“ਗੁਰਮੀਤ ਸਿੰਘ ਉੱਤੇ ਉਹਨਾਂ ਦੇ ਕੌੜੇ ਬੋਲਾਂ ਨੇ ਐਨਾ ਅਸਰ ਕੀਤਾ ਕਿ ਉਸ ਨੇ ਮੰਜਾ ਹੀ ਫੜ ਲਿਆ ...”
(7 ਅਪਰੈਲ 2024)
ਇਸ ਸਮੇਂ ਪਾਠਕ: 355.
ਬਲਦੇਵ ਘਰ ਦਾ ਵੱਡਾ ਮੁੰਡਾ ਸੀ। ਉਸ ਤੋਂ ਛੋਟੇ ਉਸ ਦੇ ਦੋ ਭਰਾ ਅਤੇ ਇੱਕ ਭੈਣ ਸੀ। ਘਰ ਵੀ ਕੱਚਾ ਜਿਹਾ ਹੀ ਸੀ ਕਿਉਂਕਿ ਘਰ ਦੀ ਆਰਥਿਕ ਸਥਿਤੀ ਬਹੁਤੀ ਵਧੀਆ ਨਹੀਂ ਸੀ। ਬਲਦੇਵ ਦਸਵੀਂ ਪਾਸ ਕਰਦੇ ਹੀ ਸ਼ਹਿਰ ਕਿਸੇ ਕੰਪਨੀ ਵਿੱਚ ਥੋੜ੍ਹੀ ਜਿਹੀ ਤਨਖਾਹ ’ਤੇ ਲਿਖਾ-ਪੜ੍ਹੀ ਦਾ ਕੰਮ ਕਰਨ ਲੱਗ ਪਿਆ ਤੇ ਨਾਲ ਹੀ ਉਹ ਪ੍ਰਾਈਵੇਟ ਅਗਾਂਹ ਪੜ੍ਹਾਈ ਕਰਨ ਲੱਗਿਆ। ਘਰ ਵਿੱਚ ਗਰੀਬੀ ਦਾ ਅਸਲ ਕਾਰਨ ਉਸ ਦੇ ਪਿਓ ਗੁਰਮੀਤ ਸਿੰਘ ਦਾ ਵਿਹਲੜਪੁਣਾ ਸੀ। ਉਹ ਸਾਰਾ ਦਿਨ ਵਿਹਲੜਾ ਵਿੱਚ ਬੈਠ ਕੇ ਲੰਘਾ ਦਿੰਦਾ ਸੀ। ਜ਼ਮੀਨ ਚੰਗੀ ਸੀ ਤਾਂ ਹੀ ਘਰ ਦਾ ਤੋਰੀ ਫੁਲਕਾ ਜ਼ਮੀਨ ਦੇ ਠੇਕੇ ਨਾਲ ਤੁਰੀ ਜਾਂਦਾ ਸੀ। ਸਾਰੇ ਭੈਣ ਭਰਾਵਾਂ ਦੇ ਖਰਚੇ ਵਧ ਰਹੇ ਸਨ ਕਿਉਂਕਿ ਜਿਵੇਂ ਜਿਵੇਂ ਸਾਰੇ ਵੱਡੇ ਹੋ ਰਹੇ ਸਨ, ਉਹਨਾਂ ਦੀਆਂ ਜ਼ਰੂਰਤਾਂ ਵੀ ਵੱਡੀਆਂ ਹੋ ਰਹੀਆਂ ਸਨ। ਘਰ ਦੀ ਸਾਰੀ ਜ਼ਿੰਮੇਵਾਰੀ ਬਲਦੇਵ ਨੇ ਛੋਟੀ ਉਮਰ ਵਿੱਚ ਹੀ ਆਪਣੇ ਸਿਰ ’ਤੇ ਲੈ ਲਈ ਸੀ ਕਿਉਂਕਿ ਉਸ ਨੇ ਬਚਪਨ ਤੋਂ ਬਹੁਤ ਔਖੇ ਦਿਨ ਵੇਖੇ ਸਨ। ਉਸ ਦੇ ਮਨ ਵਿੱਚ ਘਰ ਦੀ ਹਾਲਤ ਸੁਧਾਰਨ ਦੀ ਲਗਨ ਸੀ, ਇਸੇ ਲਈ ਤਾਂ ਉਸ ਨੇ ਛੋਟੀ ਉਮਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਬਲਦੇਵ ਨੇ ਪੁਰਾਣਾ ਘਰ ਵੇਚ ਕੇ, ਕੁਝ ਪੈਸੇ ਪੱਲਿਉਂ ਪਾ ਕੇ ਤੇ ਕੁਝ ਰਿਸ਼ਤੇਦਾਰਾਂ ਤੋਂ ਉਧਾਰ ਫੜ ਕੇ ਪਿੰਡ ਵਿੱਚ ਹੀ ਪਹਿਲਾਂ ਤਾਂ ਇੱਕ ਪੱਕਾ ਤੇ ਖੁੱਲ੍ਹਾ ਡੁੱਲ੍ਹਾ ਘਰ ਖਰੀਦਿਆ, ਫਿਰ ਉਸ ਨੇ ਦੋ ਤਿੰਨ ਸਾਲਾਂ ਵਿੱਚ ਕਰਜ਼ਾ ਮੋੜਿਆ ਤੇ ਨਾਲ ਦੀ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ। ਇਸੇ ਤਰ੍ਹਾਂ ਹੱਥ ਪੈਰ ਮਾਰਦੇ ਬਲਦੇਵ ਦੀ ਪਰਮਾਤਮਾ ਨੇ ਸੁਣ ਲਈ ਤੇ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ਼ ਗਈ।
ਬਲਦੇਵ ਦੇ ਮਿਹਨਤੀ ਹੋਣ ਕਰਕੇ ਸ਼ਰੀਕੇ ਵਿੱਚੋਂ ਹੀ ਕਿਸੇ ਨੇ ਉਸ ਨੂੰ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ। ਜਿਵੇਂ ਹੀ ਵਿਆਹ ਹੋਇਆ, ਅਜੇ ਦਸ ਦਿਨ ਵੀ ਨਹੀਂ ਸਨ ਨਿਕਲ਼ੇ ਕਿ ਬਲਦੇਵ ਦੀ ਭੈਣ ਅਤੇ ਮਾਂ ਨੇ ਉਸ ਦੀ ਵਹੁਟੀ ਨਾਲ ਵਿਆਹ ਵਿੱਚ ਲੈਣ ਦੇਣ ਨੂੰ ਲੈ ਕੇ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ। ਬਲਦੇਵ ਨੇ ਮਜਬੂਰੀ ਵਿੱਚ ਘਰਦਿਆਂ ਤੋਂ ਅੱਡ ਹੋ ਕੇ ਸ਼ਹਿਰ, ਜਿੱਥੇ ਉਹ ਨੌਕਰੀ ਕਰਦਾ ਸੀ, ਉੱਥੇ ਘਰ ਲੈ ਕੇ ਆਪਣੇ ਪਰਿਵਾਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਘਰ ਦੀਆਂ ਔਰਤਾਂ ਦੀ ਆਪਸ ਵਿੱਚ ਚਾਹੇ ਬਣਦੀ ਨਹੀਂ ਸੀ ਪਰ ਆਪ ਬਲਦੇਵ ਘਰ ਦੇ ਸਾਰੇ ਕੰਮ ਮੋਹਰੇ ਹੋ ਕੇ ਕਰਦਾ ਰਿਹਾ। ਛੋਟੀ ਭੈਣ ਲਈ ਮੁੰਡਾ ਲੱਭ ਕੇ ਆਪ ਉਸਦਾ ਵਿਆਹ ਕੀਤਾ।
ਜਦੋਂ ਤੋਂ ਬਲਦੇਵ ਨੇ ਆਪਣੀ ਪਤਨੀ ਨਾਲ ਸ਼ਹਿਰ ਰਹਿਣਾ ਸ਼ੁਰੂ ਕੀਤਾ ਸੀ, ਬਲਦੇਵ ਦੇ ਪਿਤਾ, ਗੁਰਮੀਤ ਸਿੰਘ ਨੇ ਤਾਂ ਉਸ ਨੂੰ ਆਪਣਾ ਦੁਸ਼ਮਣ ਹੀ ਮੰਨ ਲਿਆ ਸੀ। ਫਿਰ ਵੀ ਬਲਦੇਵ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਿਆ। ਉਸ ਨੇ ਛੋਟੇ ਭਰਾਵਾਂ ਨੂੰ ਦਸ ਦਸ ਪੜ੍ਹਨ ਤੋਂ ਬਾਅਦ ਹੋਰ ਨਾ ਪੜ੍ਹਦੇ ਵੇਖ ਕੇ ਤੇ ਗ਼ਲਤ ਸੰਗਤ ਵਿੱਚ ਪੈਂਦੇ ਵੇਖ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਸੁਣ ਕੇ ਨੌਕਰੀਆਂ ’ਤੇ ਲਗਵਾਇਆ, ਉਹਨਾਂ ਦੇ ਵਿਆਹਾਂ ਦੇ ਕਾਰਜ ਆਪ ਮੋਹਰੇ ਹੋ ਕੇ ਨਿਬੇੜੇ।
ਘਰ ਦਾ ਵੱਡਾ ਮੁੰਡਾ ਲਾਇਕ ਸੀ ਤਾਂ ਹੀ ਤਾਂ ਪੰਜਾਂ ਸੱਤਾਂ ਸਾਲਾਂ ਵਿੱਚ ਘਰ ਦਾ ਹੁਲੀਆ ਹੀ ਬਦਲ ਗਿਆ। ਪਰ ਗੁਰਮੀਤ ਸਿੰਘ ਦਾ ਸਾਰਾ ਝੁਕਾਅ ਆਪਣੇ ਦੋਹਾਂ ਛੋਟੇ ਮੁੰਡਿਆਂ ਵੱਲ ਸੀ। ਉਸ ਨੇ ਬਲਦੇਵ ਤੋਂ ਚੋਰੀ ਚੋਰੀ ਪਿੰਡ ਵਾਲਾ ਘਰ ਉਹਨਾਂ ਦੋਹਾਂ ਦੇ ਨਾਂ ਕਰਵਾ ਦਿੱਤਾ। ਬਲਦੇਵ ਤੇ ਉਸ ਦੀ ਪਤਨੀ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ, ਉਹਨਾਂ ਨੇ ਸ਼ਹਿਰ ਵਿੱਚ ਹੀ ਆਪਣਾ ਵਧੀਆ ਘਰ ਬਣਾ ਲਿਆ। ਦੋਹਾਂ ਦੀ ਕਮਾਈ ਚੰਗੀ ਸੀ, ਜਿਸ ਕਰਕੇ ਉਹਨਾਂ ਨੂੰ ਕੋਈ ਕਮੀ ਨਹੀਂ ਸੀ।
ਗੁਰਮੀਤ ਸਿੰਘ ਦੀਆਂ ਦੋਵੇਂ ਛੋਟੀਆਂ ਨੂੰਹਾਂ ਸਕੀਆਂ ਭੈਣਾਂ ਸਨ ਤੇ ਅੱਠ ਅੱਠ ਪੜ੍ਹੀਆਂ ਹੋਣ ਕਰਕੇ ਆਪਣੀ ਪੜ੍ਹੀ ਲਿਖੀ ਜਿਠਾਣੀ ਤੋਂ ਬਹੁਤ ਸੜਦੀਆਂ ਰਹਿੰਦੀਆਂ ਸਨ। ਸਾੜੇ ਸਾੜੇ ਵਿੱਚ ਹੀ ਉਸ ਦੇ ਖਿਲਾਫ ਉਹ ਆਪਣੇ ਸੱਸ ਸਹੁਰੇ ਦੇ ਕੰਨ ਭਰਦੀਆਂ ਰਹਿੰਦੀਆਂ। ਗੁਰਮੀਤ ਸਿੰਘ ਤੋਂ ਜੋ ਬਲਦੇਵ ਨਾਲ ਧੱਕਾ ਹੋ ਸਕਦਾ ਸੀ, ਉਸੇ ਕੀਤਾ। ਜ਼ਮੀਨ ਦੇ ਬਟਵਾਰੇ ਵਿੱਚ ਵੀ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਹਿੱਸਾ ਇੱਕ ਪਾਸੇ ਰੱਖ ਕੇ ਉਸ ਨੂੰ ਛੇਵਾਂ ਹਿੱਸਾ ਹੀ ਦਿੱਤਾ ਤੇ ਬਾਕੀ ਦਾ ਹਿੱਸਾ ਦੋਵੇਂ ਛੋਟੇ ਮੁੰਡਿਆਂ ਵਿੱਚ ਵੰਡ ਦਿੱਤਾ। ਬਲਦੇਵ ਨਾਲ ਐਨਾ ਧੱਕਾ ਹੋਇਆ, ਪਰ ਉਸ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਕਿਉਂਕਿ ਉਸ ਨੂੰ ਆਪਣੀ ਅਤੇ ਆਪਣੀ ਪਤਨੀ ਦੀ ਮਿਹਨਤ ਉੱਤੇ ਪੂਰਾ ਭਰੋਸਾ ਸੀ।
ਵਕਤ ਬੀਤਦਾ ਗਿਆ, ਬਲਦੇਵ ਆਪਣੇ ਫ਼ਰਜ਼ ਨਿਭਾਉਂਦਾ ਰਿਹਾ। ਬਲਦੇਵ ਦੇ ਦੋ ਪੁੱਤਰ ਸਨ ਜੋ ਬਹੁਤ ਲਾਇਕ ਸਨ ਤੇ ਵਧੀਆ ਪੜ੍ਹਾਈਆਂ ਕਰ ਕੇ ਵਿਦੇਸ਼ਾਂ ਵਿੱਚ ਜਾ ਵਸੇ। ਉਹਨਾਂ ਦੇ ਵਿਆਹ ਵੀ ਚੰਗੇ ਘਰਾਂ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨਾਲ ਹੋ ਗਏ।
ਕਦੇ ਤਾਂ ਬੁਢਾਪਾ ਬੰਦੇ ਨੂੰ ਆਪਣਾ ਰੰਗ ਵਿਖਾਉਂਦਾ ਹੀ ਹੈ, ਗੁਰਮੀਤ ਸਿੰਘ ਤੇ ਉਸ ਦੀ ਪਤਨੀ ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਸਨ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ ਸੀ। ਛੋਟੇ ਦੋਵੇਂ ਮੁੰਡਿਆਂ ਦੀ ਔਲਾਦ ਨਾਲਾਇਕ ਨਿਕਲੀ। ਉਹਨਾਂ ਦੇ ਇੱਕ ਇੱਕ ਪੁੱਤਰ ਸੀ ਜੋ ਨਸ਼ਿਆਂ ਦੇ ਆਦੀ ਹੋ ਚੁੱਕੇ ਸਨ। ਉਹਨਾਂ ਸਾਰਿਆਂ ਨੂੰ ਬੁੱਢੇ ਮਾਂ ਬਾਪ ਹੁਣ ਬੋਝ ਲੱਗਦੇ ਸਨ ਤੇ ਬਲਦੇਵ ਤੋਂ ਵੱਧ ਜ਼ਮੀਨ ਲੈ ਕੇ ਵੀ ਉਹਨਾਂ ਪੱਲੇ ਗ਼ਰੀਬੀ ਤੇ ਬੇਈਮਾਨੀ ਹੀ ਰਹੀ। ਉਹਨਾਂ ਤੋਂ ਬਲਦੇਵ ਦੇ ਬੱਚਿਆਂ ਦੀ ਤਰੱਕੀ ਬਰਦਾਸ਼ਤ ਨਾ ਹੁੰਦੀ ਤੇ ਬੁੱਢੇ ਮਾਪਿਆਂ ਨੂੰ ਹਰ ਵੇਲੇ ਠੋਕਰਾਂ ਮਾਰਦੇ ਕਿ ਉਹ ਜਾ ਕੇ ਵੱਡੇ ਕੋਲ ਰਹਿਣ, ਇਹਨਾਂ ਦੇ ਕਿਉਂ ਦੱਦ ਲੱਗੇ ਹੋਏ ਹਨ। ਗੁਰਮੀਤ ਸਿੰਘ ਉੱਤੇ ਉਹਨਾਂ ਦੇ ਕੌੜੇ ਬੋਲਾਂ ਨੇ ਐਨਾ ਅਸਰ ਕੀਤਾ ਕਿ ਉਸ ਨੇ ਮੰਜਾ ਹੀ ਫੜ ਲਿਆ ਤੇ ਆਪਣੀ ਸਾਂਭ ਸੰਭਾਲ ਜੋਗਾ ਵੀ ਨਾ ਰਿਹਾ। ਇਸ ਵਾਰ ਵੀ ਬਲਦੇਵ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਿਆ। ਉਸ ਨੇ ਆਪਣੇ ਮਾਂ ਬਾਪ ਦੀ ਆਖ਼ਰੀ ਸਮੇਂ ਦੀ ਸਾਂਭ ਸੰਭਾਲ ਤੋਂ ਲੈਕੇ ਉਹਨਾਂ ਦੀਆਂ ਅੰਤਿਮ ਰਸਮਾਂ ਤਕ ਦੀ ਸਾਰੀ ਜ਼ਿੰਮੇਵਾਰੀ ਨਿਭਾਈ। ਜਿਹਨਾਂ ਦੀ ਖਾਤਰ ਗੁਰਮੀਤ ਸਿੰਘ ਨੇ ਬਲਦੇਵ ਨਾਲ ਕਾਣੀ ਵੰਡ ਕੀਤੀ ਸੀ, ਉਹਨਾਂ ਨੇ ਸਾਰੀ ਜ਼ਮੀਨ ਉਹਨਾਂ ਦੇ ਜਿਉਂਦੇ ਜੀਅ ਹੀ ਵੇਚ ਕੇ ਖਾ ਲਈ। ਉਹਨਾਂ ਦੀਆਂ ਔਲਾਦਾਂ ਬੁਰੀ ਸੰਗਤ ਵਿੱਚ ਪੈ ਕੇ ਵਿਹਲੀ, ਨਿਕੰਮੀ ਤੇ ਨਸ਼ੇੜੀ ਨਿਕਲ਼ ਗਈ।
ਹੁਣ ਬਲਦੇਵ ਜਦੋਂ ਕਦੇ ਕਾਰ ਵਿੱਚ ਆਪਣੇ ਪਰਵਾਰ ਨਾਲ ਆਪਣੀ ਜ਼ਮੀਨ ਵੇਖਣ ਪਿੰਡ ਆਉਂਦਾ ਤਾਂ ਸੱਥ ਵਿੱਚ ਬੈਠੇ ਬਜ਼ੁਰਗ ਉਸ ਦੀ ਸਾਫ਼ ਨੀਅਤ ਦੀਆਂ ਗੱਲਾਂ ਕਰਦੇ ਤੇ ਆਪਣੀਆਂ ਔਲਾਦਾਂ ਨੂੰ ਬਲਦੇਵ ਦੀਆਂ ਦਸਾਂ ਨੌਹਾਂ ਨਾਲ ਕੀਤੀਆਂ ਕਿਰਤ-ਕਮਾਈਆਂ ਦੀਆਂ ਕਹਾਣੀਆਂ ਸੁਣਾਉਂਦੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4873)
(ਸਰੋਕਾਰ ਨਾਲ ਸੰਪਰਕ ਲਈ: (