MalkiatSDhami7ਸਭ ਤੋਂ ਪਹਿਲਾਂ ਤਾਂ ਉਸਨੇ ਉਹ ਸੂਈ ਹਾਥੀ ਦੋਸਤ ਦੀ ਸੁੰਢ ਵਿੱਚੋਂ ਬਾਹਰ ਖਿੱਚੀ। ਉਸਦੇ ਸਿਰ ਨੂੰ ਕਲਾਵੇ ਵਿੱਚ ...
(10 ਫਰਵਰੀ 2024)
ਇਸ ਸਮੇਂ ਪਾਠਕ: 415.


ਕੁਝ ਸਮਾਂ ਪਹਿਲਾਂ ਯੌਰਪ ਦੇ ਇੱਕ ਮਹਾਨ ਦੇਸ਼ ਨਾਲ ਸੰਬੰਧਤ ਇੱਕ ਕਹਾਣੀ ਪੜ੍ਹਨ ਨੂੰ ਮਿਲੀ
, ਜਿਸਦੇ ਬਾਰੇ ਉੱਥੋਂ ਦੇ ਮਹਾਨ ਚਿਤਰਕਾਰ ਮਰੀਨੋ ਦੀ ਬੜੀ ਹੀ ਸੁੰਦਰ ਅਤੇ ਭਾਵਨਾਤਮਕ ਚਿੱਤਰਕਾਰੀ ਵੀ ਵੇਖਣ ਨੂੰ ਮਿਲਦੀ ਹੈਕਹਾਣੀ ਇਸ ਤਰ੍ਹਾਂ ਚਲਦੀ ਹੈ ਕਿ ਪੁਰਾਤਨ ਦੌਰ ਦੇ ਉਸ ਦੇਸ਼ ਵਿੱਚ ਇੱਕ ਵਾਰ ਇੱਕ ਬਜ਼ੁਰਗ ਆਦਮੀ ਨੂੰ ਕਿਸੇ ਸੰਗੀਨ ਜੁਰਮ ਬਦਲੇ ਜੇਲ੍ਹ ਅੰਦਰ ਮਰਨ ਤਕ ਭੁੱਖਿਆਂ ਰੱਖਣ ਦੀ ਸਜ਼ਾ ਦਿੱਤੀ ਜਾਂਦੀ ਹੈਉਸ ਬਜ਼ੁਰਗ ਦੀ ਇੱਕ ਬੇਟੀ ਹੈ ਅਤੇ ਉਹ ਹਕੂਮਤ ਤੋਂ ਆਪਣੇ ਪਿਤਾ ਨਾਲ ਰੋਜ਼ਾਨਾ ਜੇਲ੍ਹ ਅੰਦਰ ਮੁਲਾਕਾਤ ਕਰਨ ਦੀ ਇਜਾਜ਼ਤ ਮੰਗਦੀ ਹੈ ਜੋ ਉਸ ਨੂੰ ਮਿਲ ਜਾਂਦੀ ਹੈ

ਬੇਟੀ ਹਰ ਰੋਜ਼ ਆਪਣੇ ਪਿਤਾ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਵਾਸਤੇ ਜਾਂਦੀ ਹੈਮੁਲਾਕਾਤ ਤੋਂ ਪਹਿਲਾਂ ਜੇਲ੍ਹ ਅੰਦਰ ਵੜਦਿਆਂ ਉਸਦੀ ਅੱਛੀ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ ਤਾਂ ਜੋ ਉਹ ਕੋਈ ਖਾਣ-ਪੀਣ ਦੀ ਵਸਤੂ ਆਪਣੇ ਪਿਤਾ ਤਕ ਨਾ ਪਹੁੰਚਾ ਸਕੇਬੇਟੀ ਰੋਜ਼ਾਨਾ ਕਾਲ ਕੋਠੜੀ ਵਿੱਚ ਬੰਦ ਆਪਣੇ ਪਿਤਾ ਨੂੰ ਭੁੱਖ ਨਾਲ ਕਮਜ਼ੋਰ ਹੁੰਦਿਆਂ ਅਤੇ ਮੌਤ ਦੇ ਨਜ਼ਦੀਕ ਜਾਂਦਿਆਂ ਵੇਖਦੀ ਹੋਈ ਹਮੇਸ਼ਾ ਪ੍ਰੇਸ਼ਾਨ ਹੋਈ-ਹੋਈ ਘਰ ਮੁੜਦੀ ਹੈਫਿਰ ਉਸ ਨੂੰ ਅਚਾਨਕ ਇੱਕ ਤਰਕੀਬ ਸੁਝਦੀ ਹੈ ਅਤੇ ਅਗਲੇ ਦਿਨ ਤੋਂ ਉਹ ਆਪਣੇ ਬਾਪ ਦੀ ਜਾਨ ਬਚਾਉਣ ਲਈ ਕਾਲ ਕੋਠੜੀ ਅੰਦਰ ਉਸ ਨੂੰ ਆਪਣੀਆਂ ਛਾਤੀਆਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀ ਹੈਲੜਕੀ ਦਾ ਇਹ ਨੇਮ ਕਈ ਦਿਨਾਂ ਤਕ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ

ਉੱਧਰ ਜਦੋਂ ਬਹੁਤ ਦਿਨ ਬੀਤ ਜਾਣ ’ਤੇ ਵੀ ਉਹ ਆਦਮੀ ਨਹੀਂ ਮਰਦਾ, ਪਹਿਰੇਦਾਰ ਹੈਰਾਨ-ਪ੍ਰੇਸ਼ਾਨ ਹੋ ਉੱਠਦੇ ਹਨਉਨ੍ਹਾਂ ਨੂੰ ਉਸ ਲੜਕੀ ਉੱਤੇ ਸ਼ੱਕ ਹੋ ਜਾਂਦਾ ਹੈਪਹਿਲਾਂ ਤਾਂ ਉਹ ਕੁਝ ਸਮਝ ਨਹੀਂ ਪਾਉਂਦੇ ਪਰ ਇੱਕ ਦਿਨ ਕਾਲ ਕੋਠੜੀ ਅੰਦਰ ਛੁਪ ਕੇ ਵੇਖਣ ’ਤੇ ਉਨ੍ਹਾਂ ਦੀ ਇਹ ਚੋਰੀ ਪਕੜੀ ਜਾਂਦੀ ਹੈਦੋਹਾਂ ਨੂੰ ਬੰਨ੍ਹ ਕੇ ਹਾਕਮ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਮੁਕੱਦਮੇ ਦੀ ਸੁਣਵਾਈ ਚਲਦੀ ਹੈਲੜਕੀ ਆਪਣਾ ਗੁਨਾਹ ਕਬੂਲ ਕਰਦੀ ਹੋਈ ਦੱਸਦੀ ਹੈ ਕਿ ਪਿਤਾ ਨਾਲ ਜੁੜੀਆਂ ਆਪਣੀਆਂ ਭਾਵਨਾਵਾਂ ਦੇ ਵੱਸ ਉਸ ਕੋਲ ਇਸ ਤੋਂ ਸਿਵਾ ਹੋਰ ਕੋਈ ਰਸਤਾ ਹੀ ਨਹੀਂ ਸੀ ਬਚਿਆ

ਇਸ ਅਨੋਖੇ ਅਤੇ ਵਚਿੱਤਰ ਜੁਰਮ ਬਦਲੇ ਅਤੇ ਲੜਕੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ, ਹਕੂਮਤ ਇੱਕ ਹਟਵਾਂ ਫੈਸਲਾ ਲੈਂਦੀ ਹੈ ਅਤੇ ਉਸ ਲੜਕੀ ਦੇ ਨਾਲ ਨਾਲ ਉਸਦੇ ਪਿਤਾ ਨੂੰ ਵੀ ਹਮੇਸ਼ਾ ਲਈ ਕੈਦ ਤੋਂ ਆਜ਼ਾਦ ਕਰ ਦਿੱਤਾ ਜਾਂਦਾ ਹੈ

ਇਹ ਕਹਾਣੀ ਸੱਚੀ ਹੋਵੇ ਭਾਵੇਂ ਕਾਲਪਨਿਕ, ਪਰ ਦੁਨੀਆ ਦੀ ਕਿਸੇ ਨਾ ਕਿਸੇ ਕੌਮ ਜਾਂ ਸਮਾਜ ਨਾਲ ਤਾਂ ਇਸਦਾ ਸੰਬੰਧ ਜ਼ਰੂਰ ਹੈਜੇ ਸੱਚਾ ਵਾਕਿਆ ਹੈ ਤਾਂ ਅਜਿਹੀ ਸੋਚ ਸਾਰੀ ਲੋਕਾਈ ਵਿੱਚ ਵਰਤੇਪਰ ਜੇ ਇਹ ਸਿਰਫ ਇੱਕ ਮਨਘੜਤ ਕਹਾਣੀ ਹੀ ਹੈ, ਤਾਂ ਵੀ ਇਸ ਨੂੰ ਪੜ੍ਹ ਕੇ ਇਹ ਸੋਝੀ ਤਾਂ ਜ਼ਰੂਰ ਆਉਣੀ ਚਾਹੀਦੀ ਹੈ ਕਿ ਜਾਂ ਤਾਂ ਇਹ ਕਿੱਸੇ-ਕਹਾਣੀਆਂ, ਲੋਕ-ਕਥਾਵਾਂ, ਸਾਹਿਤ ਆਪਣੀਆਂ ਕੌਮਾਂ ਦਾ ਚਰਿੱਤਰ ਉਸਾਰਦੀਆਂ ਹਨ ਜਾਂ ਫਿਰ ਇੱਕ ਕੌਮ ਦਾ ਚਰਿੱਤਰ ਹੀ ਉਸਦੇ ਕਿੱਸੇ-ਕਹਾਣੀਆਂ ਅਤੇ ਸਾਹਿਤ ਦੀ ਸਿਰਜਣਾ ਕਰਦਾ ਹੈਸ਼ਾਇਦ ਦੋਵੇਂ ਵੀ ਹੋਣਪਰ ਇਨ੍ਹਾਂ ਵਿੱਚੋਂ ਕੋਈ ਇੱਕ ਪੱਖ ਤਾਂ ਪ੍ਰਮੁੱਖ ਹੁੰਦਾ ਹੀ ਹੈਹਾਂ, ਜੇ ਤਾਂ ਦੇਸ਼-ਸਮਾਜ ਦੇ ਚਰਿੱਤਰ ਨਾਲ ਇਹ ਕਿੱਸੇ-ਕਹਾਣੀਆਂ ਉਪਜਦੀਆਂ ਹਨ ਤਾਂ ਆਓ, ਰੱਬ ਅੱਗੇ ਸੁਮੱਤ ਦੀ ਅਰਜ਼ੋਈ ਕਰੀਏਪਰ ਜੇ ਇਸਦੇ ਉਲਟ ਇਹ ਕਿੱਸੇ-ਕਹਾਣੀਆਂ, ਕਥਾਵਾਂ, ਸਾਹਿਤ, ਲੋਕ ਗੀਤ, ਫਿਲਮਾਂ, ਡਰਾਮੇ, ਸੀਰੀਅਲ, ਰੀਤੀ-ਰਿਵਾਜ਼ ਆਦਿ, ਕੌਮ ਦੀ ਸੋਚ ਉੱਤੇ ਆਪਣੀ ਲਗਾਮ ਰੱਖਦੇ ਹਨ ਤਾਂ ਸਮੇਂ ਸਮੇਂ ਇਸ ਵਿਸ਼ੇ ’ਤੇ ਇੱਕ ਨਜ਼ਰਸਾਨੀ, ਅਤੇ ਖਾਸ ਤੌਰ ’ਤੇ ਇਨ੍ਹਾਂ ਦੇ ਰਚਣਹਾਰਿਆਂ ਅਤੇ ਨੀਤੀਘਾੜਿਆਂ ਦੇ ਸਮਾਜ ਪ੍ਰਤੀ ਜੋ ਵੀ ਫਰਜ਼ ਅਤੇ ਜ਼ਿੰਮੇਵਾਰੀਆਂ ਬਣਦੀਆਂ ਹਨ, ਜਿਸ ਪ੍ਰਤੀ ਸਾਡਾ ਸਮਾਜ ਸੰਜੀਦਾ ਨਹੀਂ ਹੋ ਰਿਹਾ ਜਾਪਦਾ

ਕਿਸੇ ਪੱਛਮੀ ਦੇਸ਼ ਵਿੱਚ ਵਾਪਰੀ ਜਾਂ ਸਿਰਜੀ ਗਈ ਇਹ ‘ਬੇਟੀ-ਬਾਪ’ ਦੀ ਉਪਰੋਕਤ ਕਹਾਣੀ ਜੇ ਕਿਧਰੇ ਪੁਰਾਤਨ ਜਾਂ ਅਜੋਕੇ ਦੌਰ ਅੰਦਰ ਇੱਥੇ ਸਾਡੇ ਸਮਾਜ ਵਿੱਚ ਵਾਪਰਦੀ ਤਾਂ ਇਸਦਾ ਰੰਗ ਰੂਪ, ਸਰੂਪ ਅਤੇ ਅੰਤ ਕਿਸ ਤਰ੍ਹਾਂ ਦਾ ਸੁਖਾਵਾਂ ਜਾਂ ਦੁਖਾਵਾਂ ਹੋਇਆ ਹੁੰਦਾ, ਜਾਂ ਅੱਜ ਹੋ ਰਿਹਾ ਹੈ, ਇਹ ਤਾਂ ਅਸੀਂ ਸਾਰੇ ਸਹਿਜੇ ਹੀ ਮਹਿਸੂਸ ਕਰ ਸਕਦੇ ਹਾਂਉਦਾਹਰਣ ਦੇ ਤੌਰ ’ਤੇ ਇੱਕ ਬਾਲ ਕਹਾਣੀ ਯਾਦ ਕਰੀਏ, “ਹਾਥੀ ਅਤੇ ਦਰਜ਼ੀ” ਜੋ ਕਿ ਚਿਰਕਾਲ ਤੋਂ ਸਾਡੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿੱਚ ਪੜ੍ਹਾਈ ਜਾਂਦੀ ਹੈ ਅਤੇ ਆਪਾਂ ਸਭ ਨੇ ਹੀ ਜ਼ਰੂਰ ਪੜ੍ਹੀ ਵੀ ਹੋਵੇਗੀਆਪਾਂ ਸਾਰਿਆਂ ਨੂੰ ਹੀ ਯਾਦ ਹੋਵੇਗਾ ਕਿ ਕਿਵੇਂ ਇੱਕ ਹਾਥੀ ਆਪਣੇ ਦਰਜ਼ੀ ਦੋਸਤ ਦੀ ਜਾਣੇ-ਅਣਜਾਣੇ ਵਿੱਚ ਹੋਈ ਇੱਕ ਛੋਟੀ ਜਿਹੀ ਗਲਤੀ ਦੇ ਇਵਜ਼ ਵਿੱਚ ਆਪਣੇ ਦੋਸਤ ਅਤੇ ਉਸਦੇ ਸਾਰੀ ਉਮਰ ਦੇ ਅਹਿਸਾਨਾਂ ਦੀ ਮਿੱਟੀ ਕਰ ਦਿੰਦਾ ਹੈ ਅਤੇ ਉਸਦੇ ਅੰਤ ਵਿੱਚ ਸਿੱਖਿਆ ਲਿਖੀ ਮਿਲਦੀ ਹੈ, “ਜੈਸਾ ਕਰੋਗੇ, ਵੈਸਾ ਭਰੋਗੇ।” “ਅਦਲੇ ਦਾ ਬਦਲਾ।” “ਜੈਸੇ ਕੋ ਤੈਸਾ।”

* * *

ਪਰ ਇੱਕ ਪਲ ਲਈ ਇਹੀ ਅਤੇ ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਕਹਾਣੀਆਂ, ਜੇ ਆਪਾਂ ਉਸ ਉਪਰੋਕਤ ਬਾਪ-ਬੇਟੀ ਵਾਲੇ ਸਮਾਜ ਦੀ ਸੋਚ ਮੁਤਾਬਕ ਢਾਲ਼ ਲਈਏ ਅਤੇ ਇਸ ਨੂੰ ਉਨ੍ਹਾਂ ਦੀ ਸੋਚ ਮੁਤਾਬਕ ਲਿਖਣਾ ਸ਼ੁਰੂ ਕਰੀਏ ਤਾਂ ਇਨ੍ਹਾਂ ਦੇ ਰੰਗ-ਰੂਪ ਕੈਸੇ ਹੋਣਗੇ, ਆਓ ਇਸਦੀ ਇੱਕ ਵੰਨਗੀ ਵੇਖੀਏ

ਇੱਕ ਜੰਗਲ ਵਿੱਚ ਇੱਕ ਹਾਥੀ ਰਹਿੰਦਾ ਸੀਉਹ ਰੋਜ਼ ਸਵੇਰੇ ਜੰਗਲ ਤੋਂ ਦੂਰ ਵਗਦੀ ਇੱਕ ਨਦੀ ਵਿੱਚੋਂ ਪਾਣੀ ਪੀਣ ਲਈ ਜਾਂਦਾਨਦੀ ਨੂੰ ਜਾਂਦਿਆਂ ਰਸਤੇ ਵਿੱਚ ਇੱਕ ਪਿੰਡ ਪੈਂਦਾ ਸੀਉਸ ਪਿੰਡ ਦੇ ਬਾਹਰਵਾਰ ਇੱਕ ਦਰਜ਼ੀ ਦੀ ਦੁਕਾਨ ਸੀਦੁਕਾਨ ਦੇ ਪਿਛਲੇ ਪਾਸੇ ਚੱਲਦੇ ਰਾਹ ਵੱਲ ਇੱਕ ਬਾਰੀ ਸੀ ਜੋ ਦਿਨ ਦੇ ਸਮੇਂ ਹਮੇਸ਼ਾ ਖੁੱਲ੍ਹੀ ਰਹਿੰਦੀ ਸੀਹਾਥੀ ਰੋਜ਼ਾਨਾ ਉਸ ਰਸਤਿਉਂ ਲੰਘਦਾ, ਖੁੱਲ੍ਹੀ ਹੋਈ ਬਾਰੀ ਅਤੇ ਦੁਕਾਨ ਅੰਦਰ ਬੈਠੇ ਦਰਜ਼ੀ ਨੂੰ ਕੰਮ ਕਰਦਿਆਂ ਵੇਖ ਕੇ ਕੁਝ ਦੇਰ ਲਈ ਉਸਦੇ ਮੂਹਰੇ ਖਲੋ ਜਾਂਦਾਦਰਜ਼ੀ ਵੀ ਬਾਹਰ ਖੜ੍ਹੇ ਹਾਥੀ ਨੂੰ ਵੇਖਕੇ ਮੁਕਰਾਉਂਦਾਦੋਵੇਂ ਇੱਕ ਦੂਜੇ ਨੂੰ ਵੇਖਕੇ ਡਾਢੇ ਖੁਸ਼ ਹੁੰਦੇ ਉਸ ਤੋਂ ਬਾਅਦ ਹਾਥੀ ਪਾਣੀ ਪੀਣ ਲਈ ਨਦੀ ’ਤੇ ਚਲਿਆ ਜਾਂਦਾਇੱਕ ਦਿਨ ਹਾਥੀ ਨੇ ਆਪਣੀ ਸੁੰਢ ਉਸ ਬਾਰੀ ਰਾਹੀਂ ਦੁਕਾਨ ਦੇ ਅੰਦਰ ਵਾੜ ਦਿੱਤੀਦਰਜ਼ੀ ਜੋ ਕਿ ਉਸ ਸਮੇਂ ਕੁਝ ਖਾ ਰਿਹਾ ਸੀ, ਨੇ ਆਪਣੇ ਖਾਣੇ ਵਿੱਚੋਂ ਕੁਝ ਖਾਣਾ ਹਾਥੀ ਦੀ ਸੁੰਢ ਵਿੱਚ ਫੜਾ ਦਿੱਤਾਹਾਥੀ ਨੇ ਸੁੰਢ ਬਾਹਰ ਖਿੱਚੀ ਅਤੇ ਦਰਜ਼ੀ ਵੱਲੋਂ ਦਿੱਤੀ ਉਸ ਭੇਟ ਨੂੰ ਖਾ ਕੇ ਬੜਾ ਖੁਸ਼ ਹੋਇਆ ਅਤੇ ਝੂਮਦਾ ਹੋਇਆ ਨਦੀ ਵੱਲ ਪਾਣੀ ਪੀਣ ਚਲਾ ਗਿਆਇਸ ਤਰ੍ਹਾਂ ਇਹ ਉਨ੍ਹਾਂ ਦੋਹਾਂ ਦਾ ਨੇਮ ਬਣ ਗਿਆ

ਦਰਜ਼ੀ ਰੋਜ਼ਾਨਾ ਆਪਣੇ ਦੋਸਤ ਲਈ ਘਰੋਂ ਕੋਈ ਖਾਣ ਵਾਲੀ ਚੀਜ਼, ਮਿਠਿਆਈ, ਫਲ ਵਗੈਰਾ ਲੈ ਕੇ ਆਉਂਦਾ ਅਤੇ ਹਾਥੀ ਵੀ ਦੁਕਾਨ ’ਤੇ ਪਹੁੰਚਦਿਆਂ ਸਾਰ ਆਪਣੀ ਸੁੰਢ ਖਿੜਕੀ ਅੰਦਰ ਵਾੜ ਦਿੰਦਾਦਰਜ਼ੀ ਹਰ ਰੋਜ਼ ਘਰੋਂ ਲਿਆਂਦੀ ਹੋਈ ਖਾਣ ਵਾਲੀ ਚੀਜ਼ ਉਸਦੀ ਸੁੰਢ ਵਿੱਚ ਫੜਾ ਦਿੰਦਾ, ਜਿਸ ਨੂੰ ਖਾ ਕੇ ਹਾਥੀ ਖੁਸ਼ੀ ਖੁਸ਼ੀ ਨਦੀ ਵੱਲ ਚਲਿਆ ਜਾਂਦਾਇਸ ਤਰ੍ਹਾਂ ਹਾਥੀ ਅਤੇ ਦਰਜ਼ੀ ਬਹੁਤ ਗੂੜ੍ਹੇ ਦੋਸਤ ਬਣ ਗਏਹੁਣ ਤਾਂ ਦੋਹਾਂ ਨੂੰ ਹੀ ਰੋਜ਼ ਇੱਕ ਦੂਜੇ ਨੂੰ ਵੇਖਣ ਤੋਂ ਬਾਅਦ ਹੀ ਚੈਨ ਆਉਂਦਾ

ਇਸ ਤਰ੍ਹਾਂ ਸਮਾਂ ਬੀਤਦਾ ਗਿਆਇੱਕ ਦਿਨ ਰੋਜ਼ ਦੀ ਤਰ੍ਹਾਂ ਨਦੀ ਵੱਲ ਜਾਂਦਿਆਂ ਹਾਥੀ ਨੇ ਆਪਣੀ ਸੁੰਢ ਬਾਰੀ ਅੰਦਰ ਵਾੜੀਪਰ ਉਸ ਦਿਨ, ਦੁਕਾਨ ਅੰਦਰ ਬੈਠਾ ਦਰਜ਼ੀ ਪਤਾ ਨਹੀਂ ਕਿਹੜੀ ਮਾਨਸਿਕ ਪ੍ਰੇਸ਼ਾਨੀ ਜਾਂ ਉਲਝਣ ਵਿੱਚ ਡੁੱਬਿਆ ਹੋਇਆ ਸੂਈ-ਧਾਗੇ ਨਾਲ ਕੋਈ ਕੱਪੜਾ ਸਿਉਂ ਰਿਹਾ ਸੀਇਸੇ ਪ੍ਰੇਸ਼ਾਨੀ ਅਤੇ ਉਲਝਣ ਵਿੱਚ ਹੀ ਪਤਾ ਨਹੀਂ ਕਿਵੇਂ ਅਤੇ ਕਦੋਂ ਉਸਨੇ ਸੁੰਢ ਬਾਰੀ ਅੰਦਰ ਆਈ ਵੇਖਦਿਆਂ, ਖਾਣ ਵਾਲੀ ਚੀਜ਼ ਦੀ ਜਗ੍ਹਾ ਹੱਥ ਵਿੱਚ ਫੜੀ ਉਹ ਸੂਈ ਹਾਥੀ ਦੀ ਸੁੰਢ ਵਿੱਚ ਚੁਭੋ ਦਿੱਤੀਬਾਹਰ ਖੜ੍ਹੇ ਹਾਥੀ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈਚੀਕ ਮਾਰਦਿਆਂ ਉਸਨੇ ਝਟਕੇ ਨਾਲ ਆਪਣੀ ਸੁੰਢ ਬਾਹਰ ਖਿੱਚੀਸੁੰਢ ਵਿੱਚ ਚੁਭੀ ਹੋਈ ਸੂਈ ਦੀ ਪੀੜ ਹਾਥੀ ਵਾਸਤੇ ਅਸਹਿ ਸੀਨਦੀ ਵੱਲ ਜਾਣਾ ਅਤੇ ਭੁੱਖ ਪਿਆਸ ਤਾਂ ਜਿਵੇਂ ਉਸ ਨੂੰ ਭੁੱਲ ਹੀ ਗਏਉਸਦਾ ਦਿਮਾਗ ਤਾਂ ਬਾਰ ਬਾਰ ਇਹੀ ਸੋਚੀ ਜਾ ਰਿਹਾ ਸੀ ਕਿ ਮੇਰੇ ਦੋਸਤ ਨੇ ਅੱਜ ਇਹ ਸਭ ਕਿਵੇਂ ਅਤੇ ਕਿਉਂ ਕੀਤਾ! ਅੱਜ ਮੇਰੇ ਦੋਸਤ ਨੂੰ ਹੋ ਕੀ ਗਿਆ ਹੈ! ਕੁਝ ਦੇਰ ਆਪਣੀ ਪੀੜ ਨੂੰ ਜਰਦਿਆਂ ਅਤੇ ਇਹ ਸਭ ਸੋਚਦਿਆਂ, ਅੱਜ ਪਹਿਲੀ ਵਾਰ ਉਸਨੇ ਪਿਛਲੀ ਬਾਰੀ ਛੱਡ ਕੇ ਦੁਕਾਨ ਦੇ ਮੂਹਰੇ ਜਾਣ ਦੀ ਸੋਚੀਦੁਕਾਨ ਦੇ ਦਰਵਾਜ਼ੇ ਮੂਹਰੇ ਆ ਕੇ ਉਹ ਵੇਖਦਾ ਹੈ ਕਿ ਉਸਦਾ ਦਰਜ਼ੀ ਦੋਸਤ ਕਿਸੇ ਡੂੰਘੀ ਸੋਚ ਅਤੇ ਪ੍ਰੇਸ਼ਾਨੀ ਵਿੱਚ ਡੁੱਬਿਆ ਬੈਠਾ ਹੈਹਾਥੀ ਉਸ ਨੂੰ ਉਦਾਸ ਅਤੇ ਪ੍ਰੇਸ਼ਾਨ ਵੇਖਕੇ, ਆਪਣੀਆਂ ਚਾਰੇ ਲੱਤਾਂ ਮੋੜ ਕੇ ਦੁਕਾਨ ਦੇ ਮੂਹਰੇ ਹੀ ਬੈਠ ਜਾਂਦਾ ਹੈ ਕਿਉਂਕਿ ਹਾਥੀ ਨੇ ਆਪਣੇ ਦੋਸਤ ਨੂੰ ਪਹਿਲਾਂ ਇੰਨਾ ਉਦਾਸ ਅਤੇ ਗ਼ਮਗੀਨ ਕਦੇ ਨਹੀਂ ਸੀ ਵੇਖਿਆ, ਇਸ ਲਈ ਉਹ ਤਾਂ ਜਿਵੇਂ ਮਨ ਹੀ ਮਨ, ਅੰਦਰ ਬੈਠੇ ਆਪਣੇ ਦੋਸਤ ਨੂੰ ਇਹੀਓ ਪੁੱਛੀ ਜਾ ਰਿਹਾ ਸੀ ਕਿ ਦੋਸਤ ਸਭ ਖੈਰ ਤਾਂ ਹੈ? ਘਰ ਵਿੱਚ ਸਾਰੇ ਰਾਜ਼ੀ-ਬਾਜ਼ੀ ਤਾਂ ਹਨ? ਤੇਰਾ ਘਰ-ਪਰਿਵਾਰ ਤਾਂ ਠੀਕ ਹੈ? ਕੋਈ ਪ੍ਰੇਸ਼ਾਨੀ ਹੈ ਤਾਂ ਮੈਨੂੰ ਦੱਸ ਦੋਸਤ, ਸ਼ਾਇਦ ਮੈਂ ਤੇਰੇ ਕਿਸੇ ਕੰਮ ਆ ਸਕਾਂ

ਉੱਧਰ ਦਰਜ਼ੀ ਦੀ ਨਿਗ੍ਹਾ ਵੀ ਇੱਕ ਦਮ ਬਾਹਰ ਵੱਲ ਗਈ ਅਤੇ ਪਹਿਲੀ ਵਾਰ ਦਰਵਾਜ਼ੇ ਮੂਹਰੇ ਹਾਥੀ ਨੂੰ ਬੈਠਿਆਂ ਵੇਖ ਕੇ ਉਹ ਤ੍ਰਭਕ ਕੇ ਆਪਣੀ ਗੱਦੀ ਤੋਂ ਉੱਠਿਆ ਅਤੇ ਦੁਕਾਨ ਤੋਂ ਬਾਹਰ ਆ ਗਿਆਹਾਥੀ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਗ ਰਹੇ ਸਨਸੂਈ ਅਜੇ ਵੀ ਹਾਥੀ ਦੀ ਸੁੰਢ ਵਿੱਚ ਲੱਗੀ ਹੋਈ ਸੀ ਜਿਸ ਵਿੱਚ ਪਿਆ ਧਾਗਾ ਥੱਲੇ ਲਟਕ ਰਿਹਾ ਸੀ

ਇਹ ਵੇਖਦਿਆਂ ਦਰਜ਼ੀ ਨੂੰ ਇੱਕ ਦਮ ਅਹਿਸਾਸ ਹੋਇਆਉਸਦੀਆਂ ਉਲਝਣਾਂ, ਪ੍ਰੇਸ਼ਾਨੀਆਂ ਤਾਂ ਜਿਵੇਂ ਪਿੱਛੇ ਦੁਕਾਨ ਦੇ ਅੰਦਰ ਹੀ ਸਿਮਟ ਕੇ ਰਹਿ ਗਈਆਂ ਹੋਣਸਭ ਤੋਂ ਪਹਿਲਾਂ ਤਾਂ ਉਸਨੇ ਉਹ ਸੂਈ ਹਾਥੀ ਦੋਸਤ ਦੀ ਸੁੰਢ ਵਿੱਚੋਂ ਬਾਹਰ ਖਿੱਚੀਉਸਦੇ ਸਿਰ ਨੂੰ ਕਲਾਵੇ ਵਿੱਚ ਲੈਂਦਿਆਂ ਅਤੇ ਭੁੱਬਾਂ ਮਾਰਦਿਆਂ, ਪ੍ਰੇਸ਼ਾਨੀ ਅਤੇ ਪੀੜ ਨਾਲ ਵਗਦੀਆਂ ਹਾਥੀ ਦੀਆਂ ਅੱਖਾਂ ਪੂੰਝੀਆਂ ਦੋਵੇਂ ਦੋਸਤ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਦੂਜੇ ਨੂੰ ਇੰਝ ਵੇਖ ਰਹੇ ਸਨ ਜਿਵੇਂ ਦੋਸਤੀ ਦਾ ਅਹਿਸਾਸ ਅੱਜ ਪਹਿਲੀ ਵਾਰ ਮਾਣ ਰਹੇ ਹੋਣਦੁਪਹਿਰ ਢਲ ਚੁੱਕੀ ਸੀ ਪਰ ਉਸ ਦਿਨ ਹਾਥੀ ਦਾ ਨਦੀ, ਭੁੱਖ, ਪਿਆਸ ਵੱਲ ਉੱਕਾ ਹੀ ਧਿਆਨ ਨਾ ਗਿਆਉਹ ਦੁਕਾਨ ਮੂਹਰਿਉਂ ਉੱਠਿਆ ਅਤੇ ਵਾਪਸ ਜੰਗਲ ਵੱਲ ਨੂੰ ਮੁੜ ਗਿਆਅਗਲੇ ਦਿਨ ਵਾਪਸ ਨਦੀ ’ਤੇ ਜਾਣ ਅਤੇ ਆਪਣੇ ਦਰਜ਼ੀ ਦੋਸਤ ਨੂੰ ਕੱਲ੍ਹ ਫਿਰ ਮਿਲਣ ਦੀ ਤਾਂਘ ਦਿਲ ਵਿੱਚ ਲੈ ਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4713)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਲਕੀਅਤ ਸਿੰਘ ਧਾਮੀ

ਮਲਕੀਅਤ ਸਿੰਘ ਧਾਮੀ

Whatsapp: (91 - 98140 - 28614)
Email: (voltexglobal@gmail.com)