“ਜੇਕਰ ਸਰਕਾਰਾਂ ਨਸ਼ੇ ਬੰਦ ਕਰਨਾ ਚਾਹੁਣ ਤਾਂ ਨਸ਼ੇ ਬਹੁਤ ਜਲਦ ਬੰਦ ਕੀਤੇ ਜਾ ਸਕਦੇ ਪਰ ਅਫ਼ਸੋਸ ...”
(2 ਫਰਵਰੀ 2024)
ਇਸ ਸਮੇਂ ਪਾਠਕ: 505.
ਨਸ਼ਿਆਂ ਦੇ ਵਗਦੇ ਵਹਿਣ ਵਿੱਚ, ਪੰਜਾਬ ਵਹਿ ਗਿਆ।
ਝੁਕਿਆ ਨਹੀਂ ਜੋ ਜੱਗ ਤੋਂ, ਨਸ਼ਿਆਂ ਤੋਂ ਢਹਿ ਗਿਆ।
ਹੁਣ ਨਸ਼ਾ ਸ਼ਰੇਆਮ ਵਿਕਾਉਂਦੇ, ਸਾਡੇ ਸ਼ਾਸਕ ਨਾਲਾਇਕ।
ਵਿਗਾੜ ਪੰਜਾਬ ਦੀ ਜਵਾਨੀ ਰਹੇ, ਸਾਡੇ ਫੁਕਰੇ ਗਾਇਕ।
ਗੱਭਰੂ ਸ਼ਿੰਗਾਰ ਸੀ ਦੇਸ਼ ਦਾ, ਜੱਗ ਚਰਚਾ ਕਰਦਾ ਸੀ,
ਅਖਾੜਿਆਂ ਦਾ ਉਹ ਮੋਹਰੀ, ਝੱਟ ਪਲਟਾ ਕੇ ਧਰਦਾ ਸੀ,
ਰਣਭੂਮੀ ਵਿੱਚ ਜਿਹੜਾ ਲੱਖਾਂ ’ਤੇ ਭਾਰੂ ਸੀ,
ਨਸ਼ਿਆਂ ਦੇ ਦਰਿਆ ਵਿੱਚ ਜਿਹੜਾ ਡੁੱਬ ਮਰਿਆ ਏ,
ਮੈਂ ਸੁਣਿਆ, ਉਹ ਗੱਭਰੂ ਸੱਤ ਪੱਤਣਾਂ ਦਾ ਤਾਰੂ ਸੀ।
ਅੱਜ ਅਸੀਂ ਬਹੁਤ ਹੀ ਭਿਆਨਕ ਦੌਰ ਵਿੱਚ ਜੀ ਰਹੇ ਹਾਂ। ਪੰਜਾਬ ਕਿਸੇ ਵੇਲੇ ਭਾਰਤ ਦਾ ਨੰਬਰ ਇੱਕ ਸੂਬਾ ਮੰਨਿਆ ਜਾਂਦਾ ਸੀ। ਖੇਤੀਬਾੜੀ ਹੋਵੇ ਜਾਂ ਅਜ਼ਾਦੀ ਦੀ ਲੜਾਈ, ਕੋਈ ਵੀ ਖੇਤਰ ਅਜਿਹਾ ਨਹੀਂ, ਜਿੱਥੇ ਪੰਜਾਬ ਪਿੱਛੇ ਰਿਹਾ ਹੋਵੇ। ਜੇਕਰ ਹੋਰ ਪਿਛਾਂਹ ਜਾਈਏ ਤਾਂ ਦੁਨੀਆਂ ਦੇ ਸਭ ਤੋਂ ਪੁਰਾਣੇ ਗਰੰਥ ਰਿਗਵੇਦ ਦੀ ਰਚਨਾ ਵੀ ਪੰਜਾਬ ਦੀ ਧਰਤੀ ’ਤੇ ਹੋਈ। ਵੱਖ-ਵੱਖ ਲਹਿਰਾਂ ਨਾਲ ਜੂਝਦਾ, ਜੂਝਾਰੂ ਵਿਰਸੇ ਦਾ ਮਾਲਕ ਪੰਜਾਬ ਅੱਜ ਹਰ ਖੇਤਰ ਵਿੱਚ ਪਛੜਦਾ ਜਾ ਰਿਹਾ ਹੈ। ਇਸ ਪਛੜੇਵੇਂ ਦੇ ਭਾਵੇਂ ਕਈ ਕਾਰਨ ਹਨ, ਪ੍ਰੰਤੂ ਨਸ਼ਿਆਂ ਦਾ ਵਧ ਰਿਹਾ ਰੁਝਾਨ ਇੱਕ ਵੱਡੇ ਕਾਰਨ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਇਸਦੀ ਲਪੇਟ ਵਿੱਚ ਪੜ੍ਹੇ-ਲਿਖੇ, ਅਨਪੜ੍ਹ, ਅਮੀਰ, ਗਰੀਬ, ਬੱਚੇ, ਬੁੱਢੇ, ਨੌਜਵਾਨ, ਮੁੰਡੇ, ਕੁੜੀਆਂ ਅਤੇ ਸਕੂਲੀ ਬੱਚੇ ਸਭ ਆ ਗਏ।
ਉੱਪਰ ਦੱਸੇ ਵਰਗਾਂ ਵਿੱਚ ਹਰ ਵਰਗ ਦਾ ਆਪੋ-ਆਪਣਾ ਨਸ਼ਾ ਹੈ। ਜਿੱਥੇ ਅਮੀਰਜ਼ਾਦੇ ਸਮੈਕ, ਹੈਰੋਇਨ ਵਰਗੇ ਅਤੇ ਰੋਜ਼ਾਨਾ ਪੰਜ ਸੌ ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਤਕ ਦੇ ਨਸ਼ੇ ਦੀ ਗ੍ਰਿਫਤ ਵਿੱਚ ਹਨ, ਗਰੀਬ ਸਸਤੇ ਮੈਡੀਕਲ ਨਸ਼ਿਆਂ, ਗੋਲੀਆਂ, ਕੈਪਸੂਲ, ਟੀਕਿਆਂ ਆਦਿ ਨਾਲ ਸਿਰ ਘੁਮਾ ਲੈਂਦੇ ਹਨ ਅਤੇ ਆਪਣੀ ਦਿਨ ਭਰ ਦੀ ਕਿਰਤ ਨਾਲ ਕਮਾਏ ਸੱਠ-ਸੱਤਰ ਵਿੱਚੋਂ ਤੀਹ-ਪੈਂਤੀ ਰੁਪਏ ਕੈਮਿਸਟ ਨੂੰ ਦੇ ਆਉਂਦੇ ਹਨ। ਸਕੂਲੀ ਬੱਚੇ ਗੁਟਖਾ, ਪਾਨ ਮਸਾਲਾ ਅਤੇ ਜਰਦੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਅਗਲੇ ਨਸ਼ਿਆਂ ਵੱਲ ਵਧਦੇ ਜਾਂਦੇ ਹਨ। ਐਂਟੀ ਡੱਰਗਜ਼ ਸੋਸਾਇਟੀ ਵੱਲੋਂ ਕਰਵਾਏ ਸਰਵੇਖਣਾਂ ਦੌਰਾਨ ਤੀਜੀ ਚੌਥੀ ਕਲਾਸ ਵਿੱਚ ਪੜ੍ਹਦੇ ਬੱਚਿਆਂ ਦੇ ਸਕੂਲੀ ਬਸਤਿਆਂ ਵਿੱਚ ਜਰਦਾ ਅਤੇ ਬੀੜੀਆਂ ਮਿਲੀਆਂ। 67 ਫੀਸਦੀ 16 ਤੋਂ 25 ਸਾਲ ਉਮਰ ਦਾ ਵਰਗ ਨਸ਼ੇ ਦੀ ਲਪੇਟ ਵਿੱਚ ਆ ਗਿਆ। ਪੰਜਾਬ ਦੇ ਰਵਾਇਤੀ ਨਸ਼ੇ ਅਫੀਮ ਅਤੇ ਭੁੱਕੀ ਨੂੰ ਵੱਡੀ ਉਮਰ ਵਰਗ ਦੇ ਨਸ਼ਈ ਹੀ ਲੈਂਦੇ ਹਨ। ਸ਼ਰਾਬ ਦਾ ਵੀ ਭਾਵੇਂ ਪੰਜਾਬ ਭਾਰਤ ਵਿੱਚੋਂ ਸਭ ਤੋਂ ਵੱਡਾ ਖਪਤਕਾਰ ਹੈ ਪ੍ਰੰਤੂ ਬਹੁਤੀ ਗਿਰਾਵਟ ਮੈਡੀਕਲ ਨਸ਼ਿਆਂ ਨੇ ਲਿਆਂਦੀ ਹੈ। ਜਦੋਂ ਕੋਈ ਪੜ੍ਹਾਕੂ ਸਵੇਰੇ ਹੀ ਚਾਰ ਸ਼ੀਸ਼ੀਆਂ ਕੋਰੈਕਸ, ਫੈਂਸੀਡਿਰਿਲ ਜਾਂ ਹੋਰ ਨਸ਼ੀਲੀਆਂ ਦਵਾਈਆਂ ਦੀਆਂ ਪੀ ਕੇ ਸਕੂਲ ਜਾਂ ਕਾਲਜ ਜਾਵੇਗਾ ਤਾਂ ਉਹ ਪੜੇਗਾ ਕੀ? ਆਪਣੇ ਅਧਿਆਪਕ ਦੀ ਗੱਲ ਸੁਣੇਗਾ? ਕੀ ਉਹ ਆਪਣਾ ਸੰਵਾਰੇਗਾ ਤੇ ਕੀ ਸਮਾਜ ਦਾ ਸੰਵਾਰੇਗਾ?
ਇਹ ਪੜ੍ਹਾਕੂ ਜਰਦਾ, ਗੁਟਕਾ, ਪਾਨ ਮਸਾਲਾ, ਬੀੜੀ ਸਿਗਰਟ, ਭੰਗ, ਅਫੀਮ, ਭੁੱਕੀ, ਗੋਲੀਆਂ ਕੈਪਸੂਲਾਂ, ਟੀਕਿਆਂ, ਮਾਰਫੀਨ, ਕਿਰਲੀ ਦੀ ਪੂਛ, ਆਇਡੈਕਸ ਬਰੈੱਡ ਵਰਗੇ ਨਸ਼ਿਆਂ ਦਾ ਸੁਆਦ ਚੱਖਦਾ ਚੱਖਦਾ ਸਮੈਕ, ਹੋਰੋਇਨ ਵਰਗੇ ਘਾਤਕ ਨਸ਼ਿਆਂ ਦਾ ਪਹਿਲਾਂ ਸ਼ਿਕਾਰ ਅਤੇ ਫਿਰ ਗੁਲਾਮ ਬਣ ਗਿਆ। ਕੋਈ ਦੇਸ਼ ਵਿਰੋਧੀ ਤਾਕਤ ਗੁਲਾਮ ਵਿਅਕਤੀ ਤੋਂ ਕੋਈ ਵੀ ਰਾਸ਼ਟਰ ਵਿਰੋਧੀ ਕਾਰਵਾਈ ਕਰਵਾ ਸਕਦੀ ਹੈ। ਅੱਜ ਦੇ ਨੌਜੁਆਨ ਦਾ ਇਹ ਚਿਹਰਾ ਮੋਹਰਾ, ਪਿਚਕੀਆਂ ਗੱਲ੍ਹਾਂ, ਧਸੀਆਂ ਅੱਖਾਂ, ਪੰਜਾਬ ਦੀ ਧਰਤੀ ਦੇ ਗੌਰਵ ਨੂੰ ਪਲੀਤ ਕਰ ਰਹੀਆਂ ਹਨ। ਪੰਜਾਬ ਦੇ ਇਹਨਾਂ ਨੌਜੁਆਨਾਂ ਦਾ ਆਦਰਸ਼ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਹਜ਼ਾਰਾਂ ਉਹ ਜਵਾਨ ਨਹੀਂ, ਜਿਹੜੇ ਦੇਸ਼ ਦੀ ਖਾਤਰ ਜਾਨਾਂ ਵਾਰ ਗਏ, ਸਗੋਂ ਇਨ੍ਹਾਂ ਦਾ ਮਿਸ਼ਨ ਤਾਂ ਬੱਸ ਨਸ਼ਾ ਕਰਕੇ ਡੰਗ ਟਪਾਉਣਾ ਹੈ ਤਾਂ ਹੀ ਇਨ੍ਹਾਂ ਤੋਂ ਮੂੰਹ ਉੱਤੋਂ ਮੱਖੀ ਨਹੀਂ ਉਡਾਈ ਜਾਂਦੀ।
ਡਰੱਗਜ਼ ਵਿਰੋਧੀ ਲਹਿਰ ਨਾਲ ਜੁੜੇ ਹੋਣ ਕਾਰਨ ਮੇਰਾ ਜਿੰਨਾ ਕੁ ਤਜਰਬਾ ਹੈ, ਉਹ ਜੇ ਮੈਂ ਪਾਠਕਾਂ ਨਾਲ ਸਾਂਝਾ ਕਰਾਂ ਤਾਂ ਨਿਚੋੜ ਇਹ ਹੈ ਕਿ ਪੰਜਾਬ ਦੇ ਨੌਜੁਆਨਾਂ ਨੂੰ ਇੱਕ ਸਾਜ਼ਿਸ਼ ਤਹਿਤ ਖਤਮ ਕਰਨ ਲਈ ਸਮੇਂ ਦੀਆਂ ਸਰਕਾਰਾਂ ਵੀ ਦੋਸ਼ੀ ਹਨ, ਜਿਹਨਾਂ ਨੇ ਕੋਈ ਸਹੀ ਯੂਥ ਪਾਲਿਸੀ ਹੀ ਨਹੀਂ ਬਣਾਈ ਤੇ ਨਾ ਹੀ ਦਿਲੋਂ ਬੇਰੁਜ਼ਗਾਰੀ ਨੂੰ ਰੋਕਣ ਦੇ ਯਤਨ ਕੀਤੇ ਹਨ। ਪ੍ਰੰਤੂ ਇੱਥੇ ਮੈਂ ਇਹ ਗੱਲ ਵੀ ਕਹਿਣੀ ਚਾਹਾਂਗਾ ਕਿ ਨੌਜੁਆਨ ਖੁਦ ਅਤੇ ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਇਸ ਨਸ਼ਿਆਂ ਦੀ ਦਲਦਲ ਵਿੱਚ ਸੁੱਟਣ ਲਈ ਜ਼ਿੰਮੇਵਾਰ ਹਨ। ਬਲਕਿ ਅਸੀਂ ਸਾਰਾ ਸਮਾਜ ਹੀ ਇਸਦੇ ਲਈ ਜ਼ਿੰਮੇਵਾਰ ਹਾਂ। ਪਹਿਲੀ ਗੱਲ ਤਾਂ ਇਹ ਕਿ ਅਸੀਂ ਕਿਸੇ ਵੀ ਸਾਂਝੇ ਮਸਲੇ ਨਾਲ ਨਜਿੱਠਣ ਲਈ ਬਣਦੀ ਪਹੁੰਚ ਬਣਾ ਕੇ ਉਸਦਾ ਕੋਈ ਹੱਲ ਕੱਢਣ ਦੀ ਬਜਾਇ ਇਹ ਆਖਦੇ ਹਾਂ, “ਚੱਲ ਹੋਊ ਆਪਾਂ ਨੂੰ ਕੀ?” ਅੱਜ ਨਸ਼ਿਆਂ ਦੇ ਗੰਭੀਰ ਮਸਲੇ ਤੋਂ ਅੱਖਾਂ ਮੀਟਣ ਵਾਲਿਆਂ ਦੀ ਤੁਲਨਾ ਮੈਂ ਉਹਨਾਂ ਲੋਕਾਂ ਨਾਲ ਕਰਦਾ ਹਾਂ, ਜਿਹੜੇ ਕਹਿੰਦੇ ਹਨ ਕਿ ਘਰ ਦੇ ਚਾਰੇ ਪਾਸੇ ਅੱਗ ਲੱਗੀ ਹੋਵੇ ਤੇ ਆਪਣਾ ਘਰ ਬਚ ਜਾਵੇਗਾ। ਇਹ ਵਹਿਮ ਹੈ, ਅੱਗ ਕਦੇ ਵੀ ਕਿਸੇ ਚੀਜ਼ ਨੂੰ ਨਹੀਂ ਛੱਡਦੀ। ਆਪੋ ਆਪਣੇ ਆਲੇ ਦੁਆਲੇ ਝਾਤੀ ਮਾਰੋ, ਹਰ ਕਿਸੇ ਦਾ ਭਾਈ, ਭਤੀਜਾ, ਮਾਮਾ, ਫੁੱਫਾ, ਚਾਚਾ ਤਾਇਆ ਭੈਣ ਭਾਈ ਕਿਸੇ ਨਾ ਕਿਸੇ ਰੂਪ ਵਿੱਚ ਡਰੱਗਜ਼ ਦੇ ਇਸ ਛੇਵੇਂ ਦਰਿਆ ਦੀ ਮਾਰ ਵਿੱਚ ਆਇਆ ਹੋਵੇਂਗਾ।
ਪੰਜਾਬ ’ਤੇ ਆਈ ਇਸ ਆਫ਼ਤ ਸਮੇਂ ਪੰਜਾਬ ਦਾ ਕਿਸੇ ਨੇ ਕੋਈ ਬਹੁਤਾ ਸਾਥ ਨਹੀਂ ਦਿੱਤਾ ਭਾਵੇਂ ਉਹ ਕੋਈ ਸਾਧ ਸੰਤ ਹੋਣ, ਜਿਹਨਾਂ ਦਾ ਤੋਰੀ ਫੁਲਕਾ ਹੀ ਪੰਜਾਬ ਦੀ ਕਿਰਸਾਨੀ ਅਤੇ ਕਿਰਤੀਆਂ ਦੇ ਸਿਰ ’ਤੇ ਚੱਲਦਾ ਹੈ ਜਾਂ ਸਰਕਾਰਾਂ ਅਤੇ ਰਾਜਸੀ ਪਾਰਟੀਆਂ ਹੋਣ, ਜਿਹੜੀਆਂ ਇੱਕ ਦੂਸਰੀ ਤੋਂ ਅੱਗੇ ਹੋ ਕੇ ਲੋਕਹਿਤੂ ਹੋਣ ਦਾ ਦਾਅਵਾ ਕਰਦੀਆਂ ਹਨ। ਨਾ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਾਰਗਰ ਨੀਤੀ ਲਿਆ ਸਕੀ ਹੈ ਜਿਸਦੇ ਕੋਈ ਸਿੱਟੇ ਸਾਹਮਣੇ ਨਜ਼ਰ ਆਉਂਦੇ ਹੋਣ। ਹਾਂ, ਇੱਕ ਧਿਰ ਜ਼ਰੂਰ ਹੈ ਜਿਹੜੀ ਸੱਚੇ ਦਿਲੋਂ ਪੰਜਾਬ ’ਤੇ ਛਾਏ ਇਹਨਾਂ ਕਾਲੇ ਬੱਦਲਾਂ ਲਈ ਚਿੰਤਤ ਹੈ। ਉਹ ਹਨ ਪ੍ਰਵਾਸੀ ਭਾਰਤੀ, ਉਹਨਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਆਪਣੇ ਵਤਨ ’ਤੇ ਛਾਏ ਕਾਲ਼ੇ ਬੱਦਲਾਂ ਦੀ ਚਿੰਤਾ ਹੈ।
ਐਂਟੀ ਡਰੱਗਜ਼ ਸੋਸਾਇਟੀ ਨਾਲ ਜੁੜੇ ਇੱਕ ਆਗੂ ਨੇ ਇਸ ਮਸਲੇ ਨੂੰ ਬੜਾ ਨੇੜਿਉਂ ਗਹੁ ਨਾਲ ਵੇਖਿਆ ਹੈ। ਅਮਲੀ ਕੀ ਕਹਿੰਦਾ ਹੈ, ਸਰਕਾਰ ਕੀ ਕਹਿੰਦੀ ਹੈ, ਬੁੱਧੀਜੀਵੀ ਕੀ ਕਹਿੰਦੇ ਹਨ, ਕਿਹੜੇ-ਕਿਹੜੇ ਕਾਰਨ ਇਸ ਪਿੱਛੇ ਕੰਮ ਕਰਦੇ ਹਨ, ਨਸ਼ਿਆਂ ਨੂੰ ਕੌਣ ਵੇਚ ਰਿਹਾ ਹੈ, ਕੌਣ ਵਿਕਾ ਰਿਹਾ ਹੈ। ਚੋਰ ਤੇ ਕੁੱਤੀ (ਕੁੱਤੀ ਨੂੰ ਤਾਂ ਐਵੇਂ ਬਦਨਾਮ ਕੀਤਾ ਜਾਂਦਾ ਹੈ, ਹਰ ਕਿਸੇ ਨੇ ਰਾਖੀ ਲਈ ਕੁੱਤੇ ਰੱਖੇ ਹੁੰਦੇ ਹਨ – ਸੰਪਾਦਕ) ਰਲ਼ ਕੇ ਕਿਵੇਂ ਨੌਜਵਾਨਾਂ ਦੀਆਂ ਲਾਸ਼ਾਂ ’ਤੇ ਮਹਿਲ ਉਸਾਰ ਰਹੇ ਹਨ। ਇਨ੍ਹਾਂ ਦੀ ਕੋਈ ਸਹੀ ਗਿਣਤੀ ਨਹੀਂ ਹੈ। ਮਾਪਿਆਂ ਦਾ ਦੁਖਾਂਤ ਇਹ ਹੈ ਕਿ ਮਾਪਿਆਂ ਨੂੰ ਤਿਲ-ਤਿਲ ਮਾਰ ਕੇ, ਦੁਖੀ ਕਰਕੇ, ਜਦੋਂ ਜਵਾਨ ਪੁੱਤ ਮਰਦਾ ਤਾਂ ਮੈਂ ਕਈ ਮਾਵਾਂ ਇਹ ਕਹਿੰਦੀਆਂ ਸੁਣੀਆਂ ਹਨ - ਸਮੇਟੀ ਗਈ ਮਿੱਟੀ। ਇਹ ਦੁਖਾਂਤ ਸਾਡੇ ਪਿੰਡਾਂ ਦੀਆਂ ਬਰੂਹਾਂ ਤੀਕਰ ਆ ਪਹੁੰਚਿਆ ਹੈ। ਤਾਂਡਵ ਸਾਡੀਆਂ ਗਲੀਆਂ, ਕੂਚਿਆਂ ਅਤੇ ਘਰਾਂ ਦੇ ਵਿਹੜਿਆਂ ਵਿੱਚ ਹੋਣ ਲੱਗਾ ਹੈ। ਹਉਕਿਆਂ ਦਾ ਸੇਕ ਹੁਣ ਠੰਢੇ ਚੁੱਲ੍ਹਿਆਂ ਦੇ ਲਾਗਿਉਂ ਮਹਿਸੂਸ ਹੁੰਦਾ ਹੈ। ਪੰਜਾਬੀਆਂ ਦੇ ਦਗ-ਦਗ ਕਰਦੇ ਚਿਹਰਿਆਂ ’ਤੇ ਮਾਤਮ ਤੇ ਉਦਾਸੀ ਦੀ ਲਿਖੀ ਇਬਾਰਤ ਸਾਫ਼ ਪੜ੍ਹ ਹੁੰਦੀ ਹੈ। ਇਉਂ ਜਾਪਦਾ ਹੈ ਜਿਵੇਂ ਆਫਰੇ ਹੋਏ ਛੇਵੇਂ ਦਰਿਆ ਦਾ ਬੰਨ੍ਹ ਟੁੱਟ ਕੇ ਪੰਜਾਬ ਦੇ ਲੋਕਾਂ ਦੀ ਜਾਨ ਦਾ ਖੌਅ ਬਣ ਗਿਆ ਹੋਵੇ। ਇਸ ਖੌਫ਼ਨਾਕ ਦ੍ਰਿਸ਼ ਨੂੰ ਤੱਕ ਕੇ ਭੁੱਬ ਨਾ ਨਿਕਲੇ, ਅੱਖ ਨਾ ਭਰੇ ਤਾਂ ਸਮਝੋ ਪੰਜਾਬ ਅਤੇ ਪੰਜਾਬੀਆਂ ਦੇ ਹਿੱਸੇ ਦੀ ਸੰਵੇਦਨਾ ਵੀ ਕਿਧਰੇ ਰੁੜ੍ਹ ਗਈ ਹੈ।
ਮੌਤ ਦੇ ਸੌਦਾਗਰ ਲੱਖਾਂ ਕਰੋੜਾਂ ਤੋਂ ਅਰਬਾਂ ਖਰਬਾਂ ਦੀ ਕਾਲੀ ਕਮਾਈ ਦੀਆਂ ਪੌੜੀਆਂ ਚੜ੍ਹੀ ਜਾ ਰਹੇ ਹਨ। ਸਭ ਆਖਦੇ ਨੇ ਕਿ ਮਾਇਆ ਕਿਸੇ ਨੇ ਹਿੱਕ ’ਤੇ ਰੱਖ ਕੇ ਨਹੀਂ ਲੈ ਜਾਣੀ, ਫਿਰ ਵੀ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਪੈਰਾਂ ਹੇਠ ਦਰੜ ਕੇ ਮਾਇਆ ਦੇ ਅੰਬਾਰਾਂ ਵੱਲ ਵਧਣ ਦਾ ਨਾਪਾਕ ਸਿਲਸਿਲਾ ਨਿਰਵਿਘਨ ਜਾਰੀ ਹੈ। ਸਤਾ ਦੀ ਸ਼ਕਤੀ ਨਾਲ ਤਾਂ ਇਹ ਹੋਰ ਬੇਡਰ ਵੀ ਹੋ ਗਿਆ ਹੈ। ਪੰਜਾਬ ਊਂਘ ਰਿਹਾ ਹੈ। ਕਦੇ-ਕਦੇ ਘੂਕੀ ਟੁੱਟਦੀ ਹੈ, ਉਭੱੜਵਾਹੇ ਉੱਠਦਾ ਹੈ, ਫਿਰ ਨੀਂਦ ਦਬੋਚ ਲੈਂਦੀ ਹੈ। ਮਾਤਮ ਦੇ ਸੱਥਰ ਹੋਰ ਵੱਧ ਵਿਛਣ ਲੱਗਦੇ ਹਨ। ਹਾਲਾਤ ਤਾਂ ਵਿਸਫੋਟਕ ਹਨ। ਮਾਨਵ ਭੁਖਸ਼ੀ ਰਾਕਸ਼ ਸਾਡੇ ਆਪਣੇ ਘਰਾਂ ਦੇ ਦਰਵਾਜ਼ੇ ’ਤੇ ਦਸਤਕ ਦੇਣ ਲੱਗ ਪਿਆ ਹੈ। ਅਸੀਂ ਖੌਫ਼ਜ਼ਦਾ ਚਿਹਰਿਆਂ ਨਾਲ ਝੀਥਾਂ ਵਿੱਚੋਂ ਦੇਖਕੇ, ਆਪਣੀ, ਆਪਣੇ ਬੱਚਿਆਂ ਦੀ ਲੰਬੀ ਉਮਰ ਲਈ ਅਰਦਾਸਾਂ ਕਰਨ ਲੱਗ ਜਾਂਦੇ ਹਾਂ।
ਅੱਖਾਂ ਮੀਚਣ ਨਾਲ ਕਬੂਤਰ ਦੀ ਉਮਰ ਦਰਾਜ਼ ਨਹੀਂ ਹੋਇਆ ਕਰਦੀ। ਇਹ ਠੀਕ ਹੈ ਕਿ ਕੋਈ ਇਕੱਲਾ ਇਕਹਿਰਾ ਵਿਅਕਤੀ ਸਿਰੋਂ ਉੱਚੀ ਉੱਠੀ ਬੇਲਿਹਾਜ ਕਾਂਗ ਨੂੰ ਠੱਲ੍ਹ ਨਹੀਂ ਪਾ ਸਕਦਾ ਪਰ ਜੇ ਸਿਰਜੋੜ ਕੇ ਸੋਚੀਏ, ਜੋਟੀ ਬੰਨ੍ਹ ਕੇ ਤੁਰੀਏ, ਹਿੰਮਤ ਨਾਲ ਟਾਕਰਾ ਕਰੀਏ ਤਾਂ ਮਨੁੱਖ ਨੇ ਤੂਫ਼ਾਨਾਂ ਦੇ ਮੂੰਹ ਮੋੜਨ ਦਾ ਇਤਿਹਾਸ ਵੀ ਤਾਂ ਸਿਰਜਿਆ ਹੈ। ਸਭ ਤੋਂ ਪਹਿਲਾਂ ਖੁਦ ਇਸ ਪੂਰੇ ਚੱਕਰਵਿਊ ਨੂੰ ਸਮਝੀਏ, ਚੇਤਨ ਹੋਈਏ। ਫਿਰ ਇਸ ਨੂੰ ਤੋੜ ਕੇ ਸਾਬਤ ਸਬੂਤੇ ਬਾਹਰ ਆਉਣ ਅਤੇ ਜਵਾਨੀ ਦੀ ਮੁਕਤੀ ਦਾ ਮੰਤਰ ਜਾਣੀਏ। ਡਰੱਗਜ਼ ਦੀ ਇਸ ਹਨੇਰੀ ਨੇ ਲਗਭਗ 10 ਸਾਲਾਂ ਤੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਨੌਜੁਆਨਾਂ ਦੇ ਆਚਰਣ ਵਿੱਚ ਵੱਡਾ ਵਿਗਾੜ ਪੈਦਾ ਕਰ ਦਿੱਤਾ। ਪੰਜਾਬੀ ਨੌਜੁਆਨ ਜਿਸਦੀਆਂ ਬਹਾਦਰੀ ਦੀਆਂ ਕਦੀ ਲੋਕ ਮਿਸਾਲਾਂ ਦਿੰਦੇ ਸਨ, ਅੱਜ ਅਮਲੀ ਬਣ ਕੇ ਰਹਿ ਗਿਆ। ਬਲਾਤਕਾਰ, ਚੋਰੀਆਂ, ਕਤਲੋਗਾਰਦ, ਲੁੱਟਖੋਹ, ਸੜਕੀ ਹਾਦਸੇ, ਕਾਟੋ ਕਲੇਸ਼, ਮਾਰਧਾੜ, ਪਰਿਵਾਰਾਂ ਦਾ ਟੁੱਟਣਾ, ਬਜ਼ੁਰਗਾਂ ਦੇ ਸਤਿਕਾਰ ਦੀ ਘਾਟ, ਬਿਮਾਰੀਆਂ ਵਿੱਚ ਅੰਨ੍ਹੇਵਾਹ ਵਾਧਾ, ਕੈਂਸਰ, ਟੀ.ਬੀ. ਛੋਟੇ ਵੱਡੇ ਬੱਚਿਆਂ ਨਾਲ ਕੁਕਰਮਾਂ ਵਿੱਚ ਅੰਨ੍ਹੇਵਾਹ ਵਾਧੇ ਦੀ ਸ਼ਿਕਾਰ ਧਰਤ ਮਾਤਾ ਪੰਜਾਬ ਦੇ ਰਖਵਾਲਿਆਂ ਦੀ ਜਾਨ ਦਾ ਸਿਆਪਾ ਕਰ ਰਹੀ ਹੈ, ਜਿਹੜੇ ਇਸ ਮਸਲੇ ਦਾ ਕੋਈ ਹੱਲ ਕਰਨ ਦੀ ਬਜਾਏ ਇਸ ਵਹਿੰਦੀ ਹੋਈ ਗੰਗਾ ਵਿੱਚ ਹੱਥ ਧੋਣ ਦੇ ਆਹਰ ਵਿੱਚ ਲੱਗੇ ਹੋਏ ਹਨ। ਕੋਈ ਮਹੀਨੇ ਇਕੱਠੇ ਕਰਦਾ ਫਿਰਦਾ ਹੈ, ਕੋਈ ਮਹੀਨਾ ਨਾ ਦੇਣ ਵਾਲੇ ਤੋਂ ਨਿੱਕੀ ਮੋਟੀ ਛਾਪੇ ਮਾਰੀ ਕਰਕੇ ਵਸੂਲੀ ਕਰ ਰਿਹਾ ਹੈ। ਕੋਈ ਮਹੀਨਾ ਨਾ ਦੇਣ ਅਤੇ ਨਸ਼ੇ ਨਾ ਵੇਚਣ ਵਾਲੇ ਨੂੰ ਨਸ਼ੇ ਵੇਚਣ ਲਈ ਕਹਿ ਰਿਹਾ ਹੈ। ਕਦੋਂ ਸੁਧਰੇਗਾ ਇਹ ਸਭ? ਕੌਣ ਸੁਧਾਰੇਗਾ ਇਸ ਨੂੰ? ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਰਾਖੀ ਦੀ ਉਮੀਦ ਕਿਸ ਤੋਂ ਕੀਤੀ ਜਾ ਸਕਦੀ ਹੈ?
ਥੋੜ੍ਹੀ ਜਿਹੀ ਅੰਤਰਰਾਸ਼ਟਰੀ ਸਥਿਤੀ ’ਤੇ ਝਾਤ ਮਾਰ ਲਈ ਜਾਵੇ। ਅੰਨ੍ਹੀ ਪੀਹ ਰਹੀ ਹੈ, ਕੁੱਤੇ ਚੱਟ ਰਹੇ ਹਨ। ਨਸ਼ਿਆਂ ਦੇ ਟਰੱਕਾਂ ਦੇ ਟਰੱਕ ਬਣਦੇ, ਲਹਿੰਦੇ ਤੇ ਵਿਕਦੇ ਹਨ - ਭਾਵੇਂ ਉਹ ਅਫੀਮ-ਭੁੱਕੀ ਹੋਵੇ ਜਾਂ ਨਸ਼ੀਲੀਆਂ ਦਵਾਈਆਂ। ਤਕਰੀਬਨ 50 ਕੁ ਸਾਲ ਪਹਿਲਾਂ ਚੀਨ ਨੂੰ ਅਮਲੀਆਂ ਦਾ ਦੇਸ਼ ਕਿਹਾ ਜਾਂਦਾ ਸੀ ਪਰ ਅੱਜ ਚੀਨ ਸੁਧਰਕੇ ਦੁਨੀਆਂ ਵਿੱਚ ਆਪਣੀ ਪਛਾਣ ਬਣਾਈ ਬੈਠਾ ਹੈ। ਸਿੰਘਾਪੁਰ ਵਿੱਚ ਕਾਨੂੰਨ ਐਨਾ ਸਖ਼ਤ ਹੈ ਕਿ ਸਰਵਜਨਕ ਜਗ੍ਹਾ ’ਤੇ ਸਿਗਰਟ ਪੀਣ ਵਾਲੇ ਨੂੰ ਭਾਰਤੀ ਕਰੰਸੀ ਅਨੁਸਾਰ ਤਰਕੀਬਨ 25 ਹਜ਼ਾਰ ਰੁਪਏ ਜੁਰਮਾਨਾ ਭਰਨਾ ਪੈਂਦਾ ਹੈ। ਖਤਰਨਾਕ ਨਸ਼ੀਲੇ ਪਦਾਰਥਾਂ ਜਿਵੇਂ ਸਮੈਕ, ਹੈਰੋਇਨ, ਪੋਸਤ, ਗਾਂਜਾ, ਹਸ਼ੀਸ਼, ਕੋਕੇਨ ਆਦਿ ਦੇ ਵਪਾਰੀਆਂ ਨੂੰ ਮੌਤ ਤਕ ਦੀ ਸਜ਼ਾ ਦਿੱਤੀ ਜਾਂਦੀ ਹੈ। ਜੇਕਰ ਵੀਅਤਨਾਮ ਦੇ ਕਾਨੂੰਨ ਵੱਲ ਨਜ਼ਰ ਮਾਰੀਏ ਤਾਂ ਉੱਥੇ ਕਾਨੂੰਨ ਨਸ਼ਿਆਂ ਬਾਰੇ ਐਨਾ ਸਖ਼ਤ ਹੈ ਕਿ ਜੇਕਰ ਕਿਸੇ ਪਾਸੋਂ 99 ਗ੍ਰਾਮ ਨਸ਼ੀਲੀ ਚੀਜ਼ ਮਿਲ ਜਾਵੇ ਤਾਂ ਉਸ ਨੂੰ ਉਮਰ ਕੈਦ ਹੋ ਸਕਦੀ ਹੈ ਅਤੇ ਜੇਕਰ 100 ਗ੍ਰਾਮ ਵਜ਼ਨ ਹੋਵੇ ਤਾਂ ਰੱਖਣ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਮਜ਼ਦੂਰ-ਮਾਵਾਂ ਕੰਮ ਦੌਰਾਨ ਬੱਚੇ ਨੂੰ ਸੁੱਤਾ ਰੱਖਣ ਲਈ ਅਕਸਰ ਥੋੜ੍ਹੀ ਜਿਹੀ ਅਫੀਮ ਦੇ ਦਿੰਦੀਆਂ ਹਨ। ਅਜਿਹੇ ਬੱਚੇ ਵੀ ਕਈ ਵਾਰ ਘਾਤਕ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ।
ਅਫੀਮ ਅਤੇ ਅਜਿਹੇ ਹੋਰ ਨਸ਼ਿਆਂ ਬਾਰੇ ਕਾਨੂੰਨ: ਅਫੀਮ ਦੀ ਨਜਾਇਜ਼ ਖੇਤੀਅ ਤੇ ਧੰਦਾ ਰੋਕਣ ਲਈ 1857-58 ਵਿੱਚ ਓਪੀਅਮ ਐਕਟ (Opium Act) ਪਾਸ ਹੋਇਆ। ਫਿਰ ਸੰਨ 1930 ਵਿੱਚ ਡੈਂਜਰਸ ਡਰੱਗਜ਼ ਐਕਟ (Dangerous Drugs Act) ਪਾਸ ਕੀਤਾ ਗਿਆ। ਸਮੇਂ ਨਾਲ ਇਹ ਦੋਵੇਂ ਐਕਟ ਠੁੱਸ ਵਿਧਾਨ ਬਣ ਕੇ ਰਹਿ ਗਏ। ਬਹੁਤ ਘੱਟ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ, ਉਹ ਵੀ ਮਾਮੂਲੀ। ਇਨ੍ਹਾਂ ਤਹਿਤ ਵੱਧ ਤੋਂ ਵੱਧ 3 ਸਾਲ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੱਛਮੀ ਦੇਸ਼ਾਂ ਵਿੱਚ ਨਸ਼ਿਆਂ ਦਾ ਸੇਵਨ ਤੇਜ਼ੀ ਨਾਲ ਵਧਣਾ ਸ਼ੁਰੂ ਹੋਇਆ। 1970 ਤੋਂ ਬਾਅਦ ਤਾਂ ਇਸ ਨੇ ਵਿਸ਼ਵ-ਵਿਆਪੀ ਮਹਾਂਮਾਰੀ ਦਾ ਰੂਪ ਲੈ ਲਿਆ। ਹਿੱਪੀਆਂ ਵਰਗੇ ਨਸ਼ਾ-ਖੋਰ ਸੰਪ੍ਰਦਾਇ ਉੱਭਰੇ। ਭਾਰਤ ਵਿੱਚ ਵੀ ਇਹ ਕੋਹੜ ਫੈਲਿਆ ਤੇ ਵਧਦਾ ਹੀ ਜਾ ਰਿਹਾ ਹੈ। ਭੁੱਕੀ, ਅਫੀਮ, ਚਰਸ, ਗਾਂਜਾ, ਹੈਰੋਇਨ, ਸਮੈਕ ਆਦਿ ਦੀ ਮੰਗ ਵਧਣ ਕਾਰਨ ਇਨ੍ਹਾਂ ਦੀ ਅਵੈਧ (ਨਜਾਇਜ਼) ਪੈਦਾਵਾਰ, ਤਸਕਰੀ ਤੇ ਗੁਪਤ-ਧੰਦਾ ਜ਼ੋਰ ਪਕੜ ਗਿਆ। ਅੰਤਰਰਾਸ਼ਟਰੀ ਤੇ ਦੇਸ਼ ਵਿਚਲਾ ਮਾਫੀਆ (ਜਿਸ ਵਿੱਚ ਖਤਰਨਾਕ ਅਪਰਾਧੀਆਂ ਦੇ ਗਰੋਹ ਸ਼ਾਮਲ ਹਨ ਅਤੇ ਸਰਕਾਰੇ-ਦਰਬਾਰੇ ਰਸੂਖ ਰੱਖਣ ਵਾਲੇ ਕਈ ਸ਼ਕਤੀਸ਼ਾਲੀ ਲੈਂਡਲਾਰਡ ਅਤੇ ਸਿਆਸੀ ਤੇ ਅਖੌਤੀ ਧਾਰਮਕ ਨੇਤਾ ਵੀ ਲਿਪਤ ਹਨ) ਸਰਗਰਮ ਹੋ ਗਿਆ। ਹੁਣ ਕਰੜੇ ਅਵਰੋਧਕ ਕਾਨੂੰਨ ਲਾਗੂ ਕਰਨ ਦੀ ਲੋੜ ਹੈ। ਸੰਨ 1985 ਵਿੱਚ ਭਾਰਤ ਸਰਕਾਰ ਵੱਲੋਂ ‘ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ’ (Narcotic Drugs and Psychotropic Substances Act 1985) ਪਾਸ ਹੋਇਆ। ਉਪਰੋਕਤ ਨਸ਼ੀਲੇ ਪਦਾਰਥਾਂ ਦੀ ਅਵੈਧ ਉਪਜ, ਤਸਕਰੀ ਅਤੇ ਗੁਪਤ-ਧੰਦਾ ਸੰਗੀਨ ਜੁਰਮ ਕਰਾਰ ਦਿੱਤੇ ਗਏ। ਪਹਿਲੀ ਵਾਰ ਜੁਰਮ ਸਾਬਤ ਹੋਣ ’ਤੇ ਘੱਟੋ-ਘੱਟ 10 ਸਾਲ ਕੈਦ ਬਾਮੁਸ਼ੱਕਤ ’ਤੇ ਇੱਕ ਲੱਖ ਰੁਪਏ ਜੁਰਮਾਨਾ ਅਤੇ ਦੂਜੀ ਵਾਰ 15 ਸਾਲ ਕੈਦ ਬਾਮੁਸ਼ੱਕਤ ਤੇ ਡੇਢ ਲੱਖ ਰੁਪਏ ਜੁਰਮਾਨਾ ਹੈ। ਇਨ੍ਹਾਂ ਮੁਕੱਦਮਿਆਂ ਵਾਸਤੇ ਵਿਸ਼ੇਸ਼ ਅਦਾਲਤਾਂ ਹਨ ਅਤੇ ਜੱਜ ਨੂੰ ਉਪਰੋਕਤ ਸਜ਼ਾਵਾਂ ਵਧਾ ਕੇ ਦੁੱਗਣੀਆਂ ਕਰਨ ਦਾ ਅਧਿਕਾਰ ਵੀ ਹੈ। ਨਾਲ ਹੀ ਇਸ ਧੰਦੇ ਵਿੱਚੋਂ ਬਣਾਈ ਜਾਇਦਾਦ ਵੀ ਜ਼ਬਤ ਕਰ ਲਈ ਜਾਂਦੀ ਹੈ। ਸੰਨ 1989 ਵਿੱਚ ਇਸ ਐਕਟ ਵਿੱਚ ਤਰਮੀਮ ਕੀਤੀ ਗਈ, ਜਿਸਦੇ ਤਹਿਤ ਦੂਜੀ ਵਾਰ ਅਪਰਾਧੀ ਸਿੱਧ ਹੋਣ ’ਤੇ ਸਜ਼ਾ-ਏ-ਮੌਤ ਵੀ ਦਿੱਤੀ ਜਾ ਸਕਦੀ ਹੈ, ਬਸ਼ਰਤੇ ਕਿ ਫੜੀ ਗਈ ਅਫੀਮ ਦੀ ਮਾਤਰਾ 10 ਕਿਲੋਗ੍ਰਾਮ ਤੋਂ ਵੱਧ ਅਤੇ ਮਾਰਫੀਨ ਜਾਂ ਹੈਰੋਇਨ ਦੀ ਮਾਤਰਾ ਇੱਕ ਕਿਲੋਗ੍ਰਾਮ ਤੋਂ ਵੱਧ ਹੋਏ। ਇਸ ਐਕਟ ਦੀ ਧਾਰਾ 64-ਏ ਤਹਿਤ ਕਿਸੇ ਕੋਲੋਂ ਖੁਦ ਆਪਣੀ ਵਰਤੋਂ ਲਈ ਮਾਮੂਲੀ ਮਿਕਦਾਰ (5 ਗ੍ਰਾਮ ਅਫੀਮ ਜਾਂ 0.25 ਗ੍ਰਾਮ ਹੈਰੋਇਨ) ਫੜੀ ਜਾਣ ’ਤੇ ਵੀ 6 ਮਹੀਨੇ ਤੋਂ ਇੱਕ ਸਾਲ ਦੀ ਕੈਦ ਜਾਂ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਪ੍ਰੰਤੂ ਪਹਿਲੀ ਵਾਰ ਇਹ ਸਜ਼ਾ ਮੁਆਫ ਵੀ ਹੋ ਸਕਦੀ ਹੈ, ਜੇਕਰ ਮੁਜਰਿਮ ਕਿਸੇ ਮਾਨਤਾ-ਪ੍ਰਾਪਤ ਨਸ਼ਾ-ਮੁਕਤੀ ਹਸਪਤਾਲ ਵਿੱਚ ਇਲਾਜ ਰਾਹੀਂ ਨਸ਼ਾ ਛੱਡਣ ਲਈ ਰਜ਼ਾਮੰਦ ਹੋਏ। ਜੇ ਉਹ ਇਲਾਜ ਅਧਵਾਟੇ ਹੀ ਛੱਡ ਦਿੰਦਾ ਹੈ ਤਾਂ ਉਸ ਨੂੰ ਸਜ਼ਾ ਭੁਗਤਣੀ ਪੈਂਦੀ ਹੈ।
ਇੰਨੇ ਸਖਤ ਕਾਨੂੰਨ ਹੋਣ ’ਤੇ ਵੀ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਉਪਜ, ਤਸਕਰੀ ਤੇ ਗੁਪਤ-ਧੰਦਾ ਜ਼ੋਰਾਂ ’ਤੇ ਹੈ। ਇਸਦੇ ਕਾਰਨ ਕਿਆਸੇ ਜਾ ਸਕਦੇ ਹਨ। ਇੱਥੇ ਵਿਸਤਾਰ ਦੀ ਲੋੜ ਨਹੀਂ। ਇਹ ਐਕਟ ਪਾਸ ਹੋਣ ਤੋਂ ਬਾਅਦ ਬਲੈਕੀਏ ਬੜੇ ਸਾਵਧਾਨ ਹੋ ਗਏ ਹਨ। ਆਪਣੇ ਅਮਲੀ ਗਾਹਕ ਨੂੰ ਕੁਝ ਸਕਿੰਟ ਹੀ ਆਪਣੇ ਕੋਲ ਖਲੋਣ ਦਿੰਦੇ ਹਨ। ਕੋਈ ਸੌਦੇਬਾਜ਼ੀ ਨਹੀਂ ਕਰਦੇ ਅਤੇ ਗਾਹਕ ਦੀ ਚੰਗੀ ਛਿੱਲ ਲਾਹੁੰਦੇ ਹਨ। ਉਸ ਤੋਂ ਨੋਟ ਫੜੇ ਤੇ ਅਫੀਮ, ਭੁੱਕੀ ਜਾਂ ਸਮੈਕ (ਜਿਸ ਵਿੱਚ ਚੋਖੀ ਸੁਆਹ ਰਲੀ ਹੁੰਦੀ ਹੈ) ਦੀ ਪੁੜੀ ਹੱਥ ਫੜਾ ਤੁਰੰਤ ਖਿਸਕਣ ਦਾ ਇਸ਼ਾਰਾ ਕਰਦੇ ਹਨ। ਗਾਹਕ ਵੀ ਇਸੇ ਵਿੱਚ ਆਪਣੀ ਖੈਰ ਸਮਝਦਾ ਹੈ। ਇਨ੍ਹਾਂ ਗੱਲਾਂ ਤੋਂ ਤੰਗ ਆ ਕਈ ਅਮਲੀ ਅਫੀਮ, ਭੁੱਕੀ ਦੀ ਥਾਂ ਕੈਮੀਕਲ ਨਸ਼ੇ ਕਰਨ ਲੱਗ ਪਏ ਹਨ। ਜੇਕਰ ਸਰਕਾਰਾਂ ਨਸ਼ੇ ਬੰਦ ਕਰਨਾ ਚਾਹੁਣ ਤਾਂ ਨਸ਼ੇ ਬਹੁਤ ਜਲਦ ਬੰਦ ਕੀਤੇ ਜਾ ਸਕਦੇ ਪਰ ਅਫ਼ਸੋਸ ਨਸ਼ਿਆਂ ਦੇ ਸੁਦਾਗਰਾਂ, ਜਿਨ੍ਹਾਂ ਨੂੰ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਹਾਸਲ ਹੁੰਦੀ ਹੈ, ਉਹ ਸੱਤਾਧਾਰੀ ਪਾਰਟੀ ਵਿੱਚ ਰਲੇਵਾਂ ਕਰਕੇ ਯੋਗ ਥਾਂ ਬਣਾਉਣ ਵਿੱਚ ਸਫ਼ਲ ਹੋ ਜਾਂਦੇ ਹਨ। ਇਸੇ ਤਰ੍ਹਾਂ ਪੁਲਿਸ ਤੰਤਰ ਵਿੱਚ ਵੀ ਕਾਲੀਆਂ ਭੇਡਾਂ ਹਨ। ਇਸ ’ਤੇ ਗ਼ੌਰ ਕਰਨ ਦੀ ਲੋੜ ਹੈ। ਇਸ ਲਈ ਲੋਕ ਲਹਿਰ ਤੋਂ ਬਿਨਾਂ ਨਸ਼ੇ ਨੂੰ ਖਤਮ ਕਰਨ ਦੀ ਸੰਭਾਵਨਾ ਘੱਟ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4691)
(ਸਰੋਕਾਰ ਨਾਲ ਸੰਪਰਕ ਲਈ: (