ParamjitSDhingra7ਯੂਨੈਸਕੋ ਨੇ ਸੰਨ 2000 ਵਿੱਚ ਉਨ੍ਹਾਂ ਭਾਸ਼ਾ ਸ਼ਹੀਦਾਂ ਦੀ ਯਾਦ ਵਿੱਚ 21 ਫਰਵਰੀ ਨੂੰ ...
(25 ਫਰਵਰੀ 2021)
(ਸ਼ਬਦ: 2280)


ਮਨੁੱਖ ਨੇ ਕਿਵੇਂ ਤੇ ਕਦੋਂ ਬੋਲਣਾ ਸਿੱਖਿਆ
, ਇਹ ਬੜੀ ਦਿਲਚਸਪ ਕਹਾਣੀ ਹੈਅੱਜ ਤੋਂ ਲੱਖਾਂ ਸਾਲ ਪਹਿਲਾਂ ਜਦੋਂ ਮਨੁੱਖ ਇਸ ਧਰਤੀ ’ਤੇ ਪੈਦਾ ਹੋਇਆ ਤਾਂ ਲੰਬੀ ਵਿਕਾਸ ਯਾਤਰਾ ਵਿੱਚੋਂ ਉਹਨੇ ਜਿਹੜੀਆਂ ਮੱਲਾਂ ਮਾਰੀਆਂ ਜਾਂ ਕਾਢਾਂ ਕੱਢੀਆਂ ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਬੋਲੀ ਸੀਦੁਨੀਆ ਵਿੱਚ ਵਸਦੇ ਹਰ ਮਨੁੱਖ ਦੀ ਮਾਂ ਬੋਲੀ ਹੁੰਦੀ ਹੈਇਸ ਰਾਹੀਂ ਮਨੁੱਖ ਨੇ ਜਿੱਥੇ ਆਪਣੀ ਬੁੱਧੀ ਦਾ ਵਿਕਾਸ ਕੀਤਾ ਉੱਥੇ ਕੁਦਰਤ ਤੇ ਬ੍ਰਹਿਮੰਡ ਨੂੰ ਸਮਝਣ ਲਈ ਅਤੇ ਇਨ੍ਹਾਂ ਉੱਤੇ ਕਾਬੂ ਪਾਉਣ ਲਈ ਉਹਨੇ ਨਵੀਆਂ ਕਾਢਾਂ ਕੱਢੀਆਂਅੱਜ ਭਾਸ਼ਾ ਹੀ ਮਨੁੱਖ ਨੂੰ ਮਨੁੱਖ ਹੋਣ ਦਾ ਫਤਵਾ ਦਿੰਦੀ ਹੈਭਾਸ਼ਾ ਤੋਂ ਬਿਨਾ ਮਨੁੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ

ਇੱਥੇ ਵੱਡਾ ਸਵਾਲ ਇਹ ਹੈ ਕਿ ਬੋਲੀ ਨੂੰ ਮਾਂ ਬੋਲੀ ਕਿਉਂ ਕਿਹਾ ਜਾਂਦਾ ਹੈ? ਅਸੀਂ ਆਪਣੀ ਮਾਂ ਬੋਲੀ ਨੂੰ ਕਿਉਂ ਪਿਆਰ ਕਰਦੇ ਹਾਂ? ਮਾਂ ਬੋਲੀ ਤੋਂ ਕੁਰਬਾਨ ਜਾਣ ਨੂੰ ਕਿਉਂ ਮਨ ਕਰਦਾ ਹੈ? ਮਾਂ ਬੋਲੀ ਸਾਡੀ-ਪਛਾਣ ਅਤੇ ਹੋਂਦ ਦੀ ਜ਼ਾਮਨ ਕਿਉਂ ਹੈ? ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਵਿਗਿਆਨੀਆਂ ਨੇ ਲੱਭਣ ਦਾ ਜਤਨ ਕੀਤਾ ਹੈਉਨ੍ਹਾਂ ਨੇ ਸਾਨੂੰ ਦੱਸਿਆ ਕਿ ਮਾਂ ਦੀ ਕੁੱਖ ਵਿੱਚ ਪਲ ਰਿਹਾ ਬੱਚਾ ਮਾਂ ਦੀ ਬੋਲੀ ਸੁਣਨ ਦੇ ਸਮਰੱਥ ਹੁੰਦਾ ਹੈਬੱਚੇ ਨੂੰ ਕੁੱਖ ਵਿੱਚ ਪੂਰਨ ਹੁੰਦਿਆਂ ਨੌਂ ਮਹੀਨੇ ਦਾ ਸਮਾਂ ਲਗਦਾ ਹੈਉਸ ਦੀ ਇਹ ਯਾਤਰਾ ਇੱਕ ਨਿੱਕੇ ਜਿਹੇ ਸੈੱਲ ਤੋਂ ਸ਼ੁਰੂ ਹੁੰਦੀ ਹੈ ਲਗਭਗ ਛੇ ਮਹੀਨਿਆਂ ਤੀ ਯਾਤਰਾ ਤੋਂ ਬਾਅਦ ਉਹਦੇ ਨਿੱਕੇ ਨਿੱਕੇ ਕੰਨ ਉੱਗ ਆਉਂਦੇ ਹਨ ਤੇ ਉਹਦਾ ਨਿੱਕਾ ਜਿਹਾ ਸਿਰ ਇਨ੍ਹਾਂ ਨੂੰ ਧੁਨੀਆ ਸੁਣਨ ਦੀ ਆਗਿਆ ਦਿੰਦਾ ਹੈਉਹ ਆਪਣੇ ਆਲੇ ਦੁਆਲੇ ਦੀਆਂ ਅਵਾਜ਼ਾਂ ਸੁਣਨ ਲੱਗ ਜਾਂਦੇ ਹਨ

ਪਰ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਕੁੱਖ ਵਿੱਚ ਪਲ ਰਿਹਾ ਜੀਅ ਅਵਾਜ਼ਾਂ ਸੁਣ ਰਿਹਾ ਹੈ? ਵਿਗਿਆਨੀਆਂ ਨੇ ਨਿੱਕੇ ਨਿੱਕੇ ਮਾਈਕਰੋਫੋਨਿਕ ਯੰਤਰ ਬਣਾ ਲਏ ਨੇ ਜਿਨ੍ਹਾਂ ਨੂੰ ਉਹ ਅਸਾਨੀ ਨਾਲ ਕੁੱਖ ਵਿੱਚ ਪਲ ਰਹੇ ਜੀਵ ਦੇ ਨੇੜੇ ਭੇਜ ਦਿੰਦੇ ਹਨ ਜੋ ਦਸ ਦਿੰਦੇ ਹਨ ਕਿ ਬੱਚਾ ਕੀ ਸੁਣ ਰਿਹਾ ਹੈਬੱਚਾ ਮਾਂ ਦੀ ਧੜਕਨ ਸੁਣਦਾ ਹੈਨਾੜਾਂ ਵਿੱਚ ਵਹਿ ਰਹੇ ਲਹੂ ਦੀ ਸ਼ਰਰ ਸ਼ਰਰ ਸੁਣਦਾ ਹੈਮਾਂ ਦਾ ਡਰ, ਭੈਅ, ਖ਼ੁਸ਼ੀ, ਗਮੀ ਮਹਿਸੂਸ ਕਰਦਾ ਹੈਡਰ ਦੀ ਅਵਾਜ਼ ਸੁਣ ਕੇ ਸੁੰਗੜ ਜਾਂਦਾ ਹੈ ਤੇ ਖ਼ੁਸ਼ੀ ਦੀ ਅਵਾਜ਼ ਉਹਨੂੰ ਹੁਲਾਸ ਦਿੰਦੀ ਹੈਉਹ ਮਾਂ ਦੀ ਹਰ ਅਵਾਜ਼ ਸੁਣਨ ਦੇ ਕਾਬਲ ਹੁੰਦਾ ਹੈਮਾਂ ਉਹਦੇ ਸੁਪਨੇ ਲੈਂਦੀ, ਉਹਦੇ ਨਾਲ ਗੱਲਾਂ ਕਰਦੀ, ਉਹਦਾ ਭਵਿੱਖ ਚਿਤਵਦੀ ਹੈਮਾਂ ਨੂੰ ਬੱਚੇ ਦੀ ਧੜਕਨ ਦੱਸਦੀ ਹੈ ਕਿ ਉਹ ਚੁੱਪ ਅਵਾਜ਼ ਰਾਹੀਂ ਹੁੰਗਾਰਾ ਭਰ ਰਿਹਾ ਹੈਮਾਂ ਦੇ ਮਨ ਵਿੱਚ ਗੂੰਜਦੀਆਂ ਲੋਰੀਆਂ ਵੀ ਉਹਨੂੰ ਸੁਣਾਈ ਦਿੰਦੀਆਂ ਹਨਮਾਂ ਦੇ ਡਰ, ਤੌਖਲੇ, ਖ਼ੁਸ਼ੀ, ਗਮੀ ਨੂੰ ਉਹ ਮਾਂ ਦੀ ਭਾਸ਼ਾ ਵਿੱਚੋਂ ਸੁਣਦਾ ਹੈਮਾਂ ਜਦੋਂ ਬੋਲਦੀ ਹੈ ਤਾਂ ਬੱਚੇ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਇਹ ਅਵਾਜ਼ ਬਹੁਤ ਦੂਰ ਤੋਂ ਆ ਰਹੀ ਹੋਵੇ ਤੇ ਉਹਦੇ ਨਿੱਕੇ ਨਿੱਕੇ ਕੰਨ ਇਸ ਅਵਾਜ਼ ਨੂੰ ਫੜਨ ਲੱਗਦੇ ਹਨਜਿਵੇਂ ਅਸੀਂ ਜਦੋਂ ਕੰਨਾਂ ’ਤੇ ਹੱਥ ਰੱਖ ਲਈਏ ਤਾਂ ਸਾਨੂੰ ਕਿਸੇ ਦੇ ਬੋਲੇ ਸ਼ਬਦ ਭਾਵੇਂ ਸਮਝ ਨਾ ਆਉਣ ਪਰ ਅਸੀਂ ਧੁਨੀਆਂ ਨੂੰ ਮਹਿਸੂਸ ਕਰ ਸਕਦੇ ਹਾਂਇਹੀ ਹਾਲਤ ਬੱਚੇ ਦੀ ਹੁੰਦੀ ਹੈਉਹ ਮਾਂ ਦੀ ਅਵਾਜ਼ ਵਿਚਲੀਆਂ ਧੁਨੀਆਂ ਨੂੰ ਕੰਨਾਂ ਵਿੱਚ ਗੂੰਜਦੀਆਂ ਸੁਣਦਾ ਹੈਇਹ ਮਾਂ ਨਾਲ ਬੱਚੇ ਦੀ ਪਛਾਣ ਦਾ ਪਹਿਲਾ ਸੂਤਰ ਹੈ ਜਿਸਨੂੰ ਉਹ ਧਰਤੀ ’ਤੇ ਪੈਦਾ ਹੋ ਕੇ ਵੀ ਭੁੱਲਦਾ ਨਹੀਂਇਹ ਬੱਚੇ ਦੇ ਭਾਸ਼ਾ ਸਿੱਖਣ ਦੇ ਪਹਿਲੇ ਸਬਕ ਹਨ ਜਿਨ੍ਹਾਂ ਨੂੰ ਉਹ ਕੁੱਖ ਵਿੱਚੋਂ ਗ੍ਰਹਿਣ ਕਰਕੇ ਧਰਤੀ ’ਤੇ ਆਉਂਦਾ ਹੈ ਇਸੇ ਕਰਕੇ ਇਸ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ ਇਸਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹੁੰਦੀਆਂ ਹਨ

ਬੱਚੇ ਦੇ ਪੈਦਾ ਹੋਣ ਤੋਂ ਬਾਅਦ ਵੀ ਖੋਜੀਆਂ ਨੇ ਭਾਸ਼ਾ ਸੰਬੰਧੀ ਕਈ ਬੜੇ ਦਿਲਚਸਪ ਤੱਥ ਖੋਜੇ ਹਨਬੱਚੇ ਦੇ ਪੈਦਾ ਹੋਣ ਦੇ ਕੁਝ ਕੁ ਘੰਟਿਆਂ ਬਾਅਦ ਹੀ ਵਿਗਿਆਨੀਆਂ ਨੇ ਉਹਦੇ ਨਿੱਕੇ ਨਿੱਕੇ ਕੰਨਾਂ ’ਤੇ ਹੈੱਡਫੋਨ ਲਾ ਕੇ ਉਸ ਨੂੰ ਕੁਝ ਅਵਾਜ਼ਾਂ ਸੁਣਾਈਆਂ ਜਿਨ੍ਹਾਂ ਵਿੱਚ ਕੁੱਤੇ ਦੇ ਭੌਂਕਣ, ਬਿੱਲ ਦੇ ਮਿਆਂਕਣ, ਬੰਦੇ ਤੇ ਔਰਤ ਦੀ ਅਵਾਜ਼ ਦੇ ਨਾਲ ਨਾਲ ਉਹਦੀ ਮਾਂ ਦੀ ਅਵਾਜ਼ ਵੀ ਸ਼ਾਮਲ ਸੀਬੱਚੇ ਦਾ ਮੂੰਹ ਮਾਂ ਦੀ ਛਾਤੀ ਨਾਲ ਲਾ ਦਿੱਤਾਇਹ ਅਵਾਜ਼ਾਂ ਸੁਣਨ ਤੋਂ ਬਾਅਦ ਖਾਸ ਤੌਰ ’ਤੇ ਕੁੱਤੇ ਦੀ ਭੌਂਕ, ਬਿੱਲੀ ਦੀ ਮਿਊਂ ਮਿਊਂ, ਬੰਦੇ ਤੇ ਔਰਤ ਦੀ ਅਵਾਜ਼ ਸੁਣਨ ਤੋਂ ਬਾਅਦ ਬੱਚਾ ਤੇਜ਼ੀ ਨਾਲ ਮਾਂ ਦੀ ਛਾਤੀ ਚੁੰਘਣ ਲੱਗਾ ਤੇ ਫਿਰ ਕਦੇ ਹੌਲੀ ਤੇ ਕਦੇ ਤੇਜ਼ ਹੋਣ ਲੱਗਾਪਰ ਜਦੋਂ ਉਹਦੇ ਕੰਨਾਂ ਵਿੱਚ ਮਾਂ ਦੀ ਅਵਾਜ਼ ਪਈ ਤਾਂ ਉਹ ਬੜੇ ਉਤਸ਼ਾਹ ਤੇ ਸਹਿਜ ਨਾਲ ਦੁੱਧ ਚੁੰਘਣ ਲੱਗਾ ਕਿਉਂਕਿ ਉਹ ਇਸ ਅਵਾਜ਼ ਨੂੰ ਪਛਾਣਦਾ ਸੀਇਸ ਤਰ੍ਹਾਂ ਬੱਚੇ ਨੂੰ ਆਪਣੀ ਮਾਂ ਦੀਆਂ ਅਵਾਜ਼ਾਂ ਸਿੱਖਣ ਜਾਂ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਸੀ ਕਿਉਂਕਿ ਇਨ੍ਹਾਂ ਨੂੰ ਉਹ ਲਗਾਤਾਰ ਕੁੱਖ ਵਿੱਚੋਂ ਸਿੱਖ ਕੇ ਹੀ ਬਾਹਰ ਆਇਆ ਸੀਇਸ ਤੋਂ ਸਪਸ਼ਟ ਹੈ ਕਿ ਮਨੁੱਖ ਲਈ ਮਾਂ ਬੋਲੀ ਦਾ ਕੀ ਮਹੱਤਵ ਹੈ ਤੇ ਇਹ ਕਿਵੇਂ ਬਣੀ

ਮਾਂ ਬੋਲੀ ਦਾ ਬੱਚਿਆਂ ਨੂੰ ਅਜੀਬ ਨਸ਼ਾ ਹੁੰਦਾ ਹੈਛੋਟੇ ਛੋਟੇ ਬੱਚੇ ਘਰ ਵਿੱਚ ਰਿੜ੍ਹਦੇ, ਰੀਂਗਦੇ ਫਿਰ ਨਿੱਕੇ ਨਿੱਕੇ ਕਦਮਾਂ ਨਾਲ ਤੁਰਦੇ ਆਪਣੇ ਖਿਡੌਣਿਆਂ ਨਾਲ ਗੱਲਾਂ ਕਰਨ ਦੇ ਆਹਰ ਵਿੱਚ ਜੁੱਟ ਜਾਂਦੇ ਹਨਖਿਡੌਣਿਆਂ ਰਾਹੀਂ ਉਹ ਇਸ ਸੰਸਾਰ ਨੂੰ ਸਮਝਣ ਦਾ ਜਤਨ ਕਰਦੇ ਹਨਖਿਡੌਣੇ ਭਾਵੇਂ ਬੋਲਦੇ ਨਹੀਂ ਪਰ ਬੱਚੇ ਦੌੜ ਕੇ ਉਨ੍ਹਾਂ ਨੂੰ ਫੜਦੇ, ਉਨ੍ਹਾਂ ’ਤੇ ਆਪਣਾ ਹੱਕ ਜਿਤਾਉਂਦੇ ਹਨਇਹ ਬਾਲ ਭਾਸ਼ਾ ਬਿਲਕੁਲ ਉਂਜ ਹੀ ਹੁੰਦੀ ਹੈ ਜਿਹੋ ਜਿਹੀ ਉਨ੍ਹਾਂ ਨੇ ਮਾਂ ਦੀ ਕੁੱਖ ਵਿੱਚ ਸੁਣੀ ਹੁੰਦੀ ਹੈਕਈ ਵਾਰ ਤੁਸਾਂ ਦੇਖਿਆ ਹੋਣਾ ਹੈ ਕਿ ਬੱਚੇ ਮਾਂ ਦੀ ਨਕਲ ਕਰਦੇ ਖਿਡੌਣਿਆਂ ਨਾਲ ਓਵੇਂ ਹੀ ਬਾਤਾਂ ਪਾਉਂਦੇ, ਉਨ੍ਹਾਂ ਨੂੰ ਝਿੜਕਦੇ, ਖੁਆਉਂਦੇ, ਪਿਆਅਂਦੇ, ਸਕੂਲ ਭੇਜਦੇ ਤੇ ਫਿਰ ਗੁੱਡੇ ਗੁੱਡੀਆਂ ਦੇ ਵਿਆਹ ਕਰਨ ਵਿੱਚ ਰੁੱਝ ਜਾਂਦੇ ਹਨ ਜਿਵੇਂ ਮਾਵਾਂ ਬੱਚਿਆਂ ਨਾਲ ਕਰਦੀਆਂ ਹਨਮਾਂ ਦੀ ਨਕਲ ਭਾਸ਼ਾ ਦੀ ਨਕਲ ਹੀ ਤਾਂ ਹੁੰਦੀ ਹੈਇਹੀ ਗੱਲ ਮਾਂ ਬੋਲੀ ਦਾ ਕਮਾਲ ਹੈ ਜੋ ਬੱਚੇ ਦੇ ਰਗ ਰੇਸ਼ੇ ਵਿੱਚ ਸਮਾਈ ਹੁੰਦੀ ਹੈ

ਫਿਰ ਵਾਰੀ ਆਉਂਦੀ ਹੈ ਤੋਤਲੇ ਬੋਲਾਂ ਦੀਬੱਚਾ ਮਾਂ ਨਾਲ ਤੋਤਲੀਆਂ ਗੱਲਾਂ ਕਰਦਾ ਹੈਮਾਂ ਵੀ ਅੱਗੋਂ ਬੱਚੇ ਦੀ ਨਕਲ ਕਰਕੇ ਉਹਦੀ ਭਾਸ਼ਾ ਵਿੱਚ ਓਹੋ ਜਿਹੇ ਉਚਾਰਨ ਕਰਦੀ ਹੈਹੈਰਾਨੀ ਦੀ ਗੱਲ ਹੈ ਕਿ ਬੱਚੇ ਦੀ ਅਸਪਸ਼ਟ, ਅਮੂਰਤ ਕਿਸਮ ਦੀ ਭਾਸ਼ਾ ਉਹਦੀ ਮਾਂ ਝੱਟ ਪੱਟ ਸਮਝ ਜਾਂਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਖੱਗ ਹੀ ਜਾਣੇ ਖੱਗ ਦੀ ਭਾਸ਼ਾਬੱਚਾ ਮਾਂ ਦੇ ਸ਼ਬਦਾਂ ਦੀ ਨਕਲ ਕਰਦਾ ਹੈਕਈ ਵਾਰ ਉਹ ਉਨ੍ਹਾਂ ਸ਼ਬਦਾਂ ਨੂੰ ਆਪਣੀ ਸਮਰੱਥਾ ਅਤੇ ਸੌਖ ਅਨੁਸਾਰ ਢਾਲ ਕੇ ਸੰਚਾਰ ਕਰਦਾ ਹੈਫਿਰ ਇੱਕ ਦਿਨ ਉਹ ਭਾਸ਼ਾ ਮਾਹਰ ਬਣ ਜਾਂਦਾ ਹੈ ਪ੍ਰਸਿੱਧ ਭਾਸ਼ਾ ਵਿਗਿਆਨੀ ਨੌਮ ਚਾਮਸਕੀ ਲਿਖਦਾ ਹੈ ਕਿ ਭਾਸ਼ਾ ਦਾ ਜਟਿਲ ਪ੍ਰਬੰਧ ਬੱਚਾ ਸਹਿਜਤਾ ਨਾਲ ਹੀ ਸਿੱਖ ਜਾਂਦਾ ਹੈਉਹਦੇ ਅੰਦਰ ਭਾਸ਼ਾ ਨੂੰ ਸਮਝਣ ਤੇ ਪ੍ਰਗਟਾਉਣ ਦੀ ਅਸੀਮ ਸਮਰੱਥਾ ਹੁੰਦੀ ਹੈਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੱਚਾ ਕਿੰਨਾ ਬੁੱਧੀਮਾਨ ਹੈਉਹ ਨਿੱਕੇ-ਨਿੱਕੇ ਤੋਤਲੇ ਲਫ਼ਜਾਂ ਰਾਹੀਂ ਵੀ ਪੂਰੀ ਗੱਲ ਸੰਚਾਰਨ ਦੇ ਸਮਰੱਥ ਹੁੰਦਾ ਹੈ

ਮਨੁੱਖ ਨੇ ਜਿਵੇਂ ਜਿਵੇਂ ਭਾਸ਼ਾ ਨੂੰ ਹੈਰਾਨੀ ਨਾਲ ਦੇਖਿਆ ਇਹਦੇ ’ਤੇ ਉਹਨੂੰ ਮਾਣ ਮਹਿਸੂਸ ਹੋਇਆਆਪਣੀ ਭਾਸ਼ਾ ਨੂੰ ਸਰਬ-ਉੱਚ ਤੇ ਸਮਰੱਥ ਦਿਖਾਉਣ ਲਈ ਉਹਨੇ ਮਿੱਥਾਂ ਦਾ ਸਹਾਰਾ ਲਿਆਮਿਸਰੀਆਂ ਨੇ ਆਪਣੀ ਬੋਲੀ ਨੂੰ ਵਡਿਆਉਣ ਲਈ ਬੇਬੀਲੋਨ ਦੇ ਮਿਨਾਰ ਦੀ ਮਿੱਥ ਘੜ ਲਈ ਤੇ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੀ ਜਨਨੀ ਮਿਸਰੀ ਭਾਸ਼ਾ ਨੂੰ ਸਾਬਤ ਕਰਨ ਦਾ ਜਤਨ ਕੀਤਾਸਾਡੇ ਦੇਸ਼ ਵਿੱਚ ਸੰਸਕ੍ਰਿਤ ਨੂੰ ਦੇਵਬਾਣੀ ਮੰਨਿਆ ਜਾਂਦਾ ਹੈ ਇਸੇ ਕਰਕੇ ਮਿਸਰ ਦੇ ਦੇਵਤੇ ਥੋਥ ਨੂੰ ਉਨ੍ਹਾਂ ਦੀ ਭਾਸ਼ਾ ਦਾ ਮੋਢੀ ਮੰਨਿਆ ਜਾਂਦਾ ਹੈਇਸਾਈਆਂ ਦਾ ਮੱਤ ਹੈ ਕਿ ਪ੍ਰਮਾਤਮਾ ਨੇ ਆਦਮ ਨੂੰ ਸੰਸਾਰਕ ਵਸਤੂਆਂ ਦੇ ਨਾਂ ਘੜਨ ਦੀ ਸ਼ਕਤੀ ਬਖਸ਼ੀਉਹਨੇ ਛੇ ਦਿਨਾਂ ਵਿੱਚ ਇਹ ਕੰਮ ਕੀਤਾ ਤੇ ਐਤਵਾਰ ਅਰਾਮ ਕੀਤਾਬੇਬੀਲੋਨੀਆ ਵਾਲੇ ਭਾਸ਼ਾ ਨੂੰ ਨਾਬੂ ਦੇਵਤੇ ਦੀ ਬਖਸ਼ਿਸ਼ ਮੰਨਦੇ ਹਨਚੀਨੀ ਮੰਨਦੇ ਹਨ ਕਿ ਸਵਰਗ ਦੇ ਦੂਤ ਨੂੰ ਲੀਕਾਂ ਵਾਲੀ ਪਿੱਠ ਵਾਲੇ ਕੱਛੂਕੁੰਮੇ ਦੇ ਰੂਪ ਵਿੱਚ ਭੇਜ ਕੇ ਪ੍ਰਮਾਤਮਾ ਨੇ ਚੀਨੀਆਂ ਨੂੰ ਲਿਖਣਾ ਸਿਖਾਇਆਭਾਰਤੀ ਮਿੱਥਾਂ ਵਿੱਚ ਵੀ ਸਰਸਵਤੀ-ਬ੍ਰਹਮਾ ਨੂੰ ਗਿਆਨ ਦੀ ਦੇਵੀ-ਦੇਵਤੇ ਮੰਨਿਆ ਜਾਂਦਾ ਹੈ

ਦਾਗਿਸਤਾਨੀ ਭਾਸ਼ਾਵਾਂ ਦੇ ਜਨਮ ਬਾਰੇ ਰਸੂਲ ਹਮਜਾਤੋਵ ਕਈ ਲੋਕ ਕਥਾਵਾਂ ਦਾ ਵਰਣਨ ਕਰਦਿਆਂ ਲਿਖਦਾ ਹੈ ਕਿ- ਅੱਲਹ ਦਾ ਭੇਜਿਆ ਇੱਕ ਦੂਤ ਖੱਚਰ ’ਤੇ ਸਵਾਰ ਹੋ ਕੇ ਇਸ ਪ੍ਰਿਥਵੀ ’ਤੇ ਜਾ ਰਿਹਾ ਸੀ ਤੇ ਬਹੁਤ ਵੱਡੀ ਖੁਰਜੀ ਵਿੱਚੋਂ ਭਾਸ਼ਾਵਾਂ ਕੱਢ ਕੱਢ ਕੇ ਜਨ-ਗਣਾਂ ਅਤੇ ਕੌਮਾਂ ਨੂੰ ਦਿੰਦਾ ਜਾ ਰਿਹਾ ਸੀਚੀਨੀਆਂ ਨੂੰ ਉਹਨੇ ਚੀਨੀ ਭਾਸ਼ਾ ਦਿੱਤੀਅਰਬਾਂ ਵੱਲ ਗਿਆ ਤਾਂ ਉਨ੍ਹਾਂ ਨੂੰ ਅਰਬੀ ਭਾਸ਼ਾ ਦੇ ਦਿੱਤੀਯੂਨਾਨੀਆਂ ਨੂੰ ਯੂਨਾਨੀ, ਰੂਸੀਆਂ ਨੂੰ ਰੂਸੀ ਅਤੇ ਫ਼ਰਾਂਸੀਸੀਆਂ ਨੂੰ ਫ੍ਰੈਂਚ ਭਾਸ਼ਾ ਦੇ ਦਿੱਤੀਭਾਸ਼ਾਵਾਂ ਵੱਖ-ਵੱਖ ਕਿਸਮ ਦੀਆਂ ਸਨਕੁਝ ਮਿੱਠੀਆਂ, ਕੁਝ ਸਖ਼ਤ, ਕੁਝ ਲੱਛੇਦਾਰ ਤੇ ਕੁਝ ਕੋਮਲ ਸਨਜਨ-ਗਣ ਇਹੋ ਜਿਹੇ ਤੋਹਫੇ ਨਾਲ ਬੜੇ ਖੁਸ਼ ਹੋਏ ਤੇ ਉਸੇ ਵੇਲੇ ਆਪਣੀ ਭਾਸ਼ਾ ਬੋਲਣ ਲੱਗੇ

ਆਪਣੇ ਖੱਚਰ ’ਤੇ ਸਵਾਰੀ ਕਰਦਿਆਂ ਅੱਲਹ ਦਾ ਇਹ ਬੰਦਾ ਸਾਡੇ ਦਾਗਿਸਤਾਨ ਤਕ ਪਹੁੰਚ ਗਿਆਕੁਝ ਹੀ ਸਮਾਂ ਪਹਿਲਾਂ ਉਹਨੇ ਜਾਰਜੀਆਈ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਦਿੱਤੀ, ਜਿਸ ਵਿੱਚ ਮਗਰੋਂ ਸ਼ੋਤਾ ਰੁਸਤਾਵੇਲੀ ਨੇ ਆਪਮਾ ਮਹਾਂਕਾਵਿ ਰਚਿਆਕੁਝ ਸਮਾਂ ਪਹਿਲਾਂ ਹੀ ਉਹਨੇ ਉਸੇਤੀਆਂ ’ਤੇ ਕਿਰਪਾ ਕਰਦਿਆਂ ਉਹਨਾਂ ਨੂੰ ਉਨ੍ਹਾਂ ਦੀ ਭਾਸ਼ਾ ਦਿੱਤੀ, ਜਿਸ ਭਾਸ਼ਾ ਵਿੱਚ ਕੋਸਤਾ ਹੇਤਾਗੁਰੇਵ ਨੇ ਸਾਹਿਤ ਸਿਰਜਣਾ ਕੀਤੀਆਖਰ ਸਾਡੀ ਵਾਰੀ ਆ ਗਈ

ਪਰ ਹੋਇਆ ਇੰਜ ਕਿ ਦਾਗਿਸਤਾਨ ਦੇ ਪਹਾੜਾਂ ’ਤੇ ਉਸ ਦਿਨ ਬਰਫਾਨੀ ਤੂਫਾਨ ਝੁਲਦਾ ਪਿਆ ਸੀਦੱਰਿਆਂ ਵਿੱਚ ਬਰਫ ਜ਼ੋਰ ਜ਼ੋਰ ਦੀ ਚੱਕਰ ਕੱਢਦੀ ਅਕਾਸ਼ ਤਕ ਉੱਪਰ ਵੱਲ ਜਾ ਰਹੀ ਸੀਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ - ਨਾ ਰਾਹ, ਨਾ ਘਰ, ਨਾ ਮਕਾਨਸਿਰਫ ਹਨੇਰੇ ਵਿੱਚ ਹਵਾ ਜ਼ੋਰ ਨਾਲ ਸੀਟੀਆਂ ਵਜਾਉਂਦੀ ਹੋਈ ਸੁਣਾਈ ਦੇ ਰਹੀ ਸੀਕਦੇ ਪੱਥਰ ਟੁੱਟ ਟੁੱਟ ਕੇ ਡਿਗਦੇ ਤੇ ਸਾਡੀਆਂ ਚਾਰੇ ਨਦੀਆਂ ਰੌਲਾ ਪਾਉਂਦੀਆਂ ਗਰਜਦੀਆਂ

‘ਨਹੀਂ’, ਭਾਸ਼ਾਵਾਂ ਵੰਡਣ ਵਾਲੇ ਨੇ ਕਿਹਾ, ਜਿਸਦੀਆਂ ਮੁੱਛਾਂ ’ਤੇ ਬਰਫ ਜੰਮਣ ਲੱਗ ਪਈ ਸੀ‘ਮੈਂ ਇਨ੍ਹਾਂ ਚਟਾਨਾਂ ’ਤੇ ਨਹੀਂ ਚੜ੍ਹ ਸਕਦਾ ਤੇ ਉਹ ਵੀ ਐਡੇ ਭੈੜੇ ਮੌਸਮ ਵਿੱਚ।’

ਉਹਨੇ ਆਪਣੀ ਖੁਰਜੀ ਵਿੱਚ ਹੱਥ ਮਾਰਿਆ ਜਿਸਦੇ ਥੱਲੇ ਨਾਲ ਲੱਗੀਆਂ ਦੋ ਕੁ ਮੁੱਠੀ ਭਾਸ਼ਾਵਾਂ ਪਈਆਂ ਸਨ, ਜਿਹੜੀਆਂ ਅਜੇ ਤਕ ਵੰਡੀਆਂ ਨਹੀਂ ਸਨ ਗਈਆਂ ਤੇ ਇਨ੍ਹਾਂ ਭਾਸ਼ਾਵਾਂ ਨੂੰ ਉਹਨੇ ਸਾਡੇ ਪਹਾੜਾਂ ’ਤੇ ਖਿਲਾਰ ਦਿੱਤਾ

‘ਜਿਸ ਨੂੰ ਜਿਹੜੀ ਭਾਸ਼ਾ ਚੰਗੀ ਲੱਗੇ ਉਹੀ ਭਾਸ਼ਾ ਲੈ ਲਵੇ’ ਤੇ ਉਹ ਅੱਲਹ ਕੋਲ ਵਾਪਸ ਚਲਾ ਗਿਆ

ਇਸ ਤਰ੍ਹਾਂ ਦੋ ਕੁ ਮੁੱਠਾਂ ਖਿਲਰੀਆਂ ਹੋਈਆਂ ਭਾਸ਼ਾਵਾਂ ਨੂੰ ਬਰਫ ਦੇ ਤੂਫਾਨ ਨੇ ਝਪਟ ਲਿਆ ਤੇ ਉਨ੍ਹਾਂ ਨੂੰ ਦੱਰਿਆਂ ਤੇ ਚਟਾਨਾਂ ਉੱਤੇ ਲੈ ਜਾਣ ਤੇ ਇੱਧਰ ਉੱਧਰ ਸੁੱਟਣ ਲੱਗਾਪਰ ਇਸ ਵੇਲੇ ਅਚਾਨਕ ਸਾਰੇ ਦਾਗਿਸਤਾਨੀ ਘਰਾਂ ਵਿੱਚੋਂ ਨਿਕਲ ਕੇ ਬਾਹਰ ਵੱਲ ਦੌੜੇਹੜਬੜਾਏ, ਇੱਕ ਦੂਜੇ ਨੂੰ ਧੱਕੇ ਮਾਰਦੇ ਉਹ ਭਾਸ਼ਾਵਾਂ ਦੀ ਇਸ ਸੁਖਦਾਈ ਅਤੇ ਪਿਆਰੀ ਸੁਨਹਿਰੀ ਵਰਖਾ ਵੱਲ ਭੱਜਣ ਲੱਗੇ, ਜਿਸਦੀ ਉਨ੍ਹਾਂ ਨੂੰ ਇੱਕ ਮੁੱਦਤ ਤੋਂ ਉਡੀਕ ਸੀਉਹ ਭਾਸ਼ਾਵਾਂ ਨੂੰ ਅੰਨ ਦੇ ਕੀਮਤੀ ਦਾਣਿਆਂ ਵਾਂਗ, ਜਿਨ੍ਹਾਂ ਨੂੰ ਜੋ ਮਿਲ ਗਿਆ ਬਟੋਰਨ ਲੱਗੇਫਿਰ ਹਰ ਇੱਕ ਨੇ ਆਪਣੀ ਆਪਣੀ ਬੋਲੀ ਲੈ ਲਈਆਪਣੀ ਆਪਣੀ ਭਾਸ਼ਾ ਲੈ ਕੇ ਪਹਾੜੀ ਲੋਕ ਘਰੀਂ ਜਾ ਕੇ ਬਰਫ ਦੇ ਤੂਫਾਨ ਦੇ ਮੁੱਕਣ ਦਾ ਇੰਤਜ਼ਾਰ ਕਰਨ ਲੱਗੇ

ਜਦੋਂ ਸਵੇਰ ਹੋਈ ਤਾਂ ਧੁੱਪ ਖਿੜੀ ਹੋਈ ਸੀ - ਬਰਫ ਤਾਂ ਜਿਵੇਂ ਪਈ ਹੀ ਨਹੀਂ ਸੀਲੋਕਾਂ ਨੇ ਵੇਖਿਆ, ਸਾਹਮਣੇ ਪਹਾੜ ਹੈਇਹ ਤਾਂ ਹੁਣ ਪਹਾੜ ਸੀ ਉਸ ਨੂੰ ਪਹਾੜ ਆਖਿਆ ਜਾ ਸਕਦਾ ਸੀਲੋਕਾਂ ਨੇ ਵੇਖਿਆ ਸਾਹਮਣੇ ਸਮੁੰਦਰ ਹੈਉਹਨੂੰ ਹੁਣ ਸਮੁੰਦਰ ਆਖਿਆ ਜਾ ਸਕਦਾ ਸੀਸਾਹਮਣੇ ਆਉਣ ਵਾਲੀ ਹਰ ਸ਼ੈਅ ਨੂੰ ਹੁਣ ਕੋਈ ਨਾ ਕੋਈ ਨਾਂ ਦਿੱਤਾ ਜਾ ਸਕਦਾ ਸੀਕਿੰਨੀ ਖੁਸ਼ੀ ਦੀ ਗੱਲ ਸੀਇਹ ਰੋਟੀ ਏ, ਇਹ ਮਾਂ ਏ, ਇਹ ਪਹਾੜੀ ਘਰ ਏ, ਇਹ ਚੁੱਲ੍ਹਾ ਏ, ਇਹ ਪੁੱਤਰ ਏ, ਇਹ ਗਵਾਂਢੀ ਏ, ਇਹ ਲੋਕ ਨੇ

ਸਾਰੇ ਲੋਕ ਸੜਕ ’ਤੇ ਇਕੱਠੇ ਹੋ ਗਏ ਤੇ ਸਾਰੇ ਰਲ਼ ਕੇ ਚੀਖੇ - ਪਹਾੜਉਨ੍ਹਾਂ ਨੇ ਕੰਨ ਲਾ ਕੇ ਪੜਤਾਲੀ ਸੁਣੀ - ਸਾਰਿਆਂ ਨੇ ਇਸ ਸ਼ਬਦ ਨੂੰ ਵੱਖ-ਵੱਖ ਢੰਗਾਂ ਨਾਲ ਬੋਲਿਆ ਸੀ ਇਸੇ ਸਮੇਂ ਤੋਂ ਆਵਾਰ, ਲੇਜ਼ਗੀਨ, ਦਾਰਗੀਨ, ਕੁਮਕ, ਨਾਤ ਅਤੇ ਲਾਕ ਨਸਲਾਂ ਦੀਆਂ ਭਾਸ਼ਾਵਾਂ ਬਣ ਗਈਆਂਸ਼ਮੀਲ ਨੇ ਕਿਹਾ ਤੇ ਲੋਕ ਸਮਝ ਗਏ - ਹੁਣ ਭਾਸ਼ਾ ਦੀ ਮਾਤ ਭੂਮੀ ਵਾਂਗ ਹੀ ਰੱਖਿਆ ਕਰਨੀ ਚਾਹੀਦੀ ਹੈ

ਇਸੇ ਕਰਕੇ ਬਹੁਤ ਲੰਬਾ ਸਮਾਂ ਭਾਸ਼ਾ ਨੂੰ ਦੈਵੀ ਦੇਣ ਸਮਝਿਆ ਜਾਂਦਾ ਸੀ7ਵੀਂ ਸਦੀ ਬੀ.ਸੀ. ਵਿੱਚ ਇੱਕ ਮਿਸਰੀ ਰਾਜੇ ਨੇ ਇਹ ਪਤਾ ਲਾਉਣ ਲਈ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਕਿਹੜੀ ਹੈ, ਇੱਕ ਵਿਲੱਖਣ ਤਜਰਬਾ ਕੀਤਾਉਹਨੂੰ ਇਸ ਗੱਲ ਦਾ ਗਿਆਨ ਸੀ ਕਿ ਬੱਚੇ ਆਪਣੇ ਆਲੇ ਦੁਆਲੇ ਵਿੱਚੋਂ ਭਾਸ਼ਾ ਸਿੱਖਦੇ ਹਨਇਸ ਲਈ ਉਹਨੇ ਦੋ ਨਵ-ਜੰਮੇ ਬੱਚਿਆਂ ਨੂੰ ਦੂਰ ਜੰਗਲ ਵਿੱਚ ਇੱਕ ਆਜੜੀ ਕੋਲ ਛੱਡ ਦਿੱਤਾ ਤੇ ਸਖਤ ਹਿਦਾਇਤ ਕੀਤੀ ਕਿ ਉਨ੍ਹਾਂ ਦੇ ਸਾਹਮਣੇ ਮਨੁੱਖੀ ਭਾਸ਼ਾ ਦਾ ਕੋਈ ਲਫ਼ਜ ਨਾ ਬੋਲਿਆ ਜਾਵੇਉਹਨੂੰ ਆਸ ਸੀ ਕਿ ਜਦੋਂ ਬੱਚੇ ਵੱਡੇ ਹੋ ਕੇ ਆਪਸ ਵਿੱਚ ਗੱਲਬਾਤ ਕਰਨਗੇ ਤਾਂ ਪਤਾ ਲੱਗ ਜਾਏਗਾ ਕਿ ਉਹ ਕਿਹੜੀ ਭਾਸ਼ਾ ਬੋਲਦੇ ਹਨਆਜੜੀ ਚੁੱਪ ਚੁਪੀਤਾ ਉਨ੍ਹਾਂ ਦੀ ਪਾਲਣਾ ਕਰਨ ਲੱਗਾਉਨ੍ਹਾਂ ਨੇ ਨਾ ਤਾਂ ਕਦੇ ਕਿਸੇ ਨੂੰ ਬੋਲਦਿਆਂ ਸੁਣਿਆ ਸੀ ਨਾ ਆਜੜੀ ਉਨ੍ਹਾਂ ਸਾਹਮਣੇ ਕੋਈ ਗੱਲ ਕਰਦਾ ਸੀਜੰਗਲ ਵਿੱਚ ਉਹ ਜੰਗਲੀ ਜਾਨਵਰਾਂ ਦੀਆਂ ਅਵਾਜ਼ਾਂ ਜ਼ਰੂਰ ਸਿੱਖ ਗਏ ਸਨ ਇੱਕ ਦਿਨ ਜਦੋਂ ਆਜੜੀ ਉਨ੍ਹਾਂ ਨੂੰ ਲੈ ਕੇ ਬਾਹਰ ਆਇਆ ਤਾਂ ਉਹਨੇ ਰੌਲਾ ਪਾ ਦਿੱਤਾ ਕਿ ਬੱਚਿਆਂ ਨੇ ਬੇਕੋਸ (becos) ਸ਼ਬਦ ਬੋਲਿਆ ਹੈ, ਜਿਸਦਾ ਅਲਬਾਨੀਅਨ ਭਾਸ਼ਾ ਵਿੱਚ ਅਰਥ ਰੋਟੀ ਹੁੰਦਾ ਹੈਇਹ ਸ਼ਬਦ ਉਨ੍ਹਾਂ ਨੇ ਆਜੜੀ ਕੋਲੋਂ ਹੀ ਸਿੱਖਿਆ ਸੀਰਾਜੇ ਨੂੰ ਬੜੀ ਨਿਰਾਸ਼ਾ ਹੋਈ ਕਿ ਬੱਚਿਆਂ ਨੇ ਮਿਸਰੀ ਜ਼ਬਾਨ ਦਾ ਕੋਈ ਸ਼ਬਦ ਕਿਉਂ ਨਹੀਂ ਬੋਲਿਆਹਾਲਾਂਕਿ ਬਾਅਦ ਵਿੱਚ ਇਹ ਸਪਸ਼ਟ ਹੋ ਗਿਆ ਕਿ ਆਜੜੀ ਨੇ ਗਲਤੀ ਨਾਲ ਉਨ੍ਹਾਂ ਸਾਹਮਣੇ ਇੱਕ ਦਿਨ ਬੇਕੋਸ ਸ਼ਬਦ ਬੋਲ ਦਿੱਤਾ ਸੀ, ਜਿਸ ਨੂੰ ਬੱਚਿਆਂ ਨੇ ਤੁਰੰਤ ਸਿੱਖ ਲਿਆ

ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਜੇ ਬੱਚੇ ਕੋਈ ਭਾਸ਼ਾ ਨਾ ਸੁਣਨ ਤਾਂ ਉਹ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਦੇਉਪਰੋਕਤ ਭਾਸ਼ਾ ਉਸ ਸਮੇਂ ਦੇ ਟਰਕੀ ਦੇ ਕਿਸੇ ਹਿੱਸੇ ਵਿੱਚ ਬੋਲੀ ਜਾਂਦੀ ਸੀ ਜੋ ਅੱਜ ਖਤਮ ਹੋ ਚੁੱਕੀ ਹੈਭਾਸ਼ਾ ਨਾਲ ਜੁੜੀਆਂ ਮਿੱਥਾਂ ਤੇ ਲੋਕ ਕਥਾਵਾਂ ਅਸਲ ਵਿੱਚ ਮਨੁੱਖ ਦੀ ਉਸ ਸੋਚ ਦੀਆਂ ਜ਼ਾਮਨ ਹਨ ਕਿ ਉਹ ਸਦਾ ਤੋਂ ਭਾਸ਼ਾ ਨੂੰ ਹੈਰਾਨੀ ਨਾਲ ਦੇਖਦਾ, ਉਹਦੇ ਬਾਰੇ ਖੋਜ-ਬੀਨ ਕਰਦਾ ਆਇਆ ਹੈਮਨੁੱਖ ਦੇ ਗਲੇ ਵਿੱਚੋਂ ਬਾਹਰ ਨਿਕਲੀ ਘੰਡੀ ਜੋ ਅੰਦਰ ਕੰਠ ਪਿਟਾਰੀ ਹੈ ਤੇ ਭਾਸ਼ਾ ਦੇ ਉਚਾਰਨ ਦਾ ਇਹ ਪਹਿਲਾ ਸਥਾਨ ਹੈ, ਜਿਸ ਉੱਪਰ ਵੋਕਲ ਕਾਰਡਜ਼ ਅਥਵਾ ਸੁਰ ਤੰਦਾਂ ਟਿਕੀਆਂ ਹੁੰਦੀਆਂ ਹਨ

ਮਾਂ ਬੋਲੀ ਲਈ ਹਰ ਭਾਸ਼ਾ ਵਿੱਚ ਬੜੀਆਂ ਦਿਲਚਸਪ ਤੇ ਅਨੋਖੀਆਂ ਕਥਾ-ਕਹਾਣੀਆਂ ਘੜੀਆਂ ਗਈਆਂ ਹਨਪਰ ਇੱਕ ਗੱਲ ਸਪਸ਼ਟ ਹੈ ਕਿ ਮਨੁੱਖ ਹਮੇਸ਼ਾ ਤੋਂ ਮਾਂ ਬੋਲੀ ’ਤੇ ਮਾਣ ਕਰਦਾ ਆਇਆ ਹੈ ਪਰ ਰਾਜਸੀ ਤਬਦੀਲੀਆਂ ਤੇ ਮਨੁੱਖੀ ਗੁਲਾਮੀ ਨੇ ਮਨੁੱਖੀ ਮਾਨਸਿਕਤਾ ਨੂੰ ਤਬਾਹ ਕੀਤਾ ਤੇ ਬਹੁਤ ਸਾਰੇ ਲੋਕਾਂ ਕੋਲੋਂ ਉਨ੍ਹਾਂ ਦੀ ਮਾਂ ਬੋਲੀ ਖੋਹਣ ਦਾ ਜਤਨ ਕੀਤਾ21 ਫਰਵਰੀ, 1952 ਦਾ ਉਹ ਦਿਹਾੜਾ ਸੀ ਜਦੋਂ ਢਾਕੇ (ਹੁਣ ਬੰਗਲਾ ਦੇਸ਼) ਵਿੱਚ ਆਪਣੀ ਮਾਂ ਬੋਲੀ ਬੰਗਲਾ ਨੂੰ ਉਰਦੂ ਦੀ ਥਾਂ ਸਰਕਾਰੀ ਭਾਸ਼ਾ ਬਣਾਉਣ ਲਈ ਵਿਦਿਆਰਥੀ ਢਾਕਾ ਯੂਨੀਵਰਸਿਟੀ ਦੀਆਂ ਸੜਕਾਂ ’ਤੇ ਮੁਜ਼ਾਹਰਾ ਕਰ ਰਹੇ ਸਨਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਗੋਲੀ ਚਲਾ ਦਿੱਤੀ ਜਿਸ ਨਾਲ ਅਨੇਕਾਂ ਲੋਕ ਮਾਂ ਬੋਲੀ ਦੀ ਖਾਤਰ ਸ਼ਹੀਦ ਹੋ ਗਏਯੂਨੈਸਕੋ ਨੇ ਸੰਨ 2000 ਵਿੱਚ ਉਨ੍ਹਾਂ ਭਾਸ਼ਾ ਸ਼ਹੀਦਾਂ ਦੀ ਯਾਦ ਵਿੱਚ 21 ਫਰਵਰੀ ਨੂੰ ‘ਕੌਮਾਂਤਰੀ ਮਾਂ ਬੋਲੀ ਦਿਹਾੜਾ’ ਮਨਾਉਣ ਦਾ ਅਹਿਦ ਕੀਤਾ

ਮਾਂ ਬੋਲੀ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਸਮਝੋ ਇੱਕ ਯੁਗ ਖਤਮ ਹੋ ਜਾਂਦਾ ਹੈ, ਇੱਕ ਸੱਭਿਆਚਾਰ ਮਰ ਜਾਂਦਾ ਹੈਇਤਿਹਾਸ ਦਾ ਇੱਕ ਪੰਨਾ ਗੁਆਚ ਜਾਂਦਾ ਹੈਇਹੋ ਜਿਹੀ ਹੀ ਇੱਕ ਘਟਨਾ 1801 ਵਿੱਚ ਵਾਪਰੀ ਸੀ ਜਦੋਂ ਪ੍ਰਸਿੱਧ ਭਾਸ਼ਾ ਵਿਗਿਆਨੀ ਅਲੈਂਗਜੈਂਡਰ ਵਾਨ ਹਮਬੋਲਟ ਦੱਖਣੀ ਅਮਰੀਕਾ ਦੇ ਦਰਿਆ ਓਰੀਨੋਕੋ ਦਾ ਸ੍ਰੋਤ ਲੱਭਦੇ ਕੁਝ ਕੈਰੀਬ ਇੰਡੀਅਨਾਂ ਨੂੰ ਮਿਲਿਆ ਜਿਨ੍ਹਾਂ ਨੇ ਕੁਝ ਚਿਰ ਪਹਿਲਾਂ ਆਪਣੇ ਗਵਾਂਢੀ ਕਬੀਲੇ ’ਤੇ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀਉਨ੍ਹਾਂ ਨੇ ਕਬੀਲੇ ਦੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਤੇ ਆਉਂਦੇ ਹੋਏ ਹੋਰ ਲੁੱਟੇ ਸਮਾਨ ਦੇ ਨਾਲ-ਨਾਲ ਉਨ੍ਹਾਂ ਦੇ ਪਾਲਤੂ ਤੋਤੇ ਵੀ ਲੈ ਆਏਤੋਤੇ ਆਪਸ ਵਿੱਚ ਉਂਜ ਹੀ ਬੋਲਦੇ ਸਨ ਜਿਵੇਂ ਕਿ ਪੰਛੀ ਬੋਲਦੇ ਹਨ ਪਰ ਜਦੋਂ ਹਮਬੋਲਟ ਨੇ ਉਨ੍ਹਾਂ ਨੂੰ ਆਪਸ ਵਿੱਚ ਗੱਲਾਂ ਕਰਦਿਆਂ ਸੁਣਿਆ ਤਾਂ ਉਹਨੂੰ ਲੱਗਿਆ ਕਿ ਇਹ ਮਾਰੇ ਗਏ ਕਬੀਲੇ ਦੇ ਲੋਕਾਂ ਦੀ ਭਾਸ਼ਾ ਬੋਲ ਰਹੇ ਹਨਇਸ ਲਈ ਉਹਨੇ ਉਨ੍ਹਾਂ ਦੀ ਅਵਾਜ਼ ਤੋਂ ਕੁਝ ਸ਼ਬਦ ਲਿਖਣ ਦਾ ਜਤਨ ਕੀਤਾ ਤੇ ਉਨ੍ਹਾਂ ਦੀਆਂ ਧੁਨੀਆਂ ਨੂੰ ਸਮਝਿਆਹੁਣ ਕਿਉਂਕਿ ਉਸ ਭਾਸ਼ਾ ਨੂੰ ਬੋਲਣ ਵਾਲਾ ਕੋਈ ਵੀ ਬੁਲਾਰਾ ਬਾਕੀ ਨਹੀਂ ਸੀ ਬਚਿਆ ਤੇ ਸਿਰਫ ਤੋਤੇ ਹੀ ਸਨ, ਜੋ ਕੁਝ ਕੁਝ ਦੱਸ ਰਹੇ ਸਨ

ਕੋਈ ਦੋ ਸੌ ਵਰ੍ਹਿਆਂ ਬਾਅਦ ਅਮਰੀਕਨ ਬੁੱਤਘਾੜੀ ਰਸ਼ੈਲ ਬਰਵਿੱਕ ਨੇ ਫੈਸਲਾ ਕੀਤਾ ਕਿ ਉਹ ਉਸ ਮਰੀ ਹੋਈ ਭਾਸ਼ਾ ਨੂੰ ਜਿੰਦਾ ਕਰੇਗੀਉਹਨੇ ਦੱਖਣੀ ਅਮਰੀਕਾ ਤੋਂ ਦੋ ਤੋਤੇ ਲਿਆਂਦੇ ਤੇ ਉਨ੍ਹਾਂ ਨੂੰ ਹਮਬੋਲਟ ਵੱਲੋਂ ਲਿਖੇ ਸ਼ਬਦ ਰਟਾਉਣ ਦੀ ਕੋਸ਼ਿਸ਼ ਕੀਤੀਉਹਨੇ ਉਨ੍ਹਾਂ ਨੂੰ ਦੋ ਵੱਡੇ ਪਿੰਜਰਿਆਂ ਵਿੱਚ ਰੱਖਿਆ ਤੇ ਆਸੇ ਪਾਸੇ ਜੰਗਲੀ ਅਵਾਜ਼ਾਂ ਤੇ ਵਾਤਾਵਰਣ ਉਸਾਰਨ ਦਾ ਜਤਨ ਕੀਤਾਅਚਾਨਕ ਇੱਕ ਪੁਰਾਣੀ ਮਰੀ ਹੋਈ ਭਾਸ਼ਾ ਜਿੰਦਾ ਹੋ ਗਈ ਭਾਵੇਂ ਕਿ ਇਹ ਸਿਰਫ ਤੋਤਿਆਂ ਦੀ ਰਟ ਵਿੱਚ ਹੀ ਸੁਣੀ ਜਾ ਸਕਦੀ ਸੀਮਾਂ ਬੋਲੀ ਦੇ ਗੁਆਚਣ ਦਾ ਕਿੰਨਾ ਦੁੱਖ ਹੁੰਦਾ ਹੈਅੱਜ ਸੰਸਾਰ ’ਤੇ ਅਨੇਕਾਂ ਮਾਂ ਬੋਲੀਆਂ ਮਰ ਚੁੱਕੀਆਂ ਹਨ ਤੇ ਹਰ ਰੋਜ਼ ਮਰ ਰਹੀਆਂ ਹਨਮਾਂ ਬੋਲੀ ਦਾ ਕਰਜ਼ ਮਨੁੱਖ ਦੇ ਸਿਰ ਮਾਂ ਦੇ ਦੁੱਧ ਨਾਲ ਚੜ੍ਹਦਾ ਹੈਅੱਜ ਮਾਂ ਬੋਲੀਆਂ ਨੂੰ ਬਚਾਉਣ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਸਾਡੀਆਂ ਮਾਵਾਂ ਸਿਰ ਹੈਜੇ ਉਹ ਨਿਆਣਿਆਂ ਨਾਲ ਆਪਣੀ ਬੋਲੀ ਵਿੱਚ ਗੱਲ ਕਰਨਗੀਆਂ ਤਾਂ ਦੁਨੀਆ ਦੀ ਕੋਈ ਮਾਂ ਬੋਲੀ ਨਹੀਂ ਮਰ ਸਕੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2607)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author