“ਫਲਸਤੀਨੀਆਂ ਨੂੰ ਉਹਨਾਂ ਦੀ ਬਣਦੀ ਅੱਧੀ ਭੂਮੀ ਦੇ ਕੇ ਪ੍ਰਭੂਸੱਤਾ ਸੰਪੰਨ ਮੁਲਕ ਵਜੋਂ ਮਾਣ ਮਾਨਤਾ ਦੇਣ ਤੋਂ ਬਿਨਾਂ ...”
(12 ਅਕਤੂਬਰ 2024)
ਇਸਰਾਈਲ ਅਤੇ ਇਰਾਨ ਦਾ ਯੁੱਧ ਛਿੜ ਪਿਆ ਹੈ। ਇਸਰਾਈਲ ਯਹੂਦੀ ਪ੍ਰਭੁਤਾ ਅਤੇ ਪਾਸਾਰ ਨੂੰ ਸਮਰਪਿਤ ਦੇਸ਼ ਹੈ, ਅਤੇ ਇਰਾਨ 1979 ਤੋਂ ਬਾਅਦ ਇਸਲਾਮਿਕ ਸੋਚ ਨੂੰ। ਯਹੂਦੀ ਸਮੁਦਾਇ ਕੁੱਲ ਦੁਨੀਆਂ ਵਿੱਚ ਪੜ੍ਹੇ ਲਿਖੇ ਖੁਸ਼ਹਾਲ ਵਪਾਰੀ, ਪਰ ਹਰ ਮੁਲਕ ਵਿੱਚ ਘੱਟ ਗਿਣਤੀ ਲੋਕ ਸਨ। ਆਪਣੀ ਨਸਲੀ ਸ਼ੁੱਧਤਾ ਤੋਂ ਸੁਚੇਤ।
ਯੂਰਪ ਵਿੱਚ ਯਹੂਦੀਆਂ ਨੂੰ ਧਾਰਮਕ ਨਸਲੀ ਵਖਰੇਵੇਂ ਅਤੇ ਆਰਥਿਕ ਸ਼ਰੀਕੇਬਾਜ਼ੀ ਦੇ ਚਲਦਿਆਂ ਖਤਰੇ ਵਜੋਂ ਵੇਖਦਿਆਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਇਸਦੀ ਸਿਖਰ ਸੀ ਦੂਜੀ ਸੰਸਾਰ ਜੰਗ ਸਮੇਂ 1945 ਤਕ ਜਰਮਨ ਵਿੱਚ ਹਿਟਲਰ ਦੁਆਰਾ ਲੱਖਾਂ ਯਹੂਦੀਆਂ ਦਾ ਸਿੱਧਾ ਕਤਲੇਆਮ। ਯੂਰਪ ਅਤੇ ਹਿਟਲਰ ਈਸਾਈ ਸੀ। ਜ਼ਾਹਿਰ ਹੈ ਕਿ ਇਸ ਉਪਰੰਤ ਕਦੀ ਨਾ ਮੁੱਕਣ ਵਾਲਾ ਯਹੂਦੀ-ਈਸਾਈ ਕਲੇਸ਼ਖਾਨਾ ਸ਼ੁਰੂ ਹੋ ਜਾਂਦਾ। ਪਰ ਅਮਰੀਕਾ, ਇੰਗਲੈਂਡ, ਯੂਰਪੀ ਚਾਲਾਕ ਨਿਕਲੇ।
ਫਲਸਤੀਨ ਸਮੁੰਦਰ ਕੰਢੇ ਸਦੀਆਂ ਤੋਂ ਸੁੱਖੀਂ ਸਾਂਦੀਂ ਵਸ ਰਿਹਾ ਪ੍ਰਾਚੀਨ ਸਭਿਅਤਾ ਵਾਲਾ ਮੁਲਕ ਸੀ, ਜਿਸ ਉੱਤੇ 1948 ਵਿੱਚ ਬਸਤੀ ਵਜੋਂ ਇੰਗਲੈਂਡ ਦਾ ਕਬਜ਼ਾ ਸੀ। ਜਿੱਥੇ ਯੋਰੋਸ਼ਲਮ ਹੈ, ਜਿਸਨੂੰ ਈਸਾਈ ਯਹੂਦੀ ਅਤੇ ਮੁਸਲਿਮ ਤਿੰਨਾਂ ਹੀ ਧਾਰਮਕ ਭਾਈਚਾਰਿਆਂ ਦਾ ਪਵਿੱਤਰ ਥਾਂ ਹੋਣ ਦਾ ਮਾਣ ਹਾਸਿਲ ਹੈ। ਮਿਸਰ, ਫਲਸਤੀਨ, ਇਰਾਕ, ਸਊਦੀ ਅਰਬ, ਇਰਾਨ, ਤੁਰਕੀ, ਅਫਗਾਨਿਸਤਾਨ, ਭਾਰਤ-ਪਾਕਿਸਤਾਨ-ਬੰਗਲਾ ਦੇਸ਼ ਚੀਨ, ਇਹ ਸਾਰੀ ਪੱਟੀ ਹੀ ਪ੍ਰਾਚੀਨ ਇਨਸਾਨੀ ਵਿਰਾਸਤ ਅਤੇ ਗਿਆਨ ਦਾ ਕੇਂਦਰ ਰਹੀ ਹੈ। ਧਰਤੀ ਹੇਠਲੇ ਲੱਭੇ ਤੇਲ ਭੰਡਾਰਾਂ ਨੇ ਇਸ ਨੂੰ ਹੋਰ ਲੁਭਾਉਣਾ ਬਣਾ ਦਿੱਤਾ। ਭਾਰਤ ਚੀਨ ਨੂੰ ਛੱਡ ਕੇ ਇਹ ਸਾਰਾ ਖਿੱਤਾ ਮੁਸਲਿਮ ਬਹੁਗਿਣਤੀ ਹੈ।
ਸੋ ਅਮਰੀਕਾ, ਇੰਗਲੈਂਡ ਨੇ ਯੂ.ਐੱਨ ਰਾਹੀਂ ਪੂਰਾ ਜੁਗਾੜ ਕਰਕੇ ਮੁਸਲਿਮ ਬਹੁਗਿਣਤੀ ਫਲਸਤੀਨ ਨੂੰ ਤਕਰੀਬਨ ਅੱਧਾ ਅੱਧਾ ਵੰਡ ਕੇ 1948 ਵਿੱਚ ਯਹੂਦੀ ਮੁਲਕ ਇਸਰਾਈਲ ਬਣਾ ਦਿੱਤਾ। ਆਪ ਉਸਦੇ ਸਰਪ੍ਰਸਤ ਬਣ ਗਏ। ਹੌਲੀ ਹੌਲੀ ਬਹਾਨੇ ਬਣਾ ਬਣਾ ਕੇ ਫਲਸਤੀਨੀਆਂ ਨੂੰ ਇੱਕ ਤਰ੍ਹਾਂ ਗੁਲਾਮ ਬਣਾ ਕੇ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲਿਆ, ਉਜਾੜਾ ਕੀਤਾ, ਜ਼ੁਲਮ ਕੀਤੇ, ਜੇਲ੍ਹੀਂ ਡੱਕਿਆ। ਅੱਜ ਫਲਸਤੀਨ ਨਾਮ ਦਾ ਕੋਈ ਅਜ਼ਾਦ ਦੇਸ਼ ਨਹੀਂ ਹੈ। 2012 ਤੋਂ ਫਲਸਤੀਨ ਦੀ ਯੂ.ਐੱਨ.ਓ ਵਿੱਚ ਕੋਈ ਪ੍ਰਤੀਨਿਧਤਾ ਨਹੀਂ। ਉੱਜੜੇ ਲੱਖਾਂ ਫਲਸਤੀਨੀ ਦੂਜੇ ਮੁਲਕਾਂ ਵਿੱਚ ਸ਼ਰਨਾਰਥੀ ਹਨ। ਮਗਰੋਂ ਯੂ.ਐੱਨ.ਓ ਨੇ ਸੈਂਕੜੇ ਮਤੇ ਫਲਸਤੀਨ ਦੇ ਹੱਕ ਵਿੱਚ ਪਾਸ ਕੀਤੇ, ਜੋ ਅਮਰੀਕਾ ਨੇ ਵੀਟੋ ਕੀਤੇ ਅਤੇ ਇਸਰਾਈਲ ਨੇ ਨਹੀਂ ਮੰਨੇ। ਇਹ ਹਾਲਾਤ ਸਾਰੇ ਪੁਆੜੇ ਦੀ ਜੜ੍ਹ ਹਨ। ਅੱਜ ਦੀ ਮੋਦੀ ਸਰਕਾਰ ਦੀ ਇਸਰਾਈਲ ਨਾਲ ਬੇਲਪੁਣੇ ਵਾਲੀ ਨੀਤੀ ਨੂੰ ਛੱਡ ਕੇ, ਭਾਰਤ ਹਮੇਸ਼ਾ ਫਲਸਤੀਨ ਦੇ ਹੱਕ ਵਿੱਚ ਸਪਸ਼ਟ ਖਲੋਤਾ ਹੈ। ਸੋ ਇੰਜ ਫਲਸਤੀਨ ਦਾ ਇਸਰਾਈਲ ਨਾਲ ਲੜਾਈ ਝਗੜਾ ਪਿਛਲੇ ਸਾਲ ਹਮਾਸ ਦੇ ਹਮਲੇ ਤੋਂ ਸ਼ੁਰੂ ਨਹੀਂ ਹੋਇਆ, ਜਿਵੇਂ ਕਿ ਸਾਡਾ ਸ਼ਰਾਰਤੀ ਖਬਰ ਚੈਨਲ ਮੀਡੀਆ ਪ੍ਰਚਾਰਨ ’ਤੇ ਤੁਲਿਆ ਹੋਇਆ ਹੈ।
ਯੂ.ਐੱਨ.ਓ ਨੇ ਜੂਨ 2024 ਵਿੱਚ ਵੀ ਮਤਾ ਪਾਸ ਕੀਤਾ ਹੈ ਕਿ ਫਲਸਤੀਨ ਪ੍ਰਭੂਸੱਤਾ ਸੰਪੰਨ ਦੇਸ਼ ਹੈ। 193 ਵਿੱਚੋਂ 146 ਮੈਂਬਰਾਂ ਨੇ ਇਸਦੇ ਹੱਕ ਵਿੱਚ ਵੋਟ ਪਾਈ। ਤਾਜ਼ੇ 17 ਸਤੰਬਰ ਨੂੰ ਪਾਸ ਕੀਤੇ ਮਤੇ ਵਿੱਚ ਵੀ ਇੱਕ ਸਾਲ ਦੇ ਅੰਦਰ ਫਲਸਤੀਨ ਦਾ ਕਬਜ਼ਾ ਛੱਡਣ ਦਾ ਇਸਰਾਈਲ ਨੂੰ ਨਿਰਦੇਸ਼ ਦਿੱਤਾ ਹੈ, ਜਿਸਨੂੰ ਮੰਨਣ ਤੋਂ ਉਸਨੇ ਇਨਕਾਰ ਕਰ ਦਿੱਤਾ ਹੈ।
ਕਿਸੇ ਵੇਲੇ ‘ਅਰਬ ਲੀਗ’ ਅਤੇ ‘ਗੁੱਟ ਨਿਰਲੇਪ’ ਮੁਲਕਾਂ ਦੇ ਸੰਗਠਨ ਸਨ, ਜੋ ਅਮਰੀਕੀ ਅਤੇ ‘ਨਾਟੋ’ ਫੌਜੀ ਧੌਂਸ ਦੇ ਚਲਦਿਆਂ ਮਰ ਮੁੱਕ ਗਏ। ਸੋਵੀਅਤ ਯੂਨੀਅਨ ਦੇ ਪਤਨ ਮਗਰੋਂ ਅਮਰੀਕਾ ਨੇ ਸਗੋਂ ‘ਨਾਟੋ’ ਦਾ ਹੋਰ ਬੇਲੋੜਾ ਵਿਸਥਾਰ ਕਰਦਿਆਂ ਆਪਣੇ ਨਾਲ ਅਸਹਿਮਤ ਦੇਸ਼ਾਂ ਨੂੰ ਫੌਰੀ ਮਸਲਣ ਦੀ ਨੀਤੀ ਫੜੀ। ਝੂਠੇ ਖੋਖਲੇ ਬਹਾਨੇ ਬਣਾ ਕੇ ਇਰਾਕ ਅਤੇ ਲਿਬੀਆ ਮਸਲ ਸੁੱਟੇ। ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਅਰਬ ਏਕਤਾ ਦਾ ਨਾਅਰਾ ਦਿੰਦਾ ਸੀ। ਪਹਿਲਾਂ ਕਿਹਾ ਕਿ ਇਰਾਕ ਕੋਲ ਰਸਾਇਣਕ ਹਥਿਆਰਾਂ ਦੇ ਭੰਡਾਰ ਹਨ, ਉਸਦੇ ਘਰ ਦੀ ਵੀ ਤਲਾਸ਼ੀ ਲਈ, ਕੁਛ ਨਾ ਮਿਲਿਆ। ਫਿਰ ਨਾਦਰਸ਼ਾਹੀ ਫਰਮਾਨ ਦਿੱਤਾ ਕਿ ਤਿੰਨ ਦਿਨਾਂ ਵਿੱਚ ਗੱਦੀ ਛੱਡੇ, ਤੇ ਫਿਰ ਹਮਲਾ ਕਰ ਦਿੱਤਾ। ਸੱਦਾਮ ਹੁਸੈਨ ਫਾਹੇ ਟੰਗ ਦਿੱਤਾ। ਅੱਜ ਤਕ ਪੰਜ ਲੱਖ ਇਰਾਕੀ ਮਾਰੇ ਗਏ, ਦੇਸ਼ ਖਿਲਰ ਗਿਆ ਤੇ ਹੁਣ ਇਰਾਕ ਵਿੱਚ ਪੱਕਾ ਅਮਰੀਕੀ ਫੌਜੀ ਅੱਡਾ ਵੀ ਹੈ।
ਲਿਬੀਆ ਦਾ ਰਾਸ਼ਟਰਪਤੀ ਕਰਨਲ ਗੱਦਾਫੀ ‘ਗਰੀਨ ਬੁੱਕ’ ਲਿਖ ਕੇ ਪੱਛਮੀ ਤਰਜ਼ ਦੇ ਵਿਕਾਸ ਮਾਡਲ ਦੀ ਬਜਾਏ ਸਥਾਨਕ ਹਿਤਾਂ ਅਨੁਕੂਲ ਵਿਕਾਸ ਮਾਡਲ ਨੂੰ ਪਰਚਾਰਦਾ ਸੀ। 1992 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲਿਬੀਆ ਸਰਕਾਰ ਵੱਲੋਂ ਸਪਾਂਸਰਡ ਇੱਕ ਸੈਮੀਨਾਰ ਵਿੱਚ, ਮੇਰੇ ਵਿਸ਼ਵ ਮੁੱਦਿਆਂ ਉੱਤੇ ਅਖਬਾਰਾਂ ਵਿੱਚ ਲੇਖ ਛਪਦੇ ਹੋਣ ਕਰਕੇ, ਮੈਨੂੰ ਵੀ ਬੋਲਣ ਲਈ ਬੁਲਾਇਆ ਗਿਆ ਸੀ। ਅਮਰੀਕੀਆਂ ਆਖਿਆ ਕਿ ਲਿਬੀਆ ਵਿੱਚ ਤਾਨਾਸ਼ਾਹੀ ਹੈ, ਗੱਦਾਫੀ ਨੂੰ ਬਹਾਨੇ ਬਣਾ ਕੇ ਮਾਰ ਮੁਕਾਇਆ। ਫਿਰ ਖਾਨਾਜੰਗੀ ਤੇ ਅੱਜ ਲਿਬੀਅਨ ਸ਼ਰਨਾਰਥੀ ਮੰਗਤੇ ਬਣੇ ਬੈਠੇ ਹਨ। ਇਸ ਤੋਂ ਬਾਅਦ ਫਿਰ ਤਾਨਾਸ਼ਾਹੀ ਵਾਲਾ ਬਹਾਨਾ ਲਾ ਕੇ ਰੂਸ ਪੱਖੀ ਮੁਲਕ ਸੀਰੀਆ ਦੀ ਸਰਕਾਰ ਡੇਗਣ ਲਈ ਧਾਵਾ ਬੋਲਿਆ ਪਰ ਵਿੱਚ ਰੂਸ ਆ ਖਲੋਤਾ। ਇੰਜ ਉੱਤਰੀ ਕੋਰੀਆ, ਇਰਾਨ ਅਤੇ ਕਿਊਬਾ ਬਚ ਨਿਕਲੇ, ਭਾਵੇਂ ਕਿ ਸਖਤ ਆਰਥਿਕ ਪਾਬੰਦੀਆਂ ਦੀ ਮਾਰ ਹੇਠ ਹਨ।
1979 ਤਕ ਇਰਾਨ ਦਾ ਸ਼ਾਸਕ ਮੁਹੰਮਦ ਰਜ਼ਾ ਪਹਿਲਵੀ ਅਮਰੀਕਾ ਇਸਰਾਈਲ ਪੱਖੀ ਸੀ, ਜਿਸ ਨੂੰ ਆਇਤੁਲਾ ਖੁਮੈਨੀ ਦੀ ਅਗਵਾਈ ਵਿੱਚ ਗੱਦੀ ਤੋਂ ਲਾਹ ਕੇ ਇਸਲਾਮਿਕ ਸਰਕਾਰ ਬਣੀ। ਇਰਾਨ ਉੱਤੇ ਸਖਤ ਅਮਰੀਕੀ ਪਾਬੰਦੀਆਂ ਲੱਗੀਆਂ। ਇਰਾਨ ਨੇ ਫਲਸਤੀਨ ਦੀ ਥਾਂ ਵਸਾਏ ਯਹੂਦੀ ਮੁਲਕ ਇਸਰਾਈਲ ਦੀ ਹੋਂਦ ਨੂੰ ਅਸਵੀਕਾਰ ਕੀਤਾ। ਤੇ ਇੰਜ ਵਧਦਾ ਵਧਦਾ ਕਲੇਸ਼ ਅੱਜ ਦੀ ਜੰਗ ਤਕ ਪੁੱਜਾ। ਅੱਜ ਇਸਰਾਈਲ ਅਮਰੀਕਾ ਦਾ ਲੈਫਟੀਨੈਂਟ ਅਤੇ ਪੱਕੀ ਠਾਹਰ ਹੈ, ਲਾਕੜੀ ਹੈ। ਕਈ ਵਾਰ ਅਮਰੀਕਾ ਨਾਲ ਰਲ ਕੇ ਇਰਾਕ ਇਰਾਨ ਦੇ ਪ੍ਰਮਾਣੂ ਕੇਂਦਰਾਂ ਉੱਤੇ ਸਿੱਧਾ ਹਮਲਾ ਕਰ ਚੁੱਕਾ ਹੈ।
ਫਲਸਤੀਨੀਆਂ ਨੂੰ ਉਹਨਾਂ ਦੀ ਬਣਦੀ ਅੱਧੀ ਭੂਮੀ ਦੇ ਕੇ ਪ੍ਰਭੂਸੱਤਾ ਸੰਪੰਨ ਮੁਲਕ ਵਜੋਂ ਮਾਣ ਮਾਨਤਾ ਦੇਣ ਤੋਂ ਬਿਨਾਂ ਮਸਲੇ ਦਾ ਕੋਈ ਵੀ ਹੋਰ ਫੌਜੀ ਹੱਲ ਹੰਢਣਸਾਰ ਨਹੀਂ ਲਗਦਾ। ਫਲਸਤੀਨ ਨੂੰ ਹੱਕ ਦਿਵਾਉਣ ਦੀ ਕੋਈ ਚਰਚਾ ਨਹੀਂ ਹੋ ਰਹੀ। ਮੁੱਦਾ ਇੱਕ ਪਾਸੇ ਕਰ ਦਿੱਤਾ ਗਿਆ ਹੈ। ਚਰਚਾ ਇਹ ਫੈਲਾ ਦਿੱਤੀ ਗਈ ਹੈ ਕਿ ਇਹ ਤਾਂ ਕੋਈ ਹਮਾਸ ਅਤੇ ਹਿਜ਼ਬੁਲਾ ਵਰਗੇ ਅੱਤਵਾਦੀ ਸੰਗਠਨਾਂ ਨੂੰ ਕਾਬੂ ਕਰਨ ਦਾ ਮੁੱਦਾ ਹੈ।
ਕੈਦੀਆਂ ਦੇ ਵਟਾਂਦਰੇ ਨਾਲ ਇਸਰਾਈਲੀ ਬੰਧਕ ਛੁਡਾਏ ਜਾ ਰਹੇ ਸਨ, ਬਾਕੀ ਵੀ ਛੁਡਾਏ ਜਾ ਸਕਦੇ ਸਨ, ਪਰ ਰੋਕ ਕੇ ਗੱਲ ਲੜਾਈ ਵਧਾਉਣ ਵਾਲੇ ਬੰਨੇ ਤੋਰ ਕੇ ਗਾਜ਼ਾ ਦਾ ਮੁਕੰਮਲ ਉਜਾੜਾ, ਇਰਾਨ ਦੇ ਪਰਮਾਣੂ ਫੌਜੀ ਅਤੇ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਅਸਲ ਗੁੱਝਾ ਟੀਚਾ ਹਾਸਲ ਕਰਨ ਉੱਤੇ ਕੇਂਦਰਿਤ ਕੀਤੀ ਜਾ ਰਹੀ ਹੈ।
ਅਮਰੀਕਾ ਦੇ ਇਸ ਖਿੱਤੇ ਵਿੱਚ ਇਸਰਾਈਲ ਤੋਂ ਇਲਾਵਾ ਤੁਰਕੀ, ਇਰਾਕ, ਸੀਰੀਆ, ਬਹਿਰੀਨ, ਸਾਊਦੀ ਅਰਬ, ਕਤਰ, ਯੂ.ਏ.ਈ, ਓਮਾਨ, ਕੁਵੈਤ ਵਿੱਚ ਪੱਕੇ ਫੌਜੀ ਅੱਡੇ ਹਨ, ਜਿੱਥੇ ਉਹਨਾਂ ਅਨੁਸਾਰ 40 ਹਜ਼ਾਰ ਫੌਜੀ ਤਾਇਨਾਤ ਹਨ, ਜੋ ਇਸ ਤੇਲ ਖਿੱਤੇ ਉੱਤੇ ਜ਼ੋਰਾਵਰੀ ਕਾਬੂ ਕਬਜ਼ੇ ਲਈ ਹਨ। ਸਾਡਾ ਮੀਡੀਆ ਚੇਤੇ ਰੱਖੇ ਕਿ ਬੰਗਲਾ ਦੇਸ਼ ਵਿੱਚ ਮੌਜੂਦਾ ਹਾਲਾਤ ਜੋ ਬਣੇ ਹਨ, ਜਿਵੇਂ ਉੱਥੇ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਵਿੱਚ ਹੋਰ ਕਾਰਨਾਂ ਦੇ ਨਾਲ ਅਮਰੀਕਾ ਦਾ ਵੀ ਹੱਥ ਹੋਣ ਦੇ ਸਪਸ਼ਟ ਇਲਜ਼ਾਮ ਲੱਗੇ ਹਨ।
ਯੂਕਰੇਨ, ਫਲਸਤੀਨ, ਤਾਈਵਾਨ, ਉੱਤਰੀ ਕੋਰੀਆ ਆਦਿ ਸਭ ਵੱਡੇ ਕਲੇਸ਼ਖਾਨਿਆਂ ਵਿੱਚ ਹਰ ਥਾਂ ਇੱਕ ਪਾਸਿਉਂ ਅਮਰੀਕਾ ਮੋਹਰੀ ਹੈ। ਸਭ ਵਪਾਰਕ ਆਰਥਿਕ ਹਿਤਾਂ ਲਈ ਹੋ ਰਿਹਾ ਹੈ। ਇਹ ਆਮ ਅਮਰੀਕੀ ਲੋਕਾਂ ਦੇ ਹਿਤ ਵਿੱਚ ਵੀ ਨਹੀਂ। ਵੱਡੀ ਜੰਗ ਭੜਕੀ ਤਾਂ ਵਪਾਰੀਆਂ ਨੇ ਤਾਂ ਨਹੀਂ ਮਰਨਾ, ਨਾ ਕਦੀ ਪਹਿਲਾਂ ਮਰੇ। ਦੇਸ਼ ਭਗਤੀ ਦਾ ਡੌਰੂ ਖੜਕਾ ਕੇ ਰੋਟੀ ਖਾਤਰ ਭਰਤੀ ਹੋਏ ਮਾਵਾਂ ਦੇ ਫੌਜੀ ਪੁੱਤਾਂ ਦਾ ਪਾਣੀ ਵਾਂਗ ਖੂਨ ਵਹਾਉਣਗੇ ਤੇ ਫਿਰ ਪਹਿਲਾਂ ਵਾਂਗ ਬੈਠ ਕੇ ਸਮਝੌਤਾ ਕਰ ਲੈਣਗੇ, ਜਿਵੇਂ ਹੁਣ ਦੂਜੀ ਸੰਸਾਰ ਜੰਗ ਦੇ ਘੁਲਾਟੀਏ ਅਮਰੀਕਾ ਜਪਾਨ ਜਰਮਨ ਇੰਗਲੈਂਡ ਫਰਾਂਸ ਇਟਲੀ ਜੱਫੀਆਂ ਪਾ ਰਹੇ ਨੇ। ਦੇਸ਼ ਭਗਤੀ ਖਾਤਰ ਮਰੇ ਫੌਜੀ ਦੱਸੋ ਕਿਹੜੇ ਖਾਤੇ ਗਏ? ਇਹੀ ਹੁਣ ਹੋਣਾ ਹੈ।
ਦੁਨੀਆਂ ਦੇ ਲੋਕਾਂ ਨੂੰ ਸਮਝਣਾ ਪਵੇਗਾ ਕਿ ਅਮਰੀਕਾ ਇੰਗਲੈਂਡ ਵਰਗੇ 32 ਦੇਸ਼ਾਂ ਨੇ ਰਲ ਕੇ ‘ਨਾਟੋ’ ਫੌਜੀ ਗਠਜੋੜ ਮਾੜੇ ਮੁਲਕਾਂ ਨੂੰ ਲੁੱਟਣ-ਕੁੱਟਣ ਲਈ ਬਣਾਇਆ ਹੈ। ਜੋ ਵਿਕਾਸਸ਼ੀਲ ਦੇਸ਼ਾਂ ਲਈ ਵੱਡਾ ਖਤਰਾ ਹੈ। ਲੋਕੋ, ਬੇਭਰੋਸਗੀ ਇੰਨੀ ਹੈ ਕਿ ਹਥਿਆਰਾਂ ਦੀ ਦੌੜ ਕਦੀ ਨਹੀਂ ਰੁਕਣੀ। ਇਹ ਗੱਲ ਬਾਕੀ ਮੁਲਕਾਂ ਨੇ ਨਹੀਂ ਮੰਨਣੀ (ਭਾਰਤ ਨੇ ਵੀ ਨਹੀਂ ਸੀ ਮੰਨੀ) ਕਿ 8-10 ਮੁਲਕਾਂ ਕੋਲ ਪ੍ਰਮਾਣੂ ਹਥਿਆਰਾਂ ਦੀ ਕਾਨੂੰਨੀ ਧੌਂਸ ਹੋਵੇ ਅਤੇ ਬਾਕੀਆਂ ਨੂੰ ਵਰਜਿਆ ਜਾਵੇ ਕਿ ਇੰਜ ਕਰਨਾ ਗੈਰ ਕਾਨੂੰਨੀ ਹੈ। ਜੇ ਇਹ ਸੱਚ ਹੈ ਤਾਂ ਕਿਸੇ ਨਾ ਕਿਸੇ ਦਿਨ ਵੱਡੀ ਤਬਾਹੀ ਅਟੱਲ ਹੈ। ਅਮੀਰਾਂ ਲੁਕ ਜਾਣਾ ਹੈ ਤੇ ਮਰਨਾ ਆਮ ਲੋਕਾਂ ਨੇ ਹੈ। ਇਸ ਲਈ ਆਮ ਲੋਕਾਂ ਨੂੰ ਇਸ ਧਰਤੀ/ਇਨਸਾਨੀਅਤ ਵਿਰੋਧੀ ਚਲਨ ਵਿਰੁੱਧ ਫੌਰੀ ਉੱਠ ਖਲੋਣਾ ਚਾਹੀਦਾ।
ਦੁਖੀ ਯਹੂਦੀਆਂ ਦਾ, ਮੁਸਲਿਮ ਖਿੱਤੇ ਵਿੱਚ ਜਬਰੀ ਕਬਜ਼ੇ ਵਾਲਾ ਘਰ (ਇਸਰਾਈਲ ਦੇਸ਼) ਬਣਵਾ ਕੇ ਸ਼ੈਤਾਨ ਸਾਮਰਾਜੀਆਂ ਨੇ ਆਪਣੇ ਗਲੋਂ ਬਲਾ ਲਾਹੁਣ ਲਈ ਮੁਸਲਮਾਨਾਂ ਯਹੂਦੀਆਂ ਦੋਹਾਂ ਨਾਲ ਜਾਣ ਬੁੱਝ ਕੇ ਧ੍ਰੋਹ ਕੀਤਾ ਹੈ। ਉਹਨਾਂ ਦੇ ਖਾਹਮਖਾਹ ਸਿੰਗ ਫਸਾ ਦਿੱਤੇ ਹਨ। ਖੁਸ਼ਹਾਲ ਯਹੂਦੀ ਇੱਥੇ ਹਮੇਸ਼ਾ ਤਨਾਓ ਅਤੇ ਬੇਯਕੀਨੀ ਦਾ ਸ਼ਿਕਾਰ ਰਹਿਣਗੇ, ਮਰਦੇ ਮਾਰਦੇ ਰਹਿਣਗੇ। ਧੱਕਾ ਸਦਾ ਨਹੀਂ ਚੱਲਦਾ ਹੁੰਦਾ। ਚੰਗੇ ਰਹਿਣਗੇ ਜੇ ਮੋੜਾ ਕੱਟ ਲੈਣ। ਫਲਸਤੀਨੀਆਂ ਨਾਲ ਸਨਮਾਨਜਨਕ ਸਮਝੌਤਾ ਕਰਨ ਦੀ ਖੁਦ ਪਹਿਲ ਕਰਨ। ਅਮੀਰ ਤਾਂ ਹਨ ਹੀ, ਸਿਆਣੇ ਬਣ ਕੇ ਅੱਗੇ ਲਈ ਆਪਣੇ ਬੱਚਿਆਂ ਦਾ ਹਿਤ ਸੋਚਣ। ਚੁੱਕਣ ਚੁਕਾਉਣ ਵਾਲਿਆਂ ਦਾ ਅਸਲੀ ਇਤਿਹਾਸਕ ਚਿਹਰਾ ਪਛਾਣਨ।
ਸ਼ਾਂਤੀ ਲਈ ਇਰਾਨ ਨੂੰ ਦਿਸਦਾ ਸੱਚ ਸਵੀਕਾਰਦਿਆਂ ਇਸਰਾਈਲ ਦੀ ਹੋਂਦ ਮੰਨਣੀ ਹੋਵੇਗੀ ਅਤੇ ਇਸਰਾਈਲ ਨੂੰ ਹੰਕਾਰ ਛੱਡ ਕੇ ਦੂਰ ਦੀ ਸੋਚਦਿਆਂ ਫਲਸਤੀਨ ਨੂੰ ਪਿਆਰ ਨਾਲ ਅਜ਼ਾਦ ਦੇਸ਼ ਸਵੀਕਾਰਨਾ ਹੋਵੇਗਾ। ਬਾਕੀ ਸਭ ਰਸਤੇ ਤਬਾਹੀ ਵੱਲ ਨੂੰ ਜਾਂਦੇ ਹਨ। ਸਮਾਂ ਹੱਥੋਂ ਨਿਕਲਣ ਹੀ ਵਾਲਾ ਹੈ। ਵੇਖਦੇ ਹਾਂ ਲੀਡਰਾਂ ਦੀ ਅਕਲ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5356)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: