“ਹੁਣ ਸਵਾਲ ਇਹ ਹੈ ਕਿ ਕੀ ਅਮਰੀਕਾ-ਇਜ਼ਰਾਇਲ ਨੇ ਹਮਲੇ ਨਾਲ ਜੋ ਨਿਸ਼ਾਨੇ ...”
(18 ਮਾਰਚ 2026)
ਅਮਰੀਕਾ ਅਤੇ ਇਜ਼ਰਾਇਲ ਨੇ ਜੋ ਨਿਸ਼ਾਨੇ ਮਿਥ ਕੇ ਫਿਰ ਧੋਖੇ ਨਾਲ ਦੂਜੀ ਵਾਰ ਇਰਾਨ ਉੱਤੇ ਮਾਰੂ ਹਮਲਾ ਕੀਤਾ ਹੈ, ਕੀ ਉਹ ਟੀਚੇ ਹਾਸਲ ਹੋਏ ਹਨ? ਜਾਂ ਫਿਰ ਉਲਟੇ ਲੈਣੇ ਦੇ ਦੇਣੇ ਪੈਣ ਵਾਲੇ ਹਨ? ‘ਨਾਟੋ’ ਗੱਠਜੋੜ ਮੁਲਕ ਅਤੇ ਅਮਰੀਕਾ ਦੇ ਲਾਕੜੀ ਰਹੇ ਦੇਸ਼ (ਇੰਗਲੈਂਡ, ਫਰਾਂਸ, ਜਰਮਨ, ਇਟਲੀ, ਸਪੇਨ, ਕਨੇਡਾ, ਜਪਾਨ, ਆਸਟਰੇਲੀਆ, ਦੱਖਣੀ ਕੋਰੀਆ ਅਤੇ ਅਰਬ ਦੇਸ਼ਾਂ ਆਦਿ) ਨੇ ਅਮਰੀਕਾ ਦੇ ਨਾਲ ਹੋ ਕੇ ਜੰਗ ਵਿੱਚ ਸ਼ਾਮਲ ਹੋਣ ਜਾਂ ਸਮੁੰਦਰੀ ਲਾਂਘਾ (ਹੋਰਮੂਜ਼ ਸਟਰੇਟ) ਖੁੱਲ੍ਹਵਾਉਣ ਲਈ ਜੰਗੀ ਬੇੜੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਪੂਰੀ ਸੰਭਾਵਨਾ ਹੈ ਕਿ ਹੁਣ ਗੱਲ ਮੁਲਕਾਂ ਦੇ ਨਵੇਂ ਨਵੇਕਲੇ ਸਮੀਕਰਨ ਗੱਠਜੋੜ ਬਣਨ ਵਾਲੇ ਪਾਸੇ ਨੂੰ ਵੀ ਤੁਰ ਸਕਦੀ ਹੈ।
ਇਰਾਨ ਉੱਤੇ ਹਮਲਾ ਇਕੱਲੀ ਕਾਰੀ ਘਟਨਾ ਨਹੀਂ ਸਗੋਂ ਇੱਕ ਲੜੀ ਹੈ, ਕੜੀ ਹੈ, ਤਾਕਤ ਅਤੇ ਹਵਸ ਦੇ ਜ਼ੋਰ ਪਗਲਾਅ ਕੇ ਧੱਕਾ ਕਰਨ ਦਾ ‘ਮੂੰਹ ਪੈ ਜਾਣ’ ਵਰਗੀ ਗੱਲ। ਯਾਦ ਕਰੋ, ਆਪਣੇ ਆਪ ਨੂੰ ਖ਼ੁਦ ਹੀ ਹੋਛਿਆਂ ਵਾਂਗ ਫੌਜੀ ਸੁਪਰਪਾਵਰ ਐਲਾਨਕੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਆਉਣ ਸਾਰ ਹੀ ਆਖਿਆ ਸੀ ਕਿ ਹੁਣ ਮੈਂ ਅਮਰੀਕਾ ਨੂੰ ਨੰਬਰ ਇੱਕ ਇੰਜ ਬਣਾਊਂ। ਮੈਂ ਕਨੇਡਾ (ਅਮਰੀਕਾ ਤੋਂ ਵੀ ਵੱਡੀ ਧਰਤੀ ਵਾਲਾ ਨਾਟੋ ਦਾ ਮੈਂਬਰ ਦੇਸ਼) ਉੱਤੇ ਕਬਜ਼ਾ ਕਰਕੇ ਅਮਰੀਕਾ ਦਾ ਇਕਵੰਜਵਾਂ ਸੂਬਾ ਬਣਾਵਾਂਗਾ। ਨਾਟੋ ਦੇ ਇੱਕ ਹੋਰ ਮੈਂਬਰ ਯੂਰਪੀ ਦੇਸ਼ ਗਰੀਨਲੈਂਡ ਨੂੰ ਅਮਰੀਕਾ ਨਾਲ ਰਲਾ ਲੈਣਾ ਹੈ, ਉੱਥੋਂ ਦੇ ਲੋਕਾਂ ਦੀ ਬੋਲੀ ਲਾ ਕੇ ਆਖ ਦਿੱਤਾ ਕਿ ਹਰ ਨਾਗਰਿਕ ਨੂੰ ਐਨੇ ਡਾਲਰ ਦੇ ਦਿਆਂਗੇ। ਬਹੁਤ ਵੱਡੀ ਤੇਲ ਦੌਲਤ ਵਾਲੇ ਆਪਣੇ ਗਵਾਂਢੀ ਲਾਤੀਨੀ ਅਮਰੀਕੀ ਮੁਲਕ ਵੈਨਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਕਮਾਂਡੋ ਹਮਲਾ ਕਰਕੇ ਚੁੱਕ ਲਿਆਂਦਾ ਤੇ ਆਖਿਆ ਕਿ ਹੁਣ ਉਹਨਾਂ ਦੇ ਤੇਲ ਉੱਤੇ ਸਾਡਾ ਕਬਜ਼ਾ ਹੈ। ਕੋਲੰਬੀਆ ਅਤੇ ਮੈਕਸੀਕੋ ਵਿੱਚ ਫੌਜੀ ਦਖਲ ਨਾਲ ਆਪਣੇ ਪੱਖੀ ਸਰਕਾਰਾਂ ਬਣਾਉਣ ਦੀ ਯੋਜਨਾ ਦੇ ਐਲਾਨ ਕਰ ਦਿੱਤੇ। ਇੱਕ ਅਮਰੀਕੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਹੱਸਦਿਆਂ ਆਖਿਆ, “ਬੇਫਿਕਰ ਰਹੋ, ਥੋੜ੍ਹੇ ਦਿਨਾਂ ਤਕ ਵੈਨਜ਼ੁਏਲਾ ਦੀ ਤਰ੍ਹਾਂ ਇਰਾਨੀ ਤੇਲ ਵੀ ਸਾਡਾ ਹੋਵੇਗਾ, ਉਸ ਤੋਂ ਬਾਅਦ ਕਿਊਬਾ ਦਾ ਨੰਬਰ ਹੈ।” ਐਸੀਆਂ ਹਰਕਤਾਂ ਨੇ ਹੀ ਟਰੰਪੀ ਅਮਰੀਕਾ ਨੂੰ ਆਪਣੀ ‘ਡੁਰਲੀ ਢਾਣੀ’ ਵਰਗੇ ਦੇਸ਼ਾਂ ਤੋਂ ਵੀ ਇਕਦਮ ਦੂਰ ਕਰ ਦਿੱਤਾ ਹੈ।
ਦੂਰ ਕਰਨ ਦੀ ਵਜਾਹ ਤਾਂ ਇਹ ਵੀ ਬਣਨੀ ਹੀ ਸੀ ਕਿ ਇਰਾਨ ਉੱਤੇ ਧੋਖੇ ਨਾਲ ਆਪਹੁਦਰਾ ਹਮਲਾ ਅਮਰੀਕਾ ਅਤੇ ਇਜ਼ਰਾਇਲ ਨੇ ਕੀਤਾ, ਕਿਸੇ ਨੂੰ ਨਹੀਂ ਦੱਸਿਆ-ਪੁੱਛਿਆ। ਅਮਰੀਕਾ ਨੇ ਇਰਾਨ ਦੁਆਲੇ ਸਮੁੰਦਰਾਂ ਵਿੱਚ ਜੰਗੀ ਬੇੜੇ ਉਤਾਰੇ। ਆਲੇ ਦੁਆਲੇ ਦੇ ਅਰਬ ਦੇਸ਼ਾਂ (ਕਤਰ, 7 ਦੇਸ਼ਾਂ ਦਾ ਸੰਯੁਕਤ ਅਰਬ ਅਮੀਰਾਤ, ਸਊਦੀ ਅਰਬ, ਬਹਿਰੀਨ, ਇਰਾਕ, ਕੁਵੈਤ, ਜਾਰਡਨ, ਉਮਾਨ ਆਦਿ) ਵਿਚਲੇ ਆਪਣੇ ਫੌਜੀ ਅੱਡਿਆਂ, ਖੁਫੀਆ ਏਜੰਸੀਆਂ ਦੇ ਸਹਿਯੋਗ ਨਾਲ ਇਰਾਨ ਵਿੱਚ ਅਸਥਿਰਤਾ, ਸਰਕਾਰ ਵਿਰੋਧੀ ਮੁਜ਼ਾਹਰਿਆਂ ਨੂੰ ਸਿੱਧੀ ਹਵਾ ਦਿੱਤੀ। ਲੋਕਾਂ ਨੂੰ ਆਖਿਆ ਕਿ ਸਰਕਾਰੀ ਸੰਸਥਾਵਾਂ ਉੱਤੇ ਜ਼ੋਰ ਨਾਲ ਕਬਜ਼ਾ ਕਰ ਲਓ, ਅਸੀਂ ਆ ਰਹੇ ਆਂ। ਜਿਵੇਂ ਇਰਾਕੀ ਸੱਦਾਮ ਹੁਸੈਨ ਨੂੰ ਹੁਕਮ ਦਿੱਤਾ ਸੀ ਕਿ ਤਿੰਨ ਦਿਨਾਂ ਵਿੱਚ ਅਸਤੀਫਾ ਦੇਵੇ, ਉਵੇਂ ਹੀ ਆਖਿਆ ਕਿ ਇਰਾਨ ਦੀ ਖੁਮੇਨਈ ਸਰਕਾਰ ਤੁਰੰਤ ਗੱਦੀ ਛੱਡੇ, ਨਹੀਂ ਤਾਂ ਹਮਲਾ ਕਰਕੇ ਛੁਡਵਾ ਲਵਾਂਗੇ। ਹੁਕਮ ਦਿੱਤਾ ਕਿ ਸਾਰਾ ਸੋਧਿਆ ਯੂਰੇਨੀਅਮ ਸਾਡੇ ਹਵਾਲੇ ਕਰੋ। ਪ੍ਰਮਾਣੂ ਵਿਕਾਸ ਕੇਂਦਰਾਂ ਨੂੰ ਤਾਲੇ ਲਾਓ, ਦੂਰ ਮਾਰ ਕਰਨ ਵਾਲੀਆਂ ਮਿਸਾਈਲਾਂ ਉੱਤੇ ਪਾਬੰਦੀ ਲਾਓ। ਸਾਡੇ ਨਾਲ ਤੁਰੰਤ ਕਰਾਰ ਕਰੋ, ਨਹੀਂ ਤਾਂ ਹਮਲਾ ਝੱਲੋ। ਇਹ ਸਾਰੀ ਬਦਮਾਸ਼ੀ ਅੰਤਰਰਾਸ਼ਟਰੀ ਕਦਰਾਂ ਕਾਨੂੰਨਾਂ ਅਤੇ ਯੂ.ਐੱਨ ਚਾਰਟਰ ਦੀ ਉਲੰਘਣਾ ਸੀ।
ਇਰਾਨ ਨੇ ਮੌਕੇ ਦੀ ਨਜ਼ਾਕਤ ਦੇਖਦਿਆਂ ਪ੍ਰਮਾਣੂ ਬੰਬ ਨਾ ਬਣਾਉਣ ਉੱਤੇ ਸਮਝੌਤਾ ਕਰ ਲੈਣ ਦਾ ਇਸ਼ਾਰਾ ਦਿੱਤਾ ਕਿਉਂਕਿ ਇਰਾਨ ਜੰਗ ਟਾਲਣਾ ਚਾਹੁੰਦਾ ਸੀ ਪਰ ਇਜ਼ਰਾਇਲ-ਅਮਰੀਕਾ ਆਪਣੀ ਇਸ ਜੰਗੀ ਤਿਆਰੀ ਅਤੇ ਇਰਾਨ ਵਿਚਲੇ ਮੁਜ਼ਾਹਰਿਆਂ ਨੂੰ ਆਪਣੇ ਪੱਖੀ ਸਰਕਾਰ ਬਣਾ ਲੈਣ ਦੇ ਆਖਰੀ ਮੌਕੇ ਵਜੋਂ ਦੇਖ ਰਹੇ ਸਨ।
ਉਮਾਨ ਨੂੰ ਵਿਚੋਲਾ ਬਣਾ ਕੇ ਇਰਾਨ ਨੂੰ ਗੱਲਬਾਤ ਦੇ ਭੁਚਲਾਵੇ ਵਿੱਚ ਲਿਆ ਕੇ ਅਮਰੀਕਾ ਇਜ਼ਰਾਇਲ ਨੇ 28 ਫਰਵਰੀ 2026 ਨੂੰ ਅਚਨਚੇਤ ਹਮਲਾ ਕਰਕੇ ਇਰਾਨ ਦੇ ਸਰਵਉੱਚ ਲੀਡਰ ਆਇਤੁਲਾ ਅਲੀ ਖੁਮੇਨਈ ਨੂੰ ਪਰਿਵਾਰ ਦੇ ਕਈ ਮੈਂਬਰਾਂ ਸਮੇਤ ਅਤੇ ਮੁੱਖ ਲੀਡਰਸ਼ਿੱਪ ਮਾਰ ਸੁੱਟੀ। ਬਹੁਤ ਤਬਾਹੀ ਮਚਾਈ। ਦੁਨੀਆਂ ਨੇ ਨਵੇਂ ਸਾਮਰਾਜੀ ਸੰਸਾਰ ਚਲਨ ਦੇ ਦਰਸ਼ਨ ਕੀਤੇ। ਟਰੰਪ ਨੇ ਫਰਮਾਨ ਜਾਰੀ ਕੀਤਾ ਕਿ ਇਰਾਨ ਤੁਰੰਤ ਸੁਰੈਂਡਰ ਕਰੇ (ਹਥਿਆਰ ਸੁੱਟੇ)। ਪਰ ਜੰਗ ਨਵੇਂ ਨਵੇਕਲੇ ਅੰਦਾਜ਼ ਵਿੱਚ ਭੜਕ ਉੱਠੀ ਹੈ।
ਅਮਰੀਕਾ-ਇਜ਼ਰਾਇਲ ਵੱਲੋਂ ਇਰਾਨ ਦੀ ਤਬਾਹੀ ਦਾ ਪੈਟਰਨ ਲਗਭਗ ਜੂਨ 2025 ਦੇ ਹਮਲੇ ਵਾਲਾ ਹੀ ਹੈ। ਜਿਵੇਂ ਕਿ ਲੀਡਰ ਅਫਸਰ ਮਾਰਨੇ, ਪ੍ਰਮਾਣੂ ਕੇਂਦਰ ਨਸ਼ਟ ਕਰਨੇ, ਫੌਜੀ ਅਤੇ ਅਧਾਰ ਢਾਂਚਾ ਤਬਾਹ ਕਰਨਾ, ਇਰਾਨੀ ਵਪਾਰ ਰੋਕਣਾ, ਇਰਾਨ ਵਿੱਚ ਅੰਦਰੂਨੀ ਦਖ਼ਲ/ਸਾਜ਼ਿਸ਼ਾਂ ਕਰਨੀਆਂ, ਤੇਲ ਢਾਂਚਾ ਬਰਬਾਦ ਕਰਨਾ। ਖ਼ਬਰ ਹੈ ਕਿ 100 ਦੇ ਕਰੀਬ ਪ੍ਰਾਚੀਨ ਸੱਭਿਅਤਾ ਨਾਲ ਸਬੰਧਤ ਇਤਿਹਾਸਕ ਵਿਰਾਸਤੀ ਇਰਾਨੀ ਥਾਂਵਾਂ ਮਲੀਆਮੇਟ ਹੋ ਚੁੱਕੀਆਂ ਹਨ। ਟਰੰਪ ਅਤੇ ਨੇਤਨਯਾਹੂ ਵੱਡੀ ਤਬਾਹੀ ਕਰਕੇ ਬਹੁਤ ਖੁਸ਼ ਹੋ ਰਹੇ ਹਨ। ਟਰੰਪ ਕਹਿੰਦਾ ਕਿ “ਇਰਾਨ ਹਾਰ ਚੁੱਕਾ ਹੈ ਅਤੇ ਸੁਰੈਂਡਰ ਕਰਨ ਹੀ ਵਾਲਾ ਹੈ। ਸਾਡੇ ਕੋਲ ਬਹੁਤ ਸਿਆਣੇ ਲੋਕ ਹਨ ਸਰਕਾਰ ਚਲਾਉਣ ਲਈ।” ਲੇਕਿਨ ਲੋਕ ਕਹਿੰਦੇ ਹਨ ਕਿ ਲੁੱਟ ਮਾਰ, ਕਬਜ਼ੇ, ਮੁਨਾਫੇ, ਸਵਾਰਥ, ਨਸਲੀ ਘਾਣ ਕਰਨ ਵਰਗੇ ਪਿਛੋਕੜ ਵਾਲੇ ਅਮਰੀਕੀ ਹਮਲਾਵਰ, ਅਣਖੀਲੀ ਪੂਰਬੀ ਸੋਚ ਨੂੰ ਨਹੀਂ ਸਮਝ ਸਕਦੇ। ਇਰਾਨੀ ਲੋਕ ਤਾਂ ਕਦੀ ਕਿਸੇ ਮੁਲਕ ਦੇ ਗੁਲਾਮ ਨਹੀਂ ਰਹੇ। ਉਹ ਲੜ ਮਰਨਗੇ ਲੰਮਾ ਸਮਾਂ ਪਰ ਹਥਿਆਰ ਨਹੀਂ ਸੁੱਟਣਗੇ।
ਪਰ ਇਰਾਨ ਨੇ ਜਵਾਬੀ ਹਮਲਾ ਜੂਨ 2025 ਤੋਂ ਅਲੱਗ ਤਰ੍ਹਾਂ ਕੀਤਾ ਹੈ। ਇਰਾਨ ਨੂੰ ਰੰਜ/ਗੁੱਸਾ ਹੈ ਕਿ ਆਪਣੀ ਧਰਤੀ ਉੱਤੇ ਅਮਰੀਕੀ ਫੌਜੀ ਅੱਡੇ ਬਣਵਾਈ ਬੈਠੇ ਅਰਬ ਮੁਲਕਾਂ ਨੇ ਅਮਰੀਕਾ ਨੂੰ ਹਮਲੇ ਲਈ ਇੱਕ ਤਰ੍ਹਾਂ ਸਮਰਥਨ ਹੀ ਦਿੱਤਾ ਹੈ। ਇਨ੍ਹਾਂ ਦੀ ਧਰਤੀ ਤੋਂ ਹੀ ਇਰਾਨ ਉੱਤੇ ਹਮਲੇ ਕੀਤੇ ਗਏ ਅਤੇ 135 ਸਕੂਲੀ ਬੱਚੀਆਂ ਮਾਰ ਦਿੱਤੀਆਂ ਗਈਆਂ। ਇੱਥੋਂ ਤਕ ਕਿ ਖੁਮੇਨਈ ਦੇ ਕਤਲ ਦੀ ਵੀ ਇਨ੍ਹਾਂ ਨੇ ਪੀੜ ਨਹੀਂ ਮਨਾਈ। ਇਰਾਨ ਨੇ ਹੋਰਮੂਜ਼ ਸਮੁੰਦਰੀ ਲਾਂਘਾ ਬੰਦ ਕਰ ਦਿੱਤਾ ਹੈ। ਅਰਬ ਦੇਸ਼ਾਂ ਵਿਚਲੇ ਸਾਰੇ ਅਮਰੀਕੀ ਫੌਜੀ ਅੱਡਿਆਂ, ਅਮਰੀਕੀ ਅੰਬੈਸੀਆਂ, ਅਮਰੀਕੀ ਅਦਾਰਿਆਂ ਉੱਤੇ ਅਸਰਦਾਰ ਹਮਲਾ ਕਰ ਦਿੱਤਾ ਹੈ, ਜਿਸ ਨੂੰ ਅਮਰੀਕਾ ਰੋਕ ਨਹੀਂ ਸਕਿਆ। ਇਰਾਨ ਨੇ ਇਜ਼ਰਾਇਲ ਉੱਤੇ ਵੀ ਸਬਕ ਸਿਖਾਊ ਜਵਾਬੀ ਮਿਸਾਈਲ ਹਮਲਾ ਕੀਤਾ ਹੈ। ਰੂਸ, ਚੀਨ ਅਤੇ ਉੱਤਰੀ ਕੋਰੀਆ ਨੇ ਇਸ ਬਿਪਤਾ ਵਿੱਚ ਇਰਾਨ ਦੀ ਬਾਂਹ ਫੜੀ ਹੈ।
ਲਿਬਨਾਨੀ ‘ਹਿਜ਼ਬੁਲਾ’ ਵੀ ਇਸ ਜ਼ਿੰਦਗੀ ਮੌਤ ਦੀ ਜੰਗ ਵਿੱਚ ਪੂਰਾ ਕੁੱਦ ਪਿਆ ਹੈ ਕਿਉਂਕਿ ਇਜ਼ਰਾਇਲ ਇਸ ਜੰਗ ਦੀ ਆੜ ਵਿੱਚ ਦੱਖਣੀ ਲਿਬਨਾਨ ਦੇ ਜੁੜਵੇਂ ਇਲਾਕੇ ਉੱਤੇ ਕਬਜ਼ਾ ਕਰ ਲੈਣ ਦੀ ਮਨਸ਼ਾ ਨਾਲ 6 ਮਹੀਨਿਆਂ ਤੋਂ ਰਾਜਧਾਨੀ ਬੈਰੂਤ ਤਕ ਹਮਲੇ ਕਰ ਰਿਹਾ ਸੀ। ਉੱਥੇ ਇਲਾਕਾ ਖਾਲੀ ਕਰਨ ਲਈ ਅਸਮਾਨੋ ਪਰਚੇ ਵੀ ਸੁੱਟੇ ਹਨ। ਇਜ਼ਰਾਇਲ ਨੇ ‘ਗਰੇਟਰ ਇਜ਼ਰਾਇਲ’ ਯੋਜਨਾ ਤਹਿਤ ਲਿਬਨਾਨ ਦੀ ਧਰਤੀ ਹਥਿਆਉਣ ਲਈ ਵੀ ਨਾਲ ਦੀ ਨਾਲ ਪੂਰਾ ਜ਼ੋਰ ਲਾ ਦਿੱਤਾ ਹੈ। ਨੇਤਨਯਾਹੂ ਦਾ ਸ਼ੇਖ਼ਚਿਲੀ ਸੁਪਨਾ ਇਹ ਵੀ ਹੈ ਕਿ ਇਰਾਨ ਦੀ ਹਾਰ ਉਪਰੰਤ ਹੀ ਹੋਰ ਗਵਾਂਢੀ ਇਲਾਕਿਆਂ ਉੱਤੇ ਕਬਜ਼ੇ ਸੁਖਾਲੇ ਹੋਣਗੇ।
ਹੁਣ ਸਵਾਲ ਇਹ ਹੈ ਕਿ ਕੀ ਅਮਰੀਕਾ-ਇਜ਼ਰਾਇਲ ਨੇ ਹਮਲੇ ਨਾਲ ਜੋ ਨਿਸ਼ਾਨੇ ਮਿਥੇ ਸਨ, ਉਹ ਕਿੰਨੇ ਕੁ ਪੂਰੇ ਹੋਏ ਹਨ? ਪਹਿਲਾ ਫੌਰੀ ਨਿਸ਼ਾਨਾ ਸੀ ਲੀਡਰਾਂ ਨੂੰ ਮਾਰਨਾ ਤੇ ਆਪਣੇ ਚੇਲੇ ਵਿਰੋਧੀ ਗੁੱਟਾਂ ਨੂੰ ਗੱਦੀ ਉੱਤੇ ਬਿਠਾ ਦੇਣਾ। ਪਰ ਹਮਲੇ ਨੇ ਤਾਂ ਇਰਾਨੀ ਅਣਖ ਨੂੰ ਹਲੂਣ ਕੇ ਕੌਮ ਨੂੰ ਸਗੋਂ ਇਕਮੁੱਠ ਕਰ ਦਿੱਤਾ ਹੈ। ਇਰਾਨੀ ਲੋਕ ਫਿਲਹਾਲ ਆਪਣੀਆਂ ਨਿੱਜੀ ਮੰਗਾਂ, ਮਸਲੇ ਇੱਕ ਪਾਸੇ ਰੱਖ ਕੇ ਆਪਣੇ ਦਲੇਰ ਆਗੂਆਂ ਪਿੱਛੇ ਡਟ ਗਏ ਹਨ। ਖੁਮੇਨਈ ਦਾ ਬੇਟਾ ਮੁਜ਼ਤਬਾ ਖੁਮੇਨਈ ਹੀ ਹੁਣ ਇਰਾਨ ਦਾ ਸਰਵਉੱਚ ਲੀਡਰ ਹੈ।
ਇਸ ਵਕਤ ਦੀ ਜ਼ਮੀਨੀ ਹਕੀਕਤ ਇਹ ਹੈ ਦੋਵੇਂ ਪਾਸਿਓਂ ਬਰੂਦ ਦਾ ਤਬਾਹਕੁੰਨ ਮੀਂਹ ਵਰ੍ਹ ਰਿਹਾ ਹੈ, ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਇਜ਼ਰਾਇਲੀ ਲੋਕ ਬੰਕਰਾਂ ਵਿੱਚ ਹਨ ਪਰ ਇਰਾਨੀ ਲੋਕ ਸੜਕਾਂ ਉੱਤੇ ਨਿਕਲ ਕੇ ਸਰਕਾਰ ਦੇ ਨਾਲ ਦਿਸ ਰਹੇ ਹਨ।
ਅਰਬ ਦੇਸ਼ਾਂ ਨੂੰ ਇਰਾਨ ਨੇ ਕਿਹਾ ਹੈ ਕਿ ਤੁਸੀਂ ਤਾਂ ਸਾਡੇ ਭਰਾ ਹੋ, ਤੁਹਾਡੀ ਧਰਤੀ ਉੱਤੇ ਅਮਰੀਕੀ ਮੌਜੂਦਗੀ ਹੀ ਤੁਹਾਡੇ ਸਾਡੇ ਕਸ਼ਟਾਂ ਦਾ ਕਾਰਨ ਹੈ। ਇਰਾਨੀ ਹਮਲਿਆਂ ਕਾਰਨ ਇਹ ਅਮਰੀਕੀ ਫੌਜੀ ਅੱਡੇ ਅਰਬ ਧਰਤੀ ਉੱਤੇ ਆਪਣੀ ਹਸਤੀ ਗਵਾ ਚੁੱਕੇ ਹਨ। ਇਨ੍ਹਾਂ ਅੱਡਿਆਂ ਦਾ ਭਵਿੱਖ ਧੁੰਦਲਾ ਜਾਪਦਾ ਹੈ।
ਨਾਟੋ ਦੇਸ਼ਾਂ, ਯੂਰਪੀ ਯੂਨੀਅਨ, ਅਰਬ ਦੇਸ਼ਾਂ, ਜਪਾਨ, ਆਸਟਰੇਲੀਆ, ਸਾਊਥ ਕੋਰੀਆ ਸਭ ਨੇ ਜੰਗ ਵਿੱਚ ਕੁੱਦਣ ਅਤੇ ਮਦਦ ਕਰਨ ਤੋਂ ਅਮਰੀਕਾ ਨੂੰ ਸਾਫ ਇਨਕਾਰ ਕਰ ਦਿੱਤਾ ਹੈ। ਇਰਾਨ ਨੇ ਆਖਿਆ ਕਿ ਸਮੁੰਦਰੀ ਲਾਂਘਾ ‘ਹੋਰਮੂਜ਼’ ਸਿਰਫ ਅਮਰੀਕਾ-ਇਜ਼ਰਾਇਲ ਅਤੇ ਇਨ੍ਹਾਂ ਦੇ ਮਦਦਗੀਰਾਂ ਲਈ ਹੀ ਬੰਦ ਹੈ, ਬਾਕੀ ਸਭ ਲਈ ਖੁੱਲ੍ਹਾ ਹੈ। ਅਮਰੀਕਾ ਨਾਟੋ ਉੱਤੇ ਭੜਕ ਗਿਆ ਹੈ, ਸਬਕ ਸਿਖਾਉਣ ਦੀਆਂ ਧਮਕੀਆਂ ਦੇ ਰਿਹਾ। ਸਭ ਦੇਸ਼ਾਂ ਨੂੰ ਲਾਂਘਾ ਖੁੱਲ੍ਹਵਾਉਣ ਲਈ ਮਦਦ ਕਰਨ ਦੀ ਗੁਹਾਰ ਲਾ ਰਿਹਾ ਪਰ ਫਿਲਹਾਲ ਸਭ ਵੱਲੋਂ ਨਾਂਹ ਹੈ। ਇਸਦੇ ਪਿਛੋਕੜ ਵਿੱਚ ਟਰੰਪ ਦੀ ਧਾਕੜ ਗਰੀਨਲੈਂਡ, ਕਨੇਡਾ ਅਤੇ ਟੈਰਿਫ ਨੀਤੀ ਵੀ ਹੈ। ਟਰੰਪ ਦੀ ਨਾਟੋ ਨਾਲੋਂ ਦੂਰੀ ਵਧਣੀ ਅਟੱਲ ਜਾਪਦੀ ਹੈ।
ਖ਼ਬਰਾਂ ਦੱਸਦੀਆਂ ਹਨ ਕਿ ਇਜ਼ਰਾਇਲ ਆਪਣੇ ਨੁਕਸਾਨ ਨੂੰ ਛੁਪਾ ਰਿਹਾ ਹੈ। ਨੇਤਨਯਾਹੂ ਅਤੇ ਟਰੰਪ ਨੇ ਜਿਸ ਕਿਸਮ ਦੀ ਸਿਆਸੀ ਭੱਲ ਲਈ ਇਹ ਇਕਪਾਸੜ ਹਮਲਾ ਕੀਤਾ, ਉਹ ਖੇਹ ਬਣ ਕੇ ਇਨ੍ਹਾਂ ਦੇ ਸਿਰ ਵਿੱਚ ਪੈ ਰਿਹਾ ਹੈ। ਅਰਬ ਦੇਸ਼ਾਂ ਦੀ ਟਰੰਪ ਨਾਲ ਨਾਰਾਜ਼ਗੀ ਦੀਆਂ ਖ਼ਬਰਾਂ ਹਨ।
ਪ੍ਰਮਾਣੂ ਮੁੱਦੇ, ਇਰਾਨ ਦੇ ਮਿਸਾਈਲ ਵਿਕਾਸ, ਪ੍ਰਾਕਸੀ ਸੰਗਠਨਾਂ ਬਾਰੇ ਇਰਾਨ ਨੇ ਆਖਿਆ ਕਿ ਉਹ ਹੁਣ ਅਮਰੀਕਾ ਨਾਲ ਕੋਈ ਵਾਰਤਾਲਾਪ ਨਹੀਂ ਕਰੇਗਾ। ਇਰਾਨ ਨੇ ਉਲਟਾ ਆਖਿਆ ਕਿ ਅਮਰੀਕਾ ਸਾਨੂੰ ਜੰਗ ਦਾ ਹਰਜਾਨਾ ਦੇਵੇ, ਅੱਗੋਂ ਤੋਂ ਹਮਲਾ ਨਾ ਕਰਨ ਦੀ ਗਰੰਟੀ ਦੇਵੇ। ਇਰਾਨ ਆਪਣੇ ਉੱਤੇ ਇਸ ਨਜਾਇਜ਼ ਹਮਲੇ ਨੂੰ, ਪ੍ਰਮਾਣੂ ਬੰਬ ਬਣਾਉਣ ਦੀ ਆਪਣੀ ਲੋੜ ਵਜੋਂ ਹੱਕ ਬਜਾਨਬ ਠਹਿਰਾ ਸਕਦਾ ਹੈ, ਇਸਦੀ ਸੰਭਾਵਨਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































