JaswinderSBhuleria7ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ ...
(19 ਮਾਰਚ 2020)

 

1.          ਅਣਜੰਮੀ ਧੀ ਦਾ ਤਰਲਾ

ਵੇਖ ਲਈਆਂ ਮਾਂਏ ਅੱਜ ਮੈਂ ਕੀਤੀਆਂ ਤਿਆਰੀਆਂ,
ਫੜ ਲਈਆਂ ਡਾਕਟਰਾਂ ਨੇ ਕੈਂਚੀਆਂ ਤੇ ਆਰੀਆਂ,
ਉਹਨਾਂ ਬੋਟੀ-ਬੋਟੀ ਕਰ ਦੇਣਾ ਜਿਵੇਂ ਕਰਦੇ ਕਸਾਈ ਨੇ,
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ,
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ।

ਮੁੰਡਿਆਂ ਨਾਲੋਂ ਘੱਟ ਕਿਉਂ ਸਮਝਣ ਲੱਗ ਪਈ ਮੈਂਨੂੰ ਤੂੰ,
ਕਿਹੜੀ ਗੱਲ ਤੋਂ ਸ਼ਰਮਾਅ ਗਈ ਵੇਖਣ ਤੋਂ ਮੇਰਾ ਮੂੰਹ,
ਕੰਨ ਵਿੱਚ ਫੂਕ ਮਾਰੀ ਤੇਰੇ ਅਲਟਰਾਸਾਊਂਡ ਵਾਲੇ ਭਾਈ ਨੇ,
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ।

ਮੁੰਡੇ ਜੰਮ ਕੇ ਫਿਰ ਤੂੰ ਕਿਹੜਾ ਬਣ ਜਾਵੇਗੀ ਰਾਣੀ,
ਵਾਸਤੇ ਤੈਨੂੰ ਪਈ ਏ ਪਾਉਂਦੀ ਤੇਰੀ ਧੀ ਧਿਆਣੀ,
ਪਤਾ ਨਹੀਂ ਤੈਨੂੰ ਕਿੰਨਾ ਕੁ ਸਮਝਣਾ ਕੱਲ੍ਹ ਨੂੰ ਭਰਜਾਈ ਨੇ,
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ।

ਧੀਆਂ ਕਿਹੜਾ ਰਾਤਾਂ ਨੂੰ ਨੇ ਉੱਠ ਉੱਠ ਕੇ ਖਾਂਦੀਆਂ,
ਖਾਲੀ ਹੱਥੀਂ ਪਿਆਰ ਲੈ ਕੇ ਵੀ ਨੇ ਤੁਰ ਜਾਂਦੀਆਂ,
ਜੇ ਕੁੜੀ ਹੀ ਨਾ ਜੰਮੀ ਕਿੱਥੋਂ ਆਉਣੇ ਨੂੰਹਾਂ ਤੇ ਜਵਾਈ ਨੇ,
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ।

ਮਾਂ ਮੈਂ ਦੱਸ ਦਿੱਤਾ ਤੈਨੂੰ ਹੁਣ ਕਹਿਰ ਤੂੰ ਗੁਜ਼ਾਰੀ ਨਾ,
ਵਾਸਤਾ ਈ ਰੱਬ ਦਾ ਹੁਣ ਮੈਂਨੂੰ ਕੁੱਖ ਵਿੱਚ ਮਾਰੀ ਨਾ,
"
ਜਸਵਿੰਦਰ” ਲੋਕ ਮੁੰਡਿਆਂ ਪਿੱਛੇ ਹੋਏ ਫਿਰਦੇ ਸ਼ੁਦਾਈ ਨੇ,
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ।

                        **

2.              ਵਾਤਾਵਰਨ

ਸ਼ੇਰ ਸਾਹ ਸੂਰੀ ਨੇ ਉਸ ਸਮੇਂ ਬਣਵਾਕੇ ਕੇ ਖੂਹ,
ਸੜਕ ਦੇ ਦੋਹੀਂ ਪਾਸੇ ਲਗਵਾ ਦਿੱਤੇ ਸੀ ਰੁੱਖ,
ਸੈਕੜੇ ਸਾਲਾਂ ਤਕ ਲੋਕ ਖੁਸ਼ੀ ਖੁਸ਼ੀ,

ਉਹਨਾਂ ਰੁੱਖਾਂ ਦਾ ਮਾਣ ਦੇ ਰਹੇ ਸੁਖ।

ਇਹ ਗੱਲ ਪੜ੍ਹ ਕੇ ਬੁੱਢੇ ਬਾਬੇ ਨੇ,
ਰੰਬਾ ਤੇ ਕਹੀ ਲਈ ਮੋਢ਼ੇ ਉੱਤੇ ਚੁੱਕ।
ਫੁੱਲਦਾਰ, ਫਲਦਾਰ ਤੇ ਛਾਂ-ਦਾਰ,
ਲਾਉਣ ਲੱਗ ਪਿਆ ਸੜਕ ਕਿਨਾਰੇ ਰੁੱਖ।

ਬਾਬੇ ਨੂੰ ਬੂਟੇ ਲਾਉਂਦਿਆਂ ਵੇਖ,
ਇੱਕ ਮੁੱਛ ਫੁੱਟ ਗਭਰੂ ਕੋਲ ਆਇਆ।
ਪਹਿਲਾ ਆ ਕੇ ਸਭ ਕੁਝ ਰਿਹਾ ਵੇਖਦਾ,
ਫਿਰ ਬਾਬੇ ਨੂੰ ਹੱਸ ਬੁਲਾਇਆ।

ਬਾਬਾ ਇਹ ਕੀ ਤੂੰ ਕਰਨ ਲੱਗ ਪਿਆ,
ਤੈਨੂੰ ਹੋਰ ਨਹੀਂ ਕੋਈ ਕੰਮ ਥਿਆਇਆ।
ਜਾਹ ਜਾ ਕੇ ਘਰ ਅਰਾਮ ਕਰ,
ਵੇਖ ਤੈਨੂੰ ਕਿੰਨਾ ਏ ਮੁੜ੍ਹਕਾ ਆਇਆ।
ਜਿਹੜੇ ਤੂੰ ਬੂਟੇ ਲਾਉਣ ਲੱਗਾ ਏਂ,
ਕੀ ਇਸਦੇ ਫਲ ਤੂੰ ਖਾ ਲਵੇਂਗਾ।
ਬੁੱਢਾ ਠੇਰਾ ਤੂੰ ਹੋਇਆ ਪਿਆ ਏ,
ਪਤਾ ਨਹੀਂ ਝੱਟ ਨੂੰ ਕੀ ਹੋ ਜਾਵੇਗਾ।

ਗੱਲ ਗਭਰੂ ਦੀ ਸੁਣ ਕੇ ਬਾਬਾ,
ਪਿਆਰ ਨਾਲ ਉਸ ਨੂੰ ਬੋਲਿਆ,

ਵਾਹ ਉਏ ਗੱਭਰੂਆਂ ਅੱਜ ਤੂੰ,
ਮੇਰੇ ਦਿਲ ਦਾ ਭੇਦ ਈ ਖੋਲ੍ਹਿਆ।

ਜਿਹੜੇ ਫਲ ਆਪਾਂ ਅੱਜ ਖਾਂਦੇ ਹਾਂ,
ਉਹ ਵੀ ਤਾਂ ਕਿਸੇ ਨੇ ਲਾਏ ਹੋਣਗੇ।
ਜੇ ਮੈਂ ਨਾ ਖਾ ਸਕਿਆ ਗੱਭਰੂਆ,
ਕੋਈ ਤਾਂ ਫਲ ਤੋੜ ਕੇ ਖਾਵੇਗਾ।
ਹੋਰ ਨਹੀਂ ਤਾਂ ਗਾਲ੍ਹਾਂ ਤਾਂ ਨਹੀਂ ਕੱਢਦਾ,

ਬੱਸ ਖਾ ਪੀ ਕੇ ਖੁਸ਼ ਜ਼ਰੂਰ ਹੋ ਜਾਵੇਗਾ।

ਇੰਨੀ ਗੱਲ ਬਾਬੇ ਦੀ ਸੁਣਕੇ ਗੱਭਰੂ,
ਹੋਇਆ ਬਹੁਤ ਨਿਹਾਲ।
ਅੱਜ ਤੋਂ ਤੂੰ ਨਹੀਉਂ ਇਕੱਲਾ ਬਾਬਾ,
ਅਸੀਂ ਨੌਜਵਾਨ ਹੋਵਾਂਗੇ ਤੇਰੇ ਨਾਲ।

ਤੇਰੀ ਹਰ ਇੱਕ ਗੱਲ ਕਹੀ ਦਾ,
ਅਸੀਂ ਕਰਾਂਗੇ ਪੂਰਾ ਪੂਰਾ ਖਿਆਲ।
ਹੁਣ ਨਹੀਂ ਕੁਝ ਵਿਗੜਦਾ ‘ਜਸਵਿੰਦਰਾ’,
ਜੇ ਸਭ ਨੇ ਵਾਤਾਵਰਨ ਲਿਆ ਸੰਭਾਲ।

              **

3.         ਕਿਸਾਨ

ਕੀ ਆਖਾਂ ਤੈਨੂੰ ਕਿਸਾਨ ਵੀਰਾ,
ਤੇਰਾ ਹੁੰਦਾ ਜਾਵੇ ਨੁਕਸਾਨ ਵੀਰਾ।

ਤੂੰ ਰੱਖ ਕੇ ਤਲੀ ’ਤੇ ਜਾਨ ਵੀਰਾ
ਦਿਨ ਰਾਤ ਖੇਤਾਂ ਵਿੱਚ ਮਰਦਾ ਏਂ।
ਆਪਣੇ ਬੱਚਿਆਂ ਦੇ ਮੂੰਹੋਂ ਖੋਹ ਕੇ

ਅਨਾਜ ਕਿਸੇ ਦੇ ਮੂੰਹ ਅੱਗੇ ਧਰਦਾ ਏਂ
ਆਪਣੇ ਬੱਚਿਆਂ ਦੇ ਮੂੰਹੋਂ ਖੋਹ ਕੇ
ਅਨਾਜ ਕਿਸੇ ਦੇ ਮੂੰਹ ਅੱਗੇ ਧਰਦਾ ਏਂ।

ਤੂੰ ਇੱਕ ਜੂਨ ਹੈ ਭੋਗਣ ਆਇਆ,
ਤੂੰ ਨਾ ਸਮਝੇਂ ਕਿਸੇ ਨੂੰ ਪਰਾਇਆ,
ਤੇਰਾ ਮੁੱਲ ਕਿਸੇ ਨਾ ਪਾਇਆ,
ਤੂੰ ਤਾਹੀਓਂ ਹੁਣ ਪਿਆ ਮਰਦਾ ਏਂ
ਆਪਣੇ ਬੱਚਿਆਂ ਦੇ ...

ਤੂੰ ਆਪਣਾ ਹੱਕ ਕਿਉਂ ਨਹੀਂ ਮੰਗਦਾ,
ਦਸ ਪਿਆ ਕਿਹੜੀ ਗੱਲੋਂ ਸੰਗਦਾ,
ਐਵੇਂ ਸਮਾਂ ਨਹੀਂ ਹੁੰਦਾ ਲੰਘਦਾ,
ਜਿਵੇਂ ਅੱਜਕਲ ਤੂੰ ਪਿਆ ਕਰਦਾ ਏਂ,
ਆਪਣੇ ਬੱਚਿਆਂ ਦੇ ...

ਰਹਿੰਦਾ ਕਰਜ਼ਾ ਲਹਿੰਦਾ ਚੜ੍ਹਦਾ,
ਸਮਾਂ ਕਦੇ ਇੱਕ ਥਾਂ ਨਹੀਂ ਖੜ੍ਹਦਾ,
ਹੁੰਦਾ ਸਭ ਦਾ ਬਣਿਆ ਪੜਦਾ,
ਤੂੰ ਕਿਹੜੀ ਗੱਲੋਂ ਪਿਆ ਡਰਦਾ ਏਂ,

ਆਪਣੇ ਬੱਚਿਆਂ ਦੇ ...

ਕਿਸਾਨਾ ਬਣ ਜਾ ਆਪ ਸਿਆਣਾ,
ਕਿਸੇ ਦਾ ਵੀਰਨਾ ਕੁਝ ਨਹੀਂ ਜਾਣਾ,
ਐਵੇਂ ਰੱਸਾ ਨਹੀਂ ਗੱਲ ਵਿੱਚ ਪਾਉਣਾ,
ਤੂੰ ਤਾਂ ਆਪ ਮੋਢੀ ਘਰਦਾ ਏਂ

ਆਪਣੇ ਬੱਚਿਆਂ ਦੇ ...

ਹੁੰਦਾ ਖੁਦਕਸ਼ੀਆਂ ਕਰਨਾ ਮਾੜਾ,
ਪੈ ਜਾਂਦਾ ਟੱਬਰ ਵਿੱਚ ਪੁਆੜਾ,

ਜ਼ਿੰਦਗੀ ਮਿਲਦੀ ਨਹੀਂ ਦੁਬਾਰਾ,
ਕਿਸਾਨਾ ‘ਜਸਵਿੰਦਰ’ ਮਿੰਨਤਾਂ ਕਰਦਾ ਏ,
ਆਪਣੇ ਬੱਚਿਆਂ ਦੇ ਮੂੰਹੋਂ ਖੋਹ ਕੇ,
ਅਨਾਜ ਕਿਸੇ ਦੇ ਮੂੰਹ ਅੱਗੇ ਧਰਦਾ ਏ

                **

4.  ਗ੍ਰੇਟਾ ਥੁਨਬਰਗ ਦਾ ਤਾਹਨਾ

ਗ੍ਰੇਟਾ ਥੁਨਬਰਗ ਬੱਚੀ ਸੋਲ੍ਹਾਂ ਸਾਲ ਦੀ,
ਗੱਲ ਕਹਿ ਗਈ ਬੜੇ ਕਮਾਲ ਦੀ।

ਸਾਡੇ ਸੁਪਨੇ, ਸਾਡਾ ਬਚਪਨ ਸਾਥੋਂ ਕਿਉਂ ਖੋਹ ਲਿਆ,
ਤੁਹਾਡੇ ਤੇ ਸਾਡੀ ਉਮਰ ਦੀ ਵਿੱਥ ਹੈ ਥੋੜ੍ਹੇ ਸਾਲ ਦੀ

ਕੀ ਹੋਇਆ ਜੇ ਤੁਸੀਂ ਪਹਿਲਾਂ ਜਨਮ ਲੈ ਲਿਆ,
ਅਕਸਰ ਸਾਡੀ ਜ਼ਿੰਦਗੀ ਹੈ ਤੁਹਾਡੇ ਨਾਲ ਦੀ

ਜ਼ਮੀਨੀ ਪੱਧਰ ’ਤੇ ਤਾਂ ਕੁਝ ਹੁੰਦਾ ਹੀ ਨਹੀਂ,
ਚਰਚਾ ਹੁੰਦੀ ਭਾਸ਼ਣਾਂ ਵਿੱਚ ਵਾਤਾਵਰਨ ਸੰਭਾਲ ਦੀ

ਮਨੁੱਖ ਤੇ ਰੁੱਖ ਦਾ ਰਿਸ਼ਤਾ ਹੈ ਬਹੁਤ ਗੂੜ੍ਹਾ,
ਫਿਰ ਵੀ ਭੁੱਲ ਗਏ ਗੱਲ ਹੈ ਬੜੇ ਕਮਾਲ ਦੀ

ਗਰੀਨ-ਹਾਊਸ ਤੇ ਏਸੀਆਂ ਤੋਂ ਆਓ ਬਾਹਰ,
ਰੀਸ ਨਹੀਂ ਹੋ ਸਕਦੀ ਰੁੱਖਾਂ ਦੀ ਛਾਂ ਨਾਲ ਦੀ

‘ਜਸਵਿੰਦਰਾ’ ਛੱਡ ਪਰ੍ਹਾਂ ਦੋਸ਼ ਲਾਉਣੇ ਇੱਕ-ਦੂਜੇ ’ਤੇ,
ਜ਼ਿੰਮੇਵਾਰੀ ਚੁੱਕੀਏ ਖੁਦ ਸਾਂਭ ਸੰਭਾਲ ਦੀ

                   *****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2005)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਸਵਿੰਦਰ ਸਿੰਘ ਭੁਲੇਰੀਆ

ਜਸਵਿੰਦਰ ਸਿੰਘ ਭੁਲੇਰੀਆ

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)