“ਕੀ ਇਸ ਸਮੱਸਿਆ ਲਈ ਸਿਰਫ ਬੱਚੇ ਹੀ ਦੋਸ਼ੀ ਹਨ? ਇਹ ਬਿਲਕੁਲ ਗਲਤ ਹੈ। ਮਾਪੇ ਵੀ ...”
(28 ਫਰਵਰੀ 2026)
ਮੌਜੂਦਾ ਡਿਜਿਟਲ ਯੁਗ ਵਿੱਚ ਮੁਬਾਇਲ ਫੋਨ, ਇੰਟਰਨੈੱਟ ਅਤੇ ਆਨਲਾਈਨ ਪਲੇਟਫਾਰਮਾਂ ਨੇ ਮਨੁੱਖੀ ਜੀਵਨ ਨੂੰ ਬੇਹੱਦ ਸੁਖਾਲਾ ਬਣਾ ਦਿੱਤਾ ਹੈ। ਭਾਵੇਂ ਇੱਕ ਪਾਸੇ ਅਜਿਹੇ ਸਾਧਨ ਜਾਣਕਾਰੀ, ਸਿੱਖਿਆ, ਰੁਜ਼ਗਾਰ ਅਤੇ ਸੰਚਾਰ ਦੇ ਨਵੇਂ ਰਾਹ ਖੋਲ੍ਹਦੇ ਹਨ, ਪ੍ਰੰਤੂ ਦੂਜੇ ਪਾਸੇ ਇਨ੍ਹਾਂ ਦੀ ਬੇਲਗਾਮ ਵਰਤੋਂ ਸਾਡੇ ਸੱਭਿਅਕ ਸਮਾਜ ਲਈ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ। ਇਸ ਵਰਚੁਅਲ ਪਲੇਟਫਾਰਮ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ ਸਾਡੀ ਭਵਿੱਖਤ ਪੀੜ੍ਹੀ- ਬੱਚੇ ਅਤੇ ਕਿਸ਼ੋਰ।
ਅੱਜ ਜਿੱਧਰੇ ਵੀ ਨਜ਼ਰ ਮਾਰਦੇ ਹਾਂ, ਬੱਚੇ ਦੇ ਹੱਥ ਵਿੱਚ ਇਹ ਇਲੈਟ੍ਰੌਨਿਕ ਯੰਤਰ ਮੁਬਾਇਲ ਆਮ ਦੇਖਿਆ ਜਾ ਸਕਦਾ ਹੈ। ਮਾਪਿਆਂ ਵਿਚਾਲੇ ਆਪਸੀ ਗੱਲਬਾਤ ਦਾ ਵਿਸ਼ਾ ਵੀ ਇਹੀ ਹੈ ਕਿ ਉਹਨਾਂ ਦਾ ਬੱਚਾ ਸਾਰਾ ਦਿਨ ਮੁਬਾਇਲ ਸਕਰੀਨ ਨਾਲ ਜੁੜਿਆ ਰਹਿੰਦਾ ਹੈ। ਬੱਚਾ ਪਰੰਪਰਾਗਤ ਖੇਡਾਂ ਜਾਂ ਖਿਡੌਣਿਆਂ ਦੀ ਥਾਂ ਮੁਬਾਇਲ ਉੱਤੇ ਖੇਡਣਾ ਜ਼ਿਆਦਾ ਪਸੰਦ ਕਰ ਰਿਹਾ ਹੈ। ਖੇਡ ਮੈਦਾਨਾਂ ਵਿੱਚ ਸੰਨਾਟਾ ਪਸਰਿਆ ਦਿਖਾਈ ਦਿੰਦਾ ਹੈ। ਬੱਚਿਆਂ ਲਈ ਆਨਲਾਈਨ ਗੇਮਾਂ ਹੀ ਖੇਡ ਦਾ ਮੈਦਾਨ ਹਨ। ਕਿਸ਼ੋਰ ਅਵਸਥਾ (13 ਤੋਂ 16 ਸਾਲ ਦੀ ਉਮਰ) ਜਿਹੜੀ ਬੱਚੇ ਦੀ ਸ਼ਖਸੀਅਤ ਅਤੇ ਮਾਨਸਿਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਦੌਰ ਹੁੰਦਾ ਹੈ, ਉਸ ਸਮੇਂ ਬੱਚਾ ਵਰਚੁਅਲ ਦੁਨੀਆ ਵਿੱਚ ਖੋ ਜਾਂਦਾ ਹੈ। ਨਤੀਜਾ ਇਹ ਹੈ ਕਿ ਬੱਚੇ ਅਸਲ ਹਾਲਤਾਂ ਤੋਂ ਦੂਰ ਵੱਖਰੀ ਕਲਪਨਾਤਮਕ ਦੁਨੀਆ ਵਿੱਚ ਜੀਵਨ ਬਤੀਤ ਕਰ ਰਹੇ ਹਨ।
ਕੋਰੋਨਾ ਮਹਾਂਮਾਰੀ ਕਾਲ ਦੌਰਾਨ ਸਕੂਲਾਂ ਦੇ ਬੰਦ ਹੋਣ ਕਰਕੇ ਬੱਚਿਆਂ ਦੇ ਮੁਬਾਇਲ ਸਕਰੀਨ ਉੱਤੇ ਟਾਈਮ ਵਿੱਚ ਵਾਧਾ ਹੋਇਆ। ਆਨਲਾਈਨ ਕਲਾਸਾਂ ਨੇ ਬੱਚਿਆਂ ਦੇ ਹੱਥ ਮੁਬਾਇਲ, ਟੈਬਲੈਟ ਅਤੇ ਲੈਪਟਾਪ ਫੜਾ ਦਿੱਤੇ। ਭਾਵੇਂ ਸ਼ੁਰੂ ਵਿੱਚ ਇਹ ਸਮੇਂ ਦੀ ਲੋੜ ਸੀ ਪਰ ਦੇਖਦੇ ਹੀ ਦੇਖਦੇ ਇਹ ਆਦਤ ਅਤੇ ਫਿਰ ਲਤ ਬਣ ਗਈ। ਭਾਵੇਂ ਕਰੋਨਾ ਮਹਾਂਮਾਰੀ ਚਲੀ ਗਈ ਪ੍ਰੰਤੂ ਇਹ ਮੁਬਾਇਲ ਨਾਮ ਦੀ ਬਿਮਾਰੀ ਪੈਦਾ ਕਰ ਗਈ, ਜਿਸਦੀ ਵਰਤੋਂ ਸਕੂਲਾਂ ਵਿੱਚ ਅਜੇ ਵੀ ਕੀਤੀ ਜਾ ਰਹੀ ਹੈ। ਬੱਚੇ ਹੁਣ ਕਿਤਾਬਾਂ ਦੇ ਨਾਲ ਮੁਬਾਇਲ ਵੀ ਕੋਲ ਰੱਖ ਕੇ ਪੜ੍ਹ ਰਹੇ ਹਨ। ਬੱਚਿਆਂ ਦਾ ਦੇਰ ਰਾਤ ਤਕ ਮੁਬਾਇਲ ਉੱਤੇ ਆਨਲਾਈਨ ਰਹਿਣਾ ਜਿੱਥੇ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਕਰ ਰਿਹਾ ਹੈ, ਉੱਥੇ ਸੁਨਹਿਰੀ ਭਵਿੱਖ ਨੂੰ ਵੀ ਖਤਰੇ ਵਿੱਚ ਪਾ ਰਿਹਾ ਹੈ। ਅੱਜ ਦੇ ਬੱਚਿਆਂ ਵਿੱਚ ਬੇਸਬਰੀ, ਅਸਹਿਣਸ਼ੀਲਤਾ, ਗੁਸੈਲ ਸੁਭਾਅ ਮੁਬਾਇਲ ਦਾ ਹੀ ਨਤੀਜਾ ਹੈ। ਉਹ ਪੜ੍ਹਾਈ ਤੋਂ ਪੂਰੀ ਤਰ੍ਹਾਂ ਹਟਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਬੱਚੇ ਆਨਲਾਈਨ ਗੇਮਾਂ ਵੱਲ ਕਿਉਂ ਖਿੱਚੇ ਜਾਂਦੇ ਹਨ। ਗੇਮਜ਼ ਵਿੱਚ ਰੰਗੀਨ ਗ੍ਰਾਫਿਕਸ, ਰੋਮਾਂਚਕਾਰੀ ਪੜਾਅ, ਇਨਾਮ ਅਤੇ ਤੁਰੰਤ ਪ੍ਰਤੀਕਿਰਿਆ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ। ਕਈ ਗੇਮਜ਼ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਕਿ ਖੇਡਣ ਵਾਲਾ ਵੱਧ ਤੋਂ ਵੱਧ ਸਮਾਂ ਉਨ੍ਹਾਂ ਨਾਲ ਬਿਤਾਵੇ। ਇਹ ਮਨੋਵਿਗਿਆਨਕ ਪੱਖੋਂ ਬੱਚਿਆਂ ਦੇ ਕੋਮਲ ਮਨ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਉਹ ਹੌਲੀ-ਹੌਲੀ ਇਸਦੇ ਆਦੀ ਬਣ ਜਾਂਦੇ ਹਨ।
ਆਨਲਾਈਨ ਗੇਮਜ਼ ਬੱਚਿਆਂ ਨੂੰ ਤੁਰੰਤ ਰੋਮਾਂਚ ਭਰਪੂਰ ਅਤੇ ਕਾਮਯਾਬੀ ਦਾ ਅਹਿਸਾਸ ਦਿੰਦੀਆਂ ਹਨ। ਜਦੋਂ ਬੱਚਾ ਗੇਮ ਦੇ ਪੜਾਅ ਨੂੰ ਪਾਰ ਕਰ ਲੈਂਦਾ ਹੈ ਤਾਂ ਉਸ ਸਮੇਂ ਮਿਲਣ ਵਾਲੀ ਖੁਸ਼ੀ ਉਸਦੇ ਮਨ ’ਤੇ ਡੂੰਘਾ ਪ੍ਰਭਾਵ ਛੱਡਦੀ ਹੈ। ਪ੍ਰੰਤੂ ਜਦੋਂ ਇਹ ਗੇਮਾਂ ਹਾਰ-ਜਿੱਤ, ਹਿੰਸਾ ਅਤੇ ਖਤਰਨਾਕ ਚੈਲੰਜ ਨਾਲ ਜੁੜ ਜਾਂਦੀਆਂ ਹਨ ਤਾਂ ਇਹ ਬੱਚਿਆਂ ਦਾ ਮਾਨਸਿਕ ਸੰਤੁਲਨ ਵਿਗਾੜ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਦੇ ਬੱਚੇ ਵਰਚੁਅਲ ਜ਼ਿੰਦਗੀ ਦੇ ਨੇੜੇ ਅਤੇ ਅਸਲ ਜ਼ਿੰਦਗੀ ਤੋਂ ਦੂਰ ਹੁੰਦੇ ਜਾ ਰਹੇ ਹਨ। ਨਤੀਜਨ ਉਹਨਾਂ ਵਿੱਚ ਚਿੜਚਿੜਾਪਨ, ਬੇਸਬਰੀ, ਜਿੱਦੀਪਣ, ਹਿੰਸਾਤਮਕ ਰੁਝਾਨ ਪੈਦਾ ਹੋ ਰਿਹਾ ਹੈ ਜੋ ਨਾ ਸਿਰਫ ਉਹਨਾਂ ਨੂੰ ਹਨੇਰੇ ਵਿੱਚ ਲੈ ਕੇ ਜਾ ਰਿਹਾ ਹੈ ਸਗੋਂ ਭਵਿੱਖੀ ਪੀੜ੍ਹੀ ਨੂੰ ਵੀ ਤਬਾਹ ਕਰ ਰਿਹਾ ਹੈ।
ਮਨੋਵਿਗਿਆਨੀ ਇਸ ਗੱਲ ਨੂੰ ਤਸਦੀਕ ਕਰਦੇ ਹਨ ਕਿ ਬੱਚਿਆਂ ਦਾ ਲਗਾਤਾਰ ਮੁਬਾਇਲ ਨਾਲ ਜੁੜੇ ਰਹਿਣਾ ਉਨ੍ਹਾਂ ਵਿੱਚ ਧਿਆਨ ਦੀ ਘਾਟ ਪੈਦਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਕਾਂਤਵਾਸ, ਤਣਾਅ ਅਤੇ ਚਿੰਤਾ ਵੱਲ ਧੱਕ ਰਿਹਾ ਹੈ। ਬੱਚੇ ਮਾਪਿਆਂ ਤੋਂ ਦੂਰੀ ਬਣਾ ਰਹੇ ਹਨ ਅਤੇ ਮੁਬਾਇਲ ਅਤੇ ਆਪਣੇ-ਆਪ ਵਿੱਚ ਸੀਮਿਤ ਹੋ ਰਹੇ ਹਨ। ਮੁਬਾਇਲ ਹੀ ਉਹਨਾਂ ਦੀ ਦੁਨੀਆਂ ਬਣ ਰਹੀ ਹੈ। ਨਤੀਜਾ, ਡਿਪ੍ਰੈਸ਼ਨ ਅਤੇ ਸਮਾਜਿਕ ਤਾਣੇਬਾਣੇ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਕੀ ਇਸ ਸਮੱਸਿਆ ਲਈ ਸਿਰਫ ਬੱਚੇ ਹੀ ਦੋਸ਼ੀ ਹਨ? ਇਹ ਬਿਲਕੁਲ ਗਲਤ ਹੈ। ਮਾਪੇ ਵੀ ਇਸ ਵਿੱਚ ਬਰਾਬਰ ਦੇ ਦੋਸ਼ੀ ਹਨ। ਅਕਸਰ ਅਸੀਂ ਦੇਖਦੇ ਹਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਮੁਬਾਇਲ ਫੜਾ ਦਿੰਦੇ ਹਨ। ਭਾਵੇਂ ਕਿ ਸ਼ੁਰੂ ਵਿੱਚ ਇਹ ਸਮੱਸਿਆ ਨਹੀਂ ਜਾਪਦੀ ਸੀ ਪ੍ਰੰਤੂ ਦੇਖਦੇ ਹੀ ਦੇਖਦੇ ਇਹ ਆਦਤ ਬੱਚੇ ਦੀ ਜ਼ਿੰਦਗੀ ’ਤੇ ਪੂਰੀ ਤਰ੍ਹਾਂ ਭਾਰੀ ਹੋ ਗਈ ਹੈ। ਮਾਪਿਆਂ ਦੀ ਨਿਗਰਾਨੀ ਅਤੇ ਭਾਵਨਾਤਮਕ ਸਾਂਝ ਦੀ ਘਾਟ ਉਹਨਾਂ ਨੂੰ ਇਸ ਅੰਧਕਾਰ ਵੱਲ ਲੈ ਕੇ ਜਾ ਰਹੀ ਹੈ।
ਵਿੱਦਿਅਕ ਸੰਸਥਾਵਾਂ ਬੱਚਿਆਂ ਅੰਦਰ ਮੁਬਾਇਲ ਦੀ ਲਤ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਨ੍ਹਾਂ ਸੰਸਥਾਵਾਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਜੀਵਨ ਮੁੱਲ, ਅਨੁਸ਼ਾਸਨ ਅਤੇ ਸੰਤੁਲਿਤ ਡਿਜਿਟਲ ਵਰਤੋਂ ਬਾਰੇ ਜਾਗਰੂਕ ਕਰਨ। ਜੇਕਰ ਅਧਿਆਪਕ ਬੱਚਿਆਂ ਦੇ ਸੁਭਾਅ ਵਿੱਚ ਆ ਰਹੇ ਬਦਲਾਵਾਂ ਨੂੰ ਸਮੇਂ ’ਤੇ ਸਮਝ ਕੇ ਯੋਗ ਮਾਰਗ ਦਰਸ਼ਨ ਕਰਨ ਤਾਂ ਇਸ ਗੰਭੀਰ ਸਮੱਸਿਆ ਨੂੰ ਸਮੇਂ ਸਿਰ ਨਜਿੱਠਿਆ ਜਾ ਸਕਦਾ ਹੈ।
ਮਾਪਿਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਮੁਬਾਇਲ ਸਕਰੀਨ ਮੁੱਦੇ ’ਤੇ ਗੰਭੀਰ ਹੋਣ ਦੀ ਲੋੜ ਹੈ। ਸਰਕਾਰ ਵੱਲੋਂ ਇਸ ਬਾਬਤ ਡਿਜਿਟਲ ਜਾਗਰੂਕਤਾ ਮੁਹਿੰਮ, ਮਾਪਿਆਂ ਦੀ ਯੋਗ ਅਗਵਾਈ ਅਤੇ ਸਕੂਲ ਪੱਧਰ ’ਤੇ ਵਰਕਸ਼ਾਪਾਂ ਕਰਵਾਉਣ ਨਾਲ ਵੀ ਇਸ ਵਿਰੁੱਧ ਅਭਿਆਨ ਨੂੰ ਹੁਲਾਰਾ ਮਿਲੇਗਾ। ਬੱਚਿਆਂ ਵਿੱਚ ਮੁਬਾਇਲ ਦੇ ਰੁਝਾਨ ਨੂੰ ਘਟਾਉਣ ਦੇ ਨਾਲ-ਨਾਲ ਉਹਨਾਂ ਲਈ ਖੇਡ ਮੈਦਾਨ, ਚਿੱਤਰਕਾਰੀ, ਮਨੋਰੰਜਨ ਦੇ ਰਵਾਇਤੀ ਸਾਧਨ, ਸੰਗੀਤ ਅਤੇ ਕਿਤਾਬਾਂ ਨਾਲ ਜੁੜਨ ਦੇ ਮੌਕੇ ਵਧਾਏ ਜਾਣ ਤਾਂ ਹੀ ਇਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਇਸ ਸਮੱਸਿਆ ਦਾ ਹੱਲ ਪਾਬੰਦੀ ਨਹੀਂ, ਸਗੋਂ ਸੰਤੁਲਨ ਹੈ। ਮੁਬਾਇਲ ਆਪਣੇ-ਆਪ ਵਿੱਚ ਮਾੜਾ ਨਹੀਂ। ਅੱਜ ਇਹ ਗਿਆਨ ਅਤੇ ਸੰਚਾਰ ਦਾ ਸਭ ਤੋਂ ਵੱਡਾ ਸੋਮਾ ਬਣ ਕੇ ਉੱਭਰਿਆ ਹੈ। ਪ੍ਰੰਤੂ ਜਦੋਂ ਇਸਦੀ ਹੱਦ ਤੋਂ ਵੱਧ ਵਰਤੋਂ ਕੀਤੀ ਜਾਵੇ, ਬੱਚਿਆਂ ਦਾ ਬਚਪਨ ਇਸ ਵਿੱਚ ਕੈਦ ਹੋ ਜਾਵੇ ਅਤੇ ਕਿਸ਼ੋਰਾਂ ਤੋਂ ਜੀਵਨ ਦਾ ਉਦੇਸ਼ ਖੋਹ ਲਵੇ ਤਾਂ ਇਹ ਆਧੁਨਿਕ ਸਮਾਜ ਲਈ ਖਤਰੇ ਦੀ ਘੰਟੀ ਹੈ। ਅੱਜ ਦੇ ਸਮੇਂ ਦੀ ਲੋੜ ਹੈ ਕਿ ਮੁਬਾਇਲ ਅਤੇ ਬੱਚੇ ਵਿਚਕਾਰ ਸੰਤੁਲਨ ਬਣਾਇਆ ਜਾਵੇ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਦੀ ਲੜਾਈ ਮੁਬਾਈਲ ਸਕਰੀਨ ਨਾਲ ਨਹੀਂ, ਸਗੋਂ ਉਸਦੀ ਗਲਤ ਵਰਤੋਂ ਨਾਲ ਹੈ। ਜੇਕਰ ਮਾਪੇ, ਅਧਿਆਪਕ, ਸਰਕਾਰ ਅਤੇ ਸਮਾਜ ਮਿਲ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਬਚਪਨ ਨੂੰ ਮੁੜ ਹੱਸਣ-ਖੇਡਣ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਜੇਕਰ ਬਚਪਨ ਸੁਰੱਖਿਅਤ ਨਹੀਂ ਤਾਂ ਭਵਿੱਖ ਵੀ ਸੁਰੱਖਿਅਤ ਨਹੀਂ
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (