MalkiatSDhami 7ਅਸੀਂ ਇੱਥੇ ਜੇ ਕਿਸੇ ਕੰਮ ਵਿੱਚ ਉਨ੍ਹਾਂ ਕੌਮਾਂ ਤੋਂ ਅੱਗੇ ਜਾ ਰਹੇ ਹਾਂ ਤਾਂ ਉਹ ਹਨ ਅੰਧ ਵਿਸ਼ਵਾਸਨਫਰਤ ਅਤੇ ...
(15 ਦਸੰਬਰ 2023)
ਇਸ ਸਮੇਂ ਪਾਠਕ: 145.

 

ਅੱਜ ਦੇਸ਼ ਅੰਦਰ ਹਰ ਪਿੰਡ, ਸ਼ਹਿਰ, ਘਰ, ਸੱਥ, ਮਹਿਫ਼ਿਲ, ਜਾਂ ਫਿਰ ਜਿੱਥੇ ਕਿਤੇ ਵੀ ਚਾਰ ਲੋਕ ਆਪਸ ਵਿੱਚ ਜੁੜਦੇ ਹਨ ਅਤੇ ਕੋਈ ਘਰੇਲੂ ਵਿਸ਼ੇ ’ਤੇ ਗੱਲ ਛਿੜਦੀ ਹੈ ਤਾਂ ਸਭ ਤੋਂ ਵੱਧ ਚਰਚਿਤ ਵਿਸ਼ਿਆਂ ਵਿੱਚੋਂ ਵਿਸ਼ਾ ਇਹੀ ਹੁੰਦਾ ਹੈ, “ਆਖ਼ਿਰ ਸਾਡੇ ਲੋਕ ਆਪਣਾ ਦੇਸ਼ ਛੱਡ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵੱਲ ਕਿਉਂ ਭੱਜੇ ਜਾ ਰਹੇ ਹਨ?” ਕੀ ਲੜਕੇ, ਕੀ ਲੜਕੀਆਂ, ਵਿਦਿਆਰਥੀ, ਪੜ੍ਹੇ ਲਿਖੇ, ਕਾਰੋਬਾਰੀ, ਵਸਦੇ-ਰਸਦੇ ਪਰਿਵਾਰ, ਸਭ ਹੀ ਆਪਣਾ ਆਪਣਾ ਸਭ ਕੁਝ ਇੱਧਰ ਇੰਡੀਆ ਵਿੱਚ ਛੱਡ-ਛਡਾ ਕੇ ਉੱਧਰ ਕਿਉਂ ਭੱਜੇ ਜਾ ਰਹੇ ਹਨ! ਇਹ ਸਵਾਲ ਉਹ ਤਾਂ ਕਰਦੇ ਹੀ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਅਜੇ ਤਕ ਖ਼ੁਦ ਉੱਧਰ ਜਾਣ, ਜਾਂ ਜਾ ਕੇ ਵੇਖਣ ਦਾ ਸਬੱਬ ਨਹੀਂ ਬਣਿਆ ਹੁੰਦਾ। ਪ੍ਰੰਤੂ ਉਹ ਲੋਕ ਜੋ ਆਪ ਉੱਧਰ ਘੁੰਮ ਫਿਰ ਕੇ, ਸਭ ਵੇਖ ਆਏ ਹਨ, ਉਹ ਵੀ ਇਸ ਵਿਸ਼ੇ ’ਤੇ ਬੜਾ ਅਚੰਭਾ ਵਿਖਾਉਂਦੇ ਹਨ। ਵੈਸੇ, ਸੋਚੀਏ ਤਾਂ ਇਹ ਵਿਸ਼ਾ ਬਹੁਤ ਗੰਭੀਰ ਵੀ ਹੈ ਅਤੇ ਚਰਚਾ ਦੇ ਕਾਬਲ ਵੀ।

ਇਸ ਵਿਸ਼ੇ ਨੂੰ ਆਪਾਂ ਦੋ ਤਰ੍ਹਾਂ ਪਰਖ ਸਕਦੇ ਹਾਂ। ਇੱਕ, ਉੱਧਰ ਖੜ੍ਹ ਕੇ ਇਹ ਵੇਖਦਿਆਂ ਕਿ ਉੱਥੇ ਅਜਿਹੀਆਂ ਕਿਹੜੀਆਂ ਖੂਬੀਆਂ ਹਨ ਜੋ ਸਾਡੇ ਇੱਧਰ ਨਹੀਂ। ਜਾਂ ਦੂਜੇ, ਇੱਧਰ ਖੜ੍ਹੇ ਹੋ ਕੇ ਵੇਖਦਿਆਂ ਕਿ ਸਾਡੇ ਮੁਲਕਾਂ ਵਿੱਚ ਐਸੀਆਂ ਕੀ ਕਮੀਆਂ ਹਨ ਜੋ ਸਾਰੇ ਬਾਹਰ ਵੱਲ ਭੱਜ ਰਹੇ ਹਨ। ਸਧਾਰਨ ਤੌਰ ’ਤੇ ਵੇਖਿਆ ਜਾਵੇ ਤਾਂ ਹਰ ਸਮਾਜ ਵਿੱਚ ਸਧਾਰਨ ਪ੍ਰਾਣੀ ਦੀਆਂ ਤਿੰਨ ਪ੍ਰਮੁੱਖ ਅਤੇ ਬੁਨਿਆਦੀ ਜ਼ਰੂਰਤਾਂ ਹੁੰਦੀਆਂ ਹਨ। ਪਹਿਲੀ, ਰੁਜ਼ਗਾਰ ਕਰਦਿਆਂ ਆਪਣੀ ਅਤੇ ਪਰਿਵਾਰ ਲਈ ਇੱਕ ਬੇਫਿਕਰ ਅਤੇ ਤੰਦਰੁਸਤ ਮਾਹੌਲ ਵਿੱਚ ਭਰ ਪੇਟ ਰੋਜ਼ੀ-ਰੋਟੀ ਅਤੇ ਸੁਖ ਦੀ ਨੀਂਦ। ਦੂਜੀ, ਸਿੱਖਿਆ ਅਤੇ ਸਿਹਤ ਦੇ ਵਿਆਪਕ ਅਤੇ ਇਕਸਾਰ ਪ੍ਰਬੰਧ। ਤੀਜੀ, ਨਿਸ਼ਚਿਤ ਅਤੇ ਨਿਸ਼ਚਿੰਤ ਭਵਿੱਖ। ਹਰ ਸ਼ਖਸ ਦਾ ਆਪਣੇ ਆਪਣੇ ਕੰਮ ਅਤੇ ਕਿੱਤੇ ਵਿੱਚ ਦਿਲਚਸਪੀ ਲੈਣ ਦਾ ਮੁੱਖ ਕਾਰਨ ਇਹ ਵੀ ਹੁੰਦਾ ਹੈ ਕਿ ਜਦੋਂ ਹਰ ਇਨਸਾਨ ਦੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਜਾਣ ਅਤੇ ਮਿਹਨਤਾਨੇ ਵਿੱਚ ਬਹੁਤ ਜ਼ਿਆਦਾ ਭਿੰਨਤਾ ਨਾ ਰਹੇ ਤਾਂ ਦਿੱਤੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰੁਚੀ ਆਪਣੇ ਆਪ ਬਣਦੀ ਰਹਿੰਦੀ ਹੈ। ਪ੍ਰੰਤੂ ਇਸਦੇ ਉਲਟ ਜਿਸ ਸਮਾਜ ਵਿੱਚ ਬੇਰੁਜ਼ਗਾਰੀ, ਅਨਿਸ਼ਚਿਤ ਭਵਿੱਖ, ਹੁਨਰ ਦੀ ਬੇਕਦਰੀ, ਮਿਹਨਤਾਨੇ ਵਿੱਚ ਹੱਦੋਂ ਵੱਧ ਭਿੰਨਤਾ ਬਣਨ ਲੱਗ ਜਾਵੇ ਤਾਂ ਉੱਦਮੀ ਇਨਸਾਨ ਹਮੇਸ਼ਾ ਖੁਸ਼ਹਾਲੀ ਅਤੇ ਮਾਨਸਿਕ ਤ੍ਰਿਪਤੀ ਦੀ ਤਲਾਸ਼ ਲਈ ਕਿਸੇ ਦੂਜੇ ਅਲੱਗ ਮਾਹੌਲ ਦੀ ਤਲਾਸ਼ ਵੱਲ ਹੋ ਤੁਰਦਾ ਹੈ। ਇਹ ਕੋਈ ਅਜੋਕੇ ਯੁਗ ਦੀ ਨਹੀਂ ਬਲਕਿ ਸਦੀਆਂ ਤੋਂ ਹੀ ਚੱਲੀ ਆ ਰਹੀ ਇਨਸਾਨੀ ਫਿਤਰਤ ਹੈ। ਇਸ ਤਰ੍ਹਾਂ ਜ਼ਾਹਿਰ ਹੈ, ਜਿਸ ਸਮਾਜ ਜਾਂ ਕੌਮ ਵਿੱਚ ਇਨ੍ਹਾਂ ਜ਼ਰੂਰਤਾਂ ਦੀ ਜਿੰਨੀ ਜ਼ਿਆਦਾ ਭਰਪਾਈ ਹੁੰਦੀ ਹੈ ਉਸ ਨੂੰ ਉੰਨਾ ਹੀ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਆਪਣੀ ਆਪਣੀ ਪਹੁੰਚ ਅਨੁਸਾਰ ਬਾਹਰ ਦੂਰ ਬੈਠਾ ਇਨਸਾਨ ਉਸ ਵੱਲ ਆਪਣੇ ਆਪ ਖਿੱਚਿਆ ਚਲਿਆ ਜਾਂਦਾ ਹੈ।

ਖੇਤੀਬਾੜੀ ਹੋਵੇ ਜਾਂ ਸਨਅਤ, ਵਿਓਪਾਰ ਹੋਵੇ ਜਾਂ ਨਾਗਰਿਕ ਸੇਵਾ, ਅਗਾਂਵਧੂ ਅਤੇ ਤਰੱਕੀ ਪਸੰਦ ਕੌਮਾਂ ਆਪਣੇ ਪੁਰਾਣੇ ਅਤੇ ਪਿਛੜੇ ਤੌਰ ਤਰੀਕਿਆਂ ਤੋਂ ਨਿੱਤ ਨਵੇਂ ਸਬਕ ਲੈਂਦੀਆਂ ਹੀ ਆਈਆਂ ਹਨ। ਜ਼ਰੂਰਤ ਅਨੁਸਾਰ ਨਵੀਆਂ ਤੋਂ ਨਵੀਆਂ ਕਾਢਾਂ ਦੇ ਜਨਮਦਾਤਾ ਬਣਕੇ, ਨਾਲੋ ਨਾਲ ਹੀ ਉਨ੍ਹਾਂ ਨੂੰ ਆਏ ਦਿਨ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਵੀ ਕਰਦੀਆਂ ਰਹਿੰਦੀਆਂ ਹਨ। ਸਕੂਲ, ਕਾਲਜ, ਹਸਪਤਾਲ, ਆਵਾਜਾਈ ਦੇ ਸਾਧਨ, ਰਹਿਣ-ਸਹਿਣ ਦੇ ਤੌਰ ਤਰੀਕੇ। ਗੱਲ ਕੀ, ਕੋਈ ਵੀ ਵਿਸ਼ਾ ਛੋਹ ਲਵੋ, ਸਭ ਜਗ੍ਹਾ ਆਧੁਨਿਕ ਅਤੇ ਵਿਗਿਆਨਕ ਤੌਰ ਤਰੀਕਿਆਂ ਨੂੰ ਦੋਵੇਂ ਹੱਥੀਂ ਨਾਲ ਲੈ ਕੇ ਤੁਰਦੇ ਹਨ। ਕਈ ਲੋਕ ਸਵਾਲ ਕਰਦੇ ਹਨ, “ਉੱਥੇ ਐਨੀਆਂ ਕਮਾਈਆਂ ਕਿਵੇਂ ਹਨ ਕਿ ਬੰਦਾ ਛੇ ਮਹੀਨੇ ਕੰਮ ਕਰਕੇ, ਆਪਣੀ ਗੱਡੀ ਖਰੀਦ ਲੈਂਦਾ ਹੈ।, ... ਦੋ-ਚਾਰ ਸਾਲ ਵਿੱਚ ਹੀ ਆਪਣਾ ਸ਼ਾਨਦਾਰ ਅਤੇ ਆਰਾਮਦਾਇਕ ਘਰ ਬਣਾ ਲੈਂਦਾ ਹੈ।” ਉੱਥੇ ਕੰਮ ਵੀ ਹਫਤੇ ਵਿੱਚ ਪੰਜ ਦਿਨ ਜਾਂ 40 ਘੰਟੇ ਹੀ ਕਰਨਾ ਪੈਂਦਾ ਹੈ। ਜਦਕਿ ਸਾਡੇ ਇੱਥੇ ਹਫਤੇ ਦੇ ਸੱਤੋ ਦਿਨ, ਉਹ ਵੀ ਸਵੇਰ ਤੋਂ ਸ਼ਾਮ ਤਕ, ਰੋਜ਼ ਬਾਰਾਂ-ਬਾਰਾਂ ਘੰਟੇ, ਸਾਰੀ ਉਮਰ ਹੱਡ ਭੰਨਵੀਂ ਮਿਹਨਤ ਕਰਦਿਆਂ ਵੀ ਬੰਦਾ ਘਰ ਦਾ ਸੁਪਨਾ ਤਾਂ ਇੱਕ ਪਾਸੇ, ਤਿੰਨ ਵਕਤ ਦੀ ਰੋਟੀ ਤੋਂ ਵੀ ਥੁੜਿਆ ਰਹਿੰਦਾ ਹੈ।

ਸਮਾਜਕ ਪੱਖੋਂ ਵੇਖੀਏ ਤਾਂ ਇਨ੍ਹਾਂ ਉਪਰੋਕਤ ਵਿਕਸਿਤ ਦੇਸ਼ਾਂ ਵਿੱਚ ਵੇਲ੍ਹੜਪੁਣੇ ਦੀ ਸੰਸਕ੍ਰਿਤੀ ਬਿਲਕੁਲ ਹੀ ਨਹੀਂ ਹੈ। ਬਲਕਿ ਵਿਹਲੇ ਰਹਿਣ ਨੂੰ ਇਹ ਦਲਿੱਦਰਤਾ ਦਾ ਨਾਮ ਦਿੰਦੇ ਹਨ। ਹਰ ਇਨਸਾਨ, ਇਕੱਲਾ ਹੋਵੇ ਚਾਹੇ ਪਰਿਵਾਰ ਨਾਲ, ਆਤਮ ਨਿਰਭਰ ਹੈ। ਕਿਉਂਕਿ ਸਭ ਨੂੰ ਪਹਿਲਾਂ ਰੁਜ਼ਗਾਰ ਦੇ ਕਾਬਲ ਬਣਾਉਣਾ ਅਤੇ ਫਿਰ ਸਭ ਲਈ ਰੁਜ਼ਗਾਰ ਮੁਹਈਆ ਕਰਵਾਉਣਾ ਸਰਕਾਰਾਂ ਅਤੇ ਸੰਬੰਧਤ ਵਿਭਾਗਾਂ ਦੀਆਂ ਪ੍ਰਮੁੱਖ ਜ਼ਿੰਮੇਵਾਰੀਆਂ ਹਨ, ਜਿਨ੍ਹਾਂ ਤੋਂ ਉਹ ਕਦੇ ਭੱਜਦੇ ਨਹੀਂ। ਬਲਕਿ ਜਿੱਥੇ ਕਿਧਰੇ ਗੁੰਜਾਇਸ਼ ਹੋਵੇ ਉੱਥੇ ਨਾਲੋ ਨਾਲ ਨਵੇਂ ਸੁਧਾਰ ਕਰਦੇ ਅਤੇ ਅਪਣਾਉਂਦੇ ਹੀ ਜਾਂਦੇ ਹਨ। ਉੱਥੇ ਪੂਰੀ ਕੰਮ ਕਰਨ ਵਾਲੀ ਉਮਰ ਦੀ ਅਬਾਦੀ ਦਾ ਤਕਰੀਬਨ 95 ਪ੍ਰਤੀਸ਼ਤ ਕਿਸੇ ਨਾ ਕਿਸੇ ਤਰ੍ਹਾਂ ਦੀ ਉਤਪਾਦਕਤਾ ਜਾਂ ਰੁਜ਼ਗਾਰ ਵਿੱਚ ਰੁੱਝਿਆ ਰਹਿੰਦਾ ਹੈ। ਇਸ ਵਿੱਚ ਮਰਦ ਅਤੇ ਔਰਤਾਂ ਦੋਨੋ ਸ਼ਾਮਲ ਹਨ। ਇਹ ਕੁਦਰਤੀ ਹੈ ਕਿ ਜਦੋਂ ਸਾਰੇ ਮੌਜੂਦ ਹੱਥ ਦਿੱਤੇ ਹੋਏ ਕੰਮ ਨੂੰ ਦਿਲਚਸਪੀ ਅਤੇ ਲਗਨ ਨਾਲ ਨਿਭਾਉਂਦੇ ਹਨ ਤਾਂ ਉਨ੍ਹਾਂ ਸਭ ਲਈ ਰੁਜ਼ਗਾਰ ਅਤੇ ਖੁਸ਼ਹਾਲੀ ਦਾ ਪ੍ਰਵਾਹ ਅੱਗੇ ਦੀ ਅੱਗੇ ਲਗਾਤਾਰ, ਨਿਰੰਤਰ ਖੁੱਲ੍ਹਦਾ ਜਾਂਦਾ ਹੈ।

ਮੁਫ਼ਤਖੋਰੇ ਅਤੇ ਵੇਲ੍ਹੜਾਂ ਲਈ ਉਨ੍ਹਾਂ ਮੁਲਕਾਂ ਵਿੱਚ ਸ਼ੁਰੂ ਤੋਂ ਹੀ ਕੋਈ ਥਾਂ ਨਹੀਂ ਹੈ। ਤੁਰੇ ਜਾਂਦੇ ਨੂੰ ਭੀਖ ਦੇਣਾ, ਭਿਖਾਰੀਆਂ ਦੀਆਂ ਨਵੀਆਂ ਨਵੀਆਂ ਕਿਸਮਾਂ-ਜਾਤਾਂ ਪੈਦਾ ਕਰਨਾ ਉਨ੍ਹਾਂ ਦੀ ਪ੍ਰਥਾ ਹੀ ਨਹੀਂ ਹੈ। ਐਸਾ ਨਹੀਂ ਹੈ ਕਿ ਉੱਥੇ ਕੋਈ ਗਰੀਬ, ਲਾਚਾਰ, ਅਪੰਗ ਜਾਂ ਲੰਗੜਾ-ਲੂਲਾ ਨਹੀਂ ਹੈ, ਹੈ, ਪਰ ਉਹ ਕਿਸੇ ’ਤੇ ਬੋਝ ਬਣਕੇ ਨਹੀਂ ਬਲਕਿ ਸੰਬੰਧਤ ਸੰਸਥਾਵਾਂ ਵੱਲੋਂ ਮਿਲਦੀਆਂ ਸਹਾਇਤਾਵਾਂ ਨਾਲ ਸੰਤੁਸ਼ਟ ਹੋ ਕੇ ਆਮ ਲੋਕਾਂ ਵਿੱਚ ਵਿਚਰਦਿਆਂ ਆਪਣੀ ਜ਼ਿੰਦਗੀ ਜਿਊਂਦਾ ਹੈ। ਕਿਸੇ ’ਤੇ ਤਰਸ ਜਾਂ ਉਸ ਨੂੰ ਦਾਨ ਉਹ ਆਪਣਾ ਪਰਲੋਕ ਨਹੀਂ ਬਲਕਿ ਸਮਾਜ ਸੁਧਾਰਨ ਲਈ ਕਰਦੇ ਹਨ ਤਾਂ ਕਿ ਦਾਨ ਹਾਸਲ ਕਰਨ ਵਾਲਾ ਸਭ ਦੇ ਬਰਾਬਰ ਆ ਕੇ ਜ਼ਿੰਦਗੀ ਬਸਰ ਕਰਨ ਲਾਇਕ ਬਣ ਜਾਵੇ। ਉਹ ਲੋਕ ਸਿਫਾਰਿਸ਼ ਪਸੰਦ ਨਹੀਂ ਹਨ। ਹੁਣ ਤਾਂ ਸ਼ਾਇਦ ਸਾਡੇ ਲੋਕਾਂ ਦੇ ਉੱਥੇ ਜ਼ਿਆਦਾ ਵਿਚਰਨ ਨਾਲ ਥੋੜ੍ਹਾ ਉਲਟਾ ਅਸਰ ਦਿਸਣ ਲੱਗ ਪਿਆ ਹੈ, ਪਰ ਸਿਫਾਰਿਸ਼ ਸੁਣਨ ਜਾਂ ਕਿਸੇ ਦੀ ਸਿਫਾਰਿਸ਼ ਕਰਨ ਨੂੰ ਉਹ ਅਸਭਿਅਤਾ ਦਾ ਦਰਜਾ ਦਿੰਦੇ ਹਨ ਜਾਂ ਇਸ ਨੂੰ ਬੇਇੱਜ਼ਤੀ ਸਮਝਦੇ ਹਨ। ਉਹ ਇਨਸਾਨ ਅਤੇ ਇਨਸਾਨੀਅਤ ਦੀ ਕਦਰ ਕਰਦੇ ਹਨ, ਕੁਦਰਤ ਅਤੇ ਉਸ ਵੱਲੋਂ ਨਿਵਾਜ਼ੀਆਂ ਬਖਸ਼ਿਸ਼ਾਂ, ਕਾਇਨਾਤ ਦੀ ਅਹਿਮੀਅਤ ਜਾਣਦੇ ਹਨ। ਅੰਧ ਵਿਸ਼ਵਾਸੀ ਨਹੀਂ ਹਨ। ਜੇ ਕੋਈ ਕਲਪਨਾ ਵੀ ਕਰਦੇ ਹਨ ਤਾਂ ਸਮਾਂ ਆਉਣ ’ਤੇ ਉਸ ਨੂੰ ਹਕੀਕੀ ਰੂਪ ਦੇਣ ਲਈ ਮਿਹਨਤ ਦਾ ਜਨੂੰਨ ਵੀ ਰੱਖਦੇ ਹਨ। ਬਾਰ ਬਾਰ ਇੱਕੋ ਗ਼ਲਤੀ ਦੁਹਰਾਈ ਜਾਣ ’ਤੇ ਉਹ ਇਸ ਕਦਰ ਜਨੂੰਨੀ ਹੋ ਜਾਂਦੇ ਹਨ ਕਿ ਜਿੰਨੀ ਦੇਰ ਉਸਦਾ ਹੱਲ ਨਹੀਂ ਕੱਢ ਲੈਂਦੇ ਪਿੱਛਾ ਨਹੀਂ ਛੱਡਦੇ। ਅਸਲ ਵਿੱਚ ਉਹ ਲੋਕ ਵਰਤਮਾਨ ਵਿੱਚ ਜਿਉਂਦਿਆਂ ਹੋਇਆਂ, ਆਉਣ ਵਾਲੀਆਂ ਪੁਸ਼ਤਾਂ ਦੇ ਬਿਹਤਰ ਅਤੇ ਸੁਰੱਖਿਅਤ ਭਵਿੱਖ ਦੀਆਂ ਯੋਜਨਾਵਾਂ ਉੱਤੇ ਕੰਮ ਕਰਦੇ ਹੀ ਜਾਂਦੇ ਹਨ।

ਜਿਨ੍ਹਾਂ ਮੁਲਕਾਂ, ਕਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦਾ ਆਪਾਂ ਇੱਥੇ ਜ਼ਿਕਰ ਕਰ ਰਹੇ ਹਾਂ, ਜੇ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਉਦਾਹਰਣ ਵੀ ਲੈ ਲਈਏ ਤਾਂ ਸਭ ਤੋਂ ਪਹਿਲੀ ਗੱਲ ਜੋ ਵੇਖਾਂਗੇ ਉਹ ਇਹ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਸਮੇਂ ਦੇ ਹਾਣੀ ਬਣਾਉਂਦਿਆਂ ਹਮੇਸ਼ਾ ਆਧੁਨਿਕ ਅਤੇ ਵਿਗਿਆਨਕ ਸੋਚ ਅਪਣਾਈ। ਉਨ੍ਹਾਂ ਦੀ ਉਤਪਾਦਕਤਾ ਦਾ ਇਹ ਹਾਲ ਹੈ ਕਿ ਬਹੁਤੀਆਂ ਥਾਵਾਂ ’ਤੇ ਆਧੁਨਿਕ ਤਕਨੀਕ ਅਤੇ ਉਸਾਰੂ ਮਾਹੌਲ ਅਪਣਾਉਂਦਿਆਂ ਚਾਰ ਛੇ ਵਿਅਕਤੀਆਂ ਦਾ ਕੰਮ, ਇੱਕ ਇਕੱਲਾ ਵਿਅਕਤੀ ਨਿਭਾਈ ਜਾਂਦਾ ਹੈ। ਹਰ ਛੋਟੇ-ਵੱਡੇ ਕੰਮ, ਜਿਵੇਂ ਪਲੰਬਰ, ਇਲੈਕਟ੍ਰੀਸ਼ਨ, ਮੋਟਰ-ਕਾਰ ਮਕੈਨਿਕ, ਠੇਕੇਦਾਰ, ਡ੍ਰਾਈਵਰ, ਬਿਲਡਰ, ਪੇਂਟਰ ਆਦਿ ਸਭ ਸੰਬੰਧਤ ਵਿਭਾਗਾਂ ਤੋਂ ਸਿਖਲਾਈ ਅਤੇ ਲਾਇਸੈਂਸ ਲੈ ਕੇ ਹੀ ਕੰਮ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਵੱਲੋਂ ਕੀਤੇ ਹੋਏ ਕੰਮ, ਮਿਥੇ ਹੋਏ ਮਿਆਰਾਂ ਅਤੇ ਗੁਣਵਤਾ ਅਨੁਸਾਰ ਹੀ ਹੁੰਦੇ ਹਨ, ਨੀਮ-ਹਕੀਮਾਂ ਵਾਲਾ ਡਰ ਨਹੀਂ ਰਹਿੰਦਾ।

ਦਰਅਸਲ ਉਨ੍ਹਾਂ ਦੀ ਸਨਅਤ, ਉਦਯੋਗ ਅਤੇ ਹੋਰ ਕਾਰੋਬਾਰ, ਵਿਓਪਾਰ ਆਦਿ ਸੰਗਠਤ-ਵਿਧੀ ਜਾਂ ਕੰਪਨੀ ਦੀ ਸ਼ਕਲ ਵਿੱਚ ਜ਼ਿਆਦਾ ਹੁੰਦੇ ਹਨ ਅਤੇ ਉਹ ਵੀ ਨਿਰਧਾਰਤ ਵਿਧੀ ਅਤੇ ਵਿਧਾਨ ਅਨੁਸਾਰ। ਪਰਿਵਾਰਕ ਅਤੇ ਘਰੇਲੂ ਟਾਈਪ ਦੇ ਛੋਟੇ ਅਦਾਰੇ, ਦੁਕਾਨਾਂ, ਸਟੋਰ, ਦਫਤਰ, ਸਮਾਲ ਸਕੇਲ ਆਦਿ ਬਹੁਤ ਹੀ ਘੱਟ ਵੇਖਣ ਨੂੰ ਮਿਲਦੇ ਹਨ। ਇਸਦੇ ਅਨੇਕਾਂ ਫਾਇਦੇ ਹਨ। ਮਸਲਨ, ਨਾ ਤਾਂ ਕਾਰੋਬਾਰ ਦਾ ਬੋਝ ਕਿਸੇ ਇੱਕ ਦੇ ਮੋਢਿਆਂ ’ਤੇ ਰਹਿੰਦਾ ਹੈ ਅਤੇ ਨਾ ਹੀ ਕਿਸੇ ਇੱਕ ਦੇ ਤੁਰ ਜਾਣ ਨਾਲ ਕਾਰੋਬਾਰ ਵਿੱਚ ਕੋਈ ਉਤਰਾਅ-ਚੜ੍ਹਾ ਆਉਂਦਾ ਹੈ। ਸਰਲ ਭਾਸ਼ਾ ਵਿੱਚ ਇਸ ਨੂੰ ਕਹਾਂਗੇ ਕਿ ਇਸ ਤਰ੍ਹਾਂ ਦੇ ਉਦਯੋਗ ਨਾ ਹੀ ਕਦੇ ਬੁੱਢੇ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਵੱਲੋਂ ਅਰੰਭੇ ਹੋਏ ਮਨਸੂਬੇ ਕਿਤੇ ਰੁਕਦੇ ਹਨ। ਕਿਉਂਕਿ ਇਹ ਕਾਰੋਬਾਰ ਇੱਕ ਨਿਰਧਾਰਤ ਵਿਧਾਨ ਅਨੁਸਾਰ ਅਤੇ ਸੰਗਠਨ-ਵਧ ਕੀਤੇ ਜਾਂਦੇ ਹਨ ਇਸ ਲਈ ਇੱਕ ਆਟੋਮੈਟਿਕ ਔਜ਼ਾਰ ਵਾਂਗ ਇਸਦੇ ਫੇਲ ਹੋਣ ਦੇ ਚਾਂਸ ਬਹੁਤ ਹੀ ਨਾਮਾਤਰ, ਪ੍ਰੰਤੂ ਆਏ ਦਿਨ ਤਰੱਕੀ ਵੱਲ ਜਾਣ ਦੇ ਬਹੁਤ ਜ਼ਿਆਦਾ ਹੁੰਦੇ ਹਨ। ਇਨ੍ਹਾਂ ਕਾਰੋਬਾਰਾਂ ਦਾ ਕੱਦ-ਕਾਠ ਅਤੇ ਦਾਇਰਾ ਬਹੁਤ ਵਿਸ਼ਾਲ ਹੁੰਦਾ ਹੈ ਇਸ ਲਈ ਇਨ੍ਹਾਂ ਨੂੰ ਯੋਗ ਮਾਹਰ, ਸਲਾਹਕਾਰ, ਤਕਨੀਕੀ ਨੁਸਖੇ, ਰੱਖ-ਰਖਾਵ ਦੇ ਸਾਧਨ, ਟਰੇਂਡ ਸਟਾਫ, ਮਜ਼ਦੂਰ ਆਦਿ ਬੜੀ ਹੀ ਆਸਾਨੀ ਨਾਲ ਉਪਲਬਧ ਹੋ ਜਾਂਦੇ ਹਨ ਜਾਂ ਇੰਨੇ ਵਿਸ਼ਾਲ ਪੱਧਰ ’ਤੇ ਹੁੰਦਿਆਂ ਇਹ ਸੰਸਥਾਵਾਂ ਆਪਣੇ ਵਸੀਲਿਆਂ ਨਾਲ ਇਹ ਸਭ ਨਾਲੋ ਨਾਲ ਖੁਦ ਹੀ ਤਿਆਰ ਕਰਨ ਦੇ ਯੋਗ ਹੋ ਜਾਂਦੀਆਂ ਹਨ। ਇਸ ਨਾਲ ਚੱਲ ਰਹੇ ਪ੍ਰੋਜੈਕਟ ਅਤੇ ਭਵਿੱਖ ਲਈ ਕੀਤੀਆਂ ਜਾ ਰਹੀਆਂ ਖੋਜਾਂ ਵਿੱਚ ਕਦੇ ਖੜੋਤ ਨਹੀਂ ਆਉਂਦੀ ਜਿਸ ਨਾਲ ਸੰਬੰਧਤ ਧਿਰਾਂ ਨੂੰ ਯੋਗ ਮੁਨਾਫ਼ਾ ਵੀ ਮਿਲਦਾ ਹੈ ਅਤੇ ਨਿਸ਼ਚਿਤ ਭਵਿੱਖ ਦਾ ਹੌਸਲਾ ਵੀ ਹਰਦਮ ਬਰਕਰਾਰ ਰਹਿੰਦਾ ਹੈ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਸ ਕਰਕੇ ਉਨ੍ਹਾਂ ਮੁਲਕਾਂ ਦੇ ਵਿਕਾਸ ਦੀ ਰਫਤਾਰ ਬਹੁਤ ਜ਼ਿਆਦਾ ਹੈ ਅਤੇ ਹਰ ਵਿਅਕਤੀ ਆਪਣੇ ਪੈਰਾਂ ’ਤੇ ਖੜ੍ਹਾ ਹੈ।

ਅਨੁਸ਼ਾਸਨ ਅਤੇ ਨਿਯਮ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸੂਚਨਾਵਾਂ, ਨਿਰਦੇਸ਼, ਨਿਯਮ, ਸੰਕੇਤ ਆਦਿ ਲਿਖਤੀ ਜਾਂ ਚਿੰਨਹਿੱਤ ਕਰਕੇ ਸੰਬੰਧਤ ਥਾਵਾਂ ’ਤੇ ਲਗਾ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਅਤੇ ਇੱਕ ਆਦਤ ਬਣ ਚੁੱਕੀ ਹੈ। ਜਿਵੇਂ ਆਵਾਜਾਈ ਦੇ ਨਿਯਮ, ਸਾਫ ਸਫਾਈ ਦੇ ਨਿਯਮ, ਕੋਈ ਬਿਪਤਾ ਆ ਜਾਣ ’ਤੇ ਲੋਕਾਂ ਨੂੰ ਸਹੀ ਸਲਾਮਤ ਰੱਖਣ ਲਈ ਇਹ ਲਿਖਤੀ ਨਿਯਮ ਹੀ ਕਾਫੀ ਹਨ। ਹਾਂ, ਕਿਸੇ ਵੀ ਨਿਯਮ ਦੀ ਉਲੰਘਣਾ ਅਤੇ ਅਣਗਹਿਲੀ ਹੋਣ ’ਤੇ ਉਸਦੀ ਬਣਦੀ ਸਜ਼ਾ ਜਾਂ ਜੁਰਮਾਨੇ ਦਾ ਸਾਹਮਣਾ ਬਿਨਾ ਕਿਸੇ ਭੇਦ-ਭਾਵ ਦੇ ਕਰਵਾਉਣਾ ਉਸ ਸੰਬੰਧਤ ਵਿਭਾਗ ਦਾ ਮੁੱਖ ਉਦੇਸ਼ ਹੁੰਦਾ ਹੈ। ਐਕਸੀਡੈਂਟ ਹੋਵੇ ਜਾਂ ਸੜਕ-ਪੁਲ ਆਦਿ ਦੀ ਮੁਰੰਮਤ, ਬਿਮਾਰੀ ਹੋਵੇ ਜਾਂ ਭਿਆਨਕ  ਅਪਦਾ, ਬੱਸ, ਲਿਖ ਕੇ ਦਿੱਤੇ ਹੋਏ ਨਿਰਦੇਸ਼ ਹੀ ਕਾਫੀ ਹਨ। ਕੋਈ ਘਰ ਘਰ ਜਾ ਕੇ ਦਰਵਾਜੇ ਖੜਕਾਉਣ ਦੀ ਜਾਂ ਪੈਰ-ਪੈਰ ’ਤੇ ਮੁਲਾਜ਼ਮ ਖੜ੍ਹੇ ਕਰਨ ਦੀ ਜ਼ਰੂਰਤ ਨਹੀਂ। ਇਸ ਨਾਲ ਸਮਾਂ ਅਤੇ ਇਨਸਾਨੀ ਊਰਜਾ ਦੀ ਬੇਇੰਤਹਾ ਬੱਚਤ ਹੁੰਦੀ ਹੈ ਅਤੇ ਦੁਰਘਟਨਾਵਾਂ ਤੋਂ ਵੀ ਬਚਾ ਰਹਿੰਦਾ ਹੈ। ਕੀ ਕਰਨਾ ਹੈ, ਕੀ ਨਹੀਂ ਕਰਨਾ, ਜਗ੍ਹਾ-ਜਗ੍ਹਾ ਸਾਰੇ ਸੰਕੇਤ ਅੰਕਤ ਕਰ ਦਿੱਤੇ ਜਾਂਦੇ ਹਨ। ਸੜਕ ਛੋਟੀ ਹੋਵੇ ਚਾਹੇ ਵੱਡੀ, ਪਿੰਡ ਦੀ, ਚਾਹੇ ਬਹੁਤ ਵੱਡੇ ਸ਼ਹਿਰ ਦੀ, ਆਵਾਜਾਈ ਦੇ ਅਸੂਲ ਸਭ ਜਗ੍ਹਾ ਬਰਾਬਰ ਹਨ। ਕਿਸ ਗੱਡੀ ਨੇ ਕਿੰਨੀ ਰਫਤਾਰ ’ਤੇ ਚੱਲਣਾ ਹੈ, ਕਿੰਨੀ ਰਫਤਾਰ ਵਾਲੇ ਨੇ ਕਿਸ ਲਾਈਨ ਵਿੱਚ ਚੱਲਣਾ ਹੈ। ਕਿਸ ਨੇ ਪਹਿਲਾਂ ਚੱਲਣਾ ਹੈ, ਕਿਸ ਨੇ ਕਿਸ ਨੂੰ ਰਸਤਾ ਦੇਣਾ ਹੈ, ਕਿਸ ਸੜਕ ’ਤੇ ਕਿਹੜੀ ਕਿਸਮ ਦੀਆਂ ਗੱਡੀਆਂ ਵਰਜਤ ਹਨ। ਬਾਈਸਾਇਕਲ ਕਿਸ ਲਾਈਨ ਵਿੱਚ ਚਲਾ ਸਕਦੇ ਹੋ, ਮੋਟਰਸਾਈਕਲ ਕਿੱਥੇ ਚਲਾ ਸਕਦੇ ਹੋ। ਕਿੱਥੇ ਪੈਦਲ ਚੱਲਣਾ ਹੈ। ਕਿੱਥੇ ਗੱਡੀ ਖੜ੍ਹੀ ਕਰ ਸਕਦੇ ਹੋ, ਕਿੱਥੇ ਬਿਲਕੁਲ ਵੀ ਨਹੀਂ। ਕਿੱਥੋਂ ਸੜਕ ਪਾਰ ਕਰਨੀ ਹੈ ਅਤੇ ਕਿੱਥੋਂ ਨਹੀਂ ਕਰਨੀ, ਇਸ ਬਾਰੇ ਸਭ ਨੂੰ ਬਕਾਇਦਾ ਸਿੱਖਿਅਤ ਕੀਤਾ ਜਾਂਦਾ ਹੈ। ਨਾ ਕਿਸੇ ਨੂੰ ਹਾਰਨ ਵਜਾਉਣ ਅਤੇ ਨਾ ਕਿਸੇ ’ਤੇ ਕਲਪਣ ਦੀ ਲੋੜ।

ਨਾ ਕਿਤੇ ਨਾਜਾਇਜ਼ ਕਬਜ਼ੇ, ਨਾ ਰੇੜ੍ਹੀਆਂ-ਫੜ੍ਹੀਆਂ। ਕਾਨੂੰਨ ਅਤੇ ਅਸੂਲਾਂ ਦੀ ਪਾਲਣਾ ਉਹ ਲੋਕ ਕਿਸੇ ਡਰ ਜਾਂ ਵਿਖਾਵੇ ਲਈ ਨਹੀਂ ਬਲਕਿ ਫਖਰ ਅਤੇ ਫਰਜ਼ ਸਮਝ ਕੇ ਕਰਦੇ ਹਨ। ਸਰਕਾਰੀ ਸਹੂਲਤਾਂ ਹਾਸਲ ਕਰਨ ਲਈ ਕੋਈ ਐਸੋਸੀਏਸ਼ਨਾਂ ਜਾਂ ਕਮੇਟੀਆਂ ਬਣਾ ਕੇ ਮੈਮੋਰੰਡਮ ਨਹੀਂ ਭੇਜਣੇ ਪੈਂਦੇ। ਬੱਸ ਸੰਬੰਧਤ ਵਿਭਾਗ ਨੂੰ ਸੂਚਤ ਕਰ ਦੇਣਾ ਹੀ ਕਾਫੀ ਹੁੰਦਾ ਹੈ। ਸਰਕਾਰਾਂ ਅਤੇ ਵਿਭਾਗਾਂ ਨੂੰ ਮਨਵਾਉਣ ਲਈ ਜਲਸੇ, ਜਲੂਸ, ਧਰਨੇ, ਰੈਲੀਆਂ ਨਹੀਂ ਕਰਨੀਆਂ ਪੈਂਦੀਆਂ। ਕਿਧਰੇ ਵੀ ਭਾਸ਼ਣਾਂ, ਨਾਅਰਿਆਂ ਦੀ ਰਾਜਨੀਤੀ ਨਹੀਂ। ਵੀਆਈਪੀ ਕਲਚਰ ਨਹੀਂ। ਕੋਈ ਨੀਂਹ ਪੱਥਰ, ਉਦਘਾਟਨਾਂ ਦੇ ਵਿਖਾਵੇ ਨਹੀਂ। ਜੋ ਵੀ ਕਰਨਾ ਹੈ ਠੋਸ ਅਤੇ ਆਤਮ ਵਿਸ਼ਵਾਸ ਨਾਲ ਕਰਨਾ ਹੈ।

ਜਿਵੇਂ ਉੱਪਰ ਲਿਖਿਆ ਹੈ ਕਿ ਉੱਥੇ ਵੇਹਲੜ੍ਹਪੁਣੇ ਦੀ ਸੰਸਕ੍ਰਿਤੀ ਹੀ ਨਹੀਂ ਹੈ, ਨਾ ਹੀ ਅੰਧ ਵਿਸ਼ਵਾਸ, ਨਾ ਸੁੱਖਣਾ, ਨਾ ਮੰਨਤਾਂ, ਨਾ ਪੰਡਤ-ਪ੍ਰੋਹਿਤ, ਨਾ ਬਾਬੇ-ਸ਼ਾਅਬੇ, ਨਾ ਕੁੰਭ ਦੇ ਮੇਲੇ, ਨਾ ਤੀਰਥ ਯਾਤਰਾਵਾਂ, ਨਾ ਨਗਰ-ਕੀਰਤਨ, ਨਾ ਸ਼ੋਭਾ-ਯਾਤਰਾਵਾਂ, ਨਾ ਸ਼ਤਾਬਦੀਆਂ, ਨਾ ਬੇਅਦਬੀਆਂ, ਨਾ ਹਵਨ ਯੱਗ, ਨਾ ਲੰਗਰ-ਛਬੀਲਾਂ। ਨਾ ਹੀ ਉਸ ਸਭਿਅਤਾ ਵਿੱਚ ਖੁਸਰੇ, ਭੰਡ, ਨਾ ਘਰਾਂ-ਦੁਕਾਨਾਂ ਤਕ ਆਓਂਦੇ ਮੰਗਤੇ। ਨਾ ਹੀ ਟੱਲੀਆਂ ਵਾਲੇ, ਤੇਲ ਮੰਗਣ ਵਾਲੇ, ਕੋਹੜੀ, ਪੀਰ ਬਾਬੇ। ਐਸਾ ਕੁਝ ਵੀ ਨਹੀਂ ਹੈ। ਉਹ ਪੱਥਰਾਂ ਦੀ ਕਦਰ ਜਾਣਦੇ ਹਨ ਪਰ ਉਨ੍ਹਾਂ ਨੂੰ ਮੱਥੇ ਨਹੀਂ ਟੇਕਦੇ, ਉਨ੍ਹਾਂ ਉੱਤੇ ਤੇਲ ਨਹੀਂ ਚੜ੍ਹਾਉਂਦੇ, ਉਨ੍ਹਾਂ ਤੋਂ ਊਰਜਾ ਪ੍ਰਾਪਤ ਕਰਦੇ ਹਨ। ਹਵਾ, ਪਾਣੀ, ਸੂਰਜ ਦੇ ਨਾਂ ’ਤੇ ਮੰਦਰ, ਡੇਰੇ, ਪੀਰਗਾਹਾਂ, ਸ਼ਹੀਦਾਂ ਦੇ ਅਸਥਾਨ ਨਹੀਂ ਉਸਾਰਦੇ। ਹਵਾ ਵਿੱਚ ਪਵਨ-ਮਿੱਲਾਂ ਲਗਾ ਕੇ ਬਿਜਲੀ ਪ੍ਰਾਪਤ ਕਰਦੇ ਹਨ। ਪਾਣੀ ਦੇ ਸਰੋਤਾਂ ਤੇ ਸਮਗਰੀਆਂ, ਸਿੱਕੇ ਸੁੱਟਣ ਦੀ ਬਜਾਇ ਉੱਥੇ ਛੋਟੇ-ਵੱਡੇ ਡੈਮ ਉਸਾਰ ਕੇ ਬਿਜਲੀ ਪੈਦਾ ਕਰਦੇ ਹਨ। ਸੂਰਜ ਨੂੰ ਜਲ ਚੜ੍ਹਾ ਕੇ ਅਤੇ ਉਸ ਅੱਗੇ ਮੱਥੇ ਨਹੀਂ ਟੇਕਦੇ, ਉਸਦੀ ਊਰਜਾ ਨਾਲ ਵੀ ਬਿਜਲੀ ਪੈਦਾ ਕਰਦੇ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਨ੍ਹਾਂ ਤੋਂ ਇਹ ਸਾਰੇ ਲਾਭ ਉਹ ਆਪ ਵੀ ਲੈਂਦੇ ਹਨ ਅਤੇ ਇਹ ਤਕਨੀਕਾਂ ਪੂਰੀ ਦੁਨੀਆ ਵਿੱਚ ਵੀ ਵੰਡਦੇ ਹਨ।

ਉਤਪਾਦਕਤਾ ਦਾ ਮੁਕਾਬਲਾ ਕਰਨ ਲਈ ਕੋਈ ਵੀ ਉਦਾਹਰਣ ਲੈ ਲਈਏ - ਮਸਲਨ ਤਕਨੀਕ, ਕਾਬਲੀਅਤ ਅਤੇ ਮਿਥੇ ਅਸੂਲਾਂ ’ਤੇ ਚੱਲਦਿਆਂ ਉੱਥੇ ਇੱਕੋ ਬੱਸ ਡਰਾਈਵਰ, ਬੱਸ ਨੂੰ ਚਲਾਉਂਦਾ ਵੀ ਹੈ, ਟਿਕਟਾਂ ਵੀ ਕੱਟਦਾ ਹੈ, ਸਵਾਰੀਆਂ ਉਤਾਰਦਾ ਚੜ੍ਹਾਉਂਦਾ ਵੀ ਹੈ ਅਤੇ ਇਸ ਤੋਂ ਵੀ ਉੱਪਰ ਅੰਦਰ ਬੈਠੀਆਂ ਸਵਾਰੀਆਂ ਅਤੇ ਸੜਕ ’ਤੇ ਚੱਲ ਰਹੀ ਆਵਾਜਾਈ ਦੀ ਸੁਰੱਖਿਆ ਦਾ ਵੀ ਬਾਖ਼ੂਬੀ ਧਿਆਨ ਰੱਖਦਾ ਹੈ। ਤਕਨੀਕ ਅਤੇ ਕਾਬਲੀਅਤ ਸਦਕਾ ਹੀ, ਇੱਕ, ਇਕੱਲਾ ਵਿਅਕਤੀ ਗਲੀ-ਮਹੱਲੇ ਦੀਆਂ ਹੀ ਨਹੀਂ, ਬਲਕਿ ਸਾਰੇ ਇਲਾਕੇ ਦੀਆਂ ਗਲੀਆਂ, ਸੜਕਾਂ ਬਿਨਾ ਧੂੜ-ਮਿੱਟੀ ਉਡਾਉਂਦਿਆਂ ਅਤੇ ਕੋਈ ਵਾਧੂ ਖਿਲਾਰਾ ਪਾਉਂਦਿਆਂ ਸਾਫ਼ ਕਰ ਜਾਂਦਾ ਹੈ। ਉੱਥੇ ਸੜਕਾਂ ਦੀ ਸਫਾਈ ਵੀ ਹਫਤੇ ਵਿੱਚ ਇੱਕ ਵਾਰ ਕੀਤੀ ਕਾਫੀ ਹੁੰਦੀ ਹੈ ਕਿਉਂਕਿ ਹਰ ਸ਼ਹਿਰੀ ਅਤੇ ਹਰ ਇਲਾਕੇ ਲਈ ਬਿਨਾ ਕਿਸੇ ਭੇਦ-ਭਾਵ ਦੇ ਕਾਨੂੰਨ ਅਤੇ ਅਸੂਲ ਨਿਰਧਾਰਤ ਹਨ, ਜਿਨ੍ਹਾਂ ਦੀ ਪਾਲਣਾ ਨਾਗਰਿਕ ਅਤੇ ਪ੍ਰਸ਼ਾਸਨ ਦੋਵੇਂ ਬਰਾਬਰ ਕਰਦੇ ਹਨ। ਇਸੇ ਤਰ੍ਹਾਂ ਪੂਰੇ ਇਲਾਕੇ ਜਾਂ ਸਾਰੇ ਘਰਾਂ ਦਾ ਕੂੜਾ ਵੀ ਇੱਕੋ ਵਿਅਕਤੀ ਚੁੱਕ ਕੇ ਲੈ ਜਾਂਦਾ ਹੈ, (ਉਹ ਵੀ ਹਫਤੇ ਵਿੱਚ ਇੱਕ ਦੋ ਵਾਰ ਹੀ ਕਾਫੀ ਹੁੰਦਾ ਹੈ) ਕਿਉਂਕਿ ਉਸ ਕੋਲ ਵੀ ਇਸ ਨਾਲ ਸੰਬੰਧਤ ਯੋਗ ਤਕਨੀਕ ਅਤੇ ਮਾਹਰ ਸਟਾਫ ਹੈ। ਇੱਕ ਕਹਾਵਤ ਹੈ, “ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ।” ਕਈ ਵਿਭਾਗਾਂ ਦੇ ਆਪਸੀ ਤਾਲਮੇਲ ਅਤੇ ਸਹਿਯੋਗ ਦੇ ਨਮੂਨੇ ਵੇਖਕੇ ਲਗਦਾ ਹੈ ਕਿ ਕਈ ਕੰਮ ਤਾਂ ਇਸ ਤੋਂ ਵੀ ਸੌਖੇ ਨਿਪਟ ਜਾਂਦੇ ਹਨ। ਉਦਾਹਰਣ ਵਜੋਂ ਉੱਧਰ ਬਿਜਲੀ ਦੀਆਂ ਤਾਰਾਂ ਵਾਲੇ ਉੱਚੇ-ਉੱਚੇ ਟਾਵਰਾਂ ਦੀਆਂ ਚੋਟੀਆਂ ਉੱਪਰ ਮੋਬਾਇਲ ਕੰਪਨੀਆਂ ਦੇ ਐਨਟੀਨੇ ਅਤੇ ਥੱਲੇ ਟਰਾਂਸਮੀਟਰ ਲੱਗੇ ਆਮ ਹੀ ਵੇਖੇ ਜਾ ਸਕਦੇ ਹਨ। ਜਗ੍ਹਾ ਦਾ ਵੀ ਸਦਉਪਯੋਗ ਅਤੇ ਸਾਂਭ ਸੰਭਾਲ ਦੀ ਵੀ ਬੱਚਤ। ਬੱਸ ਇਨ੍ਹਾਂ ਉਪਰੋਕਤ ਦਰਸਾਈਆਂ ਗਈਆਂ ਦੋ ਉਦਾਹਰਣਾਂ ਨੂੰ ਹੀ ਜਿਹੜੇ ਮਰਜ਼ੀ ਖੇਤਰ ਨਾਲ ਜੋੜ ਲਵੋ, ਹਿਸਾਬ ਅਤੇ ਜਵਾਬ ਇਸੇ ਨਾਲ ਰਲਦਾ ਮਿਲਦਾ ਹੀ ਨਿਕਲੇਗਾ।

ਉੱਥੇ ਇੱਕ ਦੂਜੇ ਉੱਤੇ ਨਿਰਭਰਤਾ ਦੀ ਦਰ ਬਹੁਤ ਹੀ ਘੱਟ, ਬਲਕਿ ਨਾਂਹ ਦੇ ਬਰਾਬਰ ਹੈ। ਜਿਵੇਂ ਘਰ ਵਿੱਚ ਜੇ ਪਤੀ, ਪਤਨੀ ਤੇ ਦੋ ਛੋਟੇ ਬੱਚਿਆਂ ਸਮੇਤ ਚਾਰ ਜੀਅ ਹਨ ਤਾਂ ਉਨ੍ਹਾਂ ਵਿੱਚੋਂ ਦੋਵੇਂ ਪਤੀ ਅਤੇ ਪਤਨੀ ਕਮਾਈ ਕਰਦੇ ਹਨ। ਉੱਥੇ ਪਤਨੀ ਨੂੰ ਸਿਰਫ ਘਰ ਵਿੱਚ ਰੋਟੀ ਪਕਾਉਣ, ਕੱਪੜੇ ਧੋਣ ਜਾਂ ਸਾਫ ਸਫ਼ਾਈ ਦਾ ਕਿਰਦਾਰ ਨਹੀਂ ਬਣਾਇਆ ਗਿਆ, ਬਲਕਿ ਘਰ ਦਾ ਛੋਟਾ-ਵੱਡਾ ਹਰ ਕੰਮ, ਪਤੀ-ਪਤਨੀ ਦੋਵੇਂ ਮਿਲਕੇ ਕਰਦੇ ਹਨ। ਠੀਕ ਹੈ ਕਿ ਅੱਜ ਸਾਡੇ ਵੀ ਸ਼ਹਿਰਾਂ, ਕਸਬਿਆਂ ਵਿੱਚ ਪਤੀ ਪਤਨੀ ਦੋਵੇਂ ਜਾਂ ਘਰ ਦੇ ਲੜਕੇ-ਲੜਕੀਆਂ ਘਰੋਂ ਬਾਹਰ ਨੌਕਰੀਆਂ ਕਰਦੇ ਹਨ ਪ੍ਰੰਤੂ ਇਨ੍ਹਾਂ ਨੂੰ ਆਪਣੇ ਘਰ ਦੀ ਸਾਫ ਸਫਾਈ, ਝਾੜੂ-ਪੋਚੇ, ਖਾਣਾ ਬਣਾਉਣ, ਭਾਂਡੇ-ਬਰਤਨ ਸਾਫ ਕਰਨ ਲਈ ਨੌਕਰਾਣੀਆਂ, ਕੰਮ-ਵਾਲੀਆਂ ਰੱਖਣੀਆਂ ਪੈਂਦੀਆਂ ਹਨ। ਪ੍ਰੰਤੂ ਉੱਥੇ ਇਹ ਕਲਚਰ ਬਿਲਕੁਲ ਹੀ ਨਹੀਂ ਹੈ, ਕਿਉਂਕਿ ਇੱਕ ਤਾਂ ਰਹਿਣ ਸਹਿਣ ਆਧੁਨਿਕ ਹੈ, ਉੱਪਰੋਂ ਪ੍ਰਦੂਸ਼ਣ, ਧੂੜ-ਮਿੱਟੀ ਨਾਂਹ ਦੇ ਬਰਾਬਰ ਹੈ। ਇਸ ਲਈ ਘਰਾਂ ਦੀਆਂ ਸਾਫ-ਸਫਾਈਆਂ ਹਫਤੇ ਵਿੱਚ ਇੱਕ ਵਾਰ ਕਰ ਲੈਣੀਆਂ ਹੀ ਕਾਫੀ ਹੁੰਦੀਆਂ ਹਨ। ਪ੍ਰਦੂਸ਼ਣ ਰਹਿਤ ਵਾਤਾਵਰਣ ਹੋਣ ਕਰਕੇ ਕੱਪੜੇ ਵੀ ਹਫਤੇ ਵਿੱਚ ਇੱਕੋ ਵਾਰ ਧੋਤੇ ਕਾਫੀ ਹਨ ਕਿਉਂਕਿ ਰੋਜ਼ ਪਹਿਨਣ ਵਾਲੇ ਕੱਪੜੇ ਮੈਲੇ ਹੀ ਨਹੀਂ ਹੁੰਦੇ। ਇਸੇ ਲਈ, ਇਹ ਸਾਰਾ ਕੁਝ, ਹਫਤੇ ਵਿੱਚ ਪੰਜ ਦਿਨ ਕੰਮ ਕਰਨ ਵਾਲਾ ਪਰਿਵਾਰ ਬੜੀ ਆਸਾਨੀ ਨਾਲ ਅਤੇ ਖੁਸ਼ੀ-ਖੁਸ਼ੀ ਆਪਣੇ ਆਪ ਨਿਭਾਅ ਲੈਂਦਾ ਹੈ।

ਜੇ ਕਾਨੂੰਨ ਅਤੇ ਅਨੁਸ਼ਾਸਨ ਦਾ ਜ਼ਿਕਰ ਕਰੀਏ, ਮੰਨ ਲਵੋ ਕਿਸੇ ਦੇ ਘਰ, ਦੁਕਾਨ, ਸਟੋਰ, ਦਫਤਰ ਜਾਂ ਫੈਕਟਰੀ ਵਿੱਚ ਚੋਰੀ ਜਾਂ ਐਸੀ ਕੋਈ ਵਾਰਦਾਤ, ਦੁਰਘਟਨਾ ਹੋ ਜਾਂਦੀ ਹੈ, ਜਾਂ ਤੁਸੀਂ ਕਿਸੇ ਚੋਰ ਨੂੰ ਆਪਣੇ ਅੰਦਰ ਕੋਈ ਚੋਰੀ ਕਰਦਿਆਂ ਫੜ ਲੈਂਦੇ ਹੋ, ਤਾਂ ਤੁਹਾਡਾ ਕੰਮ ਸਿਰਫ ਇੰਨਾ ਹੀ ਹੈ ਕਿ ਸੰਬੰਧਤ ਅਧਿਕਾਰੀਆਂ ਨੂੰ ਫੋਨ ਕਰੋ, ਜਾਂ ਬੁਲਾ ਕੇ ਸਾਰਾ ਮਾਮਲਾ ਦੱਸੋ, ਮੌਕਾ-ਏ-ਵਾਰਦਾਤ ਵਿਖਾ ਦੇਵੋ, ਜਾਂ ਪਕੜਿਆ ਚੋਰ ਉਸਦੇ ਹਵਾਲੇ ਕਰ ਦੇਵੋ। ਬੱਸ ਤੁਹਾਡਾ ਫਰਜ਼ ਪੂਰਾ ਹੋਇਆ। ਬਾਕੀ ਸਾਰੀ ਕਾਰਵਾਈ ਸੰਬੰਧਤ ਅਧਿਕਾਰੀਆਂ ਦੀ ਹੈ। ਨਾ ਝੂਠੀਆਂ ਰਿਪੋਰਟਾਂ, ਨਾ ਥਾਣਿਆਂ ਦੇ ਚੱਕਰ, ਨਾ ਕੋਰਟ-ਕਚਹਿਰੀਆਂ ਦੀਆਂ ਤਰੀਕਾਂ, ਨਾ ਵਕੀਲਾਂ, ਗਵਾਹੀਆਂ ਦੀ ਖੱਜਲ ਖੁਆਰੀਆਂ ਅਤੇ ਨਾ ਹੀ ਕੋਈ ਸਮਝੌਤਿਆਂ, ਬਾਹੂਬਲੀਆਂ ਦਾ ਦਬਾਅ। ਨਾ ਹੀ ਕਿਸੇ ਸਰਪੰਚ, ਨੰਬਰਦਾਰ, ਕੌਂਸਲਰ ਜਾਂ ਮੋਹਤਬਰ ਨੂੰ ਗਵਾਹ ਬਣਾ ਕੇ ਨਾਲ ਲੈ ਜਾਣ ਦੀ ਲੋੜ। ਹਾਂ, ਕਦੇ ਕਿਸੇ ਖ਼ਾਸ ਕੇਸ ਵਿੱਚ ਜੇ ਜ਼ਰੂਰਤ ਪੈ ਵੀ ਜਾਵੇ ਤਾਂ ਇੱਕ-ਅੱਧ ਵਾਰ ਤੁਹਾਨੂੰ ਅਦਾਲਤ ਵੱਲੋਂ ਕਿਸੇ ਗਵਾਹੀ ਲਈ ਬੁਲਾਇਆ ਜਾ ਸਕਦਾ ਹੈ, ਬੱਸ। ਪਰਿਵਾਰਕ ਖਿੱਚੋਤਾਣ, ਝਗੜੇ ਨਾਮਾਤਰ ਹਨ। ਕਿਉਂਕਿ ਉੱਥੇ ਹਰ ਵਿਅਕਤੀ ਆਪਣੇ ਪੈਰਾਂ ਉੱਪਰ ਖੜ੍ਹਾ ਹੈ ਇਸ ਲਈ ਉਨ੍ਹਾਂ ਕੌਮਾਂ ਨੂੰ ਸ਼ਰੀਕੇ-ਬਾਜ਼ੀਆਂ, ਗਿਲੇ-ਸ਼ਿਕਵੇ, ਰੰਜਿਸ਼ਾਂ ਜਾਂ ਕਿੜਾਂ ਕੱਢਣ ਦੀ ਕਦੇ ਜ਼ਰੂਰਤ ਹੀ ਨਹੀਂ ਪੈਂਦੀ। ਜਾਤ-ਬਰਾਦਰੀਆਂ ਦੇ ਝਗੜੇ-ਝਮੇਲੇ ਨਹੀਂ, ਖਾਨਦਾਨੀ ਦੁਸ਼ਮਣੀਆਂ ਨਹੀਂ। ਗਾਲੀ-ਗਲੋਚ, ਇੱਜ਼ਤਾਂ ਲਈ ਬਦਲੇ ਲੈਣ ਦੀ ਸੋਹਬਤ ਨਹੀਂ। ਵੱਟਾਂ ਜਾਂ ਘਰਾਂ-ਦੁਕਾਨਾਂ ਦੀ ਵੰਡ ਦੇ ਝਗੜੇ ਨਹੀਂ। ਦਾਜ-ਦਹੇਜ ਦੀਆਂ ਦੁਸ਼ਵਾਰੀਆਂ ਨਹੀਂ, ਮਹੱਲਿਆਂ ਦੀਆਂ ਲੜਾਈਆਂ ਵਰਗੀਆਂ ਗੱਲਾਂ ਬਹੁਤ ਹੀ ਨਾਮਾਤਰ ਹਨ। ਬਹੁਤੇ ਗਿਲੇ-ਸ਼ਿਕਵੇ ਤਾਂ ਉਨ੍ਹਾਂ ਦੀ “ਹੈਲੋ-ਹਾਇ, ਸੌਰੀ-ਥੈਂਕਯੂ” ਨਾਲ ਹੀ ਨਿਪਟ ਜਾਂਦੇ ਹਨ।

ਸਿਹਤ ਸੰਸਥਾਨਾਂ ਬਾਰੇ ਵੀ ਉੱਥੇ ਕੁਝ ਇੱਕ ਦੋ ਸਿਹਤ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰੀ, ਸਭ ਲਈ ਬਰਾਬਰ, ਮਿਆਰੀ ਅਤੇ ਮੁਫ਼ਤ ਜਾਂ ਫਿਰ ਕਿਸੇ ਸੇਵਾ-ਸਹੂਲਤ ਦੇ ਅਧੀਨ ਆਉਂਦੀਆਂ ਹਨ। ਇਹ ਸੇਵਾਵਾਂ, ਨਿਸ਼ਕਾਮ ਸੰਸਥਾਵਾਂ ਵਾਂਗ ਜਨਮ ਤੋਂ ਲੈ ਕੇ ਮੌਤ ਤਕ, ਮੁਢਲੀ ਤੋਂ ਐਮਰਜੈਂਸੀ ਸੇਵਾ ਤਕ, ਹਰ ਤਰ੍ਹਾਂ ਦੀ ਸਿਹਤ-ਸੰਭਾਲ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ, ਬਿਨਾ ਕਿਸੇ ਲਾਲਚ ਜਾਂ ਸ਼ੋਸ਼ਣ ਦੇ। ਵੈਸੇ ਅੱਜਕੱਲ ਕੁਝ ਬਾਹਰੋਂ ਨਵੇਂ ਵਸੇ ਲੋਕ ਕਈ ਕਾਰਨਾਂ ਕਰਕੇ ਉੱਧਰ ਮਿਲਦੀਆਂ ਇਨ੍ਹਾਂ ਡਾਕਟਰੀ ਸੇਵਾਵਾਂ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਉਹ ਉੱਥੇ ਵੀ ਡਾਕਟਰ ਨੂੰ ਬਿਮਾਰੀ ਦੱਸਦਿਆਂ ਹੀ ਆਪਣੀਆਂ ਮਨਪਸੰਦ ਦਵਾਈਆਂ ਲਿਖਵਾਉਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਕਈ ਚੈੱਕਅੱਪ ਕਰਵਾਉਣ ਜਾਂ ਇਲਾਜ ਲਈ ਡਾਕਟਰ ਤੋਂ ਮਿਲੀ ਲੰਬੀ ਇੰਤਜ਼ਾਰ ਦੇ ਆਦੀ ਨਹੀਂ ਹਨ। ਉੱਥੇ ਡਾਕਟਰ ਮਰੀਜ਼ ਨੂੰ ਸਿਰਫ ਨਿਰਧਾਰਤ ਅਤੇ ਜ਼ਰੂਰਤ ਦੀਆਂ ਦਵਾਈਆਂ ਹੀ ਦਿੰਦਾ ਹੈ ਜੋ ਉੱਥੋਂ ਦੇ ਸਿਸਟਮ ਦਾ ਇੱਕ ਹਿੱਸਾ ਹੈ। ਨਾ ਉਹ ਬਹੁਤੀ ਆਪਣੀ ਮਰਜ਼ੀ ਕਰ ਸਕਦਾ ਹੈ ਅਤੇ ਨਾ ਹੀ ਕਿਸੇ ਦੇ ਮੰਗਣ ਅਨੁਸਾਰ ਦਵਾਈ ਲਿਖ ਕੇ ਦੇ ਸਕਦਾ ਹੈ। ਮਿਆਰੀ ਸਿਹਤ ਸੰਸਥਾਵਾਂ ਹਨ, ਜਿਨ੍ਹਾਂ ਤੋਂ ਨਾ ਡਾਕਟਰ ਬਾਹਰ ਜਾ ਸਕਦੇ ਹਨ ਨਾ ਹੀ ਕੋਈ ਮਨਮਰਜ਼ੀ ਦੀ ਦਵਾਈ ਖਰੀਦੀ ਜਾਂ ਹਾਸਲ ਕੀਤੀ ਜਾ ਸਕਦੀ ਹੈ। ਬੇਸ਼ਕ ਇਸ ਸਿਸਟਮ ਨੂੰ ਉੱਥੇ ਨਵੇਂ ਵਸੇ ਸਾਡੇ ਲੋਕ ਬਹੁਤ ਪਸੰਦ ਨਹੀਂ ਕਰਦੇ ਪਰ ਆਦੀ ਅਤੇ ਪੁਰਾਣੇ ਵਸਨੀਕ ਇਸ ਨੂੰ ਆਪਣੀਆਂ ਲੋੜਾਂ ਮੁਤਾਬਕ ਬਿਲਕੁਲ ਦਰੁਸਤ ਅਤੇ ਵਾਜਬ ਮੰਨਦੇ ਹਨ।

ਬੱਚਿਆਂ ਲਈ ਵਿੱਦਿਆ-ਪੜ੍ਹਾਈ ਦੀ ਗੱਲ ਕਰੀਏ ਤਾਂ ਪਹਿਲੀ ਜਮਾਤ ਤੋਂ ਲੈ ਕੇ ਹਾਈ ਸਕੂਲ ਤਕ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਵਿੱਦਿਆ ਹੀ ਨਹੀਂ ਬਲਕਿ ਵਿਦਿਆਰਥੀ ਲਈ ਕੁਝ ਵਜ਼ੀਫੇ ਆਦਿ ਵੀ ਨਿਰਧਾਰਤ ਹਨ ਅਤੇ ਇਹ ਵਜ਼ੀਫੇ, ਜਮਾਤ ਵਿੱਚ ਹਰ ਵਿਦਿਆਰਥੀ ਲਈ ਬਰਾਬਰ ਹਨ। ਕੋਈ ਅਮੀਰ-ਗਰੀਬ, ਜਾਤ-ਬਰਾਦਰੀ, ਲਾਇਕ-ਨਲਾਇਕ ਦਾ ਸਵਾਲ ਨਹੀਂ। ਸਾਰੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਇੱਕੋ ਮਿਆਰ ਦੀ ਹੁੰਦੀ ਹੈ। ਹਰ ਸਕੂਲ ਲਈ ਯੋਗ ਅਧਿਆਪਕ ਅਤੇ ਮਾਹਰ, ਇਮਾਰਤਾਂ, ਫਰਨੀਚਰ, ਗਰਮ-ਸਰਦ ਮੌਸਮ ਅਨੁਸਾਰ ਅਨੁਕੂਲ ਸਹੂਲਤਾਂ, ਕਾਪੀਆਂ, ਕਿਤਾਬਾਂ, ਵਿਦਿਆਰਥੀਆਂ ਦੇ ਪ੍ਰਯੋਗ ਕਰਨ ਲਈ ਲੈਬੈਟਰੀਆਂ, ਲਾਇਬ੍ਰੇਰੀਆਂ ਦਾ ਹਰ ਜ਼ਰੂਰੀ ਸਮਾਨ, ਸਾਫ ਸੁਥਰੇ ਖੇਡ ਮੈਦਾਨ, ਕੋਚ, ਮਨੋਰੰਜਨ, ਸਭ ਕੁਝ ਹਾਜ਼ਰ-ਨਾਜ਼ਰ ਹੁੰਦਾ ਹੈ। ਉੱਥੋਂ ਦਾ ਹਰ ਬੱਚਾ ਸਕੂਲ ਜਾਂਦਾ ਹੈ। ਕੋਈ ਵਿਰਲੇ-ਵਾਂਝੇ ਮਾਂ-ਬਾਪ ਹੋਣਗੇ ਜੋ ਕਿਸੇ ਕਾਰਨ ਕਰਕੇ ਆਪਣੇ ਬੱਚੇ ਨੂੰ ਕਿਸੇ ਪ੍ਰਾਈਵੇਟ, ਮਹਿੰਗੇ ਅਤੇ ਦੂਰ ਦੁਰਾਡੇ ਦੇ ਸਕੂਲ ਵਿੱਚ ਪੜ੍ਹਾਉਂਦੇ ਹਨ। ਹਰ ਸਕੂਲ ਇਲਾਕੇ ਦੇ ਹਿਸਾਬ ਨਾਲ ਅਬਾਦੀ ਦੀ ਗਿਣਤੀ ਅਤੇ ਦੂਰੀ ਨੂੰ ਮੁੱਖ ਰੱਖ ਕੇ ਬਣਾਇਆ ਜਾਂਦਾ ਹੈ, ਜਿੱਥੇ ਬੱਚਾ ਪੈਦਲ ਅਤੇ ਆਸਾਨੀ ਨਾਲ ਪਹੁੰਚ ਸਕੇ। ਹਾਂ, ਕਈ ਵੇਰ ਕਿਸੇ ਖ਼ਾਸ ਕਾਰਨ ਕਰਕੇ ਜੇ ਕਿਸੇ ਅਬਾਦੀ ਜਾਂ ਬੱਚੇ ਦੇ ਘਰ ਤੋਂ ਸਕੂਲ ਦੀ ਦੂਰੀ ਨਿਰਧਾਰਤ ਫਾਸਲੇ ਤੋਂ ਜ਼ਿਆਦਾ ਹੈ, ਤਾਂ ਉੱਥੇ ਬੱਚੇ ਨੂੰ ਸਕੂਲ ਲੈ ਜਾਣ ਅਤੇ ਵਾਪਸ ਘਰ ਛੱਡਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ। ਮਤਲਬ ਹਰ ਬੱਚੇ ਲਈ ਉਸਦੇ ਘਰ ਤੋਂ ਇੱਕ ਨਿਰਧਾਰਤ ਦੂਰੀ ਤਕ ਸਕੂਲ ਬਣਾ ਕੇ ਦੇਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਨ੍ਹਾਂ ਸਾਰੇ ਸਕੂਲਾਂ ਦੀ ਪੜ੍ਹਾਈ ਇੱਕੋ ਦਰਜੇ ਦੀ ਹੁੰਦੀ ਹੈ। ਛੋਟੇ ਬੱਚਿਆਂ ਲਈ ਨਾ ਕੋਈ ਹੋਮ ਵਰਕ, ਨਾ ਆਪਸੀ ਕੰਪੀਟੀਸ਼ਨ, ਨਾ ਟਿਊਸ਼ਨਾਂ ਦੀਆਂ ਦੌੜਾਂ। ਪੜ੍ਹਾਈ ਦੌਰਾਨ ਹੀ, ਤਕਰੀਬਨ ਹਾਈ ਸਕੂਲ ਪਾਸ ਕਰਦਿਆਂ, ਹਰ ਬੱਚਾ, ਵਿਦਿਆਰਥੀਆਂ ਲਈ ਨਿਰਧਾਰਤ ਕਿਸੇ ਨਾ ਕਿਸੇ ਕਿੱਤੇ ਨੂੰ ਆਪਣਾ ਕੇ ਆਪਣੀ ਯੋਗਤਾ ਜ਼ਾਹਰ ਕਰਨ ਅਤੇ ਆਪਣੇ ਮਨੋਬਲ ਨੂੰ ਪ੍ਰੇਰਨ ਲਾਇਕ ਬਣ ਜਾਂਦਾ ਹੈ ਅਤੇ ਖਰਚਣ ਦੀ ਉਮਰ ਤਕ ਪਹੁੰਚਦਿਆਂ ਹੀ ਕਮਾਉਣਯੋਗ ਅਤੇ ਕਿੱਤਾ ਚੁਣਨ ਦੇ ਲਾਇਕ ਹੋ ਜਾਂਦਾ ਹੈ। ਜ਼ਾਹਰ ਹੈ, ਹਰ ਵਿਦਿਆਰਥੀ ਦੀ ਮੁਢਲੀ ਸਿੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਮਾਪਿਆਂ ਦਾ ਫਰਜ਼ ਸਿਰਫ ਬੱਚੇ ਨੂੰ ਸਕੂਲ ਪਹੁੰਚਾਉਣਾ ਅਤੇ ਉਸ ਨੂੰ ਘਰੇਲੂ ਅਤੇ ਸਮਾਜਕ ਸੰਸਕਾਰ ਦੇਣੇ ਹੀ ਬਾਕੀ ਰਹਿ ਜਾਂਦੇ ਹਨ।

ਆਮ ਨਾਗਰਿਕਾਂ ਲਈ ਰੋਜ਼ਾਨਾ ਆਵਾਜਾਈ ਦੇ ਸਾਧਨ ਜਿਵੇਂ ਲੋਕਲ ਬੱਸਾਂ, ਮੈਟਰੋ ਟਰੇਨਾਂ ਆਦਿ ਦੇ ਰੂਟ, ਸਮੇਂ-ਸਾਰਣੀਆਂ ਆਦਿ ਵੀ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਐਸੇ ਤਾਲਮੇਲ ਅਤੇ ਹਿਸਾਬ ਨਾਲ ਉਲੀਕੇ ਅਤੇ ਚਲਾਏ ਜਾਂਦੇ ਹਨ ਕਿ ਦਿਨ ਹੋਵੇ ਚਾਹੇ ਰਾਤ, ਗਰਮੀ-ਸਰਦੀ, ਬਰਫ-ਬਾਰਸ਼, ਕਿਸੇ ਨੂੰ ਵੀ ਆਪਣੀਆਂ ਡਿਊਟੀਆਂ ਤੇ ਆਉਣ-ਜਾਣ ਲਈ ਬੇਵਜ੍ਹਾ ਇੱਧਰੋਂ-ਉੱਧਰ ਭੱਜਦਿਆਂ ਅਤੇ ਭਟਕਦਿਆਂ ਪ੍ਰੇਸ਼ਾਨ ਨਾ ਹੋਣਾ ਪਵੇ। ਪੈਦਲ ਚੱਲਣ ਵਾਲਿਆਂ ਲਈ ਭੀੜ ਵਾਲੀਆਂ ਥਾਵਾਂ ’ਤੇ ਸੜਕਾਂ ਪਾਰ ਕਰਨ ਅਤੇ ਇੱਧਰੋਂ ਉੱਧਰ ਜਾਣ ਲਈ ਪੁਲ ਅਤੇ ਜ਼ਮੀਨਦੋਜ਼ ਰਸਤੇ ਬਣਾਏ ਜਾਂਦੇ ਹਨ।

ਜਿਵੇਂ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਕੌਮ ਦਾ ਸੱਭਿਆਚਾਰ, ਆਚਰਣ, ਵਰਤਾਓ ਆਦਿ ਉਸਦੀ ਸੋਚ, ਰਹਿਣੀ-ਬਹਿਣੀ, ਜਲਵਾਯੂ, ਭੂਗੋਲਿਕ ਸਥਿਤੀ, ਅਤੇ ਖਾਣਪੀਣ ਉੱਤੇ ਜ਼ਿਆਦਾ ਨਿਰਭਰ ਕਰਦਾ ਹੈ। ਆਓ, ਅੰਤ ਵਿੱਚ ਉਨ੍ਹਾਂ ਦੇ ਖਾਣਪੀਣ ਅਤੇ ਮਨੋਰੰਜਨ ਦੀ ਗੱਲ ਕਰੀਏ। ਸਭ ਤੋਂ ਪਹਿਲੀ ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਖਾਣਪੀਣ ਵਾਲੀਆਂ ਵਸਤਾਂ ਉੱਤੇ ਉੱਥੋਂ ਦੀਆਂ ਸਰਕਾਰਾਂ ਦੀ ਪੂਰੀ ਨਿਗਰਾਨੀ ਹੈ। “ਖਾਣਪੀਣ ਦੀਆਂ ਵਸਤਾਂ ਵਿੱਚ ਮਿਲਾਵਟ”, ਵਾਕ ਤਾਂ ਸ਼ਾਇਦ ਉਨ੍ਹਾਂ ਲੋਕਾਂ ਨੇ ਕਦੇ ਸੁਣਿਆ ਹੀ ਨਹੀਂ ਹੋਵੇਗਾ, ਇਸ ਲਈ ਸਭ ਤੋਂ ਵੱਡੀ ਖ਼ੂਬੀ ਤਾਂ ਇਹੀ ਹੈ ਕਿ ਉੱਥੇ ਖਾਣਪੀਣ ਦੀਆਂ ਵਸਤਾਂ ਸ਼ੁੱਧ ਹਨ। ਉੱਪਰ ਦਰਸਾਏ ਜਿਨ੍ਹਾਂ ਦੇਸ਼ਾਂ ਦਾ ਆਪਾਂ ਇੱਥੇ ਜ਼ਿਕਰ ਕਰ ਰਹੇ ਹਾਂ, ਉੱਥੋਂ ਦੇ ਲੋਕ ਹਰ ਉਸ ਚੀਜ਼ ਨੂੰ ਖਾਣ ਜਾਂ ਪੀਣ ਦਾ ਸ਼ੌਕ ਰੱਖਦੇ ਹਨ ਜੋ ਖਾਣ-ਪੀਣ ਲਾਇਕ ਹੈ। ਬਿਨਾ ਕਿਸੇ ਝਿਜਕ ਅਤੇ ਬੰਧਸ਼ ਦੇ, ਕੋਈ ਰੋਕ-ਟੋਕ ਨਹੀਂ, ਕੋਈ ਵਹਿਮ ਨਹੀਂ, ਕੋਈ ਪਾਬੰਦੀ ਨਹੀਂ। ਜੀਭ ਦਾ ਸਵਾਦ ਚੱਖਣ ਦੀ ਇੰਨੀ ਵਿਸ਼ਾਲ ਰਹਿਮਤ ਸ਼ਾਇਦ ਇਸ ਧਰਤੀ ’ਤੇ ਪਰਮਾਤਮਾ ਨੇ ਸਭ ਤੋਂ ਜ਼ਿਆਦਾ ਅੰਗਰੇਜ਼ਾਂ ਨੂੰ ਹੀ ਬਖਸ਼ੀ ਹੈ। ਖਾਣ-ਪੀਣ ਦੁਨੀਆ ਦੇ ਕਿਸੇ ਵੀ ਕੋਨੇ ਦਾ ਹੋਵੇ, ਤਾਜ਼ਾ, ਡੱਬਾ ਬੰਦ, ਫ਼ਲ, ਸਬਜ਼ੀਆਂ, ਮੇਵੇ, ਬੇਕਰੀ ਪਦਾਰਥ, ਭਾਂਤ ਭਾਂਤ ਦੇ ਮੀਟ, ਮੱਛੀਆਂ, ਸਭ ਤਰ੍ਹਾਂ ਦੇ ਵੈੱਜ, ਨੌਨ-ਵੈੱਜ, ਦਾ ਉਹ ਸ਼ੌਕ ਰੱਖਦੇ ਹਨ। ਖਾਣਿਆਂ ਦੇ ਨਵੇਂ ਤੋਂ ਨਵੇਂ ਸਵਾਦ ਚੱਖਣੇ ਅਤੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਆਪਣੀ ਰਾਏ ਦੇਣੀ ਉਨ੍ਹਾਂ ਦੀ ਫਿਤਰਤ ਹੈ। ਜੇ ਕਿਧਰੇ ਕੁਝ ਸਵਾਦ ਨਾ ਵੀ ਲੱਗੇ ਤਾਂ ਨੱਕ-ਬੁੱਲ੍ਹ ਨਹੀਂ ਸਕੋੜਦੇ, ਬੜੀ ਸ਼ਾਲੀਨਤਾ ਨਾਲ ਆਪਣੇ ਦਿਲ ਦੀ ਗੱਲ ਦੱਸਦੇ ਹਨ। ਖਾਣ ਤੋਂ ਸਿਵਾ, ਪੀਣ ਵਾਲਾ ਵੀ ਹਰ ਪਦਾਰਥ, ਮਸਲਨ ਕੋਲਡ ਡਰਿੰਕਸ, ਭਾਂਤ ਭਾਂਤ ਦੀ ਸ਼ਰਾਬ, ਬੀਅਰ, ਵਾਈਨ, ਜੂਸ, ਠੰਢਾ, ਗਰਮ, ਕੌਫੀ, ਚਾਹ, ਦੁੱਧ, ਨਿਰਸੰਕੋਚ ਇਸਤਮਾਲ ਕਰਦੇ ਹਨ। ਬਲਕਿ ਉਪਰੋਕਤ ਕਈ ਵਸਤਾਂ ਤਾਂ ਪੂਰੀ ਦੁਨੀਆਂ ਨੂੰ ਦੇਣ ਹੀ ਉਨ੍ਹਾਂ ਦੀ ਹੈ।

ਇਹੀ ਹਾਲ ਉਨ੍ਹਾਂ ਦੇ ਹੱਸਣ-ਖੇਡਣ, ਮਨਪ੍ਰਚਾਵੇ ਅਤੇ ਮਨੋਰੰਜਨ ਦਾ ਹੈ। ਇੱਧਰ ਦੇਸੀ ਸਮਾਜਾਂ ਵਿੱਚ ਸ਼ਾਇਦ ਇਨ੍ਹਾਂ ਪਾਬੰਦੀਆਂ ਦੇ ਕੋਈ ਗਹਿਰੇ ਕਾਰਨ ਹੋ ਸਕਦੇ ਹਨ, ਜਿਵੇਂ ਲਿੰਗ, ਸਮਾਜਕ, ਧਾਰਮਕ, ਅਸ਼ਲੀਲਤਾ, ਜਾਤੀ-ਪ੍ਰਥਾ, ਊਚ-ਨੀਚ, ਅਮੀਰੀ-ਗ਼ਰੀਬੀ, ਅੰਧਵਿਸ਼ਵਾਸ, ਜੁਆ ਆਦਿ। ਪ੍ਰੰਤੂ ਉੱਧਰ ਐਸਾ ਕੁਝ ਵੀ ਨਹੀਂ। ਖਾਣਪੀਣ ਵਾਂਗ ਹੀ ਮਨੋਰੰਜਨ ਦੇ ਸਾਧਨਾਂ ਉੱਤੇ ਵੀ ਸਿਰਫ਼ ਬਚਪਨ ਜਾਂ ਨਾਬਾਲਗ ਉਮਰ ਨੂੰ ਛੱਡ ਕੇ ਕਿਧਰੇ ਵੀ ਕੋਈ ਪਾਬੰਦੀ ਜਾਂ ਵਿਤਕਰਾ ਵੇਖਣ ਨੂੰ ਨਹੀਂ ਮਿਲਦਾ। ਮਰਦ, ਔਰਤਾਂ, ਜਵਾਨ, ਬੁੱਢੇ, ਖੁੱਲ੍ਹਕੇ ਨੱਚਣ ਗਾਉਣ ਦੇ ਸ਼ੌਕ ਅਪਣਾਉਂਦੇ ਹਨ। ਕਿਤੇ ਔਰਤ-ਮਰਦ ਦਾ ਵਿਤਕਰਾ ਨਹੀਂ, ਕਿਤੇ ਅਧਿਕਾਰਾਂ ਦਾ ਫਰਕ ਨਹੀਂ, ਕੋਈ ਸ਼ੋਸ਼ਣ ਨਹੀਂ। ਸੈਕਸ ਵਰਕਰਜ਼, ਕੈਸੀਨੋ, ਜੂਏ ਖਾਨੇ, ਡਾਂਸ ਬਾਰਾਂ, ਜੇ ਹੈ, ਤਾਂ ਸਭ ਕੁਝ ਹੈ। ਲੁਕ ਲਪੇਟ ਜਾਂ ਗੈਰਕਨੂੰਨੀ ਨਹੀਂ। ਕਿਤੇ ਕੋਈ ਹੱਦੋਂ ਜ਼ਿਆਦਾ ਅਨੁਸ਼ਾਸਨ ਭੰਗ ਨਹੀਂ ਕਰਦਾ, ਕੋਈ ਕਿਸੇ ਦੀ ਬੇਕਦਰੀ ਨਹੀਂ ਕਰਦਾ। ਗੇੜੀਆਂ ਮਾਰਨ ਜਾਂ ਹੁਟਰਾਂ ਵਾਲੀ ਸੰਸਕ੍ਰਿਤੀ ਨਹੀਂ। ਕੋਈ ਚੁਗਲੀਆਂ, ਝਾਤੀਆਂ, ਸ਼ੋਸ਼ਣ ਨਹੀਂ। ਵਿਹਲੇ ਸਮਿਆਂ ਵਿੱਚ ਪੜ੍ਹਨਾ, ਕੋਈ ਅਧਿਐਨ ਕਰਨਾ, ਪਰਿਵਾਰ, ਦੋਸਤਾਂ ਸੰਗ ਘੁੰਮਣਾ-ਫਿਰਨਾ, ਸੈਰ-ਸਪਾਟੇ, ਪਹਾੜਾਂ, ਸਮੁੰਦਰਾਂ, ਦਰਿਆਵਾਂ, ਜੰਗਲਾਂ ਵਿੱਚ ਵਿਚਰਨਾ, ਪੰਛੀਆਂ-ਜਾਨਵਰਾਂ ਨਾਲ ਘੁਲ-ਮਿਲ ਜਾਣਾ, ਕੁਦਰਤ ਦੀਆਂ ਨਿਹਮਤਾਂ ਨੂੰ ਮਾਨਣਾ ਉਨ੍ਹਾਂ ਦੇ ਸ਼ੌਕ ਹਨ। ਛੋਟੇ-ਵੱਡੇ ਸਭ ਸ਼ਹਿਰਾਂ ਵਿੱਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਆਦਿ, ਸਭ ਲਈ ਥਾਂ ਥਾਂ ’ਤੇ ਫੁੱਲਾਂ-ਬੂਟਿਆਂ ਨਾਲ ਸਜੇ ਪਾਰਕ, ਜਿਮ, ਸਟੇਡੀਅਮ, ਖੇਡਣ ਦੇ ਮੈਦਾਨ। ਸਿਹਤਮੰਦ ਅਤੇ ਅਗਾਂਹ ਵਧੂ ਮੁਕਾਬਲੇ। ਕਹਾਵਤ ਹੈ ਨਾ ਕਿ “ਢਿੱਡ ਤਾਂ ਰੱਜ ਜਾਂਦਾ ਹੈ, ਪਰ ਨੀਤ ਨਹੀਂ ਰੱਜਦੀ।” ਪ੍ਰੰਤੂ ਉਨ੍ਹਾਂ ਨੂੰ ਕੰਮ ਕਰਦੇ ਅਤੇ ਜ਼ਿੰਦਗੀ ਨੂੰ ਜਿਉਂਦਿਆਂ ਵੇਖਕੇ ਲਗਦਾ ਹੈ ਕਿ ਇੱਥੇ ਢਿੱਡ ਵੀ ਰੱਜ ਗਿਆ, ਨੀਤ ਵੀ ਰੱਜ ਗਈ ਪਰ ਅਜੇ ਰੂਹ ਨਹੀਂ ਰੱਜੀ। ਉਹ ਜੋ ਵੀ ਕਰਦੇ ਹਨ ਤਨੋਂ, ਮਨੋਂ ਕਰਦੇ ਹਨ, ਕੰਮ ਦੇ ਸਮੇਂ ਮਨ ਲਗਾ ਅਤੇ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੇ ਹਨ ਅਤੇ ਮਨੋਰੰਜਨ ਦੇ ਸਮੇਂ ਭਰਪੂਰ ਮਨੋਰੰਜਨ ਕਰਨ ਵਿੱਚ ਯਕੀਨ ਰੱਖਦੇ ਹਨ।

ਬੱਸ, ਇਹ ਹੀ ਉਨ੍ਹਾਂ ਵਿੱਚੋਂ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਹਰ ਵਿਅਕਤੀ ਉਨ੍ਹਾਂ ਮੁਲਕਾਂ ਵਿੱਚ ਜਾ ਕੇ ਵਸਣਾ ਚਾਹੁੰਦਾ ਹੈ। ਪ੍ਰੰਤੂ ਫਿਰ ਵੀ ਸਾਡੇ ਇੱਧਰੋਂ ਗਏ ਬਹੁਤ ਲੋਕ ਉਹ ਵੀ ਹਨ ਜਿਨ੍ਹਾਂ ਨੇ ਉੱਥੇ ਜਾ ਕੇ ਪੈਸਾ ਤਾਂ ਖੂਬ ਕਮਾਇਆ, ਕੋਈ ਰੁਤਬਾ ਵੀ ਹਾਸਲ ਕਰ ਲਿਆ ਪਰ ਲਕੀਰ ਦੇ ਫਕੀਰ ਬਣਨਾ ਨਹੀਂ ਛੱਡ ਸਕੇ। ਦੇਸੀ ਦੇ ਦੇਸੀ ਹੀ ਬਣੇ ਰਹੇ। ਐਸੇ ਖੁਸ਼ਹਾਲ ਅਤੇ ਸਾਫ ਸੁਥਰੇ ਮਾਹੌਲ ਵਿੱਚ ਰਹਿੰਦਿਆਂ ਵੀ ਉਹੀ ਘਰੇਲੂ ਝਗੜੇ, ਬਜ਼ੁਰਗਾਂ ਦੀ ਬੇਕਦਰੀ, ਨੂੰਹ-ਸੱਸ ਦੇ ਕਲੇਸ਼, ਤੋਹਮਤਬਾਜ਼ੀ, ਬੇਵਿਸ਼ਵਾਸੀ, ਸ਼ਰੀਕੇ-ਬਾਜ਼ੀਆਂ, ਇੱਕ-ਦੂਜੇ ਦੀਆਂ ਲੱਤਾਂ ਖਿੱਚਣੀਆਂ, ਬਾਬਿਆਂ, ਡੇਰਿਆਂ, ਪਾਠਾਂ, ਸੁੱਖਣਾ, ਮੰਨਤਾਂ ਵਰਗੇ ਨਾ ਖਤਮ ਹੋਣ ਵਾਲੇ ਅੰਧ ਵਿਸ਼ਵਾਸ। ਧਾਗੇ-ਤਵੀਤ, ਪੁੱਛਾਂ, ਪੰਡਤਾਂ-ਸਿਆਣਿਆਂ ਦੇ ਚੱਕਰਾਂ ਵਿੱਚ ਆਪਣਿਆਂ ਦੀ ਹੀ ਬਰਬਾਦੀ। ਕੁਝ ਲੋਕ ਐਸੀਆਂ ਮਾੜੀਆਂ ਹਰਕਤਾਂ ਵੀ ਕਰ ਜਾਂਦੇ ਹਨ ਜਿਸ ਨਾਲ ਪੂਰੀ ਕੌਮ ਦਾ ਸਿਰ ਨੀਵਾਂ ਹੁੰਦਾ ਹੈ। ਬੱਸ ਉਨ੍ਹਾਂ ਵੱਲ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਲਗਦਾ ਹੈ, ਇਹ ਤਾਂ ਉੱਥੇ ਹੀ ਠੀਕ ਸਨ।

ਪਰ ਸਿੱਕੇ ਦੇ ਦੋ ਪਹਿਲੂਆਂ ਵਾਂਗ ਖੁਸ਼ੀ ਵੀ ਬਹੁਤ ਹੁੰਦੀ ਹੈ ਜਦੋਂ ਉੱਥੇ ਹੀ ਉਨ੍ਹਾਂ ਬਹੁ ਗਿਣਤੀ ਲੋਕਾਂ ਨੂੰ ਵੀ ਵੇਖਦੇ ਹਾਂ ਜੋ ਇੱਧਰੋਂ ਜਾਕੇ, ਜੀਅ-ਜਾਨ ਲਾ ਕੇ ਮਿਹਨਤਾਂ ਕਰਦੇ ਹਨ, ਤਰੱਕੀ ਦੀਆਂ ਬੁਲੰਦੀਆਂ ਛੋਹੰਦੇ ਹਨ, ਉੱਚੇ ਉੱਚੇ ਅਹੁਦੇ ਹਾਸਲ ਕਰ ਰੱਖੇ ਹਨ। ਕਈਆਂ ਨੇ ਵੱਡੇ ਵੱਡੇ ਕਾਰੋਬਾਰ ਸੈੱਟ ਕਰ ਲਏ ਹਨ, ਕਈ ਖੁੱਲ੍ਹੇ ਅਤੇ ਵਿਸ਼ਾਲ ਖੇਤਾਂ-ਬਾਗ਼ਾਂ, ਡੇਅਰੀ-ਫਾਰਮਾਂ ਦੇ ਮਾਲਕ ਬਣ ਗਏ। ਟਰਾਂਸਪੋਰਟਰ, ਪੈਟ੍ਰੋਲ ਪੰਪਾਂ ਦੇ ਮਾਲਕ। ਸਥਾਨਕ ਪੁਲਿਸ ਅਤੇ ਫੌਜ ਵਿੱਚ ਅਹੁਦੇ ਹਾਸਲ ਕਰ ਲਏ। ਹੋਟਲ, ਵਿਓਪਾਰ, ਸਨਅਤਾਂ, ਰੇਡੀਓ, ਟੀਵੀ ਸਟੇਸ਼ਨਾਂ ਦੇ ਮਾਲਕ। ਉੱਚ ਅਧਿਕਾਰੀ, ਵਕੀਲ, ਸਲਾਹਕਾਰ, ਕਲਾਕਾਰ, ਲੇਖਕ, ਬੁੱਧੀਜੀਵੀ, ਡਾਕਟਰ, ਸੀਏ, ਅਫਸਰ, ਮਨਿਸਟਰ। ਇਹ ਉਹ ਸਫਲ ਲੋਕ ਹਨ ਜੋ ਆਪਣੀ ਲਿਆਕਤ, ਸਖਤ ਮਿਹਨਤ ਅਤੇ ਸਮੇਂ ਦਾ ਸਦਉਪਯੋਗ ਕਰਦੇ ਹੋਏ, ਸਫਲਤਾ ਦਾ ਮਿੱਠਾ ਫਲ ਆਪ ਵੀ ਭੋਗਦੇ ਹਨ, ਬਾਕੀਆਂ ਲਈ ਵੀ ਚਾਨਣ ਮੁਨਾਰੇ ਬਣਕੇ ਚਮਕਦੇ ਹਨ ਅਤੇ ਪਿੱਛੇ ਆਪਣੀ ਪੂਰੀ ਕੌਮ ਅਤੇ ਸਮਾਜ ਦਾ ਨਾਮ ਅਤੇ ਮਨੋਬਲ ਰੋਸ਼ਨ ਕਰਦੇ ਹਨ।

ਹਰ ਇਨਸਾਨ ਸੁਖੀ ਜ਼ਿੰਦਗੀ ਲੋਚਦਾ ਹੈ, ਜੋ ਜਾਇਜ਼ ਵੀ ਹੈ। ਇਸ ਨੂੰ ਸਾਡੀਆਂ ਸਰਕਾਰਾਂ ਵੀ ਅਤੇ ਹੋਰ ਸਭ ਸੰਬੰਧਤ ਧਿਰਾਂ ਬਾਖੂਬੀ ਜਾਣਦੀਆਂ ਵੀ ਹਨ ਅਤੇ ਸਮਝਦੀਆਂ ਵੀ ਹਨ। ਐਸਾ ਵੀ ਨਹੀਂ ਕਿ ਅੱਜ ਇਹ ਕੋਈ ਨਵਾਂ ਵਿਸ਼ਾ ਲਿਖਿਆ ਗਿਆ ਹੈ। ਸਾਲੋ-ਸਾਲ, ਸਰਕਾਰੀ ਸੰਮਤੀਆਂ, ਅਲੱਗ-ਅਲੱਗ ਮਾਹਰ, ਅਰਬਾਂ ਦਾ ਸਰਕਾਰੀ ਧਨ ਖਰਚ ਕਰਕੇ ਅਤੇ ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਕਾਰਨਾਂ ਦਾ ਅਧਿਐਨ ਕਰਦੇ ਰਹਿੰਦੇ ਹਨ ਜੋ ਸਿਰਫ ਫਾਈਲਾਂ, ਐਲਾਨਾਂ ਤਕ ਹੀ ਧਰੇ ਧਰਾਏ ਰਹਿ ਜਾਂਦੇ ਹਨ। ਕੋਈ ਆਗੂ, ਆਪਣੀ ਕੌਮ ਨੂੰ ਕੈਲੀਫੋਰਨੀਆ ਅਤੇ ਕੋਈ ਸ਼ਹਿਰ ਨੂੰ ਮਾਨਚੈਸਟਰ ਬਣਾਉਣ ਦੇ ਸੁਪਨੇ ਵੰਡਦਿਆਂ, ਸਾਲੋ ਸਾਲ ਰਾਜ ਕਰਕੇ ਚਲਿਆ ਜਾਂਦਾ ਹੈ।

ਅਸੀਂ ਇੱਥੇ ਜੇ ਕਿਸੇ ਕੰਮ ਵਿੱਚ ਉਨ੍ਹਾਂ ਕੌਮਾਂ ਤੋਂ ਅੱਗੇ ਜਾ ਰਹੇ ਹਾਂ ਤਾਂ ਉਹ ਹਨ ਅੰਧ ਵਿਸ਼ਵਾਸ, ਨਫਰਤ ਅਤੇ ਫਿਰਕਾਪ੍ਰਸਤੀ, ਰਿਸ਼ਵਤਖੋਰੀ ਵਿੱਚ ਆਏ ਦਿਨ ਹੋ ਰਿਹਾ ਵਾਧਾ। ਜਾਪਦਾ ਹੈ ਜਿਵੇਂ ਅਸੀਂ ਦੇਸ਼ ਵਿੱਚ ਲੀਡਰ-ਮੰਤਰੀ ਪੈਦਾ ਕਰਨ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਲਗਾ ਲਈਆਂ ਹਨ। ਤਾਹੀਉਂ ਤਾਂ ਥੱਲਿਉਂ ਉੱਪਰ ਤਕ ਦਿਨੋਂ ਦਿਨ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਕਾਤਲ, ਬਲਾਤਕਾਰੀ, ਅਪਰਾਧੀ, ਮੁਜਰਮ, ਰਾਜਨੀਤੀ ਵਿੱਚ ਦਾਖਲੇ ਲੈ ਰਹੇ ਹਨ। ਕਿਧਰੇ ਨਫਰਤ ਅਤੇ ਫਿਰਕਾਪ੍ਰਸਤੀ ਦੀ ਰਾਜਨੀਤੀ ਕਰਦਿਆਂ ਨਵੇਂ-ਨਵੇਂ ਸੂਬੇ ਬਣ ਰਹੇ ਹਨ, ਕਿਧਰੇ ਸ਼ਹਿਰਾਂ, ਸੜਕਾਂ, ਇਮਾਰਤਾਂ ਦੇ ਨਾਮ ਬਦਲੇ ਜਾ ਰਹੇ ਹਨ। ਵਿੱਦਿਆ ਦਾ ਪੱਧਰ ਹੇਠਾਂ ਜਾ ਰਿਹਾ ਹੈ, ਸਰਕਾਰੀ ਸਿਹਤ-ਸਹੂਲਤਾਂ ਨਾਮਾਤਰ ਰਹਿ ਗਈਆਂ ਹਨ। ਅਬਾਦੀ ਵਿੱਚ ਬੇਹਿਸਾਬ ਵਾਧਾ ਹੋ ਰਿਹਾ ਹੈ, ਕੋਈ ਵੀ ਸੰਬੰਧਤ ਧਿਰ ਜਾਂ ਸੰਸਥਾ ਇਸ ਵਿਸ਼ੇ ’ਤੇ ਬੋਲਣ ਨੂੰ ਤਿਆਰ ਨਹੀਂ। ਅਦਾਲਤਾਂ-ਕਚਹਿਰੀਆਂ ਅਣਸੁਲਝੇ ਅਤੇ ਨਾ ਖਤਮ ਹੋਣ ਵਾਲੇ ਕੇਸਾਂ ਨਾਲ ਅੱਟੀਆਂ ਪਈਆਂ ਹਨ। ਸੁਧਾਰ ਘਰਾਂ (ਜੇਲ੍ਹਾਂ) ਵਿੱਚੋਂ ਸੁਧਰ ਕੇ ਨਿਕਲਣ ਦੀ ਬਜਾਇ, ਇੱਥੋਂ ਨਵੇਂ ਤੋਂ ਨਵੇਂ ਮਾਫੀਏ ਅਤੇ ਗੈਂਗਸਟਰ ਪੈਦਾ ਹੋ ਕੇ ਬਾਹਰ ਆ ਰਹੇ ਹਨ। ਹਰ ਪਾਸੇ ਸਰਕਾਰੀ ਫੰਡਾਂ ਦੀ ਬੇਹਿਸਾਬੀ ਦੁਰਵਰਤੋਂ। ਨਵੀਆਂ ਸਰਕਾਰਾਂ ਆਉਂਦੀਆਂ ਹਨ, ਪੁਰਾਣੀਆਂ ਸਰਕਾਰਾਂ ਦਾ ਕੀਤਾ ਨਕਾਰ ਦਿੱਤਾ ਜਾਂਦਾ ਹੈ। ਨਵੀਆਂ ਤੋਂ ਨਵੀਆਂ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ, ਪੁਰਾਣੀਆਂ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ। ਵੱਡੇ ਵੱਡੇ ਸੁਪਨੇ ਵਿਖਾਏ ਜਾਂਦੇ ਹਨ ਅਤੇ ਦੁਨੀਆ ਦੇ ਮੋਹਰੀ ਹੋਣ ਦੇ ਐਲਾਨ ਕੀਤੇ ਜਾਂਦੇ ਹਨ। ਜਨਤਾ ਵਿਚਾਰੀ ਹਰ ਨਵੇਂ ਦਿਨ, ਨਵੀਆਂ ਉਮੀਦਾਂ ਪੱਲੇ ਬੰਨ੍ਹ ਕੇ ਸਬਰ ਕਰ ਲੈਂਦੀ ਹੈ। ਪਰ ਫਿਲਹਾਲ ਤਾਂ ਉਨ੍ਹਾਂ ਦੇਸ਼ਾਂ ਦੀਆਂ ਤਰੱਕੀਆਂ ਅਤੇ ਸਾਡੇ ਪਛੜੇਪਨ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4546)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਲਕੀਅਤ ਸਿੰਘ ਧਾਮੀ

ਮਲਕੀਅਤ ਸਿੰਘ ਧਾਮੀ

Whatsapp: (91 - 98140 - 28614)
Email: (voltexglobal@gmail.com)