BarjinderKBisrao 7ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਜੀਤਾ ਮਿਰਚਾਂ ਦੀ ਪਨੀਰੀ ਵਾਲਾ ਖੇਤ ਵੇਖ ਕੇ ਹੱਕਾ ਬੱਕਾ ਰਹਿ ਗਿਆ। ਰਾਤੋ ਰਾਤ ਕੋਈ ...
(4 ਅਕਤੂਬਰ 2024)

 

ਤੇਜੀ ਤੇ ਜੀਤਾ ਦੋਵੇਂ ਸਕੇ ਭਰਾ ਸਨਦੋਵਾਂ ਭਰਾਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਤੇਜੀ ਪੜ੍ਹਿਆ ਲਿਖਿਆ ਹੋਇਆ ਸੀ ਤੇ ਉਹ ਦੂਜੇ ਸ਼ਹਿਰ ਸਰਕਾਰੀ ਨੌਕਰੀ ਕਰਦਾ ਸੀਉਹ ਆਪਣੇ ਪਰਿਵਾਰ ਨਾਲ ਉੱਥੇ ਹੀ ਘਰ ਬਣਾ ਕੇ ਰਹਿਣ ਲੱਗ ਪਿਆ ਸੀਉਸਦੇ ਦੋ ਨਿੱਕੇ ਨਿੱਕੇ ਬੱਚੇ ਸਨ ਤੇ ਉਸ ਦੀ ਪਤਨੀ ਪ੍ਰੀਤ ਵੀ ਪੜ੍ਹੀ ਲਿਖੀ ਕੁੜੀ ਸੀਉਸ ਨੂੰ ਇੱਕ ਗੱਲ ਦਾ ਬਹੁਤ ਸ਼ੌਕ ਸੀ ਕਿ ਉਹ ਬਚਪਨ ਤੋਂ ਰੇਡੀਓ ’ਤੇ ਜਿਹੜੇ ਪ੍ਰੋਗਰਾਮ ਸੁਣਦੀ ਵੱਡੀ ਹੋਈ ਸੀ, ਹੁਣ ਉਹ ਟੈਲੀਵਿਜ਼ਨ ਦੇ ਜੁਗ ਵਿੱਚ ਵੀ ਤਿਉਂ ਦੇ ਤਿਉਂ ਹੀ ਸੁਣਦੀ ਰਹਿੰਦੀਉਸ ਨੇ ਇੱਕ ਛੋਟਾ ਜਿਹਾ ਟਰਾਂਜਿਸਟਰ ਰੇਡੀਓ ਰਸੋਈ ਵਿੱਚ ਰੱਖਿਆ ਹੋਇਆ ਸੀਸਾਰਾ ਦਿਨ ਕਦੇ ਫਰਮਾਇਸ਼ ਵਾਲੇ ਗੀਤ, ਭੈਣਾਂ ਦਾ ਪ੍ਰੋਗਰਾਮ, ਖਬਰਾਂ, ਖੇਤੀਬਾੜੀ ਦਾ ਪ੍ਰੋਗਰਾਮ ਆਦਿ ਅਨੇਕਾਂ ਪ੍ਰੋਗਰਾਮ ਰੇਡੀਓ ’ਤੇ ਚਲਦੇ ਰਹਿੰਦੇ ਤੇ ਉਸ ਦੇ ਕੰਨੀਂ ਪੈਂਦੇ ਰਹਿੰਦੇ ਤੇ ਉਹ ਆਪਣੇ ਕੰਮ ਕਰਦੀ ਸੁਣਦੀ ਰਹਿੰਦੀਤੇਜੀ ਦਫਤਰ ਗਿਆ ਹੁੰਦਾ, ਬੱਚੇ ਸਕੂਲ ਨੂੰ ਗਏ ਹੁੰਦੇ ਤੇ ਉਸ ਦਾ ਰੇਡੀਓ ਸੁਣਦੇ ਸੁਣਦੇ ਘਰ ਦੇ ਕੰਮ ਕਰਦੀ ਦਾ ਇਸ ਤਰ੍ਹਾਂ ਦਿਨ ਸੋਹਣਾ ਲੰਘ ਜਾਂਦਾ

ਓਧਰ ਪਿੰਡ ਜੀਤਾ ਤੇ ਉਸ ਦੀ ਪਤਨੀ ਜੀਵਨ, ਦੋਵਾਂ ਭਰਾਵਾਂ ਦੀ ਸਾਂਝੀ ਜ਼ਮੀਨ ਦੀ ਖੇਤੀ ਕਰਦੇ ਸਨਜੀਤਾ ਬਹੁਤ ਮਿਹਨਤੀ ਸੀਇਸ ਵਾਰ ਵੀ ਉਸ ਨੇ ਸਾਰੇ ਸਿਆਲ਼ ਵਿੱਚ ਇੱਕ ਖੇਤ ਵਿੱਚ ਮਿਰਚਾਂ ਦੀ ਪਨੀਰੀ ਤਿਆਰ ਕੀਤੀਪਨੀਰੀ ਤਿਆਰ ਕਰਨ ਲਈ ਉਸ ਨੂੰ ਬਹੁਤ ਸਖ਼ਤ ਮਿਹਨਤ ਕਰਨੀ ਪਈਕਦੇ ਉਹ ਉਹਨਾਂ ’ਤੇ ਸੌ ਸੌ ਵਾਟ ਦੇ ਬਲਬਾਂ ਦਾ ਨਿੱਘ ਦਿੰਦਾ ਤੇ ਕਈ ਹੋਰ ਤਕਨੀਕਾਂ ਵਰਤਦਾ ਜਿਸ ਨਾਲ ਉਹ ਬਹੁਤ ਵਧੀਆ ਤਿਆਰ ਹੋ ਜਾਂਦੀ ਤੇ ਝਾੜ ਵੀ ਦੁੱਗਣਾ ਤਿੱਗਣਾ ਨਿਕਲਦਾਇਸ ਵਾਰ ਵੀ ਉਸ ਨੇ ਪੂਰੀ ਮਿਹਨਤ ਨਾਲ ਪਨੀਰੀ ਤਿਆਰ ਕਰ ਲਈਸਾਰੇ ਖੇਤ ਸੀਰੀ ਨੂੰ ਨਾਲ ਲਾ ਕੇ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰ ਲਏ ਜਿਸ ਵਿੱਚ ਉਨ੍ਹਾਂ ਨੇ ਅਗਲੇ ਦਿਨ ਪਨੀਰੀ ਬੀਜਣੀ ਸੀਸੀਰੀ ਸ਼ਾਮ ਨੂੰ ਹੀ ਸੱਤ ਅੱਠ ਦਿਹਾੜੀਏ ਲੈ ਆਇਆ ਸੀ, ਉਹਨਾਂ ਨੇ ਵੀ ਸਵੇਰੇ ਨਾਲ ਹੀ ਜਾਣਾ ਸੀ

ਸਵੇਰੇ ਸਵੇਰੇ ਜੀਵਨ ਨੇ ਸਾਰਿਆਂ ਲਈ ਕਰਾਰੀ ਜਿਹੀ ਚਾਹ ਦੀ ਵੱਡੀ ਕੈਨੀ ਭਰ ਦਿੱਤੀ ਤੇ‌ ਪੋਣੇ ਵਿੱਚ ਵੀਹ ਪੱਚੀ ਪਰੌਂਠੇ ਬੰਨ੍ਹ ਦਿੱਤੇ ਤੇ ਤੁਰਦਿਆਂ ਤੁਰਦਿਆਂ ਨੂੰ ਸਟੀਲ ਦੇ ਗਿਲਾਸਾਂ ਵਿੱਚ ਚਾਹ ਪਾ ਕੇ ਦੇ ਦਿੱਤੀਚਾਹ ਪੀ ਕੇ ਦਿਹਾੜੀਏ, ਸੀਰੀ ਤੇ ਜੀਤਾ ਟਰੈਕਟਰ ਨਾਲ ਟਰਾਲੀ ਜੋੜ ਕੇ ਖੁਸ਼ੀ ਖੁਸ਼ੀ ਖੇਤਾਂ ਵਿੱਚ ਪਨੀਰੀ ਬੀਜਣ ਲਈ ਚਲੇ ਗਏ ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਜੀਤਾ ਮਿਰਚਾਂ ਦੀ ਪਨੀਰੀ ਵਾਲਾ ਖੇਤ ਵੇਖ ਕੇ ਹੱਕਾ ਬੱਕਾ ਰਹਿ ਗਿਆਰਾਤੋ ਰਾਤ ਕੋਈ ਮਿਰਚਾਂ ਦੀ ਪਨੀਰੀ ਨੂੰ ਪੁੱਟ ਕੇ ਲੈ ਗਿਆ ਤੇ ਖੇਤ ਰੜਾ ਮੈਦਾਨ ਬਣਿਆ ਪਿਆ ਸੀਜੀਤਾ ਉਹਨੀਂ ਪੈਰੀਂ ਵਾਪਸ ਘਰ ਆ ਗਿਆਜੀਵਨ ਨੂੰ ਸਾਰੀ ਗੱਲ ਦੱਸੀਉੱਪਰੋਂ ਉੱਪਰੋਂ ਜੀਵਨ ਜੀਤੇ ਨੂੰ ਦਿਲਾਸਾ ਦੇ ਰਹੀ ਸੀ ਪਰ ਅੰਦਰੋਂ ਅੰਦਰ ਉਸ ਨੂੰ ਵੀ ਭਾਰੀ ਨੁਕਸਾਨ ਦੇ ਹੌਲ ਪੈ ਰਹੇ ਸਨਜੀਤੇ ਕੋਲ ਪਿੰਡੋਂ ਜਦੋਂ ਕੋਈ ਨਾ ਕੋਈ ਅਫਸੋਸ ਕਰਨ ਆਉਂਦਾ, ਉਸ ਨਾਲ ਹਮਦਰਦੀ ਜਿਤਾਉਂਦਾ ਹੋਇਆ ਕਿਸੇ ਨਾ ਕਿਸੇ ਉੱਤੇ ਸ਼ੱਕ ਜ਼ਾਹਿਰ ਕਰਦਾ ਪਰ ਜੀਤਾ ਉਹਨਾਂ ਨੂੰ ਜਵਾਬ ਦਿੰਦਿਆਂ ਆਖਦਾ, “ਜਿੰਨਾ ਚਿਰ ਕਿਸੇ ਨੇ ਅੱਖੀਂ ਨਹੀਂ ਦੇਖਿਆ … … ਓਨਾ ਚਿਰ ਮੈਂ ਕਿਸੇ ਦਾ ਨਾਂ ਲੈ ਕੇ … … ਪਾਪਾਂ ਦਾ ਭਾਗੀ ਨਹੀਂ ਬਣਨਾ ਤੇ ਨਾ ਮੈਂ ਦੁਸ਼ਮਣੀ ਪਾਉਣੀ ਐ।” ਜੀਤੇ ਦਾ ਜਵਾਬ ਸੁਣ ਕੇ ਸਾਹਮਣੇ ਵਾਲੇ ਵਿਅਕਤੀ ਚੁੱਪ ਕਰ ਜਾਂਦੇ

ਤੇਜੀ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਵੀ ਪਰਿਵਾਰ ਸਮੇਤ ਜੀਤੇ ਦੇ ਹੋਏ ਨੁਕਸਾਨ ਦਾ ਅਫਸੋਸ ਕਰਨ ਆ ਗਿਆਦੋਵੇਂ ਭਰਾ ਅਤੇ ਉਹਨਾਂ ਦੇ ਪਰਿਵਾਰ ਉਦਾਸ ਮਨ ਨਾਲ ਬੈਠੇ ਗੱਲਾਂ ਕਰ ਰਹੇ ਸਨਜੀਤਾ ਆਖਣ ਲੱਗਿਆ, “… … ਕਿੱਥੇ ਤਾਂ ਸੋਚਦੇ ਸੀ, ਆਹ ਦੋ ਮਹੀਨਿਆਂ ਵਿੱਚ … … ਮਿਰਚਾਂ ਦਾ ਝਾੜ ਚੰਗਾ ਨਿਕਲ ਆਊ ਤੇ ਅਗਾਂਹ ਝੋਨਾ ਬੀਜਣ ਵੇਲੇ ਤਕ ਖ਼ਰਚੇ ਪਾਣੀ ਦੀ ਥੋੜ੍ਹ ਨੀ ਰਹਿਣੀ … … ।” ਕਹਿ ਕੇ ਜੀਤਾ ਚੁੱਪ ਕਰ ਗਿਆ।”

“ਹਾਂ … … ਨੁਕਸਾਨ ਦਾ ਨੁਕਸਾਨ ਤੇ ਜਿਹੜੇ ਆਹ ਦੋ ਮਹੀਨੇ ਬਰਬਾਦ ਹੋਣਗੇ ਉਹ ਵੱਖ਼ਰੇ!” ਤੇਜੀ ਨੇ ਜੀਤੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕੋਲ ਬੈਠੀ ਪ੍ਰੀਤ ਵੀ ਸਾਰਾ ਕੁਝ ਸੁਣ ਰਹੀ ਸੀਉਸ ਨੇ ਇੱਕਦਮ ਸਾਰਿਆਂ ਦੀ ਗੱਲ ਟੋਕਦਿਆਂ ਕਿਹਾ, “ਜੀਤੇ ਤੇਰੇ ਕੋਲ ਢਾਈ ਮਹੀਨੇ ਪਏ ਨੇ … … ਤੇਰੇ ਖੇਤ ਵੀ ਵਾਹੇ ਪਏ ਨੇ, ਜੇ ਤੂੰ ਸੱਠੀ ਮੂੰਗੀ ਬੀਜ ਦੇਵੇਂ ਤਾਂ? ...

ਜੀਤਾ ਉਸ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਤੇ ਆਖਣ ਲੱਗਿਆ, “ਲੈ ਭਾਬੀ … … ਆਹ ਗੱਲ ਤਾਂ ਨਾ ਸਾਡੇ ਪੇਂਡੂਆਂ ਦੇ … … ਕਿਸੇ ਦੇ ਦਿਮਾਗ ਵਿੱਚ ਆਈ ਤੇ ਨਾ ਈ ਕਿਸੇ ਨੇ ਸਲਾਹ ਦਿੱਤੀ … … ਤੈਨੂੰ ਸ਼ਹਿਰਨ ਨੂੰ ਕਿੱਥੋਂ ਪਤਾ ਲੱਗ ਗਿਆ ਸੱਠੀ ਮੂੰਗੀ ਬਾਰੇ?

ਜੀਵਨ ਆਪਣੇ ਪਤੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੋਈ ਆਖਣ ਲੱਗੀ, “ਭੈਣ ਜੀ … … ਐਨੀ ਗੱਲ ਤਾਂ ਮੇਰੇ ਦਿਮਾਗ ਵਿੱਚ ਨੀ ਔੜ੍ਹੀ? … … ਹਫ਼ਤਾ ਹੋ ਗਿਆ .ਘਰ ਵਿੱਚ ਸੋਗ ਪਏ ਨੂੰ … … ਤੈਨੂੰ ਖੇਤੀ ਬਾਰੇ ਕਿਵੇਂ ਪਤਾ?”

ਸਾਰੇ ਹੱਸ ਪਏ

ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਈ ਐ … … ਮੈਨੂੰ ਰੇਡੀਓ ਸੁਣਨ ਦਾ ਸ਼ੌਕ ਹੈ … … ਅੱਜ ਈ ਖੇਤੀਬਾੜੀ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਸੀ … … ਉਹਨਾਂ ਦੀ ਸਲਾਹ ਸਮੇਂ ਸਿਰ ਆਪਣੇ ਕੰਮ ਵੀ ਆ ਗਈ।” ਪ੍ਰੀਤ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ

ਇਸ ਗੱਲ ਨੂੰ ਲਗਭਗ ਢਾਈ ਮਹੀਨੇ ਹੋ ਗਏ ਸਨਹੁਣ ਜਦੋਂ ਤੇਜੀ ਆਪਣੇ ਪਰਿਵਾਰ ਸਮੇਤ ਫਿਰ ਪਿੰਡ ਮਿਲਣ ਆਇਆ ਤਾਂ ਦੇਖਦੇ ਹਨ ਕਿ ਵੱਡੇ ਸਾਰੇ ਵਿਹੜੇ ਵਿੱਚ ਮੂੰਗੀ ਦੀ ਵੱਡੀ ਸਾਰੀ ਢੇਰੀ ਲੱਗੀ ਹੋਈ ਹੈ ਤੇ ਕੱਚਾ ਕੋਠਾ ਬਾਲਣ ਲਈ ਛਿਟੀਆਂ ਨਾਲ ਭਰਿਆ ਪਿਆ ਹੈਜੀਤੇ ਨੂੰ ਮਿਲਦੇ ਸਾਰ ਹੀ ਤੇਜੀ ਆਖਣ ਲੱਗਿਆ, “ਛੋਟੇ ਬਾਈ … … ਆਹ ਤਾਂ ਰੰਗ ਈ ਲੱਗੇ ਪਏ ਨੇ

ਵੀਰੇ ਇਹ ਸਭ ਵੱਡੀ ਭਾਬੀ ਦਾ ਪ੍ਰਤਾਪ ਆ … … ਅਜੇ ਤਾਂ ਏਦੂੰ ਦੁੱਗਣੀ ਬਾਹਰੋਂ ਵਾਰ ਖੇਤਾਂ ਵਿੱਚੋਂ ਈ ਮੰਡੀ ਵਿੱਚ ਵੇਚ ਆਏ … … ਇਹਨੇ ਤਾਂ ਸਾਨੂੰ ਮਿਰਚਾਂ ਨਾਲੋਂ ਵੀ ਦੁੱਗਣਾ ਨਫ਼ਾ ਦੇ ਦਿੱਤਾ … … ਆਹ ਤਾਂ ਮੈਂ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨੂੰ ਦੇਣ ਲਈ ਰੱਖ ਲਈ … … ਤੁਹਾਨੂੰ ਵੀ ਇੱਕ ਬੋਰੀ ਭਰ ਕੇ ਗੱਡੀ ਵਿੱਚ ਰੱਖ ਦੇਣੀ ਆ।” ਜੀਤੇ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ

ਸਾਡੇ ਤਾਂ ਕਿਲੋ ਨਹੀਂ ਮੁੱਕਦੀ … … ਲੈ ਦੱਸ, ਅਸੀਂ ਬੋਰੀ ਕੀ ਕਰਨੀ ਆ?” ਪ੍ਰੀਤ ਨੇ ਹੱਸਦੇ ਹੋਏ ਕਿਹਾ

ਭਾਬੀ … … ਇਹ ਸਭ ਜਿਹੜੇ ਰੰਗ ਭਾਗ ਲੱਗੇ ਪਏ ਨੇ, ਸਭ ਤੇਰਾ ਪ੍ਰਤਾਪ ਈ ਆ … …।” ਜੀਤੇ ਨੇ ਖੁਸ਼ੀ ਨਾਲ ਪ੍ਰੀਤ ਨੂੰ ਕਿਹਾ

ਮੈਂ ਤਾਂ ਕੰਮ ਦੀ ਗੱਲ ਰੇਡੀਓ ਤੋਂ ਸੁਣੀ ਸੀ … … ਉਹੀ ਆਪਣੇ ਕੰਮ ਆ ਗਈ।” ਪ੍ਰੀਤ ਆਖਣ ਲੱਗੀ

ਭੈਣ ਜੀ … … ਔਹ ਦੇਖੋ (ਰਸੋਈ ਵਿੱਚ ਟੰਗੇ ਰੇਡੀਓ ਵੱਲ ਇਸ਼ਾਰਾ ਕਰਕੇ) … … ਹੁਣ ਮੈਂ ਵੀ ਘਰ ਦੇ ਕੰਮਾਂ ਦੇ ਨਾਲ ਨਾਲ ਕੋਈ ਨਾ ਕੋਈ ਕੰਮ ਦੀ ਗੱਲ ਸੁਣਦੀ ਰਹਿੰਦੀ ਆਂ।” ਜੀਵਨ ਆਖਣ ਲੱਗੀ

ਸਾਰੇ ਹੱਸ ਪਏ ਤੇ ਜੀਤਾ ਆਖਣ ਲੱਗਿਆ, “ਹੁਣ ਸੱਠੀ ਮੂੰਗੀ ਦੇ ਚਾਅ ਵਿੱਚ ਮਹਿਮਾਨਾਂ ਨੂੰ ਵਿਹੜੇ ਵਿੱਚ ਈ ਖੜ੍ਹਾਈ ਰੱਖਣਾ ਜਾਂ ਅੰਦਰ ਲਿਜਾ ਕੇ ਚਾਹ ਪਾਣੀ ਵੀ ਛਕਾਉਣਾ … …?”

ਸਾਰੇ ਖੁਸ਼ੀ ਖ਼ੁਸ਼ੀ ਗੱਲਾਂ ਕਰਦੇ ਹੋਏ ਬੈਠਕ ਵੱਲ ਨੂੰ ਤੁਰ ਪਏ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5333)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)