BarjinderKBisrao7“ਆਪਣੇ ਘਰਾਂ ਵਿੱਚ ਮੁੜ ਉਹ ਸਾਂਝਾਂ ਪੈਦਾ ਕੀਤੀਆਂ ਜਾਣ ਜਿੱਥੇ ਬੱਚਿਆਂ ਨੂੰ ...”30 October 2026
(30 ਅਕਤੂਬਰ 2026)

 

30 October 2026
ਰਿਸ਼ਤੇ ਖੂਨ ਨਾਲ ਬਣਦੇ ਹਨ
, ਪਰ ਮੋਹ ਸੰਸਕਾਰਾਂ ਅਤੇ ਅਪਣੱਤ ਨਾਲ ਪੈਦਾ ਹੁੰਦਾ ਹੈ। ਜਿਸ ਘਰ ਵਿੱਚ ਬੱਚੇ ਦੀ ਕਿਲਕਾਰੀ ਗੂੰਜਦੀ ਹੋਵੇ, ਵਿਹੜੇ ਵਿੱਚ ਦਾਦਾ-ਦਾਦੀ ਬੈਠੇ ਹੋਣ ਅਤੇ ਬੱਚਾ ਭੱਜ ਕੇ ਦਾਦੀ ਦੀ ਗੋਦ ਵਿੱਚ ਜਾ ਬੈਠੇ, ਦਾਦਾ ਜੀ ਦੀ ਉਂਗਲ ਫੜ ਕੇ ਤੁਰਨ ਦੀ ਜ਼ਿਦ ਕਰੇ ਜਾਂ ਰਾਤ ਨੂੰ ਕਹਾਣੀ ਸੁਣੇ ਬਿਨਾਂ ਸੌਣ ਤੋਂ ਇਨਕਾਰ ਕਰ ਦੇਵੇ, ਤਾਂ ਉਹ ਘਰ ਸਿਰਫ ਇੱਟਾਂ ਤੇ ਸੀਮਿੰਟ ਨਾਲ ਬਣਿਆ ਮਕਾਨ ਨਹੀਂ ਰਹਿੰਦਾ, ਸਗੋਂ ਪਿਆਰ, ਅਪਣੱਤ ਅਤੇ ਸੰਸਕਾਰਾਂ ਦਾ ਸੋਹਣਾ ਸੰਸਾਰ ਬਣ ਜਾਂਦਾ ਹੈ। ਪਰ ਅੱਜ ਦੇ ਬਹੁਤ ਸਾਰੇ ਘਰਾਂ ਵਿੱਚ ਇਹ ਤਸਵੀਰ ਹੌਲੀ-ਹੌਲੀ ਧੁੰਦਲੀ ਪੈ ਰਹੀ ਹੈ। ਬੱਚੇ ਘਰ ਵਿੱਚ ਹੀ ਆਪਣੇ ਬਜ਼ੁਰਗਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਕੋ ਛੱਤ ਹੇਠ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਮਨਾਂ ਵਿਚਕਾਰ ਦੂਰੀਆਂ ਵਧ ਰਹੀਆਂ ਹਨ। ਸਵਾਲ ਇਹ ਹੈ ਕਿ ਜਿਹੜੇ ਬਜ਼ੁਰਗ ਸਾਡੀਆਂ ਪੀੜ੍ਹੀਆਂ ਦੀ ਨੀਂਹ ਹਨ, ਉਨ੍ਹਾਂ ਨਾਲ ਬੱਚਿਆਂ ਦੇ ਮੋਹ ਦੀਆਂ ਤੰਦਾਂ ਕਮਜ਼ੋਰ ਕਿਉਂ ਪੈ ਰਹੀਆਂ ਹਨ ਅਤੇ ਇਨ੍ਹਾਂ ਨੂੰ ਮੁੜ ਮਜ਼ਬੂਤ ਕਿਵੇਂ ਕੀਤਾ ਜਾਵੇ?

ਪੁਰਾਣੇ ਸਮਿਆਂ ਵਿੱਚ ਬੱਚਿਆਂ ਦਾ ਬਚਪਨ ਅੱਜ ਨਾਲੋਂ ਕਈ ਪੱਖਾਂ ਤੋਂ ਵੱਖਰਾ ਹੁੰਦਾ ਸੀ। ਸਾਂਝੇ ਪਰਿਵਾਰਾਂ ਵਿੱਚ ਦਾਦਾ-ਦਾਦੀ, ਨਾਨਾ-ਨਾਨੀ ਅਤੇ ਹੋਰ ਬਜ਼ੁਰਗ ਬੱਚਿਆਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੁੰਦੇ ਸਨ। ਬੱਚਿਆਂ ਨੂੰ ਪਾਲਣ-ਪੋਸਣ ਦੇ ਨਾਲ-ਨਾਲ ਜੀਵਨ ਦੇ ਸੰਸਕਾਰ ਦੇਣ ਦੀ ਜ਼ਿੰਮੇਵਾਰੀ ਵੀ ਪਰਿਵਾਰ ਦੇ ਸਾਰੇ ਜੀਆਂ ਦੀ ਸਾਂਝੀ ਹੁੰਦੀ ਸੀ। ਦਾਦੀ ਦੀਆਂ ਬਾਤਾਂ, ਨਾਨੀ ਦੀਆਂ ਲੋਰੀਆਂ, ਦਾਦੇ ਦੀਆਂ ਜੀਵਨ ਨਾਲ ਜੁੜੀਆਂ ਸਿੱਖਿਆਦਾਇਕ ਗੱਲਾਂ ਅਤੇ ਨਾਨੇ ਦੀਆਂ ਪੁਰਾਣੇ ਸਮਿਆਂ ਦੀਆਂ ਯਾਦਾਂ ਬੱਚਿਆਂ ਦੇ ਮਨਾਂ ਵਿੱਚ ਅਜਿਹੀ ਅਮਿੱਟ ਛਾਪ ਬਣਾ ਲੈਂਦੀਆਂ ਸਨ ਜੋ ਉਮਰ ਭਰ ਲਈ ਮਿਟਦੀਆਂ ਨਹੀਂ ਸਨ। ਰਾਤ ਨੂੰ ਮੰਜਿਆਂ ਉੱਤੇ ਇਕੱਠੇ ਸੌਣਾ, ਬਜ਼ੁਰਗਾਂ ਕੋਲ ਬੈਠ ਕੇ ਰੋਟੀ ਖਾਣੀ, ਉਨ੍ਹਾਂ ਨਾਲ ਖੇਤਾਂ ਜਾਂ ਪਿੰਡ ਦੀਆਂ ਗਲੀਆਂ ਵਿੱਚ ਘੁੰਮਣਾ ਅਤੇ ਉਨ੍ਹਾਂ ਦੀ ਗੋਦ ਵਿੱਚ ਸਿਰ ਰੱਖ ਕੇ ਦੁਨੀਆ ਭਰ ਦੀਆਂ ਗੱਲਾਂ ਸੁਣਨੀਆਂ, ਇਹ ਸਭ ਸਿਰਫ ਰੁਜ਼ਾਨਾ ਦੇ ਕੰਮ ਨਹੀਂ ਸਨ। ਇਹ ਮੋਹ ਪੈਦਾ ਕਰਨ ਦੇ ਕੁਦਰਤੀ ਢੰਗ ਸਨ। ਬੱਚਾ ਜਦੋਂ ਕਿਸੇ ਬਜ਼ੁਰਗ ਨਾਲ ਆਪਣਾ ਸਮਾਂ ਬਿਤਾਉਂਦਾ ਹੈ, ਉਸਦੀਆਂ ਗੱਲਾਂ ਸੁਣਦਾ ਹੈ ਅਤੇ ਉਸ ਤੋਂ ਲਾਡ ਲੈਂਦਾ ਹੈ ਤਾਂ ਉਸਦੇ ਮਨ ਵਿੱਚ ਉਸ ਬਜ਼ੁਰਗ ਪ੍ਰਤੀ ਆਪਣੇਪਨ ਦੀ ਭਾਵਨਾ ਜਨਮ ਲੈਂਦੀ ਹੈ। ਇਹ ਮੋਹ ਕਿਸੇ ਦੇ ਕਹਿਣ ਨਾਲ ਨਹੀਂ, ਸਗੋਂ ਇਕੱਠੇ ਬਿਤਾਏ ਪਲਾਂ ਨਾਲ ਪੈਦਾ ਹੁੰਦਾ ਹੈ।

ਅਜੋਕੀ ਜੀਵਨ ਸ਼ੈਲੀ ਦੀ ਗੱਲ ਕਰੀਏ ਤਾਂ ਅੱਜ ਜੀਵਨ ਦੀ ਰਫਤਾਰ ਬਹੁਤ ਤੇਜ਼ ਹੋ ਗਈ ਹੈ। ਮਾਪਿਆਂ ਦੀਆਂ ਨੌਕਰੀਆਂ, ਬੱਚਿਆਂ ਦੀ ਪੜ੍ਹਾਈ, ਟਿਊਸ਼ਨਾਂ, ਮੋਬਾਇਲ ਫ਼ੋਨ, ਟੈਲੀਵਿਜ਼ਨ ਅਤੇ ਹੋਰ ਮਨੋਰੰਜਨ ਦੇ ਸਾਧਨਾਂ ਨੇ ਪਰਿਵਾਰ ਦੇ ਸਾਂਝੇ ਸਮੇਂ ਨੂੰ ਘਟਾ ਦਿੱਤਾ ਹੈ। ਕਈ ਘਰਾਂ ਵਿੱਚ ਹਰ ਜੀਅ ਦਾ ਆਪਣਾ ਕਮਰਾ ਹੈ। ਬੱਚੇ ਆਪਣੇ ਆਪਣੇ ਕਮਰੇ ਵਿੱਚ ਮੋਬਾਇਲ ਜਾਂ ਕੰਪਿਊਟਰ ਨਾਲ ਰੁੱਝੇ ਰਹਿੰਦੇ ਹਨ ਅਤੇ ਬਜ਼ੁਰਗ ਆਪਣੇ ਕਮਰੇ ਵਿੱਚ ਇਕੱਲੇ ਸਮਾਂ ਬਿਤਾਉਂਦੇ ਹਨ। ਰਾਤ ਨੂੰ ਵੀ ਹਰ ਕੋਈ ਆਪੋ-ਆਪਣੇ ਕਮਰੇ ਵਿੱਚ ਸੌਂ ਜਾਂਦਾ ਹੈ। ਇਸ ਤਰ੍ਹਾਂ ਦਿਨ ਲੰਘਦੇ ਜਾਂਦੇ ਹਨ, ਪਰ ਦਿਲਾਂ ਦੇ ਰਿਸ਼ਤਿਆਂ ਨੂੰ ਸਿੰਜਣ ਵਾਲੀਆਂ ਸਾਂਝਾਂ ਜੰਗ ਲਗਦਾ ਜਾਂਦਾ ਹੈ ਤੇ ਦੂਰੀਆਂ ਵਧਦੀਆਂ ਜਾਂਦੀਆਂ ਹਨ। ਵੱਖਰੇ ਕਮਰੇ ਹੋਣਾ ਜਾਂ ਵੱਖਰੇ ਸੌਣਾ ਆਪਣੇ ਆਪ ਵਿੱਚ ਕੋਈ ਗਲਤ ਗੱਲ ਨਹੀਂ ਹੈ ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਇਹੋ ਜਿਹੇ ਮਾਹੌਲ ਕਾਰਨ ਆਪਸੀ ਗੱਲਬਾਤ, ਲਾਡ-ਪਿਆਰ ਅਤੇ ਇਕੱਠੇ ਸਮਾਂ ਬਿਤਾਉਣ ਦੀ ਆਦਤ ਹੀ ਖਤਮ ਹੋ ਜਾਂਦੀ ਹੈ। ਬੱਚੇ ਬਜ਼ੁਰਗਾਂ ਨੂੰ ਦੇਖ ਤਾਂ ਰੋਜ਼ ਲੈਂਦੇ ਹਨ, ਪਰ ਉਨ੍ਹਾਂ ਨਾਲ ਦਿਲ ਦੀਆਂ ਗੱਲਾਂ ਨਹੀਂ ਕਰਦੇ। ਉਨ੍ਹਾਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਦਾਦਾ ਜੀ ਘਰ ਵਿੱਚ ਹਨ, ਪਰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਬਚਪਨ ਦੀਆਂ ਕਿਹੜੀਆਂ ਯਾਦਾਂ ਹਨ, ਉਨ੍ਹਾਂ ਨੇ ਜ਼ਿੰਦਗੀ ਵਿੱਚ ਕਿੰਨੇ ਸੰਘਰਸ਼ ਕੀਤੇ ਹਨ ਅਤੇ ਪਰਿਵਾਰ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇੱਕ ਛੱਤ ਹੇਠ ਰਹਿਣਾ ਸਰੀਰਾਂ ਨੂੰ ਨੇੜੇ ਰੱਖਦਾ ਹੈ, ਪਰ ਇਕੱਠੇ ਸਮਾਂ ਬਿਤਾਉਣਾ ਦਿਲਾਂ ਨੂੰ ਨੇੜੇ ਲਿਆਉਂਦਾ ਹੈ।

ਅਕਸਰ ਬਜ਼ੁਰਗਾਂ ਨੂੰ ਇਹ ਸ਼ਿਕਾਇਤ ਕਰਦਿਆਂ ਸੁਣਿਆ ਜਾਂਦਾ ਹੈ ਕਿ ਅੱਜ ਦੇ ਬੱਚਿਆਂ ਵਿੱਚ ਪਹਿਲਾਂ ਵਰਗਾ ਮੋਹ ਨਹੀਂ ਰਿਹਾ। ਉਹ ਉਨ੍ਹਾਂ ਕੋਲ ਬੈਠਦੇ ਨਹੀਂ, ਨਾ ਉਨ੍ਹਾਂ ਨਾਲ ਗੱਲ ਕਰਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਸਮਾਂ ਦਿੰਦੇ ਹਨ। ਪਰ ਇਸ ਸਮੱਸਿਆ ਦਾ ਹੱਲ ਸਿਰਫ ਬੱਚਿਆਂ ਨੂੰ ਦੋਸ਼ ਦੇਣ ਵਿੱਚ ਨਹੀਂ ਹੈ; ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਬੱਚਿਆਂ ਨੂੰ ਬਜ਼ੁਰਗਾਂ ਦੇ ਨੇੜੇ ਆਉਣ ਦੇ ਕਿੰਨੇ ਮੌਕੇ ਮਿਲਦੇ ਹਨ। ਮਾਪਿਆਂ ਵੱਲੋਂ ਜੇ ਬੱਚੇ ਨੂੰ ਹਰ ਵੇਲੇ ਚੁੱਪ ਰਹਿਣ, ਦੂਰ ਬੈਠਣ ਜਾਂ ਆਪਣੀਆਂ ਗੱਲਾਂ ਨਾ ਕਰਨ ਲਈ ਕਿਹਾ ਜਾਵੇ, ਜੇ ਬਜ਼ੁਰਗਾਂ ਨਾਲ ਬੈਠਦਿਆਂ ਉਸ ਨੂੰ ਸਿਰਫ ਝਿੜਕਾਂ, ਪਾਬੰਦੀਆਂ ਜਾਂ ਸ਼ਿਕਾਇਤਾਂ ਹੀ ਸੁਣਨ ਨੂੰ ਮਿਲਣ, ਤਾਂ ਉਸਦੇ ਮਨ ਵਿੱਚ ਆਪਣੇ ਆਪ ਨੇੜਤਾ ਕਿਵੇਂ ਪੈਦਾ ਹੋਵੇਗੀ? ਬੱਚਿਆਂ ਨੂੰ ਪਿਆਰ ਨਾਲ ਆਪਣੇ ਕੋਲ ਬਿਠਾਉਣਾ, ਉਨ੍ਹਾਂ ਦੀਆਂ ਗੱਲਾਂ ਸੁਣਨਾ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਾ ਅਤੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ। ਪਰ ਸਤਿਕਾਰ ਦਾ ਅਰਥ ਸਿਰਫ ਪੈਰੀਂ ਹੱਥ ਲਾਉਣਾ ਜਾਂ ਸਾਹਮਣੇ ਆਉਣ ’ਤੇ ਸਿਰ ਝੁਕਾ ਦੇਣਾ ਨਹੀਂ ਹੁੰਦਾ; ਅਸਲੀ ਸਤਿਕਾਰ ਤਾਂ ਉਹ ਹੁੰਦਾ ਹੈ ਜਦੋਂ ਬੱਚਾ ਆਪਣੇ ਦਾਦਾ ਜੀ ਦੀ ਗੱਲ ਧਿਆਨ ਨਾਲ ਸੁਣੇ, ਦਾਦੀ ਨੂੰ ਪਾਣੀ ਦਾ ਗਲਾਸ ਫੜਾ ਦੇਵੇ, ਨਾਨੀ ਦੀ ਤਬੀਅਤ ਪੁੱਛੇ ਅਤੇ ਨਾਨੇ ਨਾਲ ਬੈਠ ਕੇ ਉਸਦੀਆਂ ਯਾਦਾਂ ਸਾਂਝੀਆਂ ਕਰੇ। ਰਸਮੀ ਸਤਿਕਾਰ ਕੁਝ ਪਲਾਂ ਦਾ ਹੁੰਦਾ ਹੈ, ਪਰ ਦਿਲੋਂ ਪੈਦਾ ਹੋਇਆ ਮੋਹ ਉਮਰ ਭਰ ਨਿਭਦਾ ਹੈ।

ਪਹਿਲਾਂ ਦਾਦਾ-ਦਾਦੀ ਦੀਆਂ ਕਹਾਣੀਆਂ ਬੱਚਿਆਂ ਲਈ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਜੀਵਨ ਦੀ ਪਾਠਸ਼ਾਲਾ ਵੀ ਹੁੰਦੀਆਂ ਸਨ। ਪੰਛੀਆਂ, ਜਾਨਵਰਾਂ, ਰਾਜਿਆਂ-ਰਾਣੀਆਂ, ਸੂਰਬੀਰਾਂ ਅਤੇ ਲੋਕ-ਨਾਇਕਾਂ ਦੀਆਂ ਕਹਾਣੀਆਂ ਰਾਹੀਂ ਬੱਚੇ ਸੱਚ ਬੋਲਣਾ, ਹਿੰਮਤ ਕਰਨੀ, ਦੂਜਿਆਂ ਦੀ ਮਦਦ ਕਰਨੀ ਅਤੇ ਔਖੇ ਸਮੇਂ ਵਿੱਚ ਹੌਸਲਾ ਰੱਖਣਾ ਸਿੱਖਦੇ ਸਨ। ਕਹਾਣੀ ਸੁਣਾਉਂਦਿਆਂ ਦਾਦੀ ਬੱਚੇ ਦੇ ਸਿਰ ’ਤੇ ਹੱਥ ਫੇਰਦੀ, ਦਾਦਾ ਕਿਸੇ ਘਟਨਾ ਦੀ ਉਦਾਹਰਨ ਦਿੰਦਾ ਅਤੇ ਬੱਚਾ ਆਪਣੇ ਮਨ ਵਿੱਚ ਉਨ੍ਹਾਂ ਲਈ ਖਾਸ ਥਾਂ ਬਣਾ ਲੈਂਦਾ ਸੀ। ਇਸ ਤਰ੍ਹਾਂ ਵੱਡਿਆਂ ਦੇ ਪਿਆਰ ਦੀਆਂ ਤਰੰਗਾਂ ਉਨ੍ਹਾਂ ਅੰਦਰ ਪ੍ਰਵੇਸ਼ ਕਰਦੀਆਂ ਸਨ। ਅੱਜ ਕਈ ਬੱਚਿਆਂ ਦਾ ਖਾਲੀ ਸਮਾਂ ਸਕ੍ਰੀਨ ਦੇਖਦਿਆਂ ਬੀਤ ਜਾਂਦਾ ਹੈ। ਮੋਬਾਇਲ ’ਤੇ ਹਜ਼ਾਰਾਂ ਕਹਾਣੀਆਂ ਮਿਲ ਸਕਦੀਆਂ ਹਨ, ਪਰ ਉਹ ਦਾਦੀ ਦੀ ਅਵਾਜ਼ ਵਿੱਚ ਛੁਪਿਆ ਪਿਆਰ, ਦਾਦੇ ਦੀ ਗੱਲ ਵਿੱਚੋਂ ਮਿਲਣ ਵਾਲਾ ਅਨੁਭਵ ਅਤੇ ਨਾਨੀ ਦੀ ਗੋਦ ਦਾ ਨਿੱਘ ਨਹੀਂ ਦੇ ਸਕਦੀਆਂ। ਤਕਨਾਲੋਜੀ ਨੂੰ ਦੁਸ਼ਮਣ ਬਣਾਉਣ ਦੀ ਲੋੜ ਨਹੀਂ, ਪਰ ਇਸ ਨੂੰ ਰਿਸ਼ਤਿਆਂ ਦੀ ਥਾਂ ਵੀ ਨਹੀਂ ਲੈਣ ਦੇਣੀ ਚਾਹੀਦੀ।

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਹਰ ਰੋਜ਼ ਕੁਝ ਸਮਾਂ ਅਜਿਹਾ ਨਿਰਧਾਰਤ ਕਰਨ, ਜਦੋਂ ਘਰ ਦੇ ਸਾਰੇ ਜੀਅ ਮੋਬਾਇਲ ਇੱਕ ਪਾਸੇ ਰੱਖ ਕੇ ਇਕੱਠੇ ਬੈਠਣ। ਦਾਦਾ-ਦਾਦੀ ਬੱਚਿਆਂ ਨੂੰ ਆਪਣੇ ਬਚਪਨ ਦੀਆਂ ਗੱਲਾਂ ਸੁਣਾਉਣ, ਪੁਰਾਣੀਆਂ ਤਸਵੀਰਾਂ ਦਿਖਾਉਣ ਅਤੇ ਪਰਿਵਾਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ। ਇਸ ਨਾਲ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਬਾਰੇ ਪਤਾ ਲੱਗੇਗਾ ਅਤੇ ਬਜ਼ੁਰਗਾਂ ਨਾਲ ਉਨ੍ਹਾਂ ਦੀ ਭਾਵਨਾਤਮਕ ਸਾਂਝ ਵੀ ਡੂੰਘੀ ਹੋਵੇਗੀ। ਬੱਚਿਆਂ ਦਾ ਬਜ਼ੁਰਗਾਂ ਨਾਲ ਮੋਹ ਵਧਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਪਰਿਵਾਰ ਦੀ ਰੁਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕੀਤਾ ਜਾਵੇ। ਜੇ ਦਾਦੀ ਖਾਣਾ ਬਣਾਉਂਦੀ ਹੈ ਤਾਂ ਬੱਚਾ ਉਸ ਕੋਲ ਬੈਠ ਕੇ ਕੋਈ ਛੋਟਾ ਕੰਮ ਸਿੱਖ ਸਕਦਾ ਹੈ। ਜੇ ਦਾਦਾ ਜੀ ਬਾਗਬਾਨੀ ਕਰਦੇ ਹਨ ਤਾਂ ਬੱਚਾ ਉਨ੍ਹਾਂ ਨਾਲ ਬੂਟਿਆਂ ਨੂੰ ਪਾਣੀ ਦੇ ਸਕਦਾ ਹੈ। ਜੇ ਨਾਨਾ ਜੀ ਨੂੰ ਪੁਰਾਣੇ ਗੀਤ ਜਾਂ ਲੋਕ-ਬੋਲੀਆਂ ਯਾਦ ਹਨ ਤਾਂ ਬੱਚਿਆਂ ਨੂੰ ਉਹ ਸਿਖਾਏ ਜਾ ਸਕਦੇ ਹਨ। ਜੇ ਨਾਨੀ ਨੂੰ ਸਿਲਾਈ, ਕਢਾਈ ਜਾਂ ਰਵਾਇਤੀ ਪਕਵਾਨ ਬਣਾਉਣ ਦਾ ਹੁਨਰ ਹੈ ਤਾਂ ਉਹ ਬੱਚਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਬੱਚਿਆਂ ਨੂੰ ਇਹ ਮਹਿਸੂਸ ਹੋਵੇਗਾ ਕਿ ਬਜ਼ੁਰਗ ਸਿਰਫ ਘਰ ਵਿੱਚ ਰਹਿਣ ਵਾਲੇ ਵੱਡੀ ਉਮਰ ਦੇ ਜੀਅ ਨਹੀਂ, ਸਗੋਂ ਉਨ੍ਹਾਂ ਦੇ ਦੋਸਤ, ਅਧਿਆਪਕ ਅਤੇ ਅਨੁਭਵਾਂ ਦੇ ਖਜ਼ਾਨੇ ਹਨ। ਬੱਚਿਆਂ ਦੇ ਜਨਮ ਦਿਨ, ਸਕੂਲ ਦੀਆਂ ਪ੍ਰਾਪਤੀਆਂ, ਖੇਡਾਂ ਦੇ ਮੁਕਾਬਲਿਆਂ ਅਤੇ ਹੋਰ ਖੁਸ਼ੀਆਂ ਵਿੱਚ ਬਜ਼ੁਰਗਾਂ ਦੀ ਸ਼ਮੂਲੀਅਤ ਵੀ ਬਹੁਤ ਮਹੱਤਵਪੂਰਨ ਗੱਲ ਹੁੰਦੀ ਹੈ। ਜਦੋਂ ਦਾਦਾ-ਦਾਦੀ ਬੱਚੇ ਦੀ ਛੋਟੀ ਜਿਹੀ ਪ੍ਰਾਪਤੀ ’ਤੇ ਖੁਸ਼ ਹੁੰਦੇ ਹਨ ਅਤੇ ਉਸਦੀ ਹੌਸਲਾ-ਅਫਜ਼ਾਈ ਕਰਦੇ ਹਨ ਤਾਂ ਬੱਚੇ ਦੇ ਮਨ ਵਿੱਚ ਉਨ੍ਹਾਂ ਲਈ ਆਪਣਾਪਨ ਵਧਦਾ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਵੀ ਬਜ਼ੁਰਗਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕਿਸੇ ਖਾਸ ਮੌਕੇ ’ਤੇ ਉਨ੍ਹਾਂ ਲਈ ਕਾਰਡ ਬਣਾਉਣ, ਫੁੱਲ ਦੇਣ ਜਾਂ ਪਿਆਰ ਭਰੇ ਸ਼ਬਦ ਲਿਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਬੱਚੇ ਕਦੇ ਵੀ ਉਹ ਨਹੀਂ ਸਿੱਖਦੇ ਜੋ ਅਸੀਂ ਸਿਰਫ ਉਨ੍ਹਾਂ ਨੂੰ ਦੱਸਦੇ ਹਾਂ, ਉਹ ਬਹੁਤ ਕੁਝ ਉਸ ਤੋਂ ਸਿੱਖਦੇ ਹਨ ਜੋ ਸਾਨੂੰ ਕਰਦਿਆਂ ਨੂੰ ਦੇਖਦੇ ਹਨ। ਜੇ ਮਾਪੇ ਆਪਣੇ ਮਾਤਾ-ਪਿਤਾ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਨ, ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹਨ, ਲੋੜ ਵੇਲੇ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਪਰਿਵਾਰ ਦਾ ਅਹਿਮ ਹਿੱਸਾ ਸਮਝਦੇ ਹਨ, ਤਾਂ ਬੱਚੇ ਵੀ ਇਹੋ ਜਿਹਾ ਵਿਹਾਰ ਸਿੱਖਦੇ ਹਨ। ਪਰ ਜੇ ਬੱਚੇ ਆਪਣੇ ਮਾਪਿਆਂ ਨੂੰ ਦਾਦਾ-ਦਾਦੀ ਦੀਆਂ ਗੱਲਾਂ ਨੂੰ ਅਣਡਿੱਠਾ ਕਰਦਿਆਂ, ਉਨ੍ਹਾਂ ਨਾਲ ਉੱਚੀ ਅਵਾਜ਼ ਵਿੱਚ ਗੱਲ ਕਰਦਿਆਂ ਜਾਂ ਉਨ੍ਹਾਂ ਨੂੰ ਬੋਝ ਸਮਝਦਿਆਂ ਦੇਖਦੇ ਹਨ, ਤਾਂ ਸਿਰਫ ਉਪਦੇਸ਼ ਦੇ ਕੇ ਉਨ੍ਹਾਂ ਦੇ ਮਨ ਵਿੱਚ ਬਜ਼ੁਰਗਾਂ ਲਈ ਸਤਿਕਾਰ ਪੈਦਾ ਕਰਨਾ ਔਖਾ ਹੋ ਜਾਂਦਾ ਹੈ। ਮਾਪਿਆਂ ਨੂੰ ਬੱਚਿਆਂ ਦੇ ਸਾਹਮਣੇ ਬਜ਼ੁਰਗਾਂ ਦੀਆਂ ਚੰਗਿਆਈਆਂ ਦਾ ਜ਼ਿਕਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਅੱਜ ਪਰਿਵਾਰ ਕੋਲ ਜੋ ਕੁਝ ਵੀ ਹੈ, ਉਸਦੇ ਪਿੱਛੇ ਪਿਛਲੀ ਪੀੜ੍ਹੀ ਦੀ ਮਿਹਨਤ, ਤਿਆਗ ਅਤੇ ਸੰਘਰਸ਼ ਵੀ ਸ਼ਾਮਲ ਹਨ। ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਬਜ਼ੁਰਗਾਂ ਦੀ ਉਮਰ ਵਧਣ ਨਾਲ ਉਨ੍ਹਾਂ ਦੀ ਮਹੱਤਤਾ ਘਟਦੀ ਨਹੀਂ, ਸਗੋਂ ਉਨ੍ਹਾਂ ਦੇ ਅਨੁਭਵ ਅਤੇ ਜੀਵਨ ਭਰ ਦੀਆਂ ਸਿੱਖਿਆਵਾਂ ਪਰਿਵਾਰ ਲਈ ਹੋਰ ਵੀ ਕੀਮਤੀ ਬਣ ਜਾਂਦੀਆਂ ਹਨ। ਬੱਚਿਆਂ ਨਾਲ ਮੋਹ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਬਜ਼ੁਰਗਾਂ ਨੂੰ ਵੀ ਸਮੇਂ ਦੇ ਬਦਲਾਅ ਨੂੰ ਸਮਝਣਾ ਪਵੇਗਾ। ਅੱਜ ਦੇ ਬੱਚਿਆਂ ਦੀ ਪੜ੍ਹਾਈ, ਸੋਚ, ਦਿਲਚਸਪੀਆਂ ਅਤੇ ਜੀਵਨ-ਸ਼ੈਲੀ ਪਹਿਲਾਂ ਨਾਲੋਂ ਵੱਖਰੀ ਹੈ। ਉਨ੍ਹਾਂ ਨੂੰ ਹਰ ਵੇਲੇ ਆਪਣੇ ਸਮੇਂ ਦੀਆਂ ਉਦਾਹਰਨਾਂ ਦੇ ਕੇ ਗਲਤ ਸਾਬਤ ਕਰਨ ਦੀ ਥਾਂ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਬੱਚਿਆਂ ਦੀਆਂ ਰੁਚੀਆਂ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਪਿਆਰ ਨਾਲ ਸਹੀ-ਗਲਤ ਦਾ ਫਰਕ ਸਮਝਾਉਣਾ ਚਾਹੀਦਾ ਹੈ। ਜੇ ਬੱਚਾ ਆਪਣੀ ਕੋਈ ਗੱਲ ਬਜ਼ੁਰਗ ਨਾਲ ਸਾਂਝੀ ਕਰਦਾ ਹੈ ਤਾਂ ਉਸਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ; ਉਸਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ। ਜਦੋਂ ਬੱਚੇ ਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਉਸ ਨੂੰ ਬਿਨਾਂ ਝਿੜਕੇ ਸੁਣਦਾ ਹੈ, ਉਸਦੀਆਂ ਭਾਵਨਾਵਾਂ ਨੂੰ ਸਮਝਦਾ ਹੈ ਅਤੇ ਉਸ ਨੂੰ ਸਵੀਕਾਰ ਕਰਦਾ ਹੈ ਤਾਂ ਉਹ ਉਸ ਵਿਅਕਤੀ ਦੇ ਹੋਰ ਨੇੜੇ ਆਉਂਦਾ ਹੈ। ਇਸੇ ਤਰ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਦੇ ਸਾਹਮਣੇ ਆਪਸੀ ਝਗੜਿਆਂ, ਪਰਿਵਾਰਕ ਖਿੱਚੋਤਾਣ ਅਤੇ ਸ਼ਿਕਾਇਤਾਂ ਨੂੰ ਵਾਰ-ਵਾਰ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ। ਘਰ ਦਾ ਸੁਖਾਵਾਂ ਮਾਹੌਲ ਬੱਚਿਆਂ ਨੂੰ ਹਰ ਜੀਅ ਨਾਲ ਸਿਹਤਮੰਦ ਰਿਸ਼ਤਾ ਬਣਾਉਣ ਵਿੱਚ ਮਦਦ ਕਰਦਾ ਹੈ।

ਬੱਚਿਆਂ ਨੂੰ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ। ਉਹ ਦਾਦੀ ਨੂੰ ਐਨਕ ਲਿਆ ਕੇ ਦੇ ਸਕਦੇ ਹਨ, ਦਾਦਾ ਜੀ ਨਾਲ ਸੈਰ ਕਰ ਸਕਦੇ ਹਨ, ਨਾਨੀ ਨੂੰ ਫ਼ੋਨ ਚਲਾਉਣਾ ਸਿਖਾ ਸਕਦੇ ਹਨ ਜਾਂ ਉਨ੍ਹਾਂ ਦੇ ਨਾਲ ਬੈਠ ਕੇ ਕੋਈ ਮਨਪਸੰਦ ਪ੍ਰੋਗਰਾਮ ਦੇਖ ਸਕਦੇ ਹਨ। ਇਨ੍ਹਾਂ ਕੰਮਾਂ ਨਾਲ ਬੱਚਿਆਂ ਵਿੱਚ ਮਦਦ ਕਰਨ, ਜ਼ਿੰਮੇਵਾਰੀ ਨਿਭਾਉਣ ਅਤੇ ਦੂਜਿਆਂ ਦੀਆਂ ਭਾਵਨਾਵਾਂ ਸਮਝਣ ਦੀ ਆਦਤ ਵਿਕਸਿਤ ਹੁੰਦੀ ਹੈ। ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਦੀ ਸਾਰੀ ਜ਼ਿੰਮੇਵਾਰੀ ਬੱਚਿਆਂ ਉੱਤੇ ਨਹੀਂ ਪਾਉਣੀ ਚਾਹੀਦੀ। ਬੱਚਿਆਂ ਨੂੰ ਪਿਆਰ ਨਾਲ ਸਾਂਝ ਪਾਉਣ ਦੇ ਮੌਕੇ ਦੇਣੇ ਹਨ, ਉਨ੍ਹਾਂ ਦੇ ਬਚਪਨ ਉੱਤੇ ਬੋਝ ਨਹੀਂ ਪਾਉਣਾ। ਅੱਜ ਰੁਜ਼ਗਾਰ, ਪੜ੍ਹਾਈ ਜਾਂ ਹੋਰ ਮਜਬੂਰੀਆਂ ਕਾਰਨ ਕਈ ਪਰਿਵਾਰ ਵੱਖਰੇ ਸ਼ਹਿਰਾਂ ਜਾਂ ਦੇਸ਼ਾਂ ਵਿੱਚ ਰਹਿੰਦੇ ਹਨ। ਅਜਿਹੇ ਹਾਲਾਤ ਵਿੱਚ ਬੱਚਿਆਂ ਦਾ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਰੁਜ਼ਾਨਾ ਮਿਲਣਾ ਸੰਭਵ ਨਹੀਂ ਹੁੰਦਾ। ਪਰ ਦੂਰੀ ਦਾ ਅਰਥ ਰਿਸ਼ਤਿਆਂ ਦਾ ਕਮਜ਼ੋਰ ਹੋਣਾ ਨਹੀਂ ਹੋਣਾ ਚਾਹੀਦਾ। ਵੀਡੀਓ ਕਾਲਾਂ, ਫ਼ੋਨ ’ਤੇ ਗੱਲਬਾਤ, ਇਕੱਠੇ ਮਨਾਏ ਜਾਂਦੇ ਤਿਉਹਾਰ ਅਤੇ ਸਮੇਂ-ਸਮੇਂ ’ਤੇ ਮਿਲਣ ਦੇ ਪ੍ਰਬੰਧ ਰਿਸ਼ਤਿਆਂ ਨੂੰ ਜਿਊਂਦਾ ਰੱਖ ਸਕਦੇ ਹਨ। ਬੱਚਿਆਂ ਨੂੰ ਬਜ਼ੁਰਗਾਂ ਦੇ ਨਾਂ ਯਾਦ ਕਰਵਾਉਣ ਤੋਂ ਅੱਗੇ ਵਧ ਕੇ ਉਨ੍ਹਾਂ ਦੇ ਸੁਭਾਅ, ਰੁਚੀਆਂ ਅਤੇ ਜੀਵਨ ਦੀਆਂ ਕਹਾਣੀਆਂ ਨਾਲ ਵੀ ਜਾਣੂ ਕਰਵਾਉਣਾ ਚਾਹੀਦਾ ਹੈ। ਜੇ ਹਰ ਫ਼ੋਨ ਕਾਲ ਸਿਰਫ ਪੜ੍ਹਾਈ ਦੇ ਅੰਕ ਪੁੱਛਣ ਜਾਂ ਸ਼ਿਕਾਇਤਾਂ ਕਰਨ ਤਕ ਸੀਮਿਤ ਨਾ ਰਹੇ, ਸਗੋਂ ਹਾਸੇ-ਮਜ਼ਾਕ, ਪਿਆਰ ਅਤੇ ਸਾਂਝੀਆਂ ਯਾਦਾਂ ਨਾਲ ਭਰੀ ਹੋਵੇ, ਤਾਂ ਦੂਰੀਆਂ ਦੇ ਬਾਵਜੂਦ ਨੇੜਤਾ ਬਣੀ ਰਹਿ ਸਕਦੀ ਹੈ।

ਬਜ਼ੁਰਗ ਪਰਿਵਾਰ ਦਾ ਅਤੀਤ ਹੀ ਨਹੀਂ ਹੁੰਦੇ ਸਗੋਂ ਬੱਚਿਆਂ ਦਾ ਭਵਿੱਖ ਵੀ ਹੁੰਦੇ ਹਨ। ਬਜ਼ੁਰਗਾਂ ਕੋਲ ਜੀਵਨ ਦਾ ਉਹ ਤਜਰਬਾ ਹੁੰਦਾ ਹੈ ਜੋ ਕਿਤਾਬਾਂ ਵਿੱਚੋਂ ਪੂਰੀ ਤਰ੍ਹਾਂ ਨਹੀਂ ਮਿਲ ਸਕਦਾ। ਉਨ੍ਹਾਂ ਨੇ ਸਮੇਂ ਦੇ ਬਦਲਾਅ ਦੇਖੇ ਹੁੰਦੇ ਹਨ, ਔਖੇ ਹਾਲਾਤ ਵਿੱਚ ਪਰਿਵਾਰ ਸੰਭਾਲਿਆ ਹੁੰਦਾ ਹੈ ਅਤੇ ਕਈ ਅਜਿਹੀਆਂ ਸਥਿਤੀਆਂ ਵਿੱਚੋਂ ਲੰਘੇ ਹੁੰਦੇ ਹਨ, ਜਿਨ੍ਹਾਂ ਤੋਂ ਬੱਚੇ ਜੀਵਨ ਜਿਊਣ ਦੀ ਕਲਾ ਸਿੱਖ ਸਕਦੇ ਹਨ। ਜਦੋਂ ਬੱਚੇ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਤੋਂ ਪਰਿਵਾਰ ਦਾ ਇਤਿਹਾਸ ਸੁਣਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਪਰਿਵਾਰ ਕਿਹੜੇ ਸੰਘਰਸ਼ਾਂ ਵਿੱਚੋਂ ਲੰਘਿਆ, ਕਿਹੜੀਆਂ ਕਦਰਾਂ-ਕੀਮਤਾਂ ਨੇ ਉਸ ਨੂੰ ਜੋੜ ਕੇ ਰੱਖਿਆ ਅਤੇ ਅੱਜ ਦੀਆਂ ਸਹੂਲਤਾਂ ਪਿੱਛੇ ਕਿੰਨੀ ਮਿਹਨਤ ਲੱਗੀ ਹੈ। ਇਸ ਨਾਲ ਉਨ੍ਹਾਂ ਵਿੱਚ ਸ਼ੁਕਰਗੁਜ਼ਾਰੀ, ਸਹਿਣਸ਼ੀਲਤਾ ਅਤੇ ਪਰਿਵਾਰਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋ ਸਕਦੀ ਹੈ। ਬਜ਼ੁਰਗਾਂ ਦਾ ਸਾਥ ਬੱਚਿਆਂ ਨੂੰ ਸਿਰਫ ਪਿਆਰ ਹੀ ਨਹੀਂ ਦਿੰਦਾ, ਸਗੋਂ ਉਨ੍ਹਾਂ ਨੂੰ ਇਹ ਵੀ ਸਿਖਾਉਂਦਾ ਹੈ ਕਿ ਹਰ ਉਮਰ ਦੇ ਮਨੁੱਖ ਦੀਆਂ ਆਪਣੀਆਂ ਲੋੜਾਂ ਅਤੇ ਭਾਵਨਾਵਾਂ ਹੁੰਦੀਆਂ ਹਨ। ਇਹ ਸਮਝ ਭਵਿੱਖ ਵਿੱਚ ਉਨ੍ਹਾਂ ਨੂੰ ਹੋਰ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਇਨਸਾਨ ਬਣਨ ਵਿੱਚ ਸਹਾਇਕ ਹੋ ਸਕਦੀ ਹੈ।

ਬੱਚਿਆਂ ਦੇ ਮਨਾਂ ਵਿੱਚ ਬਜ਼ੁਰਗਾਂ ਲਈ ਮੋਹ ਪੈਦਾ ਕਰਨਾ ਕੋਈ ਇੱਕ ਦਿਨ ਦਾ ਕੰਮ ਨਹੀਂ। ਇਹ ਰੁਜ਼ਾਨਾ ਦੇ ਛੋਟੇ-ਛੋਟੇ ਯਤਨਾਂ ਨਾਲ ਸੰਭਵ ਹੁੰਦਾ ਹੈ। ਇੱਕ ਕਹਾਣੀ, ਇੱਕ ਪਿਆਰ ਭਰੀ ਗੱਲ, ਇਕੱਠੇ ਖਾਧੀ ਰੋਟੀ, ਸਿਰ ਉੱਤੇ ਰੱਖਿਆ ਹੱਥ, ਕਿਸੇ ਪ੍ਰਾਪਤੀ ’ਤੇ ਮਿਲੀ ਥਾਪੀ ਅਤੇ ਔਖੇ ਵੇਲੇ ਦਿੱਤਾ ਸਾਥ, ਇਹ ਸਾਰੇ ਉਹ ਬੀਜ ਹਨ ਜੋ ਬੱਚਿਆਂ ਦੇ ਮਨਾਂ ਵਿੱਚ ਮੋਹ ਦੇ ਰੁੱਖ ਬਣ ਕੇ ਉੱਗਦੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਜ਼ੁਰਗਾਂ ਨੂੰ ਬੱਚਿਆਂ ਤੋਂ ਸਿਰਫ ਸਤਿਕਾਰ ਦੀ ਉਮੀਦ ਨਹੀਂ ਹੁੰਦੀ ਸਗੋਂ ਉਨ੍ਹਾਂ ਨੂੰ ਆਪਣੇਪਨ, ਗੱਲਬਾਤ ਅਤੇ ਸਾਥ ਦੀ ਵੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਵੀ ਅਜਿਹੇ ਰਿਸ਼ਤਿਆਂ ਦੀ ਲੋੜ ਹੈ ਜਿੱਥੇ ਉਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਪਿਆਰ ਮਿਲੇ, ਉਨ੍ਹਾਂ ਦੀਆਂ ਗੱਲਾਂ ਸੁਣੀਆਂ ਜਾਣ ਅਤੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਮੌਕਾ ਮਿਲੇ। ਉਹ ਬਜ਼ੁਰਗਾਂ ਦੇ ਰਿਸ਼ਤੇ ਤੋਂ ਵਧੀਆ ਹੋਰ ਕੋਈ ਰਿਸ਼ਤਾ ਨਹੀਂ ਹੋ ਸਕਦਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਭਵਿੱਖ ਵਿੱਚ ਆਪਣੇ ਬਜ਼ੁਰਗਾਂ ਨੂੰ ਇਕੱਲੇ ਨਾ ਛੱਡਣ ਤਾਂ ਸਾਨੂੰ ਅੱਜ ਤੋਂ ਹੀ ਉਨ੍ਹਾਂ ਦੇ ਮਨਾਂ ਵਿੱਚ ਮੋਹ, ਸਤਿਕਾਰ ਅਤੇ ਸੰਵੇਦਨਸ਼ੀਲਤਾ ਦੇ ਬੀਜ ਬੀਜਣੇ ਪੈਣਗੇ। ਇਹ ਕੰਮ ਸਿਰਫ ਬੱਚਿਆਂ ਨੂੰ ਨਸੀਹਤਾਂ ਦੇਣ ਨਾਲ ਨਹੀਂ, ਸਗੋਂ ਪਰਿਵਾਰ ਦੇ ਹਰ ਜੀਅ ਵੱਲੋਂ ਪਿਆਰ ਭਰਿਆ ਮਾਹੌਲ ਸਿਰਜਣ ਨਾਲ ਹੀ ਸੰਭਵ ਹੈ ਕਿਉਂਕਿ ਬਜ਼ੁਰਗਾਂ ਨਾਲ ਮੋਹ ਵਿਰਾਸਤ ਵਿੱਚ ਮਿਲਣ ਵਾਲੀ ਕੋਈ ਚੀਜ਼ ਨਹੀਂ, ਸਗੋਂ ਸਾਂਝੇ ਪਲਾਂ ਵਿੱਚ ਪਲਣ ਵਾਲੀ ਇੱਕ ਭਾਵਨਾ ਹੈ। ਜਿਹੜੇ ਬੱਚੇ ਅੱਜ ਦਾਦਾ-ਦਾਦੀ ਦੀ ਗੋਦ ਵਿੱਚ ਪਿਆਰ ਲੈ ਕੇ ਵੱਡੇ ਹੁੰਦੇ ਹਨ, ਉਹ ਕੱਲ੍ਹ ਕਿਸੇ ਦੇ ਬਜ਼ੁਰਗ ਹੋਣ ’ਤੇ ਉਸਦੇ ਇਕੱਲੇਪਨ ਨੂੰ ਸਮਝਣ ਦੀ ਸੰਵੇਦਨਾ ਵੀ ਆਪਣੇ ਅੰਦਰ ਪੈਦਾ ਕਰ ਸਕਦੇ ਹਨ। ਆਪਣੇ ਘਰਾਂ ਵਿੱਚ ਮੁੜ ਉਹ ਸਾਂਝਾਂ ਪੈਦਾ ਕੀਤੀਆਂ ਜਾਣ ਜਿੱਥੇ ਬੱਚਿਆਂ ਨੂੰ ਬਜ਼ੁਰਗਾਂ ਕੋਲ ਬੈਠਣ ਲਈ ਕਿਹਾ ਨਾ ਜਾਵੇ, ਸਗੋਂ ਉਹ ਆਪ ਹੀ ਉਨ੍ਹਾਂ ਕੋਲ ਜਾਣ ਲਈ ਉਤਾਵਲੇ ਹੋਣ। ਇਹੋ ਜਿਹੇ ਘਰਾਂ ਵਿੱਚ ਹੀ ਪੀੜ੍ਹੀਆਂ ਵਿਚਕਾਰ ਮੋਹ ਦੀਆਂ ਤੰਦਾਂ ਮਜ਼ਬੂਤ ਰਹਿੰਦੀਆਂ ਹਨ ਅਤੇ ਪਰਿਵਾਰ ਸੱਚੇ ਅਰਥਾਂ ਵਿੱਚ ਪਰਿਵਾਰ ਬਣਿਆ ਰਹਿੰਦਾ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਜੋੜਨ ਦੀ ਕੜੀ ਬਣਦੇ ਹਨ, ਉਨ੍ਹਾਂ ਦਾ ਆਪਣਾ ਬੁਢੇਪਾ ਵੀ ਸੁਰੱਖਿਅਤ ਹੋ ਜਾਂਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)

More articles from this author