“ਇੱਕ ਹੋਰ ਮਹੱਤਵਪੂਰਨ ਕਾਰਕ ਭਰੋਸਾ ਹੈ। ਜਦੋਂ ਦੁਨੀਆ ਵਿੱਚ ਯੁੱਧ ਅਤੇ ...”
(4 ਅਪਰੈਲ 2026)
ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਕਾਰ ਵਧਦਾ ਯੁੱਧ ਸਿਰਫ ਸੁਰੱਖਿਆ ਜਾਂ ਰਾਜਨੀਤਿਕ ਮਸਲਾ ਨਹੀਂ, ਸਗੋਂ ਵਿਸ਼ਵ ਅਰਥਵਿਵਸਥਾ, ਖ਼ਾਸ ਕਰਕੇ ਡਾਲਰ ਦੀ ਸਰਦਾਰੀ ਲਈ ਵੀ ਇੱਕ ਵੱਡਾ ਖਤਰਾ ਬਣ ਸਕਦਾ ਹੈ। ਅਮਰੀਕੀ ਡਾਲਰ ਦਹਾਕਿਆਂ ਤੋਂ ਵਿਸ਼ਵ ਦੀ ਰਿਜ਼ਰਵ ਕਰੰਸੀ ਰਿਹਾ ਹੈ, ਪਰ ਜਦੋਂ ਯੁੱਧ, ਅਸਥਿਰਤਾ ਅਤੇ ਭਰੋਸੇ ਦੀ ਘਾਟ ਵਧੇਗੀ ਤਾਂ ਡਾਲਰ ਦੀ ਪੁਜ਼ੀਸ਼ਨ ਵੀ ਹਿੱਲ ਸਕਦੀ ਹੈ।
ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਮਰੀਕੀ ਡਾਲਰ ਦੀ ਤਾਕਤ ਸਿਰਫ ਅਮਰੀਕਾ ਦੀ ਅਰਥਵਿਵਸਥਾ ਨਾਲ ਨਹੀਂ, ਸਗੋਂ ਦੁਨੀਆ ਦੇ ਭਰੋਸੇ ਨਾਲ ਜੁੜੀ ਹੋਈ ਹੈ। ਜਦੋਂ ਅਮਰੀਕਾ ਵੱਡੇ ਪੱਧਰ ’ਤੇ ਯੁੱਧਾਂ ਵਿੱਚ ਸ਼ਾਮਲ ਹੁੰਦਾ ਹੈ, ਜਿਵੇਂ ਕਿ ਇਰਾਨ ਨਾਲ ਟਕਰਾਅ, ਤਾਂ ਉਸਦੇ ਖਰਚੇ ਵਧਦੇ ਹਨ, ਕਰਜ਼ਾ ਵਧਦਾ ਹੈ ਅਤੇ ਫਿਸਕਲ ਦਬਾਅ ਪੈਦਾ ਹੁੰਦਾ ਹੈ, ਜਿਹੜਾ ਡਾਲਰ ਦੀ ਮਜ਼ਬੂਤੀ ਨੂੰ ਕਮਜ਼ੋਰ ਕਰ ਸਕਦਾ ਹੈ। ਇੱਕ ਹੋਰ ਪੱਖ, ਪੈਟਰੋਲੀਅਮ ਪਦਾਰਥਾਂ ਅਤੇ ਮੱਧ-ਪੂਰਬ ਨਾਲ ਜੁੜਿਆ ਹੋਇਆ ਹੈ। ਦੁਨੀਆ ਦਾ ਵੱਡਾ ਹਿੱਸਾ ਪੈਟਰੋਲੀਅਮ ਪਦਾਰਥਾਂ ਦੀ ਖਰੀਦੋ-ਫਰੋਖਤ ਡਾਲਰ ਵਿੱਚ ਕਰਦਾ ਹੈ, ਜਿਸਨੂੰ ‘ਪੈਟਰੋਡਾਲਰ ਸਿਸਟਮ’ ਕਿਹਾ ਜਾਂਦਾ ਹੈ। ਜੇਕਰ ਇਰਾਨ ਨਾਲ ਯੁੱਧ ਹੋਰ ਖਿੱਚਿਆ ਜਾਂਦਾ ਹੈ ਅਤੇ ਹੌਰਮੁਜ਼ ਸਟ੍ਰੇਟ ਵਰਗੇ ਮਹੱਤਵਪੂਰਨ ਰਸਤੇ ਪ੍ਰਭਾਵਿਤ ਹੁੰਦੇ ਹਨ ਤਾਂ ਤੇਲ ਸਪਲਾਈ ਵਿੱਚ ਰੁਕਾਵਟ ਆ ਸਕਦੀ ਹੈ। ਇਸ ਨਾਲ ਸੰਸਾਰ ਦੇ ਹੋਰ ਮੁਲਕ ਆਪਸੀ ਲੈਣ-ਦੇਣ ਕਰਨ ਲਈ ਹੋਰ ਵਿਕਲਪ ਲੱਭਣਗੇ, ਜਿਵੇਂ ਕਿ ਯੂਆਨ ਜਾਂ ਹੋਰ ਕਰੰਸੀ, ਜਿਹੜਾ ਡਾਲਰ ਦੀ ਮੰਗ ਨੂੰ ਸਿੱਧਾ ਘਟਾ ਜਾਂ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।
ਜੇਕਰ ਯੁੱਧ ਲੰਮੇ ਸਮੇਂ ਤਕ ਚਲਦਾ ਹੈ ਤਾਂ ਹੋਰ ਵੱਡੀਆਂ ਅਰਥਵਿਵਸਥਾਵਾਂ, ਜਿਵੇਂ ਚੀਨ ਅਤੇ ਰੂਸ, ਡਾਲਰ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਨਗੇ ਜੋ ਪਹਿਲਾਂ ਹੀ ਡਾਲਰ ਦੇ ਵਿਰੁੱਧ ਹਨ। ਰੂਸ ਵਰਗਾ ਸ਼ਕਤੀਸ਼ਾਲੀ ਦੇਸ਼ ਕਾਫੀ ਹੱਦ ਤਕ ਡਾਲਰ ਤੋਂ ਕਿਨਾਰਾ ਕਰ ਚੁੱਕਿਆ ਹੈ। ਇਹ “ਡੀ-ਡਾਲਰਾਈਜ਼ੇਸ਼ਨ” ਦੀ ਪ੍ਰਕਿਰਿਆ ਨੂੰ ਤੇਜ਼ੀ ਪ੍ਰਦਾਨ ਕਰੇਗਾ। ਜੇਕਰ ਅਮਰੀਕਾ-ਇਰਾਨ ਯੁੱਧ ਹੋਰ ਵਧਦਾ ਹੈ, ਜਿਸਦੇ ਆਸਾਰ ਵੀ ਹਨ, ਤਾਂ ਇਹ ਰੁਝਾਨ ਹੋਰ ਮਜ਼ਬੂਤ ਹੋ ਸਕਦਾ ਹੈ, ਜਿਸ ਨਾਲ ਡਾਲਰ ਦੀ ਸੰਸਾਰ ’ਤੇ ਪਕੜ ਹੌਲੀ-ਹੌਲੀ ਢਿੱਲੀ ਪੈ ਸਕਦੀ ਹੈ।
ਇਸ ਸੰਦਰਭ ਵਿੱਚ ਇਰਾਕ ਅਤੇ ਸਦਾਮ ਹੂਸੈਨ ਦਾ ਮਾਮਲਾ ਵੀ ਮਹੱਤਵਪੂਰਨ ਹੈ। ਸੰਨ 2000 ਦੇ ਸ਼ੁਰੂਆਤੀ ਦਹਾਕੇ ਵਿੱਚ ਸਦਾਮ ਹੁਸੈਨ ਨੇ ਤੇਲ ਦੀ ਵਿਕਰੀ ਡਾਲਰ ਦੀ ਬਜਾਏ ਯੂਰੋ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਦਮ ਨੂੰ ਕਈ ਰਣਨੀਤੀਘਾੜੇ ਡਾਲਰ ਲਈ ਇੱਕ ਚੁਣੌਤੀ ਵਜੋਂ ਦੇਖਦੇ ਹਨ। ਸੰਨ 2003 ਵਿੱਚ ਅਮਰੀਕਾ ਵੱਲੋਂ ਇਰਾਕ ’ਤੇ ਹਮਲੇ ਤੋਂ ਬਾਅਦ ਇਹ ਨੀਤੀ ਖਤਮ ਹੋ ਗਈ। ਇਹ ਘਟਨਾ ਦੱਸਦੀ ਹੈ ਕਿ ਡਾਲਰ ਦੀ ਹਕੂਮਤ ਸਿਰਫ ਅਰਥਵਿਵਸਥਾ ਨਾਲ ਨਹੀਂ, ਸਗੋਂ ਜਿਓ-ਪੋਲਿਟੀਕਲ ਤਾਕਤ ਨਾਲ ਵੀ ਜੁੜੀ ਹੋਈ ਹੈ। ਇਸੇ ਤਰ੍ਹਾਂ 3 ਜਨਵਰੀ 2026 ਨੂੰ ਅਮਰੀਕਾ ਵੱਲੋਂ ਕੀਤੀ ਗਈ ‘ਓਪਰੇਸ਼ਨ ਐਬਸੋਲਿਊਟ ਰਿਜ਼ੌਲਵ’ ਅਧੀਨ ਕਾਰਵਾਈ, ਜਿਸ ਵਿੱਚ ਨਿਕੋਲਸ ਮਾਦੁਰੋ ਨੂੰ ਗ੍ਰਿਫਤਾਰ ਕੀਤਾ ਗਿਆ, ਇਹ ਦਰਸਾਉਂਦੀ ਹੈ ਕਿ ਅਮਰੀਕਾ ਆਪਣੀ ਗਲੋਬਲ ਪੁਜ਼ੀਸ਼ਨ ਬਣਾਈ ਰੱਖਣ ਲਈ ਸਿੱਧੀ ਦਖਲਅੰਦਾਜ਼ੀ ਵੀ ਕਰ ਸਕਦਾ ਹੈ। ਵੈਨਜ਼ੁਏਲਾ, ਜੋ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਭੰਡਾਰਾਂ ਵਿੱਚੋਂ ਇੱਕ ਹੈ, ਲੰਮੇ ਸਮੇਂ ਤੋਂ ਡਾਲਰ ਤੋਂ ਹਟ ਕੇ ਹੋਰ ਕਰੰਸੀ ਵਿੱਚ ਵਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕਾਰਵਾਈ ਨੇ ਹੋਰ ਦੇਸ਼ਾਂ ਨੂੰ ਇਹ ਸੰਦੇਸ਼ ਦਿੱਤਾ ਕਿ ਡਾਲਰ ਸਿਸਟਮ ਨੂੰ ਚੁਣੌਤੀ ਦੇਣਾ ਅਸਾਨ ਨਹੀਂ, ਪਰ ਇਸ ਨਾਲ ਇੱਕ ਡਰ ਵੀ ਪੈਦਾ ਹੁੰਦਾ ਹੈ, ਜੋ ਅੱਗੇ ਚੱਲ ਕੇ ਸੰਸਾਰ ਦੇਸ਼ਾਂ ਨੂੰ ਹੋਰ ਕਰੰਸੀ ਅਪਣਾਉਣ ਵੱਲ ਧੱਕ ਸਕਦਾ ਹੈ।
ਡੌਨਲਡ ਟਰੰਪ ਵੱਲੋਂ ਨਾਟੋ ਦੇਸ਼ਾਂ ਖ਼ਿਲਾਫ ਦਿੱਤੇ ਬਿਆਨਾਂ ਨੇ ਅੰਤਰਰਾਸ਼ਟਰੀ ਰਾਜਨੀਤੀ ਅਤੇ ਅਰਥਵਿਵਸਥਾ ਵਿੱਚ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਟਰੰਪ ਨੇ ਕਈ ਵਾਰ ਕਿਹਾ ਕਿ ਨਾਟੋ ਦੇ ਮੈਂਬਰ ਦੇਸ਼ ਆਪਣਾ ਵਾਜਬ ਖਰਚ ਨਹੀਂ ਕਰ ਰਹੇ ਅਤੇ ਅਮਰੀਕਾ ’ਤੇ ਜ਼ਿਆਦਾ ਬੋਝ ਪੈ ਰਿਹਾ ਹੈ। ਉਸਨੇ ਇਹ ਵੀ ਸੰਕੇਤ ਦਿੱਤਾ ਕਿ ਜੇ ਯੂਰਪੀ ਦੇਸ਼ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤਾਂ ਅਮਰੀਕਾ ਉਨ੍ਹਾਂ ਦੀ ਰੱਖਿਆ ਕਰਨ ਲਈ ਬੱਝਿਆ ਨਹੀਂ ਰਹੇਗਾ। ਅਮਰੀਕੀ ਡਾਲਰ ਦੀ ਗਲੋਬਲ ਪੁਜ਼ੀਸ਼ਨ ਭਰੋਸੇ ਅਤੇ ਸਥਿਰਤਾ ’ਤੇ ਨਿਰਭਰ ਕਰਦੀ ਹੈ। ਜਦੋਂ ਅਮਰੀਕਾ ਆਪਣੇ ਪੁਰਾਣੇ ਸਾਥੀਆਂ ਨਾਲ ਸੰਬੰਧਾਂ ਨੂੰ ਕਮਜ਼ੋਰ ਕਰਦਾ ਦਿਸਦਾ ਹੈ ਤਾਂ ਨਿਵੇਸ਼ਕਾਂ ਵਿੱਚ ਬੇਚੈਨੀ ਵਧਦੀ ਹੈ। ਇਹ ਬੇਚੈਨੀ ਡਾਲਰ ਦੀ ਮੰਗ ’ਤੇ ਅਸਰ ਪਾ ਸਕਦੀ ਹੈ। ਟਰੰਪ ਦੇ ਬਿਆਨਾਂ ਨਾਲ ਯੂਰਪ ਵਿੱਚ ਇਹ ਚਿੰਤਾ ਵਧੀ ਹੈ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਖੁਦ ਨਵੇਂ ਪ੍ਰਬੰਧ ਕਰਨੇ ਪੈਣਗੇ। ਇਸ ਨਾਲ ਯੂਰਪੀ ਸੰਘ ਦੇ ਅੰਦਰ ਆਰਥਿਕ ਅਤੇ ਰਾਜਨੀਤਿਕ ਖੁਦਮੁਖਤਿਆਰੀ ਵੱਲ ਰੁਝਾਨ ਵਧ ਸਕਦਾ ਹੈ, ਜੋ ਡਾਲਰ ਦੀ ਬਜਾਏ ਯੂਰੋ ਜਾਂ ਹੋਰ ਕਰੰਸੀਆਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰ ਸਕਦਾ ਹੈ।
ਇੱਕ ਹੋਰ ਮਹੱਤਵਪੂਰਨ ਕਾਰਕ ਭਰੋਸਾ ਹੈ। ਜਦੋਂ ਦੁਨੀਆ ਵਿੱਚ ਯੁੱਧ ਅਤੇ ਅਸਥਿਰਤਾ ਵਧਦੀ ਹੈ ਤਾਂ ਨਿਵੇਸ਼ਕ ਸੁਰੱਖਿਅਤ ਥਾਂਵਾਂ ਦੀ ਭਾਲ ਕਰਦੇ ਹਨ। ਕਈ ਵਾਰ ਡਾਲਰ ਮਜ਼ਬੂਤ ਵੀ ਹੁੰਦਾ ਹੈ ਕਿਉਂਕਿ ਇਹ ‘ਸੇਫ ਹੈਵਨ’ ਮੰਨਿਆ ਜਾਂਦਾ ਹੈ, ਪਰ ਜੇਕਰ ਯੁੱਧ ਦਾ ਕੇਂਦਰ ਅਮਰੀਕਾ ਖੁਦ ਬਣ ਜਾਂਦਾ ਹੈ ਤਾਂ ਇਹ ਭਰੋਸਾ ਡੋਲ ਸਕਦਾ ਹੈ। ਲੰਮੇ ਸਮੇਂ ਵਿੱਚ ਇਹ ਡਾਲਰ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜੇਕਰ ਮੱਧ-ਪੂਰਬ ਵਿੱਚ ਨਿਊਕਲੀਅਰ ਤਣਾਅ ਵਧਦਾ ਹੈ ਤਾਂ ਇਹ ਗਲੋਬਲ ਮਾਰਕੀਟ ਵਿੱਚ ਘਬਰਾਹਟ ਪੈਦਾ ਕਰੇਗਾ। ਸਟਾਕ ਮਾਰਕੀਟਾਂ ਡਿਗ ਸਕਦੀਆਂ ਹਨ, ਤੇਲ ਦੀਆਂ ਕੀਮਤਾਂ ਚੜ੍ਹ ਸਕਦੀਆਂ ਹਨ ਅਤੇ ਵਪਾਰ ਵਿੱਚ ਰੁਕਾਵਟ ਆ ਸਕਦੀ ਹੈ। ਇਹ ਸਾਰੇ ਕਾਰਕ ਮਿਲ ਕੇ ਅਮਰੀਕੀ ਅਰਥਵਿਵਸਥਾ ’ਤੇ ਦਬਾਅ ਪਾਉਂਦੇ ਹਨ, ਜੋ ਆਖਰਕਾਰ ਡਾਲਰ ਦੀ ਕੀਮਤ ’ਤੇ ਪ੍ਰਭਾਵ ਪਾਉਂਦਾ ਹੈ।
ਇਹ ਕਹਿਣਾ ਸਹੀ ਹੈ ਕਿ ਅਮਰੀਕਾ-ਇਜ਼ਰਾਇਲ ਅਤੇ ਇਰਾਨ ਦਾ ਯੁੱਧ ਡਾਲਰ ਲਈ ਤੁਰੰਤ ਖਤਰਾ ਨਹੀਂ, ਪਰ ਲੰਬੇ ਸਮੇਂ ਵਿੱਚ ਇਹ ਇਸਦੀ ਗਲੋਬਲ ਹਕੂਮਤ ਨੂੰ ਚੁਣੌਤੀ ਦੇ ਸਕਦਾ ਹੈ। ਜੇ ਯੁੱਧ ਲੰਮਾ ਚਲਦਾ ਹੈ, ਜੇ ਹੋਰ ਦੇਸ਼ ਚੀਨ ਅਤੇ ਰੂਸ ਦੇ ਪ੍ਰਭਾਵ ਤੋਂ ਡਾਲਰ ਤੋਂ ਦੂਰ ਜਾਣ ਲਗਦੇ ਹਨ ਅਤੇ ਜੇ ਹੋਰ ਕਰੰਸੀ - ਬ੍ਰਿਕਸ ਕਰੰਸੀ - ਵਿਕਲਪ ਦੇ ਤੌਰ ’ਤੇ ਆਉਂਦੀ ਹੈ ਤਾਂ ਡਾਲਰ ਦੀ ਪਕੜ ਕਮਜ਼ੋਰ ਹੋ ਸਕਦੀ ਹੈ। ਇਸ ਲਈ ਇਹ ਯੁੱਧ ਸਿਰਫ ਜੰਗ ਦਾ ਮੈਦਾਨ ਨਹੀਂ, ਸਗੋਂ ਇੱਕ ਆਰਥਿਕ ਲੜਾਈ ਵੀ ਹੈ, ਜਿੱਥੇ ਡਾਲਰ ਦੀ ਸਰਦਾਰੀ ਵੀ ਦਾਅ ’ਤੇ ਲੱਗੀ ਹੋਈ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































