“ਰਿਟਾਇਰਮੈਂਟ ਦਾ ਦਿਨ ਸਭ ਤੋਂ ਵੱਡਾ ਸੱਚ ਦਿਖਾਉਂਦਾ ਹੈ। ਜਿਸ ਦਿਨ ਵਿਦਾਇਗੀ ...”
(7 ਅਕਤੂਬਰ 2026)
ਕਹਿੰਦੇ ਹਨ ਕਿ ਸਮਾਂ ਸਭ ਤੋਂ ਵੱਡਾ ਅਧਿਆਪਕ ਹੈ। ਇਹ ਗੱਲ ਸਰਕਾਰੀ ਅਫਸਰਸ਼ਾਹੀ ’ਤੇ ਪੂਰੀ ਤਰ੍ਹਾਂ ਢੁਕਦੀ ਹੈ। ਜਦੋਂ ਇੱਕ ਅਫਸਰ ਕੁਰਸੀ ’ਤੇ ਬੈਠਦਾ ਹੈ ਤਾਂ ਉਸਦੇ ਆਲੇ-ਦੁਆਲੇ ਚਾਪਲੂਸੀ ਦਾ ਘੇਰਾ ਬਣ ਜਾਂਦਾ ਹੈ। ਉਸ ਸਮੇਂ ਉਹ ਭੁੱਲ ਜਾਂਦਾ ਹੈ ਕਿ ਉਸਦੀ ਫਾਈਲ ਨੂੰ ਅੱਗੇ ਤੋਰਨ ਵਾਲਾ ਦੂਜੇ ਦਰਜੇ ਦਾ ਸੁਪਰਵਾਈਜ਼ਰ ਹੈ, ਉਸਦੇ ਹੁਕਮਾਂ ਨੂੰ ਕਾਗਜ਼ ’ਤੇ ਉਤਾਰਨ ਵਾਲਾ ਤੀਜੇ ਦਰਜੇ ਦਾ ਕਲਰਕ ਹੈ, ਅਤੇ ਉਸਦੇ ਦਫਤਰ ਦਾ ਦਰਵਾਜ਼ਾ ਖੋਲ੍ਹਣ ਵਾਲਾ ਚੌਥੇ ਦਰਜੇ ਦਾ ਸੇਵਾਦਾਰ ਹੈ। ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਕੁਰਸੀ ਦੇ ਨਸ਼ੇ ਵਿੱਚ ਅਫਸਰ ਇਨ੍ਹਾਂ ਮੁਲਾਜ਼ਮਾਂ ਨਾਲ ਗੈਰ-ਮਨੁੱਖੀ ਵਤੀਰਾ ਅਪਣਾ ਲੈਂਦਾ ਹੈ। ਛੁੱਟੀ ਮੰਗਣ ’ਤੇ ਝਿੜਕਣਾ, ਗਲਤੀ ਹੋਣ ’ਤੇ ਸਭ ਦੇ ਸਾਹਮਣੇ ਬੇਇੱਜ਼ਤ ਕਰਨਾ, ਇਹ ਆਮ ਹੋ ਗਿਆ ਹੈ। ਅਫਸਰ ਭੁੱਲ ਜਾਂਦਾ ਹੈ ਕਿ ਇਹ ਮੁਲਾਜ਼ਮ ਵੀ ਕਿਸੇ ਦੇ ਪਿਤਾ, ਪੁੱਤਰ ਅਤੇ ਭਰਾ ਹਨ।
ਸਰਕਾਰੀ ਦਫਤਰਾਂ ਵਿੱਚ ਦੂਜੇ, ਤੀਜੇ ਅਤੇ ਚੌਥੇ ਦਰਜੇ ਦੇ ਮੁਲਾਜ਼ਮ ਹੀ ਹਨ, ਜਿਨ੍ਹਾਂ ਦੇ ਸਿਰ ’ਤੇ ਪੂਰਾ ਪ੍ਰਸ਼ਾਸਨ ਖੜ੍ਹਾ ਹੈ। ਫਾਈਲ ਤਿਆਰ ਕਰਨੀ, ਡਾਕ ਵੰਡਣੀ, ਰਿਕਾਰਡ ਸੰਭਾਲਣਾ, ਫੀਲਡ ਵਿੱਚ ਜਾ ਕੇ ਕੰਮ ਕਰਨਾ; ਇਹ ਸਭ ਕੰਮ ਇਹੀ ਕਰਮਚਾਰੀ ਕਰਦੇ ਹਨ। ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਅਫਸਰ ਇਨ੍ਹਾਂ ਨਾਲ ਮਾਲਕਾਂ ਵਾਲਾ ਵਤੀਰਾ ਰੱਖਦੇ ਹਨ। ਅਫਸਰ ਭੁੱਲ ਜਾਂਦੇ ਹਨ ਕਿ ਕੋਈ ਅਹੁਦਾ ਸਦਾ ਨਹੀਂ ਰਹਿੰਦਾ, ਇਨਸਾਨੀਅਤ ਰਹਿੰਦੀ ਹੈ। ਦਫਤਰਾਂ ਵਿੱਚ ਛੋਟੇ ਮੁਲਾਜ਼ਮ ਨੂੰ ਨਾਂ ਲੈ ਕੇ ਨਹੀਂ, “ਓਏ” ਕਰਕੇ ਬੁਲਾਉਣਾ ਆਮ ਹੈ।
ਕੰਮ ਦਾ ਬੋਝ: ਸਾਰਾ ਦਬਾਅ ਹੇਠਲੇ ਸਟਾਫ ’ਤੇ ਪਾ ਕੇ ਸਿਹਰਾ ਆਪ ਲੈਣ ਦੀ ਪ੍ਰਵਿਰਤੀ ਬਣਾਈ ਰੱਖਣੀ। ਟਰਾਂਸਫਰ, ਚਾਰਜਸ਼ੀਟ ਜਾਂ ACR ਖਰਾਬ ਕਰਨ ਦੇ ਡਰ ਨਾਲ ਮੁਲਾਜ਼ਮ ਚੁੱਪ ਰਹਿੰਦਾ ਹੈ। ਪਰ ਹਰ ਅਫਸਰ ਇੱਕੋ ਜਿਹਾ ਨਹੀਂ ਹੁੰਦਾ। ਕੁਝ ਅਫਸਰ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਸਟਾਫ ਨੂੰ ਪਰਿਵਾਰ ਵਾਂਗ ਸਾਂਭਦੇ ਹਨ, ਉਨ੍ਹਾਂ ਦੇ ਦੁੱਖ-ਸੁਖ ਵਿੱਚ ਖੜ੍ਹਦੇ ਹਨ। ਉਨ੍ਹਾਂ ਅਫਸਰਾਂ ਨੂੰ ਸਟਾਫ ਸਾਰੀ ਉਮਰ ਯਾਦ ਰੱਖਦਾ ਹੈ।
ਰਿਟਾਇਰਮੈਂਟ ਤੋਂ ਬਾਅਦ ਦਾ ਜੀਵਨ - ਇੱਕ ਕੌੜਾ ਸੱਚ: ਜਿਸ ਦਿਨ ਅਫਸਰ ਰਿਟਾਇਰ ਹੁੰਦਾ ਹੈ, ਉਸ ਦਿਨ ਤੋਂ ਉਸਦੀ “ਕੁਰਸੀ ਦੀ ਤਾਕਤ” ਖਤਮ ਹੋ ਜਾਂਦੀ ਹੈ। ਪਹਿਲਾਂ ਦਫਤਰ ਵਿੱਚ ਜਿਸ ਨੂੰ ਦੇਖ ਕੇ ਸਾਰੇ ਖੜ੍ਹੇ ਹੋ ਜਾਂਦੇ ਸਨ, ਰਿਟਾਇਰਮੈਂਟ ਤੋਂ ਬਾਅਦ ਉਸ ਨੂੰ ਪੈਨਸ਼ਨ ਲਈ ਉਸੇ ਦਫਤਰ ਦੇ ਬਾਹਰ ਲਾਈਨ ਵਿੱਚ ਲੱਗਣਾ ਪੈਂਦਾ ਹੈ, ਜਿਨ੍ਹਾਂ ਚਪੜਾਸੀਆਂ ਅਤੇ ਕਲਰਕਾਂ ਨੂੰ ਉਸਨੇ ਕਦੇ ਇੱਜ਼ਤ ਨਹੀਂ ਦਿੱਤੀ ਹੁੰਦੀ। ਅੱਜ ਉਸਦਾ ਕੰਮ ਉਨ੍ਹਾਂ ਦੇ ਹੱਥ ਵਿੱਚ ਹੁੰਦਾ ਹੈ। ਸਰਕਾਰੀ ਗੱਡੀ, ਗੰਨਮੈਨ ਅਤੇ ਸਟਾਫ ਸਭ ਵਾਪਸ ਚਲਾ ਜਾਂਦਾ ਹੈ। ਬਚਦਾ ਹੈ ਤਾਂ ਸਿਰਫ ਆਪਣਾ ਕੀਤਾ ਹੋਇਆ ਵਤੀਰਾ। ਅਕਸਰ ਦੇਖਿਆ ਗਿਆ ਹੈ ਕਿ ਜਿਹੜਾ ਅਫਸਰ ਨਿਮਰ ਸੁਭਾਅ ਦਾ ਹੁੰਦਾ ਹੈ, ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਲੋਕ ਸਤਿਕਾਰ ਦਿੰਦੇ ਹਨ, ਉਸਦੇ ਘਰ ਮਿਲਣ ਆਉਂਦੇ ਹਨ। ਅਤੇ ਜਿਹੜਾ ਹੰਕਾਰੀ ਹੁੰਦਾ ਹੈ, ਉਹ ਇਕੱਲਤਾ ਦਾ ਸ਼ਿਕਾਰ ਹੋ ਜਾਂਦਾ ਹੈ।
ਸਿੱਟਾ: ਅਹੁਦਾ ਚਾਰ ਦਿਨ ਦਾ ਮਹਿਮਾਨ ਹੈ। ਅੱਜ ਤੁਸੀਂ ਅਫਸਰ ਹੋ, ਕੱਲ੍ਹ ਤੁਸੀਂ ਵੀ ਆਮ ਨਾਗਰਿਕ ਹੋਵੋਗੇ। ਇਸ ਲਈ ਦੂਜੇ, ਤੀਜੇ ਅਤੇ ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਆਪਣੇ ਤੋਂ ਛੋਟਾ ਨਹੀਂ ਸਮਝਣਾ ਚਾਹੀਦਾ, ਉਨ੍ਹਾਂ ਨੂੰ ਆਪਣੇ ਸਹਿਯੋਗੀ ਟੀਮ ਦੇ ਮੈਂਬਰ ਸਮਝਣਾ ਚਾਹੀਦਾ ਹੈ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਤੁਹਾਡੀ ਅਸਲੀ ਪਛਾਣ ਤੁਹਾਡਾ ਅਹੁਦਾ ਨਹੀਂ, ਤੁਹਾਡਾ ਸੁਭਾਅ ਹੋਵੇਗਾ।
ਰਿਟਾਇਰਮੈਂਟ ਦਾ ਦਿਨ ਸਭ ਤੋਂ ਵੱਡਾ ਸੱਚ ਦਿਖਾਉਂਦਾ ਹੈ। ਜਿਸ ਦਿਨ ਵਿਦਾਇਗੀ ਪਾਰਟੀ ਹੁੰਦੀ ਹੈ, ਉਸ ਤੋਂ ਅਗਲੇ ਦਿਨ ਤੋਂ ਫ਼ੋਨ ਵੱਜਣੇ ਬੰਦ ਹੋ ਜਾਂਦੇ ਹਨ। ਸਰਕਾਰੀ ਕੋਠੀ ਖਾਲੀ ਕਰਨੀ ਪੈਂਦੀ ਹੈ। ਹੁਣ ਉਹ ਅਫਸਰ ਨਹੀਂ, ਸਿਰਫ ਇੱਕ ਪੈਨਸ਼ਨਰ ਹੈ; ਜਿਸ ਨੂੰ ਉਸਨੇ ਕਦੇ ਇਨਸਾਨ ਨਹੀਂ ਸਮਝਿਆ ਸੀ। ਇਹ ਲੇਖ ਕੋਈ ਸ਼ਿਕਾਇਤ ਨਹੀਂ, ਇੱਕ ਸ਼ੀਸ਼ਾ ਹੈ ਉਨ੍ਹਾਂ ਅਫਸਰਾਂ ਲਈ ਜਿਹੜੇ ਅੱਜ ਕੁਰਸੀ ’ਤੇ ਹਨ। ਯਾਦ ਰੱਖੋ, ਤੁਹਾਡੇ ਮਤਹਿਤ ਕੰਮ ਕਰਦੇ ਦੂਜੇ, ਤੀਜੇ ਅਤੇ ਚੌਥੇ ਦਰਜੇ ਦੇ ਮੁਲਾਜ਼ਮ ਤੁਹਾਡੇ ਨੌਕਰ ਨਹੀਂ, ਤੁਹਾਡੀ ਟੀਮ ਹਨ। ਉਨ੍ਹਾਂ ਨੂੰ ਇੱਜ਼ਤ ਦਿਓਗੇ ਤਾਂ ਰਿਟਾਇਰਮੈਂਟ ਤੋਂ ਬਾਅਦ ਵੀ ਇੱਜ਼ਤ ਪਾਓਗੇ। ਕਿਉਂਕਿ ਅੰਤ ਵਿੱਚ ਕੁਰਸੀ ਨਹੀਂ, ਕਿਰਦਾਰ ਯਾਦ ਰਹਿੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































