“ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਪੁੱਛਿਓ - ਕੀ ਮੈਂ ਉਹ ਨਮਕ ਹਾਂ, ਜਿਹੜਾ ...”
(14 ਨਵੰਬਰ 2027)
ਸਾਡੇ ਪੰਜਾਬ ਵਿੱਚ ਇੱਕ ਕਹਾਵਤ ਸਦੀਆਂ ਤੋਂ ਚਲੀ ਆ ਰਹੀ ਹੈ, “ਨਮਕ ਵਿੱਚ ਕਦੇ ਕੀੜੇ ਨਹੀਂ ਪੈਂਦੇ।” ਮੇਰੀ ਦਾਦੀ ਜਦੋਂ ਇਹ ਗੱਲ ਕਹਿੰਦੀ ਹੁੰਦੀ ਸੀ ਤਾਂ ਉਹ ਰਸੋਈ ਵਿੱਚ ਪਏ ਲੂਣ ਦੇ ਡੱਬੇ ਵੱਲ ਨਹੀਂ ਦੇਖਦੀ ਹੁੰਦੀ ਸੀ, ਉਹ ਮੇਰੇ ਵੱਲ ਦੇਖਦੀ ਹੋਈ ਕਹਿੰਦੀ ਹੁੰਦੀ ਸੀ। ਉਸਦਾ ਮਤਲਬ ਸੀ ਪੁੱਤ, ਜਿਹੜੀ ਚੀਜ਼ ਆਪਣੇ ਆਪ ਵਿੱਚ ਸ਼ੁੱਧ ਹੈ, ਜੋ ਦੂਜੀਆਂ ਚੀਜ਼ਾ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ, ਉਸ ਵਿੱਚ ਕਦੇ ਖਰਾਬੀ ਨਹੀਂ ਆਉਂਦੀ। ਨਮਕ ਕਦੇ ਸੜਦਾ ਨਹੀਂ। ਉਲਟਾ, ਜਿਸ ਚੀਜ਼ ਨੂੰ ਸੜਨ ਤੋਂ ਬਚਾਉਣਾ ਹੋਵੇ, ਉਸ ਵਿੱਚ ਨਮਕ ਲਾ ਦਿਓ। ਮਾਸ ਹੋਵੇ, ਮੱਛੀ ਹੋਵੇ, ਅਚਾਰ ਹੋਵੇ, ਸਭ ਨਮਕ ਨਾਲ ਹੀ ਬਚਦੇ ਹਨ। ਨਮਕ ਰੱਖਿਆ ਕਰਦਾ ਹੈ, ਇਸੇ ਕਰਕੇ ਸਾਡੇ ਸੱਭਿਆਚਾਰ ਵਿੱਚ ਨਮਕ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ। “ਨਮਕ ਹਲਾਲੀ” ਇੱਕ ਸ਼ਬਦ ਨਹੀਂ ਸੀ, ਇੱਕ ਧਰਮ ਸੀ, ਇੱਕ ਕਸਮ ਸੀ। ਜਿਸਦਾ ਨਮਕ ਖਾ ਲਿਆ, ਉਸਦਾ ਕਦੇ ਨੁਕਸਾਨ ਨਹੀਂ ਕਰਨਾ।
ਇਤਿਹਾਸ ਗਵਾਹ ਹੈ, ਨਮਕ ਲਈ ਲੜਾਈਆਂ ਹੋਈਆਂ। ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ਾਂ ਦੇ ਖਿਲਾਫ “ਦਾਂਡੀ ਮਾਰਚ” ਨਮਕ ਲਈ ਹੀ ਕੀਤਾ ਸੀ ਕਿਉਂਕਿ ਨਮਕ ਗਰੀਬ ਦੀ ਰੋਟੀ ਦਾ ਸਵਾਦ ਸੀ। ਨਮਕ ਨੂੰ ਟੈਕਸ ਲਾ ਕੇ ਗੁਲਾਮ ਨਹੀਂ ਕੀਤਾ ਜਾ ਸਕਦਾ ਸੀ। ਪਰ ਅੱਜ 2026 ਤਕ ਪਹੁੰਚਕੇ ਜਦੋਂ ਮੈਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਪਿੰਡਾਂ, ਸ਼ਹਿਰਾਂ, ਸਕੂਲਾਂ, ਹਸਪਤਾਲਾਂ, ਦਫਤਰਾਂ ਵਿੱਚ ਲੋਕਾਂ ਦੇ ਦੁੱਖਾਂ ਦੀ ਕਹਾਣੀ ਸੁਣਦਾ ਹਾਂ ਤਾਂ ਮੇਰੇ ਦਿਲ ਵਿੱਚ ਇੱਕ ਡਰਾਉਣਾ ਸਵਾਲ ਉੱਠਦਾ ਹੈ - ਕੀ ਅੱਜ ਉਸੇ ਨਮਕ ਵਿੱਚ ਕੀੜੇ ਪੈ ਗਏ ਹਨ? ... ਅਤੇ ਸੱਚ ਇਹ ਹੈ ਕਿ ਜਵਾਬ ਸੁਣ ਕੇ ਮਨ ਕੰਬ ਜਾਂਦਾ ਹੈ। ਹਾਂ, ਕੀੜੇ ਪੈ ਗਏ ਹਨ। 1. ਰਸੋਈ ਦਾ ਨਮਕ, ਜੋ ਸਾਡੇ ਭੋਜਨ ਨੂੰ ਖਰਾਬ ਹੋਣ ਤੋਂ ਬਚਾਉਂਦਾ ਸੀ, ਉਹੀ ਆਪ ਇਸ ਵੇਲੇ ਖਤਰੇ ਵਿੱਚ ਹੈ।
ਪਹਿਲਾਂ ਗੱਲ ਅਸਲੀ ਨਮਕ ਦੀ ਹੀ ਕਰ ਲਈਏ। ਜੋ ਨਮਕ ਸਾਡੀ ਰੋਟੀ ਦਾ ਸਵਾਦ ਹੈ, ਸਾਡੇ ਸਰੀਰ ਦੀ ਲੋੜ ਹੈ, ਉਹੀ ਅੱਜ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਅੱਜ ਬਜ਼ਾਰ ਵਿੱਚ ਮਿਲਣ ਵਾਲੇ ਨਮਕ ਬਾਰੇ ਹਰ ਰੋਜ਼ ਨਵੀਂਆਂ ਨਵੀਂਆਂ ਖਬਰਾਂ ਆਉਂਦੀਆਂ ਹਨ - ਮਿਲਾਵਟ, ਕੈਮੀਕਲ, ਪਲਾਸਟਿਕ ਦੇ ਬਰੀਕ ਕਣ। ਜੋ ਚੀਜ਼ ਕੀੜਿਆਂ ਨੂੰ ਮਾਰਦੀ ਸੀ, ਅੱਜ ਉਹ ਖੁਦ ਮਿਲਾਵਟ ਦਾ ਸ਼ਿਕਾਰ ਹੋ ਗਈ ਹੈ। ਇਹ ਕੋਈ ਛੋਟੀ ਗੱਲ ਨਹੀਂ। ਜਦੋਂ ਰੱਖਿਆ ਕਰਨ ਵਾਲੀ ਚੀਜ਼ ਹੀ ਮਿਲਾਵਟੀ ਹੋ ਜਾਵੇ ਤਾਂ ਸਿਹਤ ਕਿਵੇਂ ਬਚੇਗੀ? ਇਹ ਤਾਂ ਉਹੀ ਗੱਲ ਹੋ ਗਈ ਕਿ ਜੇ ਦਵਾਈ ਹੀ ਜ਼ਹਿਰ ਬਣ ਜਾਵੇ।
ਰਿਸ਼ਤਿਆਂ ਦਾ ਨਮਕ: ਆਪਣੇ ਹੀ ਅਪਣਿਆਂ ਨੂੰ ਖਾ ਰਹੇ ਨੇ
ਪੁਰਾਣੇ ਸਮੇਂ ਵਿੱਚ ਰਿਸ਼ਤੇ ਨਮਕ ਵਰਗੇ ਹੁੰਦੇ ਸਨ। ਦਾਲ ਵਿੱਚ ਨਮਕ ਥੋੜ੍ਹਾ ਵੀ ਹੋਵੇ ਤਾਂ ਸਵਾਦ ਬਣਿਆ ਰਹਿੰਦਾ ਹੈ। ਘਰ ਵਿੱਚ ਪੈਸਾ ਥੋੜ੍ਹਾ ਵੀ ਹੁੰਦਾ ਤਾਂ ਪਿਆਰ ਨਾਲ ਗੁਜ਼ਾਰਾ ਹੋ ਜਾਂਦਾ ਸੀ। ਮਾਂ ਦੇ ਹੱਥ ਦੀ ਰੋਟੀ ਵਿੱਚ ਨਮਕ ਘੱਟ ਵੀ ਹੋਵੇ ਤਾਂ ਵੀ ਅੰਮ੍ਰਿਤ ਲਗਦੀ ਸੀ, ਕਿਉਂਕਿ ਉਸ ਵਿੱਚ ਪਿਆਰ ਦਾ ਨਮਕ ਹੁੰਦਾ ਸੀ।
ਅੱਜ ਕੀ ਹੋ ਗਿਆ ਹੈ? ਭਰਾ ਭਰਾ ਦੀ ਜ਼ਮੀਨ ਹਥਿਆਉਣ ਲਈ ਕਚਹਿਰੀਆਂ ਵਿੱਚ ਖੜ੍ਹਾ ਹੈ। ਪੁੱਤ ਆਪਣੇ ਬੁੱਢੇ ਮਾਂ-ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਂਦਾ ਹੈ। ਧੀ ਦੇ ਸਹੁਰੇ ਦਾਜ ਲਈ ਤੰਗ ਕਰਦੇ ਹਨ। ਦੋਸਤ ਦੋਸਤ ਨੂੰ ਪਿੱਠ ਪਿੱਛੇ ਧੋਖਾ ਦਿੰਦਾ ਹੈ। ਜਿਸ ਥਾਲੀ ਵਿੱਚ ਖਾਂਦਾ ਹੈ, ਉਸੇ ਵਿੱਚ ਛੇਕ ਕਰਦਾ ਹੈ।
ਇਹ ਕੀ ਹੈ? ਇਹੀ ਤਾਂ ਨਮਕ ਵਿੱਚ ਕੀੜੇ ਪੈਣਾ ਹੈ। ਜਦੋਂ ਆਪਣੇ ਹੀ ਅਪਣਿਆਂ ਨੂੰ ਖਾਣ ਲੱਗ ਜਾਣ ਤਾਂ ਸਮਝ ਲਓ ਨਮਕ ਸੜ ਗਿਆ ਹੈ। ਅੱਜ ਰਿਸ਼ਤਿਆਂ ਵਿੱਚ ਪਿਆਰ ਘੱਟ, ਹਿਸਾਬ-ਕਿਤਾਬ ਜ਼ਿਆਦਾ ਹੋ ਗਿਆ ਹੈ। ਹਰ ਕੋਈ ਪੁੱਛਦਾ ਹੈ, “ਮੈਨੂੰ ਕੀ ਮਿਲੇਗਾ?” ਕੋਈ ਨਹੀਂ ਪੁੱਛਦਾ, “ਮੈਂ ਕੀ ਦੇ ਸਕਦਾ ਹਾਂ?”
ਰਿਸ਼ਤੇ ਪਹਿਲਾਂ ਨਮਕ ਵਰਗੇ ਸਨ, ਥੋੜ੍ਹੇ ਦੂਰ ਦੇ ਵੀ ਹੁੰਦੇ ਸਨ ਪਰ ਸਵਾਦ ਰੱਖਦੇ ਸਨ। ਅੱਜ ਰਿਸ਼ਤੇ ਮਿਰਚਾਂ ਵਰਗੇ ਹੋ ਗਏ ਹਨ, ਜ਼ਿਆਦਾ ਹੋਣ ਤਾਂ ਸਾੜ ਦਿੰਦੇ ਹਨ।
ਸਮਾਜ ਦਾ ਅਸਲੀ ਨਮਕ ਕੌਣ ਹੈ? ਅਧਿਆਪਕ, ਡਾਕਟਰ, ਅਫਸਰ, ਪੁਲਿਸ, ਨੇਤਾ, ਪੱਤਰਕਾਰ, ਸੋਸ਼ਲ ਵਰਕਰ। ਇਹ ਉਹ ਲੋਕ ਹਨ ਜਿਨ੍ਹਾਂ ਨੇ ਸਮਾਜ ਨੂੰ ਸੜਨ ਤੋਂ ਬਚਾਉਣਾ ਸੀ। ਇਹ ਨਮਕ ਸਨ। ਪਰ ਅੱਜ ਇਨ੍ਹਾਂ ਵਿੱਚ ਹੀ ਕੀੜੇ ਦਿਖਾਈ ਦੇ ਰਹੇ ਹਨ। ਸਕੂਲ ਵਿੱਚ ਅਧਿਆਪਕ ਬੱਚੇ ਨੂੰ ਪੜ੍ਹਾਉਣ ਦੀ ਬਜਾਏ ਟਿਊਸ਼ਨ ਦਾ ਧੰਦਾ ਕਰ ਰਿਹਾ ਹੈ। ਹਸਪਤਾਲ ਵਿੱਚ ਡਾਕਟਰ ਮਰੀਜ਼ ਦੀ ਜੇਬ ਦੇਖ ਕੇ ਇਲਾਜ ਕਰਦਾ ਹੈ, ਗਰੀਬ ਨੂੰ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ। ਦਫਤਰ ਵਿੱਚ ਬੈਠਾ ਅਫਸਰ ਬਿਨਾਂ ਰਿਸ਼ਵਤ ਤੋਂ ਫਾਈਲ ਨੂੰ ਹੱਥ ਨਹੀਂ ਲਾਉਂਦਾ। ਨੇਤਾ ਵੋਟਾਂ ਵੇਲੇ ਲੋਕਾਂ ਦੇ ਪੈਰ ਫੜਦਾ ਹੈ, ਜਿੱਤਣ ਤੋਂ ਬਾਅਦ ਉਹੀ ਲੋਕ ਉਸ ਨੂੰ ਲੱਭਦੇ ਫਿਰਦੇ ਹਨ। ਪੱਤਰਕਾਰ ਸੱਚ ਦੀ ਬਜਾਏ ਪੈਸੇ ਲੈਕੇ ਝੂਠੀਆਂ ਖਬਰ ਛਪਵਾਉਂਦੇ ਹਨ। ਜਦੋਂ ਰਾਖਾ ਹੀ ਬੇਈਮਾਨ ਹੋ ਜਾਵੇ ਤਾਂ ਫਿਰ ਕੋਈ ਕਿਸ ਤੋਂ ਉਮੀਦ ਰੱਖੇ? ਇਹ ਸਭ ਤੋਂ ਵੱਡਾ ਸੰਕੇਤ ਹੈ ਕਿ ਨਮਕ ਵਿੱਚ ਕੀੜੇ ਪੈ ਗਏ ਹਨ। ਕਿਉਂਕਿ ਕੀੜੇ ਤਾਂ ਹਮੇਸ਼ਾ ਉਸੇ ਚੀਜ਼ ਨੂੰ ਖਾਂਦੇ ਹਨ, ਜਿਸਨੇ ਉਨ੍ਹਾਂ ਨੂੰ ਰੋਕਣਾ ਸੀ।
ਇੱਕ ਗਰੀਬ ਵਿਧਵਾ ਮੈਨੂੰ ਮਿਲੀ। ਉਸਨੇ ਕਿਹਾ, “ਵੀਰ ਜੀ, ਮੈਂ ਆਪਣੀ ਪੈਨਸ਼ਨ ਲਈ 6 ਮਹੀਨੇ ਤੋਂ ਦਫਤਰਾਂ ਦੇ ਚੱਕਰ ਲਾ ਰਹੀ ਹਾਂ। ਹਰ ਕੋਈ ਕਹਿੰਦਾ ਹੈ, ਕੁਝ ਲੈ ਕੇ ਆ, ਫਿਰ ਕੰਮ ਹੋਵੇਗਾ। ਮੇਰੇ ਕੋਲ ਤਾਂ ਰੋਟੀ ਜੋਗੇ ਵੀ ਪੈਸੇ ਨਹੀਂ, ਮੈਂ ਕੀ ਦੇਵਾਂ?” ਉਸ ਦਿਨ ਮੈਨੂੰ ਸਮਝ ਆਇਆ, ਨਮਕ ਵਿੱਚ ਕੀੜੇ ਪੈਣ ਦਾ ਮਤਲਬ ਕੀ ਹੁੰਦਾ ਹੈ। ਜਦੋਂ ਗਰੀਬ ਨੂੰ ਉਸਦਾ ਬਣਦਾ ਹੱਕ ਦੇਣ ਵੇਲੇ ਵੀ ਰਿਸ਼ਵਤ ਭਾਲੀ ਜਾਵੇ ਤਾਂ ਉਹ ਸਮਾਜ ਦਾ ਨਮਕ ਨਹੀਂ, ਉਹ ਸਮਾਜ ਦਾ ਜ਼ਹਿਰ ਹੈ।
ਸੋਸ਼ਲ ਮੀਡੀਆ ਦਾ ਨਮਕ: ਸੱਚ ਵਿੱਚ ਕੀੜੇ ਅੱਜ ਦਾ ਇੱਕ ਨਵਾਂ ਨਮਕ ਹੈ। ਸੋਸ਼ਲ ਮੀਡੀਆ ਵੀ ਸਮਾਜ ਨੂੰ ਜੋੜਨ ਲਈ ਬਣਿਆ ਸੀ। ਪਰ ਅੱਜ ਇਸ ਵਿੱਚ ਵੀ ਕੀੜੇ ਪੈ ਗਏ ਹਨ। ਝੂਠੀਆਂ ਖਬਰਾਂ, ਫੇਕ ਵੀਡੀਓ, ਕਿਸੇ ਦੀ ਇੱਜ਼ਤ ਉਛਾਲਣਾ, ਧਰਮ ਦੇ ਨਾਂ ’ਤੇ ਨਫਰਤ ਫੈਲਾਉਣਾ, ਜਿਸ ਚੀਜ਼ ਨੇ ਲੋਕਾਂ ਨੂੰ ਜੋੜਨਾ ਸੀ, ਉਹੀ ਤੋੜ ਰਹੀ ਹੈ।
ਇੱਕ ਝੂਠੀ ਪੋਸਟ ਇੱਕ ਪੂਰੇ ਪਿੰਡ ਵਿੱਚ ਲੜਾਈ ਕਰਵਾ ਦਿੰਦੀ ਹੈ। ਇਹ ਵੀ ਤਾਂ ਨਮਕ ਵਿੱਚ ਕੀੜੇ ਪੈਣਾ ਹੀ ਹੈ।
ਕਹਿੰਦੇ ਸੀ ਨਮਕ ਵਿੱਚ ਕੀੜੇ ਨਹੀਂ ਪੈਂਦੇ,
ਪਰ ਅੱਜ ਨਮਕ ਹੀ ਕਾਲਾ ਨਿਕਲ ਆਇਆ
ਜਿਸਨੇ ਰਾਖੀ ਕਰਨੀ ਸੀ ਹੱਕ ਦੀ,
ਉੱਥੇ ਰਾਖਾ ਹੀ ਮਾਲ ਖਾ ਗਿਆ।
ਫਿਰ ਵੀ ਉਮੀਦ ਬਾਕੀ ਹੈ। ਅਸਲੀ ਨਮਕ ਅਜੇ ਜਿਊਂਦਾ ਹੈ। ਮੈਂ ਸੋਸ਼ਲ ਵਰਕਰ ਹਾਂ, ਮੈਂ ਰੋਜ਼ ਉਨ੍ਹਾਂ ਲੋਕਾਂ ਨੂੰ ਮਿਲਦਾ ਹਾਂ ਜੋ ਅਜੇ ਵੀ ਅਸਲੀ ਨਮਕ ਵਰਗੇ ਹਨ। ਮੈਂ ਉਹ ਅਧਿਆਪਕ ਵੀ ਦੇਖਿਆ ਹੈ ਜੋ ਆਪਣੀ ਤਨਖਾਹ ਵਿੱਚੋਂ ਗਰੀਬ ਬੱਚਿਆਂ ਦੀਆਂ ਕਾਪੀਆਂ-ਕਿਤਾਬਾਂ ਲੈ ਕੇ ਦਿੰਦਾ ਹੈ। ਮੈਂ ਉਹ ਡਾਕਟਰ ਵੀ ਦੇਖਿਆ ਹੈ ਜੋ ਰਾਤ ਨੂੰ 2 ਵਜੇ ਵੀ ਫੋਨ ਚੁੱਕ ਕੇ ਮਰੀਜ਼ ਨੂੰ ਦੇਖਣ ਜਾਂਦਾ ਹੈ। ਮੈਂ ਉਹ ਪੁਲਿਸ ਮੁਲਾਜ਼ਮ ਵੀ ਦੇਖਿਆ ਹੈ ਜੋ ਰਾਤ ਨੂੰ ਸੜਕ ’ਤੇ ਭੁੱਖੇ ਨੂੰ ਆਪਣੇ ਹੱਥ ਨਾਲ ਰੋਟੀ ਖਵਾਉਂਦਾ ਹੈ। ਮੈਂ ਉਹ ਨੌਜਵਾਨ ਵੀ ਦੇਖੇ ਹਨ ਜੋ ਨਵੰਬਰ 2026 ਦੇ ਸ਼ੁਰੂ ਵਿੱਚ ਸਟੇਟ ਦੇ ਦਿਵਿਆਂਗ ਬੱਚਿਆਂ ਲਈ, ਹੁਸ਼ਿਆਰਪੁਰ ਲਾਗੇ ਇੱਕ ਪਿੰਡ ਵਿੱਚ “ਹਮ ਦੇਖੇਂਗੇ” ਕਾਨਫਰੰਸ ਹੋਈ, ਜਿਸ ਵਿੱਚ ਉਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਫੋਟੋ ਦੇ ਸੇਵਾ ਕਰ ਰਹੇ ਸਨ। ਇਹੀ ਲੋਕ ਅੱਜ ਦਾ ਅਸਲੀ ਨਮਕ ਹਨ। ਇਹ ਥੋੜ੍ਹੇ ਹਨ, ਪਰ ਇਨ੍ਹਾਂ ਕਰਕੇ ਹੀ ਸਵਾਦ ਬਾਕੀ ਹੈ। ਇਨ੍ਹਾਂ ਕਰਕੇ ਹੀ ਅੱਜ ਵੀ ਕਿਸੇ ਨੂੰ ਕਿਸੇ ’ਤੇ ਭਰੋਸਾ ਹੈ। ਨਮਕ ਥੋੜ੍ਹਾ ਹੀ ਹੁੰਦਾ ਹੈ, ਪਰ ਉਹੀ ਪੂਰੀ ਦਾਲ ਦਾ ਸਵਾਦ ਬਣਾ ਦਿੰਦਾ ਹੈ। ਇਹ ਥੋੜ੍ਹੇ ਜਿਹੇ ਚੰਗੇ ਲੋਕ ਹੀ ਪੂਰੇ ਸਮਾਜ ਦਾ ਸਵਾਦ ਬਚਾਈ ਬੈਠੇ ਹਨ।
ਅੰਤਿਮ ਸੰਦੇਸ਼: ਆਪਣੇ ਆਪ ਨੂੰ ਪੁੱਛੋ, ਦੋਸਤੋ, ਗੱਲ ਨਮਕ ਦੀ ਨਹੀਂ, ਨੀਅਤ ਦੀ ਹੈ। ਜਦੋਂ ਨੀਅਤ ਵਿੱਚ ਕੀੜਾ ਪੈ ਜਾਵੇ ਤਾਂ ਨਮਕ ਕੀ, ਲੋਹਾ ਵੀ ਸੜ ਜਾਂਦਾ ਹੈ। ਸਾਨੂੰ ਅੱਜ ਫਿਰ ਤੋਂ ਉਸ ਪੁਰਾਣੇ ਨਮਕ ਵੱਲ ਮੁੜਨਾ ਪਵੇਗਾ। ਉਹ ਨਮਕ ਜੋ ਵਫਾਦਾਰੀ ਦਾ ਸੀ, ਇਮਾਨਦਾਰੀ ਦਾ ਸੀ, ਇਨਸਾਨੀਅਤ ਦਾ ਸੀ। ਨਹੀਂ ਤਾਂ ਜਿਸ ਦਿਨ ਨਮਕ ਹੀ ਸੜ ਗਿਆ, ਉਸ ਦਿਨ ਕੋਈ ਵੀ ਚੀਜ਼ ਬਚਾਉਣ ਵਾਲੀ ਨਹੀਂ ਰਹੇਗੀ। ਜਿਸ ਦਿਨ ਨਮਕ ਵਿੱਚ ਕੀੜੇ ਪੈ ਗਏ, ਉਸ ਦਿਨ ਸਮਝ ਲਓ ਪੂਰੀ ਦਾਲ ਹੀ ਖਰਾਬ ਹੋ ਗਈ। ਇਸ ਲਈ ਅੱਜ ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਪੁੱਛਿਓ - ਕੀ ਮੈਂ ਉਹ ਨਮਕ ਹਾਂ, ਜਿਹੜਾ ਸਮਾਜ ਨੂੰ ਸੜਨ ਤੋਂ ਬਚਾ ਰਿਹਾ ਹੈ, ਜਾਂ ਉਹ ਨਮਕ ਹਾਂ ਜਿਸ ਵਿੱਚ ਕੀੜੇ ਪੈ ਗਏ ਹਨ?
ਜੇ ਜਵਾਬ ਦੂਜਾ ਹੈ, ਤਾਂ ਅਜੇ ਵੀ ਵਕਤ ਹੈ। ਆਪਣੇ ਆਪ ਨੂੰ ਸ਼ੁੱਧ ਕਰ ਲਓ। ਕਿਉਂਕਿ ਨਮਕ ਦਾ ਕੰਮ ਸੜਨਾ ਨਹੀਂ, ਬਚਾਉਣਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)



























































































































