“ਜਦੋਂ ਕਿਸੇ ਇਨਸਾਨ ਦਾ ਦਿਲ ਟੁੱਟਦਾ ਹੈ, ਉਸਦਾ ਵਿਸ਼ਵਾਸ ਟੁੱਟਦਾ ਹੈ, ਉਸਦਾ ...”
(11 ਅਕਤੂਬਰ 2026)
ਟੁੱਟ ਕੇ ਵੀ ਜੋ ਚੁੱਭ ਜਾਵੇ, ਉਹ ਕਮਜ਼ੋਰ ਨਹੀਂ,
ਜ਼ਖਮੀ ਦਿਲ ਦੀ ਖਾਮੋਸ਼ੀ, ਕੋਈ ਸ਼ੋਰ ਨਹੀਂ।
ਅਸੀਂ ਆਮ ਤੌਰ ’ਤੇ ਸੋਚਦੇ ਹਾਂ ਕਿ ਜੋ ਟੁੱਟ ਜਾਂਦਾ ਹੈ, ਉਹ ਕਮਜ਼ੋਰ ਹੋ ਜਾਂਦਾ ਹੈ। ਪਰ ਕੱਚ ਦਾ ਗਲਾਸ ਸਾਨੂੰ ਸਿਖਾਉਂਦਾ ਹੈ ਕਿ ਇਹ ਸੋਚ ਗਲਤ ਹੈ। ਸਾਬਤ ਗਲਾਸ ਨਾਲ ਤੁਸੀਂ ਪਾਣੀ ਪੀ ਸਕਦੇ ਹੋ, ਪਰ ਟੁੱਟੇ ਹੋਏ ਗਲਾਸ ਨਾਲ ਹੱਥ ਵੱਢਿਆ ਜਾਂਦਾ ਹੈ। ਟੁੱਟਣਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ, ਸਗੋਂ ਇੱਕ ਨਵੇਂ ਖਤਰੇ ਦੀ ਸ਼ੁਰੂਆਤ ਹੈ।
ਜੀਵਨ ਵਿੱਚ ਇਸਦਾ ਅਰਥ ਹੈ ਕਿ ਇਹ ਗਲਾਸ ਅਸਲ ਵਿੱਚ ਅਸੀਂ ਆਪ ਹਾਂ। ਜਦੋਂ ਕਿਸੇ ਇਨਸਾਨ ਦਾ ਦਿਲ ਟੁੱਟਦਾ ਹੈ, ਉਸਦਾ ਵਿਸ਼ਵਾਸ ਟੁੱਟਦਾ ਹੈ, ਉਸਦਾ ਸੁਪਨਾ ਟੁੱਟਦਾ ਹੈ, ਤਾਂ ਉਹ ਕਮਜ਼ੋਰ ਨਹੀਂ ਹੁੰਦਾ; ਉਹ ਖਤਰਨਾਕ ਬਣ ਜਾਂਦਾ ਹੈ ਕਿਉਂਕਿ ਉਹ ਹੁਣ ਕਿਸੇ ਤੇ ਭਰੋਸਾ ਨਹੀਂ ਕਰਦਾ। ਉਹ ਖਤਰਨਾਕ ਦੂਜਿਆਂ ਲਈ, ਕਿਉਂਕਿ ਉਸਦੇ ਸ਼ਬਦਾਂ ਵਿੱਚ ਹੁਣ ਕੱਚ ਦੀਆਂ ਕਿਰਚਾਂ ਵਰਗੀ ਚੁਭਨ ਹੁੰਦੀ ਹੈ। ਇਸੇ ਤਰ੍ਹਾਂ ਹੀ ਇੱਕ ਰਿਸ਼ਤਾ ਜਦੋਂ ਟੁੱਟਦਾ ਹੈ ਤਾਂ ਉਹ ਖਤਮ ਨਹੀਂ ਹੁੰਦਾ, ਉਹ ਕਿਰਚਾਂ ਬਣ ਜਾਂਦਾ ਹੈ। ਉਹ ਕਿਰਚਾਂ ਜਦੋਂ-ਜਦੋਂ ਯਾਦਾਂ ਵਿੱਚ ਆਉਂਦੀਆਂ ਹਨ, ਦਿਲ ਨੂੰ ਜ਼ਖਮੀ ਕਟਦੀਆਂ ਹਨ। ਇਸੇ ਤਰ੍ਹਾਂ ਹੀ ਦੁਨੀਆ ਵਿੱਚ ਦੋ ਤਰ੍ਹਾਂ ਦੇ ਟੁੱਟੇ ਹੋਏ ਲੋਕ ਹੁੰਦੇ ਹਨ। ਪਹਿਲੇ ਉਹ ਲੋਕ ਹੁੰਦੇ ਹਨ ਜੋ ਆਪਣੇ ਆਪ ਨੂੰ ਸੰਭਾਲ ਲੈਂਦੇ ਹਨ, ਉਹ ਕੱਚ ਦੀਆਂ ਕਿਰਚਾਂ ਨੂੰ ਜੋੜ ਕੇ ਕੋਈ ਨਵੀਂ ਕਲਾਕ੍ਰਿਤੀ ਬਣਾ ਲੈਂਦੇ ਹਨ। ਜਿਵੇਂ ਜਾਪਾਨ ਵਿੱਚ ਕਿੰਟਸੁਗੀ (kintsugi) ਕਲਾ ਹੈ, ਟੁੱਟੇ ਭਾਂਡੇ ਨੂੰ ਸੋਨੇ ਨਾਲ ਜੋੜਿਆ ਜਾਂਦਾ ਹੈ। ਇਸ ਲਈ ਉਨ੍ਹਾਂ ਟੁੱਟੇ ਲੋਕਾਂ ਨੂੰ ਜੋੜਨ ਲਈ ਪਿਆਰ ਰੂਪੀ ਸੋਨੇ ਨਾਲ ਜੋੜਿਆ ਜਾਵੇ ਤਾਂ ਉਹ ਹੋਰ ਸੋਹਣੇ ਬਣ ਜਾਣਗੇ।
ਦੂਸਰੇ ਖਤਰਨਾਕ ਉਹ ਲੋਕ ਹੁੰਦੇ ਹਨ ਜੋ ਆਪਣੇ ਟੁੱਟਣ ਦਾ ਗੁੱਸਾ ਸਾਰੀ ਦੁਨੀਆ ’ਤੇ ਕੱਢਦੇ ਹਨ। ਉਹ ਹਰ ਕਿਸੇ ਨੂੰ ਉਹੀ ਦਰਦ ਦੇਣਾ ਚਾਹੁੰਦਾ ਹਨ ਜੋ ਉਨ੍ਹਾਂ ਨੂੰ ਦੂਜਿਆਂ ਤੋਂ ਮਿਲਿਆ ਹੁੰਦਾ ਹੈ। ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਕਿਸੇ ਵੀ ਟੁੱਟੇ ਹੋਏ ਵਿਅਕਤੀ ਦਾ ਕਦੇ ਵੀ ਮਜ਼ਾਕ ਨਾ ਉਡਾਓ ਕਿਉਂਕਿ ਉਹ ਟੁੱਟਿਆ ਹੋਇਆ ਵਿਅਕਤੀ ਤੁਹਾਨੂੰ ਵੀ ਜ਼ਖਮੀ ਕਰ ਸਕਦਾ ਹੈ। ਇਸ ਲਈ ਆਪਣੇ ਸਿਧਾਂਤਾਂ ਅਤੇ ਦਿਲ ਨੂੰ ਕੱਚ ਵਾਂਗ ਸਾਂਭ ਕੇ ਰੱਖੋ। ਇੱਕ ਵਾਰ ਟੁੱਟ ਗਿਆ ਤਾਂ ਜੁੜਨਾ ਔਖਾ ਹੈ, ਤੇ ਜੇ ਜੁੜ ਵੀ ਗਿਆ ਤਾਂ ਨਿਸ਼ਾਨ ਰਹਿ ਜਾਂਦੇ ਹਨ।
ਰੱਬ ਨਾ ਕਰੇ ਜੇਕਰ ਕੋਈ ਅਜਿਹੀ ਸਥਿਤੀ ਪੈਦਾ ਹੋ ਜਾਵੇ, ਟੁੱਟ ਜਾਓ ਤਾਂ ਖੂਬਸੂਰਤ ਬਣੋ। ਆਪਣੇ ਦਰਦ ਨੂੰ ਤਾਕਤ ਬਣਾਓ, ਕੱਚ ਦੀਆਂ ਕਿਰਚਾਂ ਵਾਂਗ ਕਿਸੇ ਨੂੰ ਜ਼ਖਮੀ ਨਾ ਕਰੋ, ਸਗੋਂ ਉਨ੍ਹਾਂ ਕਿਰਚਾਂ ਨੂੰ ਰੰਗ-ਬਿਰੰਗੀ ਰੋਸ਼ਨੀ ਵਿੱਚ ਚਮਕਣ ਦਿਓ।
ਪਰ ਇਸ ਸਮਾਜ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਸਾਬਤ ਗਲਾਸ ਸਭ ਨੂੰ ਪਾਣੀ ਪਿਲਾਉਂਦਾ ਹੈ, ਸਭ ਦਾ ਪਿਆਰਾ ਹੁੰਦਾ ਹੈ। ਪਰ ਜਦੋਂ ਉਹੀ ਗਲਾਸ ਡਿਗ ਕੇ ਟੁੱਟ ਜਾਂਦਾ ਹੈ, ਤਾਂ ਉਹ ਕਿਸੇ ਦੇ ਹੱਥ ਵਿੱਚ ਨਹੀਂ ਆਉਂਦਾ। ਉਸਨੂੰ ਚੁੱਕਣ ਵਾਲੇ ਦਾ ਹੱਥ ਵੱਢਿਆ ਜਾਂਦਾ ਹੈ। ਇਸ ਲਈ ਕਹਿੰਦੇ ਹਨ; ਟੁੱਟਿਆ ਕੱਚ ਕਮਜ਼ੋਰ ਨਹੀਂ, ਖਤਰਨਾਕ ਹੁੰਦਾ ਹੈ।
ਇਸ ਜੀਵਨ ਵਿੱਚ ਵਿਚਰਦਿਆਂ ਕੁਝ ਉਦਾਹਰਨਾਂ ਜੋ ਇਸਨੂੰ ਸੱਚ ਸਾਬਤ ਕਰਦੀਆਂ ਹਨ: ਟੁੱਟਿਆ ਹੋਇਆ ਦਿਲ (ਪਿਆਰ ਵਿੱਚ ਧੋਖਾ) ਜਿਵੇਂ ਕਿ ਕਿਸੇ ਇੱਕ ਲੜਕੀ, ਜਿਸਨੇ ਕਿਸੇ ਨਾਲ ਸੱਚੇ ਦਿਲੋਂ ਨਾਲ ਪਿਆਰ ਕੀਤਾ ਹੋਵੇ ਪਰ ਉਸਨੂੰ ਧੋਖਾ ਮਿਲਿਆ ਹੋਵੇ; ਹੁਣ ਉਹ ਕਮਜ਼ੋਰ ਨਹੀਂ ਹੈ, ਉਹ ਹੁਣ ਕਿਸੇ ’ਤੇ ਵੀ ਭਰੋਸਾ ਨਹੀਂ ਕਰੇਗੀ। ਉਸਦੀ ਮੁਸਕਰਾਹਟ ਦੇ ਪਿੱਛੇ ਸ਼ੱਕ ਹੈ, ਉਸਦੇ ਸ਼ਬਦਾਂ ਵਿੱਚ ਕੌੜਾਪਨ ਹੈ। ਉਹ ਕਮਜ਼ੋਰ ਨਹੀਂ, ਉਹ ਹੁਣ ਖਤਰਨਾਕ ਹੈ; ਆਪਣੇ ਲਈ ਵੀ ਅਤੇ ਆਪਣੇ ਰਿਸ਼ਤਿਆਂ ਲਈ ਵੀ। ਦੂਸਰਾ, ਜੰਗ ਵਿੱਚ ਹਾਰਿਆ ਹੋਇਆ, ਦਿਲੋਂ ਟੁੱਟਿਆ ਹੋਇਆ ਫੌਜੀ ਸਿਪਾਹੀ, ਜਿਹੜਾ ਜੰਗ ਤੋਂ ਵਾਪਸ ਆਇਆ ਹੈ; ਉਸਦਾ ਸਰੀਰ ਤਾਂ ਸਾਬਤ ਹੈ, ਪਰ ਅੰਦਰੋਂ ਉਹ ਟੁੱਟ ਚੁੱਕਾ ਹੈ। ਰਾਤ ਨੂੰ ਉੱਚੀ ਅਵਾਜ਼ ’ਤੇ ਵੀ ਉਹ ਡਰ ਜਾਂਦਾ ਹੈ। ਛੋਟੀ ਜਿਹੀ ਗੱਲ ’ਤੇ ਗੁੱਸਾ ਕਰਦਾ ਹੈ। ਉਹ ਕਮਜ਼ੋਰ ਨਹੀਂ, ਉਹ ਉਸ ਦਰਦ ਨਾਲ ਭਰਿਆ ਹੋਇਆ ਹੈ ਜੋ ਕਿਸੇ ਵੀ ਵੇਲੇ ਫਟ ਸਕਦਾ ਹੈ। ਤੀਸਰਾ, ਟੁੱਟਿਆ ਹੋਇਆ ਮਜ਼ਦੂਰ (ਗਰੀਬੀ ਵਿੱਚ); ਇੱਕ ਇਮਾਨਦਾਰ ਮਜ਼ਦੂਰ ਜੋ ਸਾਰੀ ਉਮਰ ਮਿਹਨਤ ਕਰਦਾ ਰਿਹਾ, ਪਰ ਉਸਨੂੰ ਉਸਦੀ ਮਿਹਨਤ ਦਾ ਫਲ ਨਾ ਮਿਲਿਆ, ਉਸਦੇ ਬੱਚੇ ਭੁੱਖੇ ਰਹੇ; ਇੱਕ ਦਿਨ ਉਹੀ ਮਜ਼ਦੂਰ ਚੋਰੀ ਕਰਨ ਲੱਗ ਪੈਂਦਾ ਹੈ। ਸਮਾਜ ਕਹਿੰਦਾ ਹੈ, ਇਹ ਤਾਂ ਚੋਰ ਹੈ। ਪਰ, ਸੱਚ ਇਹ ਹੈ ਕਿ ਸਿਸਟਮ ਨੇ ਉਸਨੂੰ ਟੁੱਟਣ ਲਈ ਮਜਬੂਰ ਕੀਤਾ, ਅਤੇ ਹੁਣ ਉਹ ਖਤਰਨਾਕ ਬਣ ਗਿਆ।
ਚੌਥਾ, ਅਸਫਲਤਾ ਕਾਰਨ ਟੁੱਟਿਆ ਹੋਇਆ ਵਿਦਿਆਰਥੀ; ਜੋ ਪਹਿਲੀ ਵਾਰ ਫੇਲ੍ਹ ਹੋ ਗਿਆ, ਜੇ ਅਸੀਂ ਉਸਨੂੰ ਵਾਰ ਵਾਰ ਇਹ ਹੀ ਕਹੀਏ ਜਾਈਏ ਕਿ, “ਤੂੰ ਕਮਜ਼ੋਰ ਹੈਂ, ਤੂੰ ਤਾਂ ਪਹਿਲਾਂ ਹੀ ਇਹੋ ਜਿਹਾ ਹੈਂ” ਵਗੈਰਾ-ਵਗੈਰਾ, ਤਾਂ ਉਹ ਸੱਚਮੁੱਚ ਖਤਰਨਾਕ ਰਾਹ ’ਤੇ ਤੁਰ ਪਵੇਗਾ; ਨਸ਼ਿਆਂ ਵੱਲ ਜਾਂ ਗਲਤ ਸੰਗਤ ਵੱਲ। ਪਰ ਜੇ ਅਸੀਂ ਉਸਨੂੰ ਸਮਝਾਈਏ ਕਿ ਕੋਈ ਗੱਲ ਨਹੀਂ, ਫਿਰ ਮਿਹਨਤ ਕਰ, ਅਗਲੀ ਵਾਰ ਪਾਸ ਹੋ ਜਾਵੇਂਗਾ; ਤਾਂ ਜੋ ਉਹ ਕੱਚ ਵਾਂਗ ਟੁੱਟਿਆ ਹੈ, ਜੁੜ ਜਾਵੇਗਾ। ਉਹ ਫਿਰ ਤੋਂ ਸਾਬਤ ਗਲਾਸ ਬਣ ਸਕਦਾ ਹੈ। ਪੰਜਵਾਂ, ਟੁੱਟਿਆ ਹੋਇਆ ਸਮਾਜ; ਜਦੋਂ ਕਿਸੇ ਸਮਾਜ ਵਿੱਚ ਨਫਰਤ ਬੀਜ ਬੀਜਿਆ ਫੈਲਦਾ ਹੈ ਤਾਂ ਭਰਾ ਭਰਾ ਨੂੰ ਮਾਰਨ ਲੱਗ ਪੈਂਦਾ ਹੈ। ਤਦ ਉਹ ਸਮਾਜ ਕਮਜ਼ੋਰ ਨਹੀਂ ਹੁੰਦਾ, ਸਗੋਂ ਉਹ ਖਤਰਨਾਕ ਹੋ ਜਾਂਦਾ ਹੈ। ਉੱਥੇ ਫਿਰ ਕੋਈ ਸੁਰੱਖਿਅਤ ਨਹੀਂ ਰਹਿੰਦਾ।
ਜਿਹੜਾ ਵਿਅਕਤੀ ਅੰਦਰੋਂ ਟੁੱਟਿਆ ਹੋਇਆ ਹੈ, ਉਸ ਨਾਲ ਬਹਿਸ ਨਾ ਕਰੋ, ਉਸਨੂੰ ਤਾਅਨੇ ਨਾ ਮਾਰੋ, ਉਸਨੂੰ ਦਿਲਾਸੇ ਦਿਓ। ਜਪਾਨੀ ਤਕਨੀਕ ਵਾਂਗ ਪਿਆਰ ਰੂਪੀ ਸੋਨੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਤਾਂ ਕਿ ਉਹਦੇ ਅੰਦਰ ਅੱਗੇ ਨਾਲੋਂ ਵੱਧ ਪਿਆਰ ਦੀ ਭਾਵਨਾ ਜਾਗ ਪਵੇ, ਉਹ ਹੋਰ ਮਜ਼ਬੂਤ ਹੋ ਜਾਵੇ। ਇਸ ਲਈ ਉਹਨੂੰ ਟੁੱਟਣ ਤੋਂ ਬਚਾਉਣ ਲਈ ਉਸਦੇ ਸਿਧਾਂਤਾਂ, ਉਸਦੀ ਸੋਚ ਨੂੰ ਹੋਰ ਮਜ਼ਬੂਤ ਕਰੋ ਤਾਂ ਕਿ ਉਹ ਟੁੱਟ ਨਾ ਜਾਵੇ।
ਕਿਸੇ ਸ਼ਾਇਰ ਨੇ ਲਿਖਿਆ ਹੈ:
ਟੁੱਟੇ ਕੱਚ ਨੂੰ ਦੇਖ ਕੇ ਹੱਸੀਂ ਨਾ, ਉਹ ਤੇਜ਼ ਧਾਰ ਬਣ ਜਾਂਦਾ ਏ,
ਜੋ ਦਿਲੋਂ ਟੁੱਟ ਜਾਵੇ, ਉਹ ਹਥਿਆਰ ਬਣ ਜਾਂਦਾ ਏ।
ਇਸ ਲਈ ਟੁੱਟੇ ਦਿਲਾਂ ਨੂੰ ਪਿਆਰ ਨਾਲ ਸੰਭਾਲੋ,
ਕਿਉਂਕਿ ਹਰ ਟੁੱਟਿਆ ਦਿਲ, ਇੱਕ ਸਬਕ ਬਣ ਜਾਂਦਾ ਏ।
ਸਾਬਤ ਰਹੋਗੇ ਤਾਂ ਜ਼ਮਾਨਾ, ਪਾਣੀ ਪੀਵੇਗਾ ਤੁਹਾਡੇ ਹੱਥੋਂ,
ਟੁੱਟ ਗਏ ਤਾਂ ਜ਼ਮਾਨਾ ਜ਼ਖਮੀ ਹੋਵੇਗਾ ਤੁਹਾਡੇ ਹੱਥੋਂ।
(ਲੇਖਕ ਪੰਜਾਬੀ ਪੱਤਰਕਾਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਪੱਤਰਕਾਰ ਹਨ।)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































