ParamjitSDhingra7ਉਹ ਜ਼ਿੰਦਗੀ ਨੂੰ ਆਪਣੇ ਬਣਾਏ ਅਸੂਲਾਂ ਨਾਲ ਜੀਵਿਆ ...
(ਦਸੰਬਰ 14, 2015)

 

BawaBawant1ਜਿਨ੍ਹਾਂ ਦੇ ਅੰਤਰਮਨ ਵਿਚ ਸ਼ਬਦਾਂ ਦੇ ਦੀਵੇ ਬਲਦੇ ਹੋਣ ਉਹ ਬਾਹਰੀ ਦੁਨੀਆ ਤੋਂ ਵਿੱਥ ਥਾਪ ਕੇ ਚਲਦੇ ਹਨ। ਉਨ੍ਹਾਂ ਦੇ ਅੰਦਰ ਤਾਂ ਸ਼ਬਦਾਂ ਦੀ ਆਰਤੀ ਸਦਾ ਗੂੰਜਦੀ ਰਹਿੰਦੀ ਹੈ। ਯੁੱਗਾਂ ਦੇ ਲੰਬੇ ਪੈਂਡੇ ਉਨ੍ਹਾਂ ਲਈ ਚਮਕਦੀਆਂ ਅਕਾਸ਼ ਗੰਗਾ ਹੁੰਦੀਆਂ ਹਨ। ਸ਼ਬਦ ਅਤੇ ਸੰਗੀਤ ਵਿਚ ਰਮੇ ਅਜਿਹੇ ਜਿਊੜੇ ਨਿਰਾਲੀ ਚਾਲ ਵਾਲੇ ਹੁੰਦੇ ਹਨ। ਉਨ੍ਹਾਂ ਨੂੰ ਸਮਝਣਾ ਅਸਲ ਵਿਚ ਸ਼ਬਦ ਦੇ ਧੁਰ ਅੰਦਰ ਯਾਤਰਾ ਕਰਨ ਦੇ ਬਰਾਬਰ ਹੁੰਦਾ ਹੈ। ਪੰਜਾਬੀ ਵਿਚ ਅਜਿਹਾ ਕਰਮਯੋਗੀ ਸੀ - ਬਾਵਾ ਬਲਵੰਤ। ਉਹ ਜ਼ਿੰਦਗੀ ਨੂੰ ਆਪਣੇ ਬਣਾਏ ਅਸੂਲਾਂ ਨਾਲ ਜੀਵਿਆ। ਨਾ ਉਹਨੇ ਦੁਨੀਆ ਦੀ ਪਰਵਾਹ ਕੀਤੀ ਅਤੇ ਨਾ ਦੁਨੀਆਦਾਰਾਂ ਦੀ। ਏਸੇ ਕਰਕੇ ਉਹ ਕਹਿੰਦਾ ਹੈ:

ਨਹੀਂ ਮੌਤ ਨੇ ਜਦ ਇਕ ਪਲ ਵੀ ਦੇਣਾ
ਤਾਂ ਇਕ ਪਲ ਵੀ ਆਪਣਾ ਹੈ ਕਿਉਂ ਮੌਤ ਕਰਨਾ?

ਬਾਵਾ ਜੀ ਦਾ ਜਨਮ 1915 ਵਿਚ ਠਾਕੁਰ ਦੀਨਾ ਨਾਥ ਦੇ ਘਰ ਪਿੰਡ ਨੇਸ਼ਟਾ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਬਾਵਾ ਜੀ ਦੇ ਬਚਪਨ ਵਿਚ ਹੀ ਉਨ੍ਹਾਂ ਦੇ ਪਿਤਾ ਵੈਦਗੀ ਦਾ ਧੰਦਾ ਕਰਨ ਲਈ ਅੰਮ੍ਰਿਤਸਰ ਆ ਗਏ। ਇੱਥੇ ਉਨ੍ਹਾਂ ਨੇ ਸ਼ਾਹੀ ਵੈਦਿਕ ਸ਼ਫ਼ਾਖਾਨਾ ਪੰਜਾਬਨਾਂ ਹੇਠ ਹਿਕਮਤ ਸ਼ੁਰੂ ਕੀਤੀ। ਬਾਅਦ ਵਿਚ ਅੰਮ੍ਰਿਤਸਰ ਦੇ ਅੰਦਰੂਨੀ ਬਜ਼ਾਰ ਹੀ ਬਾਵਾ ਜੀ ਦੀ ਕਰਮ ਭੂਮੀ ਬਣੇ।

ਉਨ੍ਹਾਂ ਦੇ ਭਰਾ ਹਰਬੰਸ ਲਾਲ ਤੂਫਾਨ ਨੇ ਉਨ੍ਹਾਂ ਦੇ ਜਨਮ ਬਾਰੇ ਦੱਸਿਆ ਹੈ ਕਿ ਬਾਵਾ ਜੀ ਦਾ ਜਨਮ ਮੰਗਲਵਾਰ ਵਾਲੇ ਦਿਨ ਹੋਣ ਕਰਕੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦਾ ਨਾਂ ਦੀਵਾਨ ਮੰਗਲ ਸੈਨ ਰੱਖਿਆ। ਬਾਵਾ ਜੀ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਭਰਾ ਬਾਲ ਵਰੇਸ ਵਿਚ ਹੀ ਦੁਨੀਆ ਤੋਂ ਕੂਚ ਕਰ ਗਏ। ਧਾਰਮਕ ਵਿਸ਼ਵਾਸ ਅਤੇ ਲੋਕ ਮਾਨਤਾ ਅਨੁਸਾਰ ਉਨ੍ਹਾਂ ਨੂੰ ਜੰਮਦਿਆਂ ਹੀ ਰੂੜੀ ਦੇ ਢੇਰ ਤੇ ਸੁੱਟ ਦਿੱਤਾ ਗਿਆ। ਇਸ ਦਾ ਸੰਕੇਤਕ ਅਰਥ ਇਹ ਸੀ ਕਿ ਉਹ ਉਨ੍ਹਾਂ ਦੇ ਪਿਤਾ ਦੇ ਘਰ ਨਹੀਂ ਜੰਮਿਆ ਸਗੋਂ ਉਹ ਉਹਨੂੰ ਰੂੜੀ ਤੋਂ ਚੁੱਕ ਕੇ ਲਿਆਏ ਹਨ। ਇਸੇ ਕਰਕੇ ਉਨ੍ਹਾਂ ਦਾ ਨਾਂ ਵੀ ਰੂੜਾ ਮੱਲ ਰੱਖ ਦਿੱਤਾ। ਲੋਕ ਵਿਸ਼ਵਾਸ ਅਨੁਸਾਰ ਬਾਰਾਂ ਵਰ੍ਹਿਆਂ ਤੱਕ ਉਨ੍ਹਾਂ ਦੇ ਮੁੰਡਨ ਵੀ ਨਾ ਕੀਤੇ ਤਾਂ ਜੋ ਇਹ ਬਾਲਕ ਜੀਂਦਾ ਰਹੇ। ਉਨ੍ਹਾਂ ਦੇ ਵਾਲਾਂ ਦੀਆਂ ਜਟੂਰੀਆਂ ਬਣ ਗਈਆਂ ਤੇ ਲੋਕ ਅਕਸਰ ਇਸ ਬਾਲਕ ਨੂੰ ਬਾਵਾ ਕਹਿਣ ਲੱਗ ਪਏ।

ਬਾਵਾ ਜੀ ਅੰਦਰ ਇਕ ਕਵੀ/ਕਲਾਕਾਰ ਬੈਠਾ ਸੀ। ਜਦੋਂ ਉਹਨੇ ਸਿਰ ਚੁੱਕਿਆ ਤਾਂ ਉਨ੍ਹਾਂ ਨੂੰ ਰੂੜਾ ਮੱਲ ਨਾਂ ਸੁਹਜ ਸੁਆਦ ਤੋਂ ਸੱਖਣਾ ਜਾਪਿਆ ਤੇ ਉਨ੍ਹਾਂ ਨੇ ਆਪਣਾ ਨਾਂ ਬਲਵੰਤ ਰਾਏ ਸ਼ਰਮਾਰੱਖ ਲਿਆ ਪਰ ਸਾਹਿਤਕ ਹਲਕਿਆਂ ਵਿਚ ਉਹ ਬਾਵਾ ਬਲਵੰਤ ਵਜੋਂ ਹੀ ਜਾਣੇ ਗਏ। ਪੰਜਾਬੀ ਸਾਹਿਤ ਵਿਚ ਬਾਵਾ ਬਲਵੰਤ ਦਾ ਰੂਪ ਇਕ ਜੋਗੀ ਵਾਲਾ ਹੈ ਤੇ ਇਸਦੇ ਉਲਟ ਬਲਵੰਤ ਗਾਰਗੀ ਦਾ ਰੂਪ ਭੋਗੀ ਵਾਲਾ ਹੈ। ਇਹ ਦੋਵੇਂ ਬਲਵੰਤ ਪੰਜਾਬੀ ਸਾਹਿਤ ਦੇ ਧਰੂ ਤਾਰੇ ਹਨ।

ਉਨ੍ਹਾਂ ਸਮਿਆਂ ਵਿਚ ਮੁੱਢਲੀ ਸਿੱਖਿਆ ਘਰੇ ਦੇਣ ਦਾ ਰਿਵਾਜ ਸੀ। ਓਸੇ ਪਰੰਪਰਾ ਤੇ ਚਲਦਿਆਂ ਬਾਵਾ ਜੀ ਨੇ ਮੁੱਢਲੀ ਸਿੱਖਿਆ ਘਰੇ ਹੀ ਪ੍ਰਾਪਤ ਕੀਤੀ। ਉਰਦੂ ਉਸ ਵੇਲੇ ਦੀ ਸਿੱਖਿਆ ਦੀ ਜ਼ਬਾਨ ਸੀ। ਫਾਰਸੀ ਸ਼ਾਹੀ ਜ਼ਬਾਨ ਸੀ ਤੇ ਹਿੰਦੂ ਘਰਾਂ ਵਿਚ ਹਿੰਦੀ ਧਰਮ ਦੀ ਜ਼ਬਾਨ ਸੀ। ਬਾਵਾ ਜੀ ਨੇ ਵੀ ਇਹ ਜ਼ਬਾਨਾਂ ਸਿੱਖੀਆਂ। ਪਰ ਉਨ੍ਹਾਂ ਨੂੰ ਅੰਗਰੇਜ਼ੀ ਤਰਜ਼ ਵਾਲੇ ਸਕੂਲਾਂ ਵਿਚ ਜਾਣ ਦਾ ਮੌਕਾ ਨਹੀਂ ਮਿਲਿਆ, ਨਹੀਂ ਤਾਂ ਉਹ ਅੰਗਰੇਜ਼ੀ ਜ਼ਬਾਨ ਵੀ ਸਿੱਖ ਲੈਂਦੇ। ਪੰਜਾਬੀ ਜ਼ਬਾਨ ਉਨ੍ਹਾਂ ਅੰਦਰਲੇ ਕਵੀ ਦੀ ਜ਼ਬਾਨ ਸੀ ਤੇ ਉਨ੍ਹਾਂ ਨੇ ਕਵਿਤਾ ਰਾਹੀਂ ਇਸ ਜ਼ਬਾਨ ਨੂੰ ਵੱਖਰੀ ਕਿਸਮ ਦਾ ਸੁਹਜ-ਬੋਧ ਅਤੇ ਕਾਵ-ਫਲਸਫਾ ਬਖਸ਼ਿਆ।

ਬਚਪਨ ਵਿਚ ਬਾਵਾ ਜੀ ਅਲਬੇਲੇ ਸੁਭਾਅ ਵਾਲੇ ਸਨ। ਦੁਨੀਆ ਨੂੰ ਦੇਖਣ/ਘੋਖਣ ਦਾ ਉਨ੍ਹਾਂ ਦਾ ਨਜ਼ਰੀਆ ਬਿਲਕੁਲ ਵੱਖਰਾ ਸੀ। ਰੋਜ਼ੀ ਰੋਟੀ ਲਈ ਉਨ੍ਹਾਂ ਨੇ ਕਈ ਪਾਪੜ ਵੇਲੇ ਪਰ ਕਿਸੇ ਦੀ ਹੈਂਕੜ ਨਹੀਂ ਮੰਨੀ। ਉਹ ਅੰਦਰੋਂ ਨਿਡਰਤਾ ਦੇ ਮਾਲਕ ਸਨ, ਏਸੇ ਕਰਕੇ ਉਨ੍ਹਾਂ ਨੇ ਸਰਕਾਰਾਂ, ਧਰਮਾਂ, ਸਮਾਜ ਅਤੇ ਫੋਕੇ ਚੌਧਰੀਆਂ ਦੀ ਟੈਂ ਨਹੀਂ ਮੰਨੀ, ਸਗੋਂ ਲੋਹੇ ਦੀ ਲੱਠ ਬਣੇ ਰਹੇ। ਉਨ੍ਹਾਂ ਨੇ ਮੁਨੀਮੀ ਵੀ ਕੀਤੀ। ਉਸ ਸਮੇਂ ਆਮ ਕਰਕੇ ਹਿੰਦੂ ਭਾਈਚਾਰੇ ਵਿਚ ਮੁਨੀਮ ਬਣਨ ਦਾ ਰਿਵਾਜ ਸੀ ਤੇ ਆਮ ਮੱਧਵਰਗੀ ਪਰਿਵਾਰਾਂ ਦੇ ਬੱਚੇ ਇਸ ਕਸਬ ਵਿਚ ਬੜੇ ਪਰਬੀਨ ਹੋ ਜਾਂਦੇ ਸਨ। ਪਰ ਬਾਵਾ ਜੀ ਨੂੰ ਹਿਸਾਬ ਕਿਤਾਬ ਮੰਜ਼ੂਰ ਨਹੀਂ ਸੀ। ਉਨ੍ਹਾਂ ਨੇ ਗੱਤੇ ਦੇ ਡੱਬੇ ਬਣਾਏ, ਲਿਫਾਫੇ ਬਣਾਏ, ਸੂਤ ਰੰਗਣ ਦਾ ਕੰਮ ਕੀਤਾ, ਖੱਦਰ ਦੀਆਂ ਟੋਪੀਆਂ ਸੀਤੀਆਂ ਤੇ ਅੰਤ ਕੱਪੜੇ ਠੇਕਣ ਦਾ ਕੰਮ ਕੀਤਾ। ਇਸ ਕੰਮ ਦੀ ਉਨ੍ਹਾਂ ਸਮਿਆਂ ਵਿਚ ਕਾਫੀ ਮੰਗ ਸੀ। ਪਰ ਬਾਵਾ ਜੀ ਦੇ ਸਾਹਾਂ ਵਿਚ ਕਵਿਤਾ ਘੁਲੀ ਹੋਈ ਸੀ, ਅੱਖਾਂ ਵਿਚ ਸੁਪਨੇ ਸਨ, ਹੱਥ ਵਿਚ ਕਲਮ ਸੀ, ਸੋਚਾਂ ਵਿਚ ਬਗਾਵਤ ਸੀ। ਦੁਨੀਆਂ ਦੇ ਕੰਮ ਧੰਦੇ ਅਜਿਹੇ ਬੰਦਿਆਂ ਲਈ ਹੇਚ ਹਨ।

ਉਨ੍ਹਾਂ ਦੀ ਬਾਹਰੀ ਦਿੱਖ ਦਾ ਵਰਣਨ ਕਰਦਿਆਂ ਡਾ. ਕੁਲਬੀਰ ਸਿੰਘ ਕਾਂਗ ਨੇ ਲਿਖਿਆ ਹੈ:

ਬਾਵਾ ਜੀ ਕਿਸੇ ਐਤਵਰ ਜਾਂ ਛੁੱਟੀ ਵਾਲੇ ਦਿਨ ਆ ਜਾਂਦੇ। ਉਹ ਦਿਨ ਉਨ੍ਹਾਂ ਦੀ ਕਲਾਸੀਕਲ ਸੰਗਤ ਵਿਚ ਗੁਜ਼ਰਦਾ। ਚੰਗਾ ਗੱਠਵਾਂ ਸਰੀਰ, ਪਿਛਾਂਹ ਵਲ ਵਾਹੇ ਹੋਏ ਵਾਲ, ਖੱਦਰ ਦਾ ਕੁੜਤਾ ਪਜਾਮਾ, ਖੱਬੇ ਹੱਥ ਖੱਦਰ ਦਾ ਥੈਲਾ, ਗਰਮੀਆਂ ਵਿਚ ਛੱਤਰੀ, ਥੈਲੇ ਵਿਚ ਨਿੰਬੂ, ਲੂਣ ਦੀ ਪੁੜੀ, ਛੋਟਾ ਚਾਕੂ, ਕਦੀ ਕਦੀ ਕੋਈ ਚੂਰਨ ਜਾਂ ਦਵਾਈ ਵੀ ਹੁੰਦੀ। ਸਿਆਲਾਂ ਵਿਚ ਨਹਿਰੂ ਵਾਸਕਟ ਪਾਈ ਹੁੰਦੀ।

ਚੜ੍ਹਦੀ ਜਵਾਨੀ ਵਿਚ ਇਸ਼ਕ ਅੰਦਰੋਂ ਹਿਲੋਰੇ ਮਾਰਦਾ ਹੈ। ਕਵੀਆਂ ਲਈ ਇਸ਼ਕ ਪ੍ਰੇਰਨਾ ਸ੍ਰੋਤ ਹੁੰਦਾ ਹੈ। ਇਸ਼ਕ ਵੱਡੇ ਵੱਡੇ ਜਨਾਂ ਨੂੰ ਲਪੇਟੇ ਵਿਚ ਲੈ ਕੇ ਜਾਂ ਤਾਂ ਬਰਬਾਦ ਕਰ ਦੇਂਦਾ ਹੈ ਜਾਂ ਫਿਰ ਅਜਿਹੀਆਂ ਰਚਨਾਵਾਂ ਲਿਖਵਾ ਲੈਂਦਾ ਹੈ ਕਿ ਉਹ ਵਾਰਸ ਸ਼ਾਹ ਵਾਂਗ ਅਮਰ ਹੋ ਜਾਂਦੇ ਹਨ। ਬਾਵਾ ਜੀ ਨੂੰ ਇਸ ਇਕ ਤਰਫੇ ਇਸ਼ਕ ਨੇ ਨਾਗ ਵਲ ਵਾਂਗ ਵਲਾ ਲਿਆ।

ਚੜ੍ਹਦੀ ਉਮਰੇ ਰਾਮ ਲੀਲ੍ਹਾ ਵੇਖਣ ਗਏ ਬਾਵਾ ਜੀ ਇਸ਼ਕ ਵਿਚ ਘਿਰ ਗਏ। ਉਦੋਂ ਲੀਲ੍ਹਾ ਦੀ ਸਟੇਜ ਅੱਗੋਂ ਉੱਭਰਵੀਂ ਹੁੰਦੀ ਸੀ। ਦੇਖਣ ਵਾਲਿਆਂ ਲਈ ਅਰਧ ਗੋਲਾਕਾਰ ਦਾ ਪਿੜ ਹੁੰਦਾ ਸੀ। ਆਮ ਕਰਕੇ ਪਿੜ ਵਿਚ ਅਗਲੇ ਪਾਸੇ ਔਰਤਾਂ ਅਤੇ ਬੱਚੇ ਬੈਠਦੇ ਸਨ, ਪਿੱਛੇ ਮਰਦ ਅਤੇ ਮੁੰਡੇ ਬੈਠਦੇ ਸਨ। ਇਕ ਸ਼ਾਮ ਕੁੜੀਆਂ ਦੇ ਪਿੜ ਦੇ ਪਿੱਛੇ ਬਾਵਾ ਜੀ ਖੜ੍ਹੇ ਸਨ। ਉਨ੍ਹਾਂ ਦੀਆਂ ਨਜ਼ਰਾਂ ਇਕ ਕੁੜੀ ਨਾਲ ਮਿਲੀਆਂ ਤੇ ਇਹ ਅਮਰ ਗਾਥਾ ਬਣ ਗਈ। ਰਾਮ ਲੀਲ੍ਹਾ ਦੀ ਥਾਂ ਕ੍ਰਿਸ਼ਨਾ ਲੀਲ੍ਹਾ ਬਣ ਗਈ। ਉਹ ਯਾਦਗਾਰੀ ਘੜੀ ਸੀ, ਜਦੋਂ ਬਾਵਾ ਜੀ ਦੇ ਕੋਮਲ ਹਿਰਦੇ ਵਿਚ ਇਸ਼ਕ ਤਰੰਗਾਂ ਦੇ ਸੰਗੀਤ ਜਾਗ ਪਏ। ਕਵਿਤਾ ਦੀਆਂ ਆਬਸ਼ਾਰਾਂ ਆਪ ਮੁਹਾਰੀਆਂ ਹੋ ਕੇ ਗੀਤਾਂ ਦੇ ਮੁੱਖੜੇ ਬਣ ਗਈਆਂ।

ਅੰਮ੍ਰਿਤਸਰ ਦਾ ਬਜ਼ਾਰ ਮੁਨਿਆਰਾਂ; ਜਿਨ੍ਹਾਂ ਨੇ ਉਸ ਬਜ਼ਾਰ ਦੀ ਰੌਣਕ ਵੇਖੀ ਹੈ, ਉਹ ਚੇਤਿਆਂ ਵਿਚੋਂ ਕਦੇ ਨਹੀਂ ਗੁਆਚ ਸਕਦੀ। ਇਸ ਬਜ਼ਾਰ ਨੂੰ ਹੁਸਨ ਦਾ ਬਜ਼ਾਰ ਕਿਹਾ ਜਾਂਦਾ ਸੀ। ਇੱਥੇ ਔਰਤਾਂ ਦੇ ਦੰਦਾਸੇ, ਸੁਰਮੇ, ਸੁਰਖੀ ਤੋਂ ਲੈ ਕੇ ਉਨ੍ਹਾਂ ਦੀ ਹਰ ਚੀਜ਼ ਵਿਕਦੀ ਸੀ। ਭੀੜੇ ਬਜ਼ਾਰ ਤੇ ਗਲੀਆਂ ਵਿਚ ਧੂਫਾਂ, ਅਗਰਬੱਤੀਆਂ ਦੀ ਮਹਿਕ, ਹੁਸਨ ਦੀ ਮਹਿਕ, ਰੰਗਾਂ ਦੀਆਂ ਸਤਰੰਗੀਆਂ, ਦੁਕਾਨਾਂ ਦੇ ਬਾਹਰ ਲਟਕਦੇ ਸ਼ਿੰਗਾਰ ਪਰੁੱਚੇ ਪਰਾਂਦੇ/ਪਰਾਂਦੀਆਂ, ਸੁਹਾਗਣਾਂ ਦੇ ਚੂੜੇ, ਬੀੜੇ। ਇੰਜ ਜਾਪਦਾ ਸੀ ਜਿਵੇਂ ਇਹ ਕੋਈ ਇੰਦਰ ਦਾ ਅਖਾੜਾ ਹੋਵੇ। ਇਸ ਬਜ਼ਾਰ ਦੇ ਉੱਤੋਂ ਗੂੰਜਦੀ ਇਲਾਹੀ ਬਾਣੀ ਜਿਵੇਂ ਜ਼ਿੰਦਗੀ ਦੇ ਇਸ ਮੇਲੇ ਵਿਚ ਇਹ ਲੋਕ ਅਤੇ ਪਰਲੋਕ ਦੇ ਅਰਥ ਦੱਸ ਰਹੀ ਹੋਵੇ। ਇਸ ਬਜ਼ਾਰ ਦੀ ਪਿੱਠ ਨਾਲ ਅਕਾਲ ਤਖ਼ਤ ਲਗਦਾ ਸੀ। ਏਸੇ ਬਜ਼ਾਰ ਦੀ ਇਕ ਦੁਕਾਨ ਤੇ ਬਾਵਾ ਜੀ ਲੱਕੜ ਦੇ ਠੱਪਿਆਂ ਨਾਲ ਖੇਸ ਠੇਕ ਰਹੇ ਸਨ। ਉਦੋਂ ਕੁੜੀਆਂ ਚਿੜੀਆਂ ਰੁਮਾਲਾਂ ਤੇ ਛਾਪੇ ਪੁਆ ਕੇ ਆਪਣੇ ਸੁਪਨਿਆਂ ਦੇ ਰਾਜਕੁਮਾਰਾਂ ਦੇ ਨਾਂ ਕੱਢਦੀਆਂ। ਸੋਹਣੇ ਸੋਹਣੇ ਫੁੱਲ ਕੱਢਦੀਆਂ। ਸ਼ਰਮਾਂਦੀਆਂ ਵੀ ਤੇ ਵਿੱਚੋਂ ਹੁਸਨ/ਇਸ਼ਕ ਦੀਆਂ ਤਲਬਗਾਰ, ਹਵਾ ਵਿਚ ਉਡਦੀਆਂ ਫਿਰਦੀਆਂ। ਇੱਥੇ ਕ੍ਰਿਸ਼ਨਾ ਰੁਮਾਲਾਂ ਤੇ ਛਾਪੇ ਪੁਆਉਣ ਲਈ ਬਾਵਾ ਜੀ ਕੋਲ ਆਈ। ਬਾਵਾ ਜੀ ਮੰਤਰ ਮੁਗਧ। ਇਸ਼ਕ ਵਿਚ ਡੁੱਲੇ। ਬੜੇ ਉਮਾਹ ਅਤੇ ਚਾਅ ਨਾਲ ਰੁਮਾਲ ਰੱਖ ਲਏ ਅਤੇ ਕੱਲ੍ਹ ਆਉਣ ਲਈ ਕਿਹਾ। ਉਨ੍ਹਾਂ ਰੁਮਾਲਾਂ ਤੇ ਆਪਣਾ ਦਿਲ ਛਾਪ ਦਿੱਤਾ। ਇਹੋ ਜਿਹੇ ਪਲਾਂ ਦੀ ਉਮਰ ਥੋੜ੍ਹੀ ਹੁੰਦੀ ਹੈ। ਪਰ ਇਹ ਉਮਰ ਭਰ ਤੜਫਾਉਂਦੇ ਹਨ। ਅਗਲੇ ਦਿਨ ਕ੍ਰਿਸ਼ਨਾ ਰੁਮਾਲ ਲੈ ਗਈ। ਖਾਮੋਸ਼ੀ ਦਾ ਇਹ ਸਫਰ ਉਮਰਾਂ ਦਾ ਪੈਂਡਾ ਬਣ ਗਿਆ।

ਅਜਿਹੇ ਇਸ਼ਕ ਵਿਚ ਜਿਊਣ ਨਾਲੋਂ ਮਰਨ ਵਧੇਰੇ ਹੁੰਦਾ ਹੈ। ਇਕ ਦਿਨ ਕ੍ਰਿਸ਼ਨਾ ਦਾ ਵਿਆਹ ਹੋ ਗਿਆ। ਸੁਪਨਿਆਂ ਦੇ ਰਾਜਕੁਮਾਰ ਨਾਲੋਂ ਕੋਈ ਹੋਰ ਕੁਮਾਰ ਉਹਨੂੰ ਲੈ ਗਿਆ। ਇਹ ਪਲ ਬਾਵਾ ਜੀ ਦੀ ਕਾਵਿ ਅਨੁਭੂਤੀ ਵਿਚ ਢਲ ਗਏ:

ਮੈਂ ਮੁਹੱਬਤ ਉਸਨੂੰ ਕਰਦਾ ਹੀ ਰਿਹਾ
ਰੋਜ਼ ਜਿਊਂਦਾ ਰੋਜ਼ ਮਰਦਾ ਹੀ ਰਿਹਾ
ਊਸ਼ਾ ਮੇਰੀ ਨੂੰ ਨਫ਼ਰਤ ਹੀ ਰਹੀ
ਪ੍ਰੀਤ ਮੇਰੀ ਫੇਰ ਵੀ ਜੀਵਿਤ ਹੀ ਰਹੀ
ਹੇ ਮੁਹੱਬਤ! ਤੇਰੀ ਛੋਹ ਤੋਂ ਹੀ ਕਦੀ
ਆਦਮੀ ਬਣੇਗਾ ਪੂਰਨ ਆਦਮੀ
ਏਸੇ ਲਈ ਨਫਰਤ ਨੂੰ ਜਰਦਾ ਹੀ ਰਿਹਾ
ਮੈਂ ਮੁਹੱਬਤ ਉਸਨੂੰ ਕਰਦਾ ਹੀ ਰਿਹਾ

ਬਾਵਾ ਜੀ ਆਪਣੀ ਦੁਨੀਆ ਵਿਚ ਮਗਨ ਸਨ। ਅਚਾਨਕ ਕਿਸੇ ਨੇ ਖਾਮੋਸ਼ ਪਾਣੀਆਂ ਵਿਚ ਕੰਕਰ ਸੁੱਟਿਆ। ਪਾਣੀਆਂ ਦੀ ਹਿੱਕ ਤੇ ਲਹਿਰੀਏ ਉੱਠਣ ਲੱਗੇ। ਖਾਮੋਸ਼ ਪਾਣੀਆਂ ਵਿਚ ਹਰਕਤ ਪੈਦਾ ਹੋ ਗਈ। ਇਕ ਦਿਨ ਬਾਵਾ ਜੀ ਨੂੰ ਉਨ੍ਹਾਂ ਦੇ ਦੋਸਤ ਨੇ ਦੱਸਿਆ ਕਿ ਕ੍ਰਿਸ਼ਨਾ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਘੰਟਾ ਘਰ ਵਾਲੇ ਪਾਸਿਓਂ ਜਾ ਰਹੀ ਹੈ। ਬਾਵਾ ਜੀ ਗੁਰਦਵਾਰਾ ਥੜ੍ਹਾ ਸਾਹਿਬ ਦੀਆਂ ਪੌੜੀਆਂ ਵਲੋਂ ਨੰਗੇ ਪੈਰੀਂ ਭੱਜ ਨਿਕਲੇ ਤੇ ਉਸਦੇ ਘੰਟਾ ਘਰ ਪਹੁੰਚਣ ਤੋਂ ਪਹਿਲਾਂ ਹੀ ਓਥੇ ਜਾ ਖਲੋਤੇ। ਉਹਦਾ ਪਤੀ ਨਾਲ ਸੀ। ਕ੍ਰਿਸ਼ਨਾ ਨੇ ਬੇਸਬਰੇ ਪ੍ਰੇਮੀ ਵੱਲ ਵੇਖ ਕੇ ਅੱਖਾਂ ਪਰੇ ਕਰ ਲਈਆਂ। ਉਹਦੀ ਸੀਮਾ, ਉਹਦਾ ਬੰਧਨ ਨਾਲ ਸੀ। ਉਸਨੇ ਓਥੋਂ ਸ਼ਾਲਾਂ ਵਾਲੇ ਬਜ਼ਾਰ ਵਿੱਚੋਂ ਲੰਘ ਕੇ ਕਟੜਾ ਆਹਲੂਵਾਲੀਆ ਪਹੁੰਚਣਾ ਸੀ। ਬਾਵਾ ਜੀ ਗਲੀਆਂ ਵਿੱਚੋਂ ਹੁੰਦੇ ਨੰਗੇ ਪੈਰੀਂ ਓਥੇ ਪਹਿਲਾ ਹੀ ਜਾ ਖਲੋਤੇ। ਕ੍ਰਿਸ਼ਨਾ ਦੀਆਂ ਨਜ਼ਰਾਂ ਫਿਰ ਸੀਮਾ ਦੀ ਵਲਗਣ ਵਿਚ ਵਲੀਆਂ ਗਈਆਂ। ਬਾਵਾ ਜੀ ਫੇਰ ਪਹਿਲਾਂ ਹੀ ਗੁਰਦੁਆਰਾ ਸਾਰਾਗੜ੍ਹੀ ਦੇ ਨੇੜੇ ਮਲਕਾ ਦੇ ਬੁੱਤ ਕੋਲ ਜਾ ਖਲੋਤੇ। ਕ੍ਰਿਸ਼ਨਾ ਓਵੇਂ ਹੀ ਜਿਵੇਂ ਸਰਾਪੀ ਅਹਿਲਿਆ ਹੋਵੇ। ਰਾਮ ਦੀ ਛੋਹ ਤੋਂ ਡਰਦੀ ਹੋਵੇ। ਫਿਰ ਉਹ ਬਿਜਲੀ ਵਾਲੇ ਚੌਂਕ ਤੋਂ ਹੁੰਦੇ ਹੋਏ ਅੰਤ ਰਾਮ ਬਾਗ ਜਾ ਪਹੁੰਚੇ। ਹੁਣ ਸਿੱਲ ਪੱਥਰ ਅਹਿਲਿਆ ਵਿਚ ਹਰਕਤ ਹੋਈ ਤੇ ਉਸਨੇ ਡੂੰਘੀ ਨਜ਼ਰ ਨਾਲ ਆਪਣੇ ਖਾਮੋਸ਼ ਪ੍ਰੇਮੀ ਵਲ ਵੇਖਿਆ ਤੇ ਉਹਦੀਆਂ ਅੱਖਾਂ ਵਿਚ ਇਕ ਤਰਲਾ ਸੀ ਕਿ ਹੁਣ ਬਹੁਤ ਹੋ ਗਈ ਹੈ। ਸਮਾਜ ਦੀਆਂ ਕੰਧਾਂ ਉਹ ਉਲੰਘ ਨਹੀਂ ਸਕਦੀ। ਭਲਾ ਏਸੇ ਵਿਚ ਹੈ ਕਿ ਆਪਣੇ ਆਪਣੇ ਰਾਹਾਂ ਦੇ ਹਮਸਫਰ ਬਣੇ ਰਹੀਏ। ਸ਼ਾਇਦ ਇਹੀ ਸਾਡੀ ਹੋਣੀ ਹੈ। ਕ੍ਰਿਸ਼ਨਾ ਦੇ ਆਉਣ ਤੇਵਿਚ ਕਵੀ ਲਿਖਦਾ ਹੈ:

ਤੂੰ ਜਦ ਆਈ ਇਸ ਵਾਰ,
ਮੇਰੇ ਸੁੰਨ ਦੀਪ ਵਿਚ ਆਈ
ਰਹਿਮਤ ਭਰੀ ਬਹਾਰ-
   ਤੂੰ ਜਦ ਆਈ ਇਸ ਵਾਰ
ਅੱਤ ਗਰਮੀ ਵਿਚ ਜਿਵੇਂ ਅਚਾਨਕ
ਆਏ ਮਧੁਰ ਸਮੀਰ
ਜਿਉਂ ਤੈਮੂਰ ਦੇ ਸੁਪਨੇ ਅੰਦਰ
ਜਾਗ ਪਈ ਤਕਦੀਰ
ਮੌਨ ਪਏ ਮੇਰੇ ਦਿਲ ਕਾਰਨ
ਜੀਵਨ-ਅਹਿਲਿਆ-ਸਿਲ ਕਾਰਨ
ਲੈ ਕੇ ਮੁਕਤੀ-ਛੁਹ ਪੈਰਾਂ ਵਿਚ
ਆਏ ਰਾਮ ਅਵਤਾਰ
   ਤੂੰ ਇੰਜ ਆਈ ਇਸ ਵਾਰ

ਜ਼ਿੰਦਗੀ ਦੇ ਜਵਾਨ ਪੜਾ ’ਤੇ ਬਾਵਾ ਜੀ ਦਾ ਵਿਆਹ ਵੀ ਹੋਇਆ। ਪਰ ਇਹ ਵਿਆਹ ਤਾਂ ਇਕ ਤਰ੍ਹਾਂ ਦੀ ਠੱਗੀ ਸੀ। ਉਸ ਸਮੇਂ ਕੁੜੀਆਂ ਮੁੰਡਿਆਂ ਦੀ ਆਪਸ ਵਿਚ ਵੇਖਾ ਵਿਖਾਈ ਜਾਂ ਗੱਲਬਾਤ ਨਹੀਂ ਸੀ ਹੁੰਦੀ। ਮਾਪੇ ਖੁਦ ਹੀ ਵਰ ਲੱਭਦੇ ਤੇ ਢੁਕਾ ਹੋ ਜਾਂਦੇ। ਮਾਪਿਆਂ ਦੇ ਸਹੇੜ ਜ਼ਿੰਦਗੀਆਂ ਗਾਲ ਦੇਂਦੇ ਤੇ ਪੁਰਾਣੇ ਰਿਸ਼ਤੇ ਨਵੇਂ ਰਿਸ਼ਤਿਆਂ ਵਿਚ ਬਦਲ ਅੱਗੋਂ ਨਵੇਂ ਰਿਸ਼ਤਿਆਂ ਨੂੰ ਜਨਮ ਦੇ, ਆਪਣੇ ਅਰਮਾਨਾਂ ਤੇ ਚਾਵਾਂ ਨੂੰ ਚੁੱਲ੍ਹੇ ਦੀ ਠੰਢੀ ਰਾਖ ਵਾਂਗ ਸਹਿ ਲੈਂਦੇ। ਉਸ ਮੌਕੇ ਦੀ ਪਰੰਪਰਾ ਅਨੁਸਾਰ ਬਾਵਾ ਜੀ ਲਈ ਕੁੜੀ ਛੋਟੇ ਭਰਾ ਨੂੰ ਵਿਖਾਈ ਗਈ। ਸਿਹਰੇ ਬੰਨ੍ਹੇ ਗਏ, ਵਾਜੇ ਵੱਜੇ, ਜਾਝੀਆਂ ਮਾਂਝੀਆਂ ਅਨੰਦ ਮਾਣਿਆ। ਰੀਤੀ ਰਿਵਾਜ ਪੂਰੇ ਗਏ। ਚਾਵਾਂ ਨਾਲ ਡੋਲੀ ਘਰ ਆਈ। ਪਾਣੀ ਵਾਰਿਆ ਗਿਆ। ਪਰ ਠੱਗ ਜ਼ਮਾਨਾ ਠੱਗੀ ਚਾਲ ਚੱਲ ਗਿਆ। ਉਨ੍ਹਾਂ ਜ਼ਮਾਨਿਆਂ ਵਿਚ ਅਕਸਰ ਇੰਜ ਹੁੰਦਾ ਸੀ ਕਿ ਕੁੜੀ ਦਿਖਾਈ ਕੋਈ ਹੋਰ ਜਾਂਦੀ ਤੇ ਨਰੜ ਕੋਈ ਹੋਰ ਦਿੱਤੀ ਜਾਂਦੀ। ਬਾਵਾ ਜੀ ਨਾਲ ਵੀ ਇਹ ਭਾਣਾ ਵਾਪਰਿਆ। ਛੋਟੇ ਭਰਾ ਨੇ ਦੱਸਿਆ ਕਿ ਜਿਹੜੀ ਕੁੜੀ ਦਿਖਾਈ ਗਈ ਸੀ, ਉਸਦੀ ਥਾਂ ਤੋਰ ਕੋਈ ਹੋਰ ਦਿੱਤੀ ਗਈ ਹੈ। ਬਾਵਾ ਜੀ ਨੂੰ ਇਹ ਠੱਗੀ ਮੰਜ਼ੂਰ ਨਹੀਂ ਸੀ। ਉਹ ਘਰੋਂ ਭੱਜ ਕੇ ਕਿਤੇ ਜਾ ਲੁਕੇ। ਬਿਰਾਦਰੀ ਦਾ ਦਬਾ ਪਿਆ ਤੇ ਅੰਤ ਸਮਝੌਤਾ ਹੋਇਆ। ਉਸ ਕੁੜੀ ਤੋਂ ਖਹਿੜਾ ਛੁੱਟਿਆ। ਮੁੜ ਬਾਵਾ ਜੀ ਇਸ ਝਮੇਲੇ ਵਿਚ ਪਏ ਹੀ ਨਹੀਂ। ਉਨ੍ਹਾਂ ਜ਼ਿੰਦਗੀ ਨੂੰ ਆਪਣੇ ਨੇਮ ਵਾਂਗ ਗੁਜ਼ਾਰਨ ਦਾ ਫੈਸਲਾ ਕਰ ਲਿਆ। ਸੋਹਣੀ ਸਿੰਧਣ ਕ੍ਰਿਸ਼ਨਾ ਦੇ ਸੱਚੇ ਸੁੱਚੇ ਕਾਮਲ ਇਸ਼ਕ ਅੱਗੇ ਇਹ ਠੱਗੀ ਤਾਂ ਘਿਨਾਉਣੀ ਹਰਕਤ ਸੀ, ਜੋ ਬਾਵੇ ਦੇ ਮੇਚ ਦੀ ਨਹੀਂ ਸੀ। ਏਸੇ ਕਰਕੇ ਉਹ ਲਿਖਦੇ ਹਨ:

ਇਕ ਤੀਰ ਸੀ ਜੋ ਮੇਰੇ ਕਲੇਜੇ ਨੂੰ ਠੀਕ ਸੀ
ਸਾਗਰ ਮੁਸੀਬਤਾਂ ਦਾ ਪਰ ਇਕ ਮੇਰੀ ਡੀਕ ਸੀ,
ਤੂੰ ਕਿਸ ਲਈ ਨਾ ਤੀਰ ਚਲਾਇਆ ਵਜੂਦ ਤੇ
ਅਗਨੀ ਦਾ ਨਾਚ ਠੀਕ ਸੀ ਮੇਰੇ ਜਮੂਦ ਤੇ
ਕਾਂਬਾ ਕੀ ਛਿੜ ਗਿਆ ਮੇਰੀ ਗਰਦਨ ਮਰੋੜ ਕੇ
ਕੀ ਹੱਥ ਆਇਆ ਸੀਨੇ ਚੋਂ ਤਲਵਾਰ ਮੋੜ ਕੇ
ਜ਼ਖ਼ਮਾਂ ਦੇ ਤਾਰਿਆਂ ਤੇ ਮੇਰੇ ਸਭ ਨੂੰ ਮਾਣ ਹੈ
ਦਰਦਾਂ ਦਾ ਤੇਜ਼ ਹੀ ਮੇਰੇ ਸੂਰਜ ਦੀ ਸ਼ਾਨ ਹੈ।

ਬਾਵਾ ਜੀ ਦੇ ਪਰਮ ਮਿੱਤਰ ਕਵੀ ਸੁਮੇਰ ਨੇ ਇਕ ਵਾਰ ਉਨ੍ਹਾਂ ਨੂੰ ਪੁਛਿਆ- “ਸੁਣਾ, ਸ਼ਾਦੀ ਬਾਰੇ ਕੀ ਫ਼ੈਸਲਾ ਕੀਤਾ ਹੈ; ਵਸ ਬਾਵੇ ਨੇ ਝੱਟ ਉੱਤਰ ਦਿਤਾ- “ਸ਼ਾਦੀ ਤਾਂ ਮੇਰੀ ਕਦੇ ਦੀ ਹੋ ਚੁੱਕੀ ਹੈ ... ਬਸ ... ਬਸ ... ਲਿਟਰੇਚਰ ਨਾਲ ਹੀ ... ਤੇ ਹੁਣ ਅੰਤ ਤੱਕ ਏਸੇ ਨਾਲ ਹੀ ਨਿਭੇਗੀ ...।

ਉਹ ਸਾਰੀ ਉਮਰ ਸਵੈ-ਮਾਨੀ ਰਹੇ। ਇਕ ਘਟਨਾ ਬਾਰੇ ਕਾਂਗ ਨੇ ਜ਼ਿਕਰ ਕੀਤਾ ਹੈ ਕਿ ਬਾਵਾ ਜੀ ਉਦੋਂ ਦਿੱਲੀ ਰਹਿੰਦੇ ਸਨ। ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਉਦੋਂ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਦੀ ਇਨਚਾਰਜ ਸੀ। ਹਰ ਵਰ੍ਹੇ 26 ਜਨਵਰੀ ਵਾਲੇ ਦਿਨ ਰੇਡੀਓ ਤੋਂ ਕਵੀ ਦਰਬਾਰ ਦੀ ਪੇਸ਼ਕਾਰੀ ਹੁੰਦੀ ਤੇ 125/- ਰੁਪਏ ਸੇਵਾ ਫਲ ਵੀ ਮਿਲਦਾ। ਅੰਮ੍ਰਿਤਾ ਨੇ ਬਾਵੇ ਨੂੰ ਕਾਨਟਰੈਕਟ ਫਾਰਮ ਭੇਜਿਆ, ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਫਿਰ ਡਾ. ਕਾਂਗ ਨੂੰ ਭੇਜਿਆ ਕਿ ਉਹ ਕਿਸੇ ਤਰ੍ਹਾਂ ਬਾਵੇ ਨੂੰ ਲੈ ਕੇ ਆਵੇ ਪਰ ਬਾਵਾ ਜੀ ਟਾਲੀ ਗਈ। ਅਖੀਰਲੇ ਦਿਨ ਅੰਮ੍ਰਿਤਾ ਆਪ ਸਟਾਫ ਕਾਰ ਲੈ ਕੇ ਗਈ ਪਰ ਬਾਵਾ ਜੀ ਪਿਛਲੇ ਪਾਸਿਓਂ ਭੱਜ ਗਏ। ਰੇਡੀਓ ਸਟੇਸ਼ਨ ਨਹੀਂ ਗਏ। ਉਦੋਂ ਅੰਮ੍ਰਿਤਾ ਦਾ ਵਿਹੜਾ ਵੱਡੇ ਵੱਡੇ ਲੇਖਕਾਂ/ਕਲਾਕਾਰਾਂ ਦਾ ਆਕਰਸ਼ਨ ਸੀ। ਇਕ ਵਾਰ ਕਾਂਗ ਨੇ ਕਿਹਾ ਸੀ - ਬਾਵਾ ਜੀ ਤੁਸੀਂ ਅੰਮ੍ਰਿਤਾ ਨੂੰ ਕਿਉਂ ਨਹੀਂ ਮਿਲਦੇ। - ਤਾਂ ਬਾਵਾ ਜੀ ਦਾ ਉੱਤਰ ਸੀ - ਗੱਲ ਇਹ ਹੈ ਕਾਂਗ ਜੀ, ਕਿ ਹਰ ਲੇਖਕ ਉਸਦੇ ਦਰ ਤੇ ਸਜਦਾ ਕਰਦਾ ਹੈ, ਪਰ ਮੈਂ ਉਸਨੂੰ ਦੱਸਣਾ ਚਾਹੁੰਦਾ ਹਾਂ ਕਿ ਕਵੀਆਂ ਵਿਚ ਕੋਈ ਬੰਦਾਵੀ ਹੈ। ਇਸ ਬੰਦੇ ਦੀ ਤੋਰ ਨਿਰਾਲੀ ਹੈ:

ਮੇਰੇ ਹੀ ਰੰਗ ਤੋਂ ਦੁਨੀਆ ਹੈਰਾਨ ਹੈ ਪਰ ਕਿਓਂ
ਜਦ ਆਪਣਾ ਆਪਣਾ ਹੀ ਹੋਣਾ ਕਿਸੇ ਕਮਾਲ ਚ ਹੈ
ਹੇ ਹੋਸ਼ ਵਾਲੇ! ਮੇਰੇ ਸ਼ੌਕ ਦੀ ਕਦਰ ਨਾ ਸਹੀ
ਮੇਰਾ ਕਸੂਰ ਕੀ ਆਖਰ ਤੇਰੇ ਖਿਆਲ ਚ ਹੈ?
ਅਜੀਬ ਪਰਦਾ ਹੈ ਇਹ, ਨਕਸ਼ਦਾਰ, ਢੰਗ ਹੈ ਦਿਲ
ਤੂੰ ਇਸ ਦੀ ਭਾਲ ’ਚ ਪਰ ਬੰਦਾ ਤੇਰੀ ਭਾਲ ਚ ਹੈ।

ਡਾ. ਸੁਰਜੀਤ ਸਿੰਘ ਸੇਠੀ ਨੇ ਉਹਦੇ ਬਾਰੇ ਯਾਦਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਬਾਵਾ ਜੀ ਨੂੰ ਮੈਂ ਲੱਖ ਜਤਨ ਕਰਨ ਤੇ ਵੀ ਰੇਡੀਓ ਤੇ ਰਿਕਾਰਡਿੰਗ ਕਰਾਉਣ ਲਈ ਨਾ ਮਨਾ ਸਕਿਆ। ਦੂਜੀ ਵਾਰ ਜਦੋਂ ਦਿੱਲੀ ਉਨ੍ਹਾਂ ਦੀ ਬਾਵਾ ਜੀ ਨਾਲ ਮੁਲਾਕਾਤ ਹੋਈ ਤਾਂ ਡਾ. ਸੇਠੀ ਨੇ ਉਨ੍ਹਾਂ ਨੂੰ ਫਿਰ ਕਿਹਾ ਕਿ ਚੰਡੀਗੜ੍ਹ ਦੇ ਰੇਡੀਓ ਸਟੇਸ਼ਨ ਤੇ ਇਕ ਕਵੀ ਦਰਬਾਰ ਹੋ ਰਿਹਾ ਹੈ, ਤੁਸੀਂ ਜ਼ਰੂਰ ਆਓ। ਬਾਵਾ ਜੀ ਨੇ ਹਾਮੀ ਭਰ ਦਿੱਤੀ। ਪਰ ਸੇਠੀ ਨੂੰ ਪਤਾ ਸੀ ਕਿ ਬਾਵੇ ਨੇ ਨਹੀਂ ਆਉਣਾ। ਜਿਹੜਾ ਬੰਦ ਕਵਿਤਾ ਪਾਠ ਰਿਕਾਰਡ ਕਰਾਉਣ ਤੋਂ ਕੰਨੀ ਕਤਰਾਉਂਦਾ ਹੈ ਉਹ ਕਵੀ ਦਰਬਾਰ ਵਿਚ ਏਨੇ ਲੋਕਾਂ ਸਾਹਮਣੇ ਕਿਵੇਂ ਕਵਿਤਾ ਸੁਣਾ ਸਕਦਾ ਹੈ। ਕਵੀ ਦਰਬਾਰ ਦੀ ਸ਼ਾਮ ਸਾਰੇ ਕਵੀ ਸਟੇਜ ਤੇ ਆਸਣ ਲਾ ਕੇ ਬੈਠੇ ਪਰ ਬਾਵਾ ਗ਼ੈਰ ਹਾਜ਼ਰ। ਨਾ ਉਸਨੇ ਆਉਣਾ ਸੀ ਤੇ ਨਾ ਹੀ ਉਹ ਆਇਆ। ਕਵੀ ਦਰਬਾਰ ਦੇ ਖਤਮ ਹੋਣ ਤੇ ਡਾ. ਸੇਠੀ ਆਪਣੇ ਇਕ ਮਿੱਤਰ ਨਾਲ ਸੁਖਣਾ ਝੀਲ ਪਹੁੰਚੇ। ਅੱਗੇ ਬਾਵਾ ਝੀਲ ਕੰਢੇ ਬੈਠਾ ਲਗਾਤਾਰ ਪਾਣੀ ਵਲ ਵੇਖ ਰਿਹਾ ਸੀ। ਇਸ ਤੋਂ ਪਹਿਲਾਂ ਕਿ ਡਾ. ਸੇਠੀ ਕੁਝ ਕਹਿੰਦਾ ਬਾਵੇ ਨੇ ਬੜੇ ਪਿਆਰ ਤੇ ਨਿੱਘ ਨਾਲ ਕਿਹਾ-ਕੁਝ ਐਸਾ ਚੱਕਰ ਸੀ ਕਿ ਮੈਂ ਏਥੇ ਝੀਲ ਤੇ ਆ ਗਿਆ ਤੇ ਬਾਵੇ ਨੇ ਸ਼ੇਅਰ ਸੁਣਾਏ:

ਸੁੰਦਰ ਕਿਰਨ ਗਈ ਏ, ਐਸਾ ਨਸ਼ਾ ਪਿਲਾ ਕੇ
ਮਦਰਾ, ਸੁਪਨ ਸੁਰਾਹੀ, ਬੈਠਾ ਹਾਂ ਸਭ ਭੁਲਾ ਕੇ

ਲੰਘਣਗੇ ਹੁਣ ਨਹੀਂ ਤੇ ਮੱਧ ਰਾਤ ਦੇ ਢਲਣ ਤੇ
ਮੈਂ ਜਾਗਦਾ ਹਾਂ ਆਪਣੇ, ਪੱਛਾਂ ਤੇ ਲੂਣ ਲਾ ਕੇ

ਤੇ ਬਾਵੇ ਦੇ ਬੋਲ ਜਿਵੇਂ ਝੀਲ ਤੇ ਬੱਤਖਾਂ ਵਾਂਗ ਤੈਰ ਰਹੇ ਸਨ। ਬੱਤਖਾਂ ਜੋ ਘੁੰਮਦੀਆਂ ਹੋਈਆਂ ਪਾਣੀ ਵਿਚ ਹਲਚਲ ਕਰ ਰਹੀਆਂ ਸਨ। ਹਵਾ ਪਾਣੀ ਦੇ ਲਹਿਰੀਆਂ ਦੀ ਜਿਵੇਂ ਗੁੱਤ ਗੁੰਦ ਰਹੀ ਸੀ। ਤੇ ਲਗਦਾ ਜਿਵੇਂ ਕਵੀ ਦਰਬਾਰ ਚਲ ਰਿਹਾ ਹੈ ...

ਬਾਵਾ ਬਾਗੀ ਰੂਹ ਵਾਲਾ ਬੰਦਾ ਸੀਬਾਗੀ ਰੂਹਾਂ ਹੀ ਲੋਹੇ ਦੀ ਲੱਠ ਬਣਨ ਦੇ ਸਮਰੱਥ ਹੁੰਦੀਆਂ ਹਨ। ਅਜ਼ਾਦੀ-ਲੜਾਈ ਦੌਰਾਨ ਕਾਂਗਰਸ ਦੇ ਵਲੰਟੀਅਰਾਂ ਦੇ ਟਰੇਨਿੰਗ ਕੈਂਪ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ਵਿਚ ਲੱਗਿਆ ਕਰਦੇ ਸਨ। ਨੌਜਵਾਨਾਂ ਵਿਚ ਅੰਗਰੇਜ਼ਾਂ ਪ੍ਰਤੀ ਰੋਸ ਅਤੇ ਅਜ਼ਾਦੀ ਲਈ ਜੋਸ਼ ਸੀ। ਬਾਵੇ ਨੇ ਇਨ੍ਹਾਂ ਕੈਂਪਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਹਦੀ ਰੂਹ ਬਾਗੀ ਸੀ। ਉਹ ਦੇਸ਼ ਨੂੰ ਅਜ਼ਾਦ ਦੇਖਣਾ ਚਾਹੁੰਦਾ ਸੀ। ਕਰਾਂਤੀ ਲਿਆਉਣੀ ਚਾਹੁੰਦਾ ਸੀ। ਉਹਦੇ ਕੋਲ ਜਜ਼ਬਿਆਂ ਭਰਿਆ ਤਾਂਘੀ ਦਿਲ ਸੀ। ਉਹ ਊਚ ਨੀਚ ਨਹੀਂ ਸੀ ਚਾਹੁੰਦਾ। ਸਮਾਜਕ ਨਿਆਂ ਚਾਹੁੰਦਾ ਸੀ। ਉਹਦੀ ਪ੍ਰਸਿੱਧ ਕਵਿਤਾ ਬਾਗੀਏਸੇ ਦਾ ਪ੍ਰਗਟਾ ਹੈ:

ਮੈਂ ਬਾਗੀ ਮੈਂ ਬਾਗੀ ਮੈਂ ਆਕੀ ਮੈਂ ਆਕੀ
ਮੈਂ ਇਕ ਅਮਰ ਸ਼ਕਤੀ, ਮੈਂ ਬਾਗੀ ਮੈਂ ਬਾਗੀ
ਮੈਂ ਦੁਨੀਆ ਦੀ ਹਰ ਇਕ ਬਗਾਵਤ ਦਾ ਬਾਗੀ
ਮੈਂ ਹਰਕਤ, ਮੈਂ ਸੱਤਾ, ਮੈਂ ਚੇਤਨ ਜਵਾਨੀ
ਮੈਂ ਬਦਲੀ ਦਾ ਅਵਤਾਰ, ਬਦਲੀ ਦਾ ਰਾਗੀ
ਮੈਂ ਆਕੀ ਮੈਂ ਆਕੀ, ਮੈਂ ਬਾਗੀ, ਮੈਂ ਬਾਗੀ

ਦੇਸ਼ ਭਗਤੀਕਵਿਤਾ ਵਿਚ ਉਹ ਅਖੌਤੀ ਅਜ਼ਾਦੀ ਤੋਂ ਵੀ ਅਵਾਜ਼ਾਰ ਹੈ। ਉਹਨੂੰ ਲਗਦਾ ਹੈ ਕਿ ਜਿਹੜੀ ਅਸਲੀ ਅਜ਼ਾਦੀ ਹੈ ਉਹ ਤਾਂ ਆਈ ਹੀ ਨਹੀਂ। ਅਵਾਮ ਪਹਿਲਾਂ ਵੀ ਅਵਾਜ਼ਾਰ ਸੀ ਤੇ ਹੁਣ ਵੀ ਅਵਾਜ਼ਾਰ ਹੈ। ਗਰੀਬਾਂ ਦਾ, ਕਿਰਤੀਆਂ ਦਾ ਰਾਜ ਹੋਣ ਦੀ ਬਜਾਏ ਲੋਟੂਆਂ ਦੀ ਸਰਕਾਰ ਦੇਸ਼ ਨੂੰ ਖਾ ਰਹੀ ਹੈ:

ਇਹ ਸਦਾ ਖ਼ੁਸ਼ਕ ਰਹੀ ਖੂਨ ਦੇ ਦਰਿਆ ਪੀ ਕੇ
ਹਾਂ, ਅਸੀਂ ਆਪਣੀ ਹਕੂਮਤ ਚ ਵੀ ਬਰਬਾਦ ਰਹੇ
ਆਦਮੀਅਤ ਸਦਾ ਮੁਰਦਾ ਹੀ ਰਹੀ ਹੈ ਜੀਅ ਕੇ
ਹੈ ਗਰੀਬਾਂ ਦੀਆਂ ਲਾਸ਼ਾਂ ਤੇ ਗੁਜ਼ਾਰਾ ਇਸ ਦਾ
ਨਾ ਬੁਝੀ ਇਸ ਦੀ ਕਦੀ ਬੇਵਾ ਦੇ ਰੋਣੇ ਤੋਂ ਪਿਆਸ
ਭੁੱਖੇ ਬੱਚਿਆਂ ਦੀਆਂ ਸਿਰੀਆਂ ਨੇ ਸਹਾਰਾ ਇਸ ਦਾ
ਕੁਝ ਬਣੀ ਹੈ ਤਾਂ ਅਮੀਰਾਂ ਦੀ ਹੀ ਇਹ ਜਿੰਦ ਬਣੀ

ਬਾਵਾ ਜੀ ਦਾ ਇਹ ਸ਼ਤਾਬਦੀ ਵਰ੍ਹਾ ਹੈ। ਪਰ ਲਗਦਾ ਹੈ ਇਹ ਜਿਵੇਂ ਕੱਲ੍ਹ ਦੀ ਗੱਲ ਹੋਵੇ। ਉਨ੍ਹਾਂ ਦੇ ਕਾਵਿ ਦੀਆਂ ਪਰਤਾਂ ਨੂੰ ਪੰਜਾਬੀ ਜਗਤ ਨੇ ਨਹੀਂ ਸਮਝਿਆ। ਉਸ ਵਿਚ ਅੰਤਾਂ ਦੀ ਡੂੰਘਾਈ ਹੈ। ਉਨ੍ਹਾਂ ਦੇ ਪਿਆਰੇ ਮਿੱਤਰ ਤੇ ਸਾਡੇ ਪਿਆਰੇ ਬਜ਼ੁਰਗ ਦੋਸਤ ਸੁਮੇਰ ਜੀ ਅਕਸਰ ਉਨ੍ਹਾਂ ਦੀਆਂ ਬਾਤਾਂ ਪਾਉਂਦੇ ਹੁੰਦੇ ਸਨ। ਉਨ੍ਹਾਂ ਦੀ ਮੌਤ ਤੋਂ ਚਾਰ ਸਾਲ ਬਾਅਦ ਉਨ੍ਹਾਂ ਨੇ ਲਿਖਿਆ ਸੀ:

ਚਾਰ ਸਾਲ ਹੋ ਚੁੱਕੇ, ਬਾਵਾ ਬਲਵੰਤ ਸਾਕਾਰ ਰੂਪ ਵਿਚ ਸਾਡੇ ਦਰਮਿਆਨ ਨਹੀਂ ਪਰ ਉਹ ਜਿੱਥੇ ਜਿੱਥੇ ਵੀ ਗਿਆ ਆਪਣੀ ਠੋਸ ਅਤੇ ਮਹਾਨ ਕਵਿਤਾ ਨਾਲ ਭਿੱਜਾ ਭਿੱਜਾ ਨਿਰਾਕਾਰ ਰੂਪ ਓਥੇ ਸਦਾ ਲਈ ਛੱਡ ਗਿਆ - ਸੋ ਮਨ ਨਹੀਂ ਮੰਨਦਾ ਕਿ ਬਾਵਾ ਕਿਸੇ ਹੋਰ ਦੁਨੀਆਂ ਵਿਚ ਚਲਾ ਗਿਆ ਹੋਵੇ। ਅਜੇ ਵੀ ਬੂਹੇ ਉੱਤੇ ਉਹਦੇ ਪੈਰਾਂ ਦੀ ਚਾਪ ਤੇ ਕੋਈ ਅਜੀਬ ਜਿਹੀ ਮਹਿਕਾਰ ਖਿਲਰਦੀ ਜਾਪਦੀ ਹੈ - ਤੇ ਫਿਰ ਇਹ ਹਕੀਕਤ ਵੀ ਵਿਚਾਰਵਾਨਾਂ ਵਿਚ ਮੰਨੀ ਜਾਂਦੀ ਹੈ ਕਿ ਮਹਾਨ ਮਨੁੱਖਕਦੇ ਨਹੀਂ ਮਰਦੇ - ਬਾਵਾ ਬਲਵੰਤ ਦੀ ਮਹਾਨ ਰਚਨਾ ਵੀ ਤਾਂ ਰਹਿੰਦੀ ਦੁਨੀਆ ਤੱਕ ਪੜ੍ਹੀ ਜਾਵੇਗੀ। ਜਿਸ ਵਿਚ ਉਹਦਾ ਰੂਪ ਨਿਰਾਕਾਰ ਵੀ ਰਹੇਗਾ ਤੇ ਸਾਕਾਰ ਵੀ।

*****

(135)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author