ParamjitSDhingra7ShaheedBhagatSingh7“ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ,
ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ।”
(ਸਤੰਬਰ 28, 2015 - ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ।)

 

 

ShaheedBhagatSingh7

ਜਨਮ: 28 ਸਤੰਬਰ 1907    ਸ਼ਹੀਦੀ: 23 ਮਾਰਚ 1931

 

ਸ਼ਹੀਦ ਭਗਤ ਸਿੰਘ ਇਨਕਲਾਬ ਦਾ ਇੱਕ ਅਜਿਹਾ ਬਿੰਬ ਹੈ, ਜੋ ਪੰਜਾਬੀਆਂ ਦੇ ਅਵਚੇਤਨ ਵਿੱਚ ਮਸ਼ਾਲ ਵਾਂਗ ਬਲਦਾ ਹੈ। ਇਸ ਯੋਧੇ ਦਾ ਜਨਮ 28 ਸਤੰਬਰ ਨੂੰ ਪਿੰਡ ਬੰਗਾ, ਚੱਕ ਨੰਬਰ 105 ਜੀ.ਬੀ., ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਕਿਹਾ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਘਰ ਵਿੱਚੋਂ ਮਿਲੇ ਸੰਸਕਾਰਾਂ ਵਿੱਚੋਂ ਹੀ ਉਸ ਦੀ ਭਵਿੱਖੀ ਸ਼ਖ਼ਸੀਅਤ ਉੱਸਰਦੀ ਹੈ। ਭਗਤ ਸਿੰਘ ਦਾ ਪਰਿਵਾਰ ਇਨਕਲਾਬੀ ਸੋਚ ਵਾਲਾ ਪਰਿਵਾਰ ਸੀ। ਇਨਕਲਾਬ ਦੀ ਗੁੜ੍ਹਤੀ ਉਸ ਨੂੰ ਘਰ ਪਰਿਵਾਰ ਵਿੱਚੋਂ ਹੀ ਮਿਲੀ। ਉਹਦੇ ਦਾਦੇ ਅਰਜਨ ਸਿੰਘ ਨੇ 19ਵੀਂ ਸਦੀ ਵਿੱਚ ਚੱਲੀਆਂ ਧਾਰਮਿਕ ਅਤੇ ਸਮਾਜਿਕ ਪੁਨਰ ਜਾਗ੍ਰਤੀ ਦੀਆਂ ਲਹਿਰਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਹ ਸਮਾਂ ਦੇਸ਼ ਦੀ ਅਜ਼ਾਦੀ ਪ੍ਰਾਪਤੀ ਲਈ ਜੱਦੋਜਹਿਦ ਦਾ ਪਿੜ ਬੰਨ੍ਹਣ ਦਾ ਸੀ। ਉਹਦਾ ਪਿਤਾ ਕਿਸ਼ਨ ਸਿੰਘ, ਜੋ ਕਿ ਇੱਕ ਬੀਮਾ ਕੰਪਨੀ ਦਾ ਏਜੰਟ ਸੀ, ਕਾਂਗਰਸ ਦਾ ਸਰਗਰਮ ਮੈਂਬਰ ਸੀ। ਸੰਨ 1906 ਵਿੱਚ ਉਸ ਨੇ ਸੂਫ਼ੀ ਅੰਬਾ ਪ੍ਰਸਾਦ, ਕਰਤਾਰ ਸਿੰਘ  ਤੇ ਮਹਾਸ਼ਾ ਘਸੀਟਾ ਰਾਮ ਨਾਲ ਮਿਲ ਕੇ ਨੌ-ਅਬਾਦੀਅਤ ਐਕਟ ਅਤੇ ਬਾਰੀ-ਦੋਆਬ ਐਕਟ ਵਿਰੋਧੀ ਜੱਦੋਜਹਿਦ ਵਿੱਚ ਹਿੱਸਾ ਲਿਆ ਅਤੇ ਗ੍ਰਿਫ਼ਤਾਰੀ ਵੀ ਦਿੱਤੀ। ਅਮਰੀਕਾ, ਕੈਨੇਡਾ ਵਿੱਚ ਉਸ ਵੇਲੇ ਚੱਲੀ ਗ਼ਦਰ ਲਹਿਰ ਨਾਲ ਵੀ ਉਸ ਦੀ ਹਮਦਰਦੀ ਸੀ। ਉਸ ਨੇ ਆਰਥਿਕ ਪੱਖੋਂ ਇਸ ਲਹਿਰ ਦੀ ਮਦਦ ਕੀਤੀ। ਇਸ ਹਮਦਰਦੀ ਅਤੇ ਮਦਦ ਦੇ ਸਿੱਟੇ ਵਜੋਂ ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਜ਼ਿੰਦਗੀ ਵਿੱਚ ਕਿਸ਼ਨ ਸਿੰਘ ਹੋਰਾਂ ਨੂੰ ਬਤਾਲੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਦੇਸ਼ ਭਗਤੀ ਦੇ ਇਵਜ਼ ਵਜੋਂ ਦੋ ਸਾਲ ਦੀ ਕੈਦ ਵੀ ਕੱਟਣੀ ਪਈ।


ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਸੀ। ਉਸ ਨੇ ਸਾਰੀ ਉਮਰ ਦੇਸ਼ ਦੀ ਅਜ਼ਾਦੀ ਖਾਤਰ ਬਰਤਾਨਵੀ ਹਕੂਮਤ ਦਾ ਵਿਰੋਧ ਕੀਤਾ। ਸਿੱਟੇ ਵਜੋਂ ਉਸ ਨੂੰ ਕੁਝ ਚਿਰ ਲਈ ਰੰਗੂਨ ਭੇਜ ਦਿੱਤਾ ਗਿਆ। ਅੰਤ ਉਹ ਡਲਹੌਜੀ ਵਿਖੇ ਆਜ਼ਾਦੀ ਵਾਲੇ ਦਿਨ ਚਲ ਵਸਿਆ। ਇੱਥੇ ਉਸ ਦੀ ਯਾਦਗਾਰ ਵੀ ਬਣੀ ਹੋਈ ਹੈ। ਛੋਟਾ ਚਾਚਾ ਸਵਰਨ ਸਿੰਘ ਵੀ ਜੋਸ਼ੀਲਾ ਸੰਗਰਾਮੀ ਸੀ, ਜਿਸ ਤੇ ਬਗ਼ਾਵਤ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ ਤੇ ਫਿਰ ਲਾਹੌਰ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ। ਜੇਲ੍ਹ ਵਿੱਚ ਤਪਦਿਕ ਦਾ ਸ਼ਿਕਾਰ ਹੋ ਕੇ 23 ਸਾਲ ਦੀ ਨਿੱਕੀ ਉਮਰੇ ਇਹ ਅਣਖੀ ਯੋਧਾ ਸ਼ਹੀਦ ਹੋ ਗਿਆ।

 
ਅਜਿਹੇ ਸਿਰੜੀ ਤੇ ਅਣਖੀਲੇ ਸੰਗਰਾਮੀਆਂ ਦੇ ਪਰਿਵਾਰ ਵਿੱਚੋਂ ਇਨਕਲਾਬ ਦੀ ਪਹੁਲ ਭਗਤ ਸਿੰਘ ਨੂੰ ਬਚਪਨ ਵਿੱਚ ਹੀ ਮਿਲ ਗਈ ਸੀ। ਉਦੋਂ ਹੀ ਉਹਦੀਆਂ ਸੋਚਾਂ ਵਿੱਚ ਇਹ ਵਿਚਾਰਧਾਰਾ ਪਨਪਣ ਲੱਗੀ ਸੀ ਕਿ ਇਸ ਦੁਨੀਆਂ ਵਿੱਚ ਅਨਿਆਂ, ਜ਼ੁਲਮ, ਨਾ-ਬਰਾਬਰੀ ਕਿਉਂ ਹੈ? ਇਸ ਸੰਸਾਰ ਵਿਚ ਲੁੱਟ-ਖਸੁੱਟ ਦਾ ਹੀ ਬੋਲਬਾਲਾ ਕਿਉਂ ਹੈ? ਆਖਰ ਉਹ ਕਿਹੜੀਆਂ ਤਾਕਤਾਂ ਹਨ ਜੋ ਲੋਕ-ਦੋਖੀ ਹਨ? ਉਨ੍ਹਾਂ ਦੀ ਪਛਾਣ ਕੀ ਹੈ? ਅਜਿਹੀਆਂ ਸੋਚਾਂ ਨੇ ਹੀ ਉਸ ਨੂੰ ਦਗਦੇ ਅੰਗਾਰਿਆਂ ਤੇ ਤੁਰਨ ਲਈ ਊਰਜਾ ਦਿੱਤੀ।


ਸੰਨ
1919 ਦੀ ਵੈਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਵਿੱਚ ਬਸਤੀਵਾਦੀ ਹਾਕਮਾਂ ਨੇ ਜੋ ਕਹਿਰ ਵਰਤਾਇਆ, ਉਸ ਨਾਲ ਪੂਰਾ ਹਿੰਦੁਸਤਾਨ ਕੰਬ ਉੱਠਿਆ।ਸਾਰੇ ਸੰਸਾਰ ਵਿੱਚ ਇਸ ਜ਼ੁਲਮ ਦੀ ਗੂੰਜ ਪਈ। ਨਿਰਦੋਸ਼ ਲੋਕਾਂ ਨੂੰ ਅੰਨ੍ਹੇਵਾਹ ਗੋਲੀਆਂ ਨਾਲ ਭੁੰਨ ਕੇ ਜਿਵੇਂ ਬਰਤਾਨਵੀ ਸਾਮਰਾਜ ਨੇ ਆਪਣੀ ਕਬਰ ਖੋਦ ਲਈ ਸੀ। ਇਸ ਖ਼ੂਨੀ ਵੈਸਾਖੀ ਤੋਂ ਅਗਲੇ ਦਿਨ ਭਗਤ ਸਿੰਘ ਜਲ੍ਹਿਆਂ ਵਾਲੇ ਬਾਗ ਗਿਆ ਤੇ ਨਿਰਦੋਸ਼ਾਂ ਦੀ ਲਹੂ-ਸਿੰਮੀ ਮਿੱਟੀ ਲੈ ਕੇ ਵਾਪਸ ਆਇਆ। ਇਸ ਖ਼ੂਨੀ ਕਾਂਡ ਨੇ ਉਹਦੇ ਅੰਦਰ ਦੀ ਅੱਗ ਨੂੰ ਹੋਰ ਭੜਕਾਇਆ ਤੇ ਬਰਤਾਨਵੀ ਹਾਕਮਾਂ ਦੀ ਬਰਬਰਤਾ ਪ੍ਰਤੀ ਉਹਦੇ ਅੰਦਰ ਰੋਹ ਭਰ ਦਿੱਤਾ।


ਸਾਲ
1921 ਵਿੰਚ ਦੇਸ਼ ਅੰਦਰ ਨਾ-ਮਿਲਵਰਤਨ ਦੀ ਲਹਿਰ ਪੈਦਾ ਹੋ ਗਈ। ਦੇਸ਼ ਅੰਦਰ ਹਾਹਾਕਾਰ ਮਚੀ ਹੋਈ ਸੀ। ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਜਮਾਤਾਂ ਛੱਡ ਕੇ ਇਸ ਲਹਿਰ ਵਿੱਚ ਕੁੱਦਣ ਲੱਗੇ। ਭਗਤ ਸਿੰਘ ਉਦੋਂ ਡੀ.ਏ.ਵੀ. ਸਕੂਲ ਲਾਹੌਰ ਦਾ ਦਸਵੀਂ ਦਾ ਵਿਦਿਆਰਥੀ ਸੀ। ਉਹਨੇ ਪੜ੍ਹਾਈ ਛੱਡ ਕੇ ਇਸ ਲਹਿਰ ਵਿੱਚ ਸਰਗਰਮ ਹੋਣ ਦਾ ਫ਼ੈਸਲਾ ਕਰ ਲਿਆ। ਬਾਅਦ ਵਿੱਚ ਭਗਤ ਸਿੰਘ ਨੇ ਨੈਸ਼ਨਲ ਕਾਲਜ ਤੋਂ ਐਫ.ਏ. ਦੀ ਡਿਗਰੀ ਲਈ।


ਉਨ੍ਹਾਂ ਦਿਨਾਂ ਵਿੱਚ ਗਨੇਸ਼ ਸ਼ੰਕਰ ਵਿਦਿਆਰਥੀ ਦਾ ਨਾਂ ਇਨਕਲਾਬੀ ਸਫਾਂ ਵਿੱਚ ਬੜਾ ਚਰਚਿਤ ਸੀ। ਉਨ੍ਹਾਂ ਦੀ ਨਿੱਜੀ ਲਾਇਬਰੇਰੀ ਇਨਕਲਾਬੀ ਸਾਹਿਤ ਨਾਲ ਭਰੀ ਪਈ ਸੀ। ਇੱਥੇ ਹੀ ਭਗਤ ਸਿੰਘ ਨੇ ਇਨਕਲਾਬੀ ਸਾਹਿਤ ਦਾ ਅਧਿਐਨ ਕੀਤਾ। ਉਸਦਾ ਮੇਲ ਏਸੇ ਸਮੇਂ ਬੀ.ਕੇ. ਦੱਤ
, ਚੰਦਰ ਸ਼ੇਖਰ ਅਜ਼ਾਦ, ਜੈ ਦੇਵ ਕਪੂਰ, ਸ਼ਿਵ ਵਰਮਾ, ਵਿਜੇ ਕੁਮਾਰ ਸਿਨਹਾ ਆਦਿ ਨਾਲ ਹੋਇਆ। ਇਸ ਮੇਲ ਦੇ ਨਤੀਜੇ ਵਜੋਂ ਹੀ ਉਨ੍ਹਾਂ ਸੰਗਠਿਤ ਤੇ ਹਥਿਆਰਬੰਦ ਸੁਪਨੇ ਨੂੰ ਸਾਕਾਰ ਕਰਨ ਲਈ ਬਣਾਈ ਗਈ ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨਨਾਲ ਆਪਣੇ ਆਪ ਨੂੰ ਜੋੜ ਲਿਆ।

ਇਸ ਤੋਂ ਬਾਅਦ ਭਗਤ ਸਿੰਘ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਉਹਨੇ ਕਾਮਰੇਡ ਸੋਹਣ ਸਿੰਘ ਜੋਸ਼ ਦੀ ਕਿਰਤੀ ਕਿਸਾਨ ਪਾਰਟੀ ਨਾਲ ਲਾਹੌਰ ਜਾ ਕੇ ਆਪਣੇ ਆਪ ਨੂੰ ਜੋੜ ਲਿਆ। ਆਪਣੇ ਵਿਚਾਰਾਂ ਦੇ ਪ੍ਰਗਟਾ ਲਈ ਕਿਰਤੀ ਅਖ਼ਬਾਰ ਵਿੱਚ ਲੇਖ ਲਿਖਣੇ ਸ਼ੁਰੂ ਕੀਤੇ। ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ ਦੇ ਇਨਕਲਾਬੀਆਂ ਵੱਲੋਂ ਪਾਰਟੀ ਲਈ ਧਨ ਇਕੱਠਾ ਕਰਨ ਦੇ ਮਕਸਦ ਨਾਲ ਇੱਕ ਯੋਜਨਾ ਬਣਾਈ ਗਈ। ਇਸ ਯੋਜਨਾ ਤਹਿਤ ਹਰਦੋਈ ਤੋਂ ਲਖਨਊ ਆ ਰਹੀ 8 ਡਾਊਨ ਟ੍ਰੇਨ ਨੂੰ ਕਕੋਰੀ ਰੇਲਵੇ ਸਟੇਸ਼ਨ ਤੋਂ ਇੱਕ ਕਿਲੋਮੀਟਰ ਦੂਰ ਰੋਕ ਕੇ ਸਰਕਾਰੀ ਖ਼ਜ਼ਾਨਾ ਲੁੱਟਣਾ ਸੀ, ਜਿਸ ਨੂੰ ਲੈ ਕੇ ਇਹ ਟ੍ਰੇਨ ਜਾ ਰਹੀ ਸੀ। ਇਹ ਘਟਨਾ 9 ਅਗਸਤ 1925 ਦੀ ਹੈ। ਇਸ ਘਟਨਾ ਵਿੱਚ ਕੁਝ ਇਨਕਲਾਬੀ ਫੜੇ ਵੀ ਗਏ, ਬਾਅਦ ਵਿੱਚ ਜਿਨ੍ਹਾਂ ਨੂੰ ਜੇਲ੍ਹ ਤੋਂ ਛੁਡਾਉਣ ਦੀ ਯੋਜਨਾ ਬਣਾਈ ਗਈ। ਸੰਨ 1925 ਵਿੱਚ ਭਗਤ ਸਿੰਘ ਕਾਨ੍ਹਪੁਰ ਆਇਆ ਪਰ ਭੇਦ ਖੁੱਲ੍ਹ ਜਾਣ ਕਾਰਨ ਕੈਦ ਵਿੱਚੋਂ ਛੁਡਾਉਣ ਦੀ ਯੋਜਨਾ ਸਫ਼ਲ ਨਾ ਹੋ ਸਕੀ। 1926 ਵਿੱਚ ਫਿਰ ਯਤਨ ਕੀਤਾ ਪਰ ਯੋਜਨਾ ਸਫ਼ਲ ਨਾ ਹੋਈ। ਇਸ ਤੋਂ ਬਾਅਦ ਭਗਤ ਸਿੰਘ ਤੇ ਹੋਰ ਸਾਥੀਆਂ ਨੇ ਰਲ ਕੇ ਸਲਾਹ ਕੀਤੀ ਕਿ ਹੁਣ ਵੇਲਾ ਆ ਗਿਆ ਹੈ ਕਿ ਨੌਜਵਾਨ ਇਨਕਲਾਬੀਆਂ ਨੂੰ ਇਸ ਲਹਿਰ ਨੂੰ ਅੱਗੇ ਹੋ ਕੇ ਅਗਵਾਈ ਦੇਣੀ ਚਾਹੀਦੀ ਹੈ।


ਅਜਿਹੇ ਯਤਨਾਂ ਸਦਕਾ ਹੀ ਭਗਤ ਸਿੰਘ ਨੇ ਲਾਹੌਰ ਆ ਕੇ ਸੁਖਦੇਵ
, ਭਗਵਤੀ ਚਰਨ ਵੋਹਰਾ ਤੇ ਯਸ਼ਪਾਲ ਨਾਲ ਮਿਲ ਕੇ 13 ਮਾਰਚ 1926 ਨੂੰ ਭਾਰਤ ਨੌਜਵਾਨ ਸਭਾ ਦਾ ਗਠਨ ਕੀਤਾ। ਇਸ ਦੇ ਕੁਝ ਰਾਜਨੀਤਕ ਨਿਸ਼ਾਨੇ ਮਿਥੇ ਗਏ ਤਾਂ ਜੋ ਦੇਸ਼ ਵਿੱਚ ਇਨਕਲਾਬੀ ਆਜ਼ਾਦੀ ਲਈ ਮਾਹੌਲ ਪੈਦਾ ਕੀਤਾ ਜਾ ਸਕੇ।


ਜਲਦੀ ਹੀ ਇਸ ਨੌਜਵਾਨ ਸਭਾ ਦੀਆਂ ਸ਼ਾਖਾਵਾਂ ਲਾਹੌਰ
, ਅੰਮ੍ਰਿਤਸਰ, ਮਿੰਟਗੁਮਰੀ, ਲੁਧਿਆਣਾ, ਪੇਸ਼ਾਵਰ, ਮੁਲਤਾਨ, ਸਰਗੋਧਾ, ਸਿਆਲਕੋਟ ਤੇ ਕਰਾਚੀ ਵਿੱਚ ਸਥਾਪਤ ਹੋ ਗਈਆਂ। ਨੌਜਵਾਨ ਭਾਰਤ ਸਭਾ ਦੀ ਦੂਜੀ ਕਾਨਫਰੰਸ 22 ਤੋਂ 24 ਫਰਵਰੀ 1929 ਨੂੰ ਲਾਹੌਰ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਕਾਮਰੇਡ ਸੋਹਣ ਸਿੰਘ ਜੋਸ਼ ਨੇ ਕੀਤੀ। ਇਸ ਵਿੱਚ ਸਾਂਡਰਸ ਦੀ ਹੱਤਿਆ ਮਗਰੋਂ ਨੌਜਵਾਨਾਂ ਦੀ ਫੜੋ ਫੜਾਈ ਦੀ ਨਿਖੇਧੀ ਕੀਤੀ ਗਈ। ਜੂਨ 1928 ਵਿੱਚ ਸ਼ਹੀਦ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਦੇ ਸਹਾਇਕ ਵਿੰਗ ਵਜੋਂ ਲਾਹੌਰ ਸਟੂਡੈਂਟਸ ਯੂਨੀਅਨ ਦੀ ਸਥਾਪਨਾ ਕੀਤੀ। ਜੇਲ੍ਹ ਵਿੱਚੋਂ ਹੀ ਭਗਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਚਾਰਧਾਰਕ ਤੌਰ ਤੇ ਦ੍ਰਿੜ੍ਹ ਹੋਣ ਦਾ ਸੰਦੇਸ਼ ਦਿੱਤਾ। ਇਹ ਸੰਦੇਸ਼ ਲਾਹੌਰ ਤੋਂ ਛਪਦੇ ਟ੍ਰਿਬਿਊਨ ਦੇ 22 ਅਕਤੂਬਰ 1929 ਦੇ ਅੰਕ ਵਿੱਚ ਪ੍ਰਕਾਸ਼ਤ ਹੋਇਆ - ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਵੀ ਜ਼ਿਆਦਾ ਵੱਡੇ ਕੰਮ ਹਨ। ਆਉਣ ਵਾਲੇ ਲਾਹੌਰ ਸੈਸ਼ਨ ਵਿੱਚ ਕਾਂਗਰਸ ਦੇਸ਼ ਦੀ ਸੁਤੰਤਰਤਾ ਲਈ ਤਕੜੀ ਜੱਦੋਜਹਿਦ ਦਾ ਐਲਾਨ ਕਰ ਰਹੀ ਹੈ। ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨ ਜਮਾਤ ਦੇ ਸਿਰਾਂ ਤੇ ਮਣਾਂ ਮੂੰਹੀਂ ਜ਼ਿੰਮੇਵਾਰੀ ਦਾ ਭਾਰ ਆ ਜਾਂਦਾ ਹੈ। ਸਭ ਤੋਂ ਵੱਧ ਵਿਦਿਆਰਥੀ ਤਾਂ ਆਜ਼ਾਦੀ ਦੀ ਲੜਾਈ ਦੀਆਂ ਮੂਹਰਲੀਆਂ ਸਫਾਂ ਵਿੱਚ ਲੜਦੇ ਸ਼ਹੀਦ ਹੋਏ ਹਨ। ਕੀ ਭਾਰਤੀ ਨੌਜਵਾਨ ਇਸ ਪ੍ਰੀਖਿਆ ਦੇ ਸਮੇਂ ਉਹੀ ਸੰਜੀਦਾ ਇਰਾਦਾ ਵਿਖਾਉਣ ਤੋਂ ਝਿਜਕਣਗੇ?


ਭਗਤ ਸਿੰਘ ਦੀਆਂ ਇਨਕਲਾਬੀ ਤੇ ਸਿਆਸੀ ਕਾਰਵਾਈਆਂ ਕਾਰਨ ਸਰਕਾਰ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਤਾਕ ਵਿੱਚ ਸੀ।
25 ਅਕਤੂਬਰ 1926 ਵਾਲੇ ਦਿਨ ਲਾਹੌਰ ਵਿੰਚ ਦੁਸਹਿਰੇ ਦੇ ਮੌਕੇ ਕਿਸੇ ਸ਼ਰਾਰਤੀ ਨੇ ਭੀੜ ਉਪਰ ਬੰਬ ਸੁੱਟ ਦਿੱਤਾ, ਜਿਸ ਨਾਲ 9 ਲੋਕ ਮਾਰੇ ਗਏ ਅਤੇ 56 ਜ਼ਖ਼ਮੀ ਹੋਏ। ਸਰਕਾਰੀ ਸੂਹੀਆਂ ਅਨੁਸਾਰ ਇਹ ਇਨਕਲਾਬੀ ਜਥੇਬੰਦੀ ਦਾ ਕਾਰਾ ਹੈ। ਇਸੇ ਸ਼ੱਕ ਅਧੀਨ ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਲੋਕਾਂ ਦੇ ਵਿਰੋਧ ਕਰਨ ਤੇ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ।


3
ਮਈ 1930 ਨੂੰ ਇਨਕਲਾਬੀ ਗਤੀਵਿਧੀਆਂ ਦੇ ਮੱਦੇਨਜ਼ਰ ਨੌਜਵਾਨ ਭਾਰਤ ਸਭਾ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਇਸ ਤੇ ਕਰੜੀ ਨਿਗਰਾਨੀ ਸ਼ੁਰੂ ਕਰ ਦਿੱਤੀ। ਇਸ ਨਾਲ ਸਭਾ ਦੀਆਂ ਕਾਰਵਾਈਆਂ ਲਗਪਗ ਠੱਪ ਹੋ ਗਈਆਂ। ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਦੇ ਕਿਲ੍ਹੇ ਵਿੱਚ ਰੱਖਿਆ ਗਿਆ ਅਤੇ ਉਸ ਤੇ ਪੁਲੀਸ ਤਸ਼ੱਦਦ ਵੀ ਹੋਇਆ। 1925 ਦੀ ਗ੍ਰਹਿ ਵਿਭਾਗ ਦੀ ਰਿਪੋਰਟ ਅਨੁਸਾਰ 35 ਵਿਅਕਤੀਆਂ ਦੀ ਡਾਕ ਸੈਂਸਰ ਕੀਤੀ ਜਾਂਦੀ ਸੀ, ਜਿਨ੍ਹਾਂ ਵਿੱਚ ਭਗਤ ਸਿੰਘ 16ਵੇਂ ਨੰਬਰ ਤੇ ਸੀ। ਭਗਤ ਸਿੰਘ, ਜਤਿੰਦਰ ਨਾਥ ਦਾਸ, ਬਟੁਕੇਸ਼ਵਰ ਦੱਤ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੀ ਤੇ ਆਖਰੀ ਵਾਰ 1925 ਵਿੱਚ ਉਸ ਸਮੇਂ ਜੇਲ੍ਹ ਵਿੱਚ ਮਿਲੇ ਸਨ, ਜਦੋਂ ਉਨ੍ਹਾਂ ਨੇ ਆਪਣੀਆਂ ਮੰਗਾਂ ਖਾਤਰ ਲੰਮੀ ਭੁੱਖ ਹੜਤਾਲ ਕੀਤੀ ਹੋਈ ਸੀ। ਇਸ ਬਾਰੇ ਆਪਣੀ ਆਤਮ-ਕਥਾਵਿੱਚ ਨਹਿਰੂ ਨੇ ਲਿਖਿਆ ਹੈ:


ਭਗਤ ਸਿੰਘ ਦਾ ਚਿਹਰਾ ਬੜਾ ਦਿਲ-ਖਿੱਚਵਾਂ ਅਤੇ ਤੇਜੱਸਵੀ ਸੀ-ਅਸਾਧਾਰਣ ਰੂਪ ਵਿੱਚ ਸ਼ਾਂਤ ਅਤੇ ਸੰਜਮੀ। ਕਿਸੇ ਪ੍ਰਕਾਰ ਦਾ ਰੋਸ ਉਹਦੇ ਵਿੱਚੋਂ ਨਹੀਂ ਸੀ ਝਲਕਦਾ। ਉਹਦੇ ਦੇਖਣ ਅਤੇ ਗੱਲਬਾਤ ਕਰਨ ਦਾ ਢੰਗ ਬੜਾ ਸਾਊ ਸੀ।
’’


ਭਗਤ ਸਿੰਘ ਦੀ ਫਾਂਸੀ ਦੀ ਖ਼ਬਰ ਫੈਲਦਿਆਂ ਹੀ ਸਮੁੱਚੇ ਦੇਸ਼ ਦੇ ਨੇਤਾਵਾਂ ਵੱਲੋਂ ਉਸ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਨ ਦੀ ਹੋੜ ਲੱਗ ਗਈ। ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਹਿੰਸਕ ਮਾਰਗ ਦੇ ਬਾਵਜੂਦ ਖ਼ੁਦ ਗਾਂਧੀ ਨੇ ਅਸਹਿਮਤ ਹੁੰਦਿਆਂ ਕਿਹਾ ਸੀ:
ਭਗਤ ਸਿੰਘ ਦੀ ਬਹਾਦਰੀ ਅਤੇ ਬਲੀਦਾਨ ਸਾਹਮਣੇ ਸਾਡਾ ਸਿਰ ਝੁਕ ਜਾਂਦਾ ਹੈ


ਦਿੱਲੀ ਵਿੱਚ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ
8 ਅਪਰੈਲ 1929 ਨੂੰ ਦੁਪਹਿਰ ਵੇਲੇ ਜਿਉਂ ਹੀ ਟਰੇਡ ਡਿਸਪਿਊਟ ਬਿੱਲ ਦੇ ਹੱਕ ਵਿੱਚ ਵੋਟਾਂ ਪੈਣ ਦਾ ਕੰਮ ਖਤਮ ਹੋਇਆ ਤਾਂ ਜਲਦੀ ਨਾਲ ਅਸੈਂਬਲੀ ਹਾਲ ਵਿੱਚ ਸੁੱਟੇ ਗਏ ਦੋ ਬੰਬ ਸਦਨ ਦੇ ਸਰਕਾਰੀ ਬੈਂਚਾਂ ਵੱਲ ਡਿੱਗੇ। ਬੰਬ ਸੁੱਟਣ ਵਾਲੇ ਦੋ ਨੌਜਵਾਨ ਸਨ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ। ਦੋਵਾਂ ਨੇ ਖਾਕੀ ਹਾਫ ਪੈਂਟ, ਕਮੀਜ਼ ਅਤੇ ਹਲਕੇ ਨੀਲੇ ਰੰਗ ਦੇ ਕੋਟ ਪਾਏ ਹੋਏ ਸਨ। ਬੰਬ ਡਿੱਗਦਿਆਂ ਹੀ ਸਰਕਾਰੀ ਬੈਂਚਾਂ ਤੇ ਹਫੜਾ ਦਫੜੀ ਮੱਚ ਗਈ। ਇਸ ਦੇ ਬਾਵਜੂਦ ਹਿੰਦੁਸਤਾਨੀ ਨੇਤਾ ਪੰਡਿਤ ਮੋਤੀ ਲਾਲ ਨਹਿਰੂ, ਮਦਨ ਮੋਹਨ ਮਾਲਵੀਆ, ਮੁਹੰਮਦ ਅਲੀ ਜਿਨਾਹ, ਐਮ.ਆਰ., ਜਯਕਰ ਅਤੇ ਰਫੀ ਅਹਿਮਦ ਕਿਦਵਾਈ ਸ਼ਾਂਤ ਅਤੇ ਸੰਜਮੀ ਬਣੇ ਰਹੇ। ਬਾਅਦ ਵਿੱਚ ਇਹ ਸਾਰੇ ਬਚਾ ਪੱਖ ਦੇ ਹੱਕ ਵਿੱਚ ਭੁਗਤੇ ਤੇ ਸਮੁੱਚੇ ਸਦਨ ਵਿੱਚ ਨਿੰਦਿਆ ਪ੍ਰਸਤਾਵ ਪਾਸ ਕੀਤਾ। ਭਗਤ ਸਿੰਘ ਤੇ ਦੱਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਜੇਲ੍ਹ ਵਿੱਚ ਹੋਈ ਮੁੱਢਲੀ ਜਿਰਾਹ ਤੋਂ ਬਾਅਦ ਸੈਸ਼ਨ ਜੱਜ ਦੀ ਅਦਾਲਤ ਵਿੱਚ ਜੂਨ 1929 ਦੇ ਪਹਿਲੇ ਹਫ਼ਤੇ ਬਾਕਾਇਦਾ ਜਿਰਾਹ ਸ਼ੁਰੂ ਹੋ ਗਈ। ਭਗਤ ਸਿੰਘ ਤੇ ਦੱਤ ਨੇ ਬੰਬ ਸੁੱਟਣ ਦਾ ਇਲਜ਼ਾਮ ਸਵੀਕਾਰ ਕਰ ਲਿਆ ਪਰ ਉਨ੍ਹਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਜਿਹਾ ਉਨ੍ਹਾਂ ਨੇ ਕਿਸੇ ਦੀ ਹੱਤਿਆ ਕਰਨ ਦੀ ਮੰਤਵ ਨਾਲ ਕੀਤਾ ਹੈ।


ਜਿਰਾਹ ਦੌਰਾਨ ਉਨ੍ਹਾਂ ਨੇ ਅਦਾਲਤ ਵਿੱਚ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਸਫਾਂ ਵਿਚ ਆਪਣੀ ਅਤੇ ਦੇਸ਼ ਦੀ ਆਵਾਜ਼ ਬੁਲੰਦ ਕਰਨ ਖਾਤਰ ਅਜਿਹਾ ਕਦਮ ਚੁੱਕਿਆ ਹੈ। ਅਖੀਰ ਸੈਸ਼ਨ ਜੱਜ ਨੇ
12 ਜੂਨ 1929 ਨੂੰ ਉਨ੍ਹਾਂ ਨੂੰ ਕਾਲੇਪਾਣੀ ਦੀ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਉਨ੍ਹਾਂ ਦੇ ਵਕੀਲ ਬੈਰਿਸਟਰ ਆਸਿਫ਼ ਅਲੀ ਨੇ ਲਾਹੌਰ ਹਾਈ ਕੋਰਟ ਵਿੱਚ ਇਸ ਖ਼ਿਲਾਫ਼ ਅਪੀਲ ਕੀਤੀ ਜੋ 13 ਜਨਵਰੀ ਨੂੰ ਖਾਰਜ ਕਰ ਦਿੱਤੀ ਗਈ।


ਦਿੱਲੀ ਅਸੈਂਬਲੀ ਕਾਂਡ ਦੀ ਕਾਰਵਾਈ ਖ਼ਤਮ ਹੁੰਦਿਆਂ ਭਗਤ ਸਿੰਘ ਅਤੇ ਦੱਤ ਨੂੰ ਦਿੱਲੀ ਜੇਲ੍ਹ ਤੋਂ ਬਦਲ ਕੇ ਪੰਜਾਬ ਦੀ ਮੀਆਂਵਾਲੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਦਿੱਲੀ ਤੋਂ ਪੰਜਾਬ ਵਿੱਚ ਉਹ ਤੇ ਉਸ ਦੇ ਸਾਥੀਆਂ ਖ਼ਿਲਾਫ਼ ਲਾਹੌਰ ਸਾਜਿਸ਼ ਕੇਸ ਦੇ ਤਹਿਤ ਮੁਕੱਦਮਾ ਚਲਾਇਆ ਗਿਆ
, ਜਿਸ ਵਿੱਚ ਸਾਂਡਰਸ ਦੀ ਹੱਤਿਆ ਹੋਈ ਸੀ। ਜੇਲ੍ਹ ਵਿੱਚ ਉਨ੍ਹਾਂ ਤੇ ਕਈ ਪ੍ਰਕਾਰ ਦਾ ਤਸ਼ੱਦਦ ਕੀਤਾ ਗਿਆ ਤੇ ਅਣਮਨੁੱਖੀ ਹਾਲਾਤ ਵਿੱਚ ਰੱਖਿਆ ਗਿਆ। 17 ਜੂਨ 1929 ਨੂੰ ਭਗਤ ਸਿੰਘ ਨੇ ਮੀਆਂਵਾਲੀ ਜੇਲ੍ਹ ਤੋਂ ਅਤੇ 20 ਜੂਨ 1929 ਨੂੰ ਸੁਖਦੇਵ ਨੇ ਲਾਹੌਰ ਜੇਲ੍ਹ ਵਿੱਚੋਂ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਮਿਲਦੀਆਂ ਤੁੱਛ ਸਹੂਲਤਾਂ ਬਾਰੇ ਖ਼ਤ ਲਿਖੇ। ਇਨ੍ਹਾਂ ਖ਼ਤਾਂ ਤੇ ਕੋਈ ਕਾਰਵਾਈ ਨਾ ਹੋਣ ਕਰਕੇ ਮੀਆਂ ਵਾਲੀ ਤੇ ਲਾਹੌਰ ਸਾਜਿਸ਼ ਕੇਸ ਦੇ ਕੈਦੀਆਂ ਨੇ ਜੇਲ੍ਹ ਵਿੱਚ ਅਨਿਸ਼ਚਿਤ ਭੁੱਖ ਹੜਤਾਲ ਕਰ ਦਿੱਤੀ। ਇਹ ਦੋਵੇਂ ਖ਼ਤ ਮਦਨ ਮੋਹਨ ਮਾਲਵੀਆ ਨੇ 14 ਸਤੰਬਰ 1929 ਨੂੰ ਸੈਂਟਰਲ ਅਸੈਂਬਲੀ ਵਿੱਚ ਪੜ੍ਹ ਕੇ ਸੁਣਾਏ। ਲਾਹੌਰ ਦੇ ਪ੍ਰਸਿੱਧ ਆਗੂਆਂ ਨੇ ਦੇਸ਼ ਵਿੱਚ ਜਾਗਰੂਕਤਾ ਲਿਆਉਣ ਲਈ ਮੁਹਿੰਮ ਛੇੜ ਦਿੱਤੀ ਤਾਂ ਕਿ ਇਨਕਲਾਬੀਆਂ ਦੀ ਜੇਲ੍ਹ ਹਾਲਤ ਬਾਰੇ ਅਵਾਮ ਨੂੰ ਦੱਸਿਆ ਜਾ ਸਕੇ। ਸਿੱਟੇ ਵਜੋਂ 30 ਜੂਨ 1929 ਨੂੰ ਹਿੰਦੁਸਤਾਨ ਵਿੱਚ ਇਹ ਦਿਨ ਭਗਤ ਸਿੰਘ ਦਿਵਸਦੇ ਰੂਪ ਵਿੱਚ ਮਨਾਇਆ ਗਿਆ।


ਸਾਮਰਾਜੀ ਚਾਲਾਂ ਨੇ ਆਪਣੇ ਮਨਸੂਬੇ ਪੂਰੇ ਕਰਨ ਲਈ ਹਰ ਹਰਬਾ ਵਰਤਿਆ ਤੇ ਅਖੀਰ ਬਰਤਾਨਵੀ ਵਾਇਰਸਾਏ ਨੇ ਲਾਹੌਰ ਸਾਜਿਸ਼ ਕੇਸ ਬਾਰੇ ਟ੍ਰਿਬਿਊਨਲ ਕਾਇਮ ਕਰ ਦਿੱਤਾ
, ਜਿਸ ਨੇ 7 ਅਕਤੂਬਰ 1930 ਵਾਲੇ ਦਿਨ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਮੁੱਖ ਦੋਸ਼ ਇੰਗਲੈਂਡ ਦੇ ਜਾਰਜ ਪੰਜਮ ਵਿਰੁੱਧ ਜੰਗ ਛੇੜਨ ਦਾ ਸੀ। 8 ਮਾਰਚ 1931 ਨੂੰ ਭਗਤ ਸਿੰਘ ਰਹਿਮ ਦੀ ਅਪੀਲ ਕਰਨ ਲਈ ਸਹਿਮਤ ਹੋ ਗਿਆ ਪਰ ਇਸ ਤੋਂ ਹਕੂਮਤ ਡਰ ਗਈ। ਉਹ ਭਗਤ ਸਿੰਘ ਤੇ ਉਹਦੇ ਸਾਥੀਆਂ ਪ੍ਰਤੀ ਕਿਸੇ ਵੀ ਰਹਿਮ ਜਾਂ ਨਰਮੀ ਤੋਂ ਕੰਬਦੇ ਸਨ। ਉਨ੍ਹਾਂ ਨੇ ਬਿਨਾਂ ਕੋਈ ਅਗਾਊਂ ਸਰਕਾਰੀ ਫ਼ੈਸਲਾ ਉਡੀਕਿਆਂ ਇਸ ਆਜ਼ਾਦੀ ਦੇ ਪਰਵਾਨੇ ਨੂੰ ਛੇਤੀ ਤੋਂ ਛੇਤੀ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ। ਇਸ ਨੂੰ ਉਨ੍ਹਾਂ ਨੇ ਆਪਰੇਸ਼ਨ ਟਰੋਜ਼ਨ ਹਾਰਸਦਾ ਨਾਂ ਦਿੱਤਾ। ਇਸ ਤਹਿਤ 23 ਮਾਰਚ ਸ਼ਾਮ 7:15 ਵਜੇ ਭਗਤ ਸਿੰਘ ਤੇ ਉਹਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਤੇ ਚੜ੍ਹਾਇਆ ਗਿਆ ਪਰ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਅਧਮੋਈ ਹਾਲਤ ਵਿੱਚ ਉਤਾਰ ਕੇ ਲਾਹੌਰ ਛਾਉਣੀ ਵਿੱਚ ਲਿਜਾਇਆ ਗਿਆ। ਉੱਥੇ ਸਾਂਡਰਸ ਦਾ ਕੁਨਬਾ ਮੌਜੂਦ ਸੀ। ਉਨ੍ਹਾਂ ਨੇ ਦੂਜੇ ਅਫਸਰਾਂ ਨਾਲ ਮਿਲ ਕੇ ਬਦਲਾ ਲੈਣ ਲਈ ਤਿੰਨਾਂ ਇਨਕਲਾਬੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਬਿਨਾਂ ਪੋਸਟਮਾਰਟਮ ਕਰਾਏ, ਬਿਨਾਂ ਵਾਰਿਸਾਂ ਨੂੰ ਲਾਸ਼ਾਂ ਸੌਂਪੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਲਾਹੌਰ ਦੇ ਨੇੜੇ ਸਾੜ ਕੇ ਕੁਝ ਰਾਖ ਤੇ ਜਲੇ ਹੋਏ ਮਾਸ ਨੂੰ ਹੁਸੈਨੀਵਾਲਾ ਕੋਲ ਸਤਲੁਜ ਦੇ ਪੱਛਮੀ ਕੰਢੇ ਸੁੱਟ ਦਿੱਤਾ। ਸਰਕਾਰ ਨੂੰ ਪਤਾ ਸੀ ਕਿ ਜੇ ਲਾਸ਼ਾਂ ਲੋਕਾਂ ਦੇ ਹੱਥ ਆ ਗਈਆਂ ਤਾਂ ਉਸੇ ਦਿਨ ਬਰਤਾਨਵੀ ਤਖ਼ਤਾ ਪਲਟ ਦਿੱਤਾ ਜਾਏਗਾ। ਏਸੇ ਕਰਕੇ ਉਨ੍ਹਾਂ ਨੇ ਲਾਸ਼ਾਂ ਦੀ ਉਹ ਹਾਲਤ ਕਰ ਦਿੱਤੀ ਕਿ ਲੋਕ ਇਸ ਦਾ ਕੁਝ ਕਰ ਹੀ ਨਾ ਸਕਣ।


ਭਗਤ ਸਿੰਘ ਨੇ ਫਾਂਸੀ ਤੋਂ ਇੱਕ ਦਿਨ ਪਹਿਲਾਂ ਕੇਂਦਰੀ ਜੇਲ੍ਹ ਦੇ ਵਾਰਡ ਨੰਬਰ
14 ਅੰਦਰ ਬੰਦ ਆਪਣੇ ਇਨਕਲਾਬੀ ਸਾਥੀਆਂ ਨੂੰ ਇੱਕ ਨੋਟ ਭੇਜਿਆ ਸੀ, ਜਿਸ ਵਿੱਚ ਉਹਨੇ ਲਿਖਿਆ ਸੀ: ਜਿਉਂਦੇ ਰਹਿਣ ਦੀ ਖਾਹਸ਼ ਕੁਦਰਤੀ ਤੌਰ ਤੇ ਮੈਨੂੰ ਵੀ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ ਪਰ ਮੇਰਾ ਜਿਉਂਦੇ ਰਹਿਣਾ ਇਸ ਸ਼ਰਤ ਤੇ ਹੈ ਕਿ ਮੈਂ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਜਿਊਣਾ ਨਹੀਂ ਚਾਹੁੰਦਾ। ਮੇਰਾ ਨਾਂ ਹਿੰਦੁਸਤਾਨੀ ਇਨਕਲਾਬ ਦਾ ਨਿਸ਼ਾਨ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਾ ਕਰ ਦਿੱਤਾ ਹੈ। ਏਨਾ ਉੱਚਾ ਕਿ ਜਿਉਂਦੇ ਰਹਿਣ ਦੀ ਸੂਰਤ ਵਿੱਚ ਇਸ ਨਾਲੋਂ ਉੱਚਾ ਮੈਂ ਕਦੇ ਵੀ ਨਹੀਂ ਹੋ ਸਕਦਾ।


ਭਗਤ ਸਿੰਘ ਦੀ ਸ਼ਹੀਦੀ ਤੋਂ ਕੁਝ ਦਿਨ ਬਾਅਦ ਦਿੱਲੀ ਵਿੱਚ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ
:


‘‘
ਭਗਤ ਸਿੰਘ ਅੱਜ ਇੱਕ ਵਿਅਕਤੀ ਨਹੀਂ, ਸਗੋਂ ਇੱਕ ਚਿੰਨ੍ਹ ਬਣ ਗਿਆ ਹੈ। ਉਹ ਇਨਕਲਾਬੀ ਭਾਵਨਾ ਦਾ ਚਿੰਨ੍ਹ ਹੈ, ਜਿਹੜੀ ਸਾਰੇ ਦੇਸ਼ ਵਿੱਚ ਛਾ ਗਈ ਹੈ।’’


ਕੁਝ ਲਿਖਤਾਂ ਅਨੁਸਾਰ ਭਗਤ ਸਿੰਘ ਦੇ ਫਾਂਸੀ ਚੜ੍ਹਦੇ ਸਮੇਂ ਅੰਤਿਮ ਸ਼ਬਦ ਇਹ ਸਨ:


ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ,

ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ।


ਇਸ ਇਨਕਲਾਬੀ ਯੋਧੇ ਨੂੰ ਚਿਰਜੀਵੀ ਸਲਾਮ!


**


ਧੰਨਵਾਦ ਸਹਿਤ ‘ਪੰਜਾਬੀ ਟ੍ਰਿਬਿਊਨ ਚੰਡੀਗੜ੍ਹ’ ਵਿੱਚੋਂ।

 
(70)


ਵਿਚਾਰ ਭੇਜਣ ਲਈ: 
(This email address is being protected from spambots. You need JavaScript enabled to view it.)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author