JaswinderSBhuleria7ਸਰਕਾਰ ਦਾ ਕੰਮ ਨਸ਼ੇ ਦੀ ਵਰਤੋਂ ਘਟਾਉਣਾ ਹੁੰਦਾ ਹੈ ਜਾਂ ਵਧਾਉਣਾ? ...
(26 ਜੂਨ 2020)

 

ਸਬਸਿਡੀ

ਨੰਦ ਕੌਰ ਬੇਬੇ ਹੱਥ ਵਿੱਚ ਅਖਬਾਰ ਫੜੀ ਵਾਹੋ ਦਾਹੀ ਸਿੱਧੀ ਨਸੀਬੋ ਕੋਲ ਆ ਕੇ ਕਹਿਣ ਲੱਗੀ, “ਆਹ ਵੇਖ ਅਖਬਾਰ ਪੜ੍ਹ ਕੇ, ਜੈ ਖਾਣੀ ਸਰਕਾਰ ਨੇ ਇੱਕ ਹੋਰ ਨਵਾਂ ਚੰਦ ਚੜ੍ਹਾ ਦਿੱਤਾ

 

“ਹਾਏ ਉਹ ਕਿਹੜਾ? ਤੂੰ ਕਦੇ ਬੇਬੇ ਚੱਜ ਦੀ ਖਬਰ ਨਾ ਸੁਣਾਈ, ਪਤਾ ਨਹੀਂ ਸਾਰੀਆਂ ਭੈੜੀਆਂ ਖਬਰਾਂ ਵਾਲੀ ਅਖਬਾਰ ਤੈਨੂੰ ਕੋਈ ਸਪੈਸਲ ਛਾਪ ਕੇ ਦੇ ਜਾਂਦਾ ਹੈਅਖਬਾਰਾਂ ਤਾਂ ਹੋਰ ਵੀ ਬਹੁਤ ਸਾਰੇ ਲੋਕ ਪੜ੍ਹਦੇ ਹਨ ਪਰ ਕਦੇ ਕਿਸੇ ਨੇ ਇੰਨੀ ਚਰਚਾ ਨਹੀਂ ਕੀਤੀ, ਜਿੰਨੀ ਤੂੰ ਕਰਦੀ ਏਂ... ਚੰਗਾ ਦੱਸ ਤਾਂ ਸਹੀ, ਕੀ ਕਹਿੰਦੀ ਏ ਤੇਰੀ ਅਖਬਾਰ? ਮੈਂ ਤਾਂ ਐਵੇ ਤੈਨੂੰ ਬੋਲਣ ਲੱਗ ਪਈ ਸਾਂ ਬੜੇ ਠਰ੍ਹੰਮੇ ਜਿਹੇ ਸੁਭਾਅ ਨਾਲ ਨਸੀਬੋ ਬੇਬੇ ਨੰਦ ਕੌਰ ਤੋਂ ਖ਼ਬਰ ਬਾਰੇ ਪੁੱਛਣ ਲੱਗ ਪਈ

“ਇਹਦੇ ਵਿੱਚ ਲਿਖਿਆ ਏ ਕਿ ਹੁਣ ਗੌਰਮਿੰਟ ਸ਼ਰਾਬੀਆਂ ਨੂੰ ਪ੍ਰੇਸ਼ਾਨ ਨਹੀਂ ਹੋਣ ਦੇਵੇਗੀ ਤੇ ਨਾ ਹੀ ਹੁਣ ਸ਼ਰਾਬੀਆਂ ਨੂੰ ਠੇਕਿਆਂ ’ਤੇ ਧੱਕੇ ਖਾਣੇ ਪੈਣਗੇ ਬੱਸ ਇੱਕ ਫੋਨ ’ਤੇ ਸਿੱਧੀ ਸ਼ਰਾਬ ਉਹਨਾਂ ਦੇ ਘਰ ਪਹੁੰਚ ਜਾਵੇਗੀਭਲਾ ਹੁਣ ਤੂੰ ਹੀ ਦੱਸ, ਤੇਰਾ ਬਾਪੂ ਤਾਂ ਪਹਿਲਾਂ ਹੀ ਸਾਡੇ ਟੱਬਰ ਦੇ ਸਿਰ ਪਾੜਦਾ ਰਹਿੰਦਾ ਸੀ ਅੱਗੇ ਤਾਂ ਅਸੀਂ ਕਦੇ ਕਦਾਈਂ ਉਸ ਨੂੰ ਬਾਹਰ ਜਾਣ ਤੋਂ ਰੋਕ ਵੀ ਲੈਂਦੇ ਸੀ ਤੇ ਉਸਦਾ ਕਦੇ ਕਦੇ ਨਾਗਾ ਵੀ ਪੈ ਜਾਂਦਾ ਸੀਜੇ ਸ਼ਰਾਬ ਦੀ ਸਪਲਾਈ ਸਿੱਧੀ ਘਰ ਘਰ ਹੋਣ ਲੱਗ ਪਈ ਤਾਂ ਸਾਡੇ ਗਰੀਬਾਂ ਦੇ ਪੱਲੇ ਪੈਸੇ ਕਿੱਥੇ ਰਹਿਣੇ ਹਨ? ਮਹਿੰਗਾਈ ਤਾਂ ਅੱਗੇ ਹੀ ਅਸਮਾਨ ’ਤੇ ਚੜ੍ਹੀ ਹੋਈ ਹੈ ਤੇ ਉੱਤੋਂ ਹਰ ਰੋਜ਼ ਸ਼ਰਾਬ ਦਾ ਖਰਚਾ ਕੌਣ ਝੱਲੂ?”

“ਬੇਬੇ ਗੱਲ ਤਾਂ ਤੇਰੀ ਸਹੀ ਆ ਪਰ ਮੈਂ ਇੱਕ ਗੱਲ ਹੋਰ ਆਖਦੀ ਹਾਂ ...

“ਉਹ ਕਿਹੜੀ?” ਅੱਗੋਂ ਝੱਟ ਬੇਬੇ ਨੰਦ ਕੌਰ ਬੋਲ ਪਈ

“ਉਹ ਇਹ ਹੈ ਕਿ ਜੇ ਸਰਕਾਰ ਹੁਣ ਇੰਨਾ ਉੱਦਮ ਕਰਨ ਹੀ ਲੱਗੀ ਹੈ ਤਾਂ ਇੱਕ ਕੰਮ ਨਾਲ ਹੋਰ ਵੀ ਕਰ ਦੇਵੇਸਾਰੇ ਸ਼ਰਾਬੀਆਂ ਦਾ ਸ਼ਰਾਬ ਦੇ ਠੇਕਿਆਂ ਨਾਲ ਅਧਾਰ ਕਾਰਡ ਲਿੰਕ ਕਰ ਦੇਣਫਿਰ ਸ਼ਰਾਬ ਦਾ ਭਾਅ ਦੁੱਗਣਾ ਕਰਕੇ ਅੱਧੇ ਪੈਸੇ ਘਰ ਵਾਲੀਆਂ ਨੂੰ ਸਬਸਿਡੀ ਦੇ ਤੌਰ ’ਤੇ ਦੇਈ ਜਾਣਸਰਕਾਰ ਵੀ ਖੁਸ਼, ਸ਼ਰਾਬੀ ਵੀ ਖੁਸ਼, ਤੇ ਜਨਾਨੀਆਂ ਦੇ ਪੱਲੇ ਵੀ ਕੁਝ ਪੈ ਜਾਵੇਗਾ

“ਤੇਰੀ ਗੱਲ ਤਾਂ ਨਸੀਬੋਂ ਠੀਕ ਏ ਪਰ ਕੀ ਸਰਕਾਰ ਦੀ ਸਾਰੀ ਕਮਾਈ ਸ਼ਰਾਬ ’ਤੇ ਹੀ ਰਹਿ ਗਈ ਏ? ਸਰਕਾਰ ਦਾ ਕੰਮ ਨਸ਼ੇ ਦੀ ਵਰਤੋਂ ਘਟਾਉਣਾ ਹੁੰਦਾ ਹੈ ਜਾਂ ਵਧਾਉਣਾ? ਇਹ ਤਾਂ ਬਹੁਤ ਗਲਤ ਗੱਲ ਹੈ... ਨਸੀਬੋਂ ਤੂੰ ਸਰਕਾਰ ਵਲ ਹੈ ਜਾਂ ਮੇਰੇ ਵੱਲ?

“ਇਹ ਤਾਂ ਬੇਬੇ ਤੂੰ ਆਪ ਹੀ ਸੋਚ ਲੈ ਅਗਰ ਤੂੰ ਸਬਸਿਡੀ ਦੇ ਦੇਵੇਂਗੀ ਤਾਂ ਮੈਂ ਤੇਰੇ ਵੱਲ ਦੀ ਗੱਲ ਕਰ ਦਿਆਂਗੀ ਮੈਂ ਤਾਂ ਸਰਕਾਰ ਵਾਂਗ ਆਪਣਾ ਹੀ ਫਾਇਦਾ ਸੋਚਣਾ ਏਂ।”

“ਵਾਹ ਨਸੀਬੋ? ਹੈ ਤੂੰ ਵੀ ਸੱਚੀ ਇੱਕ ਤਾਂ ਲੋਕਾਂ ਨੂੰ ਨਸ਼ਿਆਂ ਨੇ ਮਾਰ ਸੁਟਿਆ ਏ ਤੇ ਦੂਸਰਾ ਦੇਸ਼ ਦਾ ਭੱਠਾ ਸਬਸਿਡੀਆਂ ਨੇ ਬਿਠਾ ਦਿੱਤਾ ਏ ਹੁਣ ਕਰੀਏ ਤਾਂ ਕੀ ਕਰੀਏ?

**

ਖਿੜਕੀ

ਜੱਗੀ ਹੱਥ ਵਿੱਚ ਖੂੰਡੀ ਲੈ ਕੇ ਤੁਰਨ ਲੱਗ ਪਿਆ, ਅੱਖਾਂ ਤੇ ਵੱਡੀ ਸਾਰੀ ਐਨਕ ਲਾ ਕੇ ਜਦੋਂ ਕਿਸੇ ਨਾਲ ਗੱਲ ਕਰਦਾ ਤਾਂ ਇੰਝ ਲਗਦਾ ਕਿ ਉਹ ਆਪਣੀ ਬੀਤ ਗਈ ਜ਼ਿੰਦਗੀ ਤੋਂ ਬਹੁਤ ਨਰਾਜ਼ ਹੈਹਰ ਰੋਜ਼ ਬੱਸ ਅੱਡੇ ’ਤੇ ਜਾਣਾ, ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਸ਼ਰਾਬ ਵਾਲੇ ਠੇਕੇ ਵੱਲ ਕਿੰਨਾ ਕਿੰਨਾ ਚਿਰ ਵੇਖਦੇ ਰਹਿਣਾ ਤੇ ਫਿਰ ਵਾਪਸ ਘਰ ਨੂੰ ਮੁੜ ਆਉਣਾ। ਅਖੀਰ ਇੱਕ ਦਿਨ ਉਸ ਨੂੰ ਕਿਸੇ ਨੇ ਪੁੱਛ ਹੀ ਲਿਆ, “ਬਾਬਾ ਤੂੰ ਹਰ ਰੋਜ਼ ਇੱਥੇ ਆਉਂਦਾ ਹੈ ਤੇ ਠੇਕੇ ਵੱਲ ਵੇਖ ਕੇ ਬਿਨਾਂ ਸ਼ਰਾਬ ਖਰੀਦੇ ਵਾਪਸ ਮੁੜ ਜਾਂਦਾ ਹੈ, ਇਹ ਕਿਉਂ?

“ਚਲ ਪੁੱਤਰਾ, ਤੂੰ ਪੁੱਛ ਹੀ ਲਿਆ ਹੈ ਤਾਂ ਮੈਂ ਤੈਨੂੰ ਦੱਸ ਹੀ ਦਿੰਦਾ ਹਾਂ ਮੈਂ ਠੇਕੇ ਦੀ ਖਿੜਕੀ ਨੂੰ ਵੇਖਣ ਆਉਂਦਾ ਹਾਂ ਕਿ ਇਹ ਅਜੇ ਵੀ ਉੱਥੇ ਦੀ ਉੱਥੇ ਹੈ ਇਸਦਾ ਸਾਈਜ਼ ਵੀ ਬਹੁਤ ਛੋਟਾ ਹੈ ਪਰ ਇਸਦਾ ਹਾਜ਼ਮਾ ਬਹੁਤ ਵੱਡਾ ਹੈ, ਜਿਸ ਨੇ ਮੇਰੀ ਸਾਰੀ ਜਾਇਦਾਦ, ਮੇਰੇ ਪਰਿਵਾਰ ਦੇ ਕਈਂ ਮੈਂਬਰ ਤੇ ਹੋਰ ਪਿੰਡ ਦਾ ਬਹੁਤ ਕੁਝ ਖਾ ਲਿਆ ਹੈਇਹ ਅਜੇ ਵੀ ਉੱਥੇ ਦੀ ਉੱਥੇ ਤੇ ਉੰਨੀ ਦੀ ਉੰਨੀ ਹੈ ਮੈਂ ਸੋਚਦਾ ਹਾਂ ਕਿ ਕੋਈ ਹੋਰ ਮੇਰੇ ਵਾਂਗ ਇਸ ਇਸ ਖਿੜਕੀ ਵਿੱਚ ਹੱਥ ਪਾ ਕੇ ਬਰਬਾਦ ਨਾ ਹੋ ਜਾਵੇ ...” ਇੰਨੀ ਗੱਲ ਕਰਕੇ ਅੱਖਾਂ ਵਿੱਚੋਂ ਹੰਝੂ ਵਹਾਉਂਦਾ ਹੋਇਆ ਠੇਡੇ ਖਾਂਦਾ ਘਰ ਨੂੰ ਤੁਰ ਪਿਆਜਾਂਦਾ ਜਾਂਦਾ ਉਹ ਕਹਿ ਰਿਹਾ ਸੀ- ਇਸ ਖਿੜਕੀ ਦੇ ਕੋਈ ਲਾਗੇ ਨਾ ਜਾਇਉ ਕੋਈ, ਨਹੀਂ ਤਾਂ ਮੇਰੇ ਵਾਂਗ ਬਰਬਾਦ ਹੋ ਜਾਉਗੇ

**

ਵੱਡੀ ਬਿਮਾਰੀ

ਜੋਗਾ ਸਿੰਘ ਆਪਣੇ ਪੁੱਤਰ ਸ਼ਿੰਦੇ ਨੂੰ ਹਮੇਸ਼ਾ ਇਹ ਹੀ ਕਹਿੰਦਾ ਰਹਿੰਦਾ ਕਿ ਤੂੰ ਸਵੇਰੇ ਸਵੇਰੇ ਕਿਉਂ ਨਹੀਂ ਉੱਠਦਾ, ਤੈਨੂੰ ਕੀ ਹੋਇਆ ਹੈ, ਤੂੰ ਗਭਰੂ ਮੁੰਡਾ ਏਂ। ਜਦੋਂ ਅਸੀਂ ਤੇਰੇ ਜਿੱਡੇ ਹੁੰਦੇ ਸੀ, ਕਦੇ ਅੱਡੀ ਭੁੰਜੇ ਨਹੀਂ ਸੀ ਲਾਉਂਦੇ ...

ਪੁੱਤਰ ਨਾਲ ਹੁੰਦੀਆਂ ਇਹ ਗੱਲਾਂ ਮਾਂ ਤੋਂ ਸਹਾਰ ਨਾ ਹੋਈਆਂ ਤੇ ਉਹ ਝੱਟ ਪੁੱਤਰ ਦੀ ਵਕਾਲਤ ਵਾਸਤੇ ਅੱਗੇ ਆ ਗਈ, “ਤੈਨੂੰ ਕੀ ਪਤਾ ਏ ਕਿ ਜਵਾਨ ਪੁੱਤਰ ਨੂੰ ਕੀ ਕੀ ਤਕਲੀਫ਼ਾਂ ਨੇ? ਕਦੇ ਪੁੱਛਿਆ ਵੀ ਏ ਕਿ ਬੱਸ ਸਾਰਾ ਸਾਰਾ ਦਿਨ ਇਸਦੇ ਪਿੱਛੇ ਹੀ ਪਿਆ ਰਹਿਨਾ ਏਂ?”

“ਚੰਗਾ ਸਰਦਾਰਨੀ ... ਤੈਨੂੰ ਜੁ ਛੱਡਿਆ ਏ ਇਸ ਲਾਡਲੇ ਦੀ ਦੇਖਭਾਲ ਕਰਨ ਵਾਸਤੇ, ਫਿਰ ਮੈਂਨੂੰ ਕੀ ਲੋੜ ਹੈ ਨਾਲੇ ਇਹ ਤੇਰਾ ਹੀ ਪੁੱਤਰ ਲਗਦਾ ਏ, ਮੇਰਾ ਤਾਂ ਇਹ ਕੁਝ ਨਹੀਂ ਲੱਗਦਾ

ਦੋਹਾਂ ਜੀਆਂ ਵਿੱਚ ਨੋਕ ਝੋਕ ਹੁੰਦੀ ਰਹੀ ਤੇ ਆਖਿਰ ਜੋਗਾ ਸਿੰਘ ਨੇ ਸੋਚਿਆ ਕਿ ਛਿੰਦੇ ਨੂੰ ਆਪਣੇ ਪਿੰਡ ਦੇ ਖਾਨਦਾਨੀ ਹਕੀਮ, ਕਸੂਰੀ ਲਾਲ ਕੋਲ ਵਿਖਾ ਹੀ ਲਿਆਉਂਦਾ ਹਾਂ

ਦੋਵੇਂ ਪਿਉ ਪੁੱਤਰ ਹਕੀਮ ਦੀ ਦੁਕਾਨ ’ਤੇ ਪਹੁੰਚ ਗਏ ਅੱਗੋਂ ਹਕੀਮ ਜੀ ਵੀ ਵਿਹਲੇ ਬੈਠੇ ਸਨਜੋਗਾ ਸਿੰਘ ਤੇ ਛਿੰਦਾ ਹਕੀਮ ਜੀ ਦੇ ਟੁੱਟੇ ਜਿਹੇ ਮੂਹੜੇ ’ਤੇ ਬੈਠ ਗਏਜੋਗੇ ਨੇ ਹਕੀਮ ਨੂੰ ਆਪਣੇ ਪੁੱਤਰ ਦੀ ਬਿਮਾਰੀ ਬਾਰੇ ਦੱਸਿਆ, “ਇਹ ਆਪਣਾ ਗਭਰੂ ਕੁਝ ਬਿਮਾਰ ਜਿਹਾ ਰਹਿੰਦਾ ਹੈ, ਪਹਿਲਾਂ ਇਸਦੀ ਨਬਜ਼ ਵੇਖੋ

ਹਕੀਮ ਕਸੂਰੀ ਲਾਲ ਹਸਮੁਖ ਬੰਦਾ ਹੋਣ ਕਰਕੇ ਅੱਧਾ ਰੋਗ ਤਾਂ ਬਿਮਾਰ ਦਾ ਹਾਸੇ ਭਾਣੇ ਹੀ ਖਤਮ ਕਰ ਦਿੰਦਾ ਸੀਉਹ ਛਿੰਦੇ ਦੀ ਨਬਜ਼ ਫੜ ਕੇ ਪੁੱਛਣ ਲੱਗਾ, “ਕਾਕਾ, ਦੱਸ ਕੀ ਤਕਲੀਫ ਹੈ ਤੂੰ ...”

ਹਕੀਮ ਦੇ ਪੁੱਛਣ ਦੀ ਦੇਰ ਸੀ ਤੇ ਛਿੰਦਾ ਆਪਣੀਆਂ ਤਕਲੀਫ਼ਾਂ ਗਿਣਾਉਣ ਲੱਗ ਪਿਆ। ਉਸ ਨੇ ਪੈਰ ਦੀ ਅੱਡੀ ਤੋਂ ਲੈ ਕੇ ਸਿਰ ਦੀ ਚੋਟੀ ਤਕ ਸਰੀਰ ਦਾ ਕੋਈ ਅੰਗ ਵੀ ਨਾ ਛੱਡਿਆ ਜਿਸ ਵਿੱਚ ਕੋਈ ਤਕਲੀਫ ਨਾ ਹੋਵੇ ਸਭ ਵਿੱਚ ਕੋਈ ਨਾ ਕੋਈ ਰੋਗ ਦੱਸ ਦਿੱਤਾਹਕੀਮ ਸੋਚੀਂ ਪੈ ਗਿਆ ਤੇ ਜੋਗਾ ਸਿੰਘ ਨੂੰ ਉਠਾ ਕੇ ਬਾਹਰ ਲੈ ਗਿਆਕਹਿਣ ਲੱਗਾ, “ਸਰਦਾਰ ਜੀ, ਜੇ ਮੇਰੀ ਮਨੋ ਤਾਂ ਇਸਦਾ ਵਿਆਹ ਕਰ ਦਿਉ?

ਜੋਗਾ ਸਿੰਘ ਬੋਲਿਆ, “ਹਕੀਮ ਜੀ, ਵਿਆਹ ਕਰਨ ਨਾਲ ਇਸਦੇ ਇੰਨੇ ਸਾਰੇ ਰੋਗ ਕਿਵੇਂ ਠੀਕ ਹੋ ਜਾਣਗੇ?

“ਭਲਿਆ ਮਾਣਸਾ, ਜਦੋਂ ਇਸ ਨੂੰ ਵੱਡੀ ਬਿਮਾਰੀ ਲਾ ਦਿੱਤੀ ਤਾਂ ਛੋਟੀਆਂ ਛੋਟੀਆਂ ਬਿਮਾਰੀਆਂ ਆਪੇ ਸਭ ਖਤਮ ਹੋ ਜਾਣਗੀਆਂ ... ਹੁਣ ਤੂੰ ਵੇਖ ਹੀ ਰਿਹਾ ਹੈਂ ... ਦੁਨੀਆਂ ਵਿੱਚ ਵੱਡੀ ਬਿਮਾਰੀ ਕੋਰੋਨਾ ਆ ਗਈ ਹੈ ਤੇ ਬਾਕੀ ਸਭ ਬਿਮਾਰੀਆਂ ਅਲੋਪ ਹੀ ਹੋ ਗਈਆਂ ਹਨਕਦੇ ਸੁਣਿਆ ਐ ਕਿ ਕੋਈ ਬੰਦਾ ਉਸ ਦਿਨ ਤੋਂ ਕਿਸੇ ਹੋਰ ਬਿਮਾਰੀ ਨਾਲ ਮਰਿਆ ਹੋਵੇ?

ਜੋਗਾ ਸਿੰਘ ਇਹ ਸੋਚਣ ਵਾਸਤੇ ਮਜਬੂਰ ਹੋ ਗਿਆ ਕਿ ਗੱਲ ਤਾਂ ਵਾਕਿਆਂ ਹੀ ਸੱਚ ਜਾਪਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2217) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਸਵਿੰਦਰ ਸਿੰਘ ਭੁਲੇਰੀਆ

ਜਸਵਿੰਦਰ ਸਿੰਘ ਭੁਲੇਰੀਆ

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)