JagtarSBhungarni7ਨਸ਼ਿਆਂ ਦਾ ਧੰਦਾ ਮੁਲਕ ਦੀ ਅੰਦਰੂਨੀ ਸੁਰੱਖਿਆ ਪੱਖੋਂ ਵੀ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ ...
(8 ਫਰਵਰੀ 2024)
ਇਸ ਸਮੇਂ ਪਾਠਕ: 170.


ਸਦੀਆਂ ਪਹਿਲਾਂ ਚੀਨ ਇੱਕ ਗੁਲਾਮ ਮੁਲਕ ਸੀ। ਇਸ ਕਾਰਨ ਉੱਥੇ ਅਤਿ ਦੀ ਗਰੀਬੀ
, ਭੁੱਖਮਰੀ a ਤੇ ਬੇਰੁਜ਼ਗਾਰੀ ਸੀ। ਲੋਕ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਸਨ। ਸੰਤਾਪ ਭੋਗ ਰਹੇ ਲੋਕ ਅਕਸਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਕੇ ਆਪਣੇ ਦੁੱਖ-ਦਰਦ ਭੁੱਲਣ ਦੀ ਕੋਸ਼ਿਸ਼ ਕਰਦੇ। ਅਜਿਹੇ ਨਸ਼ੇੜੀਆਂ ਦੀ ਗਿਣਤੀ ਤਕਰੀਬਨ ਸੱਤ ਕਰੋੜ ਸੀ। ਇੱਥੋਂ ਤਕ ਕਿ ਨਸ਼ੇ ਖਰੀਦਣ ਖ਼ਾਤਰ ਆਪਣੇ ਸਾਰੇ ਹੀਲੇ-ਵਸੀਲੇ ਖ਼ਤਮ ਹੁੰਦੇ ਦੇਖ ਕੇ ਕਈ ਨਸ਼ੇੜੀਆਂ ਨੇ ਆਪਣੇ ਬੱਚੇ ਵੇਚਣੇ ਸ਼ੁਰੂ ਕਰ ਦਿੱਤੇ ਦਨ । ਬਹੁਤ ਸਾਰੀਆਂ ਔਰਤਾਂ ਦੇਹ ਵਪਾਰ ਵਿੱਚ ਪੈ ਕੇ ਬਿਮਾਰੀਆਂ ਦਾ ਸ਼ਿਕਾਰ ਹੁੰਦੀਆਂ ਗਈਆਂ।

ਐਸ਼ ਪ੍ਰਸ਼ਤ ਹਾਕਮਾਂ ਅਤੇ ਪੂੰਜੀ ਨਿਵੇਸ਼ਕਾਂ ਨੇ ਨਸ਼ੇ ਵਾਲੀਆਂ ਗੋਲੀਆਂ ਬਣਾਉਣ ਵਾਲੇ ਪਦਾਰਥਾਂ ਦਾ ਰੱਜ ਕੇ ਧੰਦਾ ਕੀਤਾ। ਭੋਲੀ-ਭਾਲੀ ਮੁਸੀਬਤਾਂ ਝੱਲਦੀ ਜਨਤਾ ਦਾ ਪੇਟ ਭਰਨ ਦੀ ਬਜਾਏ ਨਸ਼ਿਆਂ ਦਾ ਰੁਝਾਨ ਪੈਦਾ ਹੋਇਆ। ਮਕਸਦ ਇਹ ਸੀ ਕਿ ਚੀਨੀ ਲੋਕ ਨਸ਼ੇ ਲੈ ਕੇ ਸੁੱਤੇ ਹੀ ਰਹਿਣ ਅਤੇ ਆਪਣੇ ਹੱਕਾਂ ਦੀ ਗੱਲ ਨਾ ਕਰਨ। ਬਸਤੀਵਾਦੀ ਨੂੰ ਹਕੂਮਤ ਕਰਨ ਵਾਸਤੇ ਪੈਸੇ ਦੀ ਲੋੜ ਸੀ। ਇਸ ਲਈ ਉਨ੍ਹਾਂ ਨੇ ਪੂੰਜੀ ਪਤੀਆਂ ਦੀ ਵਰਤੋਂ ਕੀਤੀ। ਚੀਨ ਦੇ ਬਹੁਤ ਸਾਰੇ ਭ੍ਰਿਸ਼ਟ ਅਧਿਕਾਰੀਆਂ ਨੇ ਵੀ ਮੁਨਾਫ਼ਾਖੋਰੀ ਹਿਤ ਵਿਦੇਸ਼ੀ ਨਿਵੇਸ਼ਕਾਂ ਦਾ ਸਾਥ ਦਿੱਤਾ ਅਤੇ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਗਿਆ।

ਅਮਰੀਕੀ ਅਤੇ ਯੂਰਪੀ ਬਸਤੀਵਾਦੀਆਂ ਵੱਲੋਂ ਨਸ਼ਿਆਂ ਨੂੰ ਜ਼ਬਰਦਸਤੀ ਚੀਨ ਉੱਪਰ ਥੋਪਿਆ ਜਾਂਦਾ ਰਿਹਾ ਹੈ। ਇੱਥੋਂ ਤਕ ਕਿ ਸੰਨ 1839 ਵਿੱਚ ਬ੍ਰਤਾਨਵੀ ਹਾਕਮਾਂ ਨੇ ਨਸ਼ੀਲੇ ਪਦਾਰਥਾਂ ਦੇ ਜਹਾਜ਼ ਭਰ ਕੇ ਚੀਨ ਵੱਲ ਭੇਜਣੇ ਸ਼ੁਰੂ ਕਰ ਦਿੱਤੇ ਤਾਂ ਕਿ ਪੂੰਜੀਵਾਦੀ ਇਸ ਕਿਸਮ ਦੇ ਕਾਰੋਬਾਰ ਕਰ ਕੇ ਵਾਧੂ ਕਮਾਈ ਕਰ ਸਕਣ। ਇਸ ਤਰ੍ਹਾਂ ਅਮਰੀਕਾ ਦੇ ਹੁਕਮਰਾਨਾਂ ਨੇ ਵੀ ਨਸ਼ਿਆਂ ਦੇ ਵਪਾਰ ਨੂੰ ਹਰ ਪੱਧਰ ਉੱਤੇ ਉਤਸ਼ਾਹਿਤ ਕੀਤਾ। ਪਹਿਲਾਂ ਸੀਆਈਏ ਨੇ 1960 ਦੇ ਦਹਾਕੇ ਵਿੱਚ ਸਮਾਜ ਅੰਦਰ ਚੋਖੀ ਮਾਤਰਾ ਵਿੱਚ ਹੈਰੋਇਨ ਦੀ ਭਰਮਾਰ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਲਾਓਸ ਦੀ ਜੰਗ ਵਾਸਤੇ ਧਨ ਦੀ ਲੋੜ ਸੀ। ਇਉਂ ਹੀ 1980 ਦੇ ਦਹਾਕੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰੇਗਨ ਨੇ ਨਿਕਾਰਾਗੂਆ ਖ਼ਿਲਾਫ਼ ਬਾਗੀਆਂ ਦੀ ਮਦਦ ਹਿਤ ਪੈਸੇ ਦੀ ਥੁੜ ਪੂਰੀ ਕਰਨ ਖ਼ਾਤਰ ਰੱਜ ਕੇ ਨਸ਼ਿਆਂ ਦਾ ਧੰਦਾ ਕੀਤਾ।

ਪਹਿਲਾਂ ਹਾਕਮ ਭਜਾਓ, ਫਿਰ ਨਸ਼ੇ ਛੁਡਾਓ:

ਚੀਨ ਦੇ ਮਹਾਨ ਆਗੂ ਮਾਓ ਜ਼ੇ ਤੁੰਗ ਨੇ ਮਹਿਸੂਸ ਕੀਤਾ ਕਿ ਵਿਦੇਸ਼ੀ ਸ਼ਕਤੀਆਂ ਵੱਲੋਂ ਮੁਲਕ ਨੂੰ ਨਸ਼ਈ ਬਣਾ ਤੇ ਦਾਸ-ਪ੍ਰਥਾ ਪ੍ਰਫੁੱਲਤ ਕਰ ਕੇ ਦੇਸ਼ ਵਾਸੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਸ ਨੇ ਆਮ ਜਨਤਾ ਨੂੰ ਗੁਰਬਤ ਦੀ ਦਲਦਲ ਵਿੱਚੋਂ ਕੱਢਣ ਲਈ ਪੂਰੇ ਮੁਲਕ ਵਿੱਚ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਸਦਕਾ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀ ਸਥਾਪਨਾ ਹੋਈ ਜਿਸ ਨੇ ਦਮਨਕਾਰੀ ਫ਼ੌਜ ਨੂੰ ਸੰਨ 1949 ਵਿੱਚ ਸ਼ਿਕਸਤ ਦੇ ਕੇ ਪਹਿਲੀ ਵਾਰ ਲੋਕਾਂ ਦੀ ਆਪਣੀ ਸਰਕਾਰ ਸਥਾਪਿਤ ਕੀਤੀ। ਇਸ ਸਰਕਾਰ ਅਤੇ ਕ੍ਰਾਂਤੀਕਾਰੀਆਂ ਦੀ ਯੋਗ ਅਗਵਾਈ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਵੱਲੋਂ ਕੀਤੀ ਗਈ। ਉਸ ਸਮੇਂ ਚੀਨ ਵਿੱਚ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਸਨ ਪਰ ਦੇਸ਼ ਵਾਸੀਆਂ ਨੇ ਦਮਨਕਾਰੀਆਂ ਵੱਲੋਂ ਕੁਚਲੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਖ਼ੁਦ ਕਰਨਾ ਸੀ। ਮਾਓ ਨੇ ਸਭ ਤੋਂ ਪਹਿਲਾਂ ਵੱਡੇ ਪੱਧਰ ’ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ ਕੀਤੀ। ਕ੍ਰਾਂਤੀਕਾਰੀਆਂ ਨੇ ਅਮਲੀਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਮਾਜ ਦੀ ਸਿਰਜਣਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਫਿਰ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਸੰਗਠਿਤ ਕਰਨ ਦੇ ਨਾਲ-ਨਾਲ ਨਸ਼ੇੜੀਆਂ ਨੂੰ ਨਸ਼ਾ-ਰਹਿਤ ਕਰ ਕੇ ਕ੍ਰਾਂਤੀਕਾਰੀ ਟੀਮਾਂ ਵਿੱਚ ਸ਼ਾਮਲ ਕੀਤਾ ਗਿਆ। ਫਿਰ ਸਾਬਕਾ ਅਮਲੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਵੱਡੇ-ਵੱਡੇ ਰੋਡ ਸ਼ੋਅ, ਜਲਸੇ-ਜਲੂਸ ਕੱਢ ਕੇ ਮੀਟਿੰਗਾਂ ਕੀਤੀਆਂ ਗਈਆਂ। ਅਜਿਹਾ ਵੋਟਾਂ ਬਟੋਰਨ ਖ਼ਾਤਰ ਨਹੀਂ, ਸਗੋਂ ਸੁਧਾਰ ਲਹਿਰ ਨੂੰ ਸਫ਼ਲ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ। ਸਕੂਲੀ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਜਾਣੂ ਕਰਵਾਉਣ ਖ਼ਾਤਰ ਜਾਗਰੂਕਤਾ ਲਹਿਰ ਪੈਦਾ ਕੀਤੀ ਗਈ। ਲੋਕਾਂ ਅੰਦਰ ਨਵੀਂ ਸ਼ਕਤੀ ਪੈਦਾ ਕਰਨ ਦੇ ਉਦੇਸ਼ ਨਾਲ ਰੇਡੀਓ, ਅਖ਼ਬਾਰਾਂ ਅਤੇ ਰਸਾਲਿਆਂ ਆਦਿ ਨੂੰ ਨਾਲ ਜੋੜਿਆ ਗਿਆ। ਇਸ ਲੋਕ ਲਹਿਰ ਦਾ ਮੁੱਖ ਕਾਰਜ ਸੀਪੀਸੀ ਨੂੰ ਸੌਪਿਆ ਗਿਆ।

ਮਾਓ ਨੇ ਐਲਾਨ ਕੀਤਾ ਕਿ ਜੋ ਲੋਕ ਅਸਲੀ ਦੁਸ਼ਮਣਾਂ ਖ਼ਿਲਾਫ਼ ਜੰਗ ਲੜਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਕੱਠਾ ਕੀਤਾ ਜਾਵੇ। ਉਸ ਨੇ ਸਪਸ਼ਟ ਕੀਤਾ ਕਿ ਭ੍ਰਿਸ਼ਟ ਅਧਿਕਾਰੀਆਂ, ਨਸ਼ੀਲੇ ਪਦਾਰਥਾਂ ਦੇ ਵਪਾਰੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਦੁਸ਼ਮਣ ਸਮਝਿਆ ਜਾਵੇ ਪਰ ਨਸ਼ਈਆਂ ਨੂੰ ਸਿਸਟਮ ਦੇ ਪੀੜਤ ਵਿਅਕਤੀ ਸਮਝਿਆ ਜਾਵੇ ਤੇ ਉਨ੍ਹਾਂ ਨਾਲ ਦੁਰ ਵਿਵਹਾਰ ਨਾ ਕੀਤਾ ਜਾਵੇ।

ਕੁਝ ਕ੍ਰਾਂਤੀਕਾਰੀਆਂ ਨੇ ਨਸ਼ੀਲੇ ਪਦਾਰਥਾਂ ਦੇ ਭੰਡਾਰਾਂ ਨੂੰ ਵੀ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਜਨਤਾ ਦੇ ਅਸਲੀ ਦੁਸ਼ਮਣਾਂ ਅਤੇ ਅਮਲੀਆਂ ਦਰਮਿਆਨ ਫ਼ਰਕ ਉਜਾਗਰ ਹੋਇਆ ਤਾਂ ਨਸ਼ੇੜੀਆਂ ਨੇ ਖੁੱਲ੍ਹੇ ਰੂਪ ਵਿੱਚ ਜਨਤਾ ਸਾਹਮਣੇ ਆਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਕੈਦ ਕਰਨ ਦੀ ਥਾਂ ਉਨ੍ਹਾਂ ਦੇ ਕ੍ਰਾਂਤੀਕਾਰੀ ਕਦਮ ਦੀ ਸ਼ਲਾਘਾ ਕੀਤੀ ਗਈ। ਨਸ਼ਈਆਂ ਨੂੰ ਨਸ਼ੇ ਛੱਡਣ ਵਾਸਤੇ ਕੁਝ ਮਹੀਨਿਆਂ ਦਾ ਸਮਾਂ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਪਾਸ ਬਹੁਤ ਘੱਟ ਮਾਤਰਾ ਵਿੱਚ ਅਫ਼ੀਮ ਰੱਖਣ ਦੀ ਛੋਟ ਦਿੱਤੀ ਗਈ ਅਤੇ ਅਮਲੀਆਂ ਦਾ ਇਲਾਜ ਵੀ ਨਾਲ ਚੱਲਦਾ ਰਿਹਾ। ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ, ਜੋ ਮੁਸੀਬਤ ਮਾਰੇ ਲੋਕਾਂ ਪਾਸੋਂ ਬੇਅੰਤ ਧਨ-ਦੌਲਤ ਇਕੱਠੀ ਕਰ ਕੇ ਵੱਡੇ-ਵੱਡੇ ਧਨਾਢ ਬਣ ਗਏ ਸਨ, ਵਾਸਤੇ ਵੱਖਰੀ ਨੀਤੀ ਤਿਆਰ ਕੀਤੀ ਗਈ। ਦੁਸ਼ਮਣ ਐਲਾਨੇ ਗਏ ਅਪਰਾਧੀਆਂ ਨੂੰ ਲੋਕਾਂ ਸਾਹਮਣੇ ਖੜ੍ਹੇ ਕਰ ਕੇ ਉਨ੍ਹਾਂ ਖ਼ਿਲਾਫ਼ ਮੁਕੱਦਮੇ ਚਲਾਏ ਗਏ। ਨਸ਼ਿਆਂ ਕਾਰਨ ਤਬਾਹ ਹੋ ਚੁੱਕੇ ਲੋਕਾਂ ਨੂੰ ਗਵਾਹੀਆਂ ਦੇਣ ਵਾਸਤੇ ਕਿਹਾ ਗਿਆ। ਦੋਸ਼ੀ ਸਿੱਧ ਹੋਏ ਮਨੁੱਖਤਾ ਦਾ ਘਾਣ ਕਰਨ ਵਾਲਿਆਂ ਨੂੰ ਜਾਂ ਤਾਂ ਉਮਰ ਕੈਦ ਜਾਂ ਫਿਰ ਹਜ਼ਾਰਾਂ ਲੋਕਾਂ ਸਾਹਮਣੇ ਫ਼ਾਂਸੀ ਦਿੱਤੀ ਗਈ। ਇਸ ਕਿਸਮ ਦੇ ਅਪਰਾਧੀਆਂ ਦੀ ਗਿਣਤੀ ਹਰ ਵੱਡੇ ਸ਼ਹਿਰ ਵਿੱਚ 5 ਤੋਂ 10 ਦੇ ਦਰਮਿਆਨ ਸੀ।

ਮਾਓ ਦੀ ਕ੍ਰਾਂਤੀਕਾਰੀ ਸਰਕਾਰ ਨੇ ਇਹ ਐਲਾਨ ਵੀ ਕੀਤਾ ਕਿ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਤਿਆਗ ਕੇ ਸਰਕਾਰ ਦੀ ਮਦਦ ਕਰਨ ਵਾਲੇ ਛੋਟੇ ਦੁਕਾਨਦਾਰਾਂ ਨੂੰ ਲੋਕਾਂ ਦਾ ਦੁਸ਼ਮਣ ਨਹੀਂ ਮੰਨਿਆ ਜਾਵੇਗਾ। ਸਿਰਫ਼ ਕੁਝ ਸਮੇਂ ਵਾਸਤੇ ਇਹ ਵਪਾਰਕ ਸਮਝੌਤਾ ਵੀ ਕੀਤਾ ਗਿਆ ਕਿ ਜੋ ਛੋਟੇ ਵਪਾਰੀ ਨਸ਼ਿਆਂ ਦਾ ਧੰਦਾ ਬੰਦ ਕਰ ਦੇਣਗੇ, ਸਰਕਾਰ ਉਨ੍ਹਾਂ ਦੇ ਨਸ਼ੀਲੇ ਪਦਾਰਥਾਂ ਦੇ ਜ਼ਖੀਰੇ ਨੂੰ ਖ਼ਰੀਦ ਲਵੇਗੀ। ਇਸ ਧੰਦੇ ਨੂੰ ਬੰਦ ਕਰਨ ਦੀ ਮੁਖ਼ਾਲਫ਼ਤ ਜਾਂ ਸਮਝੌਤੇ ਦੀ ਉਲੰਘਣਾ ਕਰਨ ਵਾਲੇ ਛੋਟੇ ਦੁਕਾਨਦਾਰਾਂ ਨੂੰ ਜਨਤਾ ਦੇ ਦਰਬਾਰ ਵਿੱਚ ਪੇਸ਼ ਕਰਕੇ ਸਜ਼ਾਵਾਂ ਵੀ ਦਿੱਤੀਆਂ ਗਈਆਂ ਅਤੇ ਸਮਝਾਇਆ ਵੀ ਗਿਆ। ਕੁਝ ਹੋਰ ਫ਼ੈਸਲੇ ਵੀ ਲਾਗੂ ਕੀਤੇ ਗਏ।

ਸੰਨ 1951 ਦੇ ਅਖੀਰ ਤਕ ਨਸ਼ਿਆਂ ਦੀ ਲਾਹਨਤ ਨੂੰ ਪਹਿਲਾਂ ਉੱਤਰੀ ਚੀਨ ਵਿੱਚੋਂ ਜੜ੍ਹੋਂ ਖ਼ਤਮ ਕਰ ਦਿੱਤਾ ਗਿਆ। ਦੱਖਣੀ ਚੀਨ, ਜੋ ਅਫ਼ੀਮ ਪੈਦਾ ਕਰਨ ਵਾਲਾ ਖੇਤਰ ਸੀ, ਦੀ ਸਫਾਈ ਵਾਸਤੇ ਤਕਰੀਬਨ ਇੱਕ ਸਾਲ ਹੋਰ ਲੱਗਿਆ। ਅਗਲੇ 20 ਸਾਲ ਤਕ ਮਾਓ ਦੇ ਦੇਸ਼ ਚੀਨ ਵਿੱਚ ਕੋਈ ਵੀ ਅਮਲੀ ਦਿਖਾਈ ਨਹੀਂ ਸੀ ਦਿੰਦਾ ਪਰ ਬਾਅਦ ਵਿੱਚ ਸਾਮਰਾਜਵਾਦੀ ਨੇ ਨਸ਼ਿਆਂ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ।

ਪੜਚੋਲਵੀਂ ਨਜ਼ਰ

ਬੀਤੇ ’ਤੇ ਝਾਤ ਮਾਰਨ ਉਪਰੰਤ ਸਪਸ਼ਟ ਹੋ ਜਾਂਦਾ ਹੈ ਕਿ ਭ੍ਰਿਸ਼ਟ ਰਾਜਸੀ ਨੇਤਾ, ਮਾੜੀ ਪ੍ਰਸ਼ਾਸਨਿਕ ਪ੍ਰਣਾਲੀ ਤੇ ਅਯੋਗ ਅਫਸਰਸ਼ਾਹੀ ਮੁੱਖ ਤੌਰ ’ਤੇ ਨਸ਼ਿਆਂ ਦੇ ਪਸਾਰ ਲਈ ਜ਼ਿੰਮੇਵਾਰ ਹਨ ਜਿਸ ਕਾਰਨ ਆਮ ਜਨਤਾ ਨੂੰ ਸੰਤਾਪ ਭੋਗਣਾ ਪੈ ਰਿਹਾ ਹੈ। ਭਾਵੇਂ ਪਿਛਲੇ ਸਮਿਆਂ ਦੌਰਾਨ ਪੰਜਾਬ ਦੀ ਪੁਲੀਸ ਦੇ ਅੰਕੜਿਆਂ ਮੁਤਾਬਿਕ 22 ਹਜ਼ਾਰ ਤਕ ਨਸ਼ੇੜੀ ਨਜ਼ਰਬੰਦ ਕੀਤੇ ਗਏ ਹਨ। ਜੇ ਇਨ੍ਹਾਂ ਦੀ ਗਿਣਤੀ ਦੁੱਗਣੀ ਵੀ ਹੋ ਜਾਵੇ ਤਾਂ ਵੀ ਸੂਬਾ ਉਦੋਂ ਤਕ ਨਸ਼ਾ-ਮੁਕਤ ਨਹੀਂ ਹੋ ਸਕਦਾ ਜਦੋਂ ਤਕ ਹਾਕਮਾਂ ਦੇ ਇਰਾਦੇ ਨੇਕ ਨਾ ਹੋਣ। ਸਰਕਾਰ ਅਤੇ ਸਿਆਸੀ ਆਗੂਆਂ ਨੂੰ ਚਾਹੀਦਾ ਹੈ ਕਿ ਦ੍ਰਿੜ੍ਹ ਇਰਾਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਨਸ਼ਿਆਂ ਦੇ ਸਮੁੰਦਰ ਵਿੱਚੋਂ ਪਹਿਲਾਂ ਮਗਰਮੱਛਾਂ ਨੂੰ ਫੜਨ, ਮੱਛੀਆਂ ਤਾਂ ਜਾਲ ਵਿੱਚ ਆਪੇ ਫਸ ਜਾਣਗੀਆਂ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਮਗਰਮੱਛਾਂ ਦੀ ਪਛਾਣ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਹੱਥ ਕੌਣ ਪਾਵੇਗਾ? ਨਸ਼ਿਆਂ ਦਾ ਧੰਦਾ ਮੁਲਕ ਦੀ ਅੰਦਰੂਨੀ ਸੁਰੱਖਿਆ ਪੱਖੋਂ ਵੀ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ। ਬਾਹਰਲੇ ਦੇਸ਼ਾਂ ਦੀਆਂ ਖ਼ੁਫੀਆਂ ਏਜੰਸੀਆਂ ਇੱਕ ਗਹਿਰੀ ਸਾਜ਼ਿਸ਼ ਤਹਿਤ ਸਾਡੇ ਮੁਲਕ ਅੰਦਰ ਨਸ਼ਿਆਂ ਦਾ ਜਾਲ ਵਿਛਾ ਕੇ ਦੋ ਵੱਡੇ ਟੀਚੇ ਹਾਸਲ ਕਰ ਸਕਦੀਆਂ ਹਨ। ਪਹਿਲਾਂ ਇਹ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਈ ਬਣਾ ਕੇ ਇੰਨਾ ਕਮਜ਼ੋਰ ਕਰ ਦਿੱਤਾ ਜਾਵੇ ਕਿ ਉਹ ਫ਼ੌਜ/ਅਰਧ ਸੈਨਿਕ ਬਲਾਂ ਵਿੱਚ ਭਰਤੀ ਹੋਣ ਦੇ ਕਾਬਲ ਹੀ ਨਾ ਰਹਿਣ। ਜੇ ਲੰਮ-ਸਲੰਮੇ, ਸੋਹਣੇ-ਸੁਨੱਖੇ ਤੇ ਫਰਕਦੇ ਡੋਲਿਆਂ ਵਾਲੇ ਨੌਜਵਾਨ ਹੀ ਹਥਿਆਰਬੰਦ ਸੈਨਾਵਾਂ ਵਾਸਤੇ ਨਹੀਂ ਮਿਲਣਗੇ ਤਾਂ ਫਿਰ ਜੰਗ ਲੜੇਗਾ ਕੌਣ ਅਤੇ ਜਿੱਤੇਗਾ ਕਿਹੜਾ? ਦੂਜਾ ਪਹਿਲੂ ਇਹ ਹੈ ਕਿ ਵਿਦੇਸ਼ੀ ਖ਼ੁਫੀਆ ਤੰਤਰ ਅਕਸਰ ਇਸ ਕਿਸਮ ਦੇ ਅਨਸਰਾਂ ਦੀ ਤਲਾਸ਼ ਵਿੱਚ ਰਹਿੰਦਾ ਹੈ, ਜਿਨ੍ਹਾਂ ਅੰਦਰ ਨਸ਼ਿਆਂ, ਧਨ-ਦੌਲਤ ਅਤੇ ਔਰਤ ਵਰਗ ਵਾਸਤੇ ਕਮਜ਼ੋਰੀ ਹੋਵੇ।

ਸਾਡੇ ਦੇਸ਼ ਦੇ ਨੌਜਵਾਨ ਵਰਗ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਅੱਜ ਚੀਨ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਨਿਕਲਕੇ ਖੇਡ ਮੁਕਾਬਲਿਆਂ ਅਤੇ ਬਾਕੀ ਖੇਤਰਾਂ ਵਿੱਚ ਦੁਨੀਆਂ ਭਰ ਅੰਦਰ ਨਾਮਣਾ ਖੱਟ ਰਹੇ ਹਨ।

ਡਾ. ਇਕਬਾਲ ਦੇ ਸ਼ਬਦਾਂ ਵਿੱਚ:

ਖ਼ੁਦਾ ਨੇ ਵੀ ਆਜ ਤਕ ਕਿਸੀ ਕੌਮ ਕੀ ਤਕਦੀਰ ਨਹੀਂ ਬਦਲੀ,
ਨਾ ਹੋ ਅਹਿਸਾਸ ਜਿਸ ਕੋ, ਅਪਨੇ ਹਾਲਾਤ ਬਦਲਨੇ ਕਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4708)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਤਾਰ ਸਿੰਘ ਭੁੰਗਰਨੀ

ਜਗਤਾਰ ਸਿੰਘ ਭੁੰਗਰਨੀ

WhatsApp: (91 - 98153 - 06402)
Email: (singhjagtar1153@gmail.com)