“ਅਦਬ ਜਾਂ ਬੇਅਦਬੀ ਹੁੰਦੀ ਨਹੀਂ, ਬੱਸ, ਮਨਾਂ ਅੰਦਰ ਵਸੀ ਸੋਚ ਇਸਨੂੰ ...”
(5 ਜੁਲਾਈ 2026)
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਤ ਘਟਨਾਵਾਂ ਪਿਛਲੇ ਕਾਫੀ ਸਮੇਂ ਤੋਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਥੋੜ੍ਹੇ-ਥੋੜ੍ਹੇ ਸਮੇਂ ਤੇ ਹੀ ਇਸ ਨਾਲ ਸੰਬੰਧਤ ਕੋਈ ਨਾ ਕੋਈ ਖਬਰ ਸਾਹਮਣੇ ਆ ਹੀ ਜਾਂਦੀ ਹੈ। ਇਸੇ ਤਰ੍ਹਾਂ ਦੀ ਇੱਕ ਖਬਰ ਜੋ ਤਕਰੀਬਨ 30-35 ਸਾਲ ਪਹਿਲਾਂ ਅਖਬਾਰਾਂ ਦੀ ਸੁਰਖੀ ਬਣੀ ਸੀ, ਅੱਜ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ। ਉਸ ਸਮੇਂ ਜਲੰਧਰ ਤੋਂ ਛਪਦੇ ਇੱਕ ਪ੍ਰਮੁੱਖ ਪੰਜਾਬੀ ਅਖਬਾਰ ਨੇ ਇਹ ਖਬਰ ਛਾਪੀ ਸੀ ਜੋ ਕਿ ਲੁਧਿਆਣੇ ਨਾਲ ਸੰਬੰਧਤ ਸੀ। ਸ਼ਾਇਦ ਸ਼ਹਿਰ ਦੇ ਕਈ ਲੋਕਾਂ ਨੂੰ ਯਾਦ ਹੋਵੇਗਾ ਕਿ ਉਸ ਸਮੇਂ ਇੱਥੇ ਧਾਗੇ ਦੇ ਕਬਾੜ ਦਾ ਧੰਦਾ ਕਰਨ ਵਾਲੇ ਕਿਸੇ ਕਬਾੜੀ ਨੂੰ ਕਬਾੜ ਫਰੋਲਦਿਆਂ ਉਸ ਵਿੱਚੋਂ ਧਾਗੇ ਦੀ ਇੱਕ ਅਜਿਹੀ ਖਾਲੀ ‘ਨਲਕੀ’ ਮਿਲੀ ਸੀ ਜੋ ਗੁਰਬਾਣੀ ਲਿਖੇ ਕਿਸੇ ਗੁਟਕੇ ਦੇ ਕਾਗਜ਼ ਨਾਲ ਬਣੀ ਹੋਈ ਸੀ। ਉਸ ਕਬਾੜੀ ਨੇ ਨਲਕੀ ਦਾ ਉਹ ਕਾਗਜ਼ ਹੱਥ ਵਿੱਚ ਲੈ ਕੇ ਇੱਕ ਬਹੁਤ ਵੱਡੀ ਖਬਰ ਨੂੰ ਜਨਮ ਦੇ ਦਿੱਤਾ। ਬਹੁਤ ਲੋਕਾਂ ਨੇ ਇਸਦੀ ਨਖੇਧੀ ਕੀਤੀ। ਬਹੁਤ ਲੋਕਾਂ ਨੇ ਕੌਮ ਨੂੰ ਇਸਦਾ ਪਸ਼ਚਾਤਾਪ ਕਰਨ ਅਤੇ ਨਲਕੀ ਬਣਾਉਣ ਵਾਲੀ ਕੰਪਨੀ ਨੂੰ ਲੱਭ ਕੇ ਇਸਦੀ ਸਜ਼ਾ ਦੇਣ ਦੀ ਮੰਗ ਰੱਖੀ।
ਉਦੋਂ ਮਨ ਸੋਚਦਾ ਸੀ ਕਿ ਭਾਰਤ ਦੇ ਕਿਸੇ ਕੋਣੇ ਵਿੱਚ ਬੈਠੀ ਵਿਚਾਰੀ ਉਸ ‘ਨਲਕੀ’ ਬਣਾਉਣ ਵਾਲੀ ਕੰਪਨੀ ਨੇ ਸ਼ਾਇਦ ਸੁਪਨੇ ਵਿੱਚ ਵੀ ਕਦੇ ਗੁਰਬਾਣੀ, ਬੇਅਦਬੀ ਜਾਂ ਇਸਦੀ ਸ਼ਾਨ ਬਾਰੇ ਨਾ ਕਦੇ ਕੁਝ ਸੁਣਿਆ ਹੋਵੇਗਾ ਅਤੇ ਨਾ ਹੀ ਕਿਸੇ ਗੁਸਤਾਖੀ ਦਾ ਚਿੱਤ-ਚੇਤਾ ਜਾਂ ਉਸਦੀ ਕੋਈ ਅਜਿਹੀ ਮਨਸ਼ਾ ਰਹੀ ਹੋਵੇਗੀ। ਪਰ ਇਸ ਖਬਰ ਨੂੰ ਬੇਅਦਬੀ ਨਾਲ ਜੋੜਨ, ਜ਼ਾਹਰ ਕਰਨ ਅਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਬਹਾਨੇ ਮੁੱਠੀ ਭਰ ਲੋਕਾਂ ਨੂੰ ਧਰਮ ਦੇ ਤਾਬਿਆਦਾਰ ਕਹਾਉਣ ਦਾ ਖਿਤਾਬ ਅਤੇ ਮਾਣ-ਸਨਮਾਨ ਜ਼ਰੂਰ ਮਿਲਿਆ ਹੋਵੇਗਾ। ਇਹ ਖਬਰ ਪੜ੍ਹਦਿਆਂ ਮਨ ਦੀ ਇੱਕ ਬਹੁਤ ਹੀ ਪੁਰਾਣੀ ਯਾਦ ਉੱਭਰ ਕੇ ਬਾਹਰ ਆਈ ਹੈ ਜਿਸਦਾ ਇਸ ਵਿਸ਼ੇ ਨਾਲ ਸਿੱਧਾ ਸੰਬੰਧ ਹੋਣ ਕਰਕੇ ਅੱਜ ਇੱਥੇ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ।
ਗੱਲ 1975 ਦੀ ਹੈ। ਅਸੀਂ ਤਿੰਨ-ਚਾਰ ਸਾਥੀ ਮਿਲਕੇ ਨਵੇਂ ਨਵੇਂ ਇਰਾਨ ਦੀ ਰਾਜਧਾਨੀ ਤਹਿਰਾਨ ਪਹੁੰਚੇ ਸੀ। ਸਾਡਾ ਆਸ਼ਾ ਤਹਿਰਾਨ ਤੋਂ ਅੱਗੇ ਰੇਲ ਰਾਹੀਂ ਆਸਟਰੀਆ ਪਹੁੰਚਣ ਦਾ ਸੀ ਪਰ ਇਰਾਨ ਪਹੁੰਚਣ ਅਤੇ ਉੱਥੇ ਕੁਝ ਸਮਾਂ ਰੁਕਣ ’ਤੇ ਪਤਾ ਚੱਲਿਆ ਕਿ ਉੱਥੇ ਉਨ੍ਹੀਂ ਦਿਨੀਂ ਰੁਜ਼ਗਾਰ ਦੇ ਨਵੇਂ ਨਵੇਂ ਅਵਸਰ ਪੈਦਾ ਹੋ ਰਹੇ ਸਨ। ਅਸੀਂ ਇੱਕ ਦੋ ਦੋਸਤਾਂ ਨੇ ਇੱਕ ਵਧੀਆ ਸੰਯੋਗ ਦੇਖਦਿਆਂ ਹੋਇਆਂ ਅੱਗੇ ਯੌਰਪ ਜਾਣ ਦੀ ਬਜਾਇ ਇਰਾਨ ਵਿੱਚ ਹੀ ਕੰਮ ਦੀ ਭਾਲ ਕਰਨ ਦੀ ਧਾਰ ਲਈ।
ਅਸੀਂ ਸਾਰੇ ਸ਼ੁਰੂ ਦੇ ਉਨ੍ਹਾਂ ਦਿਨਾਂ ਵਿੱਚ ਤਹਿਰਾਨ ਦੇ ‘ਅਮੀਰ-ਕਬੀਰ’ ਰੋਡ ’ਤੇ ਇੱਕ ਛੋਟੇ ਜਿਹੇ ਹੋਟਲ ‘ਸ਼ਾਹ-ਸਵਾਰ’ ਵਿੱਚ ਠਹਿਰੇ ਹੋਏ ਸੀ ਅਤੇ ਆਪੋ ਆਪਣੇ ਕੰਮਾਂ ਦੀ ਤਲਾਸ਼ ਵਿੱਚ ਲੱਗੇ ਰਹਿੰਦੇ ਸੀ। ਸਾਡੀ ਸਾਰਿਆਂ ਦੀ ਇਹੀ ਰੁਟੀਨ ਸੀ ਕਿ ਰੋਜ਼ ਸਵੇਰੇ ਹੋਟਲ ਤੋਂ ਨਿਕਲ ਕੇ ਤਹਿਰਾਨ ਦੇ ਦਫਤਰਾਂ ਦੇ ਚੱਕਰ ਲਾਉਣੇ ਅਤੇ ਆਪੋ ਆਪਣੇ ਰੁਜ਼ਗਾਰ ਦੀ ਭਾਲ ਕਰਨੀ। ਇਹ ਰੁਟੀਨ ਚਲਦਿਆਂ ਅਜੇ ਕੁਝ ਦਿਨ ਹੀ ਹੋਏ ਸਨ ਕਿ ਇੱਕ ਸ਼ਾਮ ਹੋਟਲ ਵਾਪਸ ਮੁੜਦਿਆਂ ਮੈਂ ਸਮਾਂ ਗੁਜ਼ਾਰਨ ਲਈ ਸੜਕ ਕਿਨਾਰੇ ਲੱਗੀ ਪੁਰਾਣੀਆਂ ਕਿਤਾਬਾਂ ਦੀ ਫੜ੍ਹੀ ਸਾਹਮਣੇ ਖਲੋ ਗਿਆ। ਫੜ੍ਹੀ ਵਾਲੇ ਨੇ ਕਾਫੀ ਦੂਰ ਤਕ ਪੁਰਾਣੀਆਂ ਕਿਤਾਬਾਂ, ਰਸਾਲੇ, ਅਖਬਾਰ ਆਦਿ ਟਿਕਾ ਕੇ ਰੱਖੇ ਹੋਏ ਸਨ। ਕੁਝ ਇੱਕ ਦੇ ਉੱਪਰ ਇੱਕ ਢੇਰੀਆਂ ਦੇ ਰੂਪ ਵਿੱਚ ਅਤੇ ਕੁਝ ਇਕੱਲੇ ਇਕੱਲੇ। ਇਨ੍ਹਾਂ ਵਿੱਚ ਜ਼ਿਆਦਾਤਰ ਕਿਤਾਬਾਂ ਰਸਾਲੇ ਤਾਂ ਫਾਰਸੀ ਵਿੱਚ ਹੀ ਸਨ ਜੋ ਮੇਰੀ ਸਮਝ ਤੋਂ ਪਰੇ ਸਨ, ਪਰ ਕੁਝ ਦੂਜੀਆਂ ਵਿਦੇਸ਼ੀ ਭਾਸ਼ਾਵਾਂ, ਇੰਗਲਿਸ਼, ਜਰਮਨ, ਫਰੈਂਚ ਆਦਿ ਵਿੱਚ ਵੀ ਸਨ। ਮੈਂ ਸ਼ੌਕ ਮੁਤਾਬਿਕ ਕੁਝ ਕਿਤਾਬਾਂ ਖੋਲ੍ਹ ਕੇ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ। ਵੇਖਦਿਆਂ ਵੇਖਦਿਆਂ ਮੇਰੀ ਨਿਗ੍ਹਾ ਪਿੱਛੇ ਕੰਧ ਨਾਲ ਪਈ ਇੱਕ ਮੋਟੀ ਜਿਹੀ ਕਿਤਾਬ ’ਤੇ ਜਾ ਟਿਕੀ। ਪਹਿਲਾਂ ਤਾਂ ਮਨ ਨੂੰ ਯਕੀਨ ਜਿਹਾ ਹੀ ਨਾ ਆਇਆ, ਪਰ ਨੀਝ ਲੈ ਕੇ ਪੜ੍ਹਿਆ ਤਾਂ ਜਿਲਦ ’ਤੇ ਲਿਖਿਆ ਸੀ, ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ।’ ਇਹ ਦੇਖਕੇ ਮੈਂ ਆਪਣੇ ਸੁੰਨ ਹੋਏ ਜ਼ਿਹਨ ਅਤੇ ਇੱਕ ਫਰਿਆਦੀ ਜਿਹੇ ਲਹਿਜੇ ਨਾਲ ਉਸ ਫੜੀ ਵਾਲੇ ਨੂੰ ਉਹ ਕਿਤਾਬ ਚੁੱਕ ਕੇ ਫੜਾਉਣ ਲਈ ਕਿਹਾ। ਕੰਬਦੇ ਜਿਹੇ ਹੱਥਾਂ ਨਾਲ ਮੈਂ ਉਸਤੋਂ ਉਹ ਕਿਤਾਬ ਫੜੀ, ਸਿੱਧੀ ਕੀਤੀ ਅਤੇ ਅੱਗੇ ਪਿੱਛੇ ਉਸਦੇ ਪੰਨੇ ਪਲਟਣੇ ਸ਼ੁਰੂ ਕਰ ਦਿੱਤੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਆਮ ਪ੍ਰਕਾਸ਼ਮਾਨ ਬੀੜ ਤੋਂ ਕਾਫੀ ਛੋਟੀ ਸੀ, ਤਕਰੀਬਨ ਅੱਧੀ। ਸਮਝ ਲਵੋ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ ਬਣੀਆਂ ਸੈਂਚੀਆਂ (ਭਾਗਾਂ) ਤੋਂ ਥੋੜ੍ਹੀ ਵੱਡੀ ਅਤੇ ਮੋਟਾਈ ਵਿੱਚ ਉਸਤੋਂ ਦੁੱਗਣੀ। ਜਪੁਜੀ ਸਾਹਿਬ ਤੋਂ ਲੈ ਕੇ ਰਾਗਮਾਲਾ ਤਕ 1447 ਅੰਗਾਂ ਵਾਲੀ ਸੰਪੂਰਨ ਬੀੜ। ਮੈਂ ਫੜ੍ਹੀ ਵਾਲੇ ਨੂੰ ਉਸਦੀ ਕੀਮਤ ਪੁੱਛੀ ਜੋ ਕਿ ਉਸ ਵਕਤ ਮੇਰੀ ਜੇਬ ਵਿੱਚ ਪਈ ਛੋਟੀ ਜਿਹੀ ਰਕਮ ਤੋਂ ਕਾਫੀ ਜ਼ਿਆਦਾ ਸੀ। ਮੈਂ ਕੁਝ ਮੁੱਲ-ਭਾਅ ਕਰਨ ਦੀ ਕੋਸ਼ਿਸ਼ ਕੀਤੀ, ਜਿਸਨੂੰ ਉਸਨੇ ਸੁਣਨਾ ਵੀ ਜ਼ਰੂਰੀ ਨਾ ਸਮਝਿਆ। ਅੰਤ ਇੱਕ ਬੁਝੇ ਜਿਹੇ ਮਨ ਨਾਲ ਮੈਂ ਉਸਨੂੰ ਕੱਲ੍ਹ ਫਿਰ ਆਉਣ ਦਾ ਕਹਿ ਕੇ ਉਹ ਅਮਾਨਤ ਉਸ ਨੂੰ ਵਾਪਸ ਕਰ ਦਿੱਤੀ।
ਹੋਟਲ ਪਹੁੰਚ ਕੇ ਮੈਂ ਇਹ ਸਾਰੀ ਗੱਲ ਬਾਕੀ ਸਾਥੀਆਂ ਨਾਲ ਸਾਂਝੀ ਕੀਤੀ। ਸ਼ੁਰੂ ਵਿੱਚ ਤਾਂ ਮੇਰੀਆਂ ਗੱਲਾਂ ਉੱਤੇ ਕਿਸੇ ਨੇ ਵੀ ਯਕੀਨ ਨਾ ਕੀਤਾ ਪਰ ਹੌਲੀ ਹੌਲੀ ਮੇਰੇ ਵਾਂਗ ਹੀ ਸਾਰਿਆਂ ਦੀ ਉਤਸੁਕਤਾ ਜਾਗਣ ਲੱਗੀ ਅਤੇ ਸਾਰੇ ਇੱਕੋ ਗੱਲ ’ਤੇ ਜ਼ੋਰ ਦੇਣ ਲੱਗੇ ਕਿ ਕੱਲ੍ਹ ਮੈਂ ਹਰ ਹਾਲਤ ਵਿੱਚ ਉਹ ਬੀੜ ਉੱਥੋਂ ਲੈ ਕੇ ਆਵਾਂ। ਬੀੜ ਲੈ ਕੇ ਆਉਣ ਵਾਲੀ ਗੱਲ ਦਾ ਫੈਸਲਾ ਸੁਣਨ ਨੂੰ ਤਾਂ ਬਹੁਤ ਨੇਕ ਲੱਗ ਰਿਹਾ ਸੀ ਪਰ ਪੈਸੇ ਤੋਂ ਜ਼ਿਆਦਾ ਸਾਡੇ ਮੋਹਰੇ ਅਗਲੀ ਵਿਚਾਰਨਯੋਗ ਸਮੱਸਿਆ ਇਹ ਬਣ ਗਈ ਕਿ ਉਸ ਬੀੜ (ਜਿਸਨੂੰ ਅਸੀਂ ਹੁਣ, ‘ਬਾਬੇ ਦੀ ਬੀੜ’ ਦਾ ਨਾਮ ਦੇ ਦਿੱਤਾ ਸੀ) ਨੂੰ ਲਿਆ ਕੇ ਉਸਦੀ ਸਾਂਭ ਸੰਭਾਲ ਕਿਵੇਂ ਕਰਾਂਗੇ ਅਤੇ ਉਸਨੂੰ ਰੱਖਾਂਗੇ ਕਿੱਥੇ! ਤਹਿਰਾਨ ਵਿੱਚ ਕੋਈ ਗੁਰਦਵਾਰਾ ਵੀ ਹੋ ਸਕਦਾ ਹੈ, ਇਸਦੀ ਸਾਨੂੰ ਕੋਈ ਜਾਣਕਾਰੀ ਨਹੀਂ ਸੀ। ਨਾ ਹੀ ਇੱਕ ਮੁਸਲਮ ਦੇਸ਼ ਹੋਣ ਨਾਤੇ ਅਸੀਂ ਉੱਥੇ ਇਸਦੀ ਕੋਈ ਉਮੀਦ ਰੱਖ ਸਕਦੇ ਸੀ।
ਮੁਸਲਮ ਦੇਸ਼ ਹੋਣ ਕਰਕੇ ਹੀ ਉਨ੍ਹਾਂ ਸਮਿਆਂ ਦੇ ਪਰੰਪਰਿਕ ਇਰਾਨ ਵਿੱਚ ਆਮ ਹੋਟਲਾਂ ਦੀ ਬਣਤਰ ਵੀ ਅਜਿਹੀ ਹੀ ਹੁੰਦੀ ਸੀ ਕਿ ਸਾਨੂੰ ਤਾਂ ਰੋਜ਼ਾਨਾ ਨਹਾਉਣਾ ਵੀ ਨਸੀਬ ਨਹੀਂ ਸੀ ਹੁੰਦਾ। ਸਾਡੇ ਹੋਟਲ ਵਿੱਚ ਨਹਾਉਣ ਦੇ ਕੋਈ ਸਾਧਨ ਹੀ ਨਹੀਂ ਸਨ ਅਤੇ ਬਾਹਰ ਜਾ ਕੇ ਹਮਾਮ ਵਿੱਚ ਪੈਸੇ ਖਰਚ ਕੇ ਨਹਾਉਣ ਦੀ ਨਾ ਸਾਡੇ ਕੋਲ ਕੋਈ ਗੁੰਜਾਇਸ਼ ਹੁੰਦੀ ਸੀ ਅਤੇ ਨਾ ਹੀ ਫੁਰਸਤ। ਮੌਸਮ ਵੀ ਭਰ ਸਰਦੀ ਦਾ ਸੀ। ਹਾਂ, ਦਿਲ ਕਰਨ ’ਤੇ ਅਸੀਂ ਮੈਨੇਜਰ ਤੋਂ ਚੋਰੀ ਅਤੇ ਵਾਰੋ-ਵਾਰੀ ਹੋਟਲ ਦੇ ਪਖਾਨੇ ਵਿੱਚ ਠੰਢੇ-ਠਾਰ ਪਾਣੀ ਦੇ ਮੱਗ ਭਰ ਕੇ ਜ਼ਰੂਰ ਨਹਾ ਲੈਂਦੇ ਸੀ। ਪਰ ਉਸ ਰਾਤ ਅਸੀਂ ਇੰਨੀ ਤਾਂ ਧਾਰ ਹੀ ਲਈ ਸੀ ਕਿ ਕੁਝ ਵੀ ਹੋਵੇ, ਇੱਕ ਵਾਰ ਤਾਂ ਕੱਲ੍ਹ ‘ਬਾਬੇ ਦੀ ਬੀੜ’ ਉੱਥੋਂ ਲਿਆਉਣੀ ਹੀ ਲਿਆਉਣੀ ਹੈ, ਬਾਕੀ ਸਭ ਬਾਅਦ ਵਿੱਚ ਉਸਦੇ ਆਉਣ ’ਤੇ ਸੋਚਾਂਗੇ।
ਜਜ਼ਬਾਤੀ ਹੋਏ ਹੋਏ ਅਸੀਂ ਦੇਰ ਰਾਤ ਤਕ ਮੁਗਲਾਂ ਵੇਲੇ ਦੇ ਇਤਿਹਾਸ ਯਾਦ ਕਰਦੇ ਰਹੇ ਕਿ ਕਿਵੇਂ ਉਦੋਂ ਸਿੰਘ ਜੰਗਲਾਂ ਵਿੱਚ ਵਿਚਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਦੇ ਸਨ। ਇੱਧਰ ਉੱਧਰ ਜਾਣ ਮੌਕੇ ਜਾਂ ਕੋਈ ਭੀੜ ਪੈ ਜਾਣ ’ਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਘੋੜਿਆਂ ਦੇ ਇੱਕ ਪਾਸੇ ਬੰਨ੍ਹੇ ਕਾਸੇ ਵਿੱਚ ਪਾ ਕੇ ਲੈ ਜਾਂਦੇ ਸਨ। ਅਗਲੀ ਸਵੇਰ ਹੋਟਲ ਵਿੱਚ ਹੀ ਨਹਾ-ਧੋ ਕੇ ਮੈਂ ਜੇਬ ਵਿੱਚ ਪੈਸੇ ਪਾ ਕੇ ਅਤੇ ਆਪਣੇ ਇੱਕ ਸਾਥੀ ‘ਗਿਆਨ ਚੰਦ’ ਨੂੰ ਨਾਲ ਲੈਂਦਿਆਂ ਇੱਕ ਖਾਲੀ ਬੈਗ ਵਿੱਚ ਰੁਮਾਲ ਨੁਮਾ ਕੱਪੜਾ ਪਾ ਕੇ ਉਸ ਫੜ੍ਹੀ ਵਾਲੀ ਜਗ੍ਹਾ ਜਾ ਪੁੱਜਿਆ। ਪਰ ਉੱਥੇ ਪਹੁੰਚਦਿਆਂ ਬੜੀ ਹੀ ਨਿਰਾਸ਼ਾ ਹੱਥ ਲੱਗੀ ਕਿਉਂਕਿ ਫੜੀ ਦਾ ਤਾਂ ਉੱਥੇ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ। ਪਹਿਲਾਂ ਤਾਂ ਗਿਆਨ ਚੰਦ ਨੇ ਬੇਯਕੀਨੀ ਜਿਹੀ ਨਾਲ ਮੇਰੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਮੈਂ ਵੀ ਟੁੱਟੀ-ਫੁੱਟੀ ਜਿਹੀ ਫਾਰਸੀ ਵਿੱਚ ਆਸ ਪਾਸ ਦੇ ਲੋਕਾਂ ਤੋਂ ਉਸ ਫੜੀ ਵਾਲੇ ਬਾਰੇ ਪੁੱਛਿਆ। ਸਾਡੀ ਜਾਨ ਵਿੱਚ ਜਾਨ ਤਾਂ ਉਦੋਂ ਆਈ ਜਦੋਂ ਉਨ੍ਹਾਂ ਕੋਲੋਂ ਜਵਾਬ ਮਿਲਿਆ ਕਿ ਇਹ ਫੜੀ ਤਾਂ ਇੱਥੇ ਸ਼ਾਮੀ ਤਿੰਨ ਵਜੇ ਤੋਂ ਬਾਅਦ ਹੀ ਲਗਦੀ ਹੈ।
ਮਜਬੂਰੀ ਵੱਸ ਅਸੀਂ ਉੱਥੋਂ ਫਿਰ ਆਪੋ ਆਪਣੇ ਨਿੱਤ ਦੇ ਰੁਝੇਵਿਆਂ ਵੱਲ ਨਿਕਲ ਪਏ। ਉਸ ਦਿਨ ਬੜੀ ਅਖੀ ਵਕਤ-ਕਟੀ ਹੋਈ, ਬੜਾ ਹੀ ਸਖਤ ਦਿਨ ਸੀ ਜੀਵਨ ਦਾ। ਮੈਂ ਚਾਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਉਸ ਦਿਨ ਉਸ ਫੜ੍ਹੀ ਵਾਲੀ ਜਗ੍ਹਾ ਤੋਂ ਬਹੁਤ ਜ਼ਿਆਦਾ ਦੂਰ ਨਾ ਲਿਜਾ ਸਕਿਆ। ਬੜੀ ਮੁਸ਼ਕਿਲ ਨਾਲ ਸ਼ਾਮ ਦੇ ਚਾਰ ਬਜਾਏ। ਵਾਹੋ ਦਾਹੀ ਉਸ ਫੜੀ ਵਾਲੀ ਜਗ੍ਹਾ ਪਹੁੰਚਿਆ। ਫੜੀ ਵਾਲੇ ਨੇ ਕਾਫੀ ਸਮਾਨ ਆਪਣੀ ਗੱਡੀ ਵਿੱਚੋਂ ਕੱਢ ਕੱਢ ਕੇ ਸੜਕ ਕਿਨਾਰੇ ਟਿਕਾ ਦਿੱਤਾ ਸੀ ਅਤੇ ਬਾਕੀ ਹੌਲੀ ਹੌਲੀ ਕੱਢਦਾ ਜਾ ਰਿਹਾ ਸੀ। ‘ਸਲਾਮ ਆਗਾ’ ਕਹਿੰਦਿਆਂ ਮੈਂ ਫੜੀ ਵਾਲੇ ਨੂੰ ਆਪਣੇ ਬਾਰੇ ਚੇਤਾ ਕਰਵਾਉਂਦਿਆਂ, ਇਸ਼ਾਰਿਆਂ ਨਾਲ ਉਸ ਕੱਲ੍ਹ ਵਾਲੀ ਕਿਤਾਬ ਬਾਰੇ ਪੁੱਛਿਆ। ਉਸਨੇ ਵੀ ਮੁਸਕਰਾਉਂਦਿਆਂ ਮੇਰੀ ਸਲਾਮ ਦਾ ਜਵਾਬ ਦਿੱਤਾ ਅਤੇ ਥੋੜ੍ਹੀ ਫਰੋਲਾ ਫਰੋਲੀ ਕਰਦਿਆਂ ਉਹ ਕਿਤਾਬ ਗੱਡੀ ਵਿੱਚੋਂ ਕੱਢ ਕੇ ਮੇਰੇ ਹੱਥ ਫੜਾ ਦਿੱਤੀ। ਮੈਨੂੰ ਕਿਤਾਬ ਹੱਥ ਵਿੱਚ ਫੜਦਿਆਂ ਹੀ ਇਉਂ ਅਹਿਸਾਸ ਹੋਣ ਲੱਗ ਗਿਆ ਜਿਵੇਂ ਹੁਣ ਤਾਂ ਬੱਸ ਇਹ ਮੇਰੀ ਹੀ ਹੋ ਚੁੱਕੀ ਹੈ। ਮੈਂ ਦੁਬਾਰਾ ਉਸ ਨਾਲ ਥੋੜ੍ਹਾ ਮੁੱਲ ਭਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਲਗਦਾ ਸੀ ਜਿਵੇਂ ਉਸਨੂੰ ਇਨ੍ਹਾਂ ਗੱਲਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ। ਅਖੀਰ ਖੁਸ਼ੀ ਅਤੇ ਚਾਅ ਦੇ ਸੁਮੇਲ ਨਾਲ ਮੈਂ ਜੇਬ ਵਿੱਚੋਂ ਪੈਸੇ ਕੱਢ ਕੇ ਹੱਸਦਿਆਂ ਉਸਦੇ ਹੱਥ ਫੜਾਏ। ਬਾਬੇ ਦੀ ਉਸ ਬੀੜ ਨੂੰ ਕੱਪੜੇ ਵਿੱਚ ਲਪੇਟਦਿਆਂ ਬੈਗ ਵਿੱਚ ਪਾਇਆ ਅਤੇ ਫੜੀ ਵਾਲੇ ਨੂੰ ਖੁਦਾ-ਹਾਫਿਜ਼ ਕਹਿੰਦਿਆਂ ਵਾਪਸ ਹੋਟਲ ਨੂੰ ਚੱਲ ਪਿਆ।
ਹੋਟਲ ਪਹੁੰਚਿਆ, ਕੁਝ ਦੇਰ ਬਾਅਦ ਦੂਜੇ ਸਾਥੀ ਵੀ ਆ ਗਏ। ਸਭ ਨੇ ਹੈਰਾਨੀ ਅਤੇ ਉਤਸੁਕਤਾ ਨਾਲ ਸ਼ਰਧਾਵਾਨ ਹੋ ਕੇ ਵਾਰੀ ਵਾਰੀ ਬਾਬੇ ਦੀ ਉਸ ਬੀੜ ਦੇ ਦਰਸ਼ਨ ਕੀਤੇ। ਮੈਂ ਉਸ ਨੂੰ ਖੋਲ੍ਹ ਕੇ ਇੱਕ ਦੋ ਸ਼ਬਦ ਪੜ੍ਹੇ ਅਤੇ ਫਿਰ ਉਸੇ ਰੁਮਾਲੇ ਵਿੱਚ ਲਪੇਟਦਿਆਂ ਆਪਣੇ ਬੈਗ ਵਿੱਚ ਜਗ੍ਹਾ ਬਣਾਉਂਦਿਆਂ ਉਸ ਵਿੱਚ ਰੱਖ ਦਿੱਤੀ।
ਕੁਝ ਦਿਨ ਇਸੇ ਤਰ੍ਹਾਂ ਲੰਘ ਗਏ। ਦੋਂਹ ਸਾਥੀਆਂ ਨੂੰ ਤਹਿਰਾਨ ਵਿੱਚ ਹੀ ਕਿਧਰੇ ਨੌਕਰੀ ਮਿਲ ਗਈ ਅਤੇ ਉਹ ਹੋਟਲ ਛੱਡ ਗਏ। ਮੇਰੇ ਕਮਰੇ ਵਿੱਚ ਦੋ ਨਵੇਂ ਦੋਸਤ ਆ ਗਏ। ਇਨ੍ਹਾਂ ਵਿੱਚ ਹੀ ਇੱਕ ਸੀ ਧਰਮਪਾਲ ਸਿੰਘ, ਜੋ ਉਨ੍ਹੀਂ ਦਿਨੀਂ ਸੜਕ ਰਸਤੇ, ਯੂਰੋਪ ਤੋਂ ਵਾਇਆ ਤਹਿਰਾਨ ਵਾਪਸ ਇੰਡੀਆ ਜਾ ਰਿਹਾ ਸੀ ਅਤੇ ਅੱਗੇ ਦੇ ਸਫਰ ਦਾ ਪ੍ਰਬੰਧ ਕਰਨ ਲਈ ਕੁਝ ਦਿਨਾਂ ਵਾਸਤੇ ਇੱਥੇ ਰੁਕਿਆ ਸੀ।
ਧਰਮਪਾਲ ਸਿੰਘ ਨੇ ਚੰਡੀਗੜ੍ਹ ਤੋਂ ਸਿਵਲ ਇੰਜਨੀਰਿੰਗ ਦੀ ਡਿਗਰੀ ਕੀਤੀ ਹੋਈ ਸੀ ਅਤੇ ਯੂਰੋਪ ਵਿੱਚ ਕੋਈ ਗੱਲ ਨਾ ਬਣਨ ਅਤੇ ਬਰਫਾਂ ਸ਼ੁਰੂ ਹੋਣ ਕਰਕੇ ਘਰ ਵਾਪਸੀ ਦਾ ਮਨ ਬਣਾ ਚੁੱਕਿਆ ਸੀ। ਉਨ੍ਹੀਂ ਦਿਨੀਂ ਇਰਾਨ ਵਿੱਚ ਸਿਵਲ ਇੰਜਨੀਅਰਾਂ ਦੀ ਬਹੁਤ ਭਾਰੀ ਮੰਗ ਸੀ ਅਤੇ ਸਾਨੂੰ ਇਸਦਾ ਬੜਾ ਹੀ ਤਲਖ ਤਜਰਬਾ ਸੀ। ਅਸੀਂ ਆਪੋ ਆਪਣੇ ਕਿੱਤਿਆਂ ਦੀ ਭਾਲ ਲਈ ਰੋਜ਼ਾਨਾ ਜਦੋਂ ਵੀ ਕਿਸੇ ਦਫਤਰ ਦੀਆਂ ਪੌੜੀਆਂ ਚੜ੍ਹਦੇ ਅਤੇ ਇਲੈਕਟ੍ਰੀਕਲ ਜਾਂ ਮਕੈਨੀਕਲ ਇੰਜਨੀਅਰ ਦੀ ਜ਼ਰੂਰਤ ਬਾਰੇ ਪੁੱਛਦੇ ਤਾਂ ਹਰ ਜਗ੍ਹਾ ਇੱਕੋ ਜਿਹਾ ਘੜ੍ਹਿਆ ਘੜਾਇਆ ਉੱਤਰ ਮਿਲਦਾ “ਸੌਰੀ, ਕੋਈ ਸਿਵਲ ਇੰਜਨੀਅਰ ਹੈ ਤਾਂ ਅੱਜ ਹੀ ਆ ਜਾਓ।” ਸ਼ਾਇਦ ਧਰਮਪਾਲ ਦੀ ਸਾਦਗੀ, ਸਿੱਖੀ ਸਰੂਪ, ਉੱਚਾ ਲੰਬਾ ਕੱਦ, ਬੋਲ-ਬਾਣੀ ਜਾਂ ਕੋਈ ਪੰਜਾਬੀਅਤ ਦੀ ਹੀ ਖਿੱਚ ਸੀ ਕਿ ਅਸੀਂ ਸਭ ਉਸਦੀਆਂ ਗੱਲਾਂ ਸੁਣ ਕੇ ਅਤੇ ਖਾਸ ਤੌਰ ’ਤੇ ਉਸ ਕੋਲ ਸਿਵਲ ਦੀ ਡਿਗਰੀ ਹੋਣ ਕਰਕੇ, ਬਾਰ ਬਾਰ ਉਸਨੂੰ ਇੰਡੀਆ ਵਾਪਸ ਜਾਣ ਦੀ ਬਜਾਇ ਇੱਥੇ ਹੀ ਇਰਾਨ ਵਿੱਚ ਠਹਿਰ ਕੇ ਕੰਮ ਭਾਲਣ ਦੀ ਸਲਾਹ ਦੇਣ ਲੱਗੇ ਅਤੇ ਉਹ ਵੀ ਸਾਡੀ ਸਲਾਹ ਵਿੱਚ ਥੋੜ੍ਹਾ ਆਪਣਾਪਨ ਦੇਖਦਿਆਂ ਰੁਕਣਾ ਮੰਨ ਗਿਆ। ਮੈਨੂੰ ਤਾਂ ਸੌ ਫੀਸਦੀ ਇਉਂ ਲੱਗ ਰਿਹਾ ਸੀ ਜਿਵੇਂ ਇਸਦੀ ਨੌਕਰੀ ਤਾਂ ਕੱਲ੍ਹ ਹੀ ਪੱਕੀ ਹੋ ਗਈ ਸਮਝੋ।
ਅਗਲੀ ਸਵੇਰ ਮੈਂ ਉਸਨੂੰ ਨੌਕਰੀ ਲਈ ਸ਼ੁਭ ਇੱਛਾਵਾਂ ਦਿੰਦਿਆਂ ਇੱਕ ਦੋ ਦਫਤਰਾਂ ਬਾਰੇ ਜਾਣਕਾਰੀ ਦਿੱਤੀ, ਨਾਲ ਹੀ ਉਸਨੂੰ ਬਾਬੇ ਦੀ ਬੀੜ ਬਾਰੇ ਵੀ ਦੱਸਿਆ ਅਤੇ ਉਸਤੋਂ ਵਾਅਦਾ ਲਿਆ ਕਿ ਜੇ ਨੌਕਰੀ ਮਿਲ ਗਈ ਤਾਂ ਅਗਲੇ ਪ੍ਰਬੰਧ ਹੋਣ ਤਕ ਬਾਬੇ ਦੀ ਬੀੜ ਦੀ ਸੇਵਾ ਤੈਨੂੰ ਹੀ ਸੰਭਾਲਣੀ ਹੋਵੇਗੀ, ਜਿਸ ਲਈ ਉਸਨੇ ਹੱਸਦਿਆਂ ਹੋਇਆਂ ਖਿੜੇ ਮੱਥੇ ਹਾਂ ਕਰ ਦਿੱਤੀ।
ਬਿਲਕੁਲ ਓਹੀ ਹੋਇਆ ਜਿਸਦੀ ਮੈਨੂੰ ਉਮੀਦ ਸੀ। ਧਰਮਪਾਲ ਨੂੰ ਉਸ ਦਿਨ ਜਾਂਦਿਆਂ ਹੀ ਨੌਕਰੀ ਦੀ ਹਾਂ ਹੋ ਗਈ ਅਤੇ ਇੱਕ ਦੋ ਦਿਨਾਂ ਵਿੱਚ ਹੀ ਕਿਰਮਾਨਸ਼ਾਹ ਸ਼ਹਿਰ ਜਾਣ ਦੇ ਆਡਰ ਮਿਲ ਗਏ।
ਇਸ ਤਰ੍ਹਾਂ ਅਗਲੇ ਦਿਨ ਬਾਬੇ ਦੀ ਉਹ ਬੀੜ ਮੈਂ ਧਰਮਪਾਲ ਸਿੰਘ ਦੇ ਸਪੁਰਦ ਕਰ ਦਿੱਤੀ ਅਤੇ ਉਹ ਇੱਕ ਦੋ ਦਿਨਾਂ ਵਿੱਚ ਹੀ ਕਿਰਮਾਨਸ਼ਾਹ ਚਲਿਆ ਗਿਆ। ਇਸਤੋਂ ਥੋੜ੍ਹੇ ਦਿਨਾਂ ਬਾਅਦ ਮੈਨੂੰ ਵੀ ਇਰਾਨ ਦੇ ਮਾਜੰਦਰਾਨ ਸੂਬੇ ਦੇ ‘ਸਾਰੀ’ ਕਸਬੇ ਵਿੱਚ ਨੌਕਰੀ ਮਿਲ ਗਈ। ‘ਸਾਰੀ’ ਤਹਿਰਾਨ ਤੋਂ ਤਕਰੀਬਨ 250 ਕਿਲੋਮੀਟਰ ਦੂਰ ਸੀ। ਨੌਕਰੀ ਥੋੜ੍ਹੀ ਜ਼ਿੰਮੇਵਾਰੀ ਵਾਲੀ ਸੀ, ਇਸ ਲਈ ਉੱਥੇ ਜਾਣ ਤੋਂ ਪਹਿਲਾਂ ਦੋ-ਤਿੰਨ ਦਿਨ ਮੈਨੂੰ ਤਹਿਰਾਨ ਦਫਤਰ ਵਿੱਚ ਹੀ ਆਪਣੇ ਕੰਮ ਬਾਰੇ ਕੁਝ ਜ਼ਰੂਰੀ ਹਦਾਇਤਾਂ ਸਮਝਣ ਲਈ ਰੋਕ ਲਿਆ ਗਿਆ। ਟੈਲੀਫੋਨ ਆਦਿ ਉਸ ਸਮੇਂ ਅਜੇ ਇੰਨੇ ਪ੍ਰਚਲਿਤ ਨਹੀਂ ਸਨ ਹੋਏ ਇਸ ਲਈ ਮੇਰਾ ਰਾਬਤਾ ਹੋਟਲ ‘ਸ਼ਾਹ ਸਵਾਰ’ ਅਤੇ ‘ਅਮੀਰ ਕਬੀਰ’ ਇਲਾਕੇ ਨਾਲੋਂ ਬਹੁਤ ਘੱਟ ਗਿਆ। ਕੁਝ ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ‘ਸਾਰੀ’ ਸ਼ਹਿਰ ਪਹੁੰਚਣ ਵਾਲਾ ਮੈਂ ਇਕੱਲਾ ਅਤੇ ਸ਼ਾਇਦ ਪਹਿਲਾ ਹੀ ਹਿੰਦੁਸਤਾਨੀ ਸੀ। ਸ਼ੁਰੂ ਦੇ ਦੋ ਚਾਰ ਦਿਨ ਤਾਂ ਮੈਨੂੰ ਬਹੁਤ ਹੀ ਇਕੱਲਤਾ ਅਤੇ ਓਪਰਾਪਣ ਮਹਿਸੂਸ ਹੋਇਆ। ਫਾਰਸੀ ਮੈਨੂੰ ਨਹੀਂ ਸੀ ਆਉਂਦੀ ਅਤੇ ਇੰਗਲਿਸ਼ ਉਹ ਲੋਕ ਨਹੀਂ ਸਨ ਸਮਝਦੇ। ‘ਸਾਰੀ’ ਛੋਟਾ ਜਿਹਾ ਸ਼ਹਿਰ ਸੀ ਅਤੇ ਬਿਲਕੁਲ ਪੰਜਾਬੀਆਂ ਵਰਗੇ ਮਿਲਣਸਾਰ, ਖੂਬਸੂਰਤ ਅਤੇ ਖੁੱਲ੍ਹੇ ਸੁਭਾਅ ਦੇ ਲੋਕ ਸਨ। ਮੈਂ ਕਿਉਂਕਿ ਉਸ ਸ਼ਹਿਰ ਵਿੱਚ ਪਹਿਲਾ ਹੀ ਹਿੰਦੁਸਤਾਨੀ ਸੀ ਜਿਸਨੂੰ ਬਹੁਤਿਆਂ ਨੇ ਜ਼ਾਤੀ ਤੌਰ ’ਤੇ ਨੇੜਿਓਂ ਹੋ ਕੇ ਦੇਖਿਆ ਸੀ ਇਸ ਲਈ ਆਉ ਭਗਤ ਬੜੀ ਕਰਦੇ ਸਨ। ਸ਼ਾਇਦ ਇਹ ਹਿੰਦੁਸਤਾਨ ਅਤੇ ਇਰਾਨ ਦੀ ਕਿਸੇ ਪੁਰਾਤਨ ਸੱਭਿਆਚਾਰਕ ਸਾਂਝ ਕਰਕੇ ਵੀ ਹੋਊ। ਡਿਊਟੀ ਸਮੇਂ ਸਾਥੀਆਂ ਨਾਲ ਬੜੇ ਹੀ ਖੁਸ਼ੀਆਂ ਭਰੇ ਮਾਹੌਲ ਵਿੱਚ ਦਿਨ ਬੀਤਣ ਲੱਗ ਪਏ। ਸ਼ਾਮ ਹੁੰਦਿਆਂ ਸ਼ਹਿਰ-ਬਜ਼ਾਰ ਘੁੰਮਦਿਆਂ ਜਗ੍ਹਾ-ਜਗ੍ਹਾ ਲੋਕ ਝੁਰਮਟ ਪਾ ਕੇ ਦੁਆਲੇ ਆ ਖਲੋਂਦੇ। ਨਵੇਂ ਮਿਲਣ ਵਾਲੇ ਦੇਖਦਿਆਂ ਹੀ ਪਹਿਲਾਂ ਇੱਕੋ ਸਵਾਲ ਕਰਦੇ, “ਸ਼ੁਮਾ ਹਿੰਦੀ ਹਸਤੀ?” (ਤੁਸੀਂ ਹਿੰਦੁਸਤਾਨੀ ਹੋ?) ਅਤੇ ਦੂਜਾ ਸਵਾਲ ਹੁੰਦਾ, “ਇਸਮੇਂ ਸ਼ੁਮਾ ਚੀ ਏ?” (ਤੁਹਾਡਾ ਨਾਮ ਕੀ ਹੈ?)। ਬੱਸ, ਫਿਰ ਮੇਰੇ ਨਾਮ ਨਾਲੋਂ ਬਾਕੀ ਸਭ ਹਟਾ ਕੇ ‘ਸਿੰਘ’ ਯਾਦ ਰੱਖ ਲੈਂਦੇ ਫਿਰ ਮੈਨੂੰ ਜਦੋਂ ਵੀ ਮਿਲਦੇ ‘ਹਿੰਦੀਆ’, ‘ਮਿਸਟਰ ਸਿੰਘ’ ਜਾਂ ‘ਆਗਾਏ ਸਿੰਘ’ ਕਹਿ ਕੇ ਬੁਲਾਉਂਦੇ। ਛੋਟਾ ਕਸਬਾ ਹੋਣ ਕਰਕੇ ਤਕਰੀਬਨ ਸਾਰੇ ਹੀ ਇੱਕ ਦੂਜੇ ਨੂੰ ਪਛਾਣਦੇ ਸਨ। ਟੈਕਸੀ ਸਟੈਂਡ ਹੋਵੇ ਜਾਂ ਹੋਟਲ ਦਾ ਕਾਊਂਟਰ, ਕੋਈ ਦੁਕਾਨ ਹੋਵੇ ਜਾਂ ਰੈਸਟੋਰੈਂਟ, ਜਿੱਧਰ ਵੀ ਜਾਣਾ, ਲੋਕਾਂ ਨੇ ਅੱਖਾਂ ’ਤੇ ਚੁੱਕ ਲੈਣਾ। ਹੁਣ ਮੈਂ ਵੀ ਫਾਰਸੀ ਸਮਝਣ ਅਤੇ ਥੋੜ੍ਹੀ ਥੋੜ੍ਹੀ ਬੋਲਣ ਲੱਗ ਪਿਆ ਸੀ ਅਤੇ ਉਹ ਲੋਕ ਵੀ ਚਾਅ ਨਾਲ ਮੇਰੀ ਯੈੱਸ-ਨੋ ਨੂੰ ਸਮਝਣ ਲੱਗ ਪਏ ਸਨ।
ਜਿੱਥੇ ਵੀ ਚਾਰ ਲੋਕ ਇਕੱਠੇ ਹੁੰਦੇ, ਬੜੇ ਛੋਟੇ-ਛੋਟੇ ਸਵਾਲ ਪੁੱਛਦੇ। ਕਦੇ ਹਿੰਦੀ ਫਿਲਮਾਂ ਬਾਰੇ, ਰਾਜ ਕਪੂਰ ਅਤੇ ਉਸਦੀਆਂ ਫਿਲਮਾਂ ਦੇ ਗਾਣਿਆਂ ਬਾਰੇ। ਕੀ ਆਦਮੀ, ਕੀ ਔਰਤਾਂ, ਜਵਾਨ ਲੜਕੇ ਲੜਕੀਆਂ, ਬਜ਼ੁਰਗ, ਹਰ ਕੋਈ ‘ਹਿੰਦੁਸਤਾਨ’ ਜਾਂ ‘ਹਿੰਦੀਆ’ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣ ਲਈ ਨੇੜੇ-ਨੇੜੇ ਆ ਕੇ ਢੁਕਦਾ। ਅਜਿਹੇ ਸਵਾਲ ਪੁੱਛਦੇ ਜਿਵੇਂ ਹਿੰਦੁਸਤਾਨ ਕੋਈ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਹੋਵੇ। ਔਰਤਾਂ-ਲੜਕੀਆਂ ਸਵਾਲ ਕਰਦੀਆਂ; ਹਿੰਦੀ ਔਰਤਾਂ ਸਾੜੀ ਕਿਉਂ ਪਹਿਨਦੀਆਂ ਹਨ? ਨੱਕ ਵਿੱਚ ਕੋਕਾ ਕਿਉਂ ਪਾਇਆ ਜਾਂਦਾ ਹੈ, ਕਿਵੇਂ ਪਾਇਆ ਜਾਂਦਾ ਹੈ? ਬਿੰਦੀ ਅਤੇ ਸੰਧੂਰ ਬਾਰੇ ਪੁੱਛਦੀਆਂ। ਬਜ਼ੁਰਗ ਪੁੱਛਦੇ ਕਿ ਤੁਸੀਂ ਕਦੇ ਹਾਥੀ ਦੇਖਿਆ ਹੈ, ਉਹ ਰਹਿੰਦੇ ਕਿੱਥੇ ਹਨ? ਮੋਰ ਕੀ ਸੱਚਮੁੱਚ ਹੀ ਇੰਨਾ ਖੂਬਸੂਰਤ ਹੁੰਦਾ ਹੈ? ਕੀ ਤੁਸੀਂ ਤਾਜ ਮਹਿਲ ਦੇਖਿਆ ਹੈ? ਕਦੇ ਕਸ਼ਮੀਰ ਗਏ ਹੋ? ਬੱਸ, ਕਿਸੇ ਵੱਖਰੇ ਹੀ ਪਰੀ ਦੇਸ਼ ਵਾਂਗ ਲਗਦਾ ਸੀ ਸਭ ਕੁਝ। ਕਈਆਂ ਨੇ ਆਪਣੇ ਘਰ ਆਉਣ ਦਾ ਸੱਦਾ ਦੇਣਾ। ‘ਸਾਰੀ’ ਸ਼ਹਿਰ ਦੇ ਨੇੜੇ ਹੀ ਸਮੁੰਦਰ, (ਕੈਸਪੀਅਨ ਸਾਗਰ) ਦਾ ਕਿਨਾਰਾ ਲਗਦਾ ਹੈ, ਹਫਤੇ ਵਿੱਚ ਛੁੱਟੀ ਤੋਂ ਬਾਅਦ ਦੋ ਚਾਰ ਸ਼ਾਮਾਂ ਇਨ੍ਹਾਂ ਦੋਸਤਾਂ ਨਾਲ ਬੀਚ ’ਤੇ ਚਲੇ ਜਾਣਾ। ਰਾਤਾਂ ਨੂੰ ਇਰਾਨੀ ਪਰਿਵਾਰਾਂ ਨਾਲ ਵਿਚਰਦਿਆਂ ਕਬਾਬ-ਕਾਕਟੇਲ ਮਹਿਫਲਾਂ, ਪਾਰਟੀਆਂ ਦਾ ਰੁਝਾਨ ਚੱਲਣ ਲੱਗ ਪਿਆ।
ਕਈ ਵਾਰ ਕਿਸੇ ਪਰਿਵਾਰ ਵਿੱਚ ਜਾਂਦਿਆਂ, ਉਨ੍ਹਾਂ ਨੇ ਆਪਣੇ ਕੁਝ ਹੋਰ ਅਜ਼ੀਜ਼ ਦੋਸਤ-ਮਿੱਤਰ ਵੀ ਘਰ ਬੁਲਾਉਣੇ। ਗੱਲਾਂ ਗੱਲਾਂ ਵਿੱਚ ਕਦੇ ਗੱਲ ਤੇਰੇ-ਮੇਰੇ ਧਰਮ ਦੀ ਵੀ ਚੱਲ ਪੈਣੀ ਜਿੱਥੇ ਆ ਕੇ ਮੈਨੂੰ ਅਚਾਨਕ ‘ਬਾਬੇ ਦੀ ਬੀੜ’ ਦੀ ਯਾਦ ਆ ਜਾਣੀ। ਪ੍ਰੰਤੂ ਮੇਰੇ ਕੋਲ ਨਾ ਧਰਮਪਾਲ ਦਾ ਕੋਈ ਅਤਾ-ਪਤਾ ਸੀ ਅਤੇ ਨਾ ਹੀ ਫੋਨ ਨੰਬਰ, ਇਸ ਲਈ ਬੱਸ ਮਨ ਮਸੋਸ ਕੇ ਰਹਿ ਜਾਣਾ।
ਉੱਥੇ ਪਤਾ ਹੀ ਨਹੀਂ ਚੱਲਿਆ ਦੋ ਮਹੀਨੇ ਕਿਵੇਂ ਵਿਆਹ ਵਾਂਗ ਲੰਘ ਗਏ। ਫਿਰ ਇੱਕ ਦਿਨ ਮੈਨੂੰ ਕਿਸੇ ਜ਼ਰੂਰੀ ਕੰਮ ਲਈ ਤਹਿਰਾਨ ਦਫਤਰ ਜਾਣਾ ਪੈ ਗਿਆ। ਉੱਥੇ ਮੈਂ ਡਾਕਖਾਨੇ ਜਾ ਕੇ ਆਪਣਾ ਪੋਸਟ ਬੈਗ ਫਰੋਲਿਆ। ਕਾਫੀ ਡਾਕ ਪਈ ਸੀ। ਕੁਝ ਚਿੱਠੀਆਂ ਘਰੋਂ, ਕੁਝ ਦੋਸਤਾਂ-ਸਨੇਹੀਆਂ ਵੱਲੋਂ। ਇਨ੍ਹਾਂ ਵਿੱਚ ਹੀ ਇੱਕ ਚਿੱਠੀ ਧਰਮਪਾਲ ਦੀ ਵੀ ਪਈ ਸੀ ਜਿਸ ਵਿੱਚ ਉਸਨੇ ਆਪਣਾ ਕਿਰਮਾਨਸ਼ਾਹ ਦਾ ਪਤਾ ਅਤੇ ਫੋਨ ਨੰਬਰ ਵੀ ਦਿੱਤਾ ਹੋਇਆ ਸੀ। ਤਹਿਰਾਨ ਦਫਤਰ ਆ ਕੇ ਸਭ ਤੋਂ ਪਹਿਲਾਂ ਮੈਂ ਚਾਈਂ ਚਾਈਂ ਧਰਮਪਾਲ ਦਾ ਨੰਬਰ ਮਿਲਾਇਆ। ਰਸਮੀ ਹਾਲ ਚਾਲ ਅਤੇ ਇੱਕ ਦੂਜੇ ਦੇ ਕੰਮ-ਕਰ ਬਾਰੇ ਜਾਣਨ ਤੋਂ ਬਾਅਦ ਮੈਂ ਪਹਿਲਾ ਹੀ ਸਵਾਲ ਉਸਨੂੰ ‘ਬਾਬੇ ਦੀ ਬੀੜ’ ਬਾਰੇ ਕੀਤਾ। ਪਰ ਉਸਨੇ ਬੜੀ ਹੀ ਸਾਦਗੀ ਨਾਲ ਜਵਾਬ ਦਿੰਦਿਆਂ ਦੱਸਿਆ ਕਿ ਉਹ ਤਾਂ ਉਦੋਂ ਦੀ ਉਸੇ ਤਰ੍ਹਾਂ ਬੈਗ ਵਿੱਚ ਪਾ ਕੇ ਅਲਮਾਰੀ ਵਿੱਚ ਰੱਖੀ ਹੋਈ ਹੈ।
ਦੋ ਮਹੀਨੇ ਦੀ ਸਾਰੀ ਸ਼ਹਿਰ ਦੀ ਜ਼ਿੰਦਗੀ ਨੇ ਇੱਕ ਤਾਂ ਮੈਨੂੰ ਲੋੜ ਅਨੁਸਾਰ ਫਾਰਸੀ ਬੋਲਣੀ-ਸਮਝਣੀ ਸਿਖਾ ਦਿੱਤੀ ਸੀ ਅਤੇ ਦੂਜਾ, ਮੈਨੂੰ ਇਹ ਵੀ ਪਤਾ ਚੱਲ ਚੁੱਕਿਆ ਸੀ ਕਿ ਤਹਿਰਾਨ ਵਿੱਚ ਇੱਕ ਗੁਰਦਵਾਰਾ ਵੀ ਹੈ ਅਤੇ ਨਾਲ ਹੀ ਤਹਿਰਾਨ ਅਤੇ ਆਸ ਪਾਸ ਦੇ ਹੋਰ ਸ਼ਹਿਰਾਂ ਵਿੱਚ ਰਹਿੰਦੇ ਹਿੰਦੁਸਤਾਨੀਆਂ ਅਤੇ ਪੰਜਾਬੀਆਂ ਬਾਰੇ ਵੀ ਕਾਫੀ ਜਾਣਕਾਰੀ ਮਿਲ ਗਈ ਸੀ।
ਉਸੇ ਸ਼ਾਮ ਮੈਂ ਤਹਿਰਾਨ ਦੇ ਗੁਰਦਵਾਰਾ ਸਾਹਿਬ ਗਿਆ। ਬਹੁਤ ਹੀ ਸ਼ਾਨਦਾਰ ਅਤੇ ਵਧੀਆ ਪ੍ਰਬੰਧਾਂ ਹੇਠ ਚੱਲਣ ਵਾਲਾ ਗੁਰਦਵਾਰਾ ਸੀ ਉਹ। ਉਸ ਸਮੇਂ ਉੱਥੋਂ ਦੇ ਮੌਜੂਦਾ ਪ੍ਰਧਾਨ ਸਰਦਾਰ ਮੱਖਣ ਸਿੰਘ ਜੀ ਸਨ। ਮੈਂ ਉਨ੍ਹਾਂ ਨੂੰ ਮਿਲਿਆ, ਫਤਹਿ ਬੁਲਾਈ। ਬੜੇ ਹੀ ਠਰ੍ਹੰਮੇ ਵਾਲੇ ਅਤੇ ਨੇਕ ਦਿਲ ਇਨਸਾਨ ਸਨ ਉਹ। ਸ਼ੁਰੂ ਤੋਂ ਲੈ ਕੇ ਬਾਬੇ ਦੀ ਬੀੜ ਵਾਲੀ ਸਾਰੀ ਵਿਥਿਆ ਉਨ੍ਹਾਂ ਨੂੰ ਸੁਣਾਈ। ਮੇਰੀਆਂ ਗੱਲਾਂ ਸੁਣਕੇ ਉਨ੍ਹਾਂ ਨੂੰ ਯਕੀਨ ਹੋ ਰਿਹਾ ਸੀ ਜਾਂ ਨਹੀਂ, ਕਹਿਣਾ ਮੁਸ਼ਕਿਲ ਹੈ, ਪਰ ਹੈਰਾਨੀ ਹੱਦੋਂ ਜ਼ਿਆਦਾ ਹੋ ਰਹੀ ਸੀ। ਇਸੇ ਹੈਰਾਨੀ ਅਤੇ ਬੇਚੈਨੀ ਜਿਹੀ ਵਿੱਚ, ਬਾਰ ਬਾਰ ਮੇਰੇ ਮੋਹਰੇ ਕਾਹਲੀ ਨਾਲ ਅਨੇਕਾਂ ਸਵਾਲ ਰੱਖੀ ਜਾ ਰਹੇ ਸਨ, ਜਿਵੇਂ, ਉਹ ਬੀੜ ਉਸ ਫੜੀ ’ਤੇ ਕਿਵੇਂ ਪਹੁੰਚੀ ਹੋਵੇਗੀ, ਉਸਦਾ ਰੰਗ ਰੂਪ ਕਿਸ ਤਰ੍ਹਾਂ ਦਾ ਹੈ, ਕੀ ਹੱਥੀਂ ਲਿਖੀ ਹੈ ਜਾਂ ਪ੍ਰਿੰਟਡ, ਪੁਰਾਤਨ ਲਗਦੀ ਸੀ ਜਾਂ ਨਵੀਂ, ਆਦਿ ਆਦਿ! ਅੰਤ ਉਨ੍ਹਾਂ ਨੇ ਬੜੇ ਅਦਬ ਨਾਲ ਮੈਨੂੰ ਇੰਨਾ ਹੀ ਕਿਹਾ ਕਿ ਜਿਵੇਂ ਵੀ ਹੋਵੇ ਅਤੇ ਜਿੰਨੀ ਜਲਦੀ ਹੋਵੇ, ਤੁਸੀਂ ਉਹ ਬੀੜ ਕਿਰਮਾਨਸ਼ਾਹ ਤੋਂ ਮੰਗਵਾ ਕੇ ਇੱਥੇ ਗੁਰਦਵਾਰਾ ਸਾਹਿਬ ਪਹੁੰਚਾ ਦੇਵੋ।
ਉਸੇ ਰਾਤ ਮੈਂ ਧਰਮਪਾਲ ਸਿੰਘ ਨੂੰ ਦੁਬਾਰਾ ਫੋਨ ਕੀਤਾ ਅਤੇ ਉਸਨੂੰ ਤਹਿਰਾਨ ਗੁਰਦਵਾਰੇ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਧਾਨ ਜੀ ਨਾਲ ਹੋਈ ਸਾਰੀ ਗੱਲਬਾਤ ਬਾਰੇ ਦੱਸਿਆ। ਅਸੀਂ ਦੋਹਾਂ ਨੇ ਇਹੀ ਫੈਸਲਾ ਲਿਆ ਕਿ ਜਾਂ ਤਾਂ ਕਿਸੇ ਦਿਨ ਮੈਂ ਕਿਰਮਾਨਸ਼ਾਹ ਆ ਕੇ ਉਹ ਬੀੜ ਲੈ ਜਾਵਾਂਗਾ ਜਾਂ ਫਿਰ ਜਦੋਂ ਉਸਦਾ ਤਹਿਰਾਨ ਗੇੜਾ ਲੱਗੇਗਾ ਤਾਂ ਉਹ ਇਹ ਬੀੜ ਗੁਰਦਵਾਰੇ ਪਹੁੰਚਾ ਦੇਵੇਗਾ।
ਅਗਲੇ ਦਿਨ ਮੈਂ ਵਾਪਸ ‘ਸਾਰੀ’ ਮੁੜ ਆਇਆ ਅਤੇ ਫਿਰ ਤੋਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਰੁੱਝ ਗਿਆ। ਪਰ ਤਹਿਰਾਨ ਗੁਰਦਵਾਰੇ ਹੋਈ ਵਾਰਤਾਲਾਪ ਅਤੇ ਧਰਮਪਾਲ ਨਾਲ ਫੋਨ ਤੇ ਹੋਈ ਚਰਚਾ ਸਦਕਾ, ‘ਸਾਰੀ’ ਸ਼ਹਿਰ ਦਾ ਰੰਗ ਹੁਣ ਮੈਨੂੰ ਕਦੇ-ਕਦੇ ਬਹੁਤ ਹੀ ਫਿੱਕਾ ਲੱਗਣ ਲੱਗ ਪੈਂਦਾ। ਬਹੁਤ ਵਾਰ ਮਨ ਵਿਚਲਿਤ ਹੋ ਕੇ ਕਾਹਲ ਕਰਨ ਲੱਗ ਜਾਂਦਾ। ਪਰ ਹੁਣ ਇੰਨਾ ਕੁ ਸਹਾਰਾ ਬਣ ਗਿਆ ਸੀ ਕਿ ਇੱਕ ਤਾਂ ਮੈਂ ਤੇ ਧਰਮਪਾਲ ਇੱਕ ਦੂਜੇ ਨੂੰ ਫੋਨ ਕਰ ਲੈਂਦੇ ਸੀ ਅਤੇ ਦੂਜੇ ਬਾਬੇ ਦੀ ਬੀੜ ਨੂੰ ਸਤਿਕਾਰ ਨਾਲ ਤਹਿਰਾਨ ਗੁਰਦਵਾਰੇ ਪਹੁੰਚਾਉਣ ਦਾ ਰਸਤਾ ਮਿਲ ਗਿਆ ਸੀ।
ਤਕਰੀਬਨ ਦਸ ਦਿਨ ਬਾਅਦ ਮੈਨੂੰ ਧਰਮਪਾਲ ਦਾ ਫੋਨ ਆਇਆ ਕਿ ਥੋੜ੍ਹੇ ਦਿਨਾਂ ਬਾਅਦ ਉਸਨੂੰ ਨਵੇਂ ਅਤੇ ਇਸਤੋਂ ਬਿਹਤਰ ਕੰਮ ਦੇ ਸਿਲਸਿਲੇ ਵਿੱਚ ਕੁਵੈਤ ਜਾਣਾ ਪੈ ਸਕਦਾ ਹੈ ਅਤੇ ਬਾਬੇ ਦੀ ਉਹ ਬੀੜ ਉਸਨੇ ਉੱਥੇ ਆਪਣੇ ਇੱਕ ਹੋਰ ਨਵੇਂ ਆਏ ਦੋਸਤ ਸਤਵੰਤ ਸਿੰਘ ਮਾਵੀ ਨੂੰ ਸੌਂਪ ਦਿੱਤੀ ਹੈ। ਉਸਨੂੰ ਤਹਿਰਾਨ ਗੁਰਦਵਾਰੇ ਬਾਰੇ ਵੀ ਦੱਸ ਦਿੱਤਾ ਹੈ। ਨਾਲ ਹੀ ਉਸਨੇ ਸਤਵੰਤ ਸਿੰਘ ਨਾਲ ਮੇਰੀ ਗੱਲ ਵੀ ਕਰਵਾ ਦਿੱਤੀ ਅਤੇ ਉਸਦਾ ਫੋਨ ਨੰਬਰ ਵੀ ਮੈਨੂੰ ਦੇ ਦਿੱਤਾ।
ਫਿਰ ਕੁਝ ਦਿਨਾਂ ਬਾਅਦ ਸਤਵੰਤ ਸਿੰਘ ਮਾਵੀ ਦਾ ਫੋਨ ਆਇਆ ਜਿਸਨੇ ਮੈਨੂੰ ਉੱਥੇ ਰਹਿੰਦੇ ਇੱਕ ਅਜਿਹੇ ਪੰਜਾਬੀ, ‘ਆਨੰਦ’ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਜੋ ਬਹੁਤ ਲੰਬੇ ਅਰਸੇ ਤੋਂ ਪਰਿਵਾਰ ਸਮੇਤ ਕਿਰਮਾਨਸ਼ਾਹ ਰਹਿੰਦੇ ਸਨ ਅਤੇ ਉੱਥੇ ਆਪਣਾ ਵਿਓਪਾਰ ਕਰਦੇ ਸਨ। ਸਤਵੰਤ ਸਿੰਘ ਨੇ ਦੱਸਿਆ ਕਿ ਪੰਜਾਬੀ ਹੋਣ ਦੇ ਨਾਤੇ ਇਨ੍ਹਾਂ ਨਾਲ ਕੱਲ੍ਹ ਹੀ ਐਵੇਂ ਰਾਹ ਜਾਂਦਿਆਂ ਮੁਲਾਕਾਤ ਹੋ ਗਈ ਅਤੇ ਜਦੋਂ ਉਨ੍ਹਾਂ ਨੂੰ ਬਾਬੇ ਦੀ ਬੀੜ ਬਾਰੇ ਦੱਸਿਆ ਤਾਂ ਉਹ ਉਸਨੂੰ ਸਤਿਕਾਰ ਸਹਿਤ ਮੇਰੇ ਕੋਲੋਂ ਆਪਣੇ ਘਰ ਲੈ ਗਏ।
ਸਮਾਂ ਹੋਰ ਅੱਗੇ ਤੁਰਦਾ ਰਿਹਾ। ਇੱਕ ਦਿਨ ਕਿਸੇ ਤਿਓਹਾਰ ਕਾਰਨ ਇਕੱਠੀਆਂ ਤਿੰਨ ਛੁੱਟੀਆਂ ਪੈ ਜਾਣ ਤੇ ਮੈਂ ਕਿਰਮਾਨਸ਼ਾਹ ਜਾਣ ਦਾ ਪ੍ਰੋਗਰਾਮ ਬਣਾ ਲਿਆ। ਛੁੱਟੀ ਤੋਂ ਬਾਅਦ ਪਹਿਲਾਂ ਤਹਿਰਾਨ ਅਤੇ ਫਿਰ ਰਾਤ ਨੂੰ ਉੱਥੋਂ ਸਿੱਧੀ ਬੱਸ ਫੜ ਕੇ ਅਗਲੇ ਦਿਨ ਕਿਰਮਾਨਸ਼ਾਹ ਸਤਵੰਤ ਸਿੰਘ ਮਾਵੀ ਕੋਲ ਜਾ ਪਹੁੰਚਿਆ।
ਅਗਲੀ ਸਵੇਰ, ਸ਼ੁੱਕਰਵਾਰ ਅਸੀਂ ਦੋਵੇਂ ਅਨੰਦ ਸਹਿਬ ਦੇ ਘਰ ਪਹੁੰਚ ਗਏ। 40-45 ਸਾਲ ਦੇ ਗੁਰਸਿੱਖ ਨੌਜਵਾਨ, ਬੜੇ ਹੀ ਸੁਨੱਖੇ ਸਰਦਾਰ ਸਨ ਅਨੰਦ ਸਹਿਬ। ਮੇਰੇ ਬਾਰੇ ਸਤਵੰਤ ਸਿੰਘ ਪਹਿਲਾਂ ਹੀ ਉਨ੍ਹਾਂ ਨੂੰ ਸਭ ਦੱਸ ਚੁੱਕਿਆ ਸੀ ਇਸ ਲਈ ਬੜੇ ਅਦਬ, ਸਨੇਹ ਅਤੇ ਗਰਮਜੋਸ਼ੀ ਭਰੇ ਮਾਹੌਲ ਵਿੱਚ ਸਾਨੂੰ ਦੋਵਾਂ ਨੂੰ ਘਰ ਅੰਦਰ ਲੈ ਗਏ। ਛੁੱਟੀ ਹੋਣ ਕਰਕੇ ਪਰਿਵਾਰ ਦੇ ਬਾਕੀ ਜੀਆਂ ਤੋਂ ਇਲਾਵਾ ਕੁਝ ਹੋਰ ਹਿੰਦੁਸਤਾਨੀ ਸੱਜਣ ਵੀ ਘਰੇ ਬੁਲਾਏ ਹੋਏ ਸਨ। ਮਹਿਮਾਨਾਂ ਨਾਲ ਵੀ ਸਾਡੀ ਜਾਣ ਪਛਾਣ ਕਰਵਾਈ।
ਸਜੇ ਹੋਏ ਘਰ ਅੰਦਰ, ਡਰਾਇੰਗ ਰੂਮ ਵਿੱਚ ਬਾਬੇ ਦੀ ਬੀੜ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਸ਼ਾਇਦ ਇਸਤੋਂ ਪਹਿਲਾਂ, ਜ਼ਿੰਦਗੀ ਵਿੱਚ ਮੈਨੂੰ ਕਦੇ ਅਜਿਹੀ ਤਸਕੀਨ ਦਾ ਅਹਿਸਾਸ ਨਹੀਂ ਸੀ ਨਸੀਬ ਹੋਇਆ। ਸਾਹਮਣੇ ਜਾਂਦਿਆਂ ਹੀ ਖੁਸ਼ੀ ਅਤੇ ਪਿਆਰ ਦੇ ਹੰਝੂ ਇੱਕ ਦਮ ਆਪਣੇ ਆਪ ਅੱਖਾਂ ਵਿੱਚੋਂ ਛਲਕ ਆਏ। ਜਿਵੇਂ ਬੜੇ ਹੀ ਲੰਬੇ ਸਮੇਂ ਤੋਂ ਮਾਪਿਆਂ ਨਾਲੋਂ ਵਿਛੜਿਆ ਕੋਈ ਬਾਲ ਇੱਕ ਦਿਨ ਉਨ੍ਹਾਂ ਦੇ ਕਲਾਵੇ ਵਿੱਚ ਪਹੁੰਚ ਜਾਂਦਾ ਹੈ। ਨਤਮਸਤਕ ਹੋ ਕੇ ਮੱਥਾ ਟੇਕਿਆ। ਜਾਪਦਾ ਸੀ ਜਿਵੇਂ ਜ਼ਿੰਦਗੀ ਵਿੱਚ ਇੱਕ ਨਿਮਾਣੇ ਜੀਵ ਨੂੰ ਸੌਂਪੀ ਗਈ ਸੇਵਾ ਦਾ ਫਲ ਅੱਜ ਪਰਮਾਤਮਾ ਹਾਜ਼ਰ-ਨਾਜ਼ਰ ਹੋ ਕੇ ਮੇਰੀ ਝੋਲੀ ਵਿੱਚ ਪਾ ਰਿਹਾ ਹੈ। ਮਨ ਵਿੱਚ ਵਾਹਿਗੁਰੂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇੰਨੇ ਛੋਟੇ ਜਿਹੇ ਸਮੇਂ ਵਿੱਚ ਇਸ ਅਨਜਾਣੇ ਦੇਸ਼ ਵਿੱਚ ਜੁੜ ਗਈਆਂ ਬੇਅੰਤ ਯਾਦਾਂ ਅਤੇ ਸਾਂਝਾਂ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਇਸ ਕਾਰਜ ਲਈ ਸਾਡੇ ਸਾਰਿਆਂ ਵੱਲੋਂ, ਜਾਣੇ ਅਣਜਾਣੇ ਹੋ ਗਈਆਂ ਭੁੱਲਾਂ ਬਖਸ਼ੀਆਂ ਜਾਣ ਦੀ ਅਰਜੋਈ ਕੀਤੀ।
ਅਨੰਦ ਸਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੇ ਮਿਲਕੇ ਬੜੀ ਹੀ ਸਾਦੀ ਸ਼ੈਲੀ ਵਿੱਚ ਕੀਰਤਨ ਰੂਪੀ ਸ਼ਬਦ ਪੜ੍ਹੇ। ਗੁਰਬਾਣੀ ਦਾ ਉਚਾਰਨ ਕੀਤਾ। ਅਨੰਦ ਸਹਿਬ ਨੇ ਹੀ ਅਰਦਾਸ ਕੀਤੀ। ਮੈਨੂੰ ਵੀ ਬਾਬੇ ਦੀ ਇਸ ਬੀੜ ਬਾਰੇ ਵਾਪਰੀ ਸਾਰੀ ਵਿਥਿਆ ਮੁੜ ਤੋਂ ਸਾਰਿਆਂ ਨਾਲ ਸਾਂਝੀ ਕਰਨ ਲਈ ਆਖਿਆ।
ਸ਼ਰਧਾ-ਭਾਵਨਾ ਅਤੇ ਰੂਹੀ ਅਨੰਦ ਨਾਲ ਲਬਰੇਜ਼, ਸਾਰਿਆਂ ਨੇ ਮਿਲਕੇ, ਘਰੇ ਤਿਆਰ ਕੀਤਾ ਲੰਗਰ-ਪਾਣੀ ਛਕਿਆ। ਸਾਰਿਆਂ ਨੂੰ ਫਤਹਿ ਬੁਲਾ ਕੇ ਮੈਂ ਤੇ ਸਤਵੰਤ ਸਿੰਘ ਮਾਵੀ ਨੇ ਅਨੰਦ ਪਰਿਵਾਰ ਤੋਂ ਵਿਦਾਈ ਲਈ ਅਤੇ ਉਸੇ ਰਾਤ ਮੈਂ ਕਿਰਮਾਨਸ਼ਾਹ ਤੋਂ ਆਪਣੇ ਸ਼ਹਿਰ ਸਾਰੀ ਲਈ ਵਾਪਸ ਮੁੜ ਪਿਆ।
ਕਿਉਂਕਿ ਉਸ ਸਮੇਂ ਪ੍ਰਦੇਸਾਂ ਵਿੱਚ ਵਿਚਰਦਿਆਂ ਸਾਡੀ ਸੋਚ, ਸਾਡੀ ਸੂਝਬੂਝ ਬਹੁਤ ਹੀ ਸੀਮਿਤ ਅਤੇ ਬਾਲਾਂ ਵਰਗੀ ਸੀ, ਇਸ ਲਈ ਉਹ ਸਾਰੀ ਗਾਥਾ ਦਿਲੋ ਦਿਮਾਗ ਅੰਦਰ ਅੱਜ ਵੀ ਇੱਕ ਅਭੁੱਲ ਅਤੇ ਮਨਚਿੰਦਤ ਯਾਦ ਬਣ ਕੇ ਵਸੀ ਹੋਈ ਹੈ।
ਮੇਰੇ ਨਾਲ ਵਾਪਰੀ ਇਹ ਵਿਥਿਆ ਸ਼ਾਇਦ ਮੇਰੇ ਦਿਲ ਅੰਦਰ ਇਸੇ ਤਰ੍ਹਾਂ ਕਿਸੇ ਕੋਨੇ ਅੰਦਰ ਦੱਬੀ ਰਹਿ ਜਾਂਦੀ, ਮੈਂ ਇਹ ਯਾਦ ਇੱਥੇ ਪਾਠਕਾਂ ਨਾਲ ਸ਼ਾਇਦ ਸਾਂਝੀ ਹੀ ਨਾ ਕਰਦਾ। ਬੇਅਦਬੀ ਦੀਆਂ ਘਟਨਾਵਾਂ ਦਾ ਸਾਹਮਣਾ ਸਾਡੀ ਕੌਮ ਸ਼ੁਰੂ ਤੋਂ ਹੀ ਕਰਦੀ ਆਈ ਹੈ। ਬੱਸ, ਬੇਅਦਬੀਆਂ ਕਰਨ-ਕਰਵਾਉਣ ਵਾਲਿਆਂ ਦਾ ਰੂਪ, ਸਰੂਪ ਅਤੇ ਆਸ਼ੇ ਬਦਲਦੇ ਰਹੇ ਹਨ। ਪਰ ਮੌਜੂਦਾ ਦੌਰ ਵਿੱਚ ਇਸਦੇ ਪ੍ਰਤੀਕਰਮ ਵਜੋਂ, ਜ਼ਿੰਮੇਵਾਰ ਸੰਸਥਾਵਾਂ, ਸਤਿਕਾਰ ਕਮੇਟੀਆਂ ਅਤੇ ਸੇਵਾਦਾਰਾਂ ਦਾ ਮੰਤਵ ਹਰ ਘਟਨਾ ਨੂੰ ਖਬਰਾਂ ਬਣਾ ਕੇ ਉਛਾਲਣ ਅਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਉਸਦਾ ਰਾਜਨੀਤੀਕਰਨ ਕਰ ਦੇਣ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਇਸ ਨਾਲ ਪਾਪ ਕਰਨ ਵਾਲੇ ਨੂੰ ਇਸਦੀ ਸਜ਼ਾ ਜਾਂ ਪਸ਼ਚਾਤਾਪ ਦਾ ਕੋਈ ਅਹਿਸਾਸ ਹੁੰਦਾ ਹੈ ਜਾਂ ਨਹੀਂ, ਇਹ ਤਾਂ ਸਾਡੇ ਸਾਹਮਣੇ ਹੀ ਹੈ ਪ੍ਰੰਤੂ ਇਸਦਾ ਦੁਖਦਾਈ ਪਹਿਲੂ ਇਹ ਹੈ ਕਿ ਜਿਹੜੇ ਨਾਨਕ ਨਾਮ ਲੇਵਾ, ਸਿੱਖੀ ਸਿਧਾਂਤਾਂ ਬਾਰੇ ਪੜ੍ਹ-ਸੁਣ ਕੇ, ਇਸਨੂੰ ਜਾਣ ਕੇ, ਇਸ ਵੱਲ ਖਿੱਚੇ ਚੱਲੇ ਆਉਂਦੇ ਸਨ, ਉਨ੍ਹਾਂ ਨੂੰ ਸੇਵਾ-ਸਤਿਕਾਰ ਦੇ ਘੇਰੇ ਅੰਦਰ ਲਿਆ ਕੇ ਸਿੱਖੀ ਅਤੇ ਸਿੱਖਾਂ ਤੋਂ ਦੂਰ ਕੀਤਾ ਜਾ ਰਿਹਾ ਹੈ।
ਬੇਅਦਬੀ ਦੀਆਂ ਵਾਪਰ ਰਹੀਆਂ ਬੇਸ਼ੁਮਾਰ ਘਟਨਾਵਾਂ ਨਾਲ ਸਾਡੀ ਸਭ ਦੀ ਰੂਹ ਜ਼ਖਮੀ ਹੁੰਦੀ ਹੈ। ਬੇਸ਼ਕ, ਉਹ ਸਰਬ ਸ਼ਕਤੀਮਾਨ, ਜਾਣੇ-ਅਣਜਾਣੇ ਹੋਈਆਂ ਭੁੱਲਾਂ ਨੂੰ ਬਖਸ਼ਦਾ ਵੀ ਹੈ ਅਤੇ ਭਾਣੇ ਵਿੱਚ ਰਹਿਣ ਦੀ ਸੁਮੱਤ ਵੀ ਦਿੰਦਾ ਹੈ ਪਰ ਜੇ ਪੰਜਾਹ ਸਾਲ ਪਹਿਲਾਂ, ਦੂਰ ਦੇਸ਼ ਦੀ ਇਹ ਘਟਨਾ ਕਿਤੇ ਅੱਜ ਦੇ ਦੌਰ ਵਿੱਚ, ਇੱਥੇ ਸਾਡੇ ਮੁਲਕ ਜਾਂ ਪੰਜਾਬ ਵਿੱਚ ਵਾਪਰੀ ਹੁੰਦੀ ਤਾਂ ਜ਼ਰੂਰ ਇਹ ਕੋਈ ਬੜੀ ਵੱਡੀ, ਭਿਆਨਕ ਦੁਰਘਟਨਾ ਬਣ ਸਕਦੀ ਸੀ।
ਪਤਾ ਨਹੀਂ ਕਦੋਂ, ਕਿਸਦੇ ਮਨ ਅੰਦਰ, ਕੀ ਹੁੰਦਾ ਹੈ! ਕਈ ਵਾਰ ਸੰਸਾਰ ਦੀਆਂ ਵੱਡੀਆਂ-ਵੱਡੀਆਂ ਘਟਨਾਵਾਂ ਸਹਿਜ ਸੁਭਾਅ ਹੀ ਗੁਜ਼ਰ ਜਾਂਦੀਆਂ ਹਨ, ਕਈ ਵਾਰ ਇੱਕ ਛੋਟੀ ਜਿਹੀ ਘਟਨਾ ਇਤਿਹਾਸ ਦੀ ਇੱਕ ਬੜੀ ਵੱਡੀ ਤ੍ਰਾਸਦੀ ਬਣ ਕੇ ਪੂਰੀ ਮਨੁੱਖਤਾ ਦੇ ਵਿਚਕਾਰ ਆ ਖਲੋਂਦੀ ਹੈ। ਸਾਰਅੰਸ਼ ਇਹੀ ਹੈ ਕਿ ਅਦਬ ਜਾਂ ਬੇਅਦਬੀ ਹੁੰਦੀ ਨਹੀਂ, ਬੱਸ, ਮਨਾਂ ਅੰਦਰ ਵਸੀ ਸੋਚ ਇਸਨੂੰ ਇੱਕ ਰੂਪ ਦੇ ਦਿੰਦੀ ਹੈ। ਕੁਝ ਗਲਤੀਆਂ ਜਾਣ ਬੁਝ ਕੇ ਕਿਸੇ ਦਾ ਮੂੰਹ ਚਿੜਾਉਣ ਲਈ ਕੀਤੀਆਂ ਜਾਂਦੀਆਂ ਹਨ ਅਤੇ ਕੁਝ ਸਹਿਜ ਸੁਭਾ ਹੋ ਜਾਂਦੀਆਂ ਹਨ। ਕੋਈ ਵੀ ਖਬਰ ਜੱਗ ਜ਼ਾਹਰ ਕਰਨ ਤੋਂ ਪਹਿਲਾਂ ਉਸਨੂੰ ਪੂਰੀ ਘੋਖ ਲੈਣ ਨਾਲ ਹੀ ਰਹਿੰਦੀ ਲੁਕਾਈ ਨੂੰ ਆਪਣੇ ਧਰਮ ਨਾਲ ਜੋੜਿਆ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)




















































































































