“ਵਿਆਹ ਦੇ ਸ਼ਾਹੀ ਭੋਜ ਦੌਰਾਨ ਨਸ਼ੇ ਵਿੱਚ ਟੁੰਨ ਅਤਾਲੋਸ ਨੇ ਅਰਜ਼ ਕਰਦਿਆਂ ਇੱਛਾ ...”
(14 ਜੁਲਾਈ 2020)
ਦੁਨੀਆ ਦਾ ਜੇਤੂ ਸ਼ਾਹ ਸਿਕੰਦਰ। ਸ਼ਾਹ ਆਲਮ।
ਫਿਲਪ ਦਾ ਸ਼ਾਨਦਾਰ ਮਹੱਲ, ਕਲਾ ਦਾ ਅਦਭੁੱਤ ਨਮੂਨਾ। ਮਹੱਲ ਵਿੱਚ ਬੈਠਾ ਬਾਦਸ਼ਾਹ ਕੁਝ ਸੋਚ ਰਿਹਾ ਹੈ। ਐਨੇ ਨੂੰ ਸ਼ਾਹੀ ਨੌਕਰ ਨੇ ਆ ਕੇ ਰਾਜੇ ਕੋਲ ਅਰਜ਼ ਗੁਜ਼ਾਰੀ –
‘ਮਹਾਰਾਜ, ਥੇਸਲੀ ਤੋਂ ਘੋੜਿਆਂ ਦਾ ਇੱਕ ਵਪਾਰੀ ਆਇਆ ਹੈ ਤੁਸੀਂ ...’
‘ਉਹਨੂੰ ਅਸ਼ਵਪਾਲ ਕੋਲ ਲੈ ਜਾਹ, ਘੋੜੇ ਤਾਂ ਉਹਨੇ ਪਰਖਣੇ ਨੇ।’
‘ਹਜ਼ੂਰ, ਇਹ ਉਹਦੇ ਵਸ ਦਾ ਰੋਗ ਨਹੀਂ।’
‘ਕੀ ਘੋੜੇ?’
‘ਨਹੀਂ, ਵਪਾਰੀ ਕੋਲ ਦੁਰਲੱਭ ਕੀਮਤੀ ਘੋੜਾ ਹੈ। ਮੈਂ ਤਾਂ ਇਸ ਤੋਂ ਪਹਿਲਾਂ ਕਦੇ ਤੇਰਾਂ ਟੇਲੈਂਟ ਮੁੱਲ ਦਾ ਘੋੜਾ ਨਾ ਕਦੇ ਦੇਖਿਐ ਨਾ ਸੁਣਿਆ ਹੈ।’
‘ਅੱਛਾ!’ ਫਿਲਪ ਨੇ ਹੈਰਾਨ ਹੁੰਦਿਆਂ ਕਿਹਾ।
ਘੋੜੇ ਦਾ ਇੰਨਾ ਉੱਚਾ ਦਾਮ ਸੁਣ ਕੇ ਮਕਦੂਨੀਆ ਦਾ ਰਾਜਾ ਆਪਣੇ ਸਿੰਘਾਸਣ ਤੋਂ ਉੱਠਿਆ। ਉਹਨੂੰ ਲੱਗਿਆ ਕਿ ਇਸ ਘੋੜੇ ਵਿੱਚ ਜ਼ਰੂਰ ਕੋਈ ਜਾਦੂਮਈ ਤਾਕਤ ਹੋਵੇਗੀ ਤਾਂ ਹੀ ਇੰਨਾ ਮਹਿੰਗਾ ਹੈ। ਹੋ ਸਕਦਾ ਹੈ ਇਹ ਸਾਡੇ ਭਵਿੱਖ ਦਾ ਵਾਹਨ ਬਣੇ। ਭਵਿੱਖ ਤਾਂ ਉਹਦੇ ਕੋਲ ਹੀ ਖੜ੍ਹਾ ਸੀ। ਉਹਨੇ ਦਸਾਂ ਵਰ੍ਹਿਆਂ ਦੇ ਪੁੱਤ ਸਿਕੰਦਰ ਵਲ ਵੇਖਿਆ, ਦੋਵੇਂ ਅਸਤਬਲ ਵਲ ਚੱਲ ਪਏ।
ਫਿਲਪ ਦੇ ਸਾਹਮਣੇ ਕਈ ਘੋੜ ਸਵਾਰਾਂ ਨੇ ਨਵੇਂ ਮੁੱਲਵਾਨ ਘੋੜੇ ਉੱਤੇ ਕਾਠੀ ਪਾਉਣ ਦਾ ਜਤਨ ਕੀਤਾ ਪਰ ਸਾਰੇ ਫੇਲ ਹੋ ਗਏ। ਜੇ ਕੋਈ ਔਖਾ ਸੌਖਾ ਦਾਅ ਪੇਚ ਵਰਤ ਕੇ ਘੋੜੇ ’ਤੇ ਚੜ੍ਹ ਵੀ ਜਾਂਦਾ ਤਾਂ ਘੋੜਾ ਪਲਟੀ ਮਾਰ ਕੇ ਸਵਾਰ ਨੂੰ ਹੇਠਾਂ ਸੁੱਟ ਦਿੰਦਾ। ਅਖੀਰ ਫਿਲਪ ਨੇ ਇਸ ਅੱਥੜੇ ਘੋੜੇ ਨੂੰ ਵਾਪਸ ਲੈ ਜਾਣ ਦਾ ਹੁਕਮ ਦਿੱਤਾ। ਪਰ ਸਿਕੰਦਰ ਨੇ ਪਿਤਾ ਕੋਲੋਂ ਖੁਦ ਨੂੰ ਅਜ਼ਮਾਉਣ ਲਈ ਅਰਜ਼ ਕੀਤੀ। ਕਹਿਣ ਲੱਗਾ – ਮੈਂਨੂੰ ਲਗਦਾ ਹੈ ਜੇ ਥੋੜ੍ਹੀ ਜਿਹੀ ਹੁਸ਼ਿਆਰੀ ਤੋਂ ਕੰਮ ਲਿਆ ਜਾਵੇ ਤਾਂ ਇਸ ਘੋੜੇ ’ਤੇ ਕਾਠੀ ਪਾ ਕੇ ਇਹਨੂੰ ਸਿਧਾਇਆ ਜਾ ਸਕਦਾ ਹੈ।’
ਫਿਲਪ ਨੇ ਰਾਜਿਆਂ ਵਾਲੇ ਗਰੂਰ ਵਿੱਚ ਕਿਹਾ – ਤੂੰ ਆਪਣੇ ਆਪ ਨੂੰ ਜ਼ਿਆਦਾ ਹੁਸ਼ਿਆਰ ਸਮਝਦੈਂ। ਤੇਰਾ ਕੀ ਖਿਆਲ ਐ ਮਕਦੂਨੀਆ ਦੇ ਜਿਹੜੇ ਘੋੜ ਸਵਾਰਾਂ ਨੇ ਕੋਸ਼ਿਸ਼ ਕੀਤੀ ਹੈ ਉਹ ਬੇਵਕੂਫ, ਅਨਾੜੀ ਨੇ?’
ਸਿਕੰਦਰ ਕਹਿਣ ਲੱਗਾ – ਨਹੀਂ, ਤੁਸੀਂ ਨਹੀਂ ਸਮਝ ਸਕਦੇ। ਇਹ ਘੋੜਾ ਇੰਨਾ ਅਥਰਾ ਨਹੀਂ ਜਿੰਨਾ ਘੋੜ ਸਵਾਰ ਇਹਨੂੰ ਸਮਝ ਰਹੇ ਨੇ। ਮੈਂਨੂੰ ਇੱਕ ਮੌਕਾ ਜ਼ਰੂਰ ਦਿਓ।
ਫਿਲਪ ਸੋਚੀਂ ਪੈ ਗਿਆ। ਨਾ ਹਾਂ ਕਰਨ ਜੋਗਾ ਨਾ ਨਾਂਹ ਕਰਨ ਜੋਗਾ।
‘ਜੇ ਤੂੰ ਇਹਨੂੰ ਕਾਬੂ ਨਾ ਕਰ ਸਕਿਆ ਤਾਂ ਕੀ ਸਜ਼ਾ ਭੁਗਤੇਂਗਾ?’
‘ਜ਼ਿਆਦਾ ਤਾਂ ਨਹੀਂ ਪਰ ਘੋੜੇ ਦੇ ਮੁੱਲ ਜਿੰਨੀ ਜ਼ਰੂਰ ਭੁਗਤ ਲਵਾਂਗਾ’ ਸਿਕੰਦਰ ਨੇ ਸਵੈ ਵਿਸ਼ਵਾਸ ਨਾਲ ਕਿਹਾ।
ਆਗਿਆ ਮਿਲਦਿਆਂ ਹੀ ਸਿਕੰਦਰ ਜੇਤੂ ਅੰਦਾਜ਼ ਵਿੱਚ ਘੋੜੇ ਵਲ ਵਧਿਆ। ਉਹਨੇ ਦੇਖਿਆ ਕਿ ਘੋੜੇ ਦੀਆਂ ਅੱਖਾਂ ਵਿੱਚ ਡਰ ਦੇ ਪਰਛਾਵੇਂ ਹਨ। ਉਹਨੇ ਇੱਧਰ ਉੱਧਰ ਨਜ਼ਰ ਮਾਰੀ ਪਰ ਉੱਥੇ ਅਜਿਹੀ ਕੋਈ ਚੀਜ਼ ਨਹੀਂ ਸੀ ਜਿਹੜੀ ਘੋੜੇ ਨੂੰ ਡਰਾ ਰਹੀ ਹੋਵੇ। ਉਹ ਤੁਰੰਤ ਸਮਝ ਗਿਆ ਕਿ ਘੋੜਾ ਆਪਣੇ ਪਰਛਾਵੇਂ ਤੋਂ ਦਹਿਲ ਰਿਹਾ ਹੈ। ਉਹਦਾ ਆਪਣਾ ਪਰਛਾਵਾਂ ਉਹਦੀਆਂ ਅੱਖਾਂ ਵਿੱਚ ਖੌਫ ਪੈਦਾ ਕਰ ਰਿਹਾ ਹੈ। ਉਹਨੇ ਘੋੜੇ ਦਾ ਮੂੰਹ ਸੂਰਜ ਵਲ ਘੁਮਾ ਦਿੱਤਾ। ਪਰਛਾਵਾਂ ਪਿੱਛੇ ਵੱਲ ਘੁੰਮ ਗਿਆ। ਘੋੜਾ ਸਹਿਜ ਹੋ ਗਿਆ। ਸਿਕੰਦਰ ਨੇ ਉਹਦੀ ਪਿੱਠ ’ਤੇ ਹੱਥ ਫੇਰਿਆ, ਜਿਵੇਂ ਦੋਸਤੀ ਦਾ ਪੈਗਾਮ ਦੇ ਰਿਹਾ ਹੋਵੇ। ਫਿਰ ਉਹਨੇ ਕੁੱਦ ਕੇ ਛਾਲ ਮਾਰੀ ਤੇ ਕਾਠੀ ’ਤੇ ਚੜ੍ਹ ਗਿਆ। ਵਾਗਾਂ ਖਿੱਚੀਆਂ ਤੇ ਘੋੜਾ ਦੁੜਕੀ ਚਾਲ ਭੱਜਦਾ ਹਵਾ ਨਾਲ ਗੱਲਾਂ ਕਰਨ ਲੱਗਾ।
ਸਿਕੰਦਰ ਨੇ ਖੁੱਲ੍ਹੇ ਵਿੱਚ ਦੋ ਚੱਕਰ ਲਾਏ ਤੇ ਰਾਜੇ ਫਿਲਪ ਕੋਲ ਆ ਕੇ ਘੋੜਾ ਰੋਕਿਆ ਤੇ ਜੇਤੂ ਅੰਦਾਜ਼ ਵਿੱਚ ਹੇਠਾਂ ਉੱਤਰਦਿਆਂ ਪਿਤਾ ਵਲ ਵੇਖਿਆ। ਸਿਕੰਦਰ ਦੇ ਹੌਸਲੇ, ਦ੍ਰਿੜ੍ਹਤਾ ਤੇ ਜੇਤੂ ਅੰਦਾਜ਼ ਨੂੰ ਦੇਖ ਕੇ ਸਾਰੇ ਖੁਸ਼ੀ ਵਿੱਚ ਚੀਕ ਉੱਠੇ। ਫਿਲਿਪ ਨੇ ਗਰਵ ਨਾਲ ਸਿਕੰਦਰ ਦਾ ਮੱਥਾ ਚੁੰਮਿਆ, ਅਸੀਸ ਦਿੰਦਿਆਂ ਕਿਹਾ, “ਸਿਕੰਦਰ ਮਕਦੂਨੀਆ ਤੇਰੇ ਲਈ ਬਹੁਤ ਛੋਟਾ ਹੈ। ਆਪਣੇ ਸੁਪਨਿਆਂ ਲਈ ਵੱਡਾ ਸਾਮਰਾਜ ਲੱਭੀਂ। ਜਿੱਤ ਤੇਰੇ ਕਦਮ ਚੁੰਮੇਗੀ ਤੇ ਸੂਰਜ ਤੇਰੇ ਮਸਤਕ ਵਿੱਚ ਚਮਕੇਗਾ।”
ਪਿਤਾ ਦੀ ਅਸੀਸ ਰੰਗ ਲਿਆਈ ਤੇ ਵੀਹ ਵਰ੍ਹਿਆਂ ਬਾਅਦ ਸੁਪਨਿਆਂ ਨੂੰ ਸੱਚ ਕਰਨ ਲਈ ਸਿਕੰਦਰ ਨੇ ਪਾਰਸ਼ਿਕ ਸਾਮਰਾਜ ਜਿੱਤ ਕੇ ਪੂਰਬ ਵਿੱਚ ਇੱਕ ਵਿਸ਼ਾਲ ਸਾਮਰਾਜ ਕਾਇਮ ਕੀਤਾ। ਪਲੂਟਾਰਕ ਲਿਖਦਾ ਹੈ ਕਿ ਸਿਕੰਦਰ ਦੇ ਗੁਣਾਂ ਨੂੰ ਸਾਣ ’ਤੇ ਲਾ ਕੇ ਚਮਕਾਉਣ ਲਈ ਫਿਲਿਪ ਨੇ ਉਹਦੇ ਲਈ ਅਰਸਤੂ ਵਰਗੇ ਗੁਰੂ ਦੀ ਚੋਣ ਕੀਤੀ ਜਿਸਦਾ ਲੋਹਾ ਅੱਜ ਤਕ ਦੁਨੀਆ ਮੰਨਦੀ ਹੈ।
ਫਿਲਿਪ ਨੇ ਮੂੰਹ ਮੰਗੇ ਦਾਮ ਦੇ ਕੇ ਉਹ ਘੋੜਾ ਖਰੀਦ ਲਿਆ ਤੇ ਉਹਦਾ ਨਾਂ ਰੱਖਿਆ – ਬੁਕੈਫਲੋਸ ਜਿਸਦਾ ਅਰਥ ਹੈ – ਚਮਤਕਾਰੀ ਸੀਸ। ਬੁਕੈਫਲੋਸ ਸਿਕੰਦਰ ਦੀਆਂ ਸੰਸਾਰ ਜਿੱਤਾਂ ਦਾ ਗਵਾਹ ਰਿਹਾ ਹੈ। ਇਹੀ ਉਹ ਘੋੜਾ ਸੀ ਜੋ ਸਿਕੰਦਰ ਨੂੰ ਦਰਿਆ ਬਿਆਸ ਤਕ ਲੈ ਕੇ ਆਇਆ ਸੀ। ਘੋੜਿਆਂ ਦੇ ਇਤਿਹਾਸ ਵਿੱਚ ਇਸ ਨੂੰ ਲਾਸਾਨੀ ਸ਼੍ਰੋਮਣੀ ਦਾ ਦਰਜਾ ਦਿੱਤਾ ਜਾਂਦਾ ਹੈ। ਯੂਨਾਨ ਤੋਂ ਚੱਲਿਆ ਬੁਕੈਫਲੋਸ ਪੰਜਾਬ ਵਿੱਚ ਆ ਕੇ ਜ਼ਖਮੀ ਹੋਇਆ ਤੇ ਇੱਥੇ ਹੀ ਉਹ ਸਿਕੰਦਰ ਦਾ ਸਾਥ ਛੱਡ ਅਰਸ਼ਾਂ ਵਲ ਪਰਤ ਗਿਆ। ਉਹਦੇ ਨਾਂ ਦਾ ਸਿਕੰਦਰ ਨੇ ਇੱਕ ਸ਼ਹਿਰ ਵੀ ਵਸਾਇਆ।
ਸਿਕੰਦਰ ਦੇ ਜਨਮ ਤੋਂ ਪਹਿਲਾਂ ਫਿਲਿਪ ਨੂੰ ਤਿੰਨ ਖ਼ੁਸ਼ਖਬਰੀਆਂ ਮਿਲੀਆਂ। ਪਹਿਲੀ ਇਹ ਕਿ ਉਹਦੇ ਸੈਨਾਪਤੀ ਪੈਮੈਰਿਨਿਅਨ ਨੇ ਨਗਰ ਰਾਜ ਇਲੀਰਿਆ ਨੂੰ ਜਿੱਤ ਕੇ ਫਿਲਿਪ ਦੀ ਝੋਲੀ ਪਾਇਆ। ਦੂਸਰੀ, ਮਹਾਨ ਉਲੰਪਿਕ ਖੇਡਾਂ ਵਿੱਚ ਉਹਦਾ ਘੋੜਾ ਜੇਤੂ ਰਿਹਾ। ਤੀਸਰੀ, ਉਹਦੀ ਵਹੁਟੀ ਓਲੰਪੀਆਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।
ਸਿਕੰਦਰ ਦਾ ਜਨਮ ਪ੍ਰਾਚੀਨ ਯੂਨਾਨ ਦੇ ਉੱਤਰੀ ਪ੍ਰਾਂਤ ਮਕਦੂਨੀਆ ਦੀ ਰਾਜਧਾਨੀ ਪੈਲਾ ਵਿੱਚ ਹੈਕਟੋਵਿਓਨ ਨਾਂ ਦੇ ਯੂਨਾਨੀ ਮਹੀਨੇ ਦੀ ਛੇਵੀਂ ਤਰੀਕ ਨੂੰ ਈਸਾ ਪੂਰਵ 356 ਵਿੱਚ ਹੋਇਆ। ਇਹ ਪੁਰਾਣੀ ਤਰੀਕ 20 ਜੁਲਾਈ ਬਣਦੀ ਹੈ। ਸਿਕੰਦਰ ਦੀ ਮਾਂ ਓਲੰਪੀਆਸ ਮਕਦੂਨੀਆ ਦੇ ਪੱਛਮ ਵਿੱਚ ਇੱਕ ਛੋਟੇ ਜਿਹੇ ਨਗਰ ਏਪੀਰਸ ਦੇ ਰਾਜੇ ਨਿਊਔਪਟੋਲੇਮਜ਼ ਦੀ ਜੇਠੀ ਧੀ ਸੀ। ਫਿਲਿਪ ਦੀਆਂ ਅੱਠ ਰਾਣੀਆਂ ਵਿੱਚੋਂ ਉਹ ਚੌਥੀ ਸੀ ਤੇ ਸਿਕੰਦਰ ਦੇ ਜਨਮ ਤੋਂ ਬਾਅਦ ਉਹਨੂੰ ਮਹਾਰਾਣੀ ਦਾ ਦਰਜਾ ਮਿਲ ਗਿਆ। ਇਸ ਬੱਚੇ ਦਾ ਨਾਂ ਅਲੈਗਜੈਂਡਰ ਰੱਖਿਆ ਗਿਆ। ਇਹ ਸ਼ਬਦ ਯੂਨਾਨੀ ਦੇ ‘ਅਲੈਕਸੋ’ ਅਤੇ ‘ਐਨਰ’ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਅਲੈਕਸੋ ਦਾ ਅਰਥ ਹੈ- ਮਦਦ ਕਰਨ ਵਾਲਾ ਤੇ ਐਨਰ ਦਾ ਅਰਥ ਹੈ- ਬੰਦਾ, ਮਨੁੱਖ। ਇਸ ਤਰ੍ਹਾਂ ਅਲੈਗਜੈਂਡਰ ਦਾ ਅਰਥ ਬਣਿਆ ‘ਮਨੁੱਖ ਜਾਤੀ ਦੀ ਰੱਖਿਆ ਕਰਨ ਵਾਲਾ।’ ਅਲੈਗਜੈਂਡਰ ਦਾ ਫਾਰਸੀ ਰੂਪ ਸਿਕੰਦਰ ਬਣਿਆ ਜੋ ਪੂਰਬ ਵਿੱਚ ਪ੍ਰਚਲਤ ਹੋਇਆ।
ਤੇਰਾਂ ਵਰ੍ਹਿਆਂ ਦੇ ਸਿਕੰਦਰ ਲਈ ਫਿਲਿਪ ਨੇ ਗੁਰੂ ਦੀ ਤਲਾਸ਼ ਅਰੰਭੀ। ਉਹਨੇ ਕਈ ਸਿਆਣਿਆਂ ਤੇ ਦਰਬਾਰੀਆਂ ਨਾਲ ਸਲਾਹ ਮਸ਼ਵਰੇ ਕੀਤੇ ਤੇ ਅਖੀਰ ਉਸ ਸਮੇਂ ਦੇ ਮਹਾਨ ਦਾਰਸ਼ਨਿਕ ਅਰਸਤੂ ਨੂੰ ਚੁਣਿਆ। ਫਿਲਿਪ ਨੇ 343-42 ਈ.ਪੂ. ਵਿੱਚ ਅਰਸਤੂ ਨੂੰ ਇੱਕ ਪੱਤਰ ਲਿਖਿਆ- ਫਿਲਿਪ ਦਾ ਪੱਤਰ ਅਰਸਤੂ ਦੇ ਨਾਂ- ‘ਜਿਵੇਂ ਕਿ ਤੁਹਾਨੂੰ ਪਤਾ ਹੈ ਦੇਵਤਿਆਂ ਦੀ ਮਿਹਰ ਸਦਕਾ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈ। ਮੈਂ ਉਨ੍ਹਾਂ ਦਾ ਰਿਣੀ ਹਾਂ ਕਿ ਉਨ੍ਹਾਂ ਸਦਕਾ ਉਹ ਤੁਹਾਡੇ ਯੁਗ ਵਿੱਚ ਜੰਮਿਆ ਹੈ। ਮੈਂਨੂੰ ਆਸ ਹੈ ਕਿ ਤੁਹਾਡੀ ਰਹਿਨੁਮਾਈ ਵਿੱਚ ਸਿੱਖਿਅਤ ਹੋ ਕੇ ਉਹ ਸਾਡੇ ਲਈ ਰਾਜ ਦੇ ਵਾਰਿਸ ਵਜੋਂ ਯੋਗ ਸਿੱਧ ਹੋਵੇਗਾ। ਮਕਦੂਨੀਆ ਤੁਹਾਡੀ ਉਡੀਕ ਵਿੱਚ ਸੁਆਗਤ ਲਈ ਤਿਆਰ ਹੈ।’
ਅਰਸਤੂ ਫਿਲਿਪ ਦਾ ਮਦਾਹ ਸੀ, ਵੱਡੇ ਯੋਧੇ ਅਤੇ ਰਾਜਸੀ ਗੁਣਾਂ ਦੀ ਉੱਚਤਾ ਕਰਕੇ ਉਹਦਾ ਪ੍ਰਸ਼ੰਸਕ ਸੀ। ਅਰਸਤੂ ਮਕਦੂਨੀਆ ਪਹੁੰਚਿਆ। ਮਹਾਰਾਜੇ ਨੇ ਮਾਈਐਜਾ ਵਿਚਲੇ ਵਣਦੇਵੀ ਨਿੰਫਸ ਦੇ ਮੰਦਿਰ ਨੂੰ ਸਕੂਲ ਵਿੱਚ ਬਦਲ ਦਿੱਤਾ। ਇਸ ਸਕੂਲ ਵਿੱਚ ਉੱਚ ਖਾਨਦਾਨਾਂ ਦੇ ਬੱਚਿਆਂ ਨੂੰ ਪੜ੍ਹਾਈ ਦੀਆਂ ਵਧੀਆਂ ਸਹੂਲਤਾਂ ਦਿੱਤੀਆਂ ਗਈਆਂ। ਅਰਸਤੂ ਨੂੰ ਪੜ੍ਹਾਈ ਦੇ ਇਵਜ਼ਾਨੇ ਵਜੋਂ ਫਿਲਿਪ ਇਸ ਗੱਲ ’ਤੇ ਸਹਿਮਤ ਹੋ ਗਿਆ ਕਿ ਉਹਦੇ ਆਪਣੇ ਸ਼ਹਿਰ ਸਟੈਗਿਰਾ ਦਾ ਉਹ ਪੁਨਰ ਨਿਰਮਾਣ ਕਰਾਏਗਾ ਜਿਸਨੂੰ ਉਹਨੇ ਖੁਦ ਤਬਾਹ ਕੀਤਾ ਸੀ। ਉੱਥੋਂ ਜਿਨ੍ਹਾਂ ਨਾਗਰਿਕਾਂ ਨੂੰ ਉਹਨੇ ਗੁਲਾਮ ਬਣਾਇਆ ਸੀ ਉਨ੍ਹਾਂ ਨੂੰ ਅਜ਼ਾਦ ਕਰ ਦੇਵੇਗਾ। ਜਿਹੜੇ ਦੌੜ ਗਏ ਸਨ, ਉਨ੍ਹਾਂ ਨੂੰ ਮੁਆਫ ਕਰ ਦੇਵੇਗਾ। ਇਹ ਸੀ ਅਰਸਤੂ ਦਾ ਇੱਕ ਅਧਿਆਪਕ ਵਜੋਂ ਜਲੌ ਜਿਸਨੂੰ ਫਿਲਿਪ ਮੰਨਦਾ ਸੀ।
ਸਿਕੰਦਰ ਅਤੇ ਮਕਦੂਨੀਆ ਦੇ ਧਨਾਢਾਂ ਦੇ ਬੱਚੇ ਟਾਲਮੀ, ਹੇਫਾਸਿਤਓਨ, ਕੈਸੈਂਡਰ, ਨੋਆਖੋਰਸ, ਹਰਪਾਲਸ, ਐਰੀਜਿਅਸ ਆਦਿ ਲਈ ਮਾਈਐਜਾ ਚੰਗੀ ਸਿੱਖਿਆ ਦਾ ਕੇਂਦਰ ਬਣ ਗਿਆ ਸੀ। ਉੱਥੇ ਉੱਚ ਘਰਾਣਿਆਂ ਦੇ ਕਈ ਸਿਖਿਆਰਥੀ ਸਿਕੰਦਰ ਦੇ ਮਿੱਤਰ ਬਣ ਗਏ, ਜੋ ਬਾਅਦ ਵਿੱਚ ਉਹਦੇ ਸਾਥੀ ਤੇ ਸੈਨਾਪਤੀ ਵੀ ਬਣੇ। ਉਹ ਸਾਰੇ ਇੱਕ ਦੂਜੇ ਨੂੰ ‘ਐਤੈਰਿਏ’ ਸੰਗੀ (ਸਾਥੀ) ਕਹਿ ਕੇ ਸੰਬੋਧਨ ਕਰਦੇ ਜਿਵੇਂ ਹੋਮਰ ਦੇ ਮਹਾਂ ਕਾਵਿ ਇਲਿਆਦ ਵਿੱਚ ਵੱਖਰੇ ਵੱਖਰੇ ਨਾਇਕ ਤੇ ਯੋਧੇ ਇੱਕ ਦੂਜੇ ਨੂੰ ਸੰਬੋਧਨ ਕਰਦੇ ਹਨ। ਐਤੇਰਿਏ ਸ਼ਬਦ ਉਨ੍ਹਾਂ ਪ੍ਰੇਮਿਕਾਵਾਂ ਲਈ ਵੀ ਵਰਤਿਆ ਜਾਂਦਾ ਸੀ ਜੋ ਵਿਦਵਾਨਾਂ ਦੀਆਂ ਬੁਧੀਮਾਨ ਸੰਗੀ ਸਾਥਣਾਂ ਹੁੰਦੀਆਂ ਸਨ। ਏਂਥਨਜ਼ ਦੇ ਰਾਜੇ ਪੈਰੀਕਲੀਜ਼ ਦੀ ਪ੍ਰੇਮਿਕਾ ਆਸਪਾਸੀਆ, ਸੁਕਰਾਤ ਦੀ ਲੇਈਸ ਅਤੇ ਪ੍ਰਾਕਸਲੀਜ਼ ਦੀ ਫਰੀਤੀ ਇਸੇ ਤਰ੍ਹਾਂ ਦੀਆਂ ਪ੍ਰੇਮਿਕਾਵਾਂ ਸਨ।
ਅਰਸਤੂ ਨੇ ਸਿਕੰਦਰ ਤੇ ਉਹਦੇ ਸੰਗੀ ਸਾਥੀਆਂ ਨੂੰ ਚਕਿਤਸਾ, ਦਰਸ਼ਨ, ਨੀਤੀ, ਧਰਮ, ਤਰਕ ਤੇ ਕਲਾ ਦੀ ਸਿੱਖਿਆ ਵਿੱਚ ਨਿਪੁੰਨ ਕੀਤਾ। ਉਹ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ’ਤੇ ਸਿਖਿਆਰਥੀਆਂ ਨੂੰ ਪਹਿਲਾਂ ਪ੍ਰਵਚਨ ਦਿੰਦਾ ਫਿਰ ਵਣਦੇਵੀ ਦੇ ਬਾਗ ਵਿੱਚ ਉਨ੍ਹਾਂ ਨਾਲ ਗੋਸ਼ਟ ਕਰਦਾ। ਲੋੜ ਪੈਣ ’ਤੇ ਉਹ ਪੱਥਰ ਦੀ ਵੱਡੀ ਸਾਰੀ ਕੁਰਸੀ ’ਤੇ ਬੈਠੇ ਅਰਸਤੂ ਦੇ ਆਲੇ ਦੁਆਲੇ ਇਕੱਠੇ ਹੋ ਕੇ ਆਪਣੇ ਮਨ ਦੀਆਂ ਜਿਗਿਆਸਾਵਾਂ ਸ਼ਾਂਤ ਕਰਦੇ। ਸਾਰੇ ਵਿਦਿਆਰਥੀਆਂ ਵਿੱਚ ਸਿੱਖਣ ਦੀ ਤੀਬਰ ਇੱਛਾ ਤੇ ਗੁਰੂ ਦਾ ਸਤਿਕਾਰ ਸੀ।
ਇੱਕ ਦਿਨ ਅਰਸਤੂ ਆਪਣੇ ਚੇਲਿਆਂ ਨੂੰ ਹੋਮਰ ਦੀ ਪ੍ਰਸਿੱਧ ਰਚਨਾ ਇਲਿਆਦ ਦਾ ਪਾਠ ਸਮਝਾ ਰਿਹਾ ਸੀ ਕਿ ਇਲਿਆਦ ਤੇ ਉਡੇਸੀ ਮੌਖਿਕ ਕਾਵਿ ਸਨ ਤੇ ਹੋਮਰ ਤੋਂ ਦੋ ਸੌ ਵਰ੍ਹੇ ਬਾਅਦ ਤਕ ਵੀ ਇਹਦੇ ਲਿਖਤ ਰੂਪਾਂ ਦਾ ਕੋਈ ਪਤਾ ਨਹੀਂ ਲਗਦਾ। ਇੱਕ ਦੰਤਕਥਾ ਹੈ ਕਿ ਇਸਦੇ ਸੌ ਵਰ੍ਹਿਆਂ ਬਾਅਦ ਹੁਣ ਤੋਂ ਤਿੰਨ ਸੌ ਵਰ੍ਹੇ ਪੂਰਵ ਏਂਥਨਜ਼ ਦੇ ਰਾਜੇ ਪਿਸੀਸਟਰਾਟਸ ਨੇ ਇਨ੍ਹਾਂ ਨੂੰ ਲਿਪੀਬਧ ਕਰਾਇਆ ਤੇ ਦੂਸਰੀ ਇਹ ਕਿ ਹਿਪਰਾਕਸ ਨੇ ਹੋਮਰ-ਪੁੱਤਰਾਂ ਕੋਲੋਂ ਪੂਰਾ ਮਹਾਂ ਕਾਵਿ ਸੁਣ ਕੇ ਇਹਨੂੰ ਲਿੱਪੀਬਧ ਕੀਤਾ।
ਸਿਕੰਦਰ ਕਹਿਣ ਲੱਗਾ ਇੰਜ ਤਾਂ ਇਨ੍ਹਾਂ ਵਿੱਚ ਕਈ ਰਲੇ ਪੈ ਗਏ ਹੋਣਗੇ। ਅਰਸਤੂ ਨੇ ਉਹਨੂੰ ਸਮਝਾਇਆ ਕਿ ‘ਹਰ ਪੌਦੇ ਵਿੱਚ ਫੁੱਲ ਤੇ ਕੰਡੇ ਦੋਵੇਂ ਹੁੰਦੇ ਹਨ ਪਰ ਸਾਨੂੰ ਸਿਰਫ ਫੁੱਲ ਹੀ ਚੁਣਨੇ ਚਾਹੀਦੇ ਹਨ। ਯੂਨਾਨੀਆਂ ਦੀ ਧਾਰਨਾ ਹੈ ਕਿ ਇਲਿਆਦ ਮਿਊਜ਼ ਦੀ ਬਾਣੀ ਹੈ। ਇਸ ਮਹਾਂ ਕਾਵਿ ਤੋਂ ਉਨ੍ਹਾਂ ਨੂੰ ਊਰਜਾ ਤੇ ਹੌਸਲੇ ਦੀ ਪ੍ਰੇਰਨਾ ਮਿਲਦੀ ਹੈ ਤੇ ਇਹਨੂੰ ਉਹ ਆਪਣਾ ਪਥਪ੍ਰਦਸ਼ਕ ਮੰਨਦੇ ਹਨ। ਸਿਕੰਦਰ, ਕੀ ਤੂੰ ਮਿਊਜ਼ ਬਾਰੇ ਕੁਝ ਦਸ ਸਕਦਾ ਐਂ?’
ਸਿਕੰਦਰ ਨੇ ਦੱਸਿਆ ਕਿ ਮਿਊਜ਼ ਕੋਈ ਦੇਵੀ ਨਹੀਂ ਸਗੋਂ ਇਹ ਕਲਾ, ਸੰਸਕ੍ਰਿਤੀ ਨਾਲ ਸੰਬੰਧਤ ਅੱਠ ਦੇਵੀਆਂ ਦਾ ਸਮੂਹਕ ਨਾਂ ਹੈ। ਮਹਾਂਕਾਵਿ, ਇਤਿਹਾਸ, ਪਿਆਰਗੀਤ, ਸੰਗੀਤ ਤੇ ਗਾਥਾ ਗੀਤ, ਦੁਖਾਂਤਕ ਕਾਵਿ, ਨਾਚ, ਹਾਸ, ਨਛੱਤਰ ਵਿੱਦਿਆ ਨਾਲ ਸੰਬੰਧਿਤ ਇਨ੍ਹਾਂ ਦੇਵੀਆਂ ਨੇ ਨਾਂ ਹਨ – ਕਲੀਓਪੀ, ਕਿਲਓ, ਇਰੈਸਟੋ, ਯੂਟਰਪੇ, ਮੇਲਪੇਮੇਨੇ, ਟਰਪਸੀਕੋਰ, ਥੇਲੀਆ ਤੇ ਯੂਰੇਨਿਆ ...’
ਅਰਸਤੂ ਨੇ ਦੱਸਿਆ ਹੈ ਕਿ ਹੋਮਰ ਦੇ ਮਹਾਂ ਕਾਵਿ ਕਿਉਂ ਮਹਾਨ ਹਨ। ਛੋਟੇ ਕਥਾਨਕਾਂ ਵਾਲੇ ਇਲਿਆਦ ਵਿੱਚ ਦੁਨੀਆ ਦਾ ਰਹੱਸ ਛੁਪਿਆ ਹੋਇਆ ਹੈ। ਯੂਨਾਨੀਆਂ ਅਤੇ ਟਰਾਏ ਵਾਸੀਆਂ ਵਿੱਚ ਦਸ ਵਰ੍ਹਿਆਂ ਤਕ ਚਲੇ ਮਹਾਨ ਯੁੱਧ ਦੀ ਕਥਾ ਨੂੰ ਇਸ ਵਿੱਚ ਪਰੋਇਆ ਗਿਆ ਹੈ। ਏਸ਼ੀਆ ਮਾਈਨਰ (ਤੁਰਕੀ) ਦੇ ਉੱਤਰ ਪੱਛਮੀ ਹਿੱਸੇ ਵਿੱਚ ਟਰਾਏ ਦੇ ਰਾਜੇ ਪ੍ਰਿਅਮ ਦੇ ਪੁੱਤਰ ਪੈਰਿਸ ਨੂੰ ਸਪਾਰਟਾ ਦੇ ਰਾਜੇ ਮੇਨੇਲਾਸ ਦਾ ਪ੍ਰਹੁਣਾ ਬਣਨ ਦਾ ਮੌਕਾ ਮਿਲਿਆ। ਸਪਾਰਟਾ ਵਿੱਚ ਰਹਿੰਦਿਆਂ ਪੈਰਿਸ ਮੇਨੇਲਾਸ ਦੀ ਸੋਹਣੀ ਸੁਨੱਖੀ ਵਹੁਟੀ ਹੈਲੇਨ ਦੇ ਪਿਆਰ ਵਿੱਚ ਪਾਗਲ ਹੈ ਗਿਆ। ਸੁੰਦਰਤਾ ਦੀ ਦੇਵੀ ਐਫਰੋਡਾਇਟ ਦੀ ਮਿਹਰ ਸਦਕਾ ਹੈਲੇਨ ਵੀ ਪੈਰਿਸ ’ਤੇ ਮੋਹਿਤ ਹੋ ਗਈ। ਇਸ ਦੌਰਾਨ ਮੇਨੇਲਾਸ, ਨੂੰ ਕੁਝ ਦਿਨਾਂ ਲਈ ਸਪਾਰਟਾ ਛੱਡ ਕੇ ਕਰੀਟ ਜਾਣਾ ਪਿਆ। ਮੌਕਾ ਮਿਲਦਿਆਂ ਹੈਲੇਨ ਤੇ ਪੈਰਿਸ ਨੇ ਸਪਾਰਟਾ ਤੋਂ ਭੱਜਣ ਦੀ ਯੋਜਨਾ ਉਲੀਕੀ। ਉਨ੍ਹਾਂ ਦੀ ਕੋਸ਼ਿਸ਼ ਨੂੰ ਬੂਰ ਪਿਆ ਤੇ ਦੋਵੇਂ ਭੱਜ ਕੇ ਟਰਾਏ ਪਹੁੰਚ ਗਏ। ਉੱਥੇ ਨਗਰ ਨਿਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ। ਦੋਵੇਂ ਪਤੀ ਪਤਨੀ ਬਣ ਕੇ ਸੁਖ ਸ਼ਾਂਤੀ ਨਾਲ ਰਹਿਣ ਲੱਗੇ। ਪੈਰਿਸ ਦੇ ਵਿਸ਼ਵਾਸਘਾਤ ਤੋਂ ਦੁਖੀ ਹੋ ਕੇ ਮੇਨੇਲਾਸ ਨੇ ਯੂਨਾਨ ਦੇ ਸ਼ਕਤੀਸ਼ਾਲੀ ਰਾਜੇ ਮਾਏਸੀਨ ਦੇ ਐਗਮੇਨਨ ਤੋਂ ਸਹਾਇਤਾ ਮੰਗੀ। ਯੂਨਾਨ ਦੇ ਸਾਰੇ ਰਾਜਿਆਂ ਨੇ ਐਗਮੇਨਨ ਦੀ ਅਗਵਾਈ ਵਿੱਚ ਟਰਾਏ ’ਤੇ ਧਾਵਾ ਬੋਲਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਵੱਡੀਆਂ ਫੌਜਾਂ ਲੈ ਕੇ ਟਰਾਏ ’ਤੇ ਚੜ੍ਹਾਈ ਕਰ ਦਿੱਤੀ। ਯੁੱਧ ਦੇ ਦਸਵੇਂ ਵਰ੍ਹੇ ਯੂਨਾਨੀਆਂ ਨੇ ਟਰੋਜਨ ਅਤੇ ਉਹਦਾ ਸਾਥ ਦੇਣ ਵਾਲੇ ਏਸ਼ੀਆਈ ਦੇਸ਼ਾਂ ਦੀ ਸੰਯੁਕਤ ਫੌਜ ਨੂੰ ਭਾਂਜ ਦੇ ਕੇ ਯੁੱਧ ਜਿੱਤਿਆ। ਮਨੁੱਖੀ ਪਿਆਰ, ਘਿਰਣਾ, ਨਫਰਤ, ਯੁੱਧ ਕਲਾ ਦਾ ਇਹ ਅਨੂਠਾ ਮਹਾਂਕਾਵਿ ਹੈ। ਸਿਕੰਦਰ ਇਹਦੀ ਕਥਾ ਸੁਣ ਕੇ ਮਸਤ ਅਤੇ ਰੋਮਾਂਚਤ ਹੋ ਗਿਆ।
ਸੋਲਾਂ ਵਰ੍ਹਿਆਂ ਦੀ ਉਮਰ ਵਿੱਚ ਸਿਕੰਦਰ ਦੀ ਸਿੱਖਿਆ ਦੀਖਿਆ ਖਤਮ ਹੋ ਗਈ। ਅਰਸਤੂ ਆਪਣੇ ਸ਼ਹਿਰ ਸਟੈਗਿਰਾ ਪਰਤ ਗਿਆ ਜਿਸਦਾ ਪੁਨਰ ਨਿਰਮਾਣ ਹੋ ਚੁੱਕਾ ਸੀ। ਇਸ ਦੌਰਾਨ ਸਿਕੰਦਰ ਯੁੱਧ ਕਲਾ ਵਿੱਚ ਨਿਪੁੰਨ ਹੋ ਕੇ ਯੁੱਧ ਕਰਨ ਤੇ ਰਾਜ ਦਾ ਵਿਸਥਾਰ ਕਰਨ ਵਿੱਚ ਜੁੱਟ ਗਿਆ। ਇੱਕ ਯੁੱਧ ਤੋਂ ਰਾਜਧਾਨੀ ਪੈਲਾ ਪਰਤਣ ’ਤੇ ਜਿੱਤ ਦੀ ਖੁਸ਼ੀ ਰਾਜੇ ਫਿਲਿਪ ਤੇ ਸਿਕੰਦਰ ਨੇ ਇਕੱਠਿਆਂ ਮਨਾਈ।
ਇਸੇ ਦੌਰਾਨ 48 ਵਰ੍ਹਿਆਂ ਦੇ ਰਾਜੇ ਫਿਲਿਪ ਨੂੰ ਇੱਕ ਸੋਹਣੀ ਕੰਨਿਆ ਕੈਲੀਓਪੈਟਰਾ ਯੂਰੀਡਿਕੇ ਨਾਲ ਪਿਆਰ ਹੋ ਗਿਆ। ਮੰਨਿਆ ਤਾਂ ਇਹ ਜਾਂਦਾ ਹੈ ਕਿ ਉਸ ਕੰਨਿਆ ਦੇ ਚਾਚੇ ਤੇ ਫਿਲਿਪ ਦੇ ਸੈਨਾਪਤੀ ਅਤਾਲੋਸ ਦੇ ਇਸ਼ਾਰੇ ’ਤੇ ਉਹਨੇ ਰਾਜੇ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਸੀ। ਇਸ ਤੋਂ ਪਹਿਲਾਂ ਕਿ ਫਿਲਿਪ ਦੀਆਂ ਸੱਤੇ ਰਾਣੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗੇ ਤੇ ਉਹ ਕੋਈ ਬਖੇੜਾ ਖੜ੍ਹਾ ਕਰਨ, ਫਿਲਿਪ ਤੇ ਕੈਲੀਓਪੈਟਰਾ ਨੇ ਚੁੱਪ ਚਾਪ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਬਾਅਦ ਰਾਜੇ ਦੇ ਉਤਰਾਧਿਕਾਰੀ ਦੇ ਤੌਰ ’ਤੇ ਸਿਕੰਦਰ ਦੀ ਸਥਿਤੀ ਕਮਜ਼ੋਰ ਹੋ ਗਈ ਕਿਉਂਕਿ ਸਿਕੰਦਰ ਅਰਧ-ਮਕਦੂਨ ਸੀ ਤੇ ਕੈਲੀਓਪੈਟਰਾ ਤੋਂ ਪੈਦਾ ਹੋਣ ਵਾਲਾ ਬੱਚਾ ਪੂਰਾ ਮਕਦੂਨ ਹੋਣਾ ਸੀ।
ਵਿਆਹ ਦੇ ਸ਼ਾਹੀ ਭੋਜ ਦੌਰਾਨ ਨਸ਼ੇ ਵਿੱਚ ਟੁੰਨ ਅਤਾਲੋਸ ਨੇ ਅਰਜ਼ ਕਰਦਿਆਂ ਇੱਛਾ ਜ਼ਾਹਰ ਕੀਤੀ ਕਿ ਇਸ ਵਿਆਹ ਤੋਂ ਮਕਦੂਨੀਆ ਨੂੰ ਉਹਦਾ ਅਸਲ ਉਤਰਾਧਿਕਾਰੀ ਮਿਲੇਗਾ। ਇਸ ਇੱਛਾ ’ਤੇ ਸਿਕੰਦਰ ਜਾਂ ਉਸ ਦੀ ਮਾਂ ਵੱਲੋਂ ਕੋਈ ਪ੍ਰਤੀਕਿਰਿਆ ਜ਼ਾਹਰ ਨਾ ਕਰਨ ’ਤੇ ਅਤਾਲੋਸ ਦਾ ਹੌਸਲਾ ਹੋਰ ਬੁਲੰਦ ਹੋ ਗਿਆ। ਉਹਨੇ ਸਾਰੇ ਪਰਾਹੁਣਿਆਂ ਨੂੰ ਅਰਜ਼ ਕਰਦਿਆਂ ਕਿਹਾ ਕਿ ਆਓ ਸਾਰੇ ਦੇਵਤਿਆਂ ਅੱਗੇ ਅਰਜੋਈ ਕਰੀਏ ਕਿ ਮੇਰੀ ਭਤੀਜੀ ਅਤੇ ਇਸ ਰਾਜ ਦੀ ਨਵੀਂ ਮਹਾਰਾਣੀ ਮਕਦੂਨੀਆ ਨੂੰ ਛੇਤੀ ਉਹਦਾ ਅਸਲ ਉਤਰਾਧਿਕਾਰੀ ਮਿਲੇ।’
ਇਸ ’ਤੇ ਸਿਕੰਦਰ ਦਾ ਪਾਰਾ ਚੜ੍ਹ ਗਿਆ। ਉਹਨੇ ਅਤਾਲੋਸ ਨੂੰ ਵੰਗਾਰਦਿਆਂ ਕਿਹਾ ਕਿ ਕੀ ਮੈਂ ਹਰਾਮ ਦੀ ਔਲਾਦ ਹਾਂ?’ ਅਤਾਲੋਸ ਦਾ ਨਸ਼ਾ ਹਿਰਨ ਹੋ ਗਿਆ ਤੇ ਉਹ ਹੋਏ ਅਪਮਾਨ ਦਾ ਘੁੱਟ ਭਰ ਕੇ ਰਹਿ ਗਿਆ। ਪਰ ਉਹਦਾ ਅਪਮਾਨ ਫਿਲਿਪ ਕੋਲੋਂ ਸਹਿਣ ਨਾ ਹੋਇਆ ਤੇ ਉਹ ਸਿੰਘਾਸਣ ਤੋਂ ਉੱਠ ਕੇ ਸਿਕੰਦਰ ਵਲ ਵਧਦਿਆਂ ਨਸ਼ੇ ਵਿੱਚ ਲੜਖੜਾ ਕੇ ਡਿੱਗ ਪਿਆ।
ਸਿਕੰਦਰ ਨੇ ਨਫਰਤ ਵਿੱਚ ਹਾਜ਼ਰ ਲੋਕਾਂ ਨੂੰ ਕਿਹਾ- ਦੇਖੋ ਨਗਰ ਵਾਸੀਓ, ਯੂਰਪ ਤੇ ਏਸ਼ੀਆ ਜਾਣ ਦੀ ਤਿਆਰੀ ਕਰਨ ਵਾਲਾ ਬੰਦਾ ਇੱਕ ਕੁਰਸੀ ਤੋਂ ਦੂਜੀ ਕੁਰਸੀ ਤਕ ਜਾਂਦਾ ਲੜਖੜਾ ਗਿਆ ਹੈ।’ ਸਿਕੰਦਰ ਨੂੰ ਪਤਾ ਸੀ ਕਿ ਇਸ ਘਟਨਾ ਦਾ ਸਿੱਟਾ ਚੰਗਾ ਨਹੀਂ ਨਿਕਲਣ ਵਾਲਾ। ਇਸ ਲਈ ਉਹ ਮਾਂ ਨੂੰ ਲੈ ਕੇ ਰਾਜਧਾਨੀ ਤੋਂ ਚਲਾ ਗਿਆ। ਮਾਂ ਨੂੰ ਉਸਨੇ ਉਹਦੇ ਭਰਾ ਐਪੀਰਸ ਦੇ ਨਵੇਂ ਰਾਜੇ ਅਲੈਗਜੈਂਡਰ ਪਹਿਲੇ ਕੋਲ ਡੋਡੋਨਾ ਨਗਰ ਛੱਡ ਦਿੱਤਾ। ਆਪ ਉਹ ਇਲੀਰਿਆ ਚਲਾ ਗਿਆ, ਜਿੱਥੇ ਉਹਨੇ ਸ਼ਰਨ ਮੰਗੀ। ਕੁਝ ਵਰ੍ਹੇ ਪਹਿਲਾਂ ਉਹਨੇ ਇਲੀਰਿਆ ਨੂੰ ਹਰਾਇਆ ਸੀ ਪਰ ਹੁਣ ਰਾਜੇ ਨੇ ਉਹਨੂੰ ਸ਼ਾਹੀ ਮਹਿਮਾਨ ਵਜੋਂ ਰੱਖਿਆ।
ਈਸਾ ਪੂਰਵ 336 ਦੀ ਬਸੰਤ ਰੁੱਤੇ ਫਿਲਿਪ ਦੀ ਪੁੱਤਰੀ ਦਾ ਵਿਆਹ ਉਹਦੀ ਪਤਨੀ ਓਲੰਪੀਅਸ ਦੇ ਭਰਾ ਐਪੀਰੋਸ ਦੇ ਰਾਜੇ ਅਲੈਗਜੈਂਡਰ ਪਹਿਲੇ ਨਾਲ ਮਕਦੂਨੀਆ ਦੀ ਪ੍ਰਾਚੀਨ ਰਾਜਧਾਨੀ ਏਈਗੋਈ ਵਿੱਚ ਹੋ ਰਿਹਾ ਸੀ। ਉਸ ਸਮੇਂ ਫਿਲਿਪ ਦੀ ਹੱਤਿਆ ਕਰ ਦਿੱਤੀ ਗਈ। ਚਾਰੇ ਪਾਸੇ ਹਫੜਾ ਦਫੜੀ ਮਚ ਗਈ। ਹਤਿਆਰਾ ਫਿਲਿਪ ਦੀ ਫੌਜੀ ਸੁਰੱਖਿਆ ਦਸਤੇ ਦਾ ਕਪਤਾਨ ਪੋਸਨਿਆਸ ਸੀ। ਜਦੋਂ ਉਹ ਭਜਿਆ ਤਾਂ ਪਿਛਾ ਕਰਨ ਵਾਲਿਆਂ ਉਹਨੂੰ ਥਾਏਂ ਮਾਰ ਦਿੱਤਾ। ਇਹਦੇ ਨਾਲ ਸਿਕੰਦਰ ਦੇ ਦੋ ਮਿੱਤਰ ਪੈਰਟਿਕਾਸ ਅਤੇ ਲਿਓਨਾਟੋਸ ਵੀ ਮਾਰ ਦਿੱਤੇ ਗਏ। ਇਹ ਗੱਲ ਵੀ ਦੱਬੀ ਜ਼ੁਬਾਨ ਵਿੱਚ ਉੱਭਰੀ ਕਿ ਇਸ ਕਤਲ ਪਿੱਛੇ ਸਿਕੰਦਰ ਦਾ ਹੱਥ ਹੈ ਤੇ ਇਸੇ ਕਰਕੇ ਸਬੂਤ ਵੀ ਮਿਟਾ ਦਿੱਤੇ ਗਏ। ਇਸ ਤੋਂ ਬਾਅਦ ਸਿਕੰਦਰ ਫਿਲਿਪ ਦੀ ਥਾਂ ਮਕਦੂਨੀਆ ਦਾ ਬਾਦਸ਼ਾਹ ਥਾਪਿਆ ਗਿਆ।
ਵੀਹ ਵਰ੍ਹਿਆਂ ਦਾ ਸਿਕੰਦਰ ਵੱਡੇ ਯੋਧੇ ਅਤੇ ਪ੍ਰਭਾਵਸ਼ਾਲੀ ਵਿਅਕਤਿਤਵ ਵਾਲੇ ਸਮਰਾਟ ਵਜੋਂ ਜਲਦੀ ਹਰਮਨ ਪਿਆਰਾ ਹੋ ਗਿਆ। ਬਾਦਸ਼ਾਹ ਬਣਦਿਆਂ ਉਹਨੇ ਜਲਾਵਤਨ ਕੀਤੇ ਗਏ ਆਪਣੇ ਚਾਰੇ ਦੋਸਤਾਂ ਨੂੰ ਵਾਪਸ ਬੁਲਾ ਲਿਆ। ਫਿਰ ਉਹਨੇ ਗੱਦੀ ਦੇ ਸੰਭਾਵੀ ਦਾਹਵੇਦਾਰਾਂ ਦਾ ਖਾਤਮਾ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਹਨੇ ਆਪਣੇ ਚਚੇਰੇ ਭਰਾ ਐਮਾਇਨਟਾਸ ਨੂੰ ਸੂਲੀ ’ਤੇ ਚੜ੍ਹਾਇਆ। ਲਾਈਨਸੇਸੇਟਿਸ ਦੇ ਤਿੰਨਾਂ ਵਿੱਚੋਂ ਦੋ ਰਾਜ ਕੁਮਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੀਸਰਾ ਅਪਾਹਜ ਸੀ ਇਸ ਕਰਕੇ ਬਚ ਗਿਆ। ਸਿਕੰਦਰ ਦੀ ਮਾਂ ਓਲੰਪੀਆਸ ਨੇ ਆਪਣੀ ਸੌਂਕਣ ਕੈਲੀਓਪੈਟਰਾ ਯੂਰੀਡਿਕੇ ਅਤੇ ਫਿਲਿਪ ਤੋਂ ਪੈਦਾ ਹੋਈ ਉਹਦੀ ਧੀ ਨੂੰ ਜਿਊਂਦਿਆਂ ਸਾੜ ਕੇ ਮਾਰ ਦਿੱਤਾ। ਸਿਕੰਦਰ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਪਰ ਮਾਂ ਨੂੰ ਕੁਝ ਕਹਿ ਨਾ ਸਕਿਆ। ਅੱਗੇ ਤੋਂ ਉਹਨੇ ਰਾਜ ਦੇ ਕੰਮਾਂ ਵਿੱਚ ਮਾਂ ਦੀ ਦਖਲਅੰਦਾਜ਼ੀ ਬੰਦ ਕਰ ਦਿੱਤੀ।
ਬਾਦਸ਼ਾਹ ਬਣਨ ਉਪਰੰਤ ਸਿਕੰਦਰ ਨੇ ਪਿਤਾ ਦੁਆਰਾ ਪਰਸ਼ੀਆ ’ਤੇ ਹਮਲਾ ਕਰਨ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਤੇ 335 ਈਸਵੀ ਪੂਰਵ ਵਿੱਚ ਮਕਦੂਨੀਆ ਤੋਂ ਉੱਤਰ ਵਲ ਕੂਚ ਕੀਤਾ। ਡੈਨਿਯੂਬ ਦਰਿਆ ਪਾਰ ਕਰਕੇ ਸੀਥੀਅਨਾ ’ਤੇ ਹਮਲਾ ਕਰਨ ਵਾਲਾ ਉਹ ਦੂਸਰਾ ਰਾਜਾ ਸੀ। ਇਸ ਜਿੱਤ ਤੋਂ ਬਾਅਦ ਉਹਨੇ ਪੱਛਮ ਵਿੱਚ ਇਲੀਰੀਅਨਾ ’ਤੇ ਹਮਲਾ ਕਰ ਦਿੱਤਾ। ਉੱਧਰ ਫਿਲਿਪ ਦੀ ਹੱਤਿਆ ਤੋਂ ਬਾਅਦ ਥੀਬਜ਼, ਐਂਥਨਜ਼ ਤੇ ਥ੍ਰੇਸ ਵਿੱਚ ਬਗਾਵਤ ਹੋ ਗਈ। ਪਤਾ ਲਗਦਿਆਂ ਸਿਕੰਦਰ ਨੇ ਸਖਤੀ ਨਾਲ ਇਹ ਬਗਾਵਤ ਕੁਚਲ ਦਿੱਤੀ।
ਇਸ ਦੌਰਾਨ ਸਿਕੰਦਰ ਨੇ ਇਨ੍ਹਾਂ ਨਗਰਾਂ ਵਿੱਚ ਬੜੀ ਤਬਾਹੀ ਮਚਾਈ। ਸਿਰਫ ਇੱਕ ਮੰਦਿਰ ਅਤੇ ਕਵੀ ਪਿੰਡਰ (522-443 ਈ.ਪੂ.) ਦੇ ਘਰ ਨੂੰ ਛੱਡਿਆ ਗਿਆ। ਪਿੰਡਰ ਦੀ ਮੌਤ ਤਾਂ ਬਹੁਤ ਪਹਿਲਾਂ ਹੋ ਚੁੱਕੀ ਸੀ ਪਰ ਉਹਦਾ ਘਰ ਛੱਡ ਕੇ ਸਿਕੰਦਰ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਕਿਸੇ ਕਵੀ ਦੇ ਆਦਰ ਮਾਣ ਵਿੱਚ ਮਕਦੂਨ ਵਿਜੇਤਾ ਯੂਨਾਨੀ ਸੰਸਕ੍ਰਿਤੀ ਦਾ ਪੈਰੋਕਾਰ ਹੈ। ਉਹਦੇ ਗੁਰੂ ਅਰਸਤੂ ਨੇ ਉਹਨੂੰ ਪਿੰਡਰ ਬਾਰੇ ਦੱਸਿਆ ਸੀ ਕਿ ਉਹ ਭਾਵੇਂ ਜਗੀਰਦਾਰਾਂ ਦੇ ਹੁਕਮ ਅਨੁਸਾਰ ਕਵਿਤਾ ਰਚਦਾ ਸੀ ਤੇ ਇਹਦੇ ਲਈ ਉਹਨੂੰ ਧਨ ਮਿਲਦਾ ਸੀ ਪਰ ਕਵਿਤਾ ਕਿਵੇਂ ਲਿਖਣੀ ਹੈ, ਉਹਦਾ ਵਿਸ਼ਾ ਵਸਤੂ ਕੀ ਹੋਵੇ ਭਾਵ ਸੋਚ ਪੱਖੋਂ ਉਹ ਅਜ਼ਾਦ ਸੀ। ਕਾਵਿ ਰਚਨਾ ਨੂੰ ਉਹ ਈਸ਼ਵਰ ਦੀ ਦੇਣ ਮੰਨਦਾ ਸੀ ਤੇ ਕਿਹਾ ਕਰਦਾ ਸੀ ਕਿ ਇਹ ਕੋਈ ਸਿੱਖਣ ਦੀ ਚੀਜ਼ ਨਹੀਂ ਇਹ ਤਾਂ ਧੁਰੋਂ ਮਿਲਿਆ ਵਰਦਾਨ ਹੈ।
ਇੱਕੀ ਵਰ੍ਹਿਆਂ ਦੀ ਉਮਰ ਵਿੱਚ ਨੌਜਵਾਨ ਸਿਕੰਦਰ ਦੇ ਪ੍ਰਤਾਪ ਨਾਲ ਯੂਨਾਨ ਵਿੱਚ ਜੋਸ਼ ਠਾਠਾਂ ਮਾਰਨ ਲੱਗ ਪਿਆ। ਸਾਰੇ ਰਾਜ ਨਗਰ ਸਮਝ ਗਏ ਕਿ ਸਿਕੰਦਰ ਵੈਰੀ ਨੂੰ ਸੰਭਲਣ ਦਾ ਮੌਕਾ ਨਹੀਂ ਦਿੰਦਾ। ਅਚਾਨਕ ਹਮਲਾ ਕਰਨਾ ਉਹਦੀ ਯੁੱਧ ਨੀਤੀ ਦਾ ਹਿੱਸਾ ਹੈ। ਕੋਰਿੰਥ ਵਿੱਚ ਯੂਨਾਨੀ ਜਾਤੀਆਂ ਦਾ ਮਹਾਂ ਸੰਮੇਲਨ ਹੋਇਆ। ਇਸ ਵਿੱਚ ਸਿਕੰਦਰ ਨੂੰ ਯੂਨਾਨੀ ਫੌਜਾਂ ਦਾ ਮਹਾਂ ਨਾਇਕ (ਹੇਗੇਮੋਨ) ਨਿਯੁਕਤ ਕੀਤਾ ਗਿਆ।
ਇਸੇ ਸਮੇਂ ਕੋਰਿੰਥ ਵਿੱਚ ਇੱਕ ਦਰਵੇਸ਼ ਦਾਰਸ਼ਨਿਕ ਡਾਇਓਜੀਨੀਅਸ ਰਹਿੰਦਾ ਸੀ। ਅਰਸਤੂ ਨੇ ਇਸ ਬਾਰੇ ਸਿਕੰਦਰ ਨੂੰ ਦੱਸਿਆ ਸੀ ਕਿ ਉਹ ਦੇਸ਼ ਦਾ ਵੱਡਾ ਚਿੰਤਕ ਦੇ ਗੁਣੀ ਗਿਆਨੀ ਹੈ। ਉਹ ਸਿਨਿਕ ਸੰਪਰਦਾਏ ਦਾ ਮੋਢੀ ਸੀ। ਇਸ ਸੰਪਰਦਾਏ ਦੇ ਲੋਕ ਅੱਜ ਕੱਲ੍ਹ ਦੇ ਨਾਂਗੇ ਸਾਧੂਆਂ ਵਾਂਗ ਪ੍ਰਕਿਰਤਕ ਸਥਿਤੀ ਵਿੱਚ ਰਹਿਣਾ ਪਸੰਦ ਕਰਦੇ ਸਨ। ਦਿਗੰਬਰ ਜੈਨ ਮੁਨੀਆਂ ਵਾਂਗ ਇਹ ਵੀ ਨਗਨ ਅਵਸਥਾ ਵਿੱਚ ਰਹਿੰਦੇ ਸਨ। ਸਿਕੰਦਰ ਉਸ ਨੂੰ ਮਿਲਣ ਗਿਆ ਤੇ ਕਹਿਣ ਲੱਗਾ ਮੈਂ ਤੁਹਾਡੀ ਕਿਹੜੀ ਇੱਛਾ ਪੂਰੀ ਕਰ ਸਕਦਾਂ ਹਾਂ? ਮੈਂ ਯੂਨਾਨ ਦਾ ਬਾਦਸ਼ਾਹ ਸਿਕੰਦਰ ਹਾਂ। ਉਹਨੇ ਸਾਹਮਣੇ ਖੜ੍ਹੇ ਸਿਕੰਦਰ ਵੱਲ ਘੂਰਦੇ ਹੋਏ ਕਿਹਾ – ਪਿੱਛੇ ਹਟ, ਧੁੱਪ ਆਉਣ ਦੇ, ਮੈਂਨੂੰ ਨਹੀਂ ਕੁਝ ਚਾਹੀਦਾ’ ਸਿਕੰਦਰ ਦੇ ਸਾਥੀਆਂ ਨੇ ਬਾਦਸ਼ਾਹ ਦਾ ਅਪਮਾਨ ਦੇਖ ਕੇ ਕਿਹਾ ਕਿ ਇਹ ਸਾਲਾ ਮੂਰਖ ਹੈ, ਪਰ ਸਿਕੰਦਰ ਕਹਿਣ ਲੱਗਾ- ਨਹੀਂ ਜੇ ਮੈਂ ਸਿਕੰਦਰ ਨਾ ਹੁੰਦਾ ਤਾਂ ਮੈਂ ਡਾਇਓਜੀਨੀਅਸ ਬਣਨ ਦੀ ਕੋਸ਼ਿਸ਼ ਕਰਦਾ।’
334 ਈ.ਪੂ. ਦੇ ਪਤਝੜ ਵਿੱਚ ਮਕਦੂਨੀਆ ਪਰਤ ਕੇ ਸਿਕੰਦਰ ਨੇ ਪਰਸ਼ੀਆ ’ਤੇ ਧਾਵਾ ਬੋਲਣ ਦੀ ਤਿਆਰੀ ਸ਼ੁਰੂ ਕੀਤੀ। ਏਸ਼ੀਆ ਵਲ ਨਿਕਲਣ ਤੋਂ ਪਹਿਲਾਂ ਸਿਕੰਦਰ ਨੇ ਆਪਣੀ ਨਿੱਜੀ ਜਾਇਦਾਦ ਮਿੱਤਰਾਂ ਵਿੱਚ ਵੰਡ ਦਿੱਤੀ। ਉਹਦੇ ਮਿੱਤਰਾਂ ਵਿੱਚੋਂ ਇੱਕ ਪਰਡੀਕਾਸ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਸਿਕੰਦਰ ਨੇ ਕਿਹਾ ਕਿ ਮਹਾਨ ਬਣਨ ਲਈ ਛੋਟੀਆਂ ਚੀਜ਼ਾਂ ਦਾ ਤਿਆਗ ਜ਼ਰੂਰੀ ਹੈ। ਅੱਗੋਂ ਉਹ ਕਹਿਣ ਲੱਗਾ ਕਿ ਤੁਸਾਂ ਆਪਣੇ ਲਈ ਫਿਰ ਕੀ ਰੱਖਿਆ ਤਾਂ ਸਿਕੰਦਰ ਦਾ ਜਵਾਬ ਸੀ – ਆਸ, ਇੱਛਾ, ਸੁਪਨਿਆਂ ਨੂੰ ਪੂਰਿਆਂ ਕਰਨ ਲਈ ਸੁਨਹਿਰੀ ਕਿਰਨ ਦੀ ਆਸ ਜੋ ਦੂਰ ਅਕਾਸ਼ਾਂ ਵਿੱਚ ਚਮਕ ਰਹੀ ਹੈ।’ ਮਕਦੂਨੀਆ ਦੀ ਦੇਖ ਭਾਲ ਲਈ ਉਹਨੇ ਫਿਲਿਪ ਦੇ ਅਨੁਭਵੀ ਸੈਨਾਪਤੀ ਅੰਤੀਪਾਤਿਰ ਨੂੰ ਵਾਗਡੋਰ ਸੌਂਪ ਦਿੱਤੀ ਤੇ ਉਹਦੀ ਸਹਾਇਤਾ ਲਈ 12 ਹਜ਼ਾਰ ਫੌਜੀ ਤੇ ਸਾਜ਼ੋ ਸਾਮਾਨ ਦਾ ਪ੍ਰਬੰਧ ਕਰ ਦਿੱਤਾ।
338 ਈ.ਪੂ. ਦੀ ਬਸੰਤ ਰੁੱਤੇ ਸਿਕੰਦਰ ਏਸ਼ੀਆ ਵੱਲ ਚੱਲ ਪਿਆ। ਉਹਦੇ ਨਾਲ 48 ਹਜ਼ਾਰ ਪੈਦਲ ਫੌਜੀ, 6 ਹਜ਼ਾਰ ਘੋੜ ਸਵਾਰ, 120 ਬੇੜੀਆਂ ਦਾ ਬੇੜਾ ਤੇ 34 ਹਜ਼ਾਰ ਮਲਾਹ ਸਨ। ਇਹ ਸਾਰਾ ਲਾਮ ਲਸ਼ਕਰ ਉਹਨੇ ਯੂਨਾਨ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਇਕੱਠਾ ਕੀਤਾ ਸੀ। ਅਨੇਕਾਂ ਗੱਡਿਆਂ ’ਤੇ ਉਹਨੇ ਫੌਜ ਲਈ ਰਸਦ ਦਾ ਸਮਾਨ ਰੱਖਿਆ। ਪਰਸ਼ੀਆਂ ਨਾਲ ਯੁੱਧ ਕਰਨ ਲਈ ਮਹਾਨ ਨਾਇਕ ਨੇ ਹੇਲੀਸਪੋਂਟ ਪਾਰ ਕੀਤਾ। ਇਹ ਦਾਨਿਆਲ ਦੱਰਾ ਸੀ। ਹੱਥ ਵਿੱਚ ਭਾਲਾ ਲੈ ਕੇ ਸਿਕੰਦਰ ਨੇ ਕਿਹਾ- ਡੇਢ ਸ਼ਤਾਬਦੀ ਪਹਿਲਾਂ ਇਸਨੂੰ ਪਰਸ਼ੀਆ ਦੇ ਸਮਰਾਟ ਜਰਕਸੀਸ ਨੇ ਉਲਟੀ ਦਿਸ਼ਾ ਵਲੋਂ ਪਾਰ ਕਰਕੇ ਮਾਈਨਰ ਏਸ਼ੀਆ ਦੀਆਂ ਯੂਨਾਨੀ ਬਸਤੀਆਂ ਨੂੰ ਤਬਾਹ ਕੀਤਾ ਸੀ। ਅੱਜ ਮੈਂ ਪਰਸ਼ੀਆ ਵਿੱਚ ਹਾਂ ਤੇ ਇਸ ਧਰਤ ਨੂੰ ਜਿੱਤਣ ਲਈ ਸੰਕਲਪ ਲੈਂਦਾ ਹਾਂ। ਪਾਰਸ਼ਿਕ ਸਮਰਾਟ ਨੂੰ ਕੰਨ ਖੋਲ੍ਹ ਕੇ ਸੁਣ ਲੈਣਾ ਚਾਹੀਦਾ ਹੈ ਜਿਵੇਂ ਅਕਾਸ਼ ਵਿੱਚ ਦੋ ਸੂਰਜ ਨਹੀਂ ਹੋ ਸਕਦੇ ਇਵੇਂ ਹੀ ਧਰਤ ’ਤੇ ਦੋ ਸਮਰਾਟ ਨਹੀਂ ਹੋ ਸਕਦੇ। ਭਾਲਾ ਜ਼ਮੀਨ ਵਿੱਚੋਂ ਉਖਾੜਦਿਆਂ ਉਹਨੇ ਕਿਹਾ ਕਿ ਮਕਦੂਨੀਆ ਦੇ ਇਸੇ ਹਥਿਆਰ ਨਾਲ ਉਹ ਪੂਰਾ ਏਸ਼ੀਆ ਜਿਤੇਗਾ।’
ਗਰਾਨੀਕਸ ਦੇ ਛੋਟੇ ਦਰਿਆ ਨੂੰ ਪਾਰ ਕਰਕੇ ਸਿਕੰਦਰ ਦੀ 40 ਹਜ਼ਾਰ ਤੇ ਪਰਸ਼ੀਆ ਦੀ 20 ਹਜ਼ਾਰ ਫੌਜ ਵਿੱਚ ਗਹਿ ਗੱਚ ਲੜਾਈ ਹੋਈ। ਇਸ ਵਿੱਚ ਸਿਕੰਦਰ ਨੇ ਕਈ ਕੁਝ ਲੁਟਿਆ ਵੀ। ਨੇੜੇ ਦੇ ਰਾਜ ਏਂਥਨਜ਼ ਨੂੰ ਉਹਨੇ ਦਰਿਆ ਰਾਹੀਂ 300 ਪੇਟੀਆਂ ਜ਼ਰਾ ਬਖਤਰਾਂ ਦੀਆਂ ਭੇਜੀਆਂ। ਅੱਗੇ ਸਿਕੰਦਰ ਦੇ ਨਾਇਕ ਅਕਲੀਜ਼ ਦੀ ਕਰਮਭੂਮੀ ਟਰਾਏ ਸੀ। ਸਿਕੰਦਰ ਨੇ ਅਕਲੀਜ਼ ਦੀ ਸਮਾਧ ’ਤੇ ਜਾ ਕੇ ਸ਼ਰਧਾਂਜਲੀ ਭੇਂਟ ਕੀਤੀ। ਟਰਾਏ ਦੇ ਇਸ ਸਥਾਨ ’ਤੇ ਪ੍ਰਾਚੀਨ ਯੋਧਿਆਂ ਦੇ ਅਸਤਰ ਸ਼ਸਤਰ ਰੱਖੇ ਹੋਏ ਸਨ। ਸਿਕੰਦਰ ਨੇ ਸਤਿਕਾਰ ਵਜੋਂ ਆਪਣਾ ਇੱਕ ਸ਼ਸਤਰ ਉੱਥੇ ਰੱਖ ਦਿੱਤਾ ਤੇ ਸੁਗਾਤ ਵਜੋਂ ਕੁਝ ਪ੍ਰਾਚੀਨ ਸ਼ਸਤਰ ਲੈ ਲਏ। ਉਹਦੇ ਸਾਥੀ ਸਮਝਦੇ ਸਨ ਕਿ ਪ੍ਰਾਚੀਨ ਯੋਧਿਆਂ ਵਾਂਗ ਸਿਕੰਦਰ ਅਜਿੱਤ ਹੈ ਤੇ ਟਰਾਏ ਦੇ ਸਵਰਗਵਾਸੀ ਯੋਧੇ ਇਸ ਸਤਿਕਾਰ ਕਰਕੇ ਯੁੱਧ ਵਿੱਚ ਉਹਦੀ ਰੱਖਿਆ ਕਰਨਗੇ।
ਸਿਕੰਦਰ ਦੇ ਯੁੱਧ ਜਾਰੀ ਸਨ। ਪਾਰਸ਼ਿਕ ਸ਼ਾਹ ਦਾਰਾ ਆਪਣੇ ਆਪ ਨੂੰ ਵੱਡਾ ਸਮਰਾਟ ਮੰਨਦਾ ਸੀ। ਦਾਰੇ ਨਾਲ ਸਿਕੰਦਰ ਦਾ ਵੱਡਾ ਭੇੜ ਹੋਇਆ। ਇਸ ਬਾਰੇ ਪ੍ਰਸਿੱਧ ਕਵੀ ਫਿਰਦੌਸੀ ਆਪਣੇ ਸ਼ਾਹਨਾਮੇ ਵਿੱਚ ਲਿਖਦਾ ਹੈ- ਦਾਰੇ ਨੇ ਹਵਾ ਵਰਗੀ ਤੇਜ਼ ਗਤੀ ਨਾਲ ਦੌੜਣ ਵਾਲੇ ਇੱਕ ਊਠ ਸਵਾਰ ਨੂੰ ਭਾਰਤ ਦੇ ਉੱਤਰ-ਪੱਛਮੀ ਰਾਜੇ ਪੁਰੂ (ਪੋਰਸ) ਕੋਲ ਪੈਗਾਮ ਦੇ ਕੇ ਭੇਜਿਆ ਕਿ ਉਹ ਉਹਦੀ ਮਦਦ ਕਰੇ। ਪਰ ਉਹਨੂੰ ਕੋਈ ਮਦਦ ਨਾ ਮਿਲੀ ਤੇ ਦਾਰਾ ਨਿਰਾਸ਼ ਹੋ ਗਿਆ। ਸਿਕੰਦਰ ਨੇ ਉਹਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਉਹ ਸੀਰੀਆ ਭੱਜ ਗਿਆ। ਇਸ ਤੋਂ ਅੱਗੇ ਸਿਕੰਦਰ ਨੇ ਤਾਇਰ ਤੇ ਸਿਦੋਨ ਦੀਆਂ ਬੰਦਗਾਹਾਂ ’ਤੇ ਕਬਜ਼ਾ ਕਰ ਲਿਆ। ਤਾਇਰ ਵਾਲਿਆਂ ਨੇ ਡਟ ਕੇ ਵਿਰੋਧ ਕੀਤਾ ਪਰ ਅੰਤ ਉਹ ਹਾਰ ਗਏ।
ਤਾਇਰ ’ਤੇ ਕਬਜ਼ਾ ਕਰਨ ਤੋਂ ਬਾਅਦ ਸਿਕੰਦਰ ਨੇ ਮਿਸਰ ਵਲ ਰੁਖ ਕੀਤਾ। ਯੇਰੂਸ਼ਲਮ ਨੇ ਸਮਰਪਣ ਕਰਦੇ ਹੋਏ ਨਗਰ ਦੇ ਗੇਟ ਸਿਕੰਦਰ ਲਈ ਖੋਲ੍ਹ ਦਿੱਤੇ। ਸਿਕੰਦਰ ਦੇ ਪਹੁੰਚਣ ’ਤੇ ‘ਡੇਨੀਅਲ ਦੀ ਭਵਿੱਖਬਾਣੀ’ ਨਾਂ ਦੀ ਕਿਤਾਬ ਦਾ ਅੱਠਵਾਂ ਅਧਿਆਏ ਖੋਲ੍ਹ ਕੇ ਉਹਨੂੰ ਦਿਖਾਇਆ ਗਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਇੱਕ ਸ਼ਕਤੀਸ਼ਾਲੀ ਯੂਨਾਨੀ ਸਮਰਾਟ ਆਏਗਾ ਜੋ ਪਰਸ਼ੀਆ ਨੂੰ ਜਿਤੇਗਾ। ਸਿਕੰਦਰ ਨੇ ਖ਼ੁਸ਼ ਹੁੰਦਿਆ ਯੇਰੂਸ਼ਲਮ ਨੂੰ ਬਖਸ਼ ਦਿੱਤਾ।
332 ਈ.ਪੂ. ਦੇ ਅੰਤ ਵਿੱਚ ਸਿਕੰਦਰ ਮਿਸਰ ਪਹੁੰਚਿਆ। ਸਿਕੰਦਰ ਦਾ ਆਗਮਨ ਮਿਸਰਵਾਸੀਆਂ ਲਈ ਸਿਰਫ ਰਾਜ ਪਰਿਵਰਤਨ ਸੀ ਕਿਉਂਕਿ ਉਹ ਦੋ ਸਦੀਆਂ ਤੋਂ ਪਰਸ਼ੀਆ ਦੀ ਗੁਲਾਮੀ ਝੱਲ ਰਹੇ ਸਨ। ਸਿਕੰਦਰ ਨੇ ਉੱਥੇ ਐਲਾਨ ਕੀਤਾ ਕਿ ਸਮਰਾਟ ਕੋਂਬੀਸਿਸ ਵਾਂਗ ਨਾ ਤਾਂ ਮੇਰਾ ਪਿਰਾਮਿਡਾਂ ਤੋਂ ਕੁਝ ਲੈਣਾ ਦੇਣਾ ਹੈ ਤੇ ਨਾ ਫਰਾਓਨਾਂ ਦੀਆਂ ਸਮਾਧੀਆਂ ਤੋਂ। ਮਿਸਰ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸਥਿਤ ਲੀਬੀਆ ਦੇ ਮਾਰੂਥਲ ਵਿੱਚ ਸਿਬਾਹ ਨਖਲਿਸਤਾਨ ਵਿੱਚ ਬਣੇ ਸੂਰਜ-ਦੇਵਤੇ ਏਮਨ-ਰੇ ਦੇ ਮੰਦਿਰ ਵਿੱਚ ਉਹ ਗਿਆ ਤੇ ਅੰਦਰਲੇ ਹਿੱਸੇ ਵਿੱਚ ਪੁਜਾਰੀ ਨਾਲ ਇਕੱਲਾ ਗਿਆ। ਉੱਥੇ ਕੀ ਹੋਇਆ ਕੋਈ ਨਹੀਂ ਜਾਣਦਾ ਪਰ ਇਹ ਸਪਸ਼ਟ ਹੈ ਕਿ ਉਹਨੇ ਅਨੁਭਵ ਕੀਤਾ ਕਿ ਰੱਬ ਨਾਲ ਉਹਦਾ ਕੋਈ ਵਿਸ਼ੇਸ਼ ਸੰਬੰਧ ਹੈ ਤੇ ਸੰਸਾਰ ਵਿੱਚ ਏਕਤਾ ਸਥਾਪਤ ਕਰਨਾ ਉਹਦਾ ਰੱਬੀ ਫਰਜ਼ ਹੈ। ਪੁਜਾਰੀ ਨੇ ਦੱਸਿਆ ਕਿ ਮੰਦਿਰ ਦੀ ਦੇਵਬਾਣੀ ਨੇ ਸਿਕੰਦਰ ਨੂੰ ਦਿਓਤਾ ਐਲਾਨਿਆ ਹੈ। ਲੋਕਾਂ ਨੇ ਉਸ ਨੂੰ ਬ੍ਰਹਿਮੰਡ ਦੇ ਸੁਆਮੀ ਦੀ ਉਪਾਧੀ ਦਿੱਤੀ। ਮਿਸਰ ਵਿੱਚ ਸਿਕੰਦਰ ਨੇ ਨੀਲ ਨਦੀ ਦੇ ਮੁਹਾਨੇ ’ਤੇ ਸਿਕੰਦਰੀਆ ਨਗਰ ਤੇ ਤਾਇਰ ਦੇ ਉੱਤਰ ਵਿੱਚ ਇਸਸ ਦੇ ਨੇੜੇ ਅਲੈਗਜਦਿਤਾ ਨਾਂ ਦੀ ਬੰਦਰਗਾਹ ਬਣਾਈ। ਇਹ ਦੋਵੇਂ ਯਾਦਗਾਰਾਂ ਅੱਜ ਵੀ ਕਾਇਮ ਹਨ।
ਈ.ਪੂ. 331 ਵਿੱਚ ਜੁਲਾਈ ਮਹੀਨੇ ਸਿਕੰਦਰ ਨੇ ਮੈਸੋਪੋਟੇਮੀਆ (ਉਤਰੀ ਇਰਾਕ) ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਉਹ ਬੇਬੀਲੋਨੀਆ ਨੂੰ ਜਿੱਤਣ, ਲੁੱਟਣ ਤੇ ਸਾੜਨ ਦੇ ਮਕਸਦ ਨਾਲ ਪਹੁੰਚਿਆ। ਪਰਸੀਪੋਲਿਸ ਪਹੁੰਚ ਕੇ ਉਹਦੀਆਂ ਫੌਜਾਂ ਕਈ ਦਿਨ ਲੁੱਟ ਮਾਰ ਕਰਦੀਆਂ ਰਹੀਆਂ। ਉਹ ਹਮੇਸ਼ਾ ਕਿਹਾ ਕਰਦਾ ਸੀ – ਮਿੱਤਰੋ, ਗਿਣਤੀ ਜਾਂ ਸਾਧਨ ਨਹੀਂ ਜਿੱਤਦੇ, ਮਨੁੱਖ ਜਿੱਤਦਾ ਹੈ। ਮਨੁੱਖ ਦਾ ਸਾਰਾ ਵਜੂਦ ਲੜਦਾ ਹੈ ਤੇ ਉਹੀ ਜਿੱਤਦਾ ਹੈ। ਆਪਣੇ ਡਰ ਨੂੰ ਜਿਤੋ। ਮੇਰਾ ਵਾਅਦਾ ਹੈ ਕਿ ਤੁਸੀਂ ਦੁਸ਼ਮਣ ਨੂੰ ਜਿੱਤ ਲਓਗੇ।’
ਕਿਹਾ ਜਾਂਦਾ ਹੈ ਕਿ ਯੁੱਧ ਤੋਂ ਵਿਹਲਾ ਹੋ ਕਿ ਇੱਕ ਵਾਰ ਸਿਕੰਦਰ ਅਰਾਮ ਕਰ ਰਿਹਾ ਸੀ ਤੇ ਉਹਦੇ ਮਿੱਤਰ ਹਾਸਾ ਠੱਠਾ ਕਰ ਰਹੇ ਸਨ। ਉਸ ਸਮੇਂ ਐਰੀਜਿਅਸ ਅੰਦਰ ਆਇਆ। ਉਹਦੇ ਨਾਲ ਆਏ ਸਿਪਾਹੀਆਂ ਨੇ ਰਤਨਾਂ, ਹੀਰਿਆਂ ਜਵਾਹਰਾਂ ਨਾਲ ਜੜਿਆ ਇੱਕ ਸੰਦੂਕ ਉਹਦੇ ਸਾਹਮਣੇ ਲਿਆ ਰੱਖਿਆ ਜੋ ਸੜਨ ਤੋਂ ਬਚ ਗਿਆ ਸੀ। ਸਿਕੰਦਰ ਨੇ ਕੁਝ ਸੋਚਦਿਆਂ ਵਾਰੀ ਵਾਰੀ ਆਪਣੇ ਮਿੱਤਰਾਂ ਨੂੰ ਪੁੱਛਿਆ ਕਿ ਤੁਸੀਂ ਇਸ ਵਿੱਚ ਕੀ ਰੱਖੋਗੇ, ਐਰੀਜਿਅਸ ਨੇ ਕਿਹਾ ਕਿ ਉਹ ਇਸ ਵਿੱਚ ਕੀਮਤੀ ਸ਼ਰਾਬ ਰੱਖੇਗਾ। ਨੇਆਖਰੋਸ ਕਹਿਣ ਲੱਗਾ ਮੈਂ ਇਸ ਵਿੱਚ ਕੀਮਤੀ ਸਮੁੰਦਰੀ ਨਕਸ਼ੇ ਰੱਖਾਂਗਾ। ਟਾਲਮੀ ਕਹਿਣ ਲੱਗਾ ਮੈਂ ਇਸ ਵਿੱਚ ਤਲਵਾਰ ਰੱਖਾਂਗਾ। ਹਰਪਾਲਸ ਕਹਿਣ ਲੱਗਾ ਮੈਂ ਇਸ ਵਿੱਚ ਧਨ ਦੌਲਤ ਰੱਖਾਂਗਾ। ਸਿਕੰਦਰ ਚੁੱਪ ਕਰ ਗਿਆ। ਉਹਦੇ ਸਾਥੀਆਂ ਨੂੰ ਲੱਗਿਆ ਕਿ ਸਿਕੰਦਰ ਉਨ੍ਹਾਂ ਦੇ ਉੱਤਰਾਂ ਤੋਂ ਖ਼ੁਸ਼ ਨਹੀਂ। ਸਿਕੰਦਰ ਦੇ ਇੱਕ ਗੂੜ੍ਹੇ ਮਿੱਤਰ ਨੇ ਚੁੱਪ ਤੋੜਦਿਆਂ ਸਿਕੰਦਰ ਨੂੰ ਪੁੱਛਿਆ ਕਿ ਤੂੰ ਇਸ ਵਿੱਚ ਕੀ ਰੱਖੇਂਗਾ ਤਾਂ ਉਹ ਕਹਿਣ ਲੱਗਾ ਮੈਂ ਇਸ ਵਿੱਚ ਹੋਮਰ ਦੀ ਇਲਿਆਦ ਰੱਖਾਂਗਾ ਤੇ ਬਾਅਦ ਵਿੱਚ ਹਮੇਸ਼ਾ ਸਿਕੰਦਰ ਨੇ ਇਲਿਆਦ ਵਾਲਾ ਉਹ ਸੰਦੂਕ ਆਪਣੇ ਨਾਲ ਰੱਖਿਆ।
ਸਿਕੰਦਰ ਨੇ ਸੋਗਿਦਿਆਨਾ ਅਤੇ ਬੈਕਟੀਰੀਆ ਨੂੰ ਜਿੱਤ ਕੇ ਸੀਥੀਅਨਾਂ ਨੂੰ ਉੱਤਰ ਵਲ ਖਦੇੜ ਦਿੱਤਾ। ਉਸ ਤੋਂ ਬਾਅਦ ਉਹਨੂੰ ਵਿਸ਼ਵਾਸ ਹੋ ਗਿਆ ਕਿ ਉਹ ਉੱਤਰ-ਪੂਰਬੀ ਏਸ਼ੀਆ ਦੀ ਸਰਹੱਦ ਨੇੜੇ ਪਹੁੰਚ ਗਿਆ ਹੈ ਤੇ ਅੱਗੇ ਸਿਰਫ ਭਾਰਤ ਹੈ। ਫੌਜੀਆਂ ਵਿੱਚ ਫੈਲ ਰਹੀ ਬੇਚੈਨੀ ਦੇ ਬਾਵਜੂਦ ਸਿਕੰਦਰ ਨੇ ਆਪਣੀ ਹਠੀ ਅਗਵਾਈ ਵਿੱਚ ਸਖਤੀ ਨਾਲ ਫੌਜ ਦੀ ਦ੍ਰਿੜ੍ਹਤਾ ਨੂੰ ਕਾਇਮ ਰੱਖਿਆ। 326 ਈ.ਪੂ. ਨੂੰ ਉਹਦੀ ਫੌਜ ਪੰਜਾਬ ਵਿੱਚ ਪੋਰਸ ਨਾਲ ਯੁੱਧ ਕਰਦੀ ਥੱਕ ਗਈ।
ਕਾਬੁਲ ਦਰਿਆ ਦੇ ਰਸਤੇ ’ਤੇ ਸਿਕੰਦਰ ਨੇ ਆਪਣੀ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸੇ ਨੂੰ ਹੇਫਾਸਿਤਓਨ ਅਤੇ ਪਡਰੀਕਾਸ ਦੀ ਅਗਵਾਈ ਵਿੱਚ ਕਾਬੁਲ ਦਰਿਆ ਦੇ ਨਾਲ ਨਾਲ ਚੱਲ ਕੇ ਖੈਬਰ ਦੱਰੇ ਰਾਹੀਂ ਸਿੰਧ ਦਰਿਆ ਤਕ ਪਹੁੰਚਣ ਦਾ ਹੁਕਮ ਦਿੱਤਾ। ਉਹ ਦੋਵੇਂ ਰਸਤਿਆਂ ਦੇ ਇਲਾਕਿਆਂ ’ਤੇ ਕਬਜ਼ਾ ਕਰਕੇ ਸਿੰਧ ਦਰਿਆ ਕੋਲ ਜਾ ਪਹੁੰਚੇ। ਫੌਜ ਦੇ ਦੂਸਰੇ ਹਿੱਸੇ ਨੇ ਸਿਕੰਦਰ ਦੀ ਅਗਵਾਈ ਹੇਠ ਹਿੰਦੂਕੁਸ਼ ਦੇ ਦੱਖਣੀ ਪਾਦਗਿਰੀ ਵਿੱਚ ਅਲੀਸਾਂਗ ਅਤੇ ਕੁਨਾਰ ਦਰਿਆਵਾਂ ਦੀ ਘਾਟੀ ਵਿੱਚ ਬਜੌਰ ’ਤੇ ਕਬਜ਼ਾ ਕਰ ਲਿਆ ਤੇ ਇੱਥੇ ਭਿਅੰਕਰ ਲੜਾਈ ਹੋਈ।
326 ਈ.ਪੂ. ਵਿੱਚ ਸਿਕੰਦਰ ਦੀਆਂ ਫੌਜਾਂ ਜਿਹਲਮ ਦਰਿਆ ਦੇ ਤੱਟ ਕੋਲ ਆ ਕੇ ਅਟਕ ਗਈਆਂ। ਪੋਰਸ ਵਿਸ਼ਾਲ ਫੌਜ ਨਾਲ ਸਿਕੰਦਰ ਦਾ ਸਾਹਮਣਾ ਕਰਨ ਲਈ ਤਿਆਰ ਸੀ। ਪੋਰਸ ਦਾ ਖਿਆਲ ਸੀ ਕਿ ਉਹਦੀ ਹਾਥੀਆਂ ਦੀ ਫੌਜ ਦੇਖ ਕੇ ਸਿਕੰਦਰ ਦੇ ਘੋੜੇ ਡਰ ਜਾਣਗੇ ਤੇ ਪੈਦਲ ਫੌਜ ਤਾਂ ਐਨੇ ਵੱਡੇ ਜਾਨਵਰਾਂ ਦੇ ਨੇੜੇ ਨਹੀਂ ਆਏਗੀ। ਪਰ ਉਹਦੇ ਕਿਆਸ ਗਲਤ ਨਿਕਲੇ ਤੇ ਸਿਕੰਦਰ ਦੀ ਫੌਜ ਟੁੱਟ ਕੇ ਉਨ੍ਹਾਂ ਨੂੰ ਪੈ ਨਿਕਲੀ। ਪੋਰਸ ਨੂੰ ਹਾਰ ਕਰਕੇ ਪਿੱਛੇ ਪਰਤਣਾ ਪਿਆ। ਸਿਕੰਦਰ ਨੇ ਅੰਭੀ ਰਾਹੀਂ ਉਹਨੂੰ ਆਤਮ ਸਮਰਪਣ ਦਾ ਪੈਗਾਮ ਭੇਜਿਆ। ਸਿਕੰਦਰ ਨੇ ਪੋਰਸ ਦੇ ਬੁਲੰਦ ਹੌਸਲੇ ਦੀ ਦਾਦ ਦਿੰਦਿਆਂ ਕਿਹਾ ਕਿ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ?’ ਤਾਂ ਪੋਰਸ ਦਾ ਉੱਤਰ ਸੀ ਕਿ ਤੂੰ ਬਦੇਸ਼ੀ ਹੈ। ਮੈਂ ਨਹੀਂ ਜਾਣਦਾ ਕਿ ਤੂੰ ਕਿਸ ਧਰਮ ਦਾ ਪੈਰੋਕਾਰ ਹੈਂ। ਪਰ ਜੇ ਮੈਂ ਤੇਰੀ ਥਾਂ ਹੁੰਦਾ ਤਾਂ ਅਜਿਹਾ ਹੀ ਵਿਹਾਰ ਕਰਦਾ ਜੋ ਇੱਕ ਜਿਤਿਆ ਰਾਜਾ ਹਾਰੇ ਰਾਜੇ ਨਾਲ ਕਰਦਾ ਹੈ। ਇਸ ਉੱਤਰ ਨਾਲ ਸਿਕੰਦਰ ਖ਼ੁਸ਼ ਹੋ ਗਿਆ ਤੇ ਪੋਰਸ ਨੂੰ ਮਿੱਤਰ ਬਣਾ ਲਿਆ।
ਬਿਆਸ ਦਰਿਆ ਤਕ ਪਹੁੰਚਦਿਆਂ ਸਿਕੰਦਰ ਦਾ ਜਾਹੋ ਜਲਾਲ ਸਿਖਰ ’ਤੇ ਸੀ। ਪਰ ਇੱਥੇ ਪਹੁੰਚ ਕੇ ਉਹਦੀਆਂ ਫੌਜਾਂ ਥੱਕ ਗਈਆਂ। ਉਨ੍ਹਾਂ ਵਿੱਚ ਬੇਚੈਨੀ ਫੈਲ ਗਈ। ਉਨ੍ਹਾਂ ਨੇ ਅੱਗੇ ਵਧਣ ਤੋਂ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਤਰਕ ਸੀ ਕਿ ਸਾਨੂੰ ਘਰੋਂ ਤੁਰਿਆਂ 14 ਸਾਲ ਹੋ ਗਏ ਹਨ ਅਤੇ ਸਾਡੇ ਪਿੱਛੇ ਪਰਿਵਾਰ ਸਾਡੀ ਉਡੀਕ ਕਰ ਰਹੇ ਹਨ। ਸਿਕੰਦਰ ਨੂੰ ਮਹਿਸੂਸ ਹੋਇਆ ਕਿ ਉਹਦੀਆਂ ਫੌਜਾਂ ਹੁਣ ਅੱਗੇ ਵਧਣ ਤੋਂ ਭੱਜ ਰਹੀਆਂ ਹਨ, ਜੇ ਜ਼ੋਰ ਜਬਰਦਸਤੀ ਕੀਤੀ ਤਾਂ ਇਹ ਬਾਗੀ ਹੋ ਜਾਣਗੀਆਂ। ਉਹਨੇ ਬਿਆਸ ਦੇ ਕੰਢੇ ਉਨ੍ਹਾਂ ਦਿਓਤਿਆਂ ਦੀਆਂ 12 ਵੇਦੀਆਂ ਬਣਵਾਈਆਂ ਜਿਨ੍ਹਾਂ ਦੀ ਮਿਹਰ ਸਦਕਾ ਉਹ ਸਦਾ ਜੇਤੂ ਰਿਹਾ ਸੀ। ਉਨ੍ਹਾਂ ਦੀ ਵਿਧੀਵਤ ਪੂਜਾ ਕੀਤੀ ਤੇ ਧਾਰਮਕ ਅਨੁਸ਼ਠਾਨਾਂ ਨਾਲ ਬਲੀ ਦਿੱਤੀ। ਇਸ ਤੋਂ ਬਾਅਦ ਉਹ ਪਿੱਛੇ ਮੁੜ ਪਿਆ।
ਚਨਾਬ ਪਾਰ ਕਰਕੇ ਉਹ ਜੇਹਲਮ ਕੋਲ ਜਾ ਪਹੁੰਚਿਆ। ਆਪਣੀ ਜਿੱਤ ਦੇ ਅੰਤਿਮ ਦੌਰ ਵਿੱਚ ਉਹਨੇ ਪੰਜਾਬ ਦੇ ਦਰਿਆਵਾਂ ਦੇ ਸੰਗਮ ਹੇਠਾਂ ਸੋਗਡੋਈ ਅਤੇ ਮੁਸ਼ਕ ਇਲਾਕੇ ਜਿੱਤੇ। ਭਾਰਤ ਵਿੱਚ ਉਹਦਾ ਆਖਰੀ ਪੜਾਅ ਪਾਤਲਿਨੀ ਸੀ ਜਿੱਥੇ ਉਹ 325 ਈ.ਪੂ. ਦੇ ਅੰਤ ’ਤੇ ਪਹੁੰਚਿਆ। ਸਿੰਧ ਦਰਿਆ ਨੇ ਇੱਥੇ ਡੈਲਟਾ ਬਣਾ ਕੇ ਧਰਤੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇਹਦੀ ਰਾਜਧਾਨੀ ਪਾਤਲ ਸੀ ਜਿਸਦਾ ਸੰਸਕ੍ਰਿਤ ਵਿੱਚ ਅਰਥ ਪੋਤਲ ਜਾਂ ਬੰਦਰਗਾਹ ਹੈ।
ਵਾਪਸੀ ਵੇਲੇ ਸੂਸਾ ਵਿਖੇ ਉਹਦੀਆਂ ਦੋਵੇਂ ਫੌਜਾਂ ਇਕੱਠੀਆਂ ਹੋ ਗਈਆਂ। ਤਖਸ਼ਿਲਾ ਵਿੱਚ ਉਹਦਾ ਸਾਹਮਣਾ ਕੁਝ ਨਾਂਗੇ ਦੰਦਾਮੀਸ ਸਾਧੂਆਂ ਨਾਲ ਹੋਇਆ। ਉਨ੍ਹਾਂ ਸਿਕੰਦਰ ਨੂੰ ਮੱਤ ਦਿੱਤੀ ਕਿ ਕਿਸੇ ਚੀਜ਼ ਦੀ ਇੱਛਾ ਨਾ ਕਰ ਤਾਂ ਸਭ ਕੁਝ ਤੇਰਾ ਹੋ ਜਾਏਗਾ। ਚਾਹੁੰਦਿਆਂ ਹੋਇਆ ਵੀ ਉਹ ਅਜਿਹਾ ਨਾ ਕਰ ਸਕਿਆ ਕਿਉਂਕਿ ਉਹਦੇ ਨਾਲ ਵੱਡੀਆਂ ਫੌਜਾਂ ਸਨ।
ਰਾਹ ਵਿੱਚ ਸਿਕੰਦਰ ਬਿਮਾਰ ਹੋ ਗਿਆ। ਉਹਦੇ ਬਾਰੇ ਇੱਕ ਦੰਤਕਥਾ ਮਸ਼ਹੂਰ ਹੈ ਕਿ ਕਿਸੇ ਫਕੀਰ ਨੇ ਭਵਿੱਖ ਬਾਣੀ ਕੀਤੀ ਸੀ ਕਿ ਹੇ ਬਾਦਸ਼ਾਹ, ਜਦੋਂ ਤੂੰ ਮਰੇਂਗਾ ਤਾਂ ਤੇਰੇ ਥੱਲੇ ਤਪਦੀ ਧਰਤੀ ਤੇ ਉੱਪਰ ਤਪਦਾ ਸੂਰਜ ਹੋਵੇਗਾ। ਕਹਿੰਦੇ ਹਨ ਕਿ ਉਹ ਥਲ ਵਿੱਚ ਬਿਮਾਰ ਹੋਇਆ ਤਪਦੀ ਰੇਤ ’ਤੇ ਪਿਆ ਸੀ ਤੇ ਉੱਪਰ ਸੂਰਜ ਚਮਕ ਰਿਹਾ ਸੀ ਜਦੋਂ ਉਹਦੇ ਪ੍ਰਾਣ ਨਿਕਲੇ। ਵਿਸ਼ਵ ਏਕਤਾ ਦਾ ਸੁਪਨਾ ਲੈਣ ਵਾਲਾ ਮਕਦੂਨੀਆ ਦਾ ਇਹ ਸਿਕੰਦਰੀ ਸੂਰਜ ਈ.ਪੂ. 323 ਦੇ ਜੂਨ ਮਹੀਨੇ ਵਿੱਚ ਅਸਤ ਹੋ ਗਿਆ। ਸੰਸਾਰ ਦੇ ਵਿਸ਼ਾਲ ਅਕਾਸ਼ ’ਤੇ ਆਪਣੀ ਦ੍ਰਿੜ੍ਹ ਇੱਛਾ, ਗੌਰਵ ਤੇ ਆਤਮ ਬਲ ਨਾਲ ਉਹ 33 ਵਰ੍ਹੇ ਚਮਕਿਆ। ਉਹਨੇ 12 ਸਾਲ ਤੇ 8 ਮਹੀਨੇ ਰਾਜ ਕੀਤਾ ਜਦ ਕਿ ਬਾਕੀ ਸਮਾਂ ਦੁਨੀਆ ਨੂੰ ਜਿੱਤਦਿਆਂ ਬਿਤਾਇਆ।
ਕਿਹਾ ਜਾਂਦਾ ਹੈ ਕਿ ਉਹਦੇ ਅੰਦਰ ਦੁਨੀਆ ਨੂੰ ਜਿਤਣ ਦਾ ਸੁਪਨਾ ਉਹਦੇ ਗੁਰੂ ਅਰਸਤੂ ਨੇ ਬੀਜਿਆ ਸੀ। ਉਹਨੇ ਸਾਰੀ ਉਮਰ ਉਸ ਸੁਪਨੇ ਦੀ ਪੂਰਤੀ ਹਿਤ ਲਾ ਦਿੱਤੀ। ਉਹਦੇ ਵਿਅਕਤਿਤਵ ਦਾ ਵੱਡਾ ਗੁਣ ਨਿਆਂ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਉਹਦੀ ਫੌਜ ਦੇ ਕੁਝ ਅਫਸਰਾਂ ਨੇ ਲੁੱਟ ਮਾਰ ਕਰਕੇ ਭ੍ਰਸ਼ਟ ਤਰੀਕਿਆਂ ਨਾਲ ਲੋਕਾਂ ਨੂੰ ਦੁੱਖ ਦਿੱਤਾ ਹੈ ਤਾਂ ਉਹਨੇ ਆਪ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ। ਮੁਆਫ ਕਰ ਦੇਣ ਦਾ ਉਸ ਵਿੱਚ ਵੱਡਾ ਗੁਣ ਸੀ। ਉਹ ਮਹਾਨ ਇਸ ਕਰਕੇ ਸੀ ਕਿ ਉਹਦਾ ਗੁਰੂ ਮਹਾਨ ਸੀ ਤੇ ਉਹਨੇ ਉਹਨੂੰ ਵਿਸ਼ਵ ਜੇਤੂ ਹੋਣ ਦਾ ਅਸ਼ੀਰਵਾਦ ਦਿੱਤਾ ਸੀ। ਉਨ੍ਹਾਂ ਸਮਿਆਂ ਵਿੱਚ ਦੁਨੀਆ ਨੂੰ ਜਿਤਣ ਦਾ ਸੁਪਨਾ ਇੱਕ ਅੱਲੋਕਾਰੀ ਚਮਤਕਾਰ ਸੀ ਤੇ ਮਨੁੱਖੀ ਇਤਿਹਾਸ ਵਿੱਚ ਅਜਿਹੀ ਸੋਚ ਨੇ ਹੀ ਸਿਕੰਦਰ ਨੂੰ ਮਹਾਨ ਤੇ ਸ਼ਾਹ ਆਲਮ ਬਣਾਇਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2251)
(ਸਰੋਕਾਰ ਨਾਲ ਸੰਪਰਕ ਲਈ: