“ਮੱਧ ਪੂਰਬੀ ਖਾੜੀ ਦੇ ਅਰਬ ਦੇਸ਼ ਸਾਨ੍ਹਾਂ ਦੇ ਭੇੜ ਵਿੱਚ ਵਿਚਕਾਰ ਫਸ ਗਏ ਹਨ। ਉਹਨਾਂ ਦੀ ...”
(16 ਅਪਰੈਲ 2026)
ਗੋਲੀਬੰਦੀ ਤੋਂ ਬਾਅਦ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ ਜੋ ਪਹਿਲੀ ਸਿੱਧੀ ਸਮਝੌਤਾ ਵਾਰਤਾ ਦਸ ਅਪਰੈਲ ਨੂੰ 21 ਘੰਟੇ ਚੱਲੀ, ਕੁਝ ਕਾਰਨਾਂ ਕਰਕੇ ਬੇਨਤੀਜਾ ਰਹੀ ਅਤੇ ਬਖੇੜਾ ਵਧ ਗਿਆ ਹੈ।
ਅਮਰੀਕਾ ਵੱਲੋਂ ਵਾਈਸ ਪਰੈਜ਼ੀਡੈਂਟ ਜੇ.ਡੀ. ਵੈਂਸ, ਟਰੰਪ ਦਾ ਜਵਾਈ ਜੇਰਾਲਡ ਕੁਸ਼ਨਰ ਅਤੇ ਟਰੰਪ ਦੇ ਵਿਸ਼ੇਸ਼ ਦੂਤ ਵਿਟਕੌਫ ਨੇ ਅਗਵਾਈ ਕੀਤੀ। ਦੂਜੇ ਪਾਸੇ ਇਰਾਨ ਵੱਲੋਂ ਵਿਦੇਸ਼ ਮੰਤਰੀ ਅਰਾਗ਼ਚੀ, ਸੰਸਦ ਦੇ ਸਪੀਕਰ ਕਾਲੀਬਾਫ ਸਮੇਤ 60 ਮੈਂਬਰੀ ਡੈਲੀਗੇਸ਼ਨ ਸੀ। ਅਮਰੀਕੀ ਡੈਲੀਗੇਸ਼ਨ ਪਲ ਪਲ ਦੀ ਜਾਣਕਾਰੀ ਟਰੰਪ ਨਾਲ ਸਾਂਝੀ ਕਰ ਰਿਹਾ ਸੀ ਜਦਕਿ ਇਰਾਨੀ ਡੈਲੀਗੇਸ਼ਨ ਨੂੰ ਸਮਝੌਤਾ ਕਰਨ ਜਾਂ ਨਾ ਕਰਨ ਦੇ ਪੂਰੇ ਅਧਿਕਾਰ ਦੇ ਕੇ ਭੇਜਿਆ ਗਿਆ ਸੀ ਤਾਂ ਕਿ ਬਾਰ ਬਾਰ ਫੋਨ ਤੋਂ ਲੋਕੇਸ਼ਨ ਲੱਭ ਕੇ ਅਮਰੀਕਾ-ਇਸਰਾਈਲ ਮੁਜ਼ਤਬਾ ਖੁਮੇਨਾਈ ਉੱਤੇ ਹਮਲਾ ਨਾ ਕਰ ਦੇਣ। ਇਰਾਨ ਦਾ ਸਪੀਕਰ ਆਪਣੇ ਜਹਾਜ਼ ਦੀਆਂ 168 ਸੀਟਾਂ ਉੱਤੇ ਉਹਨਾਂ ਛੋਟੀਆਂ ਬੱਚੀਆਂ ਦੀਆਂ ਤਸਵੀਰਾਂ ਅਤੇ ਖੂਨ ਨਾਲ ਲਥਪਥ ਸਕੂਲ ਬੈਗ ਰੱਖ ਕੇ ਲਿਆਇਆ, ਜਿਨ੍ਹਾਂ ਨੂੰ ਹਮਲੇ ਦੇ ਪਹਿਲੇ ਦਿਨ ਹੀ ਮਾਰ ਦਿੱਤਾ ਗਿਆ ਸੀ। ਇਰਾਨੀ ਡੈਲੀਗੇਸ਼ਨ ਨੇ ਆਪਣਾ ਨਾਮ ਉਹਨਾਂ ਬੱਚੀਆਂ ਦੇ ਸਕੂਲ ‘ਮੀਨਾਬ’ ਦੇ ਨਾਮ ਉੱਤੇ ‘ਮੀਨਾਬ 168’ ਰੱਖਿਆ।
ਗੱਲਬਾਤ ਇਰਾਨ ਵੱਲੋਂ ਰੱਖੀਆਂ ਦਸ ਸ਼ਰਤਾਂ ਉੱਤੇ ਹੋ ਰਹੀ ਸੀ। ਬਹੁਤੇ ਮੁੱਦਿਆਂ ਉੱਤੇ ਸਹਿਮਤੀ ਦੀਆਂ ਕਨਸੋਆਂ ਸਨ। ਪਰ ਅਖੀਰ ਗੱਲਬਾਤ ਅਸਫਲ ਰਹੀ।
ਵਾਪਸੀ ਉੱਤੇ ਵੈਂਸ ਨੇ ਆਖਿਆ ਕਿ ਇਰਾਨ ਨੇ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ। ਬੁਰਾ ਹੋਇਆ, ਲੇਕਿੰਨ ਇਹ ਇਰਾਨ ਲਈ ਜ਼ਿਆਦਾ ਬੁਰਾ ਹੋਵੇਗਾ। ਇਹ ਧਮਕੀ ਸੀ। ਇਰਾਨੀ ਵਿਦੇਸ਼ ਮੰਤਰੀ ਅਰਾਗ਼ਚੀ ਨੇ ਆਖਿਆ ਕਿ ਅਮਰੀਕਾ ਜੋ ਸਾਡੇ ਕੋਲੋਂ ਹਮਲਾ ਕਰਕੇ ਨਹੀਂ ਖੋਹ ਸਕਿਆ, ਉਹ ਗੱਲਬਾਤ ਨਾਲ ਖੋਹਣਾ ਚਾਹੁੰਦਾ ਸੀ। ਇਸ ਪਹਿਲੀ ਮੀਟਿੰਗ ਵਿੱਚ ਦੋਵਾਂ ਨੇ ਇੱਕ ਦੂਜੇ ਨੂੰ ਟੋਹਿਆ ਹੈ। ਵਿਗੜੀ ਗੱਲਬਾਤ ਤੋਂ ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਪੂਰਾ ਖੁਸ਼ ਹੈ।
ਜਿਨ੍ਹਾਂ ਮੁੱਦਿਆਂ ਉੱਤੇ ਗੱਲਬਾਤ ਟੁੱਟੀ, ਪਹਿਲਾ ਸੀ ‘ਹੌਰਮੂਜ਼ ਸਮੁੰਦਰੀ ਲਾਂਘਾ।’ ਅਮਰੀਕਾ ਤੁਰੰਤ ਪੂਰੀ ਤਰ੍ਹਾਂ ਲਾਂਘਾ ਖੁੱਲ੍ਹਵਾਉਣਾ ਚਾਹੁੰਦਾ ਸੀ, ਆਪਣੇ ਜੰਗੀ ਬੇੜਿਆਂ ਸਮੇਤ। ਪਰ ਇਰਾਨ ਇੰਨੇ ਕੋਲ ਆਪਣੀ ਸੁਰੱਖਿਆ ਦਾ ਹਵਾਲਾ ਦੇ ਕੇ ਉੱਥੇ ਆਪਣਾ ਮੁਕੰਮਲ ਕੰਟਰੋਲ ਚਾਹੁੰਦਾ ਹੈਅਤੇ ਓਮਾਨ ਨਾਲ ਮਿਲ ਕੇ ਟੌਲ ਵਸੂਲੀ ਸਮੇਤ ਆਪਣੀਆਂ ਸ਼ਰਤਾਂ ਉੱਤੇ ਲਾਂਘਾ ਖੋਲ੍ਹਣ ਨੂੰ ਆਪਣਾ ਹੱਕ ਸਮਝਦਾ ਹੈ। ਵੈਸੇ ਵੀ ਲਾਂਘਾ ਤਾਂ ਖੁੱਲ੍ਹਾ ਸੀ, ਇਰਾਨ ਨੇ ਅਮਰੀਕੀ ਹਮਲੇ ਤੋਂ ਬਾਅਦ ਬੰਦ ਕੀਤਾ। ਇਰਾਨ ਦਾ ਕਹਿਣਾ ਹੈ ਕਿ ਫਿਲਹਾਲ ਦੁਸ਼ਮਣ ਦੇਸ਼ਾਂ ਅਤੇ ਉਹਨਾਂ ਦੇ ਹਿਮਾਇਤੀਆਂ ਨੂੰ ਛੱਡ ਕੇ ਹੋਰ ਸਭਨਾਂ ਦੇ ਵਪਾਰ ਲਈ ਹੌਰਮੂਜ਼ ਖੁੱਲ੍ਹਾ ਹੈ। ਲੇਕਿੰਨ ਇਸ ਜੰਗੀ ਮਾਹੌਲ ਵਿੱਚ ਕਿਸੇ ਅਮਰੀਕੀ ਯੁੱਧਪੋਤ ਨੂੰ ਹੌਰਮੂਜ਼ (ਜੋ ਇਰਾਨੀ ਹੱਦ ਹੈ) ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਦੇਵੇਗਾ।
ਇਰਾਨ ਪ੍ਰਮਾਣੂ ਬੰਬ ਨਾ ਬਣਾਵੇ, ਇਸ ਮੁੱਦੇ ਉੱਤੇ ਸਮਝੌਤਾ ਤਾਂ ਪਿਛਲੀ ਜੂਨ ਵਾਲੀ ਗੱਲਬਾਤ ਵਿੱਚ ਵੀ ਸੰਭਵ ਸੀ। ਇੱਕ ਤਾਂ ਇਰਾਨ ਨੇ ‘ਪ੍ਰਮਾਣੂੰ ਅਪਸਾਰ ਸੰਧੀ’ ਉੱਤੇ ਪਹਿਲਾਂ ਤੋਂ ਹੀ ਦਸਤਖ਼ਤ ਕੀਤੇ ਹੋਏ ਹਨ। ਦੂਜਾ, ਇਸ ਬਾਰੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਕਹਿਣ ਮੁਤਾਬਿਕ ਉਹ ਪਿਛਲੀ ਗੱਲਬਾਤ ਵਿੱਚ ਵੀ ਸਹਿਮਤ ਸੀ। ਪਰ ਸ਼ਾਂਤਮਈ ਮਕਸਦ ਲਈ ਪ੍ਰਮਾਣੂ ਖੋਜ ਵਿਕਾਸ ਦਾ ਤਾਂ ਹਰ ਅਜ਼ਾਦ ਮੁਲਕ ਨੂੰ ਅਧਿਕਾਰ ਹੈ। ਆਪਣੇ ਪ੍ਰਮਾਣੂ ਸੰਸਥਾਨਾਂ ਉੱਤੇ ‘ਇੰਟਰਨੈਸ਼ਨਲ ਅਟੌਮਿਕ ਐਨਰਜ਼ੀ ਏਜੰਸੀ’ ਦੀ ਨਿਗਰਾਨੀ ਰੱਖਣ ਨੂੰ ਵੀ ਇਰਾਨ ਤਿਆਰ ਸੀ। ਐਪਰ ਅਮਰੀਕਾ ਨੇ ਇਸਲਾਮਾਬਾਦ ਵਿੱਚ ਸ਼ਰਤ ਰੱਖੀ ਕਿ ਸਾਰਾ ਸੋਧਿਆ ਪ੍ਰਮਾਣੂ ਯੂਰੇਨੀਅਮ ਇਰਾਨ ਅਮਰੀਕਾ ਨੂੰ ਸੌਂਪ ਦੇਵੇ, ਅਤੇ ਪ੍ਰਮਾਣੂ ਵਿਕਾਸ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰੇ, ਜਿਸ ਨੂੰ ਇਰਾਨ ਨੇ ਨਹੀਂ ਮੰਨਿਆ।
ਮੇਰੀ ਜਾਚੇ ਪ੍ਰਮਾਣੂ ਬੰਬ ਦਾ ਮੁੱਦਾ ਇਰਾਨ ਉੱਤੇ ਹਮਲਾ ਕਰਨ ਦਾ ਮਹਿਜ਼ ਬਹਾਨਾ ਹੈ। ਇਰਾਕ, ਲਿਬੀਆ, ਸੀਰੀਆ, ਵੀਅਤਨਾਮ, ਅਫਗਾਨਿਸਤਾਨ ਕੋਲ ਤਾਂ ਐਟਮ ਬੰਬ ਨਹੀਂ ਸੀ, ਫਿਰ ਕਿਉਂ ਅਮਰੀਕਾ ਨੇ ਬਰਬਾਦ ਕੀਤੇ? ਕਿਊਬਾ, ਗਰੀਨਲੈਂਡ, ਕਨੇਡਾ, ਮੈਕਸੀਕੋ, ਕੋਲੰਬੀਆ ਕੋਲ ਕਿਹੜਾ ਐਟਮ ਬੰਬ, ਜਿਨ੍ਹਾਂ ਉੱਤੇ ਅਮਰੀਕਾ ਕਬਜ਼ਾ ਕਰਨ ਨੂੰ ਫਿਰਦਾ ਹੈ? ਕੀ ਫਲਸਤੀਨ ਕੋਲ ਐਟਮ ਬੰਬ ਸੀ? ਵੈਸੇ ਵੀ ਜੇ ਢਾਈ ਸੌ ਸਾਲ ਪਹਿਲਾਂ ਹੋਂਦ ਵਿੱਚ ਆਏ ਅਮਰੀਕਾ ਇਸਰਾਈਲ ਵਰਗੇ ਪ੍ਰਮਾਣੂ ਸੰਪੰਨ ਦੁਸ਼ਮਣ ਦੇਸ਼, ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਵਾਲੇ ਇਰਾਨ ਦੁਆਲੇ 17 ਫੌਜੀ ਅੱਡੇ ਬਣਾ ਕੇ ਘੇਰਾ ਪਾਉਣ ਤਾਂ ਅੱਗੋਂ ਬਰਾਬਰ ਦੇ ਹਥਿਆਰ ਨਾਲ ਬਚਾ ਕਰਨ ਤੋਂ ਸਿਵਾ ਉਸ ਕੋਲ ਚਾਰਾ ਵੀ ਕੀ ਹੈ? ਅਸਲ ਕਹਾਣੀ ਸਾਮਰਾਜੀ ਧੌਂਸ, ਵਿਸਥਾਰ ਅਤੇ ਦੂਜਿਆਂ ਦੀ ਦੌਲਤ ਉੱਤੇ ਕਬਜ਼ਾ ਕਰਨ ਦੀ ਹੈ।
ਗੱਲਬਾਤ ਦੌਰਾਨ ਲੈਬਨਾਨ ਉੱਤੇ ਇਸਰਾਈਲੀ ਹਮਲਾ ਬੰਦ ਕਰਨ ਨੂੰ ਅਮਰੀਕਾ ਨੇ ਇਹ ਆਖ ਕੇ ਖਾਰਿਜ ਕੀਤਾ ਕਿ ਗੋਲੀਬੰਦੀ ਵਿੱਚ ਲੈਬਨਾਨ ਦਾ ਜ਼ਿਕਰ ਨਹੀਂ ਹੈ। ਅਸਲ ਵਿੱਚ ਇਸ ਜੰਗ ਦੀ ਆੜ ਵਿੱਚ ਇਸਰਾਈਲ ਦਾ ‘ਗਰੇਟਰ ਇਸਰਾਈਲ’ ਯੋਜਨਾ ਤਹਿਤ ਲੈਬਨਾਨ ਦੇ ਲਿਤਾਨੀ ਦਰਿਆ ਤਕ ਕਬਜ਼ਾ ਕਰਨ ਦਾ ਮਨਸੂਬਾ ਹੈ। ਇਸੇ ਲਈ ਟਰੰਪ ਦੇ ਯਹੂਦੀ ਜਵਾਈ ਕੁਸ਼ਨਰ ਨੇ ਗੱਲਬਾਤ ਦੌਰਾਨ ਨੇਤਨਯਾਹੂ ਨਾਲ ਸਲਾਹ ਕਰਕੇ ਜ਼ਿਦ ਫੜੀ ਰੱਖੀ ਕਿ ਲੈਬਨਾਨ ਉੱਤੇ ਹਮਲਾ ਤਾਂ ਜਾਰੀ ਰਹੇਗਾ। ਇਹ ਵੀ ਖ਼ਬਰਾਂ ਹਨ ਕਿ ਜਿੱਦਣ ਜੰਗ ਰੁਕੀ, ਉਸੇ ਦਿਨ ਨੇਤਨਯਾਹੂ ਉੱਤੇ ਕੁਰੱਪਸ਼ਨ ਵਾਲਾ ਮੁਕੱਦਮਾ ਸ਼ੁਰੂ ਹੋ ਜਾਣਾ ਹੈ। ਜਦਕਿ ਇਰਾਨ ਇਕੱਲੀ ਆਪਣੀ ਨਹੀਂ, ਖਿੱਤੇ ਵਿੱਚ ਸੰਪੂਰਨ ਜੰਗਬੰਦੀ, ਸ਼ਾਂਤੀ ਲਈ ਅੜਿਆ ਸੀ। ਗੱਲਬਾਤ ਟੁੱਟਣ ਦੀ ਇਹ ਵੀ ਵੱਡੀ ਵਜਾਹ ਰਹੀ। ਲੈਬਨਾਨੀ ਹਿਜ਼ਬੁੱਲਾ ਨੂੰ ਥੱਲੇ ਲਾਉਣ ਲਈ ਅਮਰੀਕਾ ਇਸਰਾਈਲ ਲੈਬਨਾਨ ਸਰਕਾਰ ਦਰਮਿਆਨ ਵਸ਼ਿੰਗਟਨ ਵਿੱਚ ਅਲੱਗ ਵਾਰਤਾ 13 ਅਪਰੈਲ ਨੂੰ ਸ਼ੁਰੂ ਵੀ ਹੋ ਗਈ ਹੈ।
ਵਾਰਤਾ ਦੌਰਾਨ ਇਰਾਨ ਦੇ ਫਰੀਜ਼ ਕੀਤੇ ਕਈ ਲੱਖ ਕਰੋੜ ਡਾਲਰਾਂ ਦੇ ਅਸਾਸੇ ਮੋੜਨ ਨੂੰ ਅਮਰੀਕਾ ਨੇ ਪੂਰਨ ਸਮਝੌਤਾ ਹੋ ਜਾਣ ਨਾਲ ਜੋੜਿਆ। ਇਰਾਨ ਨੇ ਨਿਹੱਥਾ ਹੋਣ (ਲੰਮੀ ਦੂਰੀ ਤਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾ ਬਣਾਉਣ) ਵਰਗੀ ਕੋਈ ਗ਼ੈਰ ਕਾਨੂੰਨੀ ਸ਼ਰਤ ਨਹੀਂ ਸੀ ਮੰਨਣੀ।
ਇਸਲਾਮਾਬਾਦ ਤੋਂ ਵਾਪਸ ਪਹੁੰਚ ਕੇ ਇਰਾਨ ਦੇ ਨੁਮਾਇੰਦਿਆਂ ਨੇ ਆਖਿਆ ਹੈ ਕਿ ਸਮਝੌਤਾ ਹੋਣ ਹੀ ਵਾਲਾ ਸੀ, ਅਮਰੀਕਾ ਨੇ ਜਾਣਬੁੱਝ ਕੇ ਨਵੀਂਆਂ ਸ਼ਰਤਾਂ ਲਾ ਕੇ ਸਾਬੋਤਾਜ ਕੀਤਾ। ਅਮਰੀਕੀ ਧਿਰ ਉੱਤੇ ਇਸਰਾਈਲ ਦਾ ਦਬਾਅ ਵੀ ਸੀ ਜੋ ਅਮਰੀਕਾ ਨੂੰ ਹਰ ਹਾਲਤ ਵਿੱਚ ਇਰਾਨ ਨਾਲ ਲੜਾਈ ਜਾਰੀ ਰੱਖਣਾ ਚਾਹੁੰਦਾ ਹੈ।
ਇੰਜ ਟਰੰਪ ਨੇ 13 ਅਪਰੈਲ ਸ਼ਾਮ ਤੋਂ ਇਰਾਨ ਦੀ ਮੁਕੰਮਲ ਸਮੁੰਦਰੀ ਨਾਕਾਬੰਦੀ ਕਰ ਦਿੱਤੀ ਹੈ। ਕਿਹਾ ਹੈ ਕਿ ਇਰਾਨੀ ਬੰਦਰਗਾਹਾਂ ਤੋਂ ਜਾਂ ਟੋਲ ਦੇ ਕੇ ਆਉਣ ਜਾਣ ਵਾਲੇ ਕਿਸੇ ਜਹਾਜ਼ ਨੂੰ ਫਾਰਸ, ਉਮਾਨ ਜਾਂ ਅਰਬ ਸਾਗਰ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ। ਟਰੰਪ ਦਾ ਫਰਮਾਨ ਹੈ ਕਿ ਨਾਕਾਬੰਦੀ ਦਾ ਉਲੰਘਣ ਕਰਨ ਵਾਲੇ ਜਹਾਜ਼ ਉੱਤੇ ਅਮਰੀਕਾ ਹਮਲਾ ਕਰੇਗਾ। ਇਸ ਨਾਲ ਜੰਗ ਦਾ ਦਾਇਰਾ ਵਧਣ ਦੀ ਸੰਭਾਵਨਾ ਬਣ ਗਈ ਹੈ। ਇਉਂ ਚੀਨ ਨਾਲ ਵੀ ਉਲਝਣ ਦੇ ਆਸਾਰ ਹਨ। ਰੂਸ ਨੇ ਤੀਜੀ ਸੰਸਾਰ ਜੰਗ ਲੱਗ ਜਾਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਅਮਰੀਕਾ ਦੀਆਂ ਬੇਨਤੀਆਂ ਦੇ ਬਾਵਜੂਦ ਇਸਰਾਈਲ ਤੋਂ ਸਿਵਾ ਕਿਸੇ ਮੁਲਕ ਨੇ ਨਾਕਾਬੰਦੀ ਦੀ ਹਿਮਾਇਤ ਨਹੀਂ ਕੀਤੀ।
ਇਰਾਨ ਅਤੇ ਯਮਨ ਦੇ ਹੂਤੀਆਂ ਨੇ ਇਸ ਨਾਕੇਬੰਦੀ ਵਿਰੁੱਧ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਹੋ ਸਕਦਾ ਇਸ ਵਧੇ ਬਖੇੜੇ ਵਿੱਚ ਯਮਨ ਦੇ ਕੋਲ ‘ਬਾਬ ਅਲ ਮੰਦੇਬ’ ਸਮੁੰਦਰੀ ਲਾਂਘਾ ਵੀ ਬੰਦ ਹੋ ਜਾਵੇ। ਦਸ ਫੀਸਦੀ ਤੇਲ ਦਾ ਇਹ ਲਾਂਘਾ ਸੁਏਜ਼ ਨਹਿਰ ਰਾਹੀਂ ਲਾਲ ਸਾਗਰ ਨੂੰ ਅਰਬ ਸਾਗਰ ਨਾਲ ਜੋੜਦਾ ਹੈ।
ਦੁਨੀਆਂ ਭਰ ਤੋਂ ਜੰਗ ਰੋਕਣ ਦੀਆਂ ਅਵਾਜ਼ਾਂ ਉੱਠ ਰਹੀਆਂ ਹਨ। ਇਸ ਵਿੱਚ ਪੋਪ ਦੀ ਆਵਾਜ਼ ਵੀ ਸ਼ਾਮਲ ਹੈ, ਜੋ ਟਰੰਪ ਹੋਰਾਂ ਦੇ ਹੰਕਾਰ ਨੂੰ ਦੋਸ਼ੀ ਠਹਿਰਾ ਰਿਹਾ ਹੈ।
ਨੇਤਨਯਾਹੂ ਨੇ ਤਾਂ ਇਰਾਨ, ਇਰਾਕ, ਯਮਨ, ਲਿਬਨਾਨ, ਸੀਰੀਆ ਨੂੰ ਆਪਣੇ ਦੁਸ਼ਮਣ ਦੇਸ਼ ਐਲਾਨਦਿਆਂ ਇਨ੍ਹਾਂ ਪ੍ਰਤੀ ਹੋਰ ਹਮਲਾਵਰ ਹੋਣ ਦਾ ਅਹਿਦ ਦੁਹਰਾਇਆ ਹੈ। ਟਕਰਾਅ ਸਿਖ਼ਰਾਂ ’ਤੇ ਹੈ। ਇੱਕ ਪਾਸੇ ਦੋ ਫੌਜੀ ਮਹਾਂਸ਼ਕਤੀਆਂ ਹਨ ਤੇ ਦੂਜੇ ਪਾਸੇ ਇਰਾਨ। ਟਰੰਪ ਇਰਾਨ ਨੂੰ ਛੇਤੀ ਢਾਹੁਣ ਲਈ ਨਾਟੋ ਦੇਸ਼ਾਂ, ਯੂਰਪੀ ਮੁਲਕਾਂ, ਗਵਾਂਢੀ ਅਰਬ ਦੇਸ਼ਾਂ, ਜਪਾਨ, ਕੋਰੀਆ, ਆਸਟਰੇਲੀਆ ਵਰਗੇ ਤੇਲ ਖਰੀਦਦਾਰਾਂ, ਸਭ ਨੂੰ ਮਦਦ ਲਈ ਆਵਾਜ਼ਾਂ ਮਾਰ ਰਿਹਾ ਹੈ। ਟਰੰਪ ਨੇ ਨਾਟੋ ਦੇਸ਼ਾਂ ਨੂੰ ਨਾਲ ਘੜੀਸਣ ਵਾਲੀ ਆਸ ਹਾਲੇ ਛੱਡੀ ਨਹੀਂ।
ਇਸ ਅਸਾਵੀਂ ਜੰਗ ਵਿੱਚ ਇਰਾਨ ਇਕੱਲਾ ਹੌਸਲੇ ਨਾਲ ਡਟਿਆ ਹੋਇਆ ਹੈ। ਬਾਕੀ ਸੰਸਾਰ ਦੇ ਲੋਕ ਇਰਾਨ ਨੂੰ ਫੱਟੜ ਹੋ ਕੇ ਡਿਗ ਪੈਣ ਦੀ ਸੰਭਾਵਨਾ ਵਾਲੇ ਸੂਰਮੇ ਵਜੋਂ ਹਮਦਰਦੀ ਨਾਲ ਦੇਖ ਰਹੇ ਹਨ। ਸੰਕਟ ਵਿੱਚ ਇਰਾਨ ਨੂੰ ਰੂਸ, ਚੀਨ, ਉੱਤਰੀ ਕੋਰੀਆ ਦਾ ਸਹਾਰਾ ਹੈ।
ਮੱਧ ਪੂਰਬੀ ਖਾੜੀ ਦੇ ਅਰਬ ਦੇਸ਼ ਸਾਨ੍ਹਾਂ ਦੇ ਭੇੜ ਵਿੱਚ ਵਿਚਕਾਰ ਫਸ ਗਏ ਹਨ। ਉਹਨਾਂ ਦੀ ਆਰਥਿਕਤਾ ਅਤੇ ਵਕਾਰ, ਦੋਵਾਂ ਨੂੰ ਭਾਰੀ ਸੱਟ ਵੱਜੀ ਹੈ। ਉਹਨਾਂ ਦੀ ਧਰਤੀ ਉੱਤੇ ਬਣੇ ਅਮਰੀਕੀ ਫੌਜੀ ਅੱਡੇ ਹੀ ਉਹਨਾਂ ਨੂੰ ਲੈ ਬੈਠੇ ਹਨ।
ਇਸ ਗੋਲੀਬੰਦੀ ਅਤੇ ਸਮਝੌਤਾ ਵਾਰਤਾ ਨਾਲ ਬਾਕੀ ਸਾਰੀ ਦੁਨੀਆਂ ਨੇ ਸੁਖ ਦਾ ਸਾਹ ਲਿਆ ਸੀ, ਪਰ ਹੁਣ ਅਮਰੀਕੀ ਨਾਕਾਬੰਦੀ ਅਤੇ ਜੰਗ ਦੇ ਮੁੜ ਭੜਕਣ ਦੀ ਸੰਭਾਵਨਾ ਨਾਲ ਸੰਸਾਰ ਭਰ ਵਿੱਚ ਤੇਲ, ਗੈਸ ਅਤੇ ਮਹਿੰਗਾਈ ਦਾ ਵੱਡਾ ਸੰਕਟ ਆਉਣਾ ਤੈਅ ਹੈ। ਹਾਲਾਤ ਵਿਸਫੋਟਕ ਹਨ ਕਿਉਂਕਿ ਇਰਾਨ ਨੇ ਵੀ ਅੱਗੋਂ ਢੁਕਵਾਂ ਜਵਾਬ ਦੇਣ ਦਾ ਐਲਾਨ ਕਰ ਦਿੱਤਾ ਹੈ। ਭਾਵੇਂ ਕਿ ਸਮਝੌਤਾ ਵਾਰਤਾ ਦੁਬਾਰਾ ਸ਼ੁਰੂ ਕਰਵਾਉਣ ਵਾਲੇ ਵੀ ਫਿਰ ਸਰਗਰਮ ਹੋ ਗਏ ਹਨ।
ਭਾਵੇਂ ਇਰਾਨ ਨੇ ਮਾਰੂ ਹਮਲੇ ਦਾ ਜੁਰਅਤ ਨਾਲ ਮੁਕਾਬਲਾ ਕੀਤਾ ਤੇ ਭਾਵੇਂ ਸਮਝੌਤਾ ਵਾਰਤਾ ਦੀ ਗੱਲਬਾਤ ਦੌਰਾਨ ਨਿਡਰ ਨਿਆਈਂ ਪੈਂਤੜਾ ਲੈ ਕੇ ਯਰਕਣ ਤੋਂ ਇਨਕਾਰ ਕੀਤਾ, ਪਰ ਦੁਨੀਆਂ ਨੂੰ ਇਹ ਤਾਂ ਸਾਬਤ ਕਰ ਕੇ ਦੱਸ ਦਿੱਤਾ ਹੈ ਕਿ ਇਤਿਹਾਸ ਵਿੱਚ ਇਰਾਨ ਕਿਉਂ ਕਦੀ ਵੀ ਕਿਸੇ ਦਾ ਗ਼ੁਲਾਮ ਨਹੀਂ ਸੀ ਹੋਇਆ। ਇਰਾਨ ਅੱਜ ਬਾਕੀ ਦੁਨੀਆਂ ਨੂੰ ਵੀ ਸਿਰ ਉੱਚਾ ਕਰਕੇ ਜਿਊਣ ਦਾ ਰਸਤਾ ਵਖਾ ਰਿਹਾ ਹੈ। ਬਿਨਾਂ ਸ਼ੱਕ ਲੜਾਈ ਅਸਾਵੀਂ ਹੈ। ਇਰਾਨੀ ਆਗੂਆਂ ਦਾ ਕਹਿਣਾ ਹੈ ਕਿ ਅਣਖ਼ ਨਾਲ ਜੀਣ ਖਾਤਰ ਉਹ ਸ਼ਹਾਦਤ ਲਈ ਵੀ ਤਿਆਰ ਹਨ। ਕਾਸ਼! ਇਨਸਾਨੀਅਤ ਬਚੀ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































