“ਬਾਹਰ ਰੌਲਾ ਜਿਹਾ ਪੈਂਦਾ ਸੁਣ ਕੇ ਅਸੀਂ ਵੀ ਦੀਵਾਨ ਹਾਲ ਦੇ ਦਰਵਾਜ਼ੇ ਕੋਲ ਚਲੇ ਗਏ ਜਿੱਥੇ ਉਹ ਔਰਤਾਂ ...”
(31 ਮਾਰਚ 2024)
ਇਸ ਸਮੇਂ ਪਾਠਕ: 425.
ਕਿਸੇ ਵੀ ਧਰਮ ਅਸਥਾਨ, ਖਾਸ ਤੌਰ ’ਤੇ ਸਾਡੇ ਸਿੱਖ ਗੁਰਦਵਾਰਿਆਂ ਅੰਦਰ ਬੇਅਦਬੀ ਵਰਗੇ ਕਾਂਡ ਵਾਪਰਨੇ ਅੱਜ ਬੜੀ ਆਮ ਜਿਹੀ ਗੱਲ ਬਣ ਚੁੱਕੀ ਹੈ। ਜਾਂ ਇਸ ਨੂੰ ਇਉਂ ਕਹਿ ਲਈਏ ਕਿ ਕਿਸੇ ਵੀ ਹਾਦਸੇ, ਵਾਕੇ, ਅਣਗਹਿਲੀ ਜਾਂ ਨਾਸਮਝੀ ਨੂੰ ਬੇਅਦਬੀ ਨਾਮ ਦੇ ਦੇਣਾ ਅੱਜ ਕੁਝ ਸੰਸਥਾਵਾਂ ਲਈ ਜਿਵੇਂ ਇੱਕ ਖੇਡ ਹੀ ਬਣ ਗਈ ਹੈ। ਇੰਨਾ ਹੀ ਨਹੀਂ, ਫਿਰ ਇਨ੍ਹਾਂ ਘਟਨਾਵਾਂ ਨੂੰ ਸਨਸਨੀਖੇਜ਼ ਖਬਰਾਂ ਦਾ ਰੂਪ ਦੇ ਕੇ, ਭਾਂਤ ਭਾਂਤ ਦੀਆਂ ਸੰਸਥਾਵਾਂ ਦੁਆਰਾ ਬਿਆਨ ਦਿੱਤੇ ਜਾਂਦੇ ਹਨ। ਸੋਸ਼ਲ ਮੀਡੀਆ ਉੱਤੇ ਭੰਡੀ ਪ੍ਰਚਾਰ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ। ਕਈ ਟੀਵੀ ਚੈਨਲਾਂ ’ਤੇ ਨਵੇਂ ਨਵੇਂ ਪ੍ਰਚਾਰਕਾਂ ਅਤੇ ਲੀਡਰਾਂ ਦੀਆਂ ਆਪਸੀ ਬਹਿਸ-ਬਾਜ਼ੀਆਂ ਕਰਵਾ ਕੇ ਮਾਮਲੇ ਨੂੰ ਖੂਬ ਭੜਕਾਇਆ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਅਖੌਤੀ ਬੁੱਧਜੀਵੀਆਂ ਦੇ ਬਿਆਨ ਆਉਣ ਲੱਗਦੇ ਹਨ। ਘਰਾਂ, ਦਫਤਰਾਂ, ਪਿੰਡ ਅਤੇ ਮੁਹੱਲਾ ਵਾਸੀਆਂ ਦਰਮਿਆਨ ਬਹਿਸਾਂ ਹੋਣ ਲੱਗਦੀਆਂ ਹਨ। ਜੇ ਕੋਈ ਬਹੁਤੀ ਹੱਦੋਂ ਵੱਧ ਮੰਦਭਾਗੀ ਘਟਨਾ ਨਾ ਵਾਪਰ ਜਾਵੇ ਤਾਂ ਆਮ ਤੌਰ ’ਤੇ ਇਹ ਚਰਚਾਵਾਂ ਕੁਝ ਦਿਨ ਖੂਬ ਜ਼ੋਰ ਫੜਦੀਆਂ ਹੋਈਆਂ ਅੰਤ ਨੂੰ ਹੌਲੀ-ਹੌਲੀ ਸ਼ਾਂਤ ਹੋ ਜਾਂਦੀਆਂ ਹਨ ਅਤੇ ਲੋਕ ਸਭ ਭੁੱਲ-ਭੁਲਾ ਕੇ ਫਿਰ ਤੋਂ ਆਪਣੀ ਰੋਜ਼ਮੱਰਾ ਦੀਆਂ ਜ਼ਿੰਦਗੀ ਵਿਚਰਨ ਲੱਗ ਜਾਂਦੇ ਹਨ। ਪਰ ਇਨ੍ਹਾਂ ਛੋਟੀਆਂ-ਵੱਡੀਆਂ ਘਟਨਾਵਾਂ ਸਦਕਾ ਸਾਡੀ ਸਮਾਜੀ ਸੋਚ, ਆਪਸੀ ਭਾਈਚਾਰੇ ਅਤੇ ਹਰ ਆਮ-ਖਾਸ ਇਨਸਾਨ ਦੀ ਜ਼ਿੰਦਗੀ ਅੰਦਰ ਨਵੇਂ ਤੋਂ ਨਵੇਂ ਨਫਰਤ ਦੇ ਬੀਜ ਬੀਜਣ ਅਤੇ ਉਨ੍ਹਾਂ ਨੂੰ ਹਵਾ ਦੇਣ ਵਾਲਿਆਂ ਦੇ ਹੌਸਲੇ ਵਧਦੇ ਜਾਂਦੇ ਹਨ। ਇਨ੍ਹਾਂ ਤੋਂ ਹੀ ਕੁਝ ਮਨੋਵਿਗਿਆਨਕ ਪ੍ਰਭਾਵ ਅਜਿਹੇ ਪਨਪਦੇ ਹਨ ਜੋ ਇਨਸਾਨ ਨੂੰ ਇਨਸਾਨੀਅਤ ਤੋਂ ਦੂਰ ਕਰਨ ਦੇ ਕਾਰਨ ਬਣਦੇ ਜਾਂਦੇ ਹਨ। ਇਨ੍ਹਾਂ ਹੀ ਦੂਰੀਆਂ ਦਾ ਪਰਛਾਵਾਂ, ਹੌਲੀ ਹੌਲੀ ਸਿਆਸੀ ਰੂਪ ਧਾਰਨ ਕਰਕੇ ਸਹੀ ਰਫਤਾਰ ’ਤੇ ਚੱਲ ਰਹੀ ਜ਼ਿੰਦਗੀ ਨੂੰ ਨਫਰਤੀ ਵੰਡੀਆਂ ਦਾ ਰੂਪ ਦੇਣ ਲੱਗ ਜਾਂਦਾ ਹੈ।
ਅੱਜ ਇੱਥੇ ਇਸੇ ਵਿਸ਼ੇ ਨਾਲ ਸੰਬੰਧਤ ਇੱਕ ਪੁਰਾਣੀ ਆਪ-ਬੀਤੀ ਯਾਦ ਆ ਰਹੀ ਹੈ। ਇਹ ਗੱਲ ਤਕਰੀਬਨ ਚਾਲੀ-ਪੰਤਾਲੀ ਸਾਲ ਪੁਰਾਣੀ ਹੈ। ਮੇਰਾ ਇੱਕ ਵਾਰ ਗੁਰਦਵਾਰਾ ਨਾਨਕ-ਝੀਰਾ ਸਾਹਿਬ, ਬਿਦਰ ਜਾਣ ਦਾ ਸਵੱਬ ਬਣਿਆ। ਮੇਰੇ ਮਾਮਾ ਜੀ, ਭਾਈ ਅਨੋਖ ਸਿੰਘ ਜੀ ਮਸਕੀਨ ਅਤੇ ਉਨ੍ਹਾਂ ਦਾ ਰਾਗੀ ਜਥਾ ਉਦੋਂ ਉੱਥੇ ਹਜ਼ੂਰੀ ਰਾਗੀ ਦੀ ਸੇਵਾ ਨਿਭਾ ਰਹੇ ਸਨ। ਮੈਂ ਤਕਰੀਬਨ ਇੱਕ ਮਹੀਨਾ ਉੱਥੇ ਉਨ੍ਹਾਂ ਕੋਲ ਰਿਹਾ। ਉਦੋਂ ਇਹ ਗੁਰਦਵਾਰਾ ਕੋਈ ਬਹੁਤਾ ਮਸ਼ਹੂਰ ਵੀ ਨਹੀਂ ਸੀ ਅਤੇ ਪੰਜਾਬ ਤੋਂ ਬਹੁਤ ਦੂਰ ਹੋਣ ਕਰਕੇ ਉੱਥੇ ਜ਼ਿਆਦਾ ਸੰਗਤ ਦਰਸ਼ਨਾਂ ਨੂੰ ਨਹੀਂ ਸੀ ਆਉਂਦੀ। ਅਮੂਮਨ ਹਜ਼ੂਰ ਸਾਹਿਬ ਦੀ ਯਾਤਰਾ ’ਤੇ ਗਈ ਸੰਗਤ ਵਿੱਚੋਂ ਕੁਝ ਨਵੇਂ ਯਾਤਰੂ ਹੀ ਉੱਥੇ ਪਹੁੰਚਦੇ ਸਨ। ਜਾਂ ਫਿਰ ਬਿਦਰ, ਏਅਰ ਫੋਰਸ ਸਟੇਸ਼ਨ ਅਤੇ ਇੰਜਨੀਰਿੰਗ ਕਾਲਜ ਨਾਲ ਸੰਬੰਧਤ ਸਿੱਖ-ਸੰਗਤ ਅਤੇ ਕੁਝ ਹੋਰ ਦੂਰ ਨੇੜੇ ਦੇ ਨਾਨਕ-ਨਾਮ ਲੇਵਾ ਦਰਸ਼ਨਾਂ ਨੂੰ ਆਉਂਦੇ ਜਾਂਦੇ ਸਨ। ਉੱਥੇ ਰੋਜ਼ਾਨਾ ਸਵੇਰੇ ਸ਼ਾਮ ਦੇ ਦੀਵਾਨਾਂ ਵਿਚਕਾਰ, ਸਾਰਾ ਦਿਨ ਆਮ ਤੌਰ ’ਤੇ ਵੀਰਾਨੀ ਅਤੇ ਸੁਸਤਾਊ ਜਿਹਾ ਮਾਹੌਲ ਛਾਇਆ ਰਹਿੰਦਾ ਸੀ। ਅਸੀਂ ਸਾਰੇ ਜਾਂ ਤਾਂ ਗੁਰਦਵਾਰੇ ਅੰਦਰ, ਇੱਕ ਪਾਸੇ ਬਣੀ ਰਿਹਾਇਸ਼ੀ ਕਲੋਨੀ ਵਿੱਚ ਆਪੋ ਆਪਣੇ ਪਰਿਵਾਰਾਂ ਨਾਲ ਘਰਾਂ ਅੰਦਰ ਸੁਸਤੀ ਝਾੜਦੇ ਰਹਿੰਦੇ, ਜਾਂ ਫਿਰ ਦੂਰ-ਨੇੜੇ ਦੀਆਂ ਛੋਟੀਆਂ ਛੋਟੀਆਂ ਪਹਾੜੀਆਂ ’ਤੇ ਘੁੰਮਣ-ਫਿਰਨ ਨਿਕਲ ਜਾਂਦੇ। ਹਾਂ, ਕਦੇ ਕਦੇ ਹਜ਼ੂਰ ਸਾਹਿਬ ਦੀ ਯਾਤਰਾ ’ਤੇ ਆਈ ਸੰਗਤ, ਟਰੱਕ ਜਾਂ ਬੱਸ ਰਾਹੀਂ ਅਚਾਨਕ ਉੱਥੇ ਆ ਪਹੁੰਚਦੀ ਤਾਂ ਸਾਰੇ ਗੁਰਦਵਾਰੇ ਅੰਦਰ ਦਾ ਮਾਹੌਲ ਇੱਕ ਦਮ ਤਰੋਤਾਜ਼ਾ, ਰੌਣਕ ਭਰਪੂਰ ਅਤੇ ਖੁਸ਼ਗਵਾਰ ਹੋ ਜਾਂਦਾ। ਉੱਥੋਂ ਦੇ ਸਾਰੇ ਸੇਵਾਦਾਰ, ਮੁਲਾਜ਼ਮ ਆਪਣੇ ਆਪ ਆਪਣੀਆਂ ਡਿਊਟੀਆਂ ’ਤੇ ਜਾ ਹਾਜ਼ਰ ਹੁੰਦੇ ਅਤੇ ਦੀਵਾਨ, ਲੰਗਰ ਵਗੈਰਾ ਦੀ ਸੇਵਾ ਸ਼ੁਰੂ ਹੋ ਜਾਂਦੀ।
ਬਿਦਰ ਵਿੱਚ ਦੋ ਹੋਰ ਮਸ਼ਹੂਰ ਅਤੇ ਇਤਿਹਾਸਕ, ‘ਪਾਪਨਾਸ ਮੰਦਰ’, ਅਤੇ ‘ਨਰਸਿੰਘ ਅਵਤਾਰ ਮੰਦਰ’ ਵੀ ਹਨ। ਕਈ ਹੋਰ ਇਤਿਹਾਸਕ ਅਸਥਾਨ ਅਤੇ ਮਸਜਿਦਾਂ ਵੀ ਹਨ, ਜਿਨ੍ਹਾਂ ਦੀ ਯਾਤਰਾ ਕਰਨ ਲਈ ਦੂਜੇ ਧਰਮ ਦੇ ਲੋਕ ਵੀ ਆਸ-ਪਾਸ ਦੇ ਸੂਬਿਆਂ ਤੋਂ ਬਿਦਰ ਆਉਂਦੇ ਜਾਂਦੇ ਰਹਿੰਦੇ ਸਨ। ਇਨ੍ਹਾਂ ਵਿੱਚੋਂ ਹੀ ਕਈ ਯਾਤਰੂ ਬਿਦਰ ਗੁਰਦਵਾਰੇ ਦੀ ਮਹਿਮਾ ਸੁਣ ਕੇ ਉੱਥੇ ਵੀ ਆ ਜਾਂਦੇ।
ਇੱਕ ਦਿਨ ਇਸੇ ਤਰ੍ਹਾਂ ਕਿਸੇ ਦੱਖਣੀ ਸੂਬੇ ਦੇ ਯਾਤਰੂਆਂ ਦੀ ਭਰੀ ਹੋਈ ਬੱਸ, ਜਿਸ ਵਿੱਚ ਆਦਮੀਆਂ ਤੋਂ ਸਿਵਾ ਦਸ-ਪੰਦਰਾਂ ਔਰਤਾਂ ਅਤੇ ਕੁਝ ਬੱਚੇ ਵੀ ਸਨ, ਗੁਰਦਵਾਰੇ ਆ ਪਹੁੰਚੀ। ਮੁਢਲੀ ਮਰਯਾਦਾ ਅਨੁਸਾਰ ਇਹ ਸਾਰੇ ਹੱਥ-ਮੂੰਹ ਧੋ ਕੇ ਦੀਵਾਨ ਹਾਲ ਦੇ ਦਰਸ਼ਨ ਕਰਨ ਲਈ ਦਰਵਾਜ਼ੇ ਮੂਹਰੇ ਆ ਇਕੱਠੇ ਹੋਏ। ਇਨ੍ਹਾਂ ਵਿੱਚੋਂ ਆਦਮੀਆਂ ਅਤੇ ਬੱਚਿਆਂ ਨੇ ਤਾਂ ਸਿਰ ਢਕੇ ਹੋਏ ਸਨ ਪਰ ਬਹੁਤੀਆਂ ਔਰਤਾਂ ਨੰਗੇ ਸਿਰ ਹੀ ਸਨ। ਦਰਵਾਜੇ ਅੱਗੇ ਖੜ੍ਹੇ ਪਹਿਰੇਦਾਰ ਨੇ ਉਨ੍ਹਾਂ ਔਰਤਾਂ ਨੂੰ ਬੜੇ ਹੀ ਸਤਿਕਾਰ ਨਾਲ, ਇਸ਼ਾਰੇ ਅਤੇ ਰਲੀ-ਮਿਲੀ ਹਿੰਦੀ-ਪੰਜਾਬੀ ਵਿੱਚ ਸਮਝਾਇਆ, “ਭਾਈ ਅੰਦਰ ਵੜਨ ਤੋਂ ਪਹਿਲਾਂ ਸਾਰੀਆਂ ਆਪੋ-ਆਪਣੇ ਸਿਰ ਢਕ ਲਵੋ।” ਪ੍ਰੰਤੂ, “ਸਿਰ ਢਕ ਲਵੋ” ਦਾ ਇਸ਼ਾਰਾ ਸੁਣਦਿਆਂ ਹੀ ਉਹ ਸਾਰੀਆਂ ਔਰਤਾਂ ਉੱਚੀ-ਉੱਚੀ ਬੋਲਦੀਆਂ ਹੋਈਆਂ ਸੇਵਾਦਾਰ ਨਾਲ ਉਲਝਣ ਲੱਗ ਗਈਆਂ। ਬਾਹਰ ਰੌਲਾ ਜਿਹਾ ਪੈਂਦਾ ਸੁਣ ਕੇ ਅਸੀਂ ਵੀ ਦੀਵਾਨ ਹਾਲ ਦੇ ਦਰਵਾਜ਼ੇ ਕੋਲ ਆ ਗਏ ਜਿੱਥੇ ਉਹ ਔਰਤਾਂ ਆਪਣੀ ਭਾਸ਼ਾ ਵਿੱਚ ਅਜੇ ਵੀ ਰੌਲਾ ਪਾ ਰਹੀਆਂ ਸਨ। ਮੈਂ ਸੇਵਾਦਾਰ ਤੋਂ ਮਾਜਰਾ ਪੁੱਛਿਆ। ਉਹ ਵਿਚਾਰਾ ਬੜੀ ਹੀ ਹਲੀਮੀ ਨਾਲ ਦੱਸਣ ਲੱਗਿਆ ਕਿ ਐਸੀ ਤਾਂ ਕੋਈ ਵੀ ਗੱਲ ਨਹੀਂ ਹੋਈ। ਮੈਂ ਤਾਂ ਬੱਸ ਇਨ੍ਹਾਂ ਨੂੰ ਸਿਰਫ ਸਿਰ ਢਕ ਲੈਣ ਲਈ ਕਿਹਾ ਸੀ, ਪਰ ਇਹ ਤਾਂ ਇੱਕ ਦਮ ਮੇਰੇ ’ਤੇ ਵਰ੍ਹਨ ਲੱਗ ਗਈਆਂ।
ਕਿਉਂਕਿ ਦੱਖਣੀ ਹੋਣ ਕਰਕੇ ਉਹ ਸਾਰੇ ਹੀ ਵਿਚਾਰੇ ਹਿੰਦੀ-ਪੰਜਾਬੀ ਬਿਲਕੁਲ ਵੀ ਨਹੀਂ ਸਨ ਸਮਝਦੇ ਅਤੇ ਓਪਰੀ ਜਗ੍ਹਾ ਹੋਣ ਕਰਕੇ ਉਨ੍ਹਾਂ ਨਾਲ ਆਏ ਬਾਕੀ ਦੇ ਸਾਰੇ ਯਾਤਰੂ ਵੀ ਖੜ੍ਹੇ ਇੱਕ ਦੂਜੇ ਵੱਲ ਬਿਟ ਬਿਟ ਝਾਕ ਰਹੇ ਸਨ। ਮੈਂ ਉਨ੍ਹਾਂ ਵਿੱਚੋਂ ਇੱਕ ਔਰਤ ਨੂੰ ਅੰਗਰੇਜ਼ੀ ਵਿੱਚ ਕਿਹਾ, “ਅਰਾਮ ਨਾਲ ਦੱਸੋ ਕਿ ਇਸ ਸੇਵਾਦਾਰ ਨੇ ਤੁਹਾਨੂੰ ਅਜਿਹਾ ਕੀ ਕਹਿ ਦਿੱਤਾ ਜਿਸ ਨਾਲ ਤੁਹਾਨੂੰ ਇੰਨਾ ਗੁੱਸਾ ਆ ਗਿਆ?”
ਉਹ ਸਾਰੀਆਂ ਇੱਕੋ ਸਾਹੇ ਬੋਲਣ ਲੱਗੀਆਂ, “ਇਸਨੇ ਸਾਨੂੰ ਸਿਰ ਢਕਣ ਲਈ ਕਿਹਾ ਹੈ।”
ਮੈਂ ਕਿਹਾ, “ਇਸਨੇ ਇਸ ਵਿੱਚ ਇਸਨੇ ਕਿਹੜੀ ਗਲਤ ਗੱਲ ਕਹਿ ਦਿੱਤੀ? ਇਹ ਤਾਂ ਸਾਡੀ ਇੱਕ ਮਰਯਾਦਾ ਹੈ ਕਿ ਅਸੀਂ ਆਪਣੇ ਧਰਮ ਅਸਥਾਨਾਂ ਅੰਦਰ ਕਦੇ ਨੰਗੇ ਸਿਰ ਨਹੀਂ, ਹਮੇਸ਼ਾ ਸਿਰ ਢਕ ਕੇ ਹੀ ਰਹਿੰਦੇ ਹਾਂ।”
ਇੱਕ-ਦੋ ਹੋਰ ਗੱਲਾਂ ਤੋਂ ਬਾਅਦ ਅਸਲੀ ਭੇਦ ਤਾਂ ਉਦੋਂ ਖੁੱਲ੍ਹਿਆ ਜਦੋਂ ਉਨ੍ਹਾਂ ਨੇ ਦੱਸਿਆ, “ਸਾਡੇ ਤਾਂ ਇੱਕ ਔਰਤ ਨੂੰ ਸਿਰ ਢਕਣ ਲਈ ਕਹਿਣ ਦਾ ਮਤਲਬ ਹੈ ਕਿ ਉਹ ਵਿਧਵਾ ਹੋ ਗਈ ਹੈ। ਇਸੇ ਲਈ ਇਸ ਨੇ ਜਦੋਂ ਸਾਨੂੰ ਸਿਰ ਢਕਣ ਲਈ ਆਖਿਆ ਤਾਂ ਸਾਨੂੰ ਬਹੁਤ ਬੁਰਾ ਲੱਗਿਆ ਅਤੇ ਸੁਭਾਵਕ ਹੀ ਗੁੱਸਾ ਵੀ ਆ ਗਿਆ।”
ਸਾਰੀ ਗੱਲ ਸਮਝ ਆ ਜਾਣ ’ਤੇ ਮੈਂ ਸਾਰਿਆਂ ਵੱਲੋਂ ਮੁਆਫੀ ਮੰਗਦਿਆਂ ਉਨ੍ਹਾਂ ਨੂੰ ਗੁਰਦਵਾਰੇ ਅੰਦਰ ਦੀ ਮਰਯਾਦਾ ਦੀ ਪਾਲਣਾ ਕਰਨ ਲਈ ਕਿਹਾ ਅਤੇ ਆਸ-ਪਾਸ ਵਿਚਰ ਰਹੇ ਹੋਰ ਮਰਦ ਔਰਤਾਂ ਦੇ ਢਕੇ ਹੋਏ ਸਿਰ ਉਨ੍ਹਾਂ ਨੂੰ ਵਿਖਾਏ ਤਾਂ ਉਨ੍ਹਾਂ ਨੇ ਵੀ ਸਤਿਕਾਰ ਨਾਲ ਸੌਰੀ ਆਖਦਿਆਂ ਆਪਣੇ-ਆਪਣੇ ਸਿਰ ਢਕ ਲਏ ਅਤੇ ਇੱਕ-ਇੱਕ ਕਰਕੇ ਦੀਵਾਨ ਹਾਲ ਅੰਦਰ ਜਾਣ ਲੱਗੀਆਂ। ਦੀਵਾਨ ਵਿੱਚ ਮੱਥਾ ਟੇਕ ਕੇ ਇਨ੍ਹਾਂ ਸਾਰੇ ਯਾਤਰੂਆਂ ਨੇ ਲੰਗਰ ਵਿੱਚ ਜਾ ਕੇ ਚਾਹ-ਪਾਣੀ, ਪ੍ਰਸ਼ਾਦਾ ਆਦਿ ਛਕਿਆ, ਸਾਰਾ ਗੁਰਦਵਾਰਾ, ਝੀਰਾ ਸਾਹਿਬ ਅਤੇ ਸਰੋਵਰ ਦੇ ਦਰਸ਼ਨ ਕਰਦਿਆਂ ਖੂਬ ਅਨੰਦ ਮਾਣਿਆ ਅਤੇ ਬੱਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰਿਆਂ ਨੇ ਪਿਆਰ ਅਤੇ ਖੁਸ਼ੀ ਨਾਲ ਸਭ ਨੂੰ, “ਸੌਰੀ - ਥੈਂਕਯੂ” ਵੀ ਬੋਲਿਆ।
ਇੱਕ ਨਹੀਂ, ਗਾਹੇ-ਬਗਾਹੇ ਅਜਿਹੀਆਂ ਅਨੇਕਾਂ ਘਟਨਾਵਾਂ ਸਾਨੂੰ ਆਪਣੇ ਧਰਮ-ਅਸਥਾਨਾਂ ’ਤੇ ਵੇਖਣ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜੇ ਬੀਤੇ ’ਤੇ ਝਾਤ ਮਾਰੀ ਜਾਵੇ ਤਾਂ ਵੇਖਾਂਗੇ ਕਿ ਇਹ ਸਭ ਉਨ੍ਹਾਂ ਸ਼ਹਿਰਾਂ ਵਿੱਚ ਸਥਾਪਤ ਧਰਮ ਅਸਥਾਨਾਂ ਅੰਦਰ ਹੀ ਬਹੁਤ ਵਾਪਰਦਾ ਹੈ, ਜਿੱਥੇ ਦੂਰ-ਦੁਰਾੜ ਦੇ ਯਾਤਰੂ ਘੁੰਮਣ-ਫਿਰਨ ਦੇ ਸ਼ੌਕ ਜਾਂ ਫਿਰ ਕਿਸੇ ਕਾਰੋਬਾਰ, ਵਿਓਪਾਰ, ਬਦਲੀ ਆਦਿ ਦੇ ਸਿਲਸਿਲੇ ਵਿੱਚ ਉੱਥੇ ਆਉਂਦੇ ਹਨ। ਇਨ੍ਹਾਂ ਵਿੱਚੋਂ ਅਨੇਕਾਂ ਹੀ ਅਕਸਰ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਉੱਥੋਂ ਦੇ ਅਸਥਾਨਾਂ ਦੀ ਪ੍ਰਸਿੱਧੀ ਪਹਿਲਾਂ ਤੋਂ ਸੁਣੀ ਹੁੰਦੀ ਹੈ ਅਤੇ ਘਰੋਂ ਚੱਲਣ ਵੇਲੇ ਹੀ ਇਨ੍ਹਾਂ ਨੂੰ ਵੇਖਕੇ ਆਉਣ ਦੀ ਚਾਹਨਾ ਮਨ ਅੰਦਰ ਪਾਲ ਰੱਖੀ ਹੁੰਦੀ ਹੈ ਜਾਂ ਕਈਆਂ ਨੂੰ ਉੱਥੇ ਪਹੁੰਚ ਕੇ ਪਤਾ ਲਗਦਾ ਹੈ ਅਤੇ ਵੇਖਣ ਦੀ ਇੱਛਾ ਬਣ ਜਾਂਦੀ ਹੈ। ਇੱਥੇ ਇਹ ਸੁਭਾਵਿਕ ਹੀ ਹੈ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਉੱਥੋਂ ਦੀਆਂ ਰਸਮਾਂ ਅਤੇ ਮਰਿਯਾਦਾਵਾਂ ਦਾ ਭੋਰਾ ਵੀ ਇਲਮ ਨਹੀਂ ਹੁੰਦਾ। ਇਸੇ ਲਈ ਸਾਡੇ ਸਿੱਖ ਧਰਮ ਅਸਥਾਨਾਂ ਅੰਦਰ ਕਿਸੇ ਯਾਤਰੂ ਦੀ ਜੇਬ ਵਿੱਚੋਂ ਜਰਦੇ ਦੀ ਪੁੜੀ, ਬੀੜੀ-ਸਿਗਰੇਟ, ਕੋਈ ਨਸ਼ੇ ਦੀ ਵਸਤੂ ਮਿਲਣੀ, ਜਾਂ ਕੋਈ ਐਸੀ ਬੋਲੀ ਬੋਲ ਦੇਣੀ ਜੋ ਸਾਨੂੰ ਖਰ੍ਹਵੀ ਲੱਗੇ, ਬੜੀ ਹੀ ਸਧਾਰਨ ਜਿਹੀ ਗੱਲ ਹੈ। ਦੂਜੇ, ਇਹ ਵੀ ਤਾਂ ਜ਼ਰੂਰੀ ਨਹੀਂ ਕਿ ਸਾਡੇ ਧਰਮ ਅਸਥਾਨਾਂ ਅੰਦਰ ਸਿਰਫ ਅਸੀਂ ਹੀ ਜਾ ਸਕਦੇ ਹਾਂ। ਉਸ ਤੋਂ ਵੀ ਉੱਪਰ, “ਸੱਭੇ ਸਾਂਝੀਵਾਲ ਸਦਾਇਣ” ਦਾ ਹੋਕਾ ਦੇਣ ਵਾਲਾ ਸਿੱਖ ਧਰਮ ਤਾਂ ਥਾਪਿਆ ਹੀ ਇਸ ਧਾਰਨਾ ’ਤੇ ਗਿਆ ਹੈ ਕਿ, “ਸਿੱਖ ਧਰਮ ਸਭ ਦਾ ਸਾਂਝ ਧਰਮ ਹੈ।” ਬਾਕੀ ਸਭ ਤਾਂ ਸਾਡੇ ਪ੍ਰਚਾਰਕਾਂ, ਸੇਵਾਦਾਰਾਂ, ਡੇਰੇਦਾਰਾਂ ਦੇ ਹੱਥਾਂ ਵਿੱਚ ਹੈ ਕਿ ਉਹ ਸਾਡੀਆਂ ਮਰਿਯਾਦਾਵਾਂ ਅਤੇ ਉਨ੍ਹਾਂ ਤੇ ਚੱਲਣ ਦਾ ਪ੍ਰਚਾਰ ਕਿਸ ਢੰਗ ਨਾਲ ਕਰਦੇ ਹਨ। ਕੀ ਉਹ ਸਿੱਖ ਧਰਮ ਨੂੰ ਤਾਲਿਬਾਨੀ ਕੱਟੜਵਾਦ ਵੱਲ ਲੈ ਕੇ ਜਾਣਾ ਚਾਹੁੰਦੇ ਹਨ! ਬ੍ਰਾਹਮਣਵਾਦ ਵਰਗੇ ਉਨ੍ਹਾਂ ਹੀ ਭਰਮ ਭੁਲੇਖਿਆਂ ਨੂੰ ਫਿਰ ਤੋਂ ਲਾਗੂ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਬਾਬੇ ਨਾਨਕ ਨੇ ਭੰਡਿਆ ਸੀ! ਜਾਂ ਇਸ ਨੂੰ ਸਿਰਫ ਆਪਣੀਆਂ ਕਮਾਈਆਂ ਅਤੇ ਚੌਧਰਵਾਦ ਦਾ ਸਾਧਨ ਬਣਾ ਕੇ ਰੱਖਣਾ ਚਾਹੁੰਦੇ ਹਨ!
ਕਿਸੇ ਸਿਆਣੇ ਦਾ ਕਥਨ ਹੈ ਕਿ, “ਜੇ ਤੁਹਾਨੂੰ ਕਿਸੇ ਨੇ ਮੂਰਖ ਕਹਿ ਦਿੱਤਾ, ਤਾਂ ਉਸਦੇ ਕਹਿਣ ਨਾਲ ਤੁਸੀਂ ਮੂਰਖ ਨਹੀਂ ਬਣ ਗਏ, ਪਰ ਜਦੋਂ ਉਸ ਮੂਰਖ ਕਹਿਣ ਵਾਲੇ ਨੂੰ ਸਬਕ ਦੇਣ ਲਈ ਤੁਸੀਂ ਅੱਖਾਂ ਕੱਢਦਿਆਂ ਆਪਣੀਆਂ ਬਾਹਾਂ ਉੱਪਰ ਨੂੰ ਚੜ੍ਹਾਉਣ ਲੱਗ ਪਏ ਤਾਂ ਸਮਝ ਲਵੋ ਕਿ ਤੁਸੀਂ ਮੂਰਖ ਬਣ ਗਏ।” ਠੀਕ ਇਸੇ ਤਰ੍ਹਾਂ ਬੇਅਦਬੀ ਨੂੰ ਵੀ ਜਦੋਂ ਅਸੀਂ ਬਾਹਰ ਨਿਕਲ ਕੇ ਸੜਕਾਂ, ਗਲੀਆਂ, ਬਜ਼ਾਰਾਂ ਵਿੱਚ ਲਲਕਾਰੇ ਮਾਰਦੇ ਹੋਏ ਪ੍ਰਚਾਰਾਂਗੇ ਤਾਂ ਇਹ ਸੱਚਮੁੱਚ ਹੀ ਬੇਅਦਬੀ ਬਣ ਜਾਵੇਗੀ।
ਜਾਣ ਬੁੱਝ ਕੇ ਕੀਤੀ ਗਈ ਬੇਅਦਬੀ ਇੱਕ ਅਲੱਗ ਵਿਸ਼ਾ ਹੈ। ਇਸ ਨੂੰ ਬਹੁਤੀ ਵਾਰ ਸਾਡੇ ਆਪਣੇ ਹੀ ਅੰਜਾਮ ਦਿੰਦੇ ਹਨ ਜਿਸ ਨੂੰ ਨਜਿੱਠਣ ਦੇ ਤਰੀਕੇ ਵੀ ਵੱਖਰੇ ਹੋ ਸਕਦੇ ਹਨ। ਜਿਵੇਂ ਇੱਕ ਪੁਰਾਣੀ ਕਹਾਵਤ ਹੈ ਕਿ, “ਗੁੜ ਦਿੱਤਿਆਂ ਜੇ ਮਰਦਾ ਹੋਵੇ, ਮਹੁਰਾ ਮੂਲ ਨਾ ਦੇਈਏ।” ਇਸੇ ਤਰ੍ਹਾਂ ਕਿਸੇ ਆਪਣੇ-ਬੇਗਾਨੇ ਤੋਂ ਜਾਣੇ-ਅਣਜਾਣੇ ਵਿੱਚ ਹੋਈ ਗਲਤੀ ਜਾਂ ਭੁੱਲ ਦੀ ਸਜ਼ਾ ਉਸ ਨੂੰ ਜ਼ਲੀਲ ਕਰਕੇ, ਕੁੱਟ-ਮਾਰਕੇ, ਗਾਲੀ-ਗਲੋਚ, ਪੁਲਿਸ ਠਾਣੇ, ਕੋਰਟ ਕਚਹਿਰੀਆਂ, ਸੋਸ਼ਲ ਮੀਡੀਆ, ਟੀਵੀ ਚੈਨਲਾਂ ਤਕ ਖਿੱਚ ਕੇ ਲਿਜਾਵਾਂਗੇ ਤਾਂ ਇਸਦਾ ਅਸਰ ਉਨ੍ਹਾਂ ਨਾਸਮਝਾਂ ’ਤੇ ਅਜਿਹਾ ਪਵੇਗਾ ਕਿ ਮੁੜ ਕੇ ਉਹ ਆਪ ਤਾਂ ਕੀ, ਕਦੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਧਰਮ ਵੱਲ ਮੂੰਹ ਨਹੀਂ ਕਰਨ ਦੇਣਗੇ। ਫੈਸਲਾ ਆਪਾਂ ਹੀ ਸਭ ਨੇ ਕਰਨਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4851)
(ਸਰੋਕਾਰ ਨਾਲ ਸੰਪਰਕ ਲਈ: (