“ਕਲਾਮ ਸਾਹਿਬ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਗਰੀਬ ਘਰ ਵਿੱਚ ਜਨਮ ਹੋਣਾ ...”
(15 ਅਕਤੂਬਰ 2026)

“ਸਾਦਗੀ ਹੀ ਜਿਸਦੀ ਸ਼ਾਨ ਸੀ, ਗਿਆਨ ਹੀ ਜਿਸਦੀ ਪਛਾਣ ਸੀ। ਰਾਸ਼ਟਰਪਤੀ ਹੋ ਕੇ ਵੀ ਜੋ ਫਕੀਰ ਰਿਹਾ, ਉਹੀ, ਕਲਾਮ ਹੀ ਤਾਂ ਹਿੰਦੁਸਤਾਨ ਦੀ ਜਾਨ ਸੀ।”
ਭਾਰਤ ਦੇ ਇਤਿਹਾਸ ਵਿੱਚ ਕੁਝ ਸ਼ਖਸੀਅਤਾਂ ਅਜਿਹੀਆਂ ਹਨ ਜਿਨ੍ਹਾਂ ਨੇ ਗਰੀਬੀ ਵਿੱਚ ਜਨਮ ਲੈ ਕੇ ਆਪਣੀ ਮਿਹਨਤ ਨਾਲ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਹਾਸਲ ਕੀਤਾ। ਡਾ. ਅਬਦੁਲ ਕਲਾਮ ਉਨ੍ਹਾਂ ਵਿੱਚੋਂ ਸਭ ਤੋਂ ਚਮਕਦਾ ਨਾਮ ਹੈ।
ਡਾ. ਅਬਦੁਲ ਕਲਾਮ ਜੀ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ਕਸਬੇ ਵਿੱਚ ਇੱਕ ਗਰੀਬ ਮੁਸਲਮਾਨ ਪਰਿਵਾਰ ਵਿੱਚ ਹੋਇਆ। ਪਿਤਾ ਜੈਨੁਲਾਬਦੀਨ ਇੱਕ ਕਿਸ਼ਤੀ ਦੇ ਮਾਲਕ ਸਨ ਅਤੇ ਮਾਤਾ ਆਸ਼ੀਅੰਮਾ ਘਰ ਸੰਭਾਲਦੀ ਸੀ। ਘਰ ਵਿੱਚ ਪੈਸਾ ਘੱਟ ਸੀ, ਪਰ ਸੰਸਕਾਰ ਬਹੁਤ ਸਨ। ਬਚਪਨ ਵਿੱਚ ਕਲਾਮ ਜੀ ਨੂੰ ਪੜ੍ਹਾਈ ਲਈ ਬਹੁਤ ਸੰਘਰਸ਼ ਕਰਨਾ ਪਿਆ। ਸਵੇਰੇ 4 ਵਜੇ ਉੱਠ ਕੇ ਉਹ ਗਣਿਤ ਪੜ੍ਹਦੇ ਸਨ। ਅਖਬਾਰ ਵੰਡਣ ਦਾ ਕੰਮ ਵੀ ਕਰਦੇ ਸਨ ਤਾਂ ਜੋ ਫੀਸ ਦੇ ਸਕਣ। ਉਨ੍ਹਾਂ ਦੇ ਅਧਿਆਪਕ ਇਯਾਦੁਰਾਈ ਸੋਲੋਮਨ ਨੇ ਕਿਹਾ ਸੀ, “ਸਫਲਤਾ ਲਈ ਤਿੰਨ ਚੀਜ਼ਾਂ ਚਾਹੀਦੀਆਂ ਹਨ- ਇੱਛਾ, ਵਿਸ਼ਵਾਸ ਅਤੇ ਉਮੀਦ।” ਇਹ ਗੱਲ ਕਲਾਮ ਜੀ ਨੇ ਸਾਰੀ ਉਮਰ ਯਾਦ ਰੱਖੀ।
ਡਾ. ਅਬਦੁਲ ਕਲਾਮ ਜੀ ਰਾਮੇਸ਼ਵਰਮ ਤੋਂ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਤਿਰੂਚਿਰਾਪੱਲੀ ਦੇ ਸੇਂਟ ਜੋਸਫ ਕਾਲਜ ਗਏ। ਇੱਥੋਂ ਉਨ੍ਹਾਂ ਨੇ ਭੌਤਿਕ ਵਿਗਿਆਨ ਵਿੱਚ ਡਿਗਰੀ ਹਾਸਲ ਕੀਤੀ। ਪਰ ਉਨ੍ਹਾਂ ਦਾ ਸੁਪਨਾ ਹਵਾਈ ਜਹਾਜ਼ ਉਡਾਉਣਾ ਸੀ। ਇਸ ਲਈ ਉਹ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਵਿੱਚ ਏਅਰੋਨਾਟੀਕਲ ਇੰਜਨੀਅਰਿੰਗ ਪੜ੍ਹਨ ਗਏ। MIT ਵਿੱਚ ਫੀਸ ਬਹੁਤ ਸੀ। ਉਨ੍ਹਾਂ ਦੀ ਭੈਣ ਜ਼ੋਹਰਾ ਨੇ ਆਪਣੇ ਗਹਿਣੇ ਗਹਿਣੇ ਰੱਖ ਕੇ ਉਨ੍ਹਾਂ ਦੀ ਫੀਸ ਭਰੀ। ਕਲਾਮ ਨੇ ਵਾਅਦਾ ਕੀਤਾ ਕਿ ਉਹ ਭੈਣ ਦਾ ਇਹ ਕਰਜ਼ਾ ਜ਼ਰੂਰ ਉਤਾਰਨਗੇ। ਦਿਨ-ਰਾਤ ਮਿਹਨਤ ਕਰਕੇ ਉਨ੍ਹਾਂ ਨੇ 1960 ਵਿੱਚ ਇੰਜਨੀਅਰਿੰਗ ਪੂਰੀ ਕੀਤੀ।
1960 ਵਿੱਚ ਉਹ DRDO (ਰੱਖਿਆ ਖੋਜ ਸੰਸਥਾ) ਵਿੱਚ ਵਿਗਿਆਨੀ ਬਣੇ। ਫਿਰ 1969 ਵਿੱਚ ISRO (ਭਾਰਤੀ ਪੁਲਾੜ ਸੰਸਥਾ) ਵਿੱਚ ਚਲੇ ਗਏ। ਇੱਥੇ ਉਨ੍ਹਾਂ ਨੇ ਭਾਰਤ ਦਾ ਪਹਿਲਾ ਸੈਟੇਲਾਈਟ ਲਾਂਚ ਵਹੀਕਲ SLV-3 ਬਣਾਇਆ। 18 ਜੁਲਾਈ 1980 ਨੂੰ ਜਦੋਂ ਰੋਹਿਣੀ ਸੈਟੇਲਾਈਟ ਸਫਲਤਾਪੂਰਵਕ ਪੁਲਾੜ ਵਿੱਚ ਪਹੁੰਚਿਆ ਤਾਂ ਭਾਰਤ ਦੁਨੀਆ ਦਾ 7ਵਾਂ ਦੇਸ਼ ਬਣ ਗਿਆ। ਇਸ ਤੋਂ ਡਾ. ਅਬਦੁਲ ਕਲਾਮ ਜੀ ਨੇ ਅਗਨੀ ਅਤੇ ਪ੍ਰਿਥਵੀ ਮਿਜ਼ਾਈਲਾਂ ਬਣਾਈਆਂ। ਇਸੇ ਕਰਕੇ ਉਨ੍ਹਾਂ ਨੂੰ ‘ਮਿਜ਼ਾਈਲ ਮੈਨ ਆਫ ਇੰਡੀਆ’ ਕਿਹਾ ਜਾਣ ਲੱਗਾ। 1998 ਵਿੱਚ ਜਦੋਂ ਪੋਖਰਨ ਵਿੱਚ ਪਰਮਾਣੂ ਧਮਾਕਾ ਹੋਇਆ ਤਾਂ ਉਸਦੇ ਪਿੱਛੇ ਕਲਾਮ ਜੀ ਦੀ ਮੁੱਖ ਭੂਮਿਕਾ ਸੀ।
2002 ਵਿੱਚ ਡਾ. ਅਬਦੁਲ ਕਲਾਮ ਜੀ ਨੂੰ ਭਾਰਤ ਦਾ 11ਵਾਂ ਰਾਸ਼ਟਰਪਤੀ ਬਣਾਇਆ ਗਿਆ। ਰਾਸ਼ਟਰਪਤੀ ਭਵਨ ਵਿੱਚ ਰਹਿੰਦੇ ਹੋਏ ਵੀ ਉਹ ਬਹੁਤ ਸਾਦਾ ਜੀਵਨ ਜਿਊਂਦੇ ਸਨ। ਡਾ. ਕਲਾਮ ਜੀ ਦੀ ਸਾਦਗੀ ਦੀ ਸਭ ਤੋਂ ਵੱਡੀ ਮਿਸਾਲ ਹੈ
ਜਦੋਂ ਕਲਾਮ ਜੀ ਦੇ ਪਿੰਡ ਵਾਲੇ ਦਿੱਲੀ ਰਾਸ਼ਟਰਪਤੀ ਭਵਨ ਵਿੱਚ ਮਿਲਣ ਆਏ।
2002 ਵਿੱਚ ਜਦੋਂ ਡਾ. ਏ.ਪੀ.ਜੇ. ਅਬਦੁਲ ਕਲਾਮ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਰਾਮੇਸ਼ਵਰਮ ਵਿੱਚ ਉਨ੍ਹਾਂ ਦੇ ਪਿੰਡ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਬਾਲ ਜੋ ਕਦੇ ਉਨ੍ਹਾਂ ਦੀਆਂ ਗਲੀਆਂ ਵਿੱਚ ਅਖਬਾਰ ਵੰਡਦਾ ਸੀ, ਅੱਜ ਦੇਸ਼ ਦੇ ਸਭ ਤੋਂ ਵੱਡੇ ਭਵਨ ਵਿੱਚ ਬੈਠਾ ਸੀ। ਇੱਕ ਦਿਨ ਕਲਾਮ ਸਾਹਿਬ ਨੂੰ ਖਬਰ ਮਿਲੀ ਕਿ ਉਨ੍ਹਾਂ ਦੇ ਪਿੰਡ ਤੋਂ ਕਰੀਬ 30-35 ਰਿਸ਼ਤੇਦਾਰ ਅਤੇ ਪੁਰਾਣੇ ਗੁਆਂਢੀ ਉਨ੍ਹਾਂ ਨੂੰ ਮਿਲਣ ਦਿੱਲੀ ਆਉਣਾ ਚਾਹੁੰਦੇ ਹਨ। ਇਹ ਸਾਰੇ ਬਹੁਤ ਗਰੀਬ ਅਤੇ ਸਾਦੇ ਲੋਕ ਸਨ। ਕਈਆਂ ਨੇ ਪਹਿਲੀ ਵਾਰ ਰੇਲ ਗੱਡੀ ਵਿੱਚ ਸਫਰ ਕੀਤਾ ਸੀ। ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਨੇ ਸੋਚਿਆ ਕਿ ਮਹਿਮਾਨਾਂ ਲਈ ਕੋਈ ਵੱਡੇ ਹੋਟਲ ਵਿੱਚ ਪ੍ਰਬੰਧ ਕੀਤਾ ਜਾਵੇ; ਪਰ ਕਲਾਮ ਜੀ ਨੇ ਸਾਫ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ, “ਇਹ ਮੇਰੇ ਪਰਿਵਾਰ ਦੇ ਲੋਕ ਹਨ, ਮਹਿਮਾਨ ਨਹੀਂ। ਇਹ ਮੇਰੇ ਨਾਲ ਹੀ ਰਾਸ਼ਟਰਪਤੀ ਭਵਨ ਵਿੱਚ ਰਹਿਣਗੇ।” ਉਨ੍ਹਾਂ ਨੇ ਖੁਦ ਆਪਣੇ ਮਹਿਮਾਨਾਂ ਦਾ ਸਵਾਗਤ ਕੀਤਾ।
ਵੱਡੇ-ਵੱਡੇ ਕਮਰਿਆਂ ਨੂੰ ਦੇਖ ਕੇ ਪਿੰਡ ਵਾਲੇ ਘਬਰਾ ਰਹੇ ਸਨ। ਕਲਾਮ ਜੀ ਨੇ ਉਨ੍ਹਾਂ ਨੂੰ ਹੱਸ ਕੇ ਕਿਹਾ, “ਘਬਰਾਓ ਨਾ, ਇਹ ਤੁਹਾਡਾ ਹੀ ਘਰ ਹੈ।” ਖਾਣੇ ਵੇਲੇ ਸਭ ਤੋਂ ਛੋਹਣ ਵਾਲੀ ਘਟਨਾ ਵਾਪਰੀ। ਰਾਸ਼ਟਰਪਤੀ ਭਵਨ ਦੇ ਰਸੋਈਏ ਨੇ ਪੁੱਛਿਆ ਕਿ ਮਹਿਮਾਨਾਂ ਲਈ ਕੀ ਬਣਾਇਆ ਜਾਵੇ। ਕਲਾਮ ਜੀ ਨੇ ਕਿਹਾ, “ਮੇਰੇ ਪਿੰਡ ਵਾਲੇ ਸਾਦਾ ਖਾਣਾ ਖਾਂਦੇ ਹਨ। ਦਾਲ, ਚੌਲ਼, ਸਾਂਭਰ ਅਤੇ ਇਡਲੀ ਬਣਾਓ।”
ਕਲਾਮ ਸਾਹਿਬ ਖੁਦ ਜ਼ਮੀਨ ’ਤੇ ਬੈਠ ਕੇ ਉਨ੍ਹਾਂ ਨਾਲ ਖਾਣਾ ਖਾਣ ਲੱਗੇ। ਇੱਕ ਬਜ਼ੁਰਗ ਰਿਸ਼ਤੇਦਾਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਕਿਹਾ, “ਅਬਦੁਲ, ਤੂੰ ਰਾਸ਼ਟਰਪਤੀ ਬਣ ਗਿਆ ਹੈਂ, ਪਰ ਤੂੰ ਬਦਲਿਆ ਨਹੀਂ।”
ਕਲਾਮ ਜੀ ਨੇ ਆਪਣੇ ਖਾਸ ਸਹਾਇਕ ਨੂੰ ਬੁਲਾ ਕੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਦਿੱਲੀ ਦਰਸ਼ਨ ਕਰਵਾਏ ਜਾਣ। ਸਰਕਾਰੀ ਗੱਡੀਆਂ ਵਿੱਚ ਜਦੋਂ ਪਿੰਡ ਵਾਲੇ ਇੰਡੀਆ ਗੇਟ ਅਤੇ ਕੁਤਬ ਮੀਨਾਰ ਦੇਖਣ ਗਏ ਤਾਂ ਉਨ੍ਹਾਂ ਦੀ ਖੁਸ਼ੀ ਦੇਖਣ ਵਾਲੀ ਸੀ। ਵਾਪਸ ਜਾਂਦੇ ਸਮੇਂ ਕਲਾਮ ਜੀ ਨੇ ਹਰ ਇੱਕ ਨੂੰ ਤੋਹਫੇ ਵਜੋਂ ਆਪਣੀ ਕਿਤਾਬ ਦਿੱਤੀ ਅਤੇ ਉਨ੍ਹਾਂ ਦੇ ਪੈਰ ਛੂਹੇ। ਉਨ੍ਹਾਂ ਦੇ ਸਕੱਤਰ ਨੇ ਬਾਅਦ ਵਿੱਚ ਦੱਸਿਆ ਕਿ ਇਸ ਪੂਰੇ ਦੌਰੇ ਦਾ ਖਰਚਾ ਕਲਾਮ ਜੀ ਨੇ ਆਪਣੀ ਜੇਬ ਵਿੱਚੋਂ ਦਿੱਤਾ ਸੀ, ਸਰਕਾਰੀ ਖਜ਼ਾਨੇ ਵਿੱਚੋਂ ਇੱਕ ਰੁਪਇਆ ਵੀ ਨਹੀਂ ਲਿਆ। ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਅਹੁਦਾ ਭਾਵੇਂ ਕਿੰਨਾ ਵੀ ਵੱਡਾ ਹੋਵੇ, ਜੜ੍ਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਕਲਾਮ ਜੀ ਰਾਸ਼ਟਰਪਤੀ ਭਵਨ ਵਿੱਚ ਰਹਿੰਦੇ ਹੋਏ ਵੀ ਉਹੀ ਰਾਮੇਸ਼ਵਰਮ ਵਾਲੇ ਅਬਦੁਲ ਰਹੇ।
ਇਸੇ ਤਰ੍ਹਾਂ ਦੀਆਂ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀਆਂ ਸਾਦਗੀ ਦੀਆਂ ਬਹੁਤ ਘਟਨਾਵਾਂ ਹਨ। ਇੱਕ ਹੋਰ ਬਹੁਤ ਮਸ਼ਹੂਰ ਘਟਨਾ ਇਹ ਹੈ: ਜਦੋਂ ਕਲਾਮ ਸਾਹਿਬ ਰਾਸ਼ਟਰਪਤੀ ਬਣੇ ਤਾਂ ਰਾਸ਼ਟਰਪਤੀ ਭਵਨ ਦੇ ਸਟਾਫ ਨੇ ਉਨ੍ਹਾਂ ਲਈ ਵੱਡਾ ਸੂਟ ਅਤੇ ਸਾਰਾ ਸ਼ਾਹੀ ਸਮਾਨ ਤਿਆਰ ਕੀਤਾ। ਕਲਾਮ ਸਾਹਿਬ ਨੇ ਕਿਹਾ, “ਮੈਨੂੰ ਇੰਨਾ ਵੱਡਾ ਕਮਰਾ ਨਹੀਂ ਚਾਹੀਦਾ, ਮੈਨੂੰ ਇੱਕ ਛੋਟਾ ਕਮਰਾ ਦੇ ਦਿਓ, ਬਾਕੀ ਮਹਿਮਾਨਾਂ ਲਈ ਰਹਿਣ ਦਿਓ।” ਉਹ ਆਪਣੇ ਨਾਲ ਰਾਮੇਸ਼ਵਰਮ ਤੋਂ ਸਿਰਫ ਦੋ ਸੂਟਕੇਸ ਲਿਆਏ ਸਨ; ਇੱਕ ਵਿੱਚ ਕਿਤਾਬਾਂ ਅਤੇ ਦੂਜੇ ਵਿੱਚ ਕੱਪੜੇ।
ਇੱਕ ਵਾਰ ਕਲਾਮ ਸਾਹਿਬ ਜੀ ਦੀ ਜੁੱਤੀ ਟੁੱਟ ਗਈ। ਇੱਕ ਗਰੀਬ ਮੋਚੀ ਨੇ ਉਨ੍ਹਾਂ ਦੀ ਜੁੱਤੀ ਠੀਕ ਕਰ ਦਿੱਤੀ ਅਤੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਕਲਾਮ ਸਾਹਿਬ ਨੇ ਜ਼ੋਰ ਦੇ ਕੇ ਪੈਸੇ ਦਿੱਤੇ ਅਤੇ ਅਗਲੇ ਦਿਨ ਉਸ ਮੋਚੀ ਨੂੰ ਰਾਸ਼ਟਰਪਤੀ ਭਵਨ ਵਿੱਚ ਖਾਣੇ ’ਤੇ ਬੁਲਾਇਆ। ਸਟਾਫ ਹੈਰਾਨ ਰਹਿ ਗਿਆ ਕਿ ਇੱਕ ਰਾਸ਼ਟਰਪਤੀ ਇੱਕ ਮੋਚੀ ਨਾਲ ਇਕੱਠੇ ਬੈਠ ਕੇ ਖਾਣਾ ਖਾ ਰਿਹਾ ਹੈ।
ਇੱਕ ਯੂਨੀਵਰਸਿਟੀ ਵਿੱਚ ਕਲਾਮ ਸਾਹਿਬ ਲਈ ਸਟੇਜ ’ਤੇ ਵੱਡੀ ਕੁਰਸੀ ਲਾਈ ਗਈ ਅਤੇ ਬਾਕੀ ਪ੍ਰੋਫੈਸਰਾਂ ਲਈ ਛੋਟੀਆਂ। ਉਨ੍ਹਾਂ ਨੇ ਉਹ ਵੱਡੀ ਕੁਰਸੀ ਹਟਵਾ ਦਿੱਤੀ ਅਤੇ ਕਿਹਾ, “ਮੈਂ ਵੀ ਇੱਕ ਅਧਿਆਪਕ ਹਾਂ, ਮੈਨੂੰ ਵੀ ਉਹੀ ਕੁਰਸੀ ਚਾਹੀਦੀ ਹੈ ਜੋ ਬਾਕੀਆਂ ਨੂੰ ਮਿਲੀ ਹੈ।”
ਇਹ ਕਲਾਮ ਸਾਹਿਬ ਜੀ ਦੀ ਸਾਦਗੀ ਸੀ, ਜਿਸ ਕਰਕੇ ਲੋਕ ਉਨ੍ਹਾਂ ਨੂੰ People’s President ਕਹਿੰਦੇ ਸਨ।
ਕਲਾਮ ਸਾਹਬ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਦੇਸ਼ ਭਰ ਵਿੱਚ ਹਜ਼ਾਰਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਸੁਪਨੇ ਦੇਖਣ ਲਈ ਪ੍ਰੇਰਿਆ। ਉਨ੍ਹਾਂ ਦਾ ਨਾਅਰਾ ਸੀ, “ਸੁਪਨਾ ਉਹ ਨਹੀਂ ਹੁੰਦਾ, ਜਿਹੜਾ ਸੁੱਤੇ ਪਿਆਂ ਆਵੇ, ਸਗੋਂ ਸੁਪਨਾ ਉਹ ਹੈ, ਜਿਹੜਾ ਸੌਣ ਨਾ ਦੇਵੇ।”
ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਕਲਾਮ ਸਾਹਿਬ ਪੜ੍ਹਾਉਂਦੇ ਰਹੇ। 27 ਜੁਲਾਈ 2015 ਨੂੰ ਸ਼ਿਲਾਂਗ ਦੇ IIM ਵਿੱਚ ਕਲਾਮ ਸਾਹਿਬ ਵਿਦਿਆਰਥੀਆਂ ਨੂੰ ਭਾਸ਼ਣ ਦੇ ਰਹੇ ਸਨ ਜਦੋਂ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਇਸ ਦੁਨੀਆ ਤੋਂ ਚਲੇ ਗਏ। ਕਲਾਮ ਸਾਹਿਬ ਦੀ ਮੌਤ ਵੀ ਉਸੇ ਤਰ੍ਹਾਂ ਹੋਈ ਜਿਵੇਂ ਉਨ੍ਹਾਂ ਦਾ ਜੀਵਨ ਸੀ- ਬੱਚਿਆਂ ਵਿੱਚ, ਪੜ੍ਹਾਉਂਦੇ ਹੋਏ।
ਡਾ. ਅਬਦੁਲ ਕਲਾਮ ਸਾਹਿਬ ਨੂੰ ਭਾਰਤ ਰਤਨ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ। ਉਨ੍ਹਾਂ ਦੀਆਂ ਕਿਤਾਬਾਂ ‘ਵਿੰਗਜ਼ ਆਫ ਫਾਇਰ’ ਅਤੇ ‘ਇਗਨਾਈਟਿਡ ਮਾਈਂਡਜ਼’ ਅੱਜ ਵੀ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੀਆਂ ਹਨ।
ਕਿਤਾਬਾਂ ਤੋਂ ਜੋ ਗਿਆਨ ਮਿਲੇ, ਉਹੀ ਅਸਲੀ ਧਨ ਹੈ। ਡਿਗਰੀਆਂ ਨਾਲੋਂ ਵੱਡਾ, ਕਿਰਦਾਰ ਦਾ ਮਨ ਹੈ।
ਕਲਾਮ ਸਾਹਿਬ ਕਹਿ ਗਏ ਹਨ: ਬੱਚਿਓ ਮਿਹਨਤ ਤੋਂ ਨਾ ਡਰੋ, ਸਾਦਗੀ ਵਿੱਚ ਹੀ ਜੀਵਨ ਦਾ ਅਸਲੀ ਰੰਗ ਹੈ।
ਕਲਾਮ ਸਾਹਿਬ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਗਰੀਬ ਘਰ ਵਿੱਚ ਜਨਮ ਹੋਣਾ ਕੋਈ ਰੁਕਾਵਟ ਨਹੀਂ; ਮਿਹਨਤ, ਇਮਾਨਦਾਰੀ ਅਤੇ ਸੁਪਨੇ ਇਨਸਾਨ ਨੂੰ ਅਸਮਾਨ ਤਕ ਪਹੁੰਚਾ ਸਕਦੇ ਹਨ।
**



























































































































