“ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ‘ਸਤਲੁਜ’ --- ਸੰਜੀਵਨ ਸਿੰਘ”
(10 ਜੁਲਾਈ 2026)

‘ਸਤਲੁਜ’ ਇੱਕ ਫਿਲਮ ਨਹੀਂ, ਇਤਿਹਾਸ ਦਾ ਇੱਕ ਪੰਨਾ ਹੈ --- ਬਰਜਿੰਦਰ ਕੌਰ ਬਿਸਰਾਓ
ਖਾਲੜਾ ਫਿਰ ਬੋਲ ਉੱਠਿਆ...
ਸੱਚ ਨੂੰ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ। ਇਹ ਗੱਲ ਅੱਜ ਦੀ ਸਭ ਤੋਂ ਚਰਚਿਤ ਫਿਲਮ ‘ਸਤਲੁਜ’ ’ਤੇ ਢੁਕਦੀ ਹੈ। ਸਤਲੁਜ, ਜਿਸਦਾ ਪਹਿਲਾ ਸਿਰਲੇਖ ‘ਪੰਜਾਬ 95’ ਸੀ, ਇੱਕ ਜੀਵਨੀ-ਆਧਾਰਿਤ ਫਿਲਮ ਹੈ। ਇਸਦਾ ਨਿਰਦੇਸ਼ਨ ਹਨੀ ਤ੍ਰੇਹਨ ਨੇ ਕੀਤਾ ਹੈ। ਇਸ ਵਿੱਚ ਦਲਜੀਤ ਦੁਸਾਂਝ ਨੇ ਸ. ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਫਿਲਮ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ, ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਕਥਿਤ ਪੱਚੀ ਹਜ਼ਾਰ ਗੈਰ-ਕਾਨੂੰਨੀ ਹੱਤਿਆਵਾਂ ਅਤੇ ਗੁਪਤ ਸਸਕਾਰਾਂ ਦੀ ਜਾਂਚ ’ਤੇ ਆਧਾਰਿਤ ਹੈ ਜੋ ਉਸ ਸਮੇਂ ਦੇ ਸਭ ਤੋਂ ਤਾਕਤਵਰ ਤੰਤਰ ਉੱਤੇ ਸਵਾਲੀਆ ਨਿਸ਼ਾਨ ਹੈ।
“ਪੰਜਾਬ 95” ਫਿਲਮ ’ਤੇ ਸੈਂਸਰ ਬੋਰਡ ਵੱਲੋਂ ਰੋਕ ਲਾ ਦਿੱਤੀ ਗਈ ਸੀ। ਸੈਂਸਰ ਬੋਰਡ ਵੱਲੋਂ ਇਸਦਾ ਨਾਂ, ਕਿਰਦਾਰਾਂ ਦਾ ਨਾਂ ਅਤੇ ਸੌ ਤੋਂ ਵੀ ਵੱਧ ਕੱਟ ਲਾਉਣ ਵਰਗੀਆਂ ਅਤੇ ਹੋਰ ਬਹੁਤ ਸ਼ਰਤਾਂ ਰੱਖੀਆਂ ਗਈਆਂ। ਚਾਰ ਸਾਲਾਂ ਤੋਂ ਬੰਦ ਡੱਬੇ ਵਿੱਚ ਪਈ ਇਹ ਫਿਲਮ ਜਦੋਂ ਅਚਨਚੇਤ ‘ਸਤਲੁਜ’ ਨਾਂ ਦੇ ਸਿਰਲੇਖ ਹੇਠ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਈ ਤਾਂ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਕੇਵਲ ਇੱਕ ਫਿਲਮ ਨਹੀਂ, ਸਗੋਂ ਇੱਕ ਵਿਚਾਰ, ਇੱਕ ਇਤਿਹਾਸ ਅਤੇ ਇੱਕ ਸ਼ਖਸੀਅਤ ਨੂੰ ਮੁੜ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਦੇਵੇਗੀ। ਰਿਲੀਜ਼ ਤੋਂ ਥੋੜ੍ਹੇ ਸਮੇਂ ਬਾਅਦ ਹੀ ਇਸ ਨੂੰ ਭਾਰਤ ਵਿੱਚ ਹਟਾ ਦਿੱਤਾ ਗਿਆ, ਜਿਸ ਕਾਰਨ ਇਹ ਹੋਰ ਵੀ ਚਰਚਾ ਦਾ ਵਿਸ਼ਾ ਬਣ ਗਈ।
ਇਤਿਹਾਸ ਗਵਾਹ ਹੈ ਕਿ ਜਦੋਂ ਕਿਸੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਲੋਕਾਂ ਦੀ ਦਿਲਚਸਪੀ ਉਸ ਵੱਲ ਹੋਰ ਵਧ ਜਾਂਦੀ ਹੈ। ‘ਸਤਲੁਜ’ ਨਾਲ ਵੀ ਕੁਝ ਅਜਿਹਾ ਹੀ ਹੋਇਆ। ਕਈ ਲੋਕਾਂ ਨੇ ਫਿਲਮ ਨੂੰ ਪਹਿਲਾਂ ਹੀ ਦੇਖ ਲਿਆ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਕੁਝ ਘੰਟਿਆਂ ਵਿੱਚ ਹੀ ਇਹ ਫਿਲਮ ਘਰ ਘਰ ਪਹੁੰਚ ਗਈ ਤੇ ਇਸ ਬਾਰੇ ਵਿਆਪਕ ਚਰਚਾ ਸ਼ੁਰੂ ਹੋ ਗਈ। ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਕਿਹਾ, “ਫਿਲਮ ਲੋਕਾਂ ਤਕ ਪਹੁੰਚ ਗਈ ਹੈ ਮੇਰਾ ਮਕਸਦ ਪੂਰਾ ਹੋ ਗਿਆ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਜਸਵੰਤ ਸਿੰਘ ਖਾਲੜਾ ਬਾਰੇ ਗੱਲ ਕਰ ਰਹੀ ਹੈ।”
ਅੱਜ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ’ਤੇ ਸਭ ਤੋਂ ਵੱਧ ਚਰਚਾ ਖਾਲੜਾ ਦੇ ਜੀਵਨ, ਉਨ੍ਹਾਂ ਦੀ ਨਿਡਰਤਾ ਅਤੇ ਸੱਚ ਲਈ ਦਿੱਤੀ ਕੁਰਬਾਨੀ ਦੀ ਹੋ ਰਹੀ ਹੈ। ਜਿਹੜਾ ਨਾਮ ਕਦੇ ਇਤਿਹਾਸ ਦੀਆਂ ਕਿਤਾਬਾਂ ਜਾਂ ਕੁਝ ਲੇਖਾਂ ਤਕ ਸੀਮਿਤ ਸੀ, ਉਹ ਅੱਜ ਘਰ-ਘਰ ਅਤੇ ਨੌਜਵਾਨਾਂ ਦੀ ਜ਼ਬਾਨ ’ਤੇ ਹੈ। ਇਸ ਫਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਇੱਕ ਮਕਸਦ ਅਤੇ ਜਜ਼ਬੇ ਨਾਲ ਚੱਲਿਆ ਇਮਾਨਦਾਰ ਮਨੁੱਖ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿੱਚ ਨਾ ਹੋਵੇ, ਪਰ ਉਸਦੇ ਵਿਚਾਰ ਕਦੇ ਨਹੀਂ ਮਰਦੇ। ਖਾਲੜਾ ਦੀ ਅਵਾਜ਼ ਅੱਜ ਫਿਰ ਤੋਂ ਇਨਸਾਫ, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਸੁਣਾਈ ਦਿੰਦੀ ਹੈ। ਇਸ ਲਈ ਕਹਿਣਾ ਗਲਤ ਨਹੀਂ ਹੋਵੇਗਾ ਕਿ “ਖਾਲੜਾ ਫਿਰ ਬੋਲ ਉੱਠਿਆ ਹੈ।”
ਅੱਜ ਦੀ ਪੀੜ੍ਹੀ ਲਈ ਇਹ ਫਿਲਮ ਸਿਰਫ ਮਨੋਰੰਜਨ ਨਹੀਂ ਸਗੋਂ ਇਤਿਹਾਸ ਨੂੰ ਜਾਣਨ ਅਤੇ ਇਹ ਸਮਝਣ ਦਾ ਮੌਕਾ ਹੈ ਕਿ ਇੱਕ ਇਕੱਲਾ ਇਨਸਾਨ ਵੀ ਸੱਚ ਲਈ ਖੜ੍ਹਾ ਹੋ ਕੇ ਸਮੇਂ ਦੇ ਸਭ ਤੋਂ ਤਾਕਤਵਰ ਢਾਂਚਿਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਸਕਦਾ ਹੈ। ਇਸ ਲਈ ਇਹ ਕਹਿਣਾ ਉਚਿਤ ਹੋਵੇਗਾ ਕਿ ਖਾਲੜਾ ਅੱਜ ਕੇਵਲ ਇੱਕ ਨਾਮ ਨਹੀਂ ਰਹੇ, ਉਹ ਅਜੋਕੀ ਪੀੜ੍ਹੀ ਦੀ ਚੇਤਨਾ ਦਾ ਹਿੱਸਾ ਬਣ ਗਏ ਹਨ। ਫਿਲਮ ਨੂੰ ਹਟਾਇਆ ਜਾ ਸਕਦਾ ਹੈ, ਪਰ ਉਸ ਵਿਚਾਰ ਨੂੰ ਨਹੀਂ, ਜੋ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਵੇ। ਇਹੀ ‘ਸਤਲੁਜ’ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਅਤੇ ਇਹੀ ਸ. ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਵੀ।
* * *
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ‘ਸਤਲੁਜ’ --- ਸੰਜੀਵਨ ਸਿੰਘ
ਸੰਵੇਦਨਸ਼ੀਲ ਅਤੇ ਨਾਜ਼ੁਕ ਮਸਲੇ ’ਤੇ ਸੂਝ-ਬੂਝ ਅਤੇ ਕਲਾਮਾਈ ਤਰੀਕੇ ਨਾਲ ਫਿਲਮ ‘ਸਤਲੁਜ’ ਬਣਾਈ ਹਨੀ ਤ੍ਰਹੇਨ ਅਤੇ ਤਮਾਮ ਟੀਮ ਨੇ।
ਦਿਲਜੀਤ ਦੁਸਾਂਝ, ਅਰਜੁਨ ਰਾਮਪਾਲ ਤੇ ਕੰਵਲਜੀਤ ਸਿੰਘ ਅਤੇ ਨਾਟਕਰਮੀ ਸੁਵਿੰਦਰ ਵਿੱਕੀ ਅਦਾਕਾਰੀ ਆਪੋ-ਆਪਣੇ ਕਿਰਦਾਰਾਂ ਵਿਚ ਰੂਹ-ਫੂਕ ਦਿੱਤੀ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਇਸ ਫਿਲਮ ਵਿੱਚ ਭੜਕਾਊ ਦ੍ਰਿਸ਼ ਨਾ ਹੋਣ ਅਤੇ ਨਾ ਹੀ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ , ਸੰਵੇਦਨਸ਼ੀਲ ਅਤੇ ਨਾਜ਼ੁਕ ਮਸਲੇ ਨੂੰ ਸੂਝਬੂਝ ਅਤੇ ਕਲਾਮਾਈ ਤਰੀਕੇ ਨਾਲ ਪੇਸ਼ ਕਰਨ ਲਈ ਲੇਖਕ-ਨਿਰਦੇਸ਼ਕ ਹਨੀ ਤ੍ਰੇਹਨ ਅਤੇ ਤਮਾਮ ਟੀਮ ਦੀ ਸ਼ਲਾਘਾ ਦੀ ਹੱਕਦਾਰ ਹੈ। ਫਿਲਮ ਸਮਾਜ ਦਾ ਸ਼ੀਸ਼ਾ ਹੁੰਦੀ ਹੈ। ਜੋ ਕੁਝ ਸਮਾਜ ਵਿਚ ਘਟਦਾ/ਵਾਪਰਦਾ ਹੈ, ਉਹੀ ਪੇਸ਼ ਕੀਤਾ ਜਾਂਦਾ ਹੈ ਕਿਉਂਕਿ ਸ਼ੀਸ਼ਾ ਝੂਠ ਨਹੀਂ ਬੋਲਦਾ। ਜੇ ਕਲਮ ਅਤੇ ਕਲਾ ਤੋਂ ਸੱਚ ਬੋਲਣ ਦੀ ਤਵੱਕੋ ਰੱਖੀ ਜਾਂਦੀ ਹੈ ਤਾਂ ਸੱਚ ਸਾਨੂੰ ਬਰਦਾਸ਼ਤ ਵੀ ਕਰਨਾ ਚਾਹੀਦਾ ਹੈ।
ਦਿਲਜੀਤ ਦੁਸਾਂਝ ਨੇ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਵਿਚ ਰੂਹ-ਫੂਕ ਦਿੱਤੀ ਹੈ। ਰੰਗਮੰਚ ਦਾ ਬੇਹਤਰੀਨ ਨਾਟਕਰਮੀ ਸੁਵਿੰਦਰ ਵਿੱਕੀ ਅਦਾਕਾਰੀ ਦੇ ਬੇਹਤਰੀਨ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅਰਜੁਨ ਰਾਮਪਾਲ ਤੇਅ ਕੰਵਲਜੀਤ ਸਿੰਘ ਨੇ ਆਪੋ-ਆਪਣੇ ਕਿਰਦਾਰਾਂ ਨੂੰ ਜੀਵਿਆ ਹੈ। ਵੰਸ਼ ਭਾਰਦਵਾਜ, ਜਗਤੀਤ ਸਿੱਧੂ, ਲਾਲੀ ਸਿੱਧੂ, ਇਕੱਤਰ ਸਿੰਘ ਨੇ ਹਾਵ-ਭਾਵ, ਚਾਲ-ਢਾਲ ਅਤੇ ਸੰਵਾਦ ਅਦਾਇਗੀ ਦਾ ਮੁਜੱਸਮਾ ਪੇਸ਼ ਕੀਤਾ ਹੈ। ਫਿਲਮ ਵਿਚ ਨਿੱਕੇ ਤੋਂ ਨਿੱਕੇ ਕਿਰਦਾਰ ਵੀ ਇਸ ਕਰਕੇ ਜਚਦੇ ਹਨ ਕਿਉਂਕਿ ਹਰ ਪਾਤਰ ਦੀ ਚੋਣ ਹਨੀ ਤ੍ਰਹੇਨ ਵੱਲੋਂ ਖੁਦ ਕੀਤੀ ਗਈ ਹੈ। ਫਿਲਮ ਦੀ ਕਹਾਣੀ ਅਤੇ ਪਟਕਥਾ ਨੀਰੇਨ ਭੱਟ, ਹਨੀ ਤ੍ਰੇਹਨ ਅਤੇ ਮੈਤਰਾ ਉਤਸਵ ਦੇ ਸੁਹਿਰਦ ਯਤਨਾਂ ਅਤੇ ਖੋਜ ਨਾਲ ਲਿਖੀ। ਫਿਲਮ ਦੇ ਨਿਰਮਾਤਾ ਰੌਨੀ ਸਕਰੂਵਾਲਾ, ਅਭਿਸ਼ੇਕ ਚੌਬੇ ਵੀ ਵਧਾਈ ਦੇ ਹੱਕਦਾਰ ਹਨ। ਜ਼ਿਕਰਯੋਗ ਹੈ ਕਿ 3 ਜੁਲਾਈ 2026 ਨੂੰ ਓ.ਟੀ.ਟੀ ਦੇ ਜ਼ੀ-5 ’ਤੇ ‘ਸਤਲੁਜ’ ਨਾਂ ਹੇਠ ਬਿਨਾਂ ਕਿਸੇ ਕੱਟ ਤੋਂ ਫਿਲਮ ਪ੍ਰਦਰਸ਼ਿਤ ਕਰ ਦਿੱਤੀ ਗਈ ਸੀ, ਪਰ ਸਾਡੇ ਮੁਲਕ ਵਿੱਚ ਦੋ ਦਿਨਾਂ ਬਾਅਦ ਹਟਾ ਦਿੱਤੀ ਗਈ ਸੀ।
(ਸੰਜੀਵਨ ਸਿੰਘ: ਨਾਟਕਕਾਰ ਅਤੇ ਨਾਟ-ਨਿਰਦੇਸ਼ਕ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































