“ਕੀ ਸਾਡੇ ਹਸਪਤਾਲਾਂ, ਸਕੂਲਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਹੋਰ ਸਾਧਨਾਂ ਦੀ ...”
(19 ਜੁਲਾਈ 2026)
ਮੁਫਤ ਬਿਜਲੀ, ਮੁਫਤ ਬੱਸ ਸਫਰ, ਤੀਰਥ ਯਾਤਰਾਵਾਂ, ਸਸਤੇ ਰਾਸ਼ਨ ਅਤੇ ਹੋਰ ਪਤਾ ਨਹੀਂ ਅਜਿਹੀਆਂ ਭਾਂਤ ਭਾਂਤ ਦੀਆਂ ਮੁਫਤ ਦੀਆਂ ਰਿਓੜੀਆਂ ਖਾਂਦਿਆਂ ਅਸੀਂ ਕਿਸ ਕਿਸ ਦਾ ਭਲਾ ਕਰਦੇ ਜਾ ਰਹੇ ਹਾਂ। ਅੱਜ ਸਾਡੇ ਕਰੋੜਾਂ ਲੋਕ ਇਹ ਸੋਚਣ ਦੀ ਸਮਰੱਥਾ ਤੋਂ ਆਪਣੇ ਆਪ ਨੂੰ ਬਾਹਰ ਕਰੀ ਬੈਠੇ ਹਨ ਜਾਂ ਮਜਬੂਰੀਆਂ ਵਿੱਚ ਜਕੜੇ ਹੋਏ ਇਨ੍ਹਾਂ ਰਿਓੜੀਆਂ ਨੂੰ ਤਿਆਗਣ ਤੋਂ ਅਸਮਰੱਥ ਹੋ ਚੁੱਕੇ ਹਨ। ਪਰ ਸਾਡੇ ਮੁੱਠੀ ਭਰ ਆਗੂ ਬਾਖੂਬੀ ਆਏ ਦਿਨ ਇਸਦਾ ਭਰਪੂਰ ਫਾਇਦਾ ਉਠਾ ਰਹੇ ਹਨ ਅਤੇ ਜਨਤਾ ਨੂੰ ਉੱਲੂ ਬਣਾਉਂਦੇ ਹੋਏ ਸਿਰਫ ਆਪਣਾ ਭਵਿੱਖ ਸਵਾਰ ਰਹੇ ਹਨ। ਬੇਸ਼ਕ ਅੱਜ ਕਿਸੇ ਵੱਲੋਂ ਕੀਤੀ ਅਜਿਹੀ ਸ਼ੁਰੂਆਤ ਦਾ ਫਾਇਦਾ ਅਜਿਹਾ ਨੇਤਾ ਖੁਦ ਇੱਕ ਜਾਂ ਦੋ ਵਾਰ ਤੋਂ ਵੱਧ ਨਹੀਂ ਉਠਾ ਸਕਦਾ ਕਿਉਂਕਿ ਇਹ ਢੰਗ ਪੁਰਾਣੇ ਹੋ ਚੁੱਕੇ ਹੋਣ ਕਰਕੇ ਉਸਤੋਂ ਅੱਗੇ ਉਸਦੀਆਂ ਦਿੱਤੀਆਂ ਰਿਓੜੀਆਂ ਦਾ ਬਦਲ ਲੱਭ ਕੇ ਕੋਈ ਹੋਰ ਉਸਦੀ ਜਗ੍ਹਾ ਹੜੱਪ ਲੈਣ ਦੀ ਅਗਲੀ ਸੋਚ ਲੈ ਕੇ ਆ ਜਾਂਦਾ ਹੈ। ਅਸੀਂ ਇੱਕ ਵਾਰ ਨਵੇਂ ਨੇਤਾ ਦੇ ਪਿੱਛੇ ਲੱਗਦਿਆਂ ਉਸਦੀ ਨਵੀਂ ਦੇਣ ਤੋਂ ਪ੍ਰਭਾਵਤ ਹੁੰਦੇ ਹੋਏ ਖੁਸ਼ੀ ਖੁਸ਼ੀ ਫਿਰ ਨਵੇਂ ਵਿਛਾਂਏ ਜਾਲ਼ ਵਿੱਚ ਫਸਣ ਨੂੰ ਤਿਆਰ ਹੋ ਜਾਂਦੇ ਹਾਂ। ਇਸ ਵਿੱਚ ਵੀ ਕੋਈ ਅਚੰਭਾ ਨਹੀਂ ਕਿ ਪਹਿਲੀ ਸ਼ੁਰੂਆਤ ਕਰਨ ਵਾਲਾ ਆਪਣਾ ਮੰਤਵ ਹੱਲ ਕਰਕੇ ਪਿੱਛੇ ਲੱਗੀ ਕੌਮ ਦਾ ਘਾਣ ਕਰਦਿਆਂ ਇੱਕ ਪਾਸੇ ਹੋ ਜਾਂਦਾ ਹੈ ਪਰ ਜਨਤਾ ਅਗਾਂਹ ਲਾਲਚ ਵੱਸ ਹੋਰ ਡੂੰਘੇ ਹਨੇਰਿਆਂ ਵਿੱਚ ਧਸਦੀ ਚਲੀ ਜਾਂਦੀ ਹੈ। ਕੌਣ ਨਹੀਂ ਜਾਣਦਾ ਕਿ ਇਸ ਪ੍ਰਥਾ ਦੀ ਸ਼ੁਰੂਆਤ ਅਜੇ ਕੁਝ ਦਹਾਕੇ ਪਹਿਲਾਂ ਹੀ ਸਾਡੇ ਅਜਿਹੀ ਸੋਚ ਵਾਲੇ ਇੱਕ ਆਗੂ ਨੇ ਕੀਤੀ ਸੀ ਜਿਸਦਾ ਖਮਿਆਜ਼ਾ ਉਸਦੀ ਕੌਮ ਅੱਜ ਤਕ ਭੁਗਤਦੀ ਚਲੀ ਆ ਰਹੀ ਹੈ।
ਕਿਸੇ ਵੀ ਤਰ੍ਹਾਂ ਦੀਆਂ ਹੱਥ ਆਈਆਂ ਸਹੂਲਤਾਂ ਨੂੰ ਆਦਤ ਪੈ ਜਾਣ ਤੋਂ ਬਾਅਦ ਛੱਡ ਦੇਣਾ ਸਿਰਫ ਕਿਸੇ ਦੇਸ਼ ਦੇ ਨਾਗਰਿਕ, ਇਨਸਾਨ ਤਾਂ ਕੀ ਪਸ਼ੂ ਪੰਛੀਆਂ ਲਈ ਵੀ ਇੱਕ ਸਮੇਂ ’ਤੇ ਆ ਕੇ ਨਾਮੁਮਕਿਨ ਹੋ ਜਾਂਦਾ ਹੈ। ਇਹ ਕੋਈ ਐਬ ਨਹੀਂ, ਹਰ ਜੀਵ ਦਾ ਇੱਕ ਕੁਦਰਤੀ ਸੁਭਾਅ ਹੈ, ਵਰਤਾਰਾ ਹੈ। ਚਿੜੀਆਂ, ਕਬੂਤਰ, ਕੀੜੀਆਂ ਦੇ ਭੌਣ, ਨਹਿਰਾਂ ਤਲਾਵਾਂ ਦੀਆਂ ਮੱਛੀਆਂ ਨੂੰ ਅਸੀਂ ਸਭ ਇਨ੍ਹਾਂ ਨੇਤਾਵਾਂ ਵਾਂਗ ਹੀ ਅਜਿਹੇ ਲਾਲਚਾਂ ਵਿੱਚ ਫਸਾ ਕੇ ਉਨ੍ਹਾਂ ਦਾ ਕੋਈ ਫਾਇਦਾ ਕਰਦੇ ਹਾਂ ਜਾਂ ਨਹੀਂ, ਅਸੀਂ ਕਦੇ ਇਸਨੂੰ ਸੋਚਣ ਸਮਝਣ ਦੀ ਜ਼ਰੂਰਤ ਨਹੀਂ ਸਮਝਦੇ। ਅਸੀਂ ਤਾਂ ਬੱਸ ਇਹ ਸਭ ਅੱਖਾਂ ਮੀਚ ਕੇ ਜਾਂ ਫਿਰ ਆਪਣੇ ਉੱਲੂ ਸਿੱਧੇ ਕਰਨ ਅਤੇ ਸਿਰਫ ਆਪਣੇ ਹੀ ਸੁੱਖਦਾਈ ਭਵਿੱਖ ਦੀ ਆਸ ਨਾਲ ਜੋੜਕੇ ਦੇਖਦੇ ਹਾਂ। ਬੇਸ਼ਕ ਕੁਝ ਸੂਝਵਾਨ ਸੰਸਥਾਵਾਂ ਸਾਨੂੰ ਆਏ ਦਿਨ ਬਾਰ ਬਾਰ ਸਮਝਾਉਂਦੀਆਂ ਅਤੇ ਸੁਚੇਤ ਕਰਦੀਆਂ ਰਹਿੰਦੀਆਂ ਹਨ, ਅਨੇਕਾਂ ਅਜਿਹੀਆਂ ਜਨਤਕ ਥਾਂਵਾਂ ’ਤੇ ਜਾਗਰੂਕ ਕਰਦੀਆਂ ਹਨ ਕਿ ਇਨ੍ਹਾਂ ਜੀਵਾਂ ਨੂੰ ਅਨਾਜ-ਦਾਣਾ ਆਦਿ ਪਾਉਣਾ ਸਖਤ ਮਨ੍ਹਾ ਹੈ। ਦਲੀਲਾਂ ਦਿੰਦੀਆਂ ਹਨ, ਕਾਰਨ ਦੱਸਦੀਆਂ ਹਨ ਕਿ ਇਹ ਸਭ ਇਨ੍ਹਾਂ ਜੀਵਾਂ ਲਈ ਫਾਇਦੇਮੰਦ ਨਹੀਂ ਬਲਕਿ ਹਾਨੀਕਾਰਕ ਹੈ। ਇਸ ਨਾਲ ਇਨ੍ਹਾਂ ਦੀਆਂ ਆਦਤਾਂ ਵਿਗੜਦੀਆਂ ਹਨ, ਇਨ੍ਹਾਂ ਅੰਦਰ ਆਲਸ ਪੈਦਾ ਕਰਦੀਆਂ ਹਨ। ਇਨ੍ਹਾਂ ਦੇ ਕੁਦਰਤ ਵੱਲੋਂ ਬਖਸ਼ੇ ਗੁਣਾਂ ਨੂੰ ਤਬਾਹ ਕਰਦੀਆਂ ਹਨ ਪਰ ਅਸੀਂ ਤਾਂ ਇਹ ਸਭ ਸੋਚਣ ਸਮਝਣ ਦੀ ਬਜਾਇ ਅਤੇ ਜੀਵਾਂ ਦੇ ਕੁਦਰਤੀ ਗੁਣਾਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਬਜਾਇ, ਆਪਣੇ ਹੀ ਨਿੱਜੀ ਸੁਆਰਥਾਂ ਨੂੰ ਪਹਿਲ ਦਿੰਦੇ ਆ ਰਹੇ ਹਾਂ। ਹਾਲਤ ਅਜਿਹੇ ਬਣੇ ਹੋਏ ਹਨ ਕਿ ਕੋਈ ਇਹ ਸਭ ਦੇਖਣ ਸੁਣਨ ਅਤੇ ਇਸਤੋਂ ਸੱਜੇ ਖੱਬੇ ਹੋਣ ਨੂੰ ਰਾਜ਼ੀ ਹੀ ਨਹੀਂ। ਜ਼ਾਹਿਰ ਹੈ ਕਿ ਉੱਪਰ ਲਿਖੇ ਅਨੁਸਾਰ ਅਸੀਂ ਤਾਂ ਇਹ ਸਭ ਕੁਝ ਇਨ੍ਹਾਂ ਜੀਵਾਂ ਦੇ ਭਵਿੱਖ ਜਾਂ ਭਲੇ ਲਈ ਨਹੀਂ ਬਲਕਿ ਅੱਖਾਂ ਮੀਚ ਕੇ ਆਪਣੀ ਹੀ ਅੰਧਵਿਸ਼ਵਾਸੀ ਸੋਚ, ਮਾਨਸਿਕ ਤ੍ਰਿਪਤੀ ਅਤੇ ਸੁਖਦਾਈ ਭਵਿੱਖ ਦੀ ਆਸ ਨਾਲ ਕਰਦੇ ਆ ਰਹੇ ਹਾਂ।
ਅਸੀਂ ਅੱਜ ਕਿਸੇ ਨਵੀਂ ਸੋਚ ਨੂੰ ਅਪਣਾਉਣ ਲਈ ਤਿਆਰ ਨਹੀਂ! ਜ਼ਾਹਿਰ ਹੈ ਕਿ ਜੇ ਇੱਕ ਦੇਸ਼ ਦੀ ਇੰਨੀ ਵੱਡੀ ਜਮਾਤ ਸਿਰਫ ਅਤੇ ਸਿਰਫ ਆਪਣੇ ਸੱਚੇ-ਝੂਠੇ ਨਿੱਜੀ ਸੁਆਰਥਾਂ ਨੂੰ ਹੀ ਪਹਿਲ ਦੇਵੇਗੀ ਤਾਂ ਇਨ੍ਹਾਂ ਵਿੱਚੋਂ ਉਪਜੀ ਹੋਈ ਅਤੇ ਇਨ੍ਹਾਂ ਉੱਪਰ ਹੀ ਭਾਰੂ ਹੁੰਦੀ ਆਈ ਸਾਡੀ ਹਾਕਮ ਜਮਾਤ ਕਿਉਂ ਇਹ ਜਾਇਜ਼-ਨਜਾਇਜ਼ ਢੰਗ ਨਹੀਂ ਅਪਣਾਏਗੀ। ਕੀ ਸਾਡਾ ਅੱਜ ਸਾਡੇ ਕੱਲ੍ਹ ਨਾਲੋਂ, ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲੋਂ ਇੰਨਾ ਮਹੱਤਵਪੂਰਨ ਬਣ ਚੁੱਕਾ ਹੈ ਕਿ ਸਾਡੇ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਸਾਡੇ ਇਹ ਅਜੋਕੇ ਨੇਤਾ ਸਾਡੇ ਹੀ ਸਰਕਾਰੀ ਫੰਡਾਂ ਨੂੰ ਆਪਣੀਆਂ ਦੇਣਾਂ ਦੱਸ ਦੱਸ ਕੇ ਸਾਨੂੰ ਹੋਰ ਤੋਂ ਹੋਰ ਡੂੰਘੀਆਂ ਅਤੇ ਹਨੇਰੀਆਂ ਖਾਈਆਂ ਵਿੱਚ ਧੱਕੀ ਜਾ ਰਹੇ ਹਨ? ਕੀ ਅੱਜ ਮਹੱਤਵਪੂਰਨ ਸਥਾਨਾਂ ਅਤੇ ਸਰਕਾਰੀ ਨੌਕਰੀਆਂ ਦੀ ਕੋਈ ਜ਼ਰੂਰਤ ਨਹੀਂ? ਕੀ ਸਾਡੇ ਹਸਪਤਾਲਾਂ, ਸਕੂਲਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਹੋਰ ਸਾਧਨਾਂ ਦੀ ਜ਼ਰੂਰਤ ਨਹੀਂ? ਕੀ ਇਨ੍ਹਾਂ ਤੀਰਥ ਯਾਤਰੀਆਂ ਅਤੇ ਬੇਵਜ੍ਹਾ ਦੀਆਂ ਯਾਤਰਾਵਾਂ ਨਾਲੋਂ ਰੋਜ਼ਾਨਾ ਜਾਣ-ਆਉਣ ਵਾਲੇ ਦਿਹਾੜੀਦਾਰ, ਮਜ਼ਦੂਰ, ਨੌਕਰੀ ਪੇਸ਼ਾ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸਦੀ ਪਹਿਲ ਦੇਣੀ ਜ਼ਿਆਦਾ ਮਹੱਤਵਪੂਰਨ ਨਹੀਂ ਬਣਦੀ? ਇਹ ਸਭ ਸੋਚਣ ਦੀ ਵਾਰੀ ਅੱਜ ਸਾਡੀ ਹੈ ਅਤੇ ਇਸਨੂੰ ਨਿਭਾਉਣ ਲਈ ਸਾਨੂੰ ਹੀ ਸਭ ਨੂੰ ਆਪਣੀ ਨਿਗੂਣੀ ਅਤੇ ਸਵਾਰਥੀ ਸੋਚ ਤਿਆਗ ਕੇ ਮੋਹਰੇ ਆਉਣਾ ਪਵੇਗਾ। ਇਸ ਪ੍ਰਥਾ ਦਾ ਤਿਆਗ ਸਾਨੂੰ ਆਪਣੇ ਹੱਥੀਂ ਕਰਨਾ ਹੋਵੇਗਾ, ਜਿਸ ਲਈ ਸਾਨੂੰ ਆਪਣੀਆਂ ਨਿੱਜੀ ਸਹੂਲਤਾਂ ਨੂੰ ਪਿੱਛੇ ਕਰਨਾ ਪਵੇਗਾ। ਹਰ ਗੱਲ ਨੂੰ ਰੱਬ ਆਸਰੇ ਛੱਡ ਕੇ ਜਾਂ ਫਿਰ ਪਰਮਾਤਮਾ ਦਾ ਭਾਣਾ ਮੰਨਦਿਆਂ ਹੋਇਆਂ ਤਾਂ ਅਸੀਂ ਸਦੀਆਂ ਤੋਂ ਦੇਖਦੇ ਅਤੇ ਭੁਗਤਦੇ ਆ ਹੀ ਰਹੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)























































































































