“ਕੁਝ ਇਸ਼ਤਿਹਾਰ ਕੀੜੇ-ਮਕੌੜਿਆਂ ਅਤੇ ਫਲਾਂ-ਸਬਜ਼ੀਆਂ ਵਾਂਗ ਮੌਸਮੀ ਹੁੰਦੇ ਹਨ, ਜਿਵੇਂ ...”
(19 ਜੂਨ 2025)
ਅੱਜ ਦਾ ਯੁਗ ਇਸ਼ਤਿਹਾਰੀ ਯੁਗ ਹੈ। ਸਭ ਪਾਸੇ ਇਸ਼ਤਿਹਾਰਾਂ ਦਾ ਹੀ ਬੋਲਬਾਲਾ ਹੈ। ਮਾਮਲਾ ਸਰਕਾਰ ਨਾਲ ਜੁੜਿਆ ਹੋਵੇ ਚਾਹੇ ਵਪਾਰ ਨਾਲ, ਮਨੋਰੰਜਨ ਜਾਂ ਸੋਗ, ਵਿਕਾਸ ਜਾਂ ਵਿਨਾਸ਼, ਸਿਹਤ ਜਾਂ ਬਿਮਾਰੀ, ਜਨ ਸਧਾਰਨ ਨੂੰ ਖਬਰ ਇਸ਼ਤਿਹਾਰ ਰਾਹੀਂ ਹੀ ਪਹੁੰਚਦੀ ਹੈ। ਖਾਣਾ-ਪੀਣਾ, ਪਹਿਨਣਾ, ਸਜਣਾ-ਸੰਵਰਨਾ, ਉੱਠਣਾ-ਬੈਠਣਾ ਸਭ ਇਸ਼ਤਿਹਾਰੀ। ਸਕੂਲ, ਕਾਲਜ, ਹਸਪਤਾਲ, ਵਿੱਦਿਆ-ਗਿਆਨ, ਧਰਮ ਪ੍ਰਚਾਰ, ਆਸਥਾ, ਸਭ ਇਸ਼ਤਿਹਾਰੀ। ਜੰਮਣ-ਮਰਨ, ਉਦਘਾਟਨ, ਸਸਕਾਰ, ਕਿਰਿਆਕ੍ਰਮ, ਵਿਆਹ-ਸ਼ਾਦੀਆਂ, ਖੁਸ਼ੀ-ਗ਼ਮੀ ਸਭ ਇਸ਼ਤਿਹਾਰੀ ਹੋ ਚੁੱਕੇ ਹਨ।
ਰੇਡੀਓ, ਟੀਵੀ, ਅਖਬਾਰਾਂ ਦੀਆਂ ਖਬਰਾਂ ਵੀ ਅੱਜ ਖਬਰਾਂ ਘੱਟ ਅਤੇ ਇਸ਼ਤਿਹਾਰਾਂ ਦਾ ਭੁਲੇਖਾ ਜ਼ਿਆਦਾ ਪਾਉਂਦੀਆਂ ਹਨ। ਹੋਰ ਤਾਂ ਹੋਰ, ਸਵੇਰੇ ਇਸ਼ਤਿਹਾਰ ਦੇਖਕੇ ਹੀ ਪਤਾ ਚੱਲਦਾ ਹੈ ਕਿ ਕਿਸ ਮਹਿਕਮੇ, ਮੰਤਰੀ ਜਾਂ ਸਰਕਾਰ ਨੇ ਕੀ ਕੀ ਕੰਮ ਕੀਤੇ ਅਤੇ ਕਿੰਨੇ ਅਜੇ ਕਰਨੇ ਬਾਕੀ ਹਨ। ਜਿਉਂਦੇ-ਜਾਗਦੇ, ਭਲੇ-ਚੰਗੇ ਲੀਡਰ, ਨੇਤਾ, ਅਫਸਰ, ਦਫਤਰਾਂ-ਕੋਠੀਆਂ ਵਿੱਚ ਨਹੀਂ ਬਲਕਿ ਇਸ਼ਤਿਹਾਰਾਂ ਵਿੱਚ ਲੱਭਦੇ ਹਨ। ਚੋਣਾਂ, ਰੈਲੀਆਂ, ਧੰਨਵਾਦ, ਧਰਨੇ, ਮੁਜ਼ਾਹਰੇ, ਹੜਤਾਲਾਂ ਦਾ ਪੂਰਾ ਵੇਰਵਾ ਇਸ਼ਤਿਹਾਰਾਂ ਵਿੱਚੋਂ ਹੀ ਤਾਂ ਮਿਲਦਾ ਹੈ। ਧਾਰਮਕ ਬਾਬੇ, ਸੰਤ-ਮਹਾਂਪੁਰਖ, ਜੋਤਿਸ਼ੀ, ਪੰਡਤ, ਮੀਆਂ, ਸਭ ਦੇ ਫੋਟੋਆਂ ਨਾਲ ਸਜੇ ਹੋਏ ਲੋਕਾਈ ਵਾਸਤੇ ਕੀਤੇ ਪਰਉਪਕਾਰ ਅਤੇ ਭਲਾਈ ਦੇ ਅੰਕੜੇ ਵੀ ਇਸ਼ਤਿਹਾਰਾਂ ਰਾਹੀਂ ਹੀ ਪ੍ਰਚਾਰੇ ਜਾਂਦੇ ਹਨ। ਕਿੰਨੇ ਜਾਪੁ ਹੋਏ, ਕਿੰਨੇ ਪ੍ਰਾਣੀ ਗੁਰੂ ਵਾਲੇ ਬਣ ਗਏ, ਨਗਰ-ਕੀਰਤਨ, ਗੁਰਪੁਰਬ, ਸ਼ੋਭਾ-ਯਾਤਰਾਵਾਂ, ਰੱਥ-ਯਾਤਰਾਵਾਂ, ਜਗਰਾਤੇ, ਕੀਰਤਨ, ਲੰਗਰ, ਛਬੀਲਾਂ, ਜਲਸੇ-ਜਲੂਸ, ਪ੍ਰਭਾਤ ਫੇਰੀਆਂ, ਸਭ ਦੇ ਇਸ਼ਤਿਹਾਰ ਸਜਦੇ ਹਨ। ਪਿੰਡਾਂ-ਸ਼ਹਿਰਾਂ ਵਿੱਚ ਮੇਲੇ, ਖੇਡਾਂ, ਮੰਡੀਆਂ, ਨੁਮਾਇਸ਼ਾਂ, ਸਰਕਸ, ਦੁਸਹਿਰੇ, ਦਿਵਾਲੀਆਂ, ਵਿਸਾਖੀਆਂ, ਮਾਘੀਆਂ ਦੇ ਆਪਣੇ-ਆਪਣੇ ਵਸੀਲਿਆਂ ਨਾਲ ਪ੍ਰਚਾਰੇ ਜਾਂਦੇ ਇਸ਼ਤਿਹਾਰ। ਸਿਨੇਮਿਆਂ ਵਿੱਚ ਲੱਗੀਆਂ ਫਿਲਮਾਂ, ਨਵੇਂ ਗਾਇਕ-ਗਾਇਕਾਵਾਂ ਦੇ ਅਖਾੜਿਆਂ ਦੇ ਪ੍ਰਚਾਰ ਹਿਤ ਇਸ਼ਤਿਹਾਰ ਰੂਪੀ ਪੋਸਟਰ। ਸਕੂਲਾਂ, ਕਾਲਜਾਂ ਵਿੱਚੋਂ ਪਾਸ ਹੁੰਦੇ ਵਿਦਿਆਰਥੀ ਅਤੇ ਹਸਪਤਾਲਾਂ, ਡਾਕਟਰਾਂ ਦੇ ਠੀਕ ਹੋਏ ਮਰੀਜ਼ਾਂ ਦੀਆਂ ਸ਼ਕਲਾਂ ਅਤੇ ਉਨ੍ਹਾਂ ਦੀ ਗਿਣਤੀ ਵੀ ਇਸ਼ਤਿਹਾਰਾਂ ਰਾਹੀਂ ਹੀ ਸਾਡੇ ਤਕ ਪਹੁੰਚਦੀ ਹੈ।
ਪੁਰਾਤਨ ਸਮਿਆਂ ਵਿੱਚ ਸੁਣਿਆ ਕਰਦੇ ਸੀ, “ਇਸ਼ਤਿਹਾਰੀ ਮੁਜਰਮ।” ਮਤਲਬ, ਜੋ ਮੁਜਰਮ ਅਦਾਲਤ ਜਾਂ ਪੁਲਿਸ ਦੀ ਪਕੜ ਵਿੱਚ ਨਾ ਆਵੇ, ਉਸ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦੇ ਦਿੱਤਾ ਜਾਂਦਾ ਸੀ। ਉਸਦੀ ਫੋਟੋ ਲੱਗੇ ਇਸ਼ਤਿਹਾਰ ਥਾਣਿਆਂ, ਚੌਂਕਾਂ-ਚੁਰਾਹਿਆਂ ’ਤੇ ਲਾ ਕੇ ਪ੍ਰਸ਼ਾਸਨ ਵੱਲੋਂ ਆਮ ਪਬਲਿਕ ਤੋਂ ਉਸਦਾ ਅਤਾ-ਪਤਾ ਲੱਭਣ ਲਈ ਮਦਦ ਮੰਗੀ ਜਾਂਦੀ ਸੀ। ਪਰ ਅੱਜ ਉਨ੍ਹਾਂ ਹੀ ਚੌਕਾਂ ਚੁਰਾਹਿਆਂ ’ਤੇ ਦੋਵੇਂ ਹੱਥ ਜੋੜ ਕੇ ਖੜ੍ਹੇ ਲੀਡਰਾਂ, ਆਗੂਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਫੋਟੋਆਂ ਨਾਲ ਸਜੇ ਹੋਏ, ਉਨ੍ਹਾਂ ਵੱਲੋਂ ਅਰੰਭ ਹੋਣ ਜਾ ਰਹੇ ਜਾਂ ਨਿਪਟਾਏ ਗਏ ਕੰਮਾਂ ਦੇ ਇਸ਼ਤਿਹਾਰ ਲੱਗੇ ਮਿਲਦੇ ਹਨ। ਕੰਮ ਹੋਵੇ ਤਾਂ ਵੀ ਇਸ਼ਤਿਹਾਰ, ਨਾ ਹੋਵੇ ਤਾਂ ਵੀ ਇਸ਼ਤਿਹਾਰ। ਕਾਮਯਾਬੀ ਮਿਲ ਗਈ ਤਾਂ ਆਪਣੇ, ਨਹੀਂ ਮਿਲੀ ਤਾਂ ਵਿਰੋਧੀਆਂ ਦੇ ਇਸ਼ਤਿਹਾਰ ਬੋਲਦੇ ਹਨ। ਕੱਲ੍ਹ ਵਿਕਾਸ ਕਿੱਥੇ ਸੀ, ਅੱਜ ਕਿੱਥੇ ਹੈ, ਕੱਲ੍ਹ ਕਿੱਥੇ ਮਿਲੇਗਾ ਇਹ ਸਭ ਇਸ਼ਤਿਹਾਰ ਪੜ੍ਹ ਕੇ ਹੀ ਪਤਾ ਲੱਗ ਸਕਦਾ ਹੈ। ਅੱਛੇ ਦਿਨ ਕਦੋਂ ਆਏ, ਕਿੰਨੇ ਆਏ ਅਤੇ ਕਦੋਂ ਤਕ ਰਹਿਣਗੇ, ਬਕਾਇਦਾ ਇਸ਼ਤਿਹਾਰ ਪੜ੍ਹਕੇ ਜਾਣ ਸਕਦੇ ਹੋ। ਸਰਕਾਰਾਂ ਦੀਆਂ ਪ੍ਰਾਪਤੀਆਂ, ਟੀਚੇ, ਸੂਚਨਾਵਾਂ, ਵਿਭਾਗਾਂ ਦੇ ਫੇਰ ਬਦਲ, ਨੀਂਹ ਪੱਥਰ, ਉਦਘਾਟਨ, ਸਹੂਲਤਾਂ, ਅਦਾਲਤੀ ਆਦੇਸ਼, ਸਭ ਇਸ਼ਤਿਹਾਰਾਂ ਰਾਹੀਂ ਹੀ ਤਾਂ ਜਨ ਸਧਾਰਨ ਤਕ ਪਹੁੰਚਦੇ ਹਨ। ਕਦੇ ਕਹਾਵਤਾਂ ਸੁਣਦੇ ਸੀ, “ਇਨਸਾਨ ਨਹੀਂ, ਇਨਸਾਨ ਦੀ ਕਾਮਯਾਬੀ ਬੋਲਦੀ ਹੈ, ਕੰਮ ਬੋਲਦਾ ਹੈ।” ਪਰ ਅਜੋਕੇ ਯੁਗ ਵਿੱਚ ਤਾਂ ਕਾਮਯਾਬੀ ਹੋਵੇ ਨਾ ਹੋਵੇ, ਇਸ਼ਤਿਹਾਰ ਬੋਲਦੇ ਹਨ। ਐਸੇ ਬੋਲਦੇ ਹਨ ਕਿ ਕੁਝ ਨਾ ਵੀ ਹੋਣ ’ਤੇ ਸਭ ਨਜ਼ਰ ਆਉਂਦਾ ਹੈ।
ਇਸੇ ਤਰ੍ਹਾਂ ਮੋਟੇ-ਪਤਲੇ ਹੋਣ ਲਈ, ਚਮੜੀ ਗੋਰੀ-ਕਾਲੀ ਕਰਨ ਲਈ, ਗੁਪਤ ਰੋਗ, ਮਰਦਾਨਾ ਸ਼ਕਤੀ, ਸ਼ਰਤੀਆ ਮੁੰਡਾ-ਕੁੜੀ, ਦੇਸੀ-ਅੰਗਰੇਜ਼ੀ ਇਲਾਜ, ਟੁੱਟੀਆਂ ਹੱਡੀਆਂ, ਬਵਾਸੀਰ, ਅੱਖਾਂ ਦੇ ਅਪ੍ਰੇਸ਼ਨ ਤੋਂ ਲੈ ਕੇ ਕੈਂਸਰ, ਡੇਂਗੂ, ਮਲੇਰੀਆ, ਕਰੋਨਾ ਵਰਗੀਆਂ ਭਾਂਤ ਭਾਂਤ ਦੀਆਂ ਬਿਮਾਰੀਆਂ ਲਈ ਔਸ਼ਧੀਆਂ, ਨੁਸਖੇ, ਟੋਟਕੇ ਭਲਾ ਕਿੱਥੋਂ ਸਾਡੀ ਪਹੁੰਚ ਵਿੱਚ ਹੁੰਦੇ ਜੇ ਇਸ਼ਤਿਹਾਰਬਾਜ਼ੀ ਨਾ ਹੁੰਦੀ! ਕਿਸੇ ਦਾ ਭਲਾ ਜਾਂ ਬੁਰਾ ਕਰਨਾ ਕਰਵਾਉਣਾ ਹੋਵੇ, ਜਿਊਂਦੇ ਨੂੰ ਮਾਰਨਾ, ਮਰੇ ਨੂੰ ਜਿਊਂਦਾ ਕਰਨਾ, ਰੋਂਦੇ ਨੂੰ ਹਸਾਉਣਾ, ਹੱਸਦੇ ਨੂੰ ਰੁਆਉਣਾ, ਆਈਲੈਟਸ, ਵਿਦੇਸ਼ਾਂ ਦੇ ਵੀਜ਼ੇ, ਪੱਕੀਆਂ ਨੌਕਰੀਆਂ, ਸਾਰੇ ਹੱਲ ਇਸ਼ਤਿਹਾਰਾਂ ਵਿੱਚੋਂ ਸੌਖੇ ਹੀ ਲੱਭ ਜਾਂਦੇ ਹਨ। ਬੱਸ ਇਸ਼ਤਿਹਾਰ ਪੜ੍ਹੋ ਤੇ ਲੱਭ ਲਉ ਆਪਣੀ ਆਪਣੀ ਸਮੱਸਿਆ ਦਾ ਹੱਲ।
ਇਨਸਾਨਾਂ ਵਾਂਗ ਹੀ ਇਸ਼ਤਿਹਾਰਾਂ ਦੀਆਂ ਵੀ ਅਣਗਿਣਤ ਸ਼੍ਰੇਣੀਆਂ, ਜਾਤੀਆਂ ਅਤੇ ਪ੍ਰਜਾਤੀਆਂ ਹੁੰਦੀਆਂ ਹਨ। ਸਾਡੀ ਜਨਤਾ-ਜਨਾਰਧਨ ਵਾਂਗ ਹੀ ਇਨ੍ਹਾਂ ਵਿੱਚ ਊਚ-ਨੀਚ, ਛੂਤ-ਅਛੂਤ ਵਰਗੀਆਂ ਜਮਾਤਾਂ ਹੁੰਦੀਆਂ ਹਨ। ਇਨ੍ਹਾਂ ਦੇ ਅਧਾਰ ’ਤੇ ਹੀ ਇਨ੍ਹਾਂ ਦੇ ਪ੍ਰਚਾਰਨ ਅਤੇ ਪ੍ਰਸਾਰਣ ਦੇ ਯੋਗ ਸਾਧਨ, ਅਸਥਾਨ ਵਗੈਰਾ ਮਿਥੇ ਜਾਂਦੇ ਹਨ। ਉਦਾਹਰਨ ਵਜੋਂ, ਸਭ ਤੋਂ ਧਨੀ ਅਤੇ ਉੱਚ ਜਾਤੀ ਦੇ ਇਸ਼ਤਿਹਾਰ ਸਾਨੂੰ ਮਹਿੰਗੀਆਂ ਥਾਂਵਾਂ, ਮਸਲਨ ਹਵਾਈ ਅੱਡੇ, ਵੱਡੇ ਵੱਡੇ ਸ਼ਾਪਿੰਗ ਮਾਲ, ਮੈਟਰੋ ਟਰੇਨਾਂ, ਮਹਿੰਗੇ ਹੋਟਲਾਂ ਵਿੱਚ ਹੀ ਦੇਖਣ ਨੂੰ ਮਿਲਣਗੇ। ਉੱਚ ਸ਼੍ਰੇਣੀ ਹੋਣ ਕਰਕੇ ਇਹ ਅੱਤ ਦੇ ਮਹਿੰਗੇ ਅਤੇ ਖਰਚੀਲੇ ਹੁੰਦੇ ਹਨ ਅਤੇ ਇਹ ਹਮੇਸ਼ਾ ਕੁਝ ਚੋਣਵੀਆਂ ਵਸਤਾਂ ਦੇ ਪ੍ਰਚਾਰ, ਜਿਵੇਂ ਸ਼ਿੰਗਾਰ, ਮਹਿੰਗੀਆਂ ਘੜੀਆਂ, ਪਰਫਿਊਮ, ਮਹਿੰਗੀ ਸ਼ਰਾਬ, ਹੀਰੇ-ਜਵਾਹਰਾਤ, ਬਰਾਂਡਿਡ ਕੱਪੜੇ, ਔਰਤਾਂ-ਬੱਚਿਆਂ ਨੂੰ ਭਰਮਾਉਣ ਦੀਆਂ ਵਸਤਾਂ ਆਦਿ ਦੇ ਮੋਹਰੀ ਬਣੇ ਰਹਿੰਦੇ ਹਨ।
ਦਰਮਿਆਨੇ ਤਬਕੇ ਜਾਂ ਮੱਧ ਵਰਗੀ ਇਸ਼ਤਿਹਾਰ ਉਹ ਹੁੰਦੇ ਹਨ ਜੋ ਟੀਵੀ, ਰੇਡੀਓ, ਸਿਨੇਮਾ ਘਰ, ਅਖਬਾਰਾਂ, ਰਸਾਲਿਆਂ ਆਦਿ ਰਾਹੀਂ ਪ੍ਰਚਾਰੇ ਜਾਂਦੇ ਹਨ। ਇਨ੍ਹਾਂ ਰਾਹੀਂ ਖਾਣ-ਪੀਣ ਦੀਆਂ ਵਸਤਾਂ, ਮਿਰਚ ਮਸਾਲੇ, ਚਟਨੀਆਂ, ਡੱਬਾ ਬੰਦ ਖੁਰਾਕਾਂ, ਘਰ ਦੇ ਜ਼ਰੂਰੀ ਸਮਾਨ, ਕੱਪੜੇ, ਬਰਤਨ ਆਦਿ ਧੋਣ ਲਈ ਸਾਬਣ-ਸੋਢੇ, ਸੁੰਦਰ ਬਣਨ ਲਈ ਸ਼ੈਂਪੂ, ਕਰੀਮਾਂ, ਪਾਊਡਰ, ਸਾਫ ਸਫਾਈ ਦੇ ਸਾਧਨ, ਪੱਖੇ, ਕੂਲਰ, ਲਾਈਟਾਂ, ਰੰਗ-ਰੋਗਨ, ਸਿਹਤ ਸੰਭਾਲ, ਮਨੋਰੰਜਨ ਦੇ ਸਾਧਨ, ਸਰਕਾਰੀ ਸੇਵਾਵਾਂ ਆਦਿ ਪ੍ਰਚਾਰੇ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਰੇਡੀਓ, ਟੀਵੀ ’ਤੇ ਚੱਲਣ ਵਾਲੇ ਜ਼ਿਆਦਾਤਰ ਇਸ਼ਤਿਹਾਰ ਬੜੇ ਹੀ ਉਕਸਾਊ, ਬੋਰਿੰਗ ਅਤੇ ਢੀਠ ਜਾਤ ਦੇ ਹੁੰਦੇ ਹਨ। ਬੋਰਿੰਗ ਅਤੇ ਢੀਠ ਇਸ ਕਰਕੇ, ਕਿਉਂਕਿ ਇਨ੍ਹਾਂ ਦਾ ਸਾਮ੍ਹਣਾ ਆਪਣੇ ਮਨਭਾਉਂਦੇ ਪ੍ਰੋਗਰਾਮ ਦੇਖਣ ਵਾਲਿਆਂ ਲਈ ਸਭ ਵਿੱਚ-ਵਿਚਾਲੇ ਰੋਕ ਕੇ, ਵਾਰ ਵਾਰ, ਕਈ ਵਾਰ, ਅਤੇ ਇੰਨੀ ਵਾਰ ਕਰਵਾਇਆ ਜਾਂਦਾ ਹੈ ਕਿ ਕਈ ਵਿਚਾਰੇ ਤਾਂ ਚੰਗੇ ਭਲੇ ਅਤੇ ਆਪਣੀ ਮਨਪਸੰਦ ਦੇ ਚੱਲ ਰਹੇ ਪ੍ਰੋਗਰਾਮਾਂ ਨੂੰ ਵਿੱਚੇ ਛੱਡ ਕੇ ਜਾਂ ਤਾਂ ਚੈਨਲ, ਸਟੇਸ਼ਨ ਆਦਿ ਬਦਲ ਲੈਂਦੇ ਹਨ ਜਾਂ ਥੱਕ-ਹਾਰ ਕੇ ਉੱਠਕੇ ਤੁਰਦੇ ਬਣਦੇ ਹਨ।
ਕੁਝ ਇਸ਼ਤਿਹਾਰ ਕੀੜੇ-ਮਕੌੜਿਆਂ ਅਤੇ ਫਲਾਂ-ਸਬਜ਼ੀਆਂ ਵਾਂਗ ਮੌਸਮੀ ਹੁੰਦੇ ਹਨ, ਜਿਵੇਂ ਚੋਣ ਪ੍ਰਚਾਰ ਦੇ ਇਸ਼ਤਿਹਾਰ, ਦਿਨ-ਤਿਓਹਾਰਾਂ ਮੌਕੇ ਬਜ਼ਾਰਾਂ ਵਿੱਚ ਲੱਗੀਆਂ ਸੇਲਾਂ, ਗਰਮੀ-ਸਰਦੀ ਵਿੱਚ ਵਰਤੇ ਜਾਣ ਵਾਲੇ ਕੱਪੜੇ, ਖਾਣ-ਪਾਣ, ਸ਼ਿੰਗਾਰ ਆਦਿ ਦੇ ਇਸ਼ਤਿਹਾਰ। ਇਹ ਸਭ ਇੱਕ ਮਿਥੇ ਸਮੇਂ ’ਤੇ ਹੀ ਸਾਮ੍ਹਣੇ ਆਉਂਦੇ ਹਨ ਅਤੇ ਫਿਰ ਅਚਾਨਕ ਹੀ ਗਾਇਬ ਵੀ ਹੋ ਜਾਂਦੇ ਹਨ।
ਇਸ਼ਤਿਹਾਰਾਂ ਦੀਆਂ ਕੌਮਾਂ ਵਿੱਚ ਸਾਡੇ ਵਰਗੇ ਆਮ ਲੋਕਾਂ ਵਾਂਗ ਹੀ ਗਰੀਬ ਅਤੇ ਨੀਵੀਂ ਬਰਾਦਰੀ ਵਾਲੇ ਇਸ਼ਤਿਹਾਰ ਵੀ ਹੁੰਦੇ ਹਨ। ਇਨ੍ਹਾਂ ਵਿੱਚ ਗੁਪਤ ਰੋਗ, ਤਾਕਤ ਦੀਆਂ ਦਵਾਈਆਂ, ਜਾਦੂ ਟੂਣਿਆਂ ਰਾਹੀਂ ਮੂੰਹੋਂ ਮੰਗੀਆਂ ਮੁਰਾਦਾਂ ਆਦਿ ਲਈ ਪ੍ਰਚਾਰ ਹੁੰਦੇ ਹਨ। ਇਹ ਬੜੀਆਂ ਸਸਤੀਆਂ ਅਤੇ ਮੁਫ਼ਤ ਵਰਗੀਆਂ ਥਾਂਵਾਂ ’ਤੇ ਹੀ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਜਨਤਕ ਪਖਾਨੇ, ਪਿਸ਼ਾਬ ਘਰ, ਡਿੱਗੀਆਂ-ਢੱਠੀਆਂ ਕੰਧਾਂ, ਸੁੰਨੇ ਪਾਰਕ, ਪੁਰਾਣੀਆਂ ਬੰਦ ਪਈਆਂ ਇਮਾਰਤਾਂ, ਮਨਾਹੀ ਵਾਲੀਆਂ ਥਾਂਵਾਂ, ਰੇਲਵੇ ਲਾਈਨਾਂ ਦੇ ਆਸ ਪਾਸ, ਜਰਨੈਲੀ ਸੜਕਾਂ ਦੇ ਆਲੇ ਦੁਆਲੇ, ਖੇਤਾਂ ਵਿੱਚ ਲੱਗੇ ਟਿਊਬਵੈੱਲਾਂ ਦੇ ਲਾਵਾਰਸ ਕੋਠਿਆਂ ਆਦਿ ’ਤੇ ਦੇਖਣ ਨੂੰ ਮਿਲਦੇ ਹਨ। ਇਹ ਕੁਝ ਵਿਸ਼ੇਸ਼ ਸ਼੍ਰੇਣੀ ਦੇ ਲੋਕਾਂ ਦੀ ਹੀ ਸੇਵਾ ਕਰਦੇ ਹਨ। ਇਨ੍ਹਾਂ ਵਿੱਚ ਕਈ ਤਾਂ ਐਸੀਆਂ ਐਸੀਆਂ ਥਾਂਵਾਂ ’ਤੇ ਚਿਪਕੇ ਮਿਲਦੇ ਹਨ ਜਿੱਥੇ ਇਨ੍ਹਾਂ ਨੂੰ ਲਾਉਣ ਦੀ ਸਖਤ ਮਨਾਹੀ ਹੁੰਦੀ ਹੈ। ਜਿਵੇਂ, ਜ਼ਰੂਰੀ ਸੂਚਨਾਵਾਂ ਵਾਲੇ ਬੋਰਡ, ਟ੍ਰੈਫਿਕ ਨਿਯਮਾਂ ਅਤੇ ਰਸਤਾ ਦੱਸਣ ਵਾਲੇ ਬੋਰਡ, ਸ਼ਹਿਰਾਂ ਕਸਬਿਆਂ ਆਦਿ ਦੀ ਸਜਾਵਟ ਲਈ ਹੋਈਆਂ ਚਿੱਤ੍ਰਕਾਰੀਆਂ ਵਗੈਰਾ ਉੱਤੇ।
ਕੁਦਰਤ ਦੇ ਸਾਜੇ ਬਾਕੀ ਹੋਰ ਜੀਵਾਂ ਵਾਂਗ ਹੀ ਇਹ ਇਸ਼ਤਿਹਾਰ ਆਪਣੀ ਉਮਰ ਵੀ ਹੰਢਾਉਂਦੇ ਹਨ। ਇਹ ਜੰਮਦੇ, ਜਵਾਨ ਹੁੰਦੇ ਅਤੇ ਬੁੱਢੇ ਹੋ ਕੇ ਇਸ ਫਾਨੀ ਦੁਨੀਆਂ ਨੂੰ ਛੱਡ ਵੀ ਜਾਂਦੇ ਹਨ। ਇਨ੍ਹਾਂ ਵਿੱਚੋਂ ਅਨੇਕਾਂ ਵੱਡੇ-ਵਡੇਰਿਆਂ ਵਾਂਗ ਆਪਣੀ ਉਮਰ ਭੋਗ ਕੇ, ਰੁਖਸਤ ਹੋਣ ਤੋਂ ਬਾਅਦ ਵੀ, ਦਹਾਕਿਆਂ ਤਕ ਸਾਡੀਆਂ ਯਾਦਾਂ ਵਿੱਚ ਵਸੇ ਰਹਿੰਦੇ ਹਨ। ਪੁਰਾਣੇ ਰੇਡੀਓ ਵਾਲੇ ਵੇਲਿਆਂ ਨੂੰ ਯਾਦ ਕਰੀਏ ਤਾਂ ਬਿਨਾਕਾ ਟੁੱਥ ਪੇਸਟ ਦਾ ਪ੍ਰਚਾਰ, ਅਫਗਾਨ-ਸਨੋ ਕਰੀਮ, ਰਕਸੋਨਾ ਅਤੇ ਹਮਾਮ ਸਾਬਣ, ਟਿਨੋਪਾਲ, ਡਾਲਡਾ ਘਿਓ, ਸਿਮਕੋ ਹੇਅਰ ਫਿਕਸਰ ਆਦਿ ਅਣਗਿਣਤ ਐਸੇ ਇਸ਼ਤਿਹਾਰ ਹਨ, ਜੋ ਆਪਣੀ ਉਮਰ ਵਿਹਾ ਕੇ ਵੀ ਅੱਜ ਤਕ ਸੁਣਨ ਵਾਲਿਆਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਪੁਰਾਣੀਆਂ ਹਿੱਟ ਫਿਲਮਾਂ ਦੇ ਸਿਲਵਰ ਅਤੇ ਗੋਲਡਨ ਜੁਬਲੀਆਂ ਦੇ ਪੋਸਟਰ ਰੂਪੀ ਇਸ਼ਤਿਹਾਰ ਵੀ ਹੁਣ ਨਜ਼ਰਾਂ ਤੋਂ ਓਝਲ ਹੋ ਚੁੱਕੇ ਹਨ। ਕਈ ਨਿਰਮਾ ਵਾਸ਼ਿੰਗ ਪਾਉਡਰ ਵਰਗੇ ਇਸ਼ਤਿਹਾਰ ਯੁਗ ਬੀਤ ਜਾਣ ’ਤੇ ਵੀ ਸਦੀਵੀ ਅਮਰ ਹੋ ਕੇ ਅੱਜ ਤਕ ਕੰਨਾਂ ਵਿੱਚ ਗੂੰਜਦੇ ਹਨ।
ਇਸ਼ਤਿਹਾਰਾਂ ਦੀ ਇੱਕ ਹੋਰ ਸ਼੍ਰੇਣੀ ਸਰਕਾਰਾਂ, ਮਹਿਕਮਿਆਂ ਲਈ ਕਮਾਊ ਪੁੱਤਰਾਂ ਵਾਲੀ ਵੀ ਹੁੰਦੀ ਹੈ। ਮਸਲਨ ਅਖਬਾਰਾਂ ਰਸਾਲਿਆਂ ਵਿੱਚ ਪੂਰੇ ਪੂਰੇ ਸਫ਼ਿਆਂ ’ਤੇ ਛਪਦੇ ਇਸ਼ਤਿਹਾਰ। ਇਹ ਇਸ਼ਤਿਹਾਰ ਹੋਰ ਕਿਸੇ ਦਾ ਕੋਈ ਭਲਾ ਕਰਨ ਜਾਂ ਨਾ ਕਰਨ, ਕੋਈ ਇਨ੍ਹਾਂ ’ਤੇ ਨਜ਼ਰ ਮਾਰੇ ਜਾਂ ਨਾ ਮਾਰੇ ਪਰ ਖਜ਼ਾਨੇ ਲੁਟਾਉਂਦੀਆਂ ਸਮੇਂ ਦੀਆਂ ਸਰਕਾਰਾਂ, ਮੰਤਰੀ, ਅਫਸਰ ਆਦਿ ਸਭ ਇਨ੍ਹਾਂ ਤੋਂ ਆਪਣੀਆਂ ਝੋਲੀਆਂ ਭਰ ਲੈਂਦੇ ਹਨ।
ਸ਼ਹਿਰਾਂ, ਕਸਬਿਆਂ, ਪਿੰਡਾਂ ਅੰਦਰ, ਮਨਜ਼ੂਰਸ਼ੁਦਾ ਥਾਂਵਾਂ ’ਤੇ ਲੱਗਣ ਵਾਲੇ ਇਸ਼ਤਿਹਾਰ ਵੱਖਰੇ ਹੁੰਦੇ ਹਨ। ਇਨ੍ਹਾਂ ਵਿੱਚ ਫਲੈਕਸ ਬੋਰਡ ਅਤੇ ਬਿਜਲੀ ਦੀਆਂ ਲਾਈਟਾਂ ਨਾਲ ਚਮਕਦੇ ਇਸ਼ਤਿਹਾਰ, ਜੋ ਕਿ ਅਕਸਰ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਉੱਚੀਆਂ ਇਮਾਰਤਾਂ, ਟ੍ਰੈਫਿਕ ਅਤੇ ਸਟਰੀਟ ਲਾਈਟਾਂ ਦੇ ਖੰਭੇ, ਸਰਕਾਰੀ ਬੱਸਾਂ ਦੇ ਅੰਦਰ-ਬਾਹਰ ਅਤੇ ਉੱਚੀਆਂ ਪਾਣੀ ਦੀਆਂ ਟੈਂਕੀਆਂ ਵਗੈਰਾ ’ਤੇ ਲੱਗੇ ਵੇਖੇ ਜਾ ਸਕਦੇ ਹਨ। ਇਸ ਸ਼੍ਰੇਣੀ ਦੇ ਇਸ਼ਤਿਹਾਰ ਆਪਣੇ ਪ੍ਰਚਾਰ ਦੇ ਨਾਲ ਨਾਲ ਕਈ ਵਾਰ ਤਾਂ ਰਸਤੇ ’ਤੇ ਚੱਲ ਰਹੇ ਟ੍ਰੈਫਿਕ ਜਾਮ ਅਤੇ ਦੁਰਘਟਨਾਵਾਂ ਦੀ ਸੇਵਾ ਵੀ ਨਿਭਾ ਜਾਂਦੇ ਹਨ।
ਕਈ ਇਸ਼ਤਿਹਾਰ ਸਾਡੇ ਬੇਆਸਰੇ ਬਜ਼ੁਰਗਾਂ ਵਾਂਗ ਆਪਣੇ ਵੱਲੋਂ ਪ੍ਰਚਾਰੇ ਗਏ ਵਿਸ਼ੇ ਪ੍ਰਤੀ ਬੇਅਦਬੀ ਅਤੇ ਬੇਕਦਰੀ ਦੇ ਮਾਰੇ ਵੀ ਹੁੰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਉਹ ਵਿਚਾਰਾ ਬੁੱਢਾ, ਬਦਕਿਸਮਤ ਇਸ਼ਤਿਹਾਰ ਹੈ ਜੋ ਸਰਕਾਰੀ ਅਤੇ ਗੈਰ ਸਰਕਾਰੀ ਦੋਵੇਂ ਹੱਥਾਂ ਵਿੱਚ ਪਲਿਆ। ਹਰ ਵਰਗ ਦੇ ਲੋਕਾਂ ਨੇ ਇਸ ਨੂੰ ਦੇਖਿਆ, ਸੁਣਿਆ, ਜਰਿਆ ਅਤੇ ਮਾਣਿਆ। ਵਿਚਾਰੇ ਇਸ ਬੇਕਦਰੇ ਬਜ਼ੁਰਗ ਇਸ਼ਤਿਹਾਰ ਨੂੰ ਕਿੱਥੇ-ਕਿੱਥੇ ਨਹੀਂ ਪ੍ਰਚਾਰਿਆ ਗਿਆ। ਹਿੰਦੁਸਤਾਨ ਦੀ ਕਿਹੜੀ ਐਸੀ ਬੋਲੀ ਹੈ, ਜੋ ਇਸਨੇ ਨਹੀਂ ਸਿੱਖੀ ਅਤੇ ਬੋਲੀ ਹੋਵੇਗੀ। ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ, ਸਕੂਲਾਂ-ਕਾਲਜਾਂ ਦੀਆਂ ਦੀਵਾਰਾਂ, ਗਲੀ-ਚੁਬਾਰੇ, ਖੇਤ-ਖਲਿਆਣ, ਪਖਾਨਿਆਂ, ਸੜਕਾਂ ਅਤੇ ਰੇਲਵੇ ਲਾਈਨਾਂ ਦੇ ਦੁਆਲੇ, ਬੱਚਿਆਂ ਦੀਆਂ ਕਿਤਾਬਾਂ-ਕਾਪੀਆਂ ਦੀਆਂ ਜਿਲਦਾਂ ਤੋਂ ਲੈ ਕੇ, ਬੈਨਰ, ਬੋਰਡ, ਰੇਲਾਂ, ਬੱਸਾਂ, ਅਖਬਾਰਾਂ, ਸਿਨੇਮਾ ਘਰਾਂ, ਫਿਲਮਾਂ, ਡਰਾਮਿਆਂ, ਗਾਣਿਆਂ ਅਤੇ ਪੁਰਾਣੇ ਤੋਂ ਨਵੇਂ ਜ਼ਮਾਨੇ ਦੇ ਹਰੇਕ ਸਾਧਨ ਰਾਹੀਂ ਇਸ ਨੂੰ ਪ੍ਰਚਾਰਿਆ ਗਿਆ। ਇਸ ਨੂੰ ਮਨੋਰੰਜਨ ਦੇ ਰੂਪ ਵਿੱਚ ਵੀ, ਸਿੱਖਿਆ ਦੇ ਰੂਪ ਵਿੱਚ ਵੀ, ਲਾਹਨਤ ਵੀ, ਤਰਲਾ ਵੀ, ਮਿੰਨਤ ਵੀ, ਲਾਲਚ ਵੀ। ਮਤਲਬ, ਹਰ ਹੀਲੇ-ਵਸੀਲੇ ਨਾਲ ਲੋਕਾਂ ਦੇ ਰੂਬਰੂ ਕਰਾਇਆ ਗਿਆ। ਪਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਜਿੰਨੀ ਦੁਰਗਤੀ, ਬਦਨਸੀਬੀ ਅਤੇ ਨਾਂਹ ਪੱਖੀ ਹੁੰਗਾਰਾ ਇਸ ਨੇ ਭੋਗਿਆ ਉਸਦਾ ਰਿਕਾਰਡ ਤੋੜਨ ਵਾਲਾ ਅਜੇ ਤੀਕ ਤਾਂ ਸ਼ਾਇਦ ਕੋਈ ਦੂਸਰਾ ਇਸ਼ਤਿਹਾਰ ਸਾਮ੍ਹਣੇ ਨਹੀਂ ਆਇਆ। ਬੜਾ ਹੀ ਬਜ਼ੁਰਗ ਅਤੇ ਆਪਣੇ ਹੀ ਆਦੇਸ਼ਾਂ-ਉਪਦੇਸ਼ਾਂ ਦੀ ਬੇਕਦਰੀ ਭੋਗਣ ਵਾਲਾ ਇਹ ਮਸ਼ਹੂਰ ਇਸ਼ਤਿਹਾਰ ਸੀ, “ਪਰਿਵਾਰ ਨਿਯੋਜਨ ਵਾਲਾ ਇਸ਼ਤਿਹਾਰ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)