“ਮੱਲਾਂ ਕਾ ਛੜਾ, ਜਿਹੜਾ ਆਪਣੇ ਵਰਗੇ ਅੱਠਾਂ ਦਸਾਂ ਵਿਹਲੜਾਂ ਨਾਲ ਚੌਂਤਰੇ ’ਤੇ ਬੈਠਾ ਤਾਸ਼ ਖੇਡ ਰਿਹਾ ਸੀ, ਉੱਚੀ ਦੇਣੇ ...”
(31 ਮਈ 2021)
ਬਖਸ਼ੀ ਤੇ ਰਾਮ ਸਰੂਪ ਆਪਣੇ ਇੱਕ ਧੀ ਅਤੇ ਇੱਕ ਪੁੱਤਰ ਨਾਲ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਸਨ। ਰਾਮ ਸਰੂਪ ਚਾਹੇ ਛੋਟੀ ਜਿਹੀ ਨੌਕਰੀ ਕਰਦਾ ਸੀ ਪਰ ਉਸ ਦੇ ਟੱਬਰ ਦੇ ਪਾਲਣ ਪੋਸ਼ਣ ਲਈ ਕਾਫੀ ਸੀ। ਉਹ ਇੱਕ ਮਿਹਨਤੀ ਇਨਸਾਨ ਸੀ। ਪਰਿਵਾਰ ਦੀਆਂ ਖਵਾਹਿਸ਼ਾਂ ਬਹੁਤੀਆਂ ਵੱਡੀਆਂ ਵੱਡੀਆਂ ਨਾ ਹੋਣ ਕਰਕੇ ਉਹ ਲੋਕ ਤਿੰਨ ਵਕਤ ਦੀ ਰੋਟੀ ਅਤੇ ਸਿਰ ਉੱਤੇ ਛੱਤ ਹੋਣ ਨਾਲ ਹੀ ਦੁਨੀਆਂ ਵਿੱਚ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਨ। ਪਰ ਜਿਵੇਂ ਜਿਵੇਂ ਬੱਚੇ ਵੱਡੇ ਹੋਣ ਲੱਗਦੇ ਹਨ ਉਹ ਵੀ ਪਿੰਜਰੇ ਦੇ ਪੰਛੀ ਵਾਂਗ ਆਪਣੇ ਖੰਭ ਖਿਲਾਰਨੇ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਬਖਸ਼ੀ ਦਾ ਮੁੰਡਾ ਸੁਰਿੰਦਰ, ਜਿਸ ਨੂੰ ਉਹ ਲਾਡ ਨਾਲ ਸ਼ਿੰਦਾ ਕਹਿੰਦੇ ਸਨ, ਵੀ ਪੰਦਰਾਂ ਸੋਲ਼ਾਂ ਸਾਲ ਦੀ ਉਮਰ ਵਿੱਚ ਬੁਰੇ ਮੁੰਡਿਆਂ ਦੀ ਸੰਗਤ ਵਿੱਚ ਪੈ ਗਿਆ। ਸ਼ਿੰਦੇ ਦੇ ਖਰਚੇ ਅਤੇ ਲੋੜਾਂ ਵਧਣ ਲੱਗੀਆਂ। ਉਹ ਸਾਰਾ ਸਾਰਾ ਦਿਨ ਬਿਗੜੈਲ ਮੁੰਡਿਆਂ ਨਾਲ ਸੜਕਾਂ ਉੱਤੇ ਘੁੰਮਦਾ ਰਹਿੰਦਾ। ਪਿੰਡ ਵਿੱਚੋਂ ਉਸ ਬਾਰੇ ਕਿਸੇ ਨੇ ਕੁਝ ਤੇ ਕਿਸੇ ਨੇ ਕੁਝ ਦੱਸਣਾ। ਬਖਸ਼ੀ ਨੇ ਕਈ ਗੱਲਾਂ ਦੇ ਪਰਦੇ ਰਾਮ ਸਰੂਪ ਤੋਂ ਚੋਰੀ ਚੋਰੀ ਕੱਜਣੇ, ਆਦਮੀ ਤੋਂ ਚੋਰੀ ਮੁੰਡੇ ਨੂੰ ਸਮਝਾਉਣਾ ਪਰ ਉਹ ਉਮਰ ਹੀ ਇਹੋ ਜਿਹੀ ਸੀ ਕਿ ਸਮਝਾਉਣ ਵਾਲ਼ੇ ਹੀ ਸ਼ਿੰਦੇ ਨੂੰ ਗ਼ਲਤ ਲੱਗਦੇ।
ਇੱਕ ਦਿਨ ਰਾਮ ਸਰੂਪ ਨੂੰ ਪਿੰਡ ਵਿੱਚੋਂ ਕਿਸੇ ਪਾਸੋਂ ਸ਼ਿੰਦੇ ਦੀਆਂ ਭੈੜੀਆਂ ਆਦਤਾਂ ਬਾਰੇ ਪਤਾ ਲੱਗ ਗਿਆ। ਉਸ ਨੇ ਸ਼ਿੰਦੇ ਨੂੰ ਸੋਟੀਆਂ ਨਾਲ ਕੁੱਟਿਆ। ਦੂਜੇ ਦਿਨ ਰਾਮ ਸਰੂਪ ਤਾਂ ਕੰਮ ’ਤੇ ਚਲਿਆ ਗਿਆ ਪਰ ਸ਼ਿੰਦੇ ਦੇ ਮਨ ਵਿੱਚ ਵਿੱਚ ਅਜਿਹਾ ਡਰ ਬੈਠਿਆ ਕਿ ਉਹ ਬਿਸਤਰੇ ਵਿੱਚੋਂ ਉੱਠਿਆ ਹੀ ਨਾ। ਅੱਗੇ ਉਹ ਸਵਖਤੇ ਉੱਠ ਕੇ ਚਾਹ ਪਾਣੀ ਪੀ ਲੈਂਦਾ ਸੀ ਪਰ ਅੱਜ ਦਸ ਵੱਜ ਗਏ ਸਨ। ਇੱਕ ਵਾਰ ਉਹ ਸਵੇਰੇ ਹੀ ਬਾਥਰੂਮ ਜਾ ਕੇ ਫਿਰ ਪੈ ਗਿਆ ਸੀ, ਜਿਵੇਂ ਦੇਖ ਕੇ ਗਿਆ ਹੋਵੇ ਕਿ ਪਿਓ ਘਰ ਹੀ ਹੈ ਕਿ ਚਲਿਆ ਗਿਆ।
ਫਿਰ ਬਖਸ਼ੀ ਨੂੰ ਅਚਾਨਕ ਇੱਕ ਚੀਕ ਜਿਹੀ ਸੁਣਾਈ ਦਿੱਤੀ। ਉਹ ਕਾਹਲ਼ੀ ਕਾਹਲ਼ੀ ਸ਼ਿੰਦੇ ਨੂੰ ਦੇਖਣ ਭੱਜੀ। ਦਰਵਾਜਾ ਬੰਦ ਸੀ। ਉਹ ਹੜਬੜਾਈ ਦਰਵਾਜ਼ਾ ਖੜਕਾਉਣ ਲੱਗੀ। ਜਦੋਂ ਅੰਦਰੋਂ ਕੋਈ ਅਵਾਜ਼ ਨਾ ਆਈ ਤਾਂ ਬਖਸ਼ੀ ਆਪਣੀ ਧੀ ਨੂੰ ਹਾਕਾਂ ਮਾਰਨ ਲੱਗ ਪਈ। ਦੋਵਾਂ ਨੇ ਰਲ਼ ਕੇ ਦਰਵਾਜ਼ੇ ਨੂੰ ਜ਼ੋਰ ਦੀ ਧੱਕੇ ਮਾਰੇ ਤਾਂ ਅੰਦਰਲੀ ਕੁੰਡੀ ਟੁੱਟ ਗਈ। ਦੇਖਿਆ, ਸ਼ਿੰਦਾ ਪੱਖੇ ਨਾਲ ਲਟਕਿਆ ਲੱਤਾਂ-ਬਾਹਾਂ ਮਾਰ ਰਿਹਾ ਸੀ, ਜਿਵੇਂ ਉਸਨੇ ਹੁਣੇ-ਹੁਣੇ ਫਾਹਾ ਲਿਆ ਹੋਵੇ। ਮਾਵਾਂ ਧੀਆਂ ਦੀਆਂ ਚੀਕਾਂ ਸੁਣ ਕੇ ਗੁਆਂਢੀ ਵੀ ਆ ਗਏ। ਮੁੰਡੇ ਨੂੰ ਲਾਹ ਕੇ ਪੰਜਾਂ ਸੱਤਾਂ ਮਿੰਟਾਂ ਵਿੱਚ ਝਟਪਟ ਹਸਪਤਾਲ ਲੈ ਗਏ। ਵੇਲੇ ਸਿਰ ਕੀਤੀ ਸਾਂਭ-ਸੰਭਾਲ਼ ਨਾਲ ਸ਼ਿੰਦੇ ਦੀ ਜਾਨ ਬਚ ਗਈ। ਦੋ ਤਿੰਨ ਦਿਨ ਬਾਅਦ ਸ਼ਿੰਦੇ ਨੂੰ ਹਸਪਤਾਲੋਂ ਛੁੱਟੀ ਮਿਲ ਗਈ। ਬਖਸ਼ੀ ਤੇ ਰਾਮ ਸਰੂਪ ਨੇ ਰੱਬ ਦੇ ਸੌ ਸੌ ਸ਼ੁਕਰਾਨੇ ਕੀਤੇ।
ਉਸ ਤੋਂ ਬਾਅਦ ਸ਼ਿੰਦੇ ਵਿੱਚ ਕੁਝ ਕੁਝ ਸੁਧਾਰ ਆਉਣ ਲੱਗ ਪਿਆ। ਉਸ ਨੇ ਬੁਰੇ ਸਾਥੀਆਂ ਦਾ ਸੰਗ ਛੱਡ ਦਿੱਤਾ। ਉਹ ਜ਼ਿਆਦਾਤਰ ਘਰ ਹੀ ਰਹਿੰਦਾ।
ਇੱਕ ਦਿਨ ਉਹਨਾਂ ਦਾ ਸਾਰਾ ਪਰਿਵਾਰ ਰਿਸ਼ਤੇਦਾਰੀ ਵਿੱਚ ਵਿਆਹ ’ਤੇ ਗਿਆ ਹੋਇਆ ਸੀ। ਉੱਥੇ ਸ਼ਿੰਦਾ ਆਪਣੇ ਪਰਿਵਾਰ ਨਾਲ ਇੱਕ ਪਾਸੇ ਕਨਾਤਾਂ ਹੇਠ ਹੀ ਬੈਠਾ ਸੀ, ਹੋਰ ਰਿਸ਼ਤੇਦਾਰ ਵੀ ਉੱਥੇ ਬਹੁਤ ਸਨ। ਸ਼ਿੰਦੇ ਨੂੰ ਇੰਝ ਲੱਗਦਾ ਸੀ ਜਿਵੇਂ ਹਰ ਕੋਈ ਉਸ ਵੱਲ ਘੂਰ ਘੂਰ ਕੇ ਦੇਖ ਰਿਹਾ ਹੋਵੇ ਤੇ ਉਸ ਦੀਆਂ ਹੀ ਗੱਲਾਂ ਕਰ ਰਿਹਾ ਹੋਵੇ। ਉਹੀ ਗੱਲ ਹੋਈ, ਇੱਕ ਬੁੱਢੀ ਔਰਤ ਬਖਸ਼ੀ ਕੋਲ਼ ਆ ਕੇ ਆਖਣ ਲੱਗੀ, “ਹੋਰ ਬਖਸ਼ੀਏ! ਕੀ ਹਾਲ ਐ?”
“ਤਾਈ ਜੀ, ਪੈਰੀਂ ਪੈਨੀ ਆਂ … … ਸਾਡਾ ਹਾਲ ਵਧੀਆ, ਤੁਸੀਂ ਆਪਣਾ ਸੁਣਾਓ?” ਬਖਸ਼ੀ ਬੋਲੀ।
“ਮੈਂ ਵੀ ਵਧੀਆ ਆਂ ਭਾਈ … ਹੋਰ ਨਿਆਣੇ ਨਿੱਕੇ ਤਕੜੇ ਆ? ... ਆਹ ਭਲਾ ਤੇਰਾ ਓਹੀ ਮੁੰਡਾ ਐ ਜੀਹਨੇ ਫਾਹਾ ਲੈ ਲਿਆ ਸੀ? ... ਸਾਰੀਆਂ ਜਣੀਆਂ ਗੱਲਾਂ ਕਰਦੀਆਂ ਸੀ … ... ਮੈਂ ਖਿਆ ਮੈਂ ਪੁੱਛ ਕੇ ਆਉਨੀ ਆਂ … …!”
ਬਖਸ਼ੀ ਨੂੰ ਇੱਕ ਚੜ੍ਹ ਰਹੀ ਸੀ ਤੇ ਇੱਕ ਉੱਤਰ ਰਹੀ ਸੀ, ਉਹ ਗੁੱਸੇ ਵਿੱਚ ਬੋਲੀ, “ਤਾਈ ਜੀ, ਤੁਸੀਂ ਬਹੁਤ ਬਹਾਦਰੀ ਦਾ ਕੰਮ ਕੀਤਾ, ਜਾਓ ਉਹਨਾਂ ਤੋਂ ਜਾ ਕੇ ਮੈਡਲ ਪਵਾ ਲਓ …!”
ਬੁੜ੍ਹੀ ਮੂੰਹ ਮੀਟ ਕੇ ਖਚਰਾ ਜਿਹਾ ਹਾਸਾ ਹੱਸਦੀ ਤੁਰ ਗਈ। ਸ਼ਿੰਦਾ ਨੀਵੀਂ ਪਾਈ ਬੈਠਾ ਅੰਦਰੋਂ ਅੰਦਰ ਨਿੱਘਰੀ ਜਾ ਰਿਹਾ ਸੀ।
ਬਖਸ਼ੀ ਆਪਣੇ ਪੁੱਤ ਦੀ ਹਾਲਤ ਦੇਖ ਕੇ ਵਿਆਹ ਵਿੱਚੇ ਛੱਡ ਕੇ ਬੱਚਿਆਂ ਨੂੰ ਘਰ ਲੈ ਆਈ। ਉਸ ਨੇ ਮੁੰਡੇ ਨੂੰ ਸਮਝਾਇਆ, “ਪੁੱਤ, ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨੀ ਕਰੀਦੀ … … ਦੁਨੀਆ ਤਾਂ ਇਹੋ ਜਿਹੀ ਹੀ ਹੁੰਦੀ ਆ … … ਜਦੋਂ ਤੂੰ ਮਾੜਾ ਸੀ, ਉਦੋਂ ਵੀ ਗੱਲਾਂ ਬਣਾਉਂਦੇ ਸੀ, ਹੁਣ ਤੂੰ ਸੁਧਰ ਗਿਆ ਹੁਣ ਵੀ ਬਣਾਉਂਦੇ ਆ … … ਦਾਤੀ ਨੂੰ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ, ਦੁਨੀਆ ਨੂੰ ਦੋਹੀਂ ਪਾਸੀ … …!”
ਸ਼ਿੰਦਾ ਬੋਲਿਆ ਤਾਂ ਕੁਝ ਨਾ ਪਰ ਹਾਂ ਵਿੱਚ ਸਿਰ ਹਿਲਾ ਦਿੱਤਾ।
ਅਜੇ ਕੁਝ ਦਿਨ ਹੀ ਲੰਘੇ ਸਨ ਕਿ ਪਿੰਡ ਦੇ ਗੁਰਦੁਆਰੇ ਵਿੱਚ ਕੋਈ ਧਾਰਮਿਕ ਸਮਾਗਮ ਸੀ। ਬਖਸ਼ੀ ਨੇ ਮੁੰਡੇ ਨੂੰ ਲੰਗਰ ਵਿੱਚ ਪਾਉਣ ਲਈ ਰਾਸ਼ਨ ਲਿਆ ਕੇ ਦਿੱਤਾ ਤੇ ਕਿਹਾ ਕਿ ਗੁਰਦੁਆਰੇ ਦੇ ਆਏ। ਜੇ ਹੋ ਸਕਿਆ ਤਾਂ ਥੋੜ੍ਹਾ ਜਿਹਾ ਚਿਰ ਸੇਵਾ ਵੀ ਕਰ ਆਏ। ਬਖਸ਼ੀ ਨੂੰ ਲੱਗਿਆ ਕਿ ਸੇਵਾ ਕਰਕੇ ਉਸ ਦਾ ਮਨ ਹੋਰ ਹੋ ਜਾਵੇਗਾ। ਸ਼ਿੰਦਾ ਪਿੰਡ ਵਿੱਚੋਂ ਤੁਰਿਆ ਜਾ ਰਿਹਾ ਸੀ ਤਾਂ ਮੱਲਾਂ ਕਾ ਛੜਾ, ਜਿਹੜਾ ਆਪਣੇ ਵਰਗੇ ਅੱਠਾਂ ਦਸਾਂ ਵਿਹਲੜਾਂ ਨਾਲ ਚੌਂਤਰੇ ’ਤੇ ਬੈਠਾ ਤਾਸ਼ ਖੇਡ ਰਿਹਾ ਸੀ, ਉੱਚੀ ਦੇਣੇ ਬੋਲਿਆ, “ਓਏ ਸਰੂਪੇ ਦਿਆ ਛਿੱਦਰੀਆ ... ... ਕਿਵੇਂ ਆ ਬਈ … … ਡਮਾਕ ਟਿਕਾਣੇ ਰੱਖੀਦਾ … … ਫੇਰ ਨਾ ਕਿਤੇ ਚੰਦ ਚਾੜ੍ਹਦੀਂ ਕੋਈ … …!” ਸਾਰੇ ਵਿਹਲੜ ਖਿੜ ਖਿੜਾ ਕੇ ਹੱਸ ਪਏ।
ਸ਼ਿੰਦਾ ਬਿਨਾਂ ਜਵਾਬ ਦਿੱਤੇ ਕੋਲ਼ ਦੀ ਲੰਘ ਗਿਆ। ਉਹ ਗੁੰਮ ਸੁੰਮ ਹੋਇਆ ਸੋਚਦਾ ਜਾ ਰਿਹਾ ਸੀ ਕਿ ਹੁਣ ਪਿੰਡ ਵਿੱਚ ਕੋਈ ਚੰਗੇ ਤੋਂ ਚੰਗਾ ਮੁੰਡਾ ਵੀ ਉਸ ਦੀ ਰੀਸ ਨਹੀਂ ਕਰ ਸਕਦਾ। ਬੁਰੇ ਤਾਂ ਇਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹੀ ਨੇ, ਚੰਗੇ ਬਣੇ ਵੀ ਬਰਦਾਸ਼ਤ ਨਹੀਂ ਹੋ ਰਹੇ।
ਸ਼ਿੰਦਾ ਗੁਰਦੁਆਰੇ ਪਹੁੰਚ ਕੇ ਸੇਵਾ ਕਰਨ ਲੱਗਿਆ। ਉਸ ਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਉਸ ਵੱਲ ਦੇਖ ਕੇ ਹੱਸ ਰਹੇ ਹੋਣ। ਕੁਛ ਸਮੇਂ ਬਾਅਦ ਬਖ਼ਸ਼ੀ ਵੀ ਉੱਥੇ ਪਹੁੰਚ ਗਈ। ਸ਼ਿੰਦੇ ਦਾ ਜੀਅ ਕਾਹਲਾ ਜਿਹਾ ਪੈਣ ਲੱਗਾ। ਬਖਸ਼ੀ ਮੱਥਾ ਟੇਕ ਕੇ, ਮੁੰਡੇ ਨੂੰ ਨਾਲ ਲੈ ਕੇ ਘਰ ਵੱਲ ਤੁਰ ਪਈ। ਰਾਹ ਵਿੱਚ ਬਖਸ਼ੀ ਨੂੰ ਛੱਜੂ ਦੀ ਵੱਡੀ ਕੁੜੀ ਮਿਲ਼ ਪਈ ਜੋ ਸਹੁਰਿਆਂ ਤੋਂ ਕੱਲ੍ਹ ਹੀ ਆਈ ਸੀ। ਬਖਸ਼ੀ ਨੇ ਕੁੜੀ ਦੀ ਸਤਿ ਸ੍ਰੀ ਆਕਾਲ ਦਾ ਜਵਾਬ ਦੇ ਕੇ ਉਸ ਦਾ ਹਾਲ ਚਾਲ ਪੁੱਛਿਆ ਤਾਂ ਕੁੜੀ ਬੋਲੀ, “ਭਾਬੀ, ਆਹ ਤੇਰੇ ਮੁੰਡੇ ਨੇ ਕੀ ਚੰਦ ਚਾੜ੍ਹਤਾ ਸੀ? … … ਮੈਨੂੰ ਤਾਂ ਬੀਬੀ ਹੋਣਾ ਨੇ ਫੂਨ ’ਤੇ ਦੱਸਿਆ ਸੀ … …?”
ਬਖਸ਼ੀ ਨੇ ਮੁੰਡੇ ਦੇ ਸਾਹਮਣੇ ਹੀ ਛੱਜੂ ਦੀ ਕੁੜੀ ਨੂੰ ਝਾੜ ਪਾਉਂਦਿਆਂ ਆਖਿਆ, “ਕੀ ਚੰਦ ਚਾੜ੍ਹਤਾ ਨੀ ਮੇਰੇ ਪੁੱਤ ਨੇ? … … ਕਿਸੇ ਦੀ ਕੁੜੀ ਤਾਂ ਨੀ ਕੱਢ ਲਿਆਇਆ … … ਕਿਤੇ ਡਾਕਾ ਤਾਂ ਨੀ ਮਾਰ ਕੇ ਆਇਆ … … ਨਾ ਸਮਝੀ ਵਿੱਚ ਜੇ ਜਵਾਕ … …” ਕਹਿੰਦੀ ਕਹਿੰਦੀ ਬਖਸ਼ੀ ਰੁਕ ਗਈ ਤੇ ਆਪਣੇ ਪੁੱਤ ਨੂੰ ਲੈ ਕੇ ਘਰ ਵੱਲ ਤੁਰ ਪਈ।
“ਇੱਕ ਹਾਲ ਚਾਲ ਪੁੱਛੋ, ਦੂਜਾ ਗਲ਼ੇ ਪੈਂਦੀ ਆ … …।” ਛੱਜੂ ਦੀ ਕੁੜੀ ਬੁੜਬੁੜ ਕਰਦੀ ਅੰਦਰ ਨੂੰ ਚਲੀ ਗਈ।
ਅਗਲੀ ਸਵੇਰ ਗਿਆਰਾਂ ਕੁ ਵਜੇ ਬਖਸ਼ੀ ਆਪਣੀ ਧੀ ਨਾਲ ਬਜ਼ਾਰੋਂ ਉਸ ਦੀ ਵਰਦੀ ਖ਼ਰੀਦਣ ਚਲੀ ਗਈ ਤੇ ਸ਼ਿੰਦੇ ਨੂੰ ਘਰ ਦਾ ਖਿਆਲ ਰੱਖਣ ਲਈ ਆਖ ਗਈ। ਦੋ ਢਾਈ ਘੰਟੇ ਬਾਅਦ ਜਦੋਂ ਮਾਵਾਂ ਧੀਆਂ ਵਾਪਸ ਮੁੜੀਆਂ ਤਾਂ ਸ਼ਿੰਦਾ ਘਰ ਨਹੀਂ ਸੀ। ਬਖਸ਼ੀ ਨੇ ਸੋਚਿਆ ਕਿ ਕਿਸੇ ਦੋਸਤ ਕੋਲ਼ ਗਿਆ ਹੋਵੇਗਾ। ਉਂਝ ਤਾਂ ਸ਼ਿੰਦਾ ਹੁਣ ਬਾਹਰ ਜਾਂਦਾ ਨਹੀਂ ਸੀ ਪਰ ਬਖਸ਼ੀ ਨੇ ਸੋਚਿਆ, ਹੁਣ ਜੀਅ ਕਰ ਆਇਆ ਹੋਵੇਗਾ।
ਸ਼ਾਮ ਹੋ ਗਈ ... ਫਿਰ ਰਾਤ … ਗੁਰਦੁਆਰੇ ਬੁਲਵਾਇਆ … ਪੁਲਿਸ ਸ਼ਿਕਾਇਤ ਦਰਜ ਕਰਵਾਈ … ਬਹੁਤ ਲੱਭਿਆ … ਦਿਨ … ਹਫ਼ਤੇ … ਮਹੀਨੇ … ਸਾਲ ਬੀਤ ਗਏ। ਉਹ ਨੌਜਵਾਨ ਜੋ ਇੱਕ ਗ਼ਲਤੀ ਸੁਧਾਰ ਕੇ ਮੁੜ ਚੰਗੀ ਜ਼ਿੰਦਗੀ ਜਿਊਣਾ ਚਾਹੁੰਦਾ ਸੀ ਪਰ ਦੁਨੀਆ ਨੇ ਉਸ ਨੂੰ ਮੁੜ ਚੰਗੇ ਰਾਹਾਂ ’ਤੇ ਪਰਤਣ ਨਹੀਂ ਦਿੱਤਾ। ਉਹ ਲੋਕਾਂ ਦੇ ਤਾਹਨਿਆਂ-ਮਿਹਣਿਆਂ ਦੀ ਭੇਂਟ ਚੜ੍ਹ ਗਿਆ।
ਬਖਸ਼ੀ ਤੇ ਰਾਮ ਸਰੂਪ ਹਰ ਵੇਲੇ ਆਪਣੇ ਸ਼ਿੰਦੇ ਪੁੱਤ ਦੀ ਉਡੀਕ ਵਿੱਚ ਬੂਹੇ ਵੱਲ ਤੱਕਦੇ ਰਹਿੰਦੇ … … ਉਹਨਾਂ ਦੀ ਉਡੀਕ ਖਤਮ ਨਹੀਂ ਹੋਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4001)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)