“ਇੱਕ ਮਹੀਨੇ ਦੀ ਲੜਾਈ ਦਾ ਨਿਚੋੜ ਇਹ ਹੈ ਕਿ ਅਮਰੀਕਾ-ਇਸਰਾਈਲ ਆਪਣੇ ...”
(6 ਅਪਰੈਲ 2026)
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਉੱਤੇ ਹਮਲੇ ਦੇ ਇੱਕ ਮਹੀਨੇ ਉਪਰੰਤ ਆਪਣੇ ਕੌਮ ਦੇ ਨਾਮ ਸੰਦੇਸ਼ ਵਿੱਚ ਐਲਾਨ ਕੀਤਾ ਕਿ ਇਰਾਨ ਨਾਲ ਜੰਗ ਜਿੱਤੀ ਪਈ ਹੈ ਤੇ ਬੱਸ ਦੋ ਤਿੰਨ ਹਫਤਿਆਂ ਤਕ ਹੋਰ ਚੱਲੇਗੀ। ਉਸਨੇ ਇਰਾਨੀ ਨੇਵੀ, ਰਾਡਾਰ, ਹਵਾਈ ਤਾਕਤ, ਪ੍ਰਮਾਣੂ ਕੇਂਦਰ ਅਤੇ ਮਿਜ਼ਾਈਲ ਲਾਂਚ ਸਿਸਟਮ ਤਬਾਹ ਕਰ ਦੇਣ ਦਾ ਦਾਅਵਾ ਕੀਤਾ। ਫੜ੍ਹ ਵੀ ਮਾਰੀ ਕਿ ਇਰਾਨ 6 ਅਪਰੈਲ ਤਕ ਸਮਝੌਤੇ ਲਈ ਝੁਕੇ, ਨਹੀਂ ਤਾਂ ਬੰਬਾਰੀ ਨਾਲ ਪੱਥਰ ਯੁਗ ਵਿੱਚ ਪੁਚਾ ਦਿਆਂਗਾ। ਪਰ ਟਰੰਪ ਨੇ ਆਪਣੇ ਸੰਬੋਧਨ ਵਿੱਚ ਇਰਾਨ ਅੰਦਰ ਕਿਸੇ ਤਰ੍ਹਾਂ ਦੇ ਗਰਾਊਂਡ ਉਪਰੇਸ਼ਨ ਕਰਨ ਦਾ ਨਾਮ ਨਹੀਂ ਸੀ ਲਿਆ ਅਤੇ ਹੌਰਮੂਜ਼ ਸਮੁੰਦਰੀ ਲਾਂਘਾ ਖੁੱਲ੍ਹਵਾਉਣ ਬਾਰੇ ਵੀ ਆਖਿਆ ਕਿ ਅਮਰੀਕਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਜਿਨ੍ਹਾਂ ਨੇ ਓਧਰੋਂ ਲੰਘਣਾ ਜਾਂ ਤੇਲ ਲੰਘਾਉਣਾ ਹੈ, ਉਹ ਕਰਨ ਜੋ ਕਰਨਾ ਹੈ। ਇਸ ਨਾਲ ਖਾੜੀ ਦੇ ਅਰਬ ਦੇਸ਼ਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੋਵੇਗਾ ਕਿਉਂਕਿ ਉਹਨਾਂ ਨੇ ਤਾਂ ਸਭ ਖੁਰਾਕੀ ਅਤੇ ਲੋੜ ਦਾ ਸਾਰਾ ਕੁਝ ਵੀ ਮੰਗਾਉਣਾ ਹੁੰਦਾ। ਉਹਨਾਂ ਨੂੰ ਤਾਂ ਆਪਣੀ ਧਰਤੀ ਉੱਤੇ ਅਮਰੀਕੀ ਫੌਜੀ ਅੱਡੇ ਬਣਵਾਉਣ ਕਾਰਨ ਹੀ ਜੰਗ ਦਾ ਸੇਕ ਲੱਗ ਰਿਹਾ ਹੈ, ਵਰਨਾ ਇਰਾਨ ਨਾਲ ਕੋਈ ਝਗੜਾ ਹੀ ਨਹੀਂ ਹੈ। ਟਰੰਪ ਨੇ ਇਹ ਵੀ ਕਿਹਾ ਕਿ ਇਰਾਨ ਸਰਕਾਰ ਬਦਲਣਾ ਸਾਡਾ ਮਕਸਦ ਹੀ ਨਹੀਂ ਸੀ। ਇਹ ਬਿਆਨ ਸੁਣਕੇ ਇਵੇਂ ਲੱਗਾ ਜਿਵੇਂ ਪਹਿਲਾਂ ਵੀ ਅਤੇ ਹੁਣ ਵੀ ਇਰਾਨ ਨੂੰ ਸਿਰਫ ਤਬਾਹ ਕਰਨਾ ਹੀ ਜੰਗ ਦਾ ਅਸਲੀ ਮਕਸਦ ਹੋਵੇ।
ਟਰੰਪ ਦੇ ਸੰਬੋਧਨ ਉਪਰੰਤ ਦੋਵਾਂ ਪਾਸਿਓਂ ਤੋਂ ਹਮਲੇ ਹੋਰ ਪ੍ਰਚੰਡ ਹੋ ਗਏ ਹਨ, ਜਾਨੀ-ਮਾਲੀ ਨੁਕਸਾਨ ਵਧਿਆ ਹੈ। 18 ਅਮਰੀਕੀ ਕੰਪਨੀਆਂ ਉੱਤੇ ਖਾੜੀ ਦੇਸ਼ਾਂ ਵਿੱਚ ਹਮਲੇ ਕਾਰਨ ਇਮਾਰਤਾਂ ਖਾਲੀ ਹੋ ਗਈਆਂ ਹਨ। ਇਸਰਾਈਲ ਅਤੇ ਅਮਰੀਕਾ 200 ਜਹਾਜ਼ਾਂ ਨਾਲ ਲਗਾਤਾਰ ਵਿਨਾਸ਼ਕਾਰੀ ਹਮਲੇ ਕਰ ਰਹੇ ਹਨ, ਜਦਕਿ ਇਰਾਨ, ਲਿਬਨਾਨੀ ਹਿਜ਼ਬੁੱਲਾ ਅਤੇ ਯਮਨ ਦੇ ਹੂਤੀ ਮੋੜਵਾਂ ਮਾਰੂ ਜਵਾਬ ਦੇ ਕੇ ਹੈਰਾਨ ਕਰ ਰਹੇ ਹਨ। ਸ਼ੁੱਕਰਵਾਰ ਇੱਕ ਦਿਨ ਵਿੱਚ ਹੀ ਅਮਰੀਕਾ ਦੇ ਚਾਰ ਲੜਾਕੂ ਜਹਾਜ਼ ਅਤੇ ਤਿੰਨ ਹੈਲੀਕਾਪਟਰ ਇਰਾਨ ਨੇ ਮਾਰ ਗਿਰਾਏ ਹਨ। ਇਰਾਨ ਦੁਆਲੇ ਅਮਰੀਕੀ ਫੌਜੀ ਜਮਾਵੜਾ, ਹਮਲੇ ਅਤੇ ਤਬਾਹੀ ਵੀ ਜਾਰੀ ਹੈ।
ਇਸਲਾਮਾਬਾਦ ਸਮਝੌਤਾ ਵਾਰਤਾ ਦੀ ਚਰਚਾ ਫਿਲਹਾਲ ਠੱਪ ਹੈ। ਇਸਰਾਈਲ ਤਾਂ ਪਹਿਲਾਂ ਤੋਂ ਹੀ ਇਰਾਨ ਨਾਲ ਕਿਸੇ ਵੀ ਸਮਝੌਤੇ ਦਾ ਸਖ਼ਤ ਵਿਰੋਧੀ ਹੈ, ਤੇ ਅਮਰੀਕੀ ਸ਼ਮੂਲੀਅਤ ਵਾਲੀ ਇਸ ਜੰਗ ਨੂੰ ਇਰਾਨ ਦੀ ਤਬਾਹੀ ਦੇ ਇੱਕ ਸੁਨਹਿਰੀ ਮੌਕੇ ਵਜੋਂ ਦੇਖ ਰਿਹਾ ਹੈ। ਇਰਾਨ ਅਗਾਂਹ ਲਈ ਸੁਰੱਖਿਆ ਗਰੰਟੀ ਅਤੇ ਆਪਣੇ ਬਾਬਤ ਹਰ ਪੱਖੋਂ ਨਿਆਈਂ ਵਤੀਰੇ ਤੋਂ ਬਿਨਾਂ ਸਮਝੌਤਾ ਨਹੀਂ ਕਰਨਾ ਚਾਹੁੰਦਾ। ਮੇਰਾ ਖਿਆਲ ਹੈ ਕਿ ਇਰਾਨ ਦਾ ਅਮਰੀਕਾ ਨਾਲ ਤਾਂ ਕਦੀ ਨਾ ਕਦੀ ਸਮਝੌਤਾ ਹੋ ਸਕਦਾ, ਪਰ ਨੇਤਨਯਾਹੂ ਦੇ ਹੁੰਦਿਆਂ ਇਸਰਾਈਲ ਨਾਲ ਸੰਭਵ ਨਹੀਂ।
ਇੰਜ ਦੋਵੇਂ ਧਿਰਾਂ ਆਪਸੀ ਸਹਿਮਤੀ ਬਣਨ ਪੱਖੋਂ ਉਸ ਤੋਂ ਵੀ ਦੂਰ ਚਲੇ ਗਈਆਂ ਹਨ, ਜਿੱਥੇ ਜੰਗ ਲੱਗਣ ਤੋਂ ਪਹਿਲਾਂ ਸਨ। ਬੇਵਿਸ਼ਵਾਸੀ ਸਿਖਰ ਉੱਤੇ ਹੈ। ਜੰਗ ਹਰ ਤਰ੍ਹਾਂ ਦੀਆਂ ਹੱਦਾਂ ਲੰਘ ਜਾਣ ਵਾਲੇ ਪਾਸੇ ਤੁਰਦੀ ਦਿਸਦੀ ਹੈ।
ਅਮਰੀਕਾ ਦੀ ‘ਬਿਊਰੋ ਆਫ ਕਾਊਂਟਰ ਟੈਰਿਰਿਜ਼ਮ’ ਦੇ ਮੁਖੀ ਕੈਂਟ ਵੀ ਇਹ ਆਖ ਕੇ ਅਸਤੀਫਾ ਦੇ ਚੁੱਕਾ ਕਿ ਇਰਾਨ ਕੋਲੋਂ ਅਮਰੀਕਾ ਨੂੰ ਕੋਈ ਖ਼ਤਰਾ ਨਹੀਂ ਸੀ, ਇਰਾਨ ਉੱਤੇ ਹਮਲਾ ਟਰੰਪ ਅਤੇ ਨੇਤਨਯਾਹੂ ਦੀ ਜ਼ਿਆਦਤੀ ਹੈ, ਇਹ ਅਮਰੀਕਾ ਦੇ ਹਿਤ ਵਿੱਚ ਨਹੀਂ। ਦੁਨੀਆਂ ਦੇ 100 ਪ੍ਰਮੁੱਖ ਕਾਨੂੰਨੀ ਮਾਹਰਾਂ ਨੇ ਸਾਂਝਾ ਬਿਆਨ ਦਿੱਤਾ ਹੈ ਕਿ ਅਮਰੀਕਾ-ਇਸਰਾਈਲ ਵੱਲੋਂ ਇਹ ਹਮਲਾ ਯੂ.ਐੱਨ ਚਾਰਟਰ ਦੀ ਘੋਰ ਉਲੰਘਣਾ ਹੈ।
ਮੈਂ 30 ਜਨਵਰੀ 2003 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਆਪਣੇ ਲੇਖ ‘ਏਸ਼ੀਆ ਵਿੱਚ ਦਨਦਨਾਉਂਦਾ ਅਮਰੀਕੀ ਸਾਮਰਾਜ’ ਵਿੱਚ ਹੀ ਲਿਖਿਆ ਸੀ ਕਿ “ਇਹ ਖਿੱਤਾ ਤੇਲ ਭੰਡਾਰਾਂ ਨਾਲ ਮਾਲਾਮਾਲ ਹੈ... ਇਸ ਖਿੱਤੇ ਵਿੱਚ ਹਰ ਤਰ੍ਹਾਂ ਦੀ ਫੌਜੀ ਚੁਣੌਤੀ ਨੂੰ ਉੱਗਣ ਨਾ ਦੇਣਾ ਅਮਰੀਕਾ ਦੀ ਯੁੱਧ ਨੀਤੀ ਹੈ। ਕੋਈ ਵੱਡੀ ਗੱਲ ਨਹੀਂ ਜੇ ਇਰਾਕ ਉੱਤੇ ਹਮਲੇ ਤੋਂ ਬਾਅਦ ਇਰਾਨ, ਉੱਤਰੀ ਕੋਰੀਆ, ਜਾਂ ਲੀਬੀਆ ਉੱਤੇ ਵੀ ਹਮਲਾ ਕਰ ਦਿੱਤਾ ਜਾਵੇ।”
ਸੋਵੀਅਤ ਯੂਨੀਅਨ ਦੇ 15 ਦੇਸ਼ਾਂ ਵਿੱਚ ਵੰਡੇ ਜਾਣ ਉਪਰੰਤ 1992 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਆਪਣੀ ਪਾਰਲੀਮੈਂਟ ਵਿੱਚ ਐਲਾਨ ਕੀਤਾ ਸੀ, “ਜਦੋਂ ਮੈਂ ਅਮਰੀਕਾ ਦਾ ਪ੍ਰਧਾਨ ਬਣਿਆ ਸੀ ਤਾਂ ਦੁਨੀਆਂ ਵਿੱਚ ਦੋ ਮਹਾਂਸ਼ਕਤੀਆਂ ਸਨ। ਮੈਂ ਫਖ਼ਰ ਨਾਲ ਐਲਾਨ ਕਰ ਰਿਹਾ ਹਾਂ ਕਿ ਦੂਜੀ ਮਹਾਂਸ਼ਕਤੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਅਮਰੀਕਾ ਹੀ ਇੱਕੋ ਇੱਕ ਮਹਾਂਸ਼ਕਤੀ ਹੈ।”
‘ਇੱਕੋ ਇੱਕ ਮਹਾਂਸ਼ਕਤੀ’ ਹੋਣ ਵਾਲਾ ਨਸ਼ਾ ਟਰੰਪ ਦੇ ਇੰਨਾ ਸਿਰ ਨੂੰ ਚੜ੍ਹ ਗਿਆ ਕਿ ਆਪਣੇ ਫੌਜੀ ਗੱਠਜੋੜ ‘ਨਾਟੋ’ ਦੇ ਮੈਂਬਰ ਦੇਸ਼ਾਂ (ਗਰੀਨਲੈਂਡ, ਕਨੇਡਾ) ਉੱਤੇ ਕਬਜ਼ਾ ਕਰ ਲੈਣ ਦੇ ਬਿਆਨ, ਦੁਨੀਆਂ ਉੱਤੇ ਇਕਪਾਸੜ ਟੈਰਿਫ ਵਧਾਉਣ ਦੇ ਚਲਨ ਨੇ ‘ਨਾਟੋ’ ਗੱਠਜੋੜ ਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ ਹੈ। ਇਸੇ ਲਈ ਟਰੰਪ ਦੀਆਂ ਬਾਰ ਬਾਰ ਅਪੀਲਾਂ ਦੇ ਬਾਵਜੂਦ ਕੋਈ ਵੀ ‘ਨਾਟੋ’ ਦੇਸ਼ ਅਮਰੀਕਾ ਨਾਲ ਇਰਾਨ ਵਿਰੁੱਧ ਲੜਨ ਲਈ ਨਹੀਂ ਆਇਆ। ਸਗੋਂ ਫਰਾਂਸ, ਸਪੇਨ, ਇਟਲੀ, ਜਰਮਨੀ, ਇੰਗਲੈਂਡ, ਸਵਿਟਜ਼ਰਲੈਂਡ, ਜਪਾਨ, ਆਸਟਰੇਲੀਆ ਅਤੇ ਆਸਟਰੀਆ ਨੇ ਆਖਿਆ ਹੈ ਕਿ ਇਹ ਸਾਡੀ ਜੰਗ ਨਹੀਂ। ਇਟਲੀ ਨੇ ਤਾਂ ਅਮਰੀਕੀ ਜਹਾਜ਼ ਆਪਣੀ ਧਰਤੀ ’ਤੇ ਨਹੀਂ ਉੱਤਰਨ ਦਿੱਤੇ। ਅਮਰੀਕਾ ਨੇ ਵੀ ਅੱਗੋਂ ਆਖ ਦਿੱਤਾ ਕਿ ਯੁਕਰੇਨ ਵੀ ਫਿਰ ਸਾਡੀ ਜੰਗ ਨਹੀਂ। ਸ਼ਾਇਦ ਹੁਣ ‘ਨਾਟੋ’ ਦਾ ਵਜੂਦ ਪਹਿਲਾਂ ਵਾਲਾ ਨਹੀਂ ਰਹਿ ਸਕੇਗਾ। ਸਿਆਸੀ ਪੱਖੋਂ ਇਹ ਜੰਗ ਅਮਰੀਕਾ ਨੂੰ ਸਭ ਤੋਂ ਵੱਧ ਮਹਿੰਗੀ ਪਵੇਗੀ।
ਆਮ ਲੋਕ ਸੋਚਦੇ ਹਨ ਕਿ ਜੇ ਪ੍ਰਮਾਣੂ ਬੰਬਾਂ ਨਾਲ ਲੈਸ ਮੁਲਕਾਂ ਨੇ ਇਹ ਧੌਂਸ ਵਖਾ ਕੇ ਦੂਜੇ ਮੁਲਕਾਂ ਦਾ ਇਰਾਨ ਵਾਲਾ ਹਾਲ ਕਰਨਾ ਹੈ, ਤਾਂ ਫਿਰ ‘ਮਰਦਾ ਕੀ ਨਹੀਂ ਕਰਦਾ’ ਦੇ ਅਖਾਣ ਮੁਤਾਬਿਕ ਉਹਨਾਂ ਕੋਲ ਵੀ ਅੱਗੋਂ ਉੱਤਰੀ ਕੋਰੀਆ ਵਾਂਗ ਐਟਮ ਬੰਬ ਬਣਾ ਕੇ ਆਪਣਾ ਬਚਾ ਕਰ ਲੈਣ ਤੋਂ ਸਿਵਾ ਹੋਰ ਚਾਰਾ ਵੀ ਕੀ ਹੈ? ਟਰੰਪ ਤਾਂ ਕਹਿ ਚੁੱਕਾ ਕਿ ਜ਼ਰਾ ਕੁ ਇੰਤਜ਼ਾਰ ਕਰੋ, ਇਰਾਨੀ ਤੇਲ ਵੀ ਸਾਡਾ ਹੋਵੇਗਾ।
ਇਸਰਾਈਲ ਇਸ ਜੰਗ ਦੀ ਆੜ ਵਿੱਚ ‘ਗਰੇਟਰ ਇਸਰਾਈਲ’ ਅਜੰਡੇ ਤਹਿਤ ਲਿਬਨਾਨ ਦੇ ਦੱਖਣੀ ਇਲਾਕੇ ਉੱਤੇ ‘ਲਿਤਾਨੀ’ ਦਰਿਆ ਜੋ ਇਸਰਾਈਲੀ ਹੱਦ ਤੋਂ 30 ਕਿਲੋਮੀਟਰ ਦੂਰ ਹੈ, ਤਕ ਕਬਜ਼ਾ ਕਰਨ ਲਈ ਵੀ ਹਮਲੇ ਕਰ ਰਿਹਾ ਹੈ। ਇਸਰਾਈਲ ਦੀ ਸਰਕਾਰ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ ਕਿ ਹਿਰਾਸਤ ਵਿਚਲੇ ਸਜ਼ਾਯਾਫਤਾ ਲੋਕਾਂ (ਯਹੂਦੀਆਂ ਨੂੰ ਨਹੀਂ) ਨੂੰ 90 ਦਿਨਾਂ ਦੇ ਅੰਦਰ ਅੰਦਰ ਫਾਂਸੀ ਦੇ ਦਿੱਤੀ ਜਾ ਸਕੇਗੀ। ਇਸ ਨਸਲੀ ਜਬਰ ਉੱਤੇ ਯੂਰਪੀ ਦੇਸ਼ ਵੀ ਭੜਕ ਗਏ ਹਨ। ਸਭ ਮੁਸਲਿਮ ਦੇਸ਼ ਡੈਂਬਰੇ ਹੋਏ ਅਤੇ ਚੁੱਪ ਹਨ। ਇਸਰਾਈਲ ਆਸ ਪਾਸ ‘ਪੁਆੜੇ ਦੀ ਜੜ੍ਹ’ ਮੁਲਕ ਵਾਂਗ ਹਰਕਤਾਂ ਕਰ ਰਿਹਾ।
ਜਦਕਿ ਇਰਾਨ ਵਾਸਤੇ ਇਹ ਥੋਪੀ ਗਈ ਜੰਗ ਲੜਨਾ ਆਪਣੀ ਹੋਂਦ ਅਤੇ ਅਣਖ ਨੂੰ ਬਚਾਉਣ ਦਾ ਕੌਮੀ ਯੁੱਧ ਬਣ ਗਿਆ ਹੈ। ਇਰਾਨ ਦੇ ਹੌਸਲੇ ਬੁਲੰਦ ਹਨ। ਇਸਰਾਈਲੀ ਜਨਤਾ ਇੱਕ ਤਰ੍ਹਾਂ ਬੰਕਰਾਂ ਵਿੱਚ ਹੈ। ਇੱਕ ਕਰੋੜ ਅਮਰੀਕੀ ਜਨਤਾ ਜੰਗ ਵਿਰੋਧੀ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਈ ਹੈ। ਤਾਜ਼ੀ ਖ਼ਬਰ ਕਿ ਟਰੰਪ ਨੇ ਅਮਰੀਕੀ ਸੈਨਾਵਾਂ ਦੇ ਮੁਖੀ ਰੈਂਡੀ ਜਾਰਜ਼ ਅਤੇ ਸੋਲਿਸਟਰ ਜਨਰਲ ਪਾਮ ਬੈਂਡੀ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਹੈ। ਅਹੁਦਿਓਂ ਹਟਾਏ ਫੌਜ ਮੁਖੀ ਨੇ ਟਰੰਪ ਉੱਤੇ ਨਿਸ਼ਾਨਾ ਸਾਧਦਿਆਂ ਪੱਤਰ ਲਿਖਿਆ ਹੈ ਕਿ ਅਮਰੀਕੀ ਸੈਨਾਵਾਂ ਦਾ ਸੁਪਰੀਮ ਕਮਾਂਡਰ ਚਰਿੱਤਰਵਾਨ ਹੋਣਾ ਚਾਹੀਦਾ ਹੈ। ਉੱਥੋਂ ਦੇ ਸਰਵੇਖਣਾਂ ਵਿੱਚ ਯੁੱਧ ਕਾਰਨ ਟਰੰਪ ਦਾ ਸਮਰਥਨ 35 % ਰਹਿ ਗਿਆ ਹੈ। ਯੂ. ਐੱਨ ਸਕੱਤਰ ਜਨਰਲ ਗੁਟਰਸ ਨੇ ਅਮਰੀਕਾ-ਇਸਰਾਈਲ ਨੂੰ ਹਮਲੇ ਫੌਰੀ ਰੋਕਣ ਲਈ ਆਖਿਆ ਹੈ। ਅਮਰੀਕੀ ਮੈਗਜ਼ੀਨ ‘ਟਾਈਮਜ਼’ ਨੇ ਆਪਣੇ ‘ਕਵਰ ਪੰਨੇ’ ਉੱਤੇ ਟਰੰਪ ਦੀ ਫੋਟੋ ਲਾ ਕੇ ਉੱਪਰ ਲਿਖਿਆ ਹੈ ਕਿ “ਟਰੰਪ ਬਾਹਰ ਨਿਕਲਣ ਦਾ ਰਸਤਾ ਲੱਭ ਹੈ।”
ਇੱਕ ਮਹੀਨੇ ਦੀ ਲੜਾਈ ਦਾ ਨਿਚੋੜ ਇਹ ਹੈ ਕਿ ਅਮਰੀਕਾ-ਇਸਰਾਈਲ ਆਪਣੇ ਸਰਕਾਰ ਬਦਲਣ ਦੇ ਐਲਾਨਾਂ ਤੋਂ ਮੁੱਕਰ ਗਏ ਹਨ। ਸਗੋਂ ਉਲਟਾ ਇਰਾਨੀ ਆਗੂਆਂ ਦੇ ਕਤਲਾਂ ਦੇ ਬਾਵਜੂਦ ਅਮਰੀਕੀ ਏਜੰਸੀ ‘ਰੌਇਟਰਜ਼’ ਦੀ ਰਿਪੋਰਟ ਹੈ ਕਿ ਇਰਾਨ ਸਰਕਾਰ ਨੂੰ ਲੋਕਾਂ ਦੀ ਹਿਮਾਇਤ ਬਹੁਤ ਵਧ ਗਈ ਹੈ। ਪ੍ਰਮਾਣੂ ਮੁੱਦੇ ਬਾਰੇ ਤਾਂ ਸੰਭਾਵਨਾ ਹੈ ਕਿ ਇਰਾਨ ਪ੍ਰਮਾਣੂ ਬੰਬ ਬਣਾਉਣ ਨੂੰ ਹੁਣ ਆਪਣੀ ਜ਼ਰੂਰਤ ਵਜੋਂ ਪੇਸ਼ ਕਰਨ ਵੱਲ ਵਧੇਗਾ। ਇਰਾਨ ਦੀ ਮਿਜ਼ਾਈਲ ਡਰੋਨ ਸ਼ਕਤੀ ਅਜਿੱਤ ਜਾਪਣ ਲੱਗੀ ਹੈ। ਟਰੰਪ ਜਦੋਂ ਸੰਬੋਧਨ ਵਿੱਚ ਕਹਿ ਰਿਹਾ ਸੀ ਕਿ ਇਰਾਨ ਦੀ ਲੜਨ ਸ਼ਕਤੀ ਖ਼ਤਮ ਕਰ ਦਿੱਤੀ ਗਈ ਹੈ, ਉਸ ਤੋਂ 34 ਮਿੰਟ ਬਾਅਦ ਇਰਾਨ ਨੇ ਜੋ ਇਸਰਾਈਲ ਉੱਤੇ ਹਮਲਾ ਕੀਤਾ, ਉਸ ਬਾਰੇ ਇਸਰਾਈਲ ਨੇ ਕਿਹਾ ਕਿ ਇਹ ਅੱਜ ਤਕ ਦਾ ਸਭ ਤੋਂ ਵੱਡਾ ਹਮਲਾ ਹੈ। ਦੂਜੇ ਬੰਨੇ ਅਮਰੀਕਾ-ਇਸਰਾਈਲ ਵੀ ਇਰਾਨ ਦੀ ਮੁਕੰਮਲ ਬਰਬਾਦੀ ਕਰਨ ਵੱਲ ਵਧ ਰਹੇ ਹਨ।
ਹੌਰਮੂਜ਼ ਸਮੁੰਦਰੀ ਲਾਂਘਾ ਅਮਰੀਕਾ ਇਸਰਾਈਲ ਅਤੇ ਉਹਨਾਂ ਦੇ ਸਹਿਯੋਗੀਆਂ ਲਈ ਇਰਾਨ ਨੇ ਫਿਲਹਾਲ ਬੰਦ ਕਰ ਦਿੱਤਾ ਹੈ। ਮੱਧ ਪੂਰਬੀ ਅਰਬ ਦੇਸ਼ਾਂ ਦਾ ਕਾਰੋਬਾਰ ਚੌਪਟ ਹੋਣ ਵੱਲ ਹੈ। ਅਰਬ ਦੇਸ਼ਾਂ ਵਿਚਲੇ ਅਮਰੀਕੀ ਫੌਜੀ ਅੱਡਿਆਂ ਦਾ ਬਹੁਤ ਨੁਕਸਾਨ ਹੋਇਆ ਹੈ। ਇੱਕੋ ਇੱਕ ਮਹਾਂਸ਼ਕਤੀ ਵਾਲਾ ਭਰਮ ਟੁੱਟ ਗਿਆ ਹੈ।
ਇਰਾਨ ਦਾ ਪੈਂਤੜਾ ਹੈ ਕਿ ਉਹ ਹੁਣ ਕਿਸੇ ਧੋਖੇ ਵਿੱਚ ਨਹੀਂ ਆਵੇਗਾ। ਜਦਕਿ ਟਰੰਪ ਇੱਕ ਪਾਸੇ ਡੀਲ ਕਰਨ ਲਈ ਧਮਕਾ ਰਿਹਾ ਅਤੇ ਦੂਜੇ ਪਾਸੇ ਕਿਸੇ ਅਪ੍ਰੇਸ਼ਨ ਲਈ ਘੇਰਾਬੰਦੀ ਵੀ ਜ਼ੋਰ-ਸ਼ੋਰ ਨਾਲ ਜਾਰੀ ਹੈ। ਟਰੰਪ ਦੀ ਗੱਲ ’ਤੇ ਹੁਣ ਕੋਈ ਯਕੀਨ ਨਹੀਂ ਕਰਦਾ।
ਸੰਸਾਰ ਭਰ ਵਿੱਚ ਤੇਲ-ਗੈਸ ਦਾ ਵੱਡਾ ਸੰਕਟ ਆ ਚੁੱਕਾ ਦਿਸ ਰਿਹਾ ਹੈ। 85 ਦੇਸ਼ਾਂ ਵਿੱਚ ਤੇਲ ਦੇ ਭਾਅ 50% ਤਕ ਵਧ ਚੁੱਕੇ ਹਨ। ਸ਼ੇਅਰ ਬਜ਼ਾਰ ਮੂਧੇ ਮੂੰਹ ਡਿਗੇ ਪਏ ਹਨ। ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ। ਹਾਹਾਕਾਰ ਮਚੀ ਪਈ ਹੈ। ਰੂਸ ਨੇ ਇੱਕ ਅਪਰੈਲ ਤੋਂ ਅਗਲੇ 4 ਮਹੀਨਿਆਂ ਲਈ ਆਪਣੇ ਤੇਲ ਅਤੇ ਗੈਸ ਦੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ। ਇਹ ਖ਼ਤਰਨਾਕ ਹਾਲਾਤ ਕੋਈ ਵੀ ਮੋੜ ਲੈ ਸਕਦੇ ਹਨ।
ਲੋਕੋ! ਬੰਦੇ ਵੱਲੋਂ ਸਾਰੀ ਕੁਦਰਤੀ ਲੀਲ੍ਹਾ ਨੂੰ ਫਨਾਹ ਕਰਨ ਲਈ ਐਟਮ ਬੰਬ ਬਣਾਉਣੇ ਧਰਤੀ ਵਿਰੋਧੀ ਗੁਨਾਹ ਹੈ। ਕਾਸ਼! ਇਨਸਾਨ ਆਪਣਾ ਮੂਲ ਪਛਾਣ ਕੇ ਧਰਤੀ ਮਾਂ ਨਾਲ, ਕੁਦਰਤ ਨਾਲ ਆਪਣਾ ਪਿਆਰਾ ਰਿਸ਼ਤਾ ਬਣਾ ਲਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































