JagtarSBhungarni7“ਸੱਤਾ ਸਵਾਲ ਤੋਂ ਡਰਦੀ ਹੈ। ਕਾਲਾ ਝੰਡਾ ਹਥਿਆਰ ਨਹੀਂ, ਹਾਕਮ ਲਈ ਸ਼ੀਸ਼ਾ ਹੈ ...”
(2 ਅਕਤੂਬਰ 2026)

 

ਲੋਕਤੰਤਰ ਵਿੱਚ ਵਿਰੋਧ ਦੇ ਸੈਂਕੜੇ ਸੱਭਿਅਕ ਤਰੀਕੇ ਹਨ- ਵੋਟ, ਧਰਨਾ, ਮੁਜ਼ਾਹਰਾ, ਕਾਲੇ ਝੰਡੇ ਦਿਖਾਉਣ, ਸੱਤਾ ਧਾਰੀ ਆਗੂਆਂ ਨੂੰ ਸਵਾਲ-ਜਵਾਬ ਕਰਨੇ, ਅਖੀਰ ਅਦਾਲਤ ਵੱਲੋਂ ਵੀ ਭਰੋਸਾ ਉੱਠ ਜਾਣਾ। ਜਦੋਂ ਇਹ ਸਾਰੇ ਰਾਹ ਬੰਦ ਹੋ ਜਾਣ ਤਾਂ ਆਮ ਆਦਮੀ ਦੇ ਹੱਥ ਵਿੱਚ ਸਿਰਫ ਉਸਦੇ ਪੈਰਾਂ ਦੀ ਜੁੱਤੀ ਰਹਿ ਜਾਂਦੀ ਹੈ। ਪਿਛਲੇ 20-22 ਕੁ ਸਾਲਾਂ ਵਿੱਚ ਪ੍ਰਧਾਨ ਮੰਤਰੀਆਂ, ਮੁੱਖ ਮੰਤਰੀਆਂ, ਮੰਤਰੀਆਂ ਅਤੇ ਅਖੀਰ ਜੱਜਾਂ ਵੱਲ ਨੂੰ ਜੁੱਤੀਆਂ ਸੁੱਟਣ ਦੀਆਂ ਘਟਨਾਵਾਂ ਨੇ ਇੱਕ ਗੰਭੀਰ ਸਵਾਲ ਖੜ੍ਹਾ ਕੀਤਾ ਹੈ- ਇਹ ਵਿਰੋਧ ਕਿਉਂ? ਜੁੱਤੀ ਹੀ ਕਿਉਂ? ਭਾਰਤੀ ਸੱਭਿਆਚਾਰ ਵਿੱਚ ਜੁੱਤੀ ਨੂੰ ਸਭ ਤੋਂ ਨੀਵੀਂ ਚੀਜ਼ ਮੰਨਿਆ ਜਾਂਦਾ ਹੈ। ਜੁੱਤੀ ਮਾਰਨਾ ਸਰੀਰਕ ਹਮਲਾ ਨਹੀਂ, ਇੱਜ਼ਤ ’ਤੇ ਹਮਲਾ ਹੈ। ਇਸਦਾ ਅਰਥ ਹੈ, “ਤੂੰ ਇਸ ਕੁਰਸੀ ਦੇ ਲਾਇਕ ਨਹੀਂ।” ਸੁੱਟਣ ਵਾਲਾ ਜਾਣਦਾ ਹੈ ਕਿ ਉਸਨੂੰ ਫੜ ਲਿਆ ਜਾਵੇਗਾ, ਫਿਰ ਵੀ ਉਹ ਸੁੱਟਦਾ ਹੈ ਕਿਉਂਕਿ ਉਸਦਾ ਮਕਸਦ ਮਾਰਨਾ ਨਹੀਂ, ਸ਼ਰਮਸਾਰ ਕਰਨਾ ਹੈ। ਇਸਦੀ ਆਧੁਨਿਕ ਸ਼ੁਰੂਆਤ 14 ਦਸੰਬਰ 2008 ਨੂੰ ਬਗਦਾਦ ਵਿੱਚ ਹੋਈ, ਜਦੋਂ ਇਰਾਕੀ ਪੱਤਰਕਾਰ ਮੁਨਤਜ਼ਰ ਅਲ-ਜ਼ੈਦੀ ਨੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਉੱਤੇ ਜੁੱਤੀ ਸੁੱਟ ਕੇ ਕਿਹਾ ਸੀ, “ਇਹ ਇਰਾਕ ਦੀਆਂ ਵਿਧਵਾਵਾਂ ਵੱਲੋਂ ਹੈ।”

ਇਸ ਤੋਂ ਉਪਰੰਤ ਸਾਡੇ ਦੇਸ਼ ਭਰ ਵਿੱਚ ਵੀ ਇਹ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ। ਕਈ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ, ਜਿਵੇਂ ਪੀ. ਚਿਦੰਬਰਮ (7 ਅਪਰੈਲ 2009, ਦਿੱਲੀ) ਗ੍ਰਹਿ ਮੰਤਰੀ ਦੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੇ ਸਵਾਲ ਨੂੰ ਟਾਲਣ ’ਤੇ ਪੱਤਰਕਾਰ ਜਰਨੈਲ ਸਿੰਘ ਵੱਲੋਂ ਜੁੱਤੀ ਸੁੱਟੀ ਗਈ। ਡਾ. ਮਨਮੋਹਨ ਸਿੰਘ (26 ਅਪਰੈਲ 2009, ਅਹਿਮਦਾਬਾਦ) ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ’ਤੇ ਜੁੱਤੀ ਸੁੱਟੀ ਗਈ। ਜੱਜ ਜੇ.ਆਰ. ਆਰੀਅਨ (30 ਅਪਰੈਲ 2013, ਦਿੱਲੀ) ਕੜਕੜਡੂਮਾ ਅਦਾਲਤ ਵਿੱਚ ਸੱਜਣ ਕੁਮਾਰ ਨੂੰ ਬਰੀ ਕਰਨ ’ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ (ਪਿੰਡ ਵਾਸੀ ਪੀਰ ਮੁਹੰਮਦ ਪੰਜਾਬ) ਨੇ ਜੱਜ ਵੱਲ ਜੁੱਤੀ ਸੁੱਟੀ। ਉਸਦਾ ਕਹਿਣਾ ਸੀ, “ਮੈਂ ਕੌਮ ਦੇ ਦਰਦ ਨੂੰ ਦਿਖਾਉਣਾ ਚਾਹੁੰਦਾ ਸੀ।”

ਅਸਲ ਵਿੱਚ 1984 ਤੋਂ 29 ਸਾਲਾਂ ਬਾਅਦ ਵੀ ਇਨਸਾਫ ਨਾ ਮਿਲੇ, ਸੱਤਾ ਦਾ ਹੰਕਾਰ, ਜਦੋਂ ਹਾਕਮ ਸਵਾਲ ਸੁਣਨਾ ਬੰਦ ਕਰ ਦੇਵੇ, ਵਾਅਦਾ ਖਿਲਾਫੀ, ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲੇ ਕਿਸਾਨ ਨੂੰ ਭਾਅ ਨਾ ਮਿਲੇ ਰੋਹ ਤਾਂ ਫੁੱਟਦਾ ਹੀ ਹੈ। ਪੰਜਾਬ ਵੀ ਇਸ ਵਿਰੋਧ ਤੋਂ ਅਸ਼ੂਤਾ ਨਹੀਂ ਰਿਹਾ। ਪੰਜਾਬ ਵਿੱਚ ਕੀ ਹੋਇਆ? ਪ੍ਰਕਾਸ਼ ਸਿੰਘ ਬਾਦਲ ’ਤੇ ਜੁੱਤੀ- 15 ਅਗਸਤ 2014, ਈਸੜੂ (ਲੁਧਿਆਣਾ) ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਸਿਆਸੀ ਕਾਨਫਰੰਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਟੇਜ ਵੱਲ 23 ਸਾਲਾ ਬੇਰੁਜ਼ਗਾਰ ਨੌਜਵਾਨ ਵਿਕਰਮ ਸਿੰਘ ਧਨੌਲਾ, (ਬਰਨਾਲਾ) ਨੇ ਜੁੱਤੀ ਸੁੱਟੀ। ਨੌਜਵਾਨ ਦਾ ਕਹਿਣਾ ਸੀ, “ਸਿਆਸਤਦਾਨ ਝੂਠੇ ਵਾਅਦੇ ਕਰਦੇ ਹਨ, ਰੁਜ਼ਗਾਰ ਨਹੀਂ ਦਿੰਦੇ। ਸੂਤਰ ਇਹ ਵੀ ਦੱਸਦੇ ਹਨ ਕਿ ਵਿਕਰਮ ਉਸ ਸਮੇਂ ਅੱਜ ਦੀ ਸੱਤਾਧਾਰੀ ਪਾਰਟੀ ਦਾ ਸਰਗਰਮ ਵਰਕਰ ਸੀ ਅਤੇ ਸਰਕਾਰੀ ਤਸ਼ੱਦਦ ਤੋਂ ਬਾਅਦ ਉਹ ਲੰਮਾ ਸਮਾਂ ਚੱਲ ਫਿਰ ਨਹੀਂ ਸਕਿਆ। ਦੂਸਰੀ ਵਾਰ ਫਿਰ ਪ੍ਰਕਾਸ਼ ਸਿੰਘ ਬਾਦਲ ਵੱਲ- 11 ਜਨਵਰੀ 2017, ਲੰਬੀ (ਮੁਕਤਸਰ) ਆਪਣੇ ਹੀ ਹਲਕੇ ਲੰਬੀ ਦੇ ਪਿੰਡ ਰੱਤਾ ਖੇੜਾ ਵਿੱਚ ਚੋਣ ਪ੍ਰਚਾਰ ਦੌਰਾਨ 40 ਸਾਲਾ ਗੁਰਬਚਨ ਸਿੰਘ ਨੇ ਬਾਦਲ ਵੱਲ ਜੁੱਤੀ ਸੁੱਟੀ। ਪੁਲਿਸ ਅਨੁਸਾਰ ਉਹ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਸਰਕਾਰ ਦੀ ਨਾਕਾਮੀ ਤੋਂ ਗੁੱਸੇ ਵਿੱਚ ਸੀ। ਅਸਲ ਕਾਰਨ ਪਹਿਲਾ, ਨਿਆਏ ਵਿੱਚ ਦੇਰੀ, ਦੂਜਾ, ਸੱਤਾ ਦਾ ਹੰਕਾਰ, ਤੀਜਾ, ਵਾਅਦਾ ਖਿਲਾਫੀ। ਜਦੋਂ ਹਾਕਮ ਸਵਾਲ ਸੁਣਨਾ ਬੰਦ ਕਰ ਦੇਵੇ ਤਾਂ ਜੁੱਤੀ ਉੱਠਦੀ ਹੈ। ਭਾਵੇਂ ਕਾਨੂੰਨ ਦੀ ਨਜ਼ਰ ਵਿੱਚ ਜੁੱਤੀ ਸੁੱਟਣਾ ਅਪਰਾਧ ਹੈ ਪਰ ਸਮਾਜ ਦੀ ਨਜ਼ਰ ਵਿੱਚ ਇਹ ਭਰੋਸੇ ਦੇ ਟੁੱਟਣ ਦੀ ਨਿਸ਼ਾਨੀ ਹੈ। ਜਿਸ ਦਿਨ ਹਾਕਮ ਲੋਕਾਂ ਦੀ ਗੱਲ ਸੁਣਨ ਲੱਗ ਪਵੇਗਾ, ਉਸ ਦਿਨ ਤੋਂ ਕੋਈ ਜੁੱਤੀ ਹਵਾ ਵਿੱਚ ਨਹੀਂ ਉੱਡੇਗੀ।

ਕਾਲੇ ਝੰਡੇ ਦਿਖਾਉਣ ਵਾਲਿਆਂ ’ਤੇ ਤਸ਼ੱਦਦ - ਪੰਜਾਬ ਦੀਆਂ ਘਟਨਾਵਾਂ - ਹਾਲੀਆ ਹੀ ਸੰਗਰੂਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦੇ ਵਿਰੋਧ ਵਿੱਚ ਕਾਲੇ ਝੰਡੇ ਲਹਿਰਾਉਣ ਵਾਲੇ ’ਤੇ ਸਰਕਾਰੀ ਤਸ਼ੱਦਦ ਹੋਣ ਦਾ ਵਿਸ਼ਾ ਬਹੁਤ ਚਰਚਾ ਵਿੱਚ ਰਿਹਾ, ਜਿਸ ਵਿੱਚ ਪੰਜਾਬ ਦੀਆਂ ਸਮੂਹ ਸਮਾਜਿਕ ਰਾਜਨੀਤਕ ਸਿਆਸੀ ਜਥੇਬੰਦੀਆਂ ਨੇ ਰੱਜ ਕੇ ਸਰਕਾਰੀ ਤਸ਼ੱਦਦ ਦਾ ਵਿਰੋਧ ਕੀਤਾ। ਇਸ ਵਿੱਚ ਉਨ੍ਹਾਂ ਜਥੇਬੰਦੀਆਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਿਨ੍ਹਾਂ ਦੀ ਸਰਕਾਰ ਮੌਕੇ ਵੀ ਇਹੋ ਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਸਨ। ਉਨ੍ਹਾ ਦਾ ਕਹਿਣਾ ਸੀ ਕਿ ਕਾਲਾ ਝੰਡਾ ਦਿਖਾਉਣਾ ਸ਼ਾਂਤਮਈ ਲੋਕਤੰਤਰੀ ਵਿਰੋਧ ਦਾ ਪ੍ਰਤੀਕ ਹੈ। ਸਮਾਜਿਕ ਅਤੇ ਖੱਬੀ ਲਹਿਰ ਨਾਲ ਜੁੜੀਆਂ ਜਥੇਬੰਦੀਆਂ ਦਾ ਮੰਨਣਾ ਹੈ ਕਿ ਸਰਕਾਰ ਵਿਰੁੱਧ ਕਾਲਾ ਝੰਡਾ ਲਹਿਰਾਉਣਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਸ਼ਾਂਤਮਈ ਪ੍ਰਦਰਸ਼ਨ ਕਰਨਾ ਹੈ। ਇਸਦਾ ਅਰਥ ਹੈ ਕਿ “ਅਸੀਂ ਤੇਰੇ ਰਾਜ ਨਾਲ ਸਹਿਮਤ ਨਹੀਂ।”

ਅਜ਼ਾਦੀ ਸੰਘਰਸ਼ ਸਮੇਂ ਪੰਜਾਬ ਦੇ ਵਸਨੀਕ ਸ਼ਹੀਦ ਲਾਲਾ ਲਾਜਪਤ ਰਾਏ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਅੰਗਰੇਜ਼ ਹਕੂਮਤ ਦੇ ਖਿਲਾਫ ਕਾਲਾ ਝੰਡਾ ਲਹਿਰਾ ਕੇ ਵਿਰੋਧ ਕੀਤਾ ਸੀ ਅਤੇ ਹਕੂਮਤ ਨੇ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਸੀ, ਜਿਸ ਦੌਰਾਨ ਲਾਲਾ ਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਤੇ ਬਾਅਦ ਵਿੱਚ ਸ਼ਹੀਦ ਹੋ ਗਏ ਸਨ। ਪਰ ਹੁਣ ਤਾਂ ਦੇਸ਼ ਆਜ਼ਾਦ ਹੋਇਆ ਅੱਠ ਦਹਾਕਿਆਂ ਦੇ ਲਗਭਗ ਸਮਾਂ ਹੋ ਗਿਆ ਹੈ ਕਿ ਪੰਜਾਬ ਵਿੱਚ ਸਾਡੇ ਆਪਣਿਆਂ ਦਾ ਰਾਜ ਹੈ। ਅਕਸਰ ਆਪਣਿਆਂ ਨੂੰ ਹੀ ਸਵਾਲ ਪੁੱਛਣ ਵਾਲਿਆਂ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਹੈ, ਜਿਸਦੀ ਤਾਜ਼ਾ ਮਿਸਾਲ ਮੋਹਨਜੀਤ ਸਿੰਘ ਸ਼ੇਰੋਂ ਵਾਲਾ ਮਾਮਲਾ (2 ਸਤੰਬਰ 2026) ਗੰਭੀਰ ਮਾਮਲਾ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ (ਸੁਨਾਮ ਹਲਕਾ) ਵਿੱਚ ਮੁੱਖ ਮੰਤਰੀ ਪੰਜਾਬ ਦਾ ‘ਲੋਕ ਮਿਲਣੀ’ ਪ੍ਰੋਗਰਾਮ ਸੀ। ਇੱਕ 37 ਸਾਲਾ ਮੋਹਨਜੀਤ ਸਿੰਘ ਨੇ, ਜੋ ਨਸ਼ਿਆਂ ਖਿਲਾਫ ਸੋਸ਼ਲ ਮੀਡੀਆ ’ਤੇ ਸਰਗਰਮ ਸੀ, ਨੇੜਲੇ ਘਰ ਦੀ ਛੱਤ ਤੇ ਚੜ੍ਹ ਕੇ ਕਾਲਾ ਝੰਡਾ ਦਿਖਾਇਆ ਤੇ ਨਾਅਰੇ ਲਾਏ, “ਪਿੰਡ ਵਿੱਚ ਚਿੱਟਾ ਵਿਕ ਰਿਹਾ ਹੈ, ਸਰਕਾਰ ਦੇ ਨਸ਼ਾ ਖਤਮ ਕਰਨ ਦੇ ਦਾਅਵੇ ਝੂਠੇ ਹਨ।” ਪ੍ਰਸ਼ਾਸਨ ਨੇ ਉਸਨੂੰ ਛੱਤ ਤੋਂ ਘਸੀਟ ਕੇ ਹੇਠਾਂ ਉਤਾਰਿਆ ਅਤੇ ਹਿਰਾਸਤ ਵਿੱਚ ਲੈ ਲਿਆ। ਕੁਝ ਕੁ ਕਾਨੂੰਨੀ ਧਾਰਾਵਾਂ ਲਾ ਕੇ ਪਰਚਾ ਦਰਜ ਕਰਕੇ ਅਗਲੇ ਦਿਨ ਜ਼ਮਾਨਤ ’ਤੇ ਛੱਡ ਦਿੱਤਾ।

ਰਿਹਾਅ ਹੋਣ ਪਿੱਛੋਂ ਮੋਹਨਜੀਤ ਸਿੰਘ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖਲ ਹੋ ਗਿਆ। ਪੁਲਿਸ ਪ੍ਰਸ਼ਾਸਨ ਉੱਤੇ ਅੰਨਾ ਤਸ਼ੱਦਦ ਕਰਨ, ਸਿੱਖ ਕਕਾਰਾਂ ਦੀ ਬੇਅਦਬੀ, ਪੁਲਿਸ ਵੱਲੋਂ ਨਸ਼ਾ ਧੱਕੇ ਨਾਲ ਪਿਆਕੇ ਡੋਪ ਟੈੱਸਟ ਪਾਜ਼ੇਟਿਵ ਆਦਿ ਕਈ ਤਰ੍ਹਾਂ ਦੇ ਦੋਸ਼ ਲੱਗੇ, ਜਿਸਦਾ ਸਿੱਖਾਂ ਦੇ ਸਿਰਮੌਰ ਤਖਤ ਦੇ ਜਥੇਦਾਰ ਜੀ ਅਤੇ N R H M (ਕੌਮੀ ਮਨੁੱਖੀ ਅਧਿਕਾਰ ਕਮਿਸ਼ਨ) ਵੱਲੋਂ ਵੀ ਗੰਭੀਰ ਨੋਟਿਸ ਲਿਆ ਗਿਆ।

ਪਿਛਲੇ ਦਿਨੀਂ ਇਸੇ ਤਰ੍ਹਾਂ ਦਾ ਹੀ ਮਾਮਲਾ ਸੰਗਰੂਰ ਜ਼ਿਲ੍ਹੇ ਪਾਤੜਾਂ ਇਲਾਕੇ ਦੇ ਪਿੰਡ ਤੂਰ ਬੰਜਾਰਾ ਦੇ ਇੱਕ ਵਿਅਕਤੀ ਗੁਲਜ਼ਾਰ ਸਿੰਘ, ਜੋ ਆਪਣੇ ਨਸ਼ੇੜੀ ਪੁੱਤ ਦਾ ਸਤਾਇਆ ਹੋਇਆ ਸੀ, (ਪੁੱਤ ਨੇ ਘਰ ਦਾ ਸਾਰਾ ਸਮਾਨ ਹੀ ਵੇਚ ਦਿੱਤਾ ਸੀ) ਵੱਲੋਂ ਪਿੰਡ ਵਿੱਚ ਆਏ ਪੰਜਾਬ ਦੇ ਵਿੱਤ ਮੰਤਰੀ, ਜੋ ਨਸ਼ਿਆਂ ਸੰਬੰਧੀ ਸੁਣਵਾਈ ਕਰ ਰਹੇ ਸਨ, ਨੂੰ ਕਿਹਾ ਕਿ ਇੱਥੇ ਨਸ਼ਾ ਆਮ ਵਿਕ ਰਿਹਾ ਹੈ। ਉੱਥੋਂ ਦੇ ਕੁਝ ਮੋਹਤਵਾਰ ਵਿਅਕਤੀਆਂ ਨੇ ਮੰਤਰੀ ਸਾਹਿਬ ਦੇ ਸਾਹਮਣੇ ਹੀ ਸਵਾਲ ਪੁੱਛਣ ’ਤੇ ਇੰਨਾ ਜ਼ਲੀਲ ਕਰ ਦਿੱਤਾ, ਜਿਸਨੇ ਉਸਨੇ ਆਤਮ ਹੱਤਿਆ ਕਰ ਲਈ। ਇਸਦੀ ਵਾਇਰਲ ਹੋਈ ਵੀਡੀਓ ਸਰਕਾਰ ਲਈ ਚਰਚਾ ਵਿਸ਼ਾ ਬਣੀ। ਇਸੇ ਤਰ੍ਹਾਂ ਦੀ ਪੁਰਾਣੀਆਂ ਘਟਨਾਵਾਂ: ਬਾਦਲ ਸਰਕਾਰ ਵੇਲੇ (2015-16): ਬੇਅਦਬੀ ਕਾਂਡ ਤੋਂ ਬਾਅਦ ਜਿੱਥੇ ਵੀ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂਦੇ, ਤਾਂ ਵੀ ਕਿਸਾਨ ਜਥੇਬੰਦੀਆਂ ਕਾਲੇ ਝੰਡੇ ਲੈ ਕੇ ਖੜ੍ਹ ਜਾਂਦੀਆਂ ਸਨ। ਕਈ ਥਾਂ ਪੁਲਿਸ ਨੇ ਝੰਡੇ ਖੋਹੇ, ਲਾਠੀਚਾਰਜ ਕੀਤਾ। ਬਠਿੰਡਾ, ਮੋਗਾ ਵਿੱਚ ਕਈ ਨੌਜਵਾਨ ਹਿਰਾਸਤ ਵਿੱਚ ਲਏ ਗਏ। (2) ਕੈਪਟਨ ਸਰਕਾਰ ਵੇਲੇ 2018-19 ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਝੰਡੇ ਦਿਖਾਏ। ਪਟਿਆਲਾ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀ ਔਰਤਾਂ ਨੂੰ ਵਾਲਾਂ ਤੋਂ ਘਸੀਟਿਆ, ਜਿਸਦੀ ਵੀਡੀਓ ਵਾਇਰਲ ਹੋਈ ਸੀ।

ਹੁਣ ਸਵਾਲ ਉੱਠਦਾ ਹੈ ਕਿ ਆਜ਼ਾਦ ਦੇਸ਼ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਵਾਲ ਕਰਨ ਵਾਲਿਆਂ ’ਤੇ ਤਸ਼ੱਦਦ ਕਿਉਂ? ਕਾਰਨ ਉਹੀ ਹੈ ਜੋ ਜੁੱਤੀ ਵਾਲੇ ਮਾਮਲੇ ਵਿੱਚ ਸੀ। ਸੱਤਾ ਸਵਾਲ ਤੋਂ ਡਰਦੀ ਹੈ। ਕਾਲਾ ਝੰਡਾ ਹਥਿਆਰ ਨਹੀਂ, ਹਾਕਮ ਲਈ ਸ਼ੀਸ਼ਾ ਹੈ। ਜਦੋਂ ਹਾਕਮ ਸ਼ੀਸ਼ਾ ਤੋੜਨ ਲੱਗ ਪਵੇ ਤਾਂ ਸਮਝੋ ਲੋਕਤੰਤਰ ਕਮਜ਼ੋਰ ਹੋ ਰਿਹਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਤਾਰ ਸਿੰਘ ਭੁੰਗਰਨੀ

ਜਗਤਾਰ ਸਿੰਘ ਭੁੰਗਰਨੀ

WhatsApp: (91 - 98153 - 06402)
Email: (singhjagtar1153@gmail.com)