“ਸੜਕ ਤੋਂ ਲੰਘੀਆਂ ਜਾਂਦੀਆਂ ਬੁੜ੍ਹੀਆਂ ਅਕਸਰ ਕੋਠੀ ਵੱਲ ਵੇਖ ਕੇ ਉਹਨਾਂ ਦੀ ਕੋਈ ਨਾ ਕੋਈ ਗੱਲ ਛੇੜ ਲੈਂਦੀਆਂ ...”
(25 ਦਸੰਬਰ 2023)
ਇਸ ਸਮੇਂ ਪਾਠਕ: 270.
ਪ੍ਰਗਟ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਨੇ ਪੜ੍ਹਦੇ ਪੜ੍ਹਦੇ ਨੇ ਹੀ ਆਪਣੇ ਬਾਪੂ ਨਾਲ ਖੇਤੀਬਾੜੀ ਦਾ ਕੰਮ ਸੰਭਾਲ ਲਿਆ ਸੀ ਕਿਉਂਕਿ ਜ਼ਮੀਨ ਜ਼ਿਆਦਾ ਸੀ। ਉਹ ਪਿੰਡ ਵਿੱਚ ਪੁਰਾਣੇ ਘਰ ਵਿੱਚ ਹੀ ਰਹਿੰਦੇ ਸਨ। ਕਈ ਵਾਰ ਨਵਾਂ ਘਰ ਬਣਾਉਣ ਦੀ ਸਲਾਹ ਕਰਦੇ ਪਰ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ। ਪਹਿਲਾਂ ਇਸਦਾ ਵਿਆਹ ਕਰਨ ਕਰਕੇ ਨਵੇਂ ਘਰ ਦੀ ਉਸਾਰੀ ਦਾ ਚੱਕਣ ਨਾ ਚੱਕਿਆ, ਫੇਰ ਅੱਗੜ ਪਿੱਛੜ ਕੁੜੀਆਂ ਲਈ ਵਧੀਆ ਬਾਹਰਲੇ ਮੁੰਡੇ ਮਿਲ਼ ਗਏ, ਉਹਨਾਂ ਦੇ ਵਿਆਹਾਂ ਕਾਰਨ ਨਵਾਂ ਘਰ ਬਣਾਉਣ ਲਈ ਹੱਥ ਨਾ ਪਿਆ। ਫਿਰ ਪ੍ਰਗਟ ਸਿੰਘ ਦੇ ਬੇਬੇ ਬਾਪੂ ਬਿਮਾਰ ਰਹਿਣ ਲੱਗ ਪਏ। ਉਹਨਾਂ ਦੀ ਸਾਂਭ ਸੰਭਾਲ ਤੇ ਦਵਾਈ ਬੂਟੀ ਕਰਦੇ ਨਵੀਂ ਕੋਠੀ ਬਣਾਉਣ ਦੀ ਰੀਝ ਮਨ ਵਿੱਚ ਹੀ ਰਹਿੰਦੀ ਗਈ। ਉਦੋਂ ਤਕ ਪ੍ਰਗਟ ਸਿੰਘ ਦਾ ਵੱਡਾ ਮੁੰਡਾ ਨੌਂ ਸਾਲ ਦਾ ਹੋ ਗਿਆ ਸੀ ਤੇ ਕੁੜੀ ਸੱਤਵੇਂ ਸਾਲ ਵਿੱਚ ਸੀ।
ਫਿਰ ਪ੍ਰਗਟ ਸਿੰਘ ਦੇ ਬੇਬੇ ਬਾਪੂ ਛੇ ਮਹੀਨੇ ਦੇ ਫ਼ਰਕ ਨਾਲ ਦੁਨੀਆਂ ਤੋਂ ਤੁਰ ਗਏ। ਉਹ ਪਿੱਛੇ ਪ੍ਰਗਟ ਲਈ ਐਨੀ ਜ਼ਮੀਨ ਜਾਇਦਾਦ ਛੱਡ ਕੇ ਗਏ ਸਨ, ਉਹਨਾਂ ਦਾ ਮਰਨਾ ਵੀ ਖੂਬ ਖ਼ਰਚਾ ਕਰਕੇ ਕੀਤਾ। ਪ੍ਰਗਟ ਦੀ ਬੇਬੇ ਬਾਪੂ ਤੋਂ ਛੇ ਕੁ ਮਹੀਨੇ ਪਹਿਲਾਂ ਪੂਰੀ ਹੋ ਗਈ ਸੀ, ਉਦੋਂ ਪ੍ਰਗਟ ਦੀ ਘਰਵਾਲ਼ੀ ਨਿਮਰਤ ਨੇ ਆਪਣੀਆਂ ਨਣਦਾਂ ਨਾਲ ਨਵੀਂ ਕੋਠੀ ਬਣਾਉਣ ਦੀ ਗੱਲ ਕਰਦੀ ਨੇ ਆਖਿਆ ਸੀ, “ਭੈਣ ਜੀ … ਰੱਬ ਸੁੱਖ ਰੱਖੇ, ਹੁਣ ਜਦੋਂ ਅਗਲੀ ਵਾਰ ਤੁਸੀਂ ਬਾਹਰੋਂ ਆਵੋਂਗੀਆਂ ਤਾਂ ਆਪਾਂ ਨੇ ਵੱਡੀ ਨਵੀਂ ਕੋਠੀ ਬਣਾ ਹੀ ਲੈਣੀ ਐਂ। ਜਦੋਂ ਸਾਨੂੰ ਪੁਰਾਣੇ ਘਰ ਵਿੱਚ ਰਹਿਣਾ ਔਖਾ ਲਗਦਾ ਹੈ ਤੁਹਾਨੂੰ ਬਾਹਰੋਂ ਆ ਕੇ ਕਿੰਨਾ ਔਖਾ ਲਗਦਾ ਹੋਊ।”
“ਹਾਂ ਭਾਬੀ, ਚਾਹੇ ਅਸੀਂ ਇੱਥੇ ਈ ਜੰਮੀਆਂ ਪਲੀਆਂ ਪਰ ਹੁਣ ਬਾਹਰ ਵਾਲੀਆਂ ਸੁਖ ਸਹੂਲਤਾਂ ਦੇ ਹਿਸਾਬ ਨਾਲ ਰਹਿਣ ਦੀ ਆਦਤ ਪੈਗੀ ਐ। ਹੁਣ ਔਖਾ ਲਗਦਾ ਪੁਰਾਣੇ ਘਰ ਵਿੱਚ ਰਹਿਣਾ। ਬੀਬੀ ਦਾ ਵਰੀਨਾ ਕਰਕੇ ਸ਼ੁਰੂ ਕਰ ਲਿਓ … …!” ਛੋਟੀ ਕੁੜੀ ਨੇ ਆਪਣੀ ਭਾਬੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ। ਉਹਨਾਂ ਨੂੰ ਕੀ ਪਤਾ ਸੀ ਕਿ ਜਦੋਂ ਤਕ ਉਹ ਨਵੀਂ ਕੋਠੀ ਬਣਾਉਣ ਦੀ ਸਲਾਹ ਕਰਨਗੇ, ਉਦੋਂ ਤਕ ਬਾਪੂ ਵੀ ਛੇ ਮਹੀਨੇ ਬਿਮਾਰ ਰਹਿ ਕੇ ਸੰਸਾਰ ਤੋਂ ਤੁਰ ਜਾਵੇਗਾ।
ਬਾਪੂ ਦੇ ਭੋਗ ’ਤੇ ਆਈਆਂ ਕੁੜੀਆਂ ਨੇ ਇਸ ਵਾਰ ਆਪਣੇ ਭਰਾ ਭਰਜਾਈ ਨੂੰ ਸਲਾਹ ਦਿੱਤੀ, “ਵੀਰੇ! ਕੀ ਤੂੰ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਐਂ, ਤੇ ਭਾਬੀ ਵਿਚਾਰੀ ਤੋਂ ਸਾਰਾ ਦਿਨ ਚੌਂਕਾ ਚੁੱਲ੍ਹਾ ਨੀ ਨਿੱਬੜਦਾ … ਨਿਆਣੇ ਅੱਡ ਰੁਲੇ ਰਹਿੰਦੇ ਨੇ। ਹੁਣ ਬੇਬੇ ਬਾਪੂ ਦਾ ਵੀ ਸਹਾਰਾ ਨੀ ਰਿਹਾ … ਅਸੀਂ ਤਾਂ ਚਾਹੁੰਦੀਆਂ ਨਵੀਂ ਕੋਠੀ ਬਣਾਉਣ ਦਾ ਖਹਿੜਾ ਛੱਡ, ਤੂੰ ਟੱਬਰ ਸਮੇਤ ਕਨੇਡਾ ਦੀ ਫਾਈਲ ਲਾ ਦੇ ਤੇ ਜ਼ਮੀਨ ਠੇਕੇ ਤੇ ਦੇ ਦੇ!” ਵੱਡੀ ਭੈਣ ਨੇ ਦੋਹਾਂ ਭੈਣਾਂ ਦੇ ਦਿਲ ਦੀ ਗੱਲ ਆਖ ਦਿੱਤੀ। ਉਹਨਾਂ ਦੀ ਇਹ ਗੱਲ ਪ੍ਰਗਟ ਅਤੇ ਨਿਮਰਤ ਦੇ ਦਿਲ ਲੱਗ ਗਈ।
ਉਹਨਾਂ ਨੇ ਦੋ ਕੁ ਮਹੀਨੇ ਰੁਕ ਕੇ ਆਪਣੇ ਅਤੇ ਆਪਣੇ ਜਵਾਕਾਂ ਦੇ ਕਾਗਜ਼ ਪੱਤਰ ਭਰ ਕੇ ਪਰਿਵਾਰ ਸਮੇਤ ਕਨੇਡਾ ਦੀ ਫਾਈਲ ਲਾ ਦਿੱਤੀ। ਪਰ ਉਹਨਾਂ ਦਾ ਵੀਜ਼ਾ ਨਾ ਲੱਗਿਆ। ਉਹ ਬਹੁਤ ਨਿਰਾਸ਼ ਹੋਏ।
ਫਿਰ ਨਿਮਰਤ ਨੇ ਪ੍ਰਗਟ ਨੂੰ ਆਖਿਆ ਕਿ ਹੁਣ ਤਾਂ ਰੱਬ ਦਾ ਨਾਂ ਲੈ ਕੇ ਨਵੀਂ ਕੋਠੀ ਬਣਾਉਣੀ ਸ਼ੁਰੂ ਕਰ ਹੀ ਲਵੇ। ਪਿੰਡ ਵਿੱਚ ਦੋ ਦੋ ਕਿੱਲੇ ਜ਼ਮੀਨ ਵਾਲਿਆਂ ਨੇ ਵੀ ਨਵੀਆਂ ਕੋਠੀਆਂ ਉਸਾਰ ਲਈਆਂ ਸਨ। ਪ੍ਰਗਟ ਨੇ ਵੀ ਪਿੰਡ ਦੀ ਫਿਰਨੀ ਤੇ ਲਗਦੀ ਜ਼ਮੀਨ ਵਿੱਚ ਅੱਧੇ ਕੁ ਕਿੱਲੇ ਨੂੰ ਵਗਲ਼ ਕੇ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ। ਕੋਠੀ ਦੀਆਂ ਨੀਹਾਂ ਦੀ ਚਿਣਾਈ ਕਰਕੇ ਬਾਕੀ ਦੀਵਾਰਾਂ ਦੀ ਵੀ ਚਾਰ ਚਾਰ ਫੁੱਟ ਚਿਣਾਈ ਹੋ ਗਈ, ਨਿਮਰਤ ਨੂੰ ਉਸ ਦੀ ਛੋਟੀ ਨਣਦ ਦਾ ਫ਼ੋਨ ਆਇਆ, ਜੋ ਇੰਗਲੈਂਡ ਵਿੱਚ ਰਹਿੰਦੀ ਸੀ, ਉਹ ਆਖਣ ਲੱਗੀ, “ਭਾਬੀ, ਮੈਂ ਥੋਡੀ ਸਾਰੇ ਟੱਬਰ ਦੀ ਰਾਹਦਾਰੀ ਭੇਜਣ ਲੱਗੀ ਹਾਂ, ਤੁਸੀਂ ਆਪਣੇ ਕਾਗਜ਼ ਭਰ ਦਿਓ ਤੇ ਮੇਰੇ ਕੋਲ਼ ਦੋ ਮਹੀਨੇ ਲਾ ਜਾਓ। ਇਹਦੇ ਨਾਲ ਤੁਹਾਡਾ ਬਾਹਰ ਜਾਣ ਦਾ ਰਾਹ ਖੁੱਲ੍ਹ ਜਾਵੇਗਾ।”
ਨਿਮਰਤ ਤੇ ਪ੍ਰਗਟ ਨੇ ਉਸ ਦੀ ਸਲਾਹ ਮੁਤਾਬਕ ਉਵੇਂ ਹੀ ਕੀਤਾ। ਜਿਸ ਦਿਨ ਕੋਠੀ ਦਾ ਲੈਂਟਰ ਪੈਣਾ ਸੀ, ਉਸ ਦਿਨ ਉਹਨਾਂ ਦਾ ਸਾਰੇ ਟੱਬਰ ਦਾ ਇੰਗਲੈਂਡ ਦਾ ਵੀਜ਼ਾ ਲੱਗ ਕੇ ਆ ਗਿਆ। ਸਾਰੇ ਟੱਬਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਕੋਠੀ ਦਾ ਲੈਂਟਰ ਪਵਾ ਕੇ ਤੇ ਅੰਦਰੋਂ ਪਲੱਸਤਰ ਕਰਵਾ ਕੇ ਸਾਰਾ ਟੱਬਰ ਦੋ ਮਹੀਨੇ ਲਈ ਛੋਟੀ ਕੁੜੀ ਕੋਲ ਇੰਗਲੈਂਡ ਚਲੇ ਗਏ।
ਦੋ ਮਹੀਨੇ ਬਾਅਦ ਉਨ੍ਹਾਂ ਨੇ ਵਾਪਸ ਆ ਕੇ ਨਵੀਂ ਕੋਠੀ ਦਾ ਕੰਮ ਫਿਰ ਸ਼ੁਰੂ ਕਰਵਾ ਦਿੱਤਾ। ਨਾਲ ਦੀ ਨਾਲ ਹੀ ਉਹਨਾਂ ਨੇ ਫਿਰ ਕਨੇਡਾ ਜਾਣ ਲਈ ਅਪਲਾਈ ਕਰ ਦਿੱਤਾ। ਅਜੇ ਕੋਠੀ ਦਾ ਕੰਮ ਬਾਹਰੋਂ ਪੂਰਾ ਵੀ ਨਹੀਂ ਹੋਇਆ ਸੀ ਤੇ ਰੰਗ ਰੋਗਨ ਵੀ ਰਹਿੰਦਾ ਸੀ, ਉਹਨਾਂ ਨੇ ਪਾਠ ਕਰਵਾ ਕੇ ਪੁਰਾਣੇ ਘਰ ਵਿੱਚੋਂ ਸਮਾਨ ਨਵੀਂ ਕੋਠੀ ਵਿੱਚ ਸ਼ਿਫਟ ਕਰ ਲਿਆ। ਅਜੇ ਨਵੀਂ ਕੋਠੀ ਵਿੱਚ ਆਏ ਉਨ੍ਹਾਂ ਨੂੰ ਦੋ ਦਿਨ ਹੀ ਹੋਏ ਸਨ ਕਿ ਸਾਰੇ ਟੱਬਰ ਦਾ ਕਨੇਡਾ ਦਾ ਵੀਜ਼ਾ ਲੱਗ ਕੇ ਆ ਗਿਆ। ਉਹਨਾਂ ਨੂੰ ਪਿੰਡ ਦੇ ਲੋਕ ਵਧਾਈਆਂ ਦੇਣ ਆਉਣ। ਉਹ ਸਾਰਾ ਟੱਬਰ ਦੋ ਕੁ ਮਹੀਨਿਆਂ ਵਿੱਚ ਬਾਹਰ ਚਲਿਆ ਗਿਆ। ਨਿਮਰਤ ਤਾਂ ਬੱਚਿਆਂ ਨਾਲ ਉੱਥੇ ਹੀ ਪੱਕੇ ਤੌਰ ’ਤੇ ਰਹਿਣ ਲੱਗ ਪਈ ਜਦੋਂ ਕਿ ਪ੍ਰਗਟ ਕਦੇ ਸਾਲ ਛੇ ਮਹੀਨੇ ਬਾਅਦ ਆ ਕੇ ਦੋ ਚਾਰ ਮਹੀਨੇ ਰਹਿ ਜਾਂਦਾ।
ਸੜਕ ਤੋਂ ਲੰਘੀਆਂ ਜਾਂਦੀਆਂ ਬੁੜ੍ਹੀਆਂ ਅਕਸਰ ਕੋਠੀ ਵੱਲ ਵੇਖ ਕੇ ਉਹਨਾਂ ਦੀ ਕੋਈ ਨਾ ਕੋਈ ਗੱਲ ਛੇੜ ਲੈਂਦੀਆਂ। ਵਿੱਚੋਂ ਕੋਈ ਨਾ ਕੋਈ ਆਖ ਦਿੰਦੀ, “ਭਾਈ ਇਹ ਕੋਠੀ ਤਾਂ ਬਹੁਤ ਕਰਮਾਂ ਵਾਲੀ ਐ। ਜਦੋਂ ਦੀ ਬਣਨ ਲੱਗੀ, ਉਦੋਂ ਦੇ ਤਾਂ ਉਹਨਾਂ ਦੇ ਸਾਰੇ ਟੱਬਰ ਦੇ ਵੀਜ਼ੇ ਈ ਲੱਗੀ ਗਏ। ਦੇਖਲੋ ਇਹ ਕੋਠੀ ਹੁਣ ਬਾਹਰ ਵਾਲਿਆਂ ਦੀ ਕੋਠੀ ਓ ਈ ਵੱਜਦੀ ਆ …।”
ਕੋਠੀ ਬਿਨਾਂ ਰੰਗ ਰੋਗਨ ਤੋਂ ਅਧੂਰੀ ਖੜ੍ਹੀ ਇਸ ਤਰ੍ਹਾਂ ਜਾਪਦੀ ਜਿਵੇਂ ਆਖ ਰਹੀ ਹੋਵੇ, “ਭੈਣੇ ... ਮੈਂ ਤਾਂ ਕਰਮਾਂ ਵਾਲੀ ਤਾਂ ਹੁੰਦੀ, ਜੇ ਮੇਰੇ ਮਾਲਕ ਮੇਰੇ ਵਿੱਚ ਹੱਸਦੇ ਖੇਡਦੇ ਅੱਠੇ ਪਹਿਰ ਰੌਣਕਾਂ ਲਾ ਕੇ ਰੱਖਦੇ … ਵਧਦੇ ਫੁੱਲਦੇ … ਮੈਨੂੰ ਰੰਗ ਰੋਗਨ ਕਰਵਾ ਕੇ ਸ਼ਿੰਗਾਰਦੇ … ਛੋਟੇ ਛੋਟੇ ਬੱਚੇ ਆਪਣੇ ਸਾਥੀਆਂ ਨਾਲ ਮੇਰੇ ਵਿਹੜੇ ਵਿੱਚ ਲੁੱਡੀਆਂ ਪਾਉਂਦੇ … ਸਵੇਰੇ ਸਵੇਰੇ ਸਕੂਲ ਨੂੰ ਜਾਂਦੇ … ਸਾਰਾ ਦਿਨ ਮੇਰਾ ਵੱਡਾ ਸਾਰਾ ਗੇਟ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰਦਾ … ਰੋਜ਼ ਸ਼ਾਮ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੱਤੀਆਂ ਜਗਦੀਆਂ ਤੇ ਮੈਂ ਟਿਮਟਿਮਾਉਂਦੀ ਪਿੰਡ ਦਾ ਸ਼ਿੰਗਾਰ ਬਣਦੀ … ਤੁਸੀਂ ਮੇਰਾ ਦਰਦ ਕੀ ਜਾਣੋਂ … ਦਿਨ ਤਿਉਹਾਰ ਨੂੰ ਵੀ ਜਦੋਂ ਪਿੰਡ ਦੇ ਨਿੱਕੇ ਨਿੱਕੇ ਘਰ ਸਜੇ ਹੋਏ ਦਿਸਦੇ ਹਨ ਤੇ ਮੈਂ ਲਿਬੜੀ ਤਿੱਬੜੀ ਕਿੰਨੀ ਅਭਾਗਣ ਮਹਿਸੂਸ ਕਰਦੀ ਹਾਂ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4571)
(ਸਰੋਕਾਰ ਨਾਲ ਸੰਪਰਕ ਲਈ: (