“ਇਸ ਤੋਂ ਅੱਗੇ ਤਾਂ ਸਾਰੀ ਜ਼ਿੰਮੇਵਾਰੀ ਉਸ ਆਗੂ ਦੀ ਬਣ ਜਾਂਦੀ ਹੈ ਕਿ ਉਹ ਲੋਕਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਨਾਲ ...”
(26 ਅਪਰੈਲ 2024)
ਇਸ ਸਮੇਂ ਪਾਠਕ: 295.
ਆਜ਼ਾਦੀ ਮਿਲਣ ਤੋਂ ਫੌਰਨ ਬਾਅਦ ਜਿਨ੍ਹਾਂ ਸਿਆਸੀ ਆਗੂਆਂ ਨੇ ਸਾਡੇ ਦੇਸ਼ ਦੀ ਵਾਂਗ ਡੋਰ ਸੰਭਾਲੀ, ਉਨ੍ਹਾਂ ਨੇ ਤੇਜ਼ੀ ਨਾਲ ਬਦਲਣ ਵਾਲੇ ਉਸ ਦੌਰ ਦੀ ਅਗਵਾਈ ਉਸ ਸਮੇਂ ਦੀਆਂ ਪ੍ਰਮੁੱਖ ਜ਼ਰੂਰਤਾਂ ਅਤੇ ਹਾਲਾਤ ਸਾਮ੍ਹਣੇ ਰੱਖਦਿਆਂ ਕੀਤੀ। ਉਸ ਤੋਂ ਬਾਅਦ ਕਈ ਬਦਲਾਵ ਆਏ। ਸਮੇਂ ਸਮੇਂ ’ਤੇ ਅਣਗਿਣਤ ਖੇਤਰੀ ਅਤੇ ਕੌਮੀ ਪੱਧਰ ਦੀਆਂ ਸਿਆਸੀ ਪਾਰਟੀਆਂ ਦੀ ਭੀੜ ਹੋਂਦ ਵਿੱਚ ਆਉਂਦੀ ਗਈ। ਇਹ ਚਲਨ ਅੱਜ ਵੀ ਬਿਨਾਂ ਰੁਕੇ ਨਿਰੰਤਰ ਚਲਦਾ ਹੀ ਜਾ ਰਿਹਾ ਹੈ। ਕੁਝ ਤਾਂ ਆਜ਼ਾਦੀ ਤੋਂ ਬਾਅਦ ਦੇਸ਼ ਦੀ ਵੰਡ ਕਾਰਨ ਮਚੀ ਆਪਾ-ਧਾਪੀ ਅਤੇ ਉੱਪਰੋਂ ਸਮੇਂ ਦੀਆਂ ਸਰਕਾਰਾਂ ਦੇ ਲਚਕੀਲੇ ਰਵਈਏ ਨੇ ਸਿਆਸੀ ਅਤੇ ਪ੍ਰਸ਼ਾਸਨਿਕ ਕੁਰੀਤੀਆਂ ਵਿੱਚ ਸੁਧਾਰ ਲਿਆਉਣ ਦੀ ਰੱਤੀ ਭਰ ਵੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਉਸ ਸ਼ੁਰੂਆਤੀ ਸਮੇਂ ਦਾ ਉਹ ਹੀ ਸੁਨਹਿਰੀ ਮੌਕਾ ਸੀ ਜਿਸ ਨੇ ਸਾਡੇ ਲੋਕਰਾਜ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਸਨ। ਇਸ ਨਾਲ ਦੇਸ਼ ਅੰਦਰ ਉਥਲ-ਪੁਥਲ ਅਤੇ ਅਸ਼ਾਂਤੀ ਵਧਦੀ ਗਈ ਜੋ ਅੱਜ ਤਕ ਬਿਨਾਂ ਰੁਕੇ ਜਾਰੀ ਹੈ। ਸਿਆਸੀ ਪ੍ਰੰਪਰਾ ਦੇ ਮੌਜੂਦਾ ਚਲਨ ਨੂੰ ਵੇਖਦਿਆਂ ਤਾਂ ਜਾਪਦਾ ਹੈ ਜਿਵੇਂ ਅਧਵਾਟੇ ਸਰਕਾਰਾਂ ਤੋੜਨੀਆਂ, ਸੂਬਿਆਂ ਦੇ ਟੁਕੜੇ ਕਰ ਕੇ ਆਪਣੀਆਂ ਵਜ਼ੀਰੀਆਂ-ਵਿਧਾਇਕੀਆਂ ਪੱਕੀਆਂ ਕਰਨੀਆਂ ਅਤੇ ਦਲ-ਬਦਲੀ ਨੂੰ ਉਤਸ਼ਾਹਿਤ ਕਰਦੀ ਸੰਸਦਾਂ, ਵਿਧਾਇਕਾਂ ਦੀ ਖਰੀਦੋ ਫਰੋਖਤ, ਸਰਕਾਰੀ ਫੰਡਾਂ ਦੀ ਦੁਰਵਰਤੋਂ ਆਦਿ ਹੀ ਸਿਆਸਤਦਾਨਾਂ ਦਾ ਸਿਆਸਤ ਵਿੱਚ ਟਿਕੇ ਰਹਿਣ ਦਾ ਇੱਕੋ-ਇੱਕ ਜ਼ਰੀਆ ਅਤੇ ਮੰਤਵ ਰਹਿ ਗਿਆ ਹੈ। ਇਸਦਾ ਸਭ ਤੋਂ ਪਿਛਾਂਹ-ਖਿੱਚੂ ਪਹਿਲੂ ਇਹ ਹੈ ਕਿ ਅਜਿਹੀ ਸਿਆਸੀ ਸੋਚ ਨਾਲ ਦੇਸ਼ ਅੰਦਰ ਚੋਣਾਂ ਦਾ ਪ੍ਰਵਾਹ ਨਿਰੰਤਰ ਚਲਦਾ ਹੀ ਰਹਿੰਦਾ ਹੈ। ਕਦੇ ਕੇਂਦਰੀ, ਕਦੇ ਸੂਬਾਈ, ਕਦੇ ਜ਼ਿਮਨੀ, ਕਦੇ ਪੰਚਾਇਤੀ ਅਤੇ ਨਿਗਮੀ। ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਛੋਟਾ ਵੱਡਾ ਆਗੂ, ਪ੍ਰਸ਼ਾਸਨਿਕ ਅਧਿਕਾਰੀ, ਸਰਕਾਰੀ ਮਸ਼ੀਨਰੀ ਅਤੇ ਮੀਡੀਆ ਆਦਿ ਬੇਹੱਦ ਖਰਚੀਲੇ ਚੋਣ ਪ੍ਰਚਾਰਾਂ ਅਤੇ ਉਦਘਾਟਨਾਂ-ਨੀਂਹ ਪੱਥਰਾਂ ਵਿੱਚ ਹੀ ਗੁਆਚੇ ਰਹਿੰਦੇ ਹਨ ਜਿਸ ਨਾਲ ਬੇਸ਼ੁਮਾਰ ਧਨ, ਕੁਦਰਤੀ ਸਾਧਨ ਅਤੇ ਮਾਨਵ ਸ਼ਕਤੀ ਦਾ ਦੁਰਉਪਯੋਗ ਹੁੰਦਾ ਹੈ। ਇਨ੍ਹਾਂ ਪ੍ਰਚਾਰਾਂ ਦਾ ਮੁੱਖ ਮਨੋਰਥ ਸਿਰਫ ਚੋਣਾਂ ਜਿੱਤਣਾ ਅਤੇ ਆਪੋ ਆਪਣੀਆਂ ਪਾਰਟੀਆਂ, ਪਿਛਲੱਗੂਆਂ, ਚਹੇਤਿਆਂ, ਪੁੱਤ-ਭਤੀਜਿਆਂ ਨੂੰ ਮਜ਼ਬੂਤ ਜਾਂ ਖੁਸ਼ ਕਰਨ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਦੇਸ਼, ਕਾਨੂੰਨ, ਸੰਵਿਧਾਨ, ਜਨ ਸਾਧਾਰਨ ਦੀਆਂ ਲੋੜਾਂ, ਸਮਾਜਕ ਅਤੇ ਪ੍ਰਸ਼ਾਸਨਿਕ ਸੁਧਾਰ, ਕੌਮੀ ਵਿਕਾਸ ਅਤੇ ਲੋਕ-ਹਿਤਾਂ ਨਾਲ ਇਨ੍ਹਾਂ ਦਾ ਦੂਰ ਦਾ ਵੀ ਕੋਈ ਵਾਹ ਵਾਸਤਾ ਨਹੀਂ ਰਹਿ ਜਾਂਦਾ, ਸਿਵਾਏ ਭੰਡੀ ਪ੍ਰਚਾਰ ਦੇ। ਇਸ ਤੋਂ ਵੀ ਉੱਪਰ, ਸਮਾਜਿਕ ਸਾਂਝਾਂ ਵਿੱਚ ਖਿੱਚੋਤਾਣ ਅਤੇ ਕੁੜੱਤਣ ਦਿਨ-ਬਦਿਨ ਵਧਦੀ ਜਾਂਦੀ ਹੈ ਅਤੇ ਬਾਹੂ-ਬਲੀਆਂ ਦੀ ਸਿਆਸਤ ਵਿੱਚ ਦਖਲਅੰਦਾਜ਼ੀ ਘਰ ਕਰਦੀ ਜਾਂਦੀ ਹੈ।
ਸਿੰਗਾਪੁਰ ਅਤੇ ਦੁਬਈ, ਇਨ੍ਹਾਂ ਦੋਹਾਂ ਦੇਸ਼ਾਂ ਦੇ ਦੋਨੋ ਆਗੂਆਂ ਦੇ ਸੰਘਰਸ਼ ਦਾ ਇਤਿਹਾਸ ਤਕਰੀਬਨ ਇੱਕੋ ਸਮੇਂ ਅਤੇ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਤੋਂ ਥੋੜ੍ਹਾ ਬਾਅਦ ਸ਼ੁਰੂ ਹੋਇਆ। ਸਿੰਗਾਪੁਰ ਪਹਿਲਾਂ ਇੱਕ ਲੰਬਾ ਸਮਾਂ ਅੰਗਰੇਜ਼ਾਂ ਦੇ ਅਧੀਨ ਰਿਹਾ ਅਤੇ 1965 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ, ਪਰਜਾਤੰਤਰ ਸਥਾਪਤ ਹੋਣ ’ਤੇ ‘ਲੀ ਕਵਾਨ ਯੂ’ ਉੱਥੋਂ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ, ਜਿਨ੍ਹਾਂ ਨੇ ਪਹਿਲਾਂ ਤੋਂ ਹੀ ਆਪਣੇ ਦੇਸ਼ ਦੀ ਨਿੱਘਰ ਰਹੀ ਦੁਰਦਸ਼ਾ ਨੂੰ ਸੁਧਾਰਨ ਦਾ ਪ੍ਰਣ ਧਾਰਿਆ ਹੋਇਆ ਸੀ। ਉਨ੍ਹਾਂ ਸਮਿਆਂ ਦਾ ਸਿੰਗਾਪੁਰ ਬੇਹੱਦ ਗਰੀਬ, ਅੰਤਾਂ ਦੀ ਬੇਰੁਜ਼ਗਾਰੀ, ਬੇਘਰੇ ਅਤੇ ਅਨਪੜ੍ਹ ਲੋਕ ਕਈ ਸਾਲਾਂ ਤਕ ਅੰਗਰੇਜ਼ਾਂ ਅਤੇ ਜਪਾਨੀਆਂ ਵਿਚਾਲੇ ਹੋਈਆਂ ਜੰਗਾਂ ਨਾਲ ਪੂਰੀ ਤਰ੍ਹਾਂ ਝੰਬੇ ਪਏ ਸੀ। ਦੇਸ਼ ਅੰਦਰ ਅਫੀਮ ਅਤੇ ਹੋਰ ਨਸ਼ਿਆਂ ਦੇ ਸੌਦਾਗਰਾਂ, ਸਮਗਲਰਾਂ ਅਤੇ ਗੈਰ-ਸਮਾਜੀ ਅਨਸਰਾਂ ਦਾ ਬੋਲਬਾਲਾ ਸੀ। ਲੀ ਕਵਾਨ ਯੂ ਨੇ ਪ੍ਰਧਾਨ ਮੰਤਰੀ ਬਣਦਿਆਂ ਇੱਕ ਪਾਸੇ ਆਪਣੇ ਘਰ-ਪਰਿਵਾਰ ਅਤੇ ਦੂਜੇ ਪਾਸੇ ਰਾਜਨੀਤਕ ਵਿਰੋਧੀਆਂ ਦਾ ਸਾਮ੍ਹਣਾ ਦ੍ਰਿੜ੍ਹਤਾ ਨਾਲ ਕੀਤਾ। ਦੇਸ਼ ਦੇ ਬਾਹਰੋਂ ਵੀ ਵਿਰੋਧਤਾ ਹੁੰਦੀ ਰਹੀ ਪਰ ਉਹ ਆਪਣੇ ਨਿਸ਼ਚਿਆਂ ’ਤੇ ਕਾਇਮ ਰਹੇ ਅਤੇ ਅੰਤ ਸਿੰਗਾਪੁਰ ਨੂੰ ਸੰਸਾਰ ਦੇ ਨਕਸ਼ੇ ਉੱਪਰ ਸੰਪੰਨ ਅਤੇ ਮੋਹਰੀ ਦੇਸ਼ਾਂ ਦੀ ਸੂਚੀ ’ਤੇ ਲਿਆ ਖੜ੍ਹਾ ਕੀਤਾ। ਅੱਜ ਸਿੰਗਾਪੁਰ ਨੂੰ ਪੈਸੇਫਿਕ ਮਹਾਸਾਗਰ ਵਿੱਚ ਸਮੁੰਦਰੀ ਵਿਓਪਾਰ ਦਾ ਧੁਰਾ ਕਿਹਾ ਜਾਂਦਾ ਹੈ। ਇਹ ਡਿਊਟੀ ਫਰੀ ਵਿਉਪਾਰਕ ਸੈਂਟਰ, ਸਨਅਤ ਅਤੇ ਆਰਥਿਕ ਪੱਖੋਂ ਆਤਮ ਨਿਰਭਰ, ਵਿੱਦਿਆ ਅਤੇ ਵਿਗਿਆਨਕ ਖੋਜ ਦਾ ਕੇਂਦਰ, ਸ਼ਾਂਤ, ਖੁਸ਼ਹਾਲ, ਸਿਹਤਮੰਦ, ਜੁਰਮ ਰਹਿਤ ਅਤੇ ਸੈਲਾਨੀਆਂ ਦੇ ਸੈਰ ਸਪਾਟੇ ਲਈ ਮਨਭਾਉਂਦਾ ਦੇਸ਼ ਹੈ।
ਦੁਬਈ ਵੀ, ਜੋ ਪਹਿਲਾਂ ਗਰੀਬ, ਪਛੜੇ ਅਤੇ ਅਨਪੜ੍ਹ ਦੇਸ਼ਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਸੀ, ਨੂੰ 1966 ਵਿੱਚ ਸ਼ੇਖ ਰਾਸ਼ਿਦ ਬਿਨ ਸਈਦ ਦੀ ਕਮਾਨ ਮਿਲੀ। ਉਸ ਨੇ ਆਪਣੇ ਦੇਸ਼ ਦਾ ਭਵਿੱਖ ਵੇਖਿਆ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਿਰਫ ਤੇਲ ’ਤੇ ਨਿਰਭਰ ਹੋਣ ਜਾ ਰਿਹਾ ਸੀ। ਉਸਨੇ ਇਹ ਸਮਝ ਲਿਆ ਸੀ ਕਿ ਇਹ ਕੁਦਰਤੀ ਤੇਲ ਦੇ ਸੋਮੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਗੇ। ਜੇ ਫੌਰੀ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਕੁਝ ਦਹਾਕਿਆਂ ਬਾਅਦ ਇਹ ਦੇਸ਼ ਫਿਰ ਤੋਂ ਗਫ਼ਲਤ ਦੇ ਹਨੇਰਿਆਂ ਵਿੱਚ ਡੁੱਬ ਜਾਵੇਗਾ। ਇਸਲਾਮਿਕ ਹੋਣ ਦੇ ਨਾਤੇ, ਦੁਬਈ ਨੂੰ ਉਸ ਦੌਰ ਵਿੱਚ ਆਪਣੇ ਗਵਾਂਢੀ ਦੇਸ਼ਾਂ ਦੀ ਵਿਰੋਧਤਾ ਦਾ ਵੀ ਬਹੁਤ ਸਾਮ੍ਹਣਾ ਕਰਨਾ ਪੈ ਰਿਹਾ ਸੀ। ਪ੍ਰੰਤੂ ਸ਼ੇਖ ਰਾਸ਼ਿਦ ਦੇਸ਼ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਇਆਂ ਵੇਖਣਾ ਚਾਹੁੰਦਾ ਸੀ। ਉਸਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ, ਦੁਬਈ ਨੂੰ ਵਿਉਪਾਰਕ ਹੱਬ ਬਣਾ ਦਿੱਤਾ, ਜਿਸ ਤੋਂ ਬਿਨਾਂ ਅੱਜ ਬਾਹਰ ਦੀ ਦੁਨੀਆਂ ਨਾਲ ਰਾਬਤਾ ਰੱਖਣ ਵਾਲਾ ਹਰ ਕਾਰੋਬਾਰੀ, ਵਿਓਪਾਰੀ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ। ਅੱਜ ਦਾ ਦੁਬਈ ਅਰਬ ਸਾਗਰ ਵਿੱਚ ਸਮੁੰਦਰੀ ਵਿਓਪਾਰ ਮੁਖੀ ਹੋਣ ਦੇ ਨਾਲ ਨਾਲ ਹਵਾਈ ਮਾਰਗ ਦਾ ਵੀ ਪ੍ਰਮੁੱਖ ਕੇਂਦਰ ਬਣ ਚੁੱਕਿਆ ਹੈ। ਦੁਬਈ ਵੀ ਸਿੰਗਾਪੁਰ ਵਾਂਗ ਹੀ ਆਤਮ ਨਿਰਭਰ, ਸਨਅਤੀ ਅਤੇ ਵਿਉਪਾਰਕ ਕੇਂਦਰ ਹੋਣ ਦੇ ਨਾਲ ਨਾਲ ਡਿਊਟੀ ਫਰੀ ਪੋਰਟ, ਖੁਸ਼ਹਾਲ, ਅਨੁਸ਼ਾਸਕ, ਜੁਰਮ ਰਹਿਤ, ਸਜਿਆ ਸੰਵਰਿਆ ਹੋਇਆ ਅੱਜ ਪੂਰੇ ਮਾਣ ਅਤੇ ਸ਼ਾਨੋ-ਸ਼ੋਕਤ ਨਾਲ ਆਪਣੇ ਪੈਰਾਂ ’ਤੇ ਖੜ੍ਹਾ ਹੈ। ਸਿੰਗਾਪੁਰ ਵਾਂਗ ਹੀ ਦੁਬਈ ਵੀ ਸੈਲਾਨੀਆਂ ਦੀ ਖਿੱਚ ਦਾ ਪ੍ਰਮੁੱਖ ਕੇਂਦਰ ਹੈ।
ਸਿਰਫ ਇਹ ਉਪਰੋਕਤ ਦੋ ਦੇਸ਼ ਹੀ ਨਹੀਂ, ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਉਦਾਹਰਣਾਂ ਹਨ, ਜਿੱਥੋਂ ਦੇ ਆਗੂਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੇ ਜਨੂੰਨ ਅਤੇ ਸ਼ਿੱਦਤ ਨਾਲ ਨਿਭਾਇਆ ਅਤੇ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ’ਤੇ ਚਲਦਿਆਂ ਇਹ ਸਭ ਅੱਜ ਦੁਨੀਆ ਦੇ ਖੁਸ਼ਹਾਲ, ਸੰਪੰਨ ਅਤੇ ਆਤਮ ਨਿਰਭਰ ਦੇਸ਼ਾਂ ਦੀ ਮੂਹਰਲੀ ਕਤਾਰ ਵਿੱਚ ਖੜ੍ਹੇ ਹਨ। ਇਸ ਤਰ੍ਹਾਂ ਦੀਆਂ ਉਦਾਹਰਣਾਂ ਪੜ੍ਹ ਕੇ ਸਾਡੇ ਵੀ ਮਨਾਂ ਵਿੱਚ ਇਹ ਵਿਚਾਰ ਆਉਂਦੇ ਹਨ ਕਿ ਕਾਸ਼, ਸਾਨੂੰ ਵੀ ਕੋਈ ‘ਲੀ ਕਵਾਨ’ ਜਾਂ ‘ਸ਼ੇਖ ਰਾਸ਼ਿਦ’ ਮਿਲ ਗਿਆ ਹੁੰਦਾ। ਕਾਸ਼, ਸਾਨੂੰ ਵੀ ਕੋਈ ਅਜਿਹਾ ਆਗੂ ਮਿਲ ਜਾਂਦਾ ਜੋ ਪੂਰੀ ਕੌਮ ਦਾ ਕਾਇਆਕਲਪ ਕਰਦਿਆਂ ਉਸ ਨੂੰ ਸਹੀ ਦਿਸ਼ਾ ਵੱਲ ਲੈ ਜਾਂਦਾ।
ਪਰ ਅਫਸੋਸ, ਸਾਨੂੰ ਜੋ ਸਿਆਸੀ ਆਗੂ ਮਿਲਦੇ ਆਏ ਹਨ, ਉਨ੍ਹਾਂ ਵਿੱਚੋਂ ਬਹੁਤੇ ਚੋਣਾਂ ਤੋਂ ਪਹਿਲਾਂ ਸਾਨੂੰ ਪੂਰੇ ਪਿਆਰ, ਸਤਿਕਾਰ ਅਤੇ ਅਪਣੱਤ ਨਾਲ ਸੁਣਦੇ ਹਨ, ਆਪਣੇ ਵੱਡੇ-ਵੱਡੇ ਟੀਚੇ ਸਾਨੂੰ ਸਮਝਾਉਂਦੇ ਹਨ, ਬੜੇ ਉੱਚੇ ਸੁਪਨੇ ਵਿਖਾਉਂਦੇ ਹਨ। ਪਿੰਡ-ਸ਼ਹਿਰ, ਗਲੀ-ਮੁਹੱਲੇ, ਘਰੋਂ-ਘਰੀਂ ਜਾ ਕੇ ਆਪਣੀ ਪਰਜਾ ਦੀਆਂ ਜ਼ਰੂਰਤਾਂ ਨੂੰ ਸੁਣਦੇ ਹਨ, ਸਮਝਦੇ ਹਨ। ਉਨ੍ਹਾਂ ਨੂੰ ਆਪਣੀ ਸਰਕਾਰ ਬਣਦਿਆਂ ਸਾਰ ਹੀ ਘੰਟਿਆਂ, ਦਿਨਾਂ, ਮਹੀਨਿਆਂ ਵਿੱਚ ਹੀ ਪ੍ਰਮੁੱਖਤਾ ਨਾਲ ਹੱਲ ਕਰਵਾ ਦੇਣ ਦੇ ਵਾਅਦੇ ਕਰਦੇ ਹਨ। ਪ੍ਰੰਤੂ ਸ਼ਾਸਨ ਦੀ ਡੋਰ ਹੱਥ ਆਉਂਦਿਆਂ ਹੀ ਇਹ ਸਾਰੇ ਇਨ੍ਹਾਂ ਨਿਸ਼ਾਨਿਆਂ ਨੂੰ ਦਰ-ਕਿਨਾਰ ਕਰਦੇ ਹੋਏ ਆਪਣੇ ਜ਼ਾਤੀ ਮੁਫਾਦਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਇੱਕ ਗੱਲ ਤਾਂ ਸਾਫ ਸਿੱਧ ਹੁੰਦੀ ਹੈ ਕਿ ਲੀ ਕਵਾਨ ਅਤੇ ਸ਼ੇਖ ਰਾਸ਼ਿਦ ਵਾਂਗ ਇਨ੍ਹਾਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਕੌਮ ਦੀਆਂ ਮੁਸ਼ਕਲਾਂ, ਜ਼ਰੂਰਤਾਂ, ਮੰਗਾਂ ਕੀ ਹਨ ਅਤੇ ਇਸ ਲਈ ਕਿੰਨਾ ਕੁਝ ਨਵਾਂ ਕਰਨ ਦੀ ਜ਼ਰੂਰਤ ਪਵੇਗੀ ਪਰ ਖੁਦ ਦੀਆਂ ਸਰਕਾਰਾਂ ਬਣਦਿਆਂ ਹੀ ਉਨ੍ਹਾਂ ਨੂੰ ਹਰ ਪਾਸੇ ਮਾਲ-ਮਲਾਈਆਂ ਦਿਸਣ ਲੱਗ ਜਾਂਦੀਆਂ ਹਨ। ਨਿਸ਼ਾਨੇ ਬਦਲ ਜਾਂਦੇ ਹਨ। ਬੱਸ ਇੱਥੋਂ ਹੀ ਗਿਰਾਵਟ ਦੇ ਚੱਲ ਰਹੇ ਦੌਰ ਦਾ ਇੱਕ ਹੋਰ ਨਵਾਂ ਅਧਿਆਏ ਸ਼ੁਰੂ ਹੋ ਜਾਂਦਾ ਹੈ। ਵੈਸੇ ਜ਼ਾਤੀ ਮੁਫਾਦਾਂ ਵਾਲੀ ਇਹ ਸੋਚ ਕਿਸੇ ਇੱਕ ਇਕੱਲੇ ਆਗੂ ਦੀ ਨਹੀਂ, ਬਲਕਿ ਬਹੁਸੰਮਤੀ ਹੀ ਇਨ੍ਹਾਂ ਦੀ ਬਣ ਗਈ ਹੈ। ਕੋਈ ਥੋੜ੍ਹਾ, ਕੋਈ ਬਹੁਤਾ, ਅੱਜ ਹਰ ਆਗੂ ਉੱਪਰ ਪੈਰ ਰੱਖਦਿਆਂ ਹੀ ਇਸੇ ਸੋਚ ਦਾ ਧਾਰਨੀ ਬਣ ਜਾਂਦਾ ਹੈ। ਬਾਕੀ ਰਹਿੰਦੀ ਦੁਨੀਆ ਦੇ ਵੀ ਕਈ ਰਾਜਨੀਤਕ ਲੋਕ ਇਸ ਸੋਚ ਵਾਲੇ ਜਾਂ ਇਸ ਤੋਂ ਵੀ ਨਿਚਲੇ ਪੱਧਰ ਵਾਲੇ ਹੋ ਸਕਦੇ ਹਨ। ਬੱਸ, ਉਨ੍ਹਾਂ ਵਿੱਚੋਂ ਕੁਝ ਸਮਾਂ ਪੈਣ ’ਤੇ ਅੜ੍ ਜਾਂਦੇ ਹਨ ਅਤੇ ਆਪਣੀ ਹਨੇਰੇ ਵਿੱਚ ਡੁੱਬੀ ਕੌਮ ਨੂੰ ਬਾਹਰ ਕੱਢ ਲਿਆਉਂਦੇ ਹਨ। ਜਦਕਿ ਬਹੁਤੇ ਸਮੇਂ ਦੇ ਵਹਿਣ ਵਿੱਚ ਹੀ ਰੁੜ੍ਹਦੇ ਚਲੇ ਜਾਂਦੇ ਹਨ।
ਉਹ ਆਗੂ ਜੋ ਸਾਡੀਆਂ ਮੁਸ਼ਕਲਾਂ, ਤਕਲੀਫ਼ਾਂ, ਸਮਾਜ ਵਿੱਚ ਹੋ ਰਹੀਆਂ ਬੇਨਿਯਮੀਆਂ, ਬੇਕਦਰੀਆਂ ਦੀ ਜਾਣਕਾਰੀ ਹਾਸਲ ਕਰਨ ਲਈ ਸਾਨੂੰ ਘਰੋਂ-ਘਰੀਂ ਆ ਕੇ ਮਿਲਦੇ ਹਨ, ਵੱਡੇ ਵੱਡੇ ਇਕੱਠ ਕਰਕੇ ਵਿਖਾਉਂਦੇ ਹਨ, ਸੰਗਤ-ਦਰਸ਼ਨ ਕਰਦਿਆਂ ਸਾਡੀਆਂ ਮੰਗਾਂ ਦੀਆਂ ਸੂਚੀਆਂ ਬਣਾਉਂਦੇ ਹਨ ਅਤੇ ਸਾਨੂੰ ਬੜੇ ਹੀ ਪਿਆਰ-ਦੁਲਾਰ ਨਾਲ ਸੁਣਦੇ ਹਨ, ਦਿਲਾਸਾ ਦੇ ਕੇ ਚਲੇ ਜਾਂਦੇ ਹਨ ਕਿ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਉਹ ਫੌਰੀ ਹੱਲ ਕੱਢਣਗੇ। ਬਹੁਤੇ ਤਾਂ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਹਨ ਜਿਵੇਂ ਉਹ ਕਿਸੇ ਵੱਖਰੀ ਸਭਿਅਤਾ, ਵੱਖਰੇ ਗ੍ਰਹਿ ਦੇ ਵਾਸੀ ਹੋਣ ਅਤੇ ਪਹਿਲੀ ਵਾਰ ਉਨ੍ਹਾਂ ਨੂੰ ਅਜਿਹੀਆਂ ਜਾਣਕਾਰੀਆਂ ਮਿਲ ਰਹੀਆਂ ਹੋਣ। ਇਨ੍ਹਾਂ ਵਿੱਚੋਂ ਬਹੁਤੇ ਤਾਂ ਉਹ ਹੁੰਦੇ ਹਨ ਜੋ ਸਾਡੇ ਵਿੱਚ ਹੀ ਜੰਮੇ-ਪਲੇ, ਇੱਥੋਂ ਦੀ ਮਿੱਟੀ ਵਿੱਚ ਹੀ ਪ੍ਰਵਾਨ ਚੜ੍ਹੇ, ਬਚਪਨ ਤੋਂ ਜਵਾਨੀ ਅਤੇ ਜਵਾਨੀ ਤੋਂ ਸਿਆਸਤ ਕਰਦਿਆਂ ਕਰਦਿਆਂ ਬੁਢੇਪੇ ਦੀ ਅਵਸਥਾ ਵਿੱਚ ਆ ਗਏ। ਇੰਨਾ ਹੀ ਨਹੀਂ, ਅਨੇਕਾਂ ਵਾਰ ਇੱਥੋਂ ਦੇ ਲੋਕਾਂ ਦੁਆਰਾ ਹੀ ਚੁਣੇ ਗਏ ਅਤੇ ਅਨੇਕਾਂ ਵਾਰ ਰਾਜ ਵੀ ਕਰ ਗਏ। ਪਰ ਉਹ ਫਿਰ ਵੀ ਜਨਤਾ ਦੀਆਂ ਮੁਸ਼ਕਲਾਂ, ਜ਼ਰੂਰਤਾਂ ਤੋਂ ਆਪਣੇ ਆਪ ਨੂੰ ਬੇਖ਼ਬਰ ਜ਼ਾਹਰ ਕਰਦੇ ਹਨ।
ਇਨ੍ਹਾਂ ਵਿੱਚ ਕਈ ਆਗੂ ਉਹ ਵੀ ਹੁੰਦੇ ਹਨ ਜੋ ਆਪ ਇਕੱਲੇ ਹੀ ਨਹੀਂ ਬਲਕਿ ਉਨ੍ਹਾਂ ਦੇ ਪੁੱਤ-ਭਤੀਜੇ, ਨੂੰਹਾਂ-ਧੀਆਂ, ਸਾਕ-ਸੰਬੰਧੀ, ਅਗਲੇ-ਪਿਛਲੇ, ਸਾਰੇ ਸਾਲਾਂ ਬੱਧੀ ਸਿਆਸਤ ਨਾਲ ਜੁੜੇ ਰਹਿਣ ਦੇ ਬਾਵਯੂਦ ਇਨ੍ਹਾਂ ਗੱਲਾਂ ਤੋਂ ਆਪਣੇ ਆਪ ਨੂੰ ਬੇਖਬਰ ਜ਼ਾਹਰ ਕਰਦੇ ਹਨ ਕਿ ਜਿਉਂਦਿਆਂ ਰਹਿਣ ਲਈ ਉਨ੍ਹਾਂ ਦੇ ਲੋਕਾਂ ਦੀਆਂ ਮੁਢਲੀਆਂ ਲੋੜਾਂ, ਮੁਸ਼ਕਲਾਂ ਅਤੇ ਰੁਕਾਵਟਾਂ ਕੀ ਹਨ। ਉਨ੍ਹਾਂ ਦੇ ਰਾਜ ਨਾਲ ਸੰਬੰਧਤ ਪਿੰਡਾਂ, ਸ਼ਹਿਰਾਂ, ਕਸਬਿਆਂ ਆਦਿ ਵਿੱਚ ਸਰਕਾਰੀ ਅਦਾਰਿਆਂ ਦੀ ਹਾਲਤ ਕਿਸ ਪੱਧਰ ’ਤੇ ਹੈ। ਉਹ ਇਸ ਤੋਂ ਬਿਲਕੁਲ ਅਨਜਾਣ ਬਣਕੇ ਸਾਡੇ ਕੋਲ ਆਉਂਦੇ ਹਨ। ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਰਾਜ ਦੇ ਵਿੱਦਿਅਕ ਅਦਾਰਿਆਂ ਦੀ ਮੌਜੂਦਾ ਸਥਿਤੀ ਕੀ ਹੈ, ਉਨ੍ਹਾਂ ਕੋਲ ਕੀ ਯੋਗ ਸਾਧਨ ਹਨ, ਕਿਹੜੇ ਕਿਹੜੇ ਥਾਵਾਂ ’ਤੇ ਹੋਰ ਨਵੇਂ ਸਕੂਲ, ਕਾਲਜ ਖੋਲ੍ਹਣ ਦੀ ਲੋੜ ਹੈ ਜਿਸ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਬਾਕੀ ਦੁਨੀਆਂ ਦੇ ਹਾਣੀ ਬਣ ਸਕਣ। ਅਨੇਕਾਂ ਵਾਰ ਸਰਕਾਰਾਂ ਬਣਾ ਕੇ ਰਾਜ ਕਰ ਲੈਣ ਦੇ ਬਾਵਜੂਦ ਇਨ੍ਹਾਂ ਨੂੰ ਬਿਲਕੁਲ ਇਲਮ ਨਹੀਂ ਹੁੰਦਾ ਕਿ ਉਨ੍ਹਾਂ ਦੀ ਜਨਤਾ ਦੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਦੀ ਸਿਹਤ ਅਤੇ ਅਰੋਗਤਾ ਵਾਸਤੇ ਸਰਕਾਰੀ ਹਸਪਤਾਲ, ਸਿਹਤ ਸੰਸਥਾਵਾਂ ਲਈ ਕਿਹੜੇ ਸਟਾਫ, ਸਾਧਨ ਅਤੇ ਹੋਰ ਵਸੀਲਿਆਂ ਦੀ ਜ਼ਰੂਰਤ ਹੈ। ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਹਨ ਅਤੇ ਉਨ੍ਹਾਂ ਲਈ ਹੋਰ ਕਿਹੜੇ ਕਿਹੜੇ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਕਿ ਤੇਜ਼ੀ ਨਾਲ ਬਦਲ ਰਹੇ ਯੁਗ ਅੰਦਰ ਮਿਆਰੀ ਅਤੇ ਯੋਗ ਅਦਾਰਿਆਂ ਲਈ ਕਿਹੜੇ ਹੋਰ ਨਵੇਂ ਸਰੋਤ ਲੋੜੀਂਦੇ ਹਨ। ਇਨ੍ਹਾਂ ਲਈ ਕਿੰਨੇ ਹੋਰ ਕਰਮਚਾਰੀ ਅਤੇ ਸਾਧਨ ਚਾਹੀਦੇ ਹਨ। ਕਿੱਥੇ ਅਤੇ ਕਿਸ ਵਿਸ਼ੇ ਲਈ ਨਵੇਂ ਖੋਜ ਕੇਂਦਰਾਂ ਦੀ ਜ਼ਰੂਰਤ ਹੈ। ਬਲਕਿ ਉਹ ਤਾਂ ਹਮੇਸ਼ਾ ਸਾਨੂੰ ਇਹ ਹੱਲਾਸ਼ੇਰੀ ਦੇ ਕੇ ਚਲੇ ਜਾਂਦੇ ਹਨ ਕਿ ਤੁਹਾਡੇ ਤੋਂ ਸੱਭਿਅਤ, ਦਾਨੀ, ਬਲਵਾਨ ਅਤੇ ਅਮੀਰ ਸੰਸਕ੍ਰਿਤੀ ਵਾਲੀ ਕੋਈ ਦੂਜੀ ਕੌਮ ਅਜੇ ਇਸ ਧਰਤੀ ’ਤੇ ਪੈਦਾ ਹੀ ਨਹੀਂ ਹੋਈ। ਬੜੇ ਹੀ ਪਿਆਰ ਨਾਲ ਸਮਝਾ ਦਿੰਦੇ ਹਨ ਕਿ ਸਾਡੇ ਜੰਤਰ-ਮੰਤਰ, ਪਾਠ-ਪੂਜਾ, ਲੰਗਰ-ਛਬੀਲਾਂ, ਪੀਰ-ਬਾਬੇ, ਝਾੜ-ਫੂਕ, ਹਵਨ-ਯੱਗ, ਵੇਦ-ਸ਼ਸਤਰ, ਸਾਧਾਂ-ਬਾਬਿਆਂ ਦੇ ਡੇਰੇ ਅਤੇ ਤੇਤੀ ਕਰੋੜ ਦੇਵਤਿਆਂ ਦੀ ਫੌਜ ਦੇ ਰਹਿੰਦਿਆਂ ਦੁਨੀਆਂ ਵਿੱਚ ਸਾਡੀ ਲਿਆਕਤ ਅਤੇ ਕਾਬਲੀਅਤ ਦਾ ਕਿਧਰੇ ਕੋਈ ਦੂਜਾ ਸਾਨੀ ਅਜੇ ਤਕ ਪੈਦਾ ਹੀ ਨਹੀਂ ਹੋਇਆ ਹੈ। ਕਈ ਆਗੂ ਤਾਂ ਐਵੇਂ ਸੱਜੇ-ਖੱਬੇ ਦੇ ਮੁੱਦੇ, ਜਿਵੇਂ ਅਵਾਰਾ ਕੁੱਤੇ, ਵੱਛੀਆਂ, ਗਾਵਾਂ-ਮੱਝਾਂ ਵਰਗੇ ਸ਼ੋਸ਼ਿਆਂ ਸਿਰ ਹੀ ਕਈ-ਕਈ ਦਹਾਕਿਆਂ ਤੋਂ ਟਿਕੇ ਬੈਠੇ ਹਨ। ਜਦਕਿ ਹਕੀਕਤ ਵਿੱਚ ਇਨ੍ਹਾਂ ਦਾ ਵਾਹ ਵਾਸਤਾ ਨਾ ਇਨ੍ਹਾਂ ਅਵਾਰਾ, ਬੇਜ਼ੁਬਾਨ, ਜਾਨਵਰਾਂ-ਪਸ਼ੂਆਂ ਦੀ ਜੂਨ ਸੁਧਾਰਨ ਨਾਲ ਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਦੇ ਸ਼ਿਕਾਰ ਹੋ ਰਹੇ ਆਮ ਜਨ ਸਧਾਰਨ ਨਾਲ।
ਲੋਕਰਾਜ ਦੀ ਸਹੀ ਅਤੇ ਸੱਚੀ ਪਰਿਭਾਸ਼ਾ ਤਾਂ ਇਹ ਦੱਸਦੀ ਹੈ ਕਿ ਇਸਦੇ ਰਾਜਨੇਤਾ, ਸੰਸਦ ਜਾਂ ਵਿਧਾਇਕ ਆਦਿ ਸਭ ਜਨਤਾ ਦੇ ਨੁਮਾਇੰਦੇ ਹੁੰਦੇ ਹਨ। ਸਮਾਜ-ਸੇਵਾ ਦੀ ਭਾਵਨਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਵਿਧਾਨਕ ਤੌਰ ’ਤੇ ਸੌਂਹ ਚੁੱਕ ਕੇ ਕਬੂਲ ਕਰਦੇ ਹਨ ਨਾ ਕਿ ਦਰਬਾਰ ਲਗਾ ਕੇ ਰਾਜੇ ਮਹਾਰਾਜਿਆਂ ਵਾਂਗ ਪਰਜਾ ਦੀਆਂ ਦੁੱਖ ਤਕਲੀਫ਼ਾਂ ਸੁਣਦੇ ਹੋਏ ਮਨ ਮਰਜ਼ੀ ਅਨੁਸਾਰ ਆਪਣੇ ਆਦੇਸ਼ਾਂ ਨੂੰ ਸੰਬੰਧਤ ਵਿਭਾਗਾਂ ’ਤੇ ਥੋਪਦੇ ਹੋਏ ਆਪਣੀ ਪੈਂਠ ਤਾਂ ਬਣਾਉਂਦੇ ਹਨ ਪ੍ਰੰਤੂ ਕਿਸੇ ਕਾਨੂੰਨੀ ਹੱਲ ਅਤੇ ਇਨ੍ਹਾਂ ਸਮਾਜਕ ਕੁਰੀਤੀਆਂ ਦੀ ਜੜ੍ਹ ਤਕ ਪਹੁੰਚਣ ਦੀ ਕਦੇ ਕੋਸ਼ਿਸ਼ ਨਹੀਂ ਕਰਦੇ। ਇਹ ਇੱਕ ਕੌੜੀ ਸਚਾਈ ਹੈ ਕਿ ਜਨ ਸਧਾਰਨ ਵੀ ਆਪਣੇ ਜ਼ਾਤੀ ਫਾਇਦੇ ਅਤੇ ਸਿਰਫ ਆਪਣੀ ‘ਅੱਜ’ ਤੋਂ ਅੱਗੇ ਕੁਝ ਵੀ ਸੋਚਣ ਲਈ ਤਿਆਰ ਨਹੀਂ। ਇਹ ਵੀ ਸਚਾਈ ਹੈ ਕਿ ਸਾਡੇ ਆਗੂਆਂ, ਨੇਤਾਵਾਂ, ਰਹਿਬਰਾਂ ਨੂੰ ਸਾਡੀ ਇਸ ਫਿਤਰਤ ਦਾ ਸਾਡੇ ਤੋਂ ਵੀ ਜ਼ਿਆਦਾ ਗਿਆਨ ਹੁੰਦਾ ਹੈ। ਉਹ ਸਾਡੇ ਘਰ ਆਉਣ ਤੋਂ ਪਹਿਲਾਂ ਹੀ ਜਾਣ ਜਾਂਦੇ ਹਨ ਕਿ ਇਨ੍ਹਾਂ ਦੀ ਸੋਚ ਗਲੀਆਂ, ਨਾਲੀਆਂ, ਮੁਫ਼ਤ ਦੇ ਕਣਕ-ਚੌਲ, ਸਸਤੇ ਨਸ਼ੇ, ਟੀਵੀ, ਸਾਈਕਲ, ਨਵੇਂ-ਨਵੇਂ ਨਾਅਰੇ, ਰੈਲੀਆਂ ਵਿੱਚ ਵੱਡੇ-ਵੱਡੇ ਵਾਅਦੇ, ਸਿਫਾਰਸ਼ਾਂ ਤੋਂ ਅੱਗੇ ਜਾ ਹੀ ਨਹੀਂ ਸਕਦੀ। ਕਿਸੇ ਨੂੰ ਨਵੇਂ ਤੋਂ ਨਵੇਂ ਮਲਾਈਦਾਰ ਅਹੁਦਿਆਂ ਦਾ ਲਾਲਚ, ਕਿਸੇ ਨੂੰ ਡਰ, ਕਿਸੇ ਨੂੰ ਛਲਾਵਾ। ਜੇ ਗੱਲ ਫਿਰ ਵੀ ਹੱਥੋਂ ਨਿਕਲਦੀ ਜਾਪੇ ਤਾਂ ਧਰਮ ਦੇ ਠੇਕੇਦਾਰਾਂ ਨੂੰ ਵਿਚਾਲੇ ਖੜ੍ਹਾ ਕਰ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਨਾ ਕੋਈ ਅੱਗੋਂ ਸਵਾਲ ਕਰ ਸਕਦਾ ਹੈ ਅਤੇ ਨਾ ਹੀ ਕਿੰਤੂ-ਪ੍ਰੰਤੂ।
ਸਿਤਮ ਇਹ ਵੀ ਹੈ ਬਹੁ ਗਿਣਤੀ ਉਨ੍ਹਾਂ ਆਗੂਆਂ ਦੀ ਬਣਦੀ ਜਾ ਰਹੀ ਹੈ ਜਿਨ੍ਹਾਂ ਦਾ ਪ੍ਰਸ਼ਾਸਨ ਅਤੇ ਅਨੁਸ਼ਾਸਨ ਜਿਹੇ ਵਿਸ਼ੇ ਨਾਲ ਕੋਈ ਵਾਹ-ਵਾਸਤਾ ਹੀ ਨਹੀਂ ਹੈ। ਉਨ੍ਹਾਂ ਨੂੰ ਕੋਈ ਵਾਸਤਾ ਨਹੀਂ ਕਿ ਕਿਸ ਵਿਭਾਗ ਲਈ, ਕਿਸ ਯੋਗਤਾ ਅਤੇ ਨਿਪੁੰਨਤਾ ਦੀ ਕੀ ਸੀਮਾ ਹੈ। ਉਹ ਜਦੋਂ ਚਾਹੁਣ ਕਿਸੇ ਵੀ ਸਿਫਾਰਸ਼ੀ, ਜਾਣਕਾਰ, ਵਫ਼ਾਦਾਰ ਨੂੰ ਕਿਸੇ ਵੀ ਵਿਭਾਗ ਵਿੱਚ ਫਿੱਟ ਕਰ ਸਕਦੇ ਹਨ ਅਤੇ ਫਿਰ ਜ਼ਿੰਦਗੀ ਭਰ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਮੁਤਾਬਿਕ ਕੰਮ ਕਰਵਾ (ਕਢਵਾ) ਸਕਦੇ ਹਨ। ਉਨ੍ਹਾਂ ਦਾ ਲਗਾਇਆ ਜੇ ਕੋਈ ਅਧਿਕਾਰੀ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਚੱਲੇ ਤਾਂ ਉਸਦੀ ਫੌਰਨ ਬਦਲੀ, ਮੁਅੱਤਲੀ ਦੇ ਆਰਡਰ ਕਰਨ ਦੀ ਉਹ ਪੂਰੀ ਤਾਕਤ ਵੀ ਰੱਖਦੇ ਹਨ, ਉਹ ਵੀ ਬਿਨਾਂ ਉਸਦੇ ਸੰਬੰਧਤ ਵਿਭਾਗ ਜਾਂ ਅਧਿਕਾਰੀ ਨਾਲ ਸਲਾਹ ਮਸ਼ਵਰਾ ਕੀਤਿਆਂ। ਉਨ੍ਹਾਂ ਦਾ ਕਾਨੂੰਨੀ ਪ੍ਰਕਿਰਿਆ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਕੋਈ ਅਧਿਕਾਰੀ ਕਿਸੇ ਮੁਜਰਮ, ਕਾਤਲ, ਬਲਾਤਕਾਰੀ, ਸਮਗਲਰ, ਗੈਂਗ ਲੀਡਰ ਖਿਲਾਫ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਰਿਪੋਰਟ ਨਹੀਂ ਲਿਖ ਸਕਦਾ ਜਾਂ ਅਦਾਲਤਾਂ ਫੈਸਲੇ ਨਹੀਂ ਦੇ ਸਕਦੀਆਂ। ਕਾਨੂੰਨ ਅਤੇ ਸਮਾਜ ਵਿਰੋਧੀ ਅਨਸਰ, ਬਲੈਕੀਏ, ਮਿਲਾਵਟਖੋਰ, ਮਾਫੀਏ ਆਦਿ ਨੂੰ ਓਨੀ ਦੇਰ ਕੋਈ ਕਾਨੂੰਨ ਜਾਂ ਸੰਸਥਾ ਹੱਥ ਨਹੀਂ ਪਾ ਸਕਦੀ ਜਿੰਨੀ ਦੇਰ ਇਹ ਉਨ੍ਹਾਂ ਨਾਲ ਮਿਲਜੁਲ ਕੇ ਧੰਦਾ ਕਰਦੇ ਰਹਿੰਦੇ ਹਨ। ਸਿਰਫ ਇੰਨਾ ਹੀ ਨਹੀਂ, ਇਹ ਆਗੂ ਸਮਾਜ ਵਿਰੋਧੀ ਇਨ੍ਹਾਂ ਸਾਰੇ ਤੱਤਾਂ ਨੂੰ ਨੱਥ ਪਾਉਣ ਦੀ ਬਜਾਇ ਇਨ੍ਹਾਂ ਵਿੱਚੋਂ ਚਹੇਤਿਆਂ ਨੂੰ ਆਪਣੀ ਸਰਕਾਰ ਵੱਲੋਂ ਕੋਟੇ-ਪਰਮਟ, ਠੇਕੇਦਾਰੀਆਂ, ਹਿੱਸੇਦਾਰੀਆਂ, ਚੇਅਰਮੈਨੀਆਂ ਵਰਗੀਆਂ ਵੱਡੀਆਂ ਵੱਡੀਆਂ ਪਦਵੀਆਂ ਨਾਲ ਵੀ ਨਿਵਾਜਦੇ ਰਹਿੰਦੇ ਹਨ।
ਅਜੋਕੇ ਦੌਰ ਅੰਦਰ, ਮੰਤਰੀਆਂ, ਵਿਧਾਇਕਾਂ, ਕੌਂਸਲਰਾਂ, ਸਰਕਾਰੀ ਨੁਮਾਇੰਦਿਆਂ ਆਦਿ ਦੀਆਂ ਗਿਣਤੀਆਂ ਦਿਨੋ ਦਿਨ ਵਧ ਰਹੀਆਂ ਹਨ ਅਤੇ ਸਰਕਾਰੀ ਅਦਾਰਿਆਂ ਵਿੱਚ ਸਟਾਫ ਦੀਆਂ ਭਰਤੀਆਂ ਅੱਵਲ ਤਾਂ ਹੋ ਹੀ ਨਹੀਂ ਰਹੀਆਂ, ਪਰ ਜਿੱਧਰੇ ਹੋ ਰਹੀਆਂ ਹਨ ਉਹ ਜਾਂ ਤਾਂ ਸਿਫਾਰਸ਼ੀ ਅਸਾਮੀਆਂ ਹਨ ਜਿਨ੍ਹਾਂ ਦੀ ਕਾਬਲੀਅਤ ਨਹੀਂ ਵੇਖੀ ਜਾਂਦੀ, ਜਾਂ ਫਿਰ ਠੇਕਿਆਂ ਤੇ ਕੱਚੀਆਂ ਭਰਤੀਆਂ ਕੀਤੀਆਂ ਜਾਂਦੀਆਂ ਹਨ ਜੋ ਸਿਰਫ ਕੰਮ ਚਲਾਊ ਅਤੇ ਢੰਗ ਟਪਾਊ ਹੁੰਦੀਆਂ ਹਨ। ਇਨ੍ਹਾਂ ਵਿਚਾਰਿਆਂ ਨੂੰ ਨਾ ਤਾਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਕੋਈ ਅਹਿਸਾਸ ਅਤੇ ਮੋਹ ਜਾਗਦਾ ਹੈ ਅਤੇ ਨਾ ਹੀ ਉਹ ਆਪਂਣੇ ਵਿਭਾਗਾਂ ਨਾਲ ਕੋਈ ਆਪਣਾ ਤਜਰਬਾ ਜੋੜ ਸਕਦੇ ਹਨ। ਉਨ੍ਹਾਂ ਨੂੰ ਨਾ ਹੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਕੋਈ ਵਾਜਬ ਮਿਹਨਤਾਨਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਉੱਥੇ ਆਪਣਾ ਕੋਈ ਸੁਰੱਖਿਅਤ ਭਵਿੱਖ ਨਜ਼ਰ ਆਉਂਦਾ ਹੈ। ਬੇਸ਼ਕ ਇਹ ਅਸਾਮੀਆਂ ਵਿੱਦਿਅਕ ਅਦਾਰਿਆਂ ਨਾਲ ਸੰਬੰਧਤ ਹੋਣ ਜਾਂ ਸਿਹਤ ਸੰਸਥਾਵਾਂ ਨਾਲ, ਬਿਜਲੀ ਵਿਭਾਗ, ਚਾਹੇ ਟੈਲੀਫੋਨ, ਸਨਅਤੀ ਵਿਭਾਗ, ਚਾਹੇ ਰੋਜ਼ਗਾਰ ਦਫਤਰ, ਸਫਾਈ ਕਰਮਚਾਰੀ ਹੋਣ ਚਾਹੇ ਲੋਕ ਨਿਰਮਾਣ, ਸੁਰੱਖਿਆ ਨਾਲ ਸੰਬੰਧਤ ਵਿਭਾਗ ਜਾਂ ਕਾਨੂੰਨੀ ਅਦਾਰੇ। ਇਹ ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਅਣਗਿਣਤ ਸੰਸਥਾਵਾਂ ਹਨ ਜਿੱਥੇ ਅੱਜ ਕੁਝ ਵੀ ਇਨ੍ਹਾਂ ਦੇ ਮਿਆਰ ਅਤੇ ਯੋਗਤਾ ਦੇ ਅਧਾਰ ’ਤੇ ਨਹੀਂ ਹੋਣ ਦਿੱਤਾ ਜਾ ਰਿਹਾ।
ਅਜਿਹਾ ਨਹੀਂ ਹੈ ਕਿ ਅਸੀਂ ਸਭ ਇਸ ਵਰਤਾਰੇ ਤੋਂ ਅਣਜਾਣ ਹਾਂ, ਜਾਂ ਸਾਨੂੰ ਕੋਈ ਪਹਿਲਾਂ ਆਗਾਹ ਨਹੀਂ ਕਰਦਾ। ਅਜਿਹਾ ਵੀ ਨਹੀਂ ਕਿ ਅਸੀਂ ਉਸ ਸ਼ਖਸ ਦੇ ਪਿਛੋਕੜ ਤੋਂ ਨਾਵਾਕਫ ਹਾਂ ਜਿਸਦਾ ਸਾਮ੍ਹਣਾ ਅਸੀਂ ਸਾਰੀ ਜ਼ਿੰਦਗੀ ਕਰਦੇ ਚਲੇ ਜਾਂਦੇ ਹਾਂ। ਬੱਸ, ਸਾਡੀ ‘ਚੱਲ ਹੋਊ’, ‘ਆਪਾਂ ਕੀ ਲੈਣਾ’ ਜਾਂ ‘ਆਪਾਂ ਹੋਰ ਕਰ ਵੀ ਕੀ ਸਕਦੇ ਹਾਂ’ ਵਾਲੀ ਆਦਤ ਸਾਨੂੰ ਹਰ ਵਾਰ ਰਸਤੇ ਤੋਂ ਭਟਕਾਉਂਦੀ ਹੋਈ ਹੋਰ ਦੂਰ ਲੈ ਜਾਂਦੀ ਹੈ। ਦੂਜੇ, ਜੇ ਕੋਈ ਸਮੇਂ ਦਾ ਸਮਝਾਇਆ ਅਤੇ ਦੋ ਚਾਰ ਸਵਾਲ ਕਰਨ ਦੀ ਹਿੰਮਤ ਜੁਟਾ ਲੈਣ ਵਾਲਾ, ਕਦੇ ਸਾਡੇ ਵਿੱਚ ਆ ਵੀ ਖਲੋਂਦਾ ਹੈ ਤਾਂ ਉਸਦਾ ਬਹੁਤੀ ਦੇਰ ਟਿਕਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸਾਡੇ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਵਿੱਚ ਬਹੁਗਿਣਤੀ ਅਜਿਹੇ ਲੋਕਾਂ ਦੀ ਬਣ ਚੁੱਕੀ ਹੈ ਜੋ ਨੁਕਤਾਚੀਨੀ ਨੂੰ ਦੇਸ਼ ਧ੍ਰੋਹ ਅਤੇ ਗੱਦਾਰੀ ਦਾ ਨਾਮ ਦੇ ਕੇ ਅਜਿਹੀ ਸੋਚ ਨੂੰ ਕਿਸੇ ਹਨੇਰੇ ਕੋਨੇ ਵਿੱਚ ਡੱਕ ਦੇਣ ਦਾ ਹੁਨਰ ਬਾਖੂਬੀ ਜਾਣਦੇ ਹਨ।
ਕਿਸੇ ਵੀ ਸਮਾਜ, ਦੇਸ਼-ਕੌਮ ਦੇ ਲੋਕ ਆਪਣੇ ਧਾਰਮਕ ਅਤੇ ਸਿਆਸੀ ਰਹਿਬਰਾਂ, ਆਗੂਆਂ, ਲੀਡਰਾਂ ਉੱਪਰ ਸਿਰਫ ਵਿਸ਼ਵਾਸ ਹੀ ਕਰ ਸਕਦੇ ਹਨ ਅਤੇ ਅੱਜ ਤਕ ਕਰਦੇ ਵੀ ਆਏ ਹਨ। ਲੋਕ ਇਹ ਵਿਸ਼ਵਾਸ ਆਪਣੇ ਅਤੇ ਆਪਣੀ ਕੌਮ ਅਤੇ ਸਮਾਜ ਦੇ ਬਿਹਤਰ ਭਵਿੱਖ ਲਈ ਕਰਦੇ ਹਨ। ਇਸ ਤੋਂ ਬਾਅਦ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਰਹਿਬਰਾਂ ਅਤੇ ਆਗੂਆਂ ਦੀ ਰਹਿ ਜਾਂਦੀ ਹੈ ਕਿ ਉਹ ਇਸ ਵਿਸ਼ਵਾਸ ਦੀ ਕੀ ਦੇਣ ਆਪਣੇ ਲੋਕਾਂ ਨੂੰ ਦਿੰਦੇ ਹਨ। ਇਨ੍ਹਾਂ ਵਿੱਚੋਂ ਹੀ ਕਈ ਕੌਮਾਂ ਦੇ ਆਗੂ ਉਹ ਹੁੰਦੇ ਹਨ ਜੋ ਆਪਣੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਆਪਣੇ ਲੋਕਾਂ ਦੀਆਂ ਜ਼ਰੂਰਤਾਂ, ਤਕਲੀਫ਼ਾਂ ਅਤੇ ਮਜਬੂਰੀਆਂ ਨੂੰ ਉਨ੍ਹਾਂ ਤੋਂ ਵੱਧ ਜਾਣਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰ ਲੈਣ ਦੀ ਧਾਰ ਕੇ ਨਿਕਲ ਪੈਂਦੇ ਹਨ। ਬੱਸ ਇਹੀ ਹੈ ਹਰ ਸਮਾਜ ਦੀ ਉਹ ਤਸਵੀਰ ਜਿੱਥੋਂ ਕੋਈ ਸ਼ੁੱਧ ਸ਼ੁਰੂਆਤ ਹੁੰਦੀ ਹੈ। ਕਿਉਂਕਿ ਪਹਿਲਾਂ ਇੱਕ ਆਗੂ ਅਤੇ ਫਿਰ ਉਸਦਾ ਸਮਾਜ ਹੀ ਉਹ ਦੋ ਧਿਰਾਂ ਹੁੰਦੀਆਂ ਹਨ ਜਿਸਦਾ ਨਿਸ਼ਾਨਾ ਇੱਕ ਹੋਣ ’ਤੇ ਹੀ ਅੱਛੇ ਬਦਲਾਵ ਦੀ ਸ਼ੁਰੂਆਤ ਹੁੰਦੀ ਹੈ।
ਕਿਉਂਕਿ ਲੋਕ ਤਾਂ ਇਨ੍ਹਾਂ ’ਤੇ ਵਿਸ਼ਵਾਸ ਕਰਦੇ ਹੋਏ ਇੱਕ ਬਿਹਤਰ ਅਤੇ ਨਵੇਂ ਭਵਿੱਖ ਦੀ ਆਸ ਨਾਲ ਆਪਣਾ ਫਰਜ਼ ਨਿਭਾ ਕੇ ਹਮੇਸ਼ਾ ਵਾਂਗ ਆਪਣੀਆਂ ਰੋਜ਼ਮੱਰਾ ਦੀਆਂ ਪਰਿਵਾਰਕ ਅਤੇ ਸਮਾਜਕ ਰੁਝੇਵਿਆਂ ਵਿੱਚ ਜੁਟ ਜਾਂਦੇ ਹਨ। ਪ੍ਰੰਤੂ ਇਸ ਤੋਂ ਅੱਗੇ ਤਾਂ ਸਾਰੀ ਜ਼ਿੰਮੇਵਾਰੀ ਉਸ ਆਗੂ ਦੀ ਬਣ ਜਾਂਦੀ ਹੈ ਕਿ ਉਹ ਲੋਕਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਨਾਲ ਕੀਤੇ ਵਾਅਦਿਆਂ ’ਤੇ ਕਿਵੇਂ ਖਰਾ ਉੱਤਰਦਾ ਹੈ, ਉਨ੍ਹਾਂ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਂਦਾ ਹੈ।
ਇਨ੍ਹਾਂ ਦੋਨਾਂ ਉਪਰੋਕਤ ਦੇਸ਼ਾਂ ਦੀਆਂ ਉਦਾਹਰਣਾਂ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਲਗਨ ਅਤੇ ਦ੍ਰਿੜ੍ਹਤਾ ਦੀਆਂ ਲੀਹਾਂ ’ਤੇ ਚਲਦਿਆਂ, ਸ਼ਾਸਨ, ਪ੍ਰਸ਼ਾਸਨ ਅਤੇ ਉਨ੍ਹਾਂ ਨਾਲ ਜੁੜੇ ਆਮ ਲੋਕ ਸਾਰੇ ਦੇ ਸਾਰੇ ਹੀ ਸੁਖ-ਸ਼ਾਂਤੀ ਭੋਗਦੇ ਹਨ। ਲੋਕਾਂ ਦੇ ਵਿਸ਼ਵਾਸ ਅਤੇ ਉਮੀਦਾਂ ਨਾਲ ਚੁਣੇ ਹੋਏ ਇਨ੍ਹਾਂ ਆਗੂਆਂ ਵੱਲੋਂ ਜਿਸ ਤਰ੍ਹਾਂ ਦਾ ਸਮਾਜ ਉਸਾਰਿਆ ਜਾਂਦਾ ਹੈ, ਉਹ ਸਿਰਫ ਉਨ੍ਹਾਂ ਲੋਕਾਂ ਦਾ ਹੀ ਨਹੀਂ ਬਲਕਿ ਉਸ ਚੁਣੇ ਹੋਏ ਆਗੂ ਦਾ ਵੀ ਉੰਨਾ ਹੀ ਹੁੰਦਾ ਹੈ, ਜੋ ਇਸਦੀ ਅਗਵਾਈ ਕਰਦਾ ਹੈ।
ਇਸਦੇ ਉਲਟ ਆਪਣੇ ਜ਼ਾਤੀ ਮੁਫਾਦਾਂ ਦੇ ਚੱਕਰਵਿਉ ਵਿੱਚ ਫਸੇ ਰਾਜਸੀ ਟੋਲੇ, ਬੇਸ਼ਕ ਉੱਪਰੋਂ ਵੇਖਣ ਨੂੰ ਐਸ਼ ਕਰਦੇ ਹੋਏ ਦਿਨਾਂ ਵਿੱਚ ਹੀ ਧਨ-ਕੁਬੇਰ ਬਣ ਜਾਂਦੇ ਹਨ, ਸਰਕਾਰੀ ਫੰਡਾਂ ਨੂੰ ਦੋਨੋ ਹੱਥੀਂ ਆਪ ਵੀ ਲੁੱਟਦੇ ਹਨ ਅਤੇ ਆਪਣੇ ਚਹੇਤਿਆਂ ਨੂੰ ਵੀ ਲੁਟਾਉਂਦੇ ਹਨ। ਪ੍ਰੰਤੂ ਇਨ੍ਹਾਂ ਦੀ ਅਸਲ ਜ਼ਿੰਦਗੀ ਅਸਮਾਨ ਵਿੱਚ ਉੱਡ ਰਹੇ ਪਤੰਗਾਂ ਵਰਗੀ ਹੁੰਦੀ ਹੈ ਜਿਨ੍ਹਾਂ ਨੂੰ ਇੱਕ ਪਾਸੇ ਇਹ ਚਿੰਤਾ ਸਤਾਉਂਦੀ ਹੈ ਕਿ ਪਤਾ ਨਹੀਂ ਕਦੋਂ, ਕੌਣ ਕੱਟ ਕੇ ਥੱਲੇ ਸੁੱਟ ਦੇਵੇ ਤੇ ਦੂਜੇ ਇਹ ਵੀ ਪਤਾ ਨਹੀਂ ਹੁੰਦਾ ਕਿ ਜੇ ਕਿਧਰੇ ਕਿਸੇ ਨਾਲ ਪੇਚ ਫਸ ਗਿਆ ਤਾਂ ਪਤਾ ਨਹੀਂ ਡੋਰ ਖਿੱਚਣ ਵਾਲਾ ਮੈਨੂੰ ਬਚਾਉਣ ਦੀ ਕਿੰਨੀ ਕੁ ਮੁਹਾਰਤ ਰੱਖਦਾ ਹੈ। ਪ੍ਰੰਤੂ ਇਨ੍ਹਾਂ ਵਿੱਚੋਂ ਹੀ ਕੁਝ ਭਲੇ ਰਾਜਨੀਤਕ ਲੋਕ ਵੀ ਹੁੰਦੇ ਹਨ ਜੋ ਲੋਕ-ਸ਼ਕਤੀ ਦੇ ਏਕੇ ਨਾਲ ਆਪਣਾ ਏਕਾ ਮਿਲਾ ਕੇ ਆਪਣੀ ਕੌਮ ਨੂੰ ਗਿਆਰਾਂ ਕਰ ਲੈਂਦੇ ਹਨ। ਇਹੀ ਇਤਿਹਾਸਕ ਸੱਚਾਈਆਂ ਹਨ ਕਿ ਕੌਮ ਨੂੰ ਨਾਲ ਲੈ ਕੇ ਚੱਲਣ ਵਾਲੇ ਆਗੂ ਹੀ ਆਪਣੇ ਆਪ ਨੂੰ ਕਿਸੇ ਉੱਪਰਲੇ ਮੁਕਾਮ ’ਤੇ ਸਥਾਪਤ ਕਰ ਸਕੇ ਹਨ ਨਹੀਂ ਤਾਂ ਉੱਚੇ ਚੜ੍ਹ ਕੇ ਜਿਨ੍ਹਾਂ ਨੂੰ ਆਪਣੀ ਲੋਕਾਈ ਥੱਲੇ ਬੈਠੀ ਜ਼ੀਰੋ ਜਾਪਣ ਲੱਗ ਪੈਂਦੀ ਹੈ ਉਹ ਅੰਤ ਨੂੰ ਇਸੇ ਜ਼ੀਰੋ ਨਾਲ ਜਰਬ ਹੋ ਕੇ ਖੁਦ ਵੀ ਜ਼ੀਰੋ ਹੋ ਜਾਂਦੇ ਹਨ।
ਉਪਰੋਕਤ ਸਿੰਗਾਪੁਰ ਅਤੇ ਦੁਬਈ ਵਰਗੇ ਦੇਸ਼ਾਂ ਦੀਆਂ ਉਦਾਹਰਣਾਂ ਸੁਣਕੇ, ਕੀ ਮਨ ਵਿੱਚ ਇਹ ਵਿਚਾਰ ਨਹੀਂ ਆਉਂਦਾ ਕਿ ਇਨ੍ਹਾਂ ਦੋਵੇਂ ਦੇਸ਼ਾਂ ਦੇ ਆਗੂ ਜੇ ਆਪਣੀ ਕੌਮ ਦੇ ਬਿਹਤਰ ਭਵਿੱਖ ਦੀ ਬਜਾਇ, ਆਪਣੇ ਆਪ ਦੀ, ਆਪਣੇ ਘਰ-ਪਰਿਵਾਰ ਅਤੇ ਸਿਰਫ ਆਪਣੇ ਚਹੇਤਿਆਂ ਦੀ ਭਲਾਈ ਬਾਰੇ ਸੋਚਦੇ ਰਹਿੰਦੇ ਤਾਂ ਇਹ ਦੇਸ਼ ਅੱਜ ਕਿੱਥੇ ਖੜ੍ਹੇ ਹੁੰਦੇ! ਦੇਸ਼ ਤਾਂ ਜਿੱਥੇ ਹੁੰਦੇ ਸੋ ਹੁੰਦੇ, ਪਰ ਇਹ ਦੋਵੇਂ ਆਗੂ ਖੁਦ ਅੱਜ ਕਿੱਥੇ ਖੜ੍ਹੇ ਹੁੰਦੇ! ਜਾਂ ਫਿਰ ਦੂਜੇ ਪਹਿਲੂ ਤੋਂ ਵੇਖਦਿਆਂ ਜੇ ਇਹ ਵੀ ਸਾਡੇ ਆਗੂਆਂ ਵਰਗੀ ਹੀ ਸੋਚ ਲੈ ਕੇ ਚੱਲਦੇ ਤਾਂ ਇਸ ਧਰਤੀ ’ਤੇ ਅਜਿਹੀ ਉਹ ਕਿਹੜੀ ਜ਼ਾਤੀ ਉਪਲਬਧੀ ਬਾਕੀ ਰਹਿ ਜਾਂਦੀ ਜਿਸ ਨੂੰ ਹਾਸਲ ਨਾ ਕਰ ਸਕਣ ਕਰਕੇ ਇਹ ਅੱਜ ਆਪਣੇ ਆਪ ਸਾਮ੍ਹਣੇ ਝੁਰ ਰਹੇ ਹੁੰਦੇ, ਆਪਣੇ ਆਪ ਨੂੰ ਕੋਸ ਰਹੇ ਹੁੰਦੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4917)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)