪਣੇ ਘਰ ਚੱਲੋ, ਮੇਰਾ ਪਾਪਾ ਤੋਂ ਬਿਨਾਂ ਮਨ ਨਹੀਂ ਲੱਗ ਰਿਹਾ ਹੈ। ਪਰ ਭਾਬੀ ਜੀ ਉਸਨੂੰ ਕਹਿ ਛੱਡਦੇ ਕਿ ਤੇਰਾ ਪਾਪਾ ਆਵੇਗਾ ਤੇ ਲੈ ਜਾਵੇਗਾ। ਪਰ ਮੇਰਾ ਮਿੱਤਰ ਤੇ ਭਾਬੀ ਜੀ ਦੋਵੇ ਜਿੱਦ ’ਤੇ ਅੜੇ ਰਹੇ। ਨਾ ਉਹ ਲੈਣ ਗਿਆ ਤੇ ਨਾ ਭਾਬੀ ਜੀ ਆਪ ਆਉਣ ਨੂੰ ਤਿਆਰ ਸਨ। ਅਸੀਂ ਵੀ ਕਾਫੀ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਕੋਈ ਨਤੀਜਾ ਨਹੀਂ ਨਿੱਕਲਦਾ ਦਿਸ ਰਿਹਾ ਸੀ। ਆਖਰ ਕਾਕਾ ਇੱਕ ਦਿਨ ਬਹੁਤ ਜਿੱਦ ਕਰਨ ਲੱਗਾ ਤਾਂ ਉਸਦਾ ਮਾਮਾ ਕਾਕੇ ਨੂੰ ਪਿੰਡ ਦਾਦੀ ਕੋਲ ਛੱਡ ਗਿਆ। ਸ਼ਾਮ ਨੂੰ ਜਦੋਂ ਮੇਰਾ ਮਿੱਤਰ ਘਰ ਆਇਆ ਤਾਂ ਕਾਕੇ ਨੂੰ ਦੇਖ ਕੇ ਭਾਵੁਕ ਹੋ ਗਿਆ ਤੇ ਇੰਨੇ ਦਿਨਾਂ ਬਾਅਦ ਮਿਲਣ ਤੇ ਉਸਨੇ ਪੁੱਤਰ ਨੂੰ ਰੱਜ ਕੇ ਪਿਆਰ ਕੀਤਾ। ਕਾਕੇ ਨੇ ਰੋਂਦੇ ਹੋਏ ਕਿਹਾ ਕਿ ਪਾਪਾ ਜੀ ਮੰਮੀ ਨੂੰ ਵੀ ਲਿਆਓ। ਪਰ ਮੇਰੇ ਮਿੱਤਰ ਨੇ ਓਹੀ ਜਿੱਦ ਫੜ ਰੱਖੀ ਕਿ ਆਪ ਗਈ ਹੈ, ਆਪੇ ਹੀ ਆ ਜਾਵੇ, ਮੈਂ ਨਹੀਂ ਲੈ ਕੇ ਆਉਣੀ।
ਇੱਕ ਦਿਨ ਐਤਵਾਰ ਨੂੰ ਮਿੱਤਰ ਦਾ ਬੇਟਾ ਖੇਡਦਾ ਹੋਇਆ ਆਪਣੇ ਘਰ ਦੇ ਪੁਰਾਣੇ ਬਣੇ ਚੁਬਾਰੇ ਵਿੱਚ ਵੜ ਗਿਆ ਤੇ ਉੱਥੇ ਜਾ ਕੇ ਮੰਜੇ ਜੋੜ ਕੇ ਆਪਣਾ ਘਰ ਬਣਾ ਲਿਆ। ਕਾਫੀ ਸਮਾਂ ਲੰਘਣ ਤੋਂ ਬਾਅਦ ਦਾਦੀ ਨੇ ਕਾਕੇ ਨੂੰ ਅਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਦਾਦੀ ਵਾਰ ਵਾਰ ਕਹਿ ਰਹੀ ਸੀ, ਪੁੱਤ ਥੱਲੇ ਆ ਜਾ ਤੇ ਰੋਟੀ ਖਾ ਲੈ। ਪਰ ਕਾਕੇ ਨੇ ਇੱਕ ਨਾ ਸੁਣੀ।
ਆਖਰ ਨੂੰ ਬੁੱਢੀ ਮਾਤਾ ਹੌਲੀ ਹੌਲੀ ਚੁਬਾਰੇ ਦੀਆਂ ਪੌੜੀਆਂ ਚੜ੍ਹਦੀ ਹੋਈ ਕਾਕੇ ਕੋਲ ਚਲੀ ਗਈ। ਕੀ ਦੇਖਦੀ ਹੈ ਕਿ ਕਾਕਾ ਆਪਣੇ ਮੰਜੇ ਜੋੜ ਕੇ ਬਣਾਏ ਘਰ ਵਿੱਚ ਪਿਆ ਸੀ। ਦਾਦੀ ਨੇ ਪਿਆਰ ਨਾਲ ਉਸਨੂੰ ਕਿਹਾ ਕਿ ਥੱਲੇ ਚੱਲ ਪੁੱਤ! ਪਰ ਕਾਕੇ ਨੇ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਗੱਲ ਕਹਿ ਦਿੱਤੀ, “ਮੈਂ ਤਾਂ ਤੁਹਾਡੇ ਤੋਂ ਅੱਡ ਹੋ ਗਿਆ ਹਾਂ, ਮੈਂ ਨਹੀਂ ਤੁਹਾਡੇ ਨਾਲ ਰਹਿਣਾ।”
ਬੇਬੇ ਨੇ ਕਿਹਾ - ਨਾ ਪੁੱਤ ਇਉਂ ਨਾ ਕਹਿ, ਤਾਂ ਝੱਟ ਕਾਕਾ ਕਹਿੰਦਾ - ਦਾਦੀ ਮਾਂ ਜੇ ਮੰਮੀ-ਪਾਪਾ ਇੱਕ ਦੂਜੇ ਤੋਂ ਵੱਖ ਰਹਿਣਗੇ ਤਾਂ ਮੈਂ ਵੀ ਉਨ੍ਹਾਂ ਨਾਲ ਨਹੀਂ ਰਹਾਂਗਾ। ਬੇਬੇ ਨੇ ਬਥੇਰਾ ਸਮਝਾਇਆ, ਪਰ ਕਾਕਾ ਤਾਂ ਜਿਵੇਂ ਪੱਕੀ ਧਾਰ ਬੈਠਾ ਸੀ। ਬੇਬੇ ਉਸਨੂੰ ਸਮਝਾਉਂਦੀ ਹੋਈ ਦੁਬਾਰਾ ਫੇਰ ਥੱਲੇ ਆ ਗਈ।
ਸ਼ਾਮ ਹੋਈ ਤਾਂ ਮੇਰਾ ਮਿੱਤਰ ਘਰ ਆਇਆ ਤੇ ਕਾਕੇ ਨੂੰ ਅਵਾਜਾਂ ਮਾਰਨ ਲੱਗਾ। ਕਾਕੇ ਨੇ ਅਵਾਜਾਂ ਅਣਸੁਣੀਆਂ ਕਰ ਦਿੱਤੀਆਂ। ਜਦੋ ਕਾਕਾ ਹੇਠਾਂ ਨਾ ਉੱਤਰਿਆ ਤਾਂ ਉਸਦਾ ਪਾਪਾ ਨੇ ਚੁਬਾਰੇ ਚੜ੍ਹ ਕੇ ਦੇਖਿਆ ਕਿ ਕਾਕਾ ਮੰਜੇ ਜੋੜ ਕੇ ਆਪਣਾ ਨਿੱਕਾ ਜਿਹਾ ਘਰ ਬਣਾ ਕੇ ਇਸ ਘਰ ਵਿੱਚ ਸਵੇਰ ਦਾ ਭੁੱਖਾ ਪਿਆਸਾ ਪਿਆ ਸੀ।
ਪਾਪਾ ਨੇ ਬੱਚੇ ਨੂੰ ਘੂਰਦੇ ਹੋਏ ਕਿਹਾ ਕਿ ਕਾਕੇ ਤੂੰ ਮੇਰੀਆਂ ਅਵਾਜਾਂ ਨਹੀਂ ਸੁਣੀਆਂ? ਤਾਂ ਅੱਗਿਓਂ ਕਾਕਾ ਫੇਰ ਕਹਿੰਦਾ, “ਮੈਂ ਨਹੀਂ ਤੁਹਾਡੇ ਨਾਲ ਰਹਿਣਾ, ਮੈਂ ਤਾਂ ਤੁਹਾਡੇ ਤੋਂ ਅੱਡ ਹੋ ਗਿਆ ਹਾਂ।” ਪਾਪਾ ਨੇ ਪੁੱਛਿਆ, ਕਾਕੇ ਇੱਦਾਂ ਕਿਉਂ ਕਹਿ ਰਿਹਾ ਹੈਂ? ਤਾਂ ਝੱਟ ਕਾਕਾ ਆਪਣੇ ਪਾਪਾ ਨੂੰ ਕਹਿੰਦਾ ਜੇ ਤੁਸੀਂ ਮੰਮੀ-ਪਾਪਾ ਹੋ ਕੇ ਅੱਡ ਰਹਿ ਸਕਦੇ ਹੋ ਤਾਂ ਮੈਂ ਵੀ ਤੁਹਾਡੇ ਦੋਵਾਂ ਤੋਂ ਅੱਡ ਹੋ ਕੇ ਨਹੀਂ ਰਹਿ ਸਕਦਾ? ਕਾਕਾ ਰੋਂਦਾ ਰੋਂਦਾ ਕਹਿੰਦਾ, ਪਾਪਾ, ਮੈਂਨੂੰ ਮੰਮੀ-ਪਾਪਾ ਦੋਵੇਂ ਚਹੀਦੇ ਹਨ। ਮੈਂ ਤੁਹਾਡੇ ਦੋਵਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਇੰਨਾ ਸੁਣਦੇ ਹੀ ਉਸਦੇ ਪਾਪਾ ਨੇ ਕਾਕੇ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਤੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ।
ਅਗਲੇ ਹੀ ਪਲ ਦੋਵੇਂ ਜਣੇ ਥੱਲੇ ਬਰਾਂਡੇ ਵਿੱਚ ਆ ਗਏ। ਫਿਰ ਮੇਰੇ ਮਿੱਤਰ ਨੇ ਮੈਂਨੂੰ ਫੋਨ ਕੀਤਾ ਅਤੇ ਕਾਰ ਲੈ ਕੇ ਆਉਣ ਲਈ ਕਿਹਾ। ਮੈਂ ਕੁਝ ਕੁ ਮਿੰਟਾਂ ਵਿੱਚ ਉਸ ਕੋਲ ਪੁੱਜ ਗਿਆ ਤੇ ਉਸਨੇ ਕਾਕੇ ਵਾਲੀ ਸਾਰੀ ਗੱਲ ਮੈਂਨੂੰ ਦੱਸੀ। ਮੇਰਾ ਮਨ ਵੀ ਕਾਕੇ ਦੀਆਂ ਗੱਲਾਂ ਸੁਣ ਕੇ ਪਸੀਜ ਗਿਆ ਸੀ। ਮੇਰੇ ਬਿਨਾਂ ਕਹੇ ਮੇਰਾ ਮਿੱਤਰ ਮੇਰੀ ਕਾਰ ਲੈ ਕੇ ਕਾਕੇ ਨੂੰ ਵਿੱਚ ਬਿਠਾ ਕੇ ਵੀਹ ਕਿਲੋਮੀਟਰ ਦੂਰ ਕਾਕੇ ਦੇ ਨਾਨਕੇ ਪਿੰਡ ਜਾ ਕੇ ਭਾਬੀ ਨੂੰ ਵਾਪਸ ਲੈ ਕੇ ਆਪਣੇ ਪਿੰਡ ਆ ਗਿਆ। ਇਸ ਤਰ੍ਹਾਂ ਖੁਸ਼ੀ ਖੁਸ਼ੀ ਸਾਰਾ ਪਰਿਵਾਰ ਫਿਰ ਤੋਂ ਇਕੱਠਾ ਰਹਿਣ ਲੱਗ ਪਿਆ।
ਕਾਕੇ ਦੀ ਇਸ ਅੱਡ ਰਹਿਣ ਵਾਲੀ ਗੱਲ ਨੇ ਮੇਰੇ ਮਿੱਤਰ ਅਤੇ ਭਾਬੀ ਦੋਵਾਂ ਦੇ ਮਨ ’ਤੇ ਬਹੁਤ ਡੂੰਘਾ ਅਸਰ ਕੀਤਾ ਅਤੇ ਫੇਰ ਉਨ੍ਹਾਂ ਦੀ ਕਦੇ ਲੜਾਈ ਨਹੀਂ ਹੋਈ। ਪਰੰਤੂ ਮੈਂ ਸੋਚਦਾ ਹਾਂ ਕਿ ਇਸ ਕੇਸ ਵਿੱਚ ਤਾਂ ਪਤੀ ਪਤਨੀ ਦੀ ਆਪਸੀ ਸਮਝ ਨੇ ਅਤੇ ਕਾਕੇ ਦੀ ਮਾਰੀ ਇੱਕ ਸੱਟ ਨੇ ਦੋਵਾਂ ਦੇ ਟੁੱਟਦੇ ਰਿਸ਼ਤੇ ਨੂੰ ਜੋੜ ਦਿੱਤਾ ਪਰ ਸਮਾਜ ਵਿੱਚ ਅਜਿਹੇ ਕਿੰਨੇ ਹੀ ਰਿਸ਼ਤੇ ਹਨ, ਜੋ ਟੁੱਟ ਰਹੇ ਹਨ। ਕੋਰਟ-ਕਚਿਹਰੀਆਂ ਵਿੱਚ ਕੇਸ ਲੜ ਰਹੇ ਮਾਪੇ ਇਹ ਕਿਉਂ ਨਹੀਂ ਸੋਚ ਰਹੇ ਕਿ ਬੱਚੇ ਨੂੰ ਇਕੱਲੀ ਮਾਂ ਜਾਂ ਇਕੱਲਾ ਬਾਪ ਨਹੀਂ ਚਾਹੀਦੇ ਹੁੰਦੇ, ਸਗੋਂ ਉਨ੍ਹਾਂ ਬੱਚਿਆਂ ਨੂੰ ਆਪਣੇ ਮਾਂ ਅਤੇ ਬਾਪ ਦੋਵਾਂ ਦਾ ਪਿਆਰ ਚਾਹੀਦਾ ਹੈ।
ਪਿਆਰ ਤੋਂ ਵਿਹੁਣੇ ਬੱਚਿਆਂ ਦੇ ਕੇਸਾਂ ਵਿੱਚ ਉਲਝੇ ਮਾਪੇ ਬੱਚਿਆਂ ਦੇ ਦਿਲ ਦੀ ਹੂਕ ਸੁਣਨ ਅਤੇ ਬੱਚਿਆਂ ਨੂੰ ਸਾਂਝਾ ਪਿਆਰ ਦੇਣ। ਇਸ ਸਮੇਂ ਲੋੜ ਹੈ ਆਪਸੀ ਰਿਸ਼ਤਿਆਂ ਨੂੰ ਤਿੜਕਣ ਤੋਂ ਬਚਾਉਣ ਦੀ।
*****
(1490)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)