SurinderMand3ਇਰਾਨ ਦਾ ਅਣਖੀ, ਦਲੇਰ, ਨਿਡਰ, ਲੜਾਕੂ ਕੌਮ ਵਜੋਂ ਵਕਾਰ ਵਧਿਆ ਹੈ। ਇਸਰਾਈਲ ...
(25 ਜੂਨ 2025)


24
ਜੂਨ ਸਵੇਰ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਇਰਾਨ ਇਸਰਾਈਲ ਦਰਮਿਆਨ ਸੀਜ਼ਫਾਇਰ ਕਰਵਾ ਦੇਣ ਵਾਲੀ ਖ਼ਬਰ ਨੂੰ ਬਾਅਦ ਵਿੱਚ ਵਿਚਾਰਾਂਗੇ, ਪਹਿਲਾਂ ਪਿਛੋਕੜ ਜਾਣ ਲਈਏ। ਇਰਾਨ, ਜੋ 1980 ਤੋਂ ਸਖ਼ਤ ਅਮਰੀਕੀ ਪਾਬੰਦੀਆਂ ਦੀ ਮਾਰ ਹੇਠ ਹੈ, ਉਸ ਉੱਤੇ ਪਹਿਲਾਂ 13 ਜੂਨ ਨੂੰ ਇਸਰਾਈਲ ਅਤੇ ਫਿਰ ਅਮਰੀਕਾ ਵੱਲੋਂ ਇਸ ਬਹਾਨੇ ਅਚਨਚੇਤ ਮਾਰੂ ਹਮਲਾ ਕਰ ਦਿੱਤਾ ਗਿਆ ਕਿ ਉਹ ਪ੍ਰਮਾਣੂ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਰਾਈਲ ਨੇ ਇਰਾਨੀ ਫੌਜ ਦੇ ਮੁਖੀ ਅਤੇ ਕਈ ਜਨਰਲ, ਪ੍ਰਮਾਣੂ ਵਿਗਿਆਨੀ ਘਰਾਂ ਵਿੱਚ ਸੁੱਤੇ ਕਤਲ ਕਰ ਦਿੱਤੇ। ਉਸਦੇ ਤਿੰਨ ਪ੍ਰਮਾਣੂ ਪਲਾਂਟ ਆਪਣੇ ਵੱਲੋਂ ਤਬਾਹ ਕਰ ਦਿੱਤੇ ਹਨ। ਹਫ਼ਤਾ ਬਾਅਦ ਫਿਰ ਅਮਰੀਕਾ ਦੇ ਪ੍ਰਮਾਣੂ ਬੰਬਾਰ B-2 ਵੱਲੋਂ ਪ੍ਰਮਾਣੂ ਸਥਾਨਾਂ ਉੱਤੇ ਬੰਕਰ ਬਸਟਰ ਬੰਬ ਸੁੱਟੇ ਗਏ। ਇਰਾਨ ਨੂੰ ‘ਗੱਲਬਾਤ ਚਲਦੀ ਹੈ, ਬੱਸ ਸਮਝੌਤਾ ਹੋ ਹੀ ਚੱਲਿਆ ਹੈ’ ਦੇ ਭੁਲਾਵੇ ਵਿੱਚ ਲਿਆ ਕੇ ਦੋਵੇਂ ਵਾਰ ਹਮਲੇ ਕੀਤੇ ਗਏ ਹਨ। ਇਰਾਨ ਕਹਿੰਦਾ ਹੈ ਕਿ ਇਹ ਅੱਤਵਾਦੀ ਕਿਸਮ ਦੇ ਹਮਲੇ ਹੀ ਸਨ। ਸਭ ਅੰਤਰਰਾਸ਼ਟਰੀ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਗਏ। ਇਰਾਨ ਇਸ ਨੂੰ ਵਿਸ਼ਵਾਸਘਾਤ ਕਹਿ ਰਿਹਾ ਹੈ। ਟਰੰਪ ਅਤੇ ਨੇਤਨਯਾਹੂ ਆਖਦੇ ਰਹੇ ਕਿ ਇਰਾਨ ਦੇ ਲੀਡਰ ਖੁਮੇਨਾਈ ਨੂੰ ਮਾਰ ਕੇ ਆਪਣੇ ਪੱਖੀ ਸਰਕਾਰ ਬਣਾਉਣਾ ਸਾਡਾ ਅਗਲਾ ਉਦੇਸ਼ ਹੈ।

ਇਰਾਨ ਸਣੇ ਮੱਧ ਪੂਰਬ ਵਿੱਚ ਚਾਰ ਸਰਕਾਰਾਂ ਸਨ, ਜਿਨ੍ਹਾਂ ਆਪਣੇ ਕੌਮੀ ਹਿਤਾਂ ਉੱਤੇ ਪਹਿਰਾ ਦਿੰਦਿਆਂ ਤੇਲ ਦਾ ਕੌਮੀਕਰਨ ਵੀ ਕੀਤਾ, ਅਮਰੀਕਾ ਅਤੇ ਪੱਛਮ ਦੀ ਤੇਲ ਉੱਤੇ ਕਬਜ਼ੇ ਵਾਲੀ ਈਨ ਨਹੂਂ ਮੰਨੀ। ਤਿੰਨਾਂ ਮੁਲਕਾਂ, ਇਰਾਕ, ਲਿਬੀਆ, ਸੀਰੀਆ ਨੂੰ ਝੂਠੇ ਬਹਾਨੇ ਲਾ ਕੇ ਤਬਾਹ ਕਰ ਦਿੱਤਾ। ਇਰਾਕ ਬਾਰੇ ਝੂਠਾ ਭੰਡੀ ਪ੍ਰਚਾਰ ਕਰਕੇ ਹਮਲਾ ਕੀਤਾ ਕਿ ਸੱਦਾਮ ਹੁਸੈਨ ਨੇ ਸਾਰਾ ਸੰਸਾਰ ਤਬਾਹ ਕਰਨ ਲਈ ਜਿੰਨੇ ਰਸਾਇਣਕ ਹਥਿਆਰ ਇਕੱਠੇ ਕਰ ਲਏ ਹਨ, ਲਿਬੀਆ ਦੇ ਕਰਨਲ ਗੱਦਾਫੀ ਅਤੇ ਸੀਰੀਆ ਦੇ ਬਸ਼ਰ ਅਲ ਅਸਦ ਨੂੰ ਤਾਨਾਸ਼ਾਹ ਆਖ ਕੇ ਮਾਰਿਆ, ਸਰਕਾਰਾਂ ਬਦਲੀਆਂ ਅਤੇ ਉਨ੍ਹਾਂ ਦੇਸ਼ਾਂ ਨੂੰ ਕਦੀ ਨਾ ਖਤਮ ਹੋਣ ਵਾਲੀ ਖਾਨਾਜੰਗੀ ਵਿੱਚ ਧਕੇਲ ਦਿੱਤਾ। ਤਿੰਨੋ ਦੇਸ਼ ਬਰਬਾਦ ਹਨ ਅਤੇ ਉੱਥੇ ਤੇਲ ਦੀ ਲੁੱਟ ਮਚੀ ਹੋਈ ਹੈ।

ਹੁਣ ਚੌਥੇ ਦੇਸ਼ ਇਰਾਨ ਦਾ ‘ਨੰਬਰ’ ਲਾਇਆ ਗਿਆ ਹੈ। ਇਰਾਨ ਵਿੱਚ 1953 ਵਿੱਚ ਚੰਗੀ ਭਲੀ ਚੁਣੀ ਸਰਕਾਰ ਚੱਲ ਰਹੀ ਸੀ। ਉਹ ਤੇਲ ਦੇ ਰਾਸ਼ਟਰੀਕਰਨ ਕਰਨ ਦੇ ਰਾਹ ਪਈ, ਜੋ ਪੂੰਜੀਵਾਦੀ ਸਾਮਰਾਜ ਦੀ ਸਿੱਧੀ ਨਿੱਜੀ ਲੁੱਟ ਨੂੰ ਵਾਰਾ ਨਹੀਂ ਖਾਂਦਾ ਸੀ। ਉਸਦਾ ਅਮਰੀਕਾ ਨੇ ਤਖ਼ਤਾ ਪਲਟਾ ਕਰਵਾ ਕੇ ਆਪਣੇ ਸ਼ਾਹ ਰਜ਼ਾ ਪਹਿਲਵੀ ਨੂੰ ਰਾਜੇ ਵਜੋਂ ਕਬਜ਼ਾ ਕਰਵਾ ਦਿੱਤਾ। ਪਰ 1979 ਵਿੱਚ ਇਰਾਨੀਆਂ ਨੇ ਰਾਜੇ ਸ਼ਾਹ ਰਜ਼ਾ ਪਹਿਲਵੀ ਨੂੰ ਲਾਹ ਕੇ ਮੌਜੂਦਾ ਨਿਜ਼ਾਮ ਲਿਆਂਦਾ। ਪਹਿਲਵੀ ਅਮਰੀਕਾ ਜਾ ਲੁਕਿਆ। ਹੁਣ ਬਾਕਾਇਦਾ ਚੋਣਾਂ ਹੁੰਦੀਆਂ ਹਨ, ਧਾਰਮਿਕ ਆਗੂ ਖੁਮੇਨਾਈ ਹੈ।

ਇਹ ਜੋ ਮੌਜੂਦਾ ਇਸਰਾਈਲ, ਅਮਰੀਕਾ ਦਾ ਹਮਲਾ ਹੋਇਆ, ਇਹ ਅਗਰ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਹੀ ਹੁੰਦਾ ਤਾਂ ਅਮਰੀਕਾ, ਇਸਰਾਈਲ ਤੁਰੰਤ ਸਰਕਾਰ ਬਦਲਣ ਦੀ ਰਟ ਲਾਉਣੀ ਸ਼ੁਰੂ ਕਿਉਂ ਕਰਦੇ? ਇਨ੍ਹਾਂ ਨੇ ਤਾਂ ਇਰਾਨ ਵਿਰੋਧੀ ਅਪ੍ਰੇਸ਼ਨ ਦਾ ਨਾਮ ਹੀ ‘ਰਾਈਜ਼ਿੰਗ ਲਾਈਨ’ ਰੱਖਿਆ ਹੈ, ਜੋ ਸ਼ਾਹ ਰਜ਼ਾ ਪਹਿਲਵੀ ਦੀ ਹਕੂਮਤ ਦਾ ਚਿੰਨ੍ਹ ਸੀ। ਸੋ ਅਮਰੀਕਾ ਦਾ ਅਸਲ ਮਕਸਦ ਆਪਣੀ ਕਠਪੁਤਲੀ ਸਰਕਾਰ ਬਣਾਉਣਾ ਹੈ। ਅਮਰੀਕਾ ਰਹਿੰਦਾ ਰਜ਼ਾ ਪਹਿਲਵੀ ਦਾ ਮੁੰਡਾ ਨਵੇਂ ਇਰਾਨੀ ਲੀਡਰ ਵਜੋਂ ਉਭਾਰਿਆ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਸਾਡੇ ਉੱਤੋਂ ‘ਥਾਪੜਾ ਪ੍ਰਾਪਤ’ ਖ਼ਬਰਾਂ ਦੇ ਕਈ ਚੈਨਲ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਰਗ ਇਸ ਗੱਲੋਂ ਇਸਰਾਈਲ ਨਾਲ ਰਲਦੀ ਜਾਪਦੀ ਹੈ ਕਿ ਉਹ ਘੋਰ ਮੁਸਲਿਮ ਵਿਰੋਧੀ ਹੈ।

ਇਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣ ਦੀਆਂ ਗੱਲਾਂ ਉਹ ਕਰ ਰਹੇ ਹਨ, ਜਿਨ੍ਹਾਂ ਕੋਲ ਖੁਦ ਬੇਸ਼ੁਮਾਰ ਪ੍ਰਮਾਣੂ ਬੰਬ ਹਨ। ਇਨ੍ਹਾਂ ਨੇ ਕਿਸਦੀ ਆਗਿਆ ਨਾਲ ਬੰਬ ਬਣਾਏ ਹਨ? ਭਾਰਤ, ਪਾਕਿਸਤਾਨ, ਉੱਤਰੀ ਕੋਰੀਆ, ਇਸਰਾਈਲ ਸਮੇਤ ਕਿਹੜਾ ਦੇਸ਼ ਹੈ, ਜਿਸਨੇ ਦੂਜਿਆਂ ਤੋਂ ਇਜਾਜ਼ਤ ਲੈ ਕੇ ਪ੍ਰਮਾਣੂ ਬੰਬ ਬਣਾਏ ਹਨ? ਆਪਣੇ ਬੇਲੀ ਮੁਲਕ ਕੋਲ ਬੰਬ ਹੋਣ ਅਤੇ ਜਿਹੜਾ ਬੇਲੀ ਨਹੀਂ, ਉਸ ਕੋਲ ਨਾ ਹੋਣ, ਇੰਜ ਤਾਂ ਸੰਸਾਰ ਨਹੀਂ ਚੱਲ ਸਕਦਾ। ਚੰਗੀ ਗੱਲ ਤਾਂ ਇਹ ਹੈ ਕਿ ਕਿਸੇ ਕੋਲ ਵੀ ਪ੍ਰਮਾਣੂ ਬੰਬ ਨਾ ਹੋਣ ਪਰ ਇੰਜ ਹੋਣਾ ਕਦੀ ਨਹੀਂ। ਆਪਣਾ ਬਚਾ ਕਰਨ ਦੇ ਰਾਹੇ ਤਾਂ ਫਿਰ ਹਰ ਕੋਈ ਪਊ।

ਮੈਨੂੰ ਲਗਦਾ ਕਿ ਇਸਾਈ ਮੁਲਕਾਂ ਦੀ ਇਸਰਾਈਲ ਬਾਰੇ ਦਾਅਪੇਚ ਨੀਤੀ ਬੇਹੱਦ ਸਫਲ ਰਹੀ ਹੈ। ਜਰਮਨ ਤਾਨਾਸ਼ਾਹ ਹਿਟਲਰ ਨੇ ਯਹੂਦੀਆਂ ਨੂੰ ਦੂਜੀ ਸੰਸਾਰ ਜੰਗ ਦੇ ਦੌਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਮਾਰਿਆ। ਦੂਜੇ ਕਈ ਯੂਰਪੀ ਦੇਸ਼ਾਂ ਵਿੱਚ ਵੀ ਵਿਤਕਰਾ ਹੁੰਦਾ ਰਿਹਾ। ਇੰਜ ਯਹੂਦੀਆਂ ਦੇ ਇਸਾਈਆਂ ਨਾਲ ਹਮੇਸ਼ਾ ਲਈ ਖੂਨੀ ਟਕਰਾਓ ਦੇ ਆਸਾਰ ਸਨ। ਇਸਾਈਆਂ ਆਖੀ ਜਾਣਾ ਸੀ, “ਤੁਸੀਂ ਯਹੂਦੀਆਂ ਨੇ ਸਾਡੇ ਈਸਾ ਮਸੀਹ ਨੂੰ ਸੂਲੀ ਟੰਗਿਆ ਸੀ ਤੇ ਯਹੂਦੀਆਂ ਨੇ ਕਹਿਣਾ ਸੀ ਕਿ ਤੁਸੀਂ ਸਾਨੂੰ ਲੱਖਾਂ ੂੰ ਜਰਮਨ ਦੇ ਗੈਸ ਚੈਂਬਰਾਂ ਵਿੱਚ ਮਾਰ ਕੇ ਨਸਲਕੁਸ਼ੀ ਕੀਤੀ।” ਪਰ ਇੰਗਲੈਂਡ, ਅਮਰੀਕਾ ਨੇ 1947 ਵਿੱਚ ਫਲਸਤੀਨ ਨੂੰ ਤਕਰੀਬਨ ਅੱਧੋ ਅੱਧੀ ਵੰਡ ਕੇ ਵਿੱਚ ਯਹੂਦੀਆਂ ਲਈ ਇਸਰਾਈਲ ਦੇਸ਼ ਬਣਾ ਦਿੱਤਾ। ਯਹੂਦੀ ਅਮੀਰ ਅਤੇ ਧੱਕੇਸ਼ਾਹ ਸਨ, ਉਹ ਹੌਲੀ ਹੌਲੀ ਸਾਰੇ ਫਲਸਤੀਨ ਉੱਤੇ ਕਾਬਜ਼ ਹੋ ਗਏ ਹਨ। ਉਹਨਾਂ ਫਲਸਤੀਨੀ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ, ਜਿਸ ਵਿੱਚੋਂ ਹੀ ਹਮਾਸ ਵਾਲੇ ਝਗੜੇ ਨੇ ਜਨਮ ਲਿਆ। ਇੰਜ ਯੂਰਪੀ ਮੁਲਕ ਆਪਣਾ ਕਲੇਸ਼ਖਾਨਾ ਮੁਸਲਮਾਨਾਂ ਦੇ ਗੱਲ ਪਵਾਉਣ ਵਿੱਚ ਕਾਮਯਾਬ ਹੋ ਗਏ। ਅਮਰੀਕਾ, ਇੰਗਲੈਂਡ, ਜਰਮਨ ਆਪ ਇਸਰਾਈਲ ਦੇ ਚਹੇਤੇ ਬਾਪੂ ਬਣ ਬੈਠੇ।

ਹੁਣ ਇਸਰਾਈਲ ਮੱਧ ਪੂਰਬ ਦਾ ਠਾਣੇਦਾਰ ਹੈ। ਆਕਾ ਅਮਰੀਕਾ ਹੈ। ਅਮਰੀਕਾ ਦੇ ਜਾਰਡਨ, ਬਹਿਰੀਨ, ਕਤਰ, ਸਊਦੀ ਅਰਬ, ਕੁਵੈਤ, ਸੰਯੁਕਤ ਅਰਬ ਅਮੀਰਾਤ, ਓਮਾਨ, ਇਰਾਕ, ਤੁਰਕੀ, ਸੀਰੀਆ ਵਿੱਚ ਫੌਜੀ ਅੱਡੇ ਹਨ। 40-50 ਹਜ਼ਾਰ ਫੌਜੀ ਤਾਇਨਾਤ ਹਨ। ਤੇਲ ਖਿੱਤੇ ਉੱਪਰ ਦਬਦਬਾ ਹੈ। ਇਕੱਲਾ ਇਰਾਨ ਹੈ, ਜਿਹੜਾ ਈਨ ਨਹੀਂ ਮੰਨਦਾ। ਇਰਾਨ ਦੀ ਸਰਕਾਰ ਬਦਲਣ ਦੀ ਲੋਕਾਂ ਨੂੰ ਅਪੀਲ ਤਾਂ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣੇ ਹਮਲੇ ਦੇ ਪਹਿਲੇ ਦਿਨ ਹੀ ਕਰ ਦਿੱਤੀ ਸੀ।

ਇਸੇ ਜਬ੍ਹੇ ਅਤੇ ਮਾਣ ਦੀ ਬਦੌਲਤ ਹੀ ਦੋਵਾਂ ਮੁਲਕਾਂ ਵੱਲੋਂ ਇਰਾਨ ਉੱਤੇ ਵਸਾਹ ਕੇ ਇਕਪਾਸੜ ਸਾਜ਼ਿਸ਼ੀ ਹਮਲਾ ਕੀਤਾ ਗਿਆ। ਉਸਦੇ ਪ੍ਰਮਾਣੂ ਕੇਂਦਰਾਂ ਉੱਤੇ ਅਮਰੀਕੀ ਬੰਕਰ ਬਸਟਰ ਹਮਲਾ ਤਾਂ ਇਰਾਨ ਵਿੱਚ ਪ੍ਰਮਾਣੂ ਹਮਲੇ ਵਰਗੀ ਤਬਾਹੀ ਲਿਆ ਸਕਦਾ ਸੀ। ਇਸੇ ਸਮੇਂ ਦਬਕੇ ਅਤੇ ਫੜ੍ਹਾਂ ਵੀ ਮਾਰੀਆਂ ਗਈਆਂ।

ਇਸਰਾਈਲ ਵੱਲੋਂ 13 ਜੂਨ ਨੂੰ ਰਾਤੀਂ ਘਰਾਂ ਵਿੱਚ ਸੁੱਤੇ ਪ੍ਰਮਾਣੂ ਵਿਗਿਆਨੀ ਅਤੇ ਫੌਜੀ ਅਫਸਰ ਮਾਰਨ ਅਤੇ ਪ੍ਰਮਾਣੂ ਕੇਂਦਰਾਂ ਉੱਤੇ 200 ਜਹਾਜ਼ਾਂ ਨਾਲ ਕੀਤੇ ਹਮਲਿਆਂ ਦੀ ਕਾਰਵਾਈ ਨੂੰ ਟਰੰਪ ਨੇ ਸਲਾਹਿਆ, ਆਖਿਆ ਕਿ ਮੈਨੂੰ ਸਭ ਪਤਾ ਸੀ। ਕਿਹਾ ਕਿ ਹੁਣ ਇਰਾਨ ਫੌਰੀ ਹਥਿਆਰ ਸੁੱਟ ਕੇ, ਹਾਰ ਮੰਨ ਕੇ ਸੁਰੈਂਡਰ ਕਰੇ, ਸੰਪੂਰਨ ਸਰੈਂਡਰ, ਨਹੀਂ ਤਾਂ ਸੰਪੂਰਨ ਵਿਨਾਸ਼ ਹੋਵੇਗਾ। ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਤਹਿਰਾਨ ਨੂੰ ਫੌਰੀ ਖਾਲੀ ਕਰ ਦੇਣ ਦਾ ਹੁਕਮ ਦਿੱਤਾ। ਸਾਡੇ ਕਈ ਇਸਰਈਲੀ ਰੰਗ ਵਿੱਚ ਰੰਗੇ ਖਬਰਾਂ ਦੇ ਚੈਨਲਾਂ ਦੇ ਐਂਕਰ, ‘ਵਿਸ਼ੇਸ਼ਗ’ ਤਾੜੀ ਵਜਾਉਂਦੇ ਰਹੇ। ਇਰਾਨੀ ਲੀਡਰ ਖੁਮੇਨਈ ਨੂੰ ਕਤਲ ਕਰ ਦੇਣ ਦਾ ਫ਼ਰਮਾਨ ਵੀ ਜਾਰੀ ਕਰ ਦਿੱਤਾ ਗਿਆ। ਟਰੰਪ ਅਤੇ ਨੇਤਨਯਾਹੂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਉਹ ਕਿੱਥੇ ਲੁਕਿਆ ਹੋਇਆ ਹੈ। ਪਰ ਇਰਾਨ ਦੀ ਜਵਾਬੀ ਕਾਰਵਾਈ, ਹੌਸਲੇ ਅਤੇ ਰਣਨੀਤੀ ਨੇ ਇਸਰਾਈਲ, ਅਮਰੀਕਾ ਅਤੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਇਰਾਨੀ ਮਿਸਾਈਲਾਂ ਨੇ ਹੈਰਾਨੀਜਨਕ ਤਬਾਹੀ ਮਚਾਈ। ਇਸਰਾਈਲੀ, ਅਮਰੀਕੀ ਏਅਰ ਡਿਫੈਂਸ ਇਰਾਨੀ ਮਿਸਾਈਲ ਹਮਲੇ ਰੋਕ ਨਾ ਸਕੀ। ਇਸਰਾਈਲੀ ਲੋਕ ਦਿਨੇ ਰਾਤ ਬੰਕਰਾਂ, ਤਹਿਖਾਨਿਆਂ ਵੱਲ ਹੀ ਭੱਜਦੇ ਰਹੇ। ਕਈਆਂ ਨੇ ਆਖਿਆ ਕਿ ਇਸਰਾਈਲ ਹੁਣ ਖੁਦ ਗਾਜ਼ਾ ਦੀ ਕੀਤੀ ਤਬਾਹੀ ਵਰਗਾ ਦਿਸਦਾ ਹੈ।

ਇਸਰਾਈਲ, ਅਮਰੀਕਾ ਨੂੰ ਉਦੋਂ ਜੰਗ ਵਿੱਚ ਸਿੱਧਾ ਘੜੀਸਣ ਵਿੱਚ ਸਫਲ ਅਤੇ ਖੁਸ਼ ਹੋਇਆ ਜਦੋਂ ਅਮਰੀਕਾ ਨੇ B2 ਬੰਬਾਰਾਂ ਨਾਲ ਇਰਾਨੀ ਪ੍ਰਮਾਣੂ ਕੇਂਦਰਾਂ ਉੱਤੇ ਬੰਕਰ ਬਸਟਰ ਬੰਬ ਸੁੱਟੇ। ਇਸਰਾਈਲੀ ਨੱਚੇ ਅਤੇ ਬੰਬ ਸੁੱਟ ਕੇ ਪੱਟਾਂ ਉੱਤੇ ਥਾਪੀਆਂ ਮਾਰ ਕੇ ਬੁਲਬੁਲੀਆਂ ਵੀ ਮਾਰੀਆਂ।

ਇਰਾਨੀ ਵਿਦੇਸ਼ ਮੰਤਰੀ ਨੇ 23 ਜੂਨ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ। ਵੱਡੇ ਰੂਸੀ ਲੀਡਰ ਮੈਦਵੇਦੇਵ ਨੇ ਐਲਾਨ ਕੀਤਾ ਕਿ ਪੀੜਿਤ ਇਰਾਨ ਨੂੰ ਕਈ ਦੇਸ਼ ਪ੍ਰਮਾਣੂ ਬੰਬ ਦੇਣ ਨੂੰ ਤਿਆਰ ਹਨ। ਇਰਾਨ ਨੇ ਉਸੇ ਹੀ ਦਿਨ ਕਤਰ ਵਿਚਲੇ ਅਮਰੀਕੀ ਫੌਜੀ ਅੱਡੇ ਉੱਤੇ ਜਦੋਂ ਰਾਤ ਨੂੰ ਹਮਲਾ ਕੀਤਾ ਤਾਂ ਲੋਕਾਂ ਸੋਚਿਆ ਕਿ ਹੁਣ ਗੱਲ ਬਹੁਤ ਵਧ ਜਾਵੇਗੀ। ਪਰ ਅਮਰੀਕਾ ਨੇ ਫੌਰੀ ਹੈਰਾਨਕੁਨ ਮੋੜਾ ਕੱਟਿਆ ਅਤੇ ਟਰੰਪ ਨੇ 24 ਦੀ ਸਵੇਰ ਨੂੰ ਹੀ ਐਲਾਨ ਕਰ ਦਿੱਤਾ ਕਿ ਮੈਂ ਇਰਾਨ, ਇਸਰਾਈਲ ਵਿੱਚ ਸੀਜ਼ਫਾਇਰ ਕਰਵਾ ਦਿੱਤਾ ਹੈ, ਹੁਣ ਕੋਈ ਗੋਲੀ ਨਹੀਂ ਚੱਲੇਗੀ। ਇਸਰਾਈਲ ਨੇ ਸਹਿਮਤੀ ਦਿੱਤੀ। ਪਰ ਇਰਾਨ ਨੇ ਕਿਹਾ ਕਿ ਇਹ ਝੂਠ ਹੈ, ਉਹਨਾਂ ਦਿਨੇ 6 ਰਾਊਂਡ ਬਹੁਤ ਵੱਡੇ ਹਮਲੇ ਕੀਤੇ। ਜਦੋਂ ਇਸਰਾਈਲ ਨੇ ਮੋੜਵੇਂ ਹਮਲੇ ਲਈ ਜਹਾਜ਼ ਉਡਾਏ ਤਾਂ ਟਰੰਪ ਨੇ ਨੇਤਨਯਾਹੂ ਨੂੰ ਫੋਨ ਕਰਕੇ ਫੌਰੀ ਹੁਕਮ ਦਿੱਤਾ ਕਿ ਇਸਰਾਈਲੀ ਪਾਇਲਟਾਂ ਨੂੰ ਤੁਰੰਤ ਜਹਾਜ਼ ਵਾਪਸ ਮੋੜ ਲਿਆਂਉਣ ਦਾ ਹੁਕਮ ਦੇਵੋ ਕਿ ਇਰਾਨ ਉੱਤੇ ਬੰਬ ਨਾ ਸੁੱਟਣ। ਇਹੀ ਹੋਇਆ। ਉਹ ਰਸਮੀ ਚੱਕਰ ਲਾ ਕੇ ਮੁੜ ਆਏ। ਅੱਗੋਂ ਇਰਾਨ ਨੇ ਵੀ ਆਖਿਆ, ਜੇ ਹੁਣ ਸਾਡੇ ਉੱਤੇ ਹਮਲਾ ਨਹੀਂ ਹੁੰਦਾ ਤਾਂ ਇਰਾਨ ਵੀ ਹਮਲਾ ਨਹੀਂ ਕਰੇਗਾ। ਸੋ ਫਿਲਹਾਲ ਅਜਿਹਾ ਸੀਜ਼ਫਾਇਰ ਹੋ ਗਿਆ ਹੈ। ਮੈਨੂੰ ਲਗਦਾ ਕਿ ਅਮਰੀਕਾ ਨੇ ਇਸ ਕਲੇਸ਼ ਵਿੱਚ ਆਪਣੇ ਸਿੱਧਾ ਉਲਝਣ ਤੋਂ ਬਚਾ ਲਈ ਕੀਤਾ। ਪਰ ਇਸ ਸੀਜ਼ਫਾਇਰ ਦੇ ਟੁੱਟਣ ਦੀ ਸੰਭਾਵਨਾ ਹੈ।

ਮੇਰੀ ਜਾਚੇ ਇਸ ਸਾਜ਼ਿਸ਼ੀ ਕਿਸਮ ਦੇ ਇਸਰਾਈਲੀ, ਅਮਰੀਕੀ ਹਮਲੇ ਦਾ ਉਲਟਾ ਅਸਰ ਹੋਇਆ ਹੈ। ਇਸਰਾਈਲ ਦਾ ਸੁਰੱਖਿਅਤ ਅਤੇ ਬਹੁਤ ਤਕੜੇ ਮੁਲਕ ਵਜੋਂ ਵਕਾਰ ਨਹੀਂ ਰਿਹਾ। ਇਸ ਨਾਲ ਭਵਿੱਖ ਵਿੱਚ ਮੱਧ ਪੂਰਬ ਦੇ ਮੁਲਕਾਂ ਉੱਪਰ ਉਸਦਾ ਜ਼ੋਰਾਵਰਾਂ ਵਾਲਾ ਬਣਿਆ ਛੱਪਾ ਚੁੱਕਿਆ ਜਾਵੇਗਾ। ਇਰਾਨ ਦਾ ਅਣਖੀ, ਦਲੇਰ, ਨਿਡਰ, ਲੜਾਕੂ ਕੌਮ ਵਜੋਂ ਵਕਾਰ ਵਧਿਆ ਹੈ। ਇਸਰਾਈਲ, ਅਮਰੀਕਾ ਬੇਅਸੂਲੇ ਹਮਲਾਵਰਾਂ ਵਜੋਂ ਚਰਚਿਤ ਹੋਏ ਹਨ। ਅਮਰੀਕਾ ਖੇਮਾ ਨੰਗਾ ਹੋਇਆ ਹੈ ਅਤੇ ਡਰਪੋਕ ਵਪਾਰੀ ਵਰਗਾ ਜਾਪਿਆ ਹੈ। ਇਰਾਨ ਦੀ ਰੂਸ, ਚੀਨ, ਉੱਤਰੀ ਕੋਰੀਆ ਨਾਲ ਲੰਗੋਟੀਆ ਯਾਰੀ ਮਜ਼ਬੂਤ ਹੋਈ ਹੈ। ਰੂਸ ਨੇ ਇਰਾਨ ਨੂੰ ਪ੍ਰਮਾਣੂ ਬੰਬ ਤਕ ਦੇ ਦੇਣ ਦਾ ਇਸ਼ਾਰਾ ਦੇ ਦਿੱਤਾ ਹੈ।

ਲਗਦਾ ਹੈ ਕਿ ਇਰਾਨ ਹੁਣ ਪ੍ਰਮਾਣੂ ਅਪ੍ਰਸਾਰ ਸੰਧੀ ਵਿੱਚੋਂ ਬਾਹਰ ਆ ਸਕਦਾ ਹੈ ਅਤੇ ਪ੍ਰਮਾਣੂ ਬੰਬ ਬਣਾਉਣ ਵੱਲ ਵਧ ਸਕਦਾ। ਇਰਾਨ ਨੇ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਉਸਦੀ ਲੀਡਰਸ਼ਿੱਪ ਮਜ਼ਬੂਤ ਹੋਈ ਹੈ। ਅਮਰੀਕਾ ਤ੍ਰਭਕ ਗਿਆ ਹੈ ਤੇ ਤਾਜ਼ਾ ਬਿਆਨ ਦੇ ਦਿੱਤਾ ਕਿ ਮੈਂ ਇਰਾਨ ਦੀ ਲੀਡਰਸ਼ਿੱਪ ਨਹੀਂ ਬਦਲਣਾ ਚਾਹੁੰਦਾ। ਟਰੰਪ ਇਰਾਨ ਨਾਲ ਬੇਮੌਕਾ ਫੌਰੀ ਵਪਾਰ ਦੀਆਂ ਬਚਗਾਨਾ ਜਿਹੀਆਂ ਗੱਲਾਂ ਕਰਨ ਲੱਗ ਪਿਆ ਹੈ। ਟਰੰਪ ਦਾ ਤਾਜ਼ਾ ਬਿਆਨ ਹੈ ਕਿ ਇਰਾਨ ਹੁਣ ਵਪਾਰਕ ਖੁਸ਼ਹਾਲੀ ਵੱਲ ਵਧੇਗਾ।

(ਤਾਜ਼ਾ ਖ਼ਬਰ ਹੈ: ਟਰੰਪ ਦਾ ਐਲਾਨ ਕਿ ਇਰਾਨ ਹੁਣ ਚੀਨ ਨੂੰ ਤੇਲ ਵੇਚ ਸਕਦਾ, ਕੋਈ ਪਾਬੰਦੀ ਨਹੀਂ। ਇਰਾਨ ਵਿੱਚ ਜਸ਼ਨ ਦਾ ਮਾਹੌਲ ਹੈ।)

ਇਹ ਹੈ ਅੱਜ ਦਾ ਦਿਸਦਾ ਸੱਚ। ਲੀਡਰਾਂ ਦੇ ਮਨਾਂ ਵਿੱਚ ਕੀ ਚੱਲ ਰਿਹਾ ਹੈ, ਕੌਣ ਜਾਣਦਾ ਹੈ?

**

ਪ੍ਰੋਫੈਸਰ ਅਤੇ ਮੁਖੀ (ਰਿਟਾਇਰਡ), ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਸਰਕਾਰੀ ਕਾਲਜ ਤਲਵਾੜਾ (ਹੁਸ਼ਿਆਰਪੁਰ)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਰਿੰਦਰ ਮੰਡ

ਡਾ. ਸੁਰਿੰਦਰ ਮੰਡ

Phone: (91 - 94173 - 24543)
Email: (surindermand@gmail.com)

More articles from this author