“ਇਸ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਪਾਣੀ ਪੰਜ ਦਰਿਆਵਾਂ ਦੀ ਧਰਤੀ ਤੋਂ ਮੂੰਹ ਮੋੜ ਰਿਹਾ ਹੈ। ਪੰਜਾਬ ਦਾ ਭਵਿੱਖ ...”
(6 ਜੁਲਾਈ 2024)
ਇਸ ਸਮੇਂ ਪਾਠਕ: 205.
ਪੀਣ ਵਾਲਾ ਪਾਣੀ ਨਾ ਮਿਲਣ ਕਰਕੇ ਪਿੰਡ ਵਾਸੀਆਂ ਵੱਲੋਂ ਰੋਡ ਜਾਮ, ਪਾਣੀ ਦੀ ਸਪਲਾਈ ਨਾ ਹੋਣ ਕਰਕੇ ਘੜੇ ਭੰਨ ਕੇ ਮੁਜ਼ਾਹਰਾ। ਇਹ ਖਬਰਾਂ ਖੁਸ਼ਕ ਮਾਰੂਥਲ ਏਰੀਏ ਦੀਆਂ ਹੋਣ ਤਾਂ ਕੋਈ ਜ਼ਿਆਦਾ ਧਿਆਨ ਨਹੀਂ ਖਿੱਚਦੀਆਂ, ਪਰ ਇਹ ਖਬਰਾਂ ਰੂਹ ਨੂੰ ਅੰਦਰ ਤਕ ਝੰਜੋੜ ਦੇਣ ਵਾਲੀ ਹੱਦ ਤਕ ਮਾਰੂ ਸਾਬਤ ਹੋ ਰਹੀਆਂ ਹਨ, ਕਿਉਂਕਿ ਇਹ ਖਬਰਾਂ ਪੰਜਾਬ, ਜਿਸ ਨੂੰ ਅਸੀਂ ਬੜੇ ਮਾਣ ਨਾਲ ਪੰਜ ਆਬਾਂ ਦੀ ਧਰਤੀ ਕਹਿੰਦੇ ਹਾਂ, ਨਾਲ ਸੰਬੰਧਿਤ ਹਨ। ਹਰ ਕਿਸੇ ਦੀ ਸੋਚ ਤੋਂ ਪਰੇ ਇਹ ਖ਼ਬਰਾਂ ਅਸਰ ਅੰਦਾਜ਼ ਹੋ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਧਰਤੀ ਹੇਠ 17 ਸਾਲਾਂ ਦਾ ਪਾਣੀ ਬਚਿਆ ਹੈ ਪੰਜ ਆਬਾਂ ਦੀ ਧਰਤੀ ਹੇਠ।
ਲੋਕਾਈ ਦੇ ਦਿਮਾਗ ਵਿੱਚ ਅਜੇ ਵੀ ਚੰਗੀ ਤਰ੍ਹਾਂ ਨਹੀਂ ਪੈ ਰਹੀ ਇਹ ਗੱਲ ਕਿ ਪਾਣੀ ਖਤਮ ਹੋ ਰਿਹਾ ਹੈ। ਕੋਈ ਇਸ ਗੱਲ ਨੂੰ ਸਮਝਣ ਲਈ ਹੀ ਤਿਆਰ ਨਹੀਂ। ਧਰਤੀ ’ਤੇ 70 ਫੀਸਦੀ ਪਾਣੀ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੈ, ਪਰ ਪੀਣ ਵਾਲੇ ਪਾਣੀ ਦੀ ਮਾਤਰਾ ਕਿੰਨੀ ਹੈ ਅਤੇ ਕਿੰਨਾ ਬਚਿਆ ਹੈ, ਇਹ ਕਿਸੇ ਨੂੰ ਨਹੀਂ ਪਤਾ ਤੇ ਨਾ ਹੀ ਕੋਈ ਇਸ ਨੂੰ ਸਮਝਣ ਲਈ ਤਿਆਰ ਹੈ। ਪਾਣੀ ਦੀ ਸੁਚੱਜੀ ਵਰਤੋਂ ਜਾਂ ਸੰਭਾਲ ਤਾਂ ਕੀ ਕਰਨੀ ਹੈ, ਅਸੀਂ ਪਾਣੀ ਬਰਬਾਦ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਾਂ ਅਤੇ ਜੇਕਰ ਕੋਈ ਦੁਰਵਰਤੋਂ ਕਰਨ ਤੋਂ ਰੋਕਦਾ ਹੈ ਤਾਂ ਸਾਡਾ ਜਵਾਬ ਪਹਿਲਾਂ ਹੀ ਘੜਿਆ ਹੁੰਦਾ ਹੈ ਕਿ ਮੇਰੇ ਪਾਣੀ ਦੀ ਸੰਭਾਲ ਕਰਨ ਨਾਲ ਕੀ ਹੋ ਜਾਵੇਗਾ।
ਪਾਣੀ ਖਤਮ ਹੋਣ ਦੀ ਪੁਸ਼ਟੀ ਕਰਦੀ ਹੈ ਬਿਜਲੀ ਮਹਿਕਮੇ ਕੋਲ ਆਈਆਂ ਖੇਤੀ ਮੋਟਰਾਂ ਦੇ ਲੋਡ ਵਧਾਉਣ ਲਈ ਅਰਜ਼ੀਆਂ ਦੀ ਗਿਣਤੀ। ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਏਰੀਏ ਦੇ ਕਿਸਾਨਾਂ ਨੇ 7 ਤੋਂ 8 ਹਜ਼ਾਰ ਦੀ ਗਿਣਤੀ ਵਿੱਚ ਮੋਟਰਾਂ ਦਾ ਲੋਡ ਵਧਾਉਣ ਦੀਆਂ ਅਰਜ਼ੀਆਂ ਦਿੱਤੀਆਂ ਹਨ। ਪਿਛਲੇ ਤਿੰਨ ਮਹੀਨਿਆਂ ਵਿੱਚ 50 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਮੋਟਰਾਂ ਦੇ ਲੋਡ ਵਧਾਏ ਹਨ। ਇਸ ਤੋਂ ਸਾਫ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਪਾਣੀ ਪੰਜ ਦਰਿਆਵਾਂ ਦੀ ਧਰਤੀ ਤੋਂ ਮੂੰਹ ਮੋੜ ਰਿਹਾ ਹੈ। ਪੰਜਾਬ ਦਾ ਭਵਿੱਖ ਸਾਫ ਨਜ਼ਰੀਂ ਆ ਰਿਹਾ ਹੈ। ਕਿਸ ਕਦਰ ਅਸੀਂ ਪਾਣੀ ਦੀ ਬਰਬਾਦੀ ਕਰ ਲਈ ਹੈ ਕਿ ਹਰ ਸਾਲ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਅਸੀਂ ਹੱਥ ’ਤੇ ਹੱਥ ਧਰੀ ਬੈਠੇ ਹਾਂ। ਸੰਭਲਣ ਦਾ ਵੇਲਾ ਹੱਥੋਂ ਰੇਤ ਦੀ ਤਰ੍ਹਾਂ ਕਿਰ ਰਿਹਾ ਹੈ।
ਗਿਆਨੀ ਗੁਰਦਿੱਤ ਸਿੰਘ ਜੀ ਨੇ ਕਿਸੇ ਵੇਲੇ ਲਿਖਿਆ ਸੀ, ਹੁਣ ਟਿਊਬਵੈਲਾਂ ਦੀ ਲਾਈਨ ਮੇਰੇ ਪਿੰਡ ਵੱਲ ਨੂੰ ਤੁਰੀ ਆਉਂਦੀ ਹੈ ਅਤੇ ਘੁਮਿਆਰ ਦੇ ਅੜੀਅਲ ਖੋਤੇ ਵਾਂਗ ਪਿੰਡ ਦੀ ਸਰਹੱਦ ’ਤੇ ਪੈਰ ਜਮਾ ਕੇ ਖੜ੍ਹ ਗਈ ਹੈ ਇਹ। ਪਰ ਹੁਣ ਤਾਂ ਇਸ ਅੜੀਅਲ ਖੋਤੇ ਨੇ ਕਦੋਂ ਦਾ ਖੌਰੂ ਪਾਉਣਾ ਵੀ ਬੰਦ ਕਰ ਦਿੱਤਾ ਹੈ, ਕਿਉਂਕਿ ਹੁਣ ਉਡਾਉਣ ਲਈ ਖੇਹ (ਮਿੱਟੀ) ਹੀ ਨਹੀਂ ਰਹਿ ਚੱਲੀ ਖੋਤੇ ਦੇ ਪੈਰਾਂ ਹੇਠ।
ਖੂਹਾਂ ਰਾਹੀਂ ਖੇਤੀ ਕਰਦੇ ਕਿਸਾਨਾਂ ਨੂੰ ਭਾਰਤ ਵਾਸੀਆਂ ਦਾ ਢਿੱਡ ਭਰਨ ਲਈ ਹਰੀ ਕ੍ਰਾਂਤੀ ਦੇ ਨਾਂ ਹੇਠ ਅਜਿਹੇ ਮੱਕੜਜਾਲ਼ ਵਿੱਚ ਫਸਾਇਆ ਕਿ ਕਿਸਾਨ ਦੀ ਹਾਲਤ ਚਾਸ਼ਣੀ ’ਤੇ ਬੈਠੀ ਮੱਖੀ ਵਰਗੀ ਹੋ ਗਈ ਹੈ, ਜੋ ਮਿੱਠੇ ਦੇ ਲਾਲਚ ਹੋਰ ਹੇਠਾਂ ਧੱਸਦੀ ਚਲੀ ਜਾ ਰਹੀ ਹੈ, ਪਰ ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਦੀ। ਕਿਸਾਨੀ ਦੀ ਹਾਲਤ ਵੀ ਸਰਮਾਏਦਾਰੀ ਯੁਗ ਹੋਣ ਕਰਕੇ ਹੁਣ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਣ ਦੀ ਆਪਣੀ ਆਜ਼ਾਦ ਹਸਤੀ ਗੁਆ ਚੁੱਕੀ ਹੈ ਅਤੇ ਐੱਮਐੱਸਪੀ ਦੇ ਸਹਾਰੇ ਆਪਣੇ ਆਪ ਨੂੰ ਕਰਜ਼ਿਆਂ ਦੇ ਮੱਕੜਜਾਲ ਤੋਂ ਮੁਕਤ ਕਰਨਾ ਚਾਹੁੰਦੀ ਹੈ, ਆਪਣੇ ਕੀਮਤੀ ਕੁਦਰਤੀ ਸਰੋਤ ਦੀ ਬਰਬਾਦੀ ਕਰਕੇ। ਇਸਦੀ ਕੀਮਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਰਨੀ ਪੈਣੀ ਹੈ। ਪੰਜਾਬ ਦੇ ਪਾਣੀ ਦੀ ਲੁੱਟ ਸਿੱਧੇ ਅਸਿੱਧੇ ਤੌਰ ’ਤੇ ਕਾਰਪੋਰੇਟ ਕਰ ਰਿਹਾ ਹੈ। ਪੰਜਾਬ ਨੂੰ ਝੋਨੇ ਦੀ ਜ਼ਰੂਰਤ ਨਹੀਂ ਹੈ, ਪਰ ਕਾਰਪੋਰੇਟ ਨੂੰ ਝੋਨੇ ਦੀ ਜ਼ਰੂਰਤ ਹੈ। ਇਸ ਲਈ ਪੰਜਾਬੀ ਕਿਸਾਨ ਨੂੰ ਐੱਮ ਐੱਸ ਪੀ ਦਾ ਲਾਲਚ ਦਿੱਤਾ ਗਿਆ ਸੀ/ਹੈ। ਪਰ ਸਮੇਂ ਦੇ ਹਿਸਾਬ ਨਾਲ ਹੁਣ ਝੋਨੇ ਦੀ ਖੇਤੀ ਦਾ ਬਦਲਵਾਂ ਹੱਲ ਅਪਣਾਉਣ ਦੀ ਜ਼ਰੂਰਤ ਹੈ ਅਤੇ ਖੇਤੀ ਆਧਾਰਿਤ ਸੰਨਤ ਨੂੰ ਵਿਕਸਿਤ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਪਾਣੀ ਗੰਧਲਾ ਹੋਣ ਤੋਂ ਵੀ ਬਚ ਜਾਵੇ।
ਪੰਜਾਬ ਦੀ ਸ਼ਾਹ ਰਗ ਦਰਿਆ ਸਤਲੁਜ ਕਿਸੇ ਵੇਲੇ ਪੰਜਾਬ ਦੀ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੁੰਦਾ ਸੀ ਪਰ ਹੁਣ ਇਹ ਪੰਜਾਬੀਅਤ ਨੂੰ ਕੈਂਸਰ, ਕਾਲਾ ਪੀਲੀਆ, ਸ਼ੂਗਰ ਜਿਹੀਆਂ ਭਿਆਨਕ ਸੌਗਾਤਾਂ ਵੰਡਣ ਵਾਲਾ ਗੰਦਾ ਨਾਲਾ ਬਣ ਚੁੱਕਿਆ ਹੈ। ਇਸਦੀ ਇਹ ਹਾਲਤ ਲਈ ਜ਼ਿੰਮੇਵਾਰ ਕਾਰਪੋਰੇਟ ਜਗਤ ਅਤੇ ਪੰਜਾਬੀਆਂ ਦੀ ਅਣਗਹਿਲੀ ਹੀ ਹੈ ਕਿ ਕਾਰਪੋਰੇਟ ਘਰਾਣਿਆਂ ਅਤੇ ਸਰਕਾਰਾਂ ਦੇ ਦੋਹੀ ਹੱਥੀਂ ਲੱਡੂ ਹਨ। ਇੱਕ ਪਾਸੇ ਪੰਜਾਬ ਦਾ ਪਾਣੀ ਬਰਬਾਦ ਕਰਕੇ ਪੰਜਾਬ ਨੂੰ ਕੰਗਲਾ/ਮੰਗਤਾ ਬਣਾਇਆ ਜਾ ਰਿਹਾ ਹੈ, ਦੂਜੇ ਪਾਸੇ ਬਿਮਾਰ। ਲੁਧਿਆਣੇ ਦੀਆਂ ਫੈਕਟਰੀਆਂ, ਕਾਰਖਾਨਿਆਂ ਦਾ ਪਾਣੀ ਬੁੱਢੇ ਨਾਲ਼ੇ ਰਾਹੀਂ ਜੋ ਸਤਲੁਜ ਦਰਿਆ ਵਿੱਚ ਪਾਇਆ ਜਾ ਰਿਹਾ, ਇਸ ਨੂੰ ਰੋਕਣਾ ਲੋਕਤੰਤਰ ਦੇ ਵੱਸ ਦੀ ਗੱਲ ਨਹੀਂ ਰਹਿ ਗਈ। ਲੋਕਤੰਤਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਹੈ। ਦਰਿਆ ਸਤਲੁਜ ਕਾਲਾ ਪੀਲੀਆ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਜਨਮਦਾਤਾ ਬਣਿਆ ਹੋਇਆ ਹੈ।
ਇਸੇ ਗੱਲ ਨੂੰ ਮੁੱਖ ਰੱਖਦਿਆਂ ਡਾ. ਮਨਜੀਤ ਸਿੰਘ ਨੇ ਲੁਧਿਆਣੇ, ਲਾਡੋਵਾਲ ਨੇੜੇ ਸਤਲੁਜ ਦਰਿਆ ’ਤੇ ਬਣੇ ਪੁਲ ਉੱਪਰ ਖੜ੍ਹੇ ਹੋ ਕੇ ਲੋਕਾਂ ਨੂੰ ਪਾਣੀ ਦੀ ਅਹਿਮੀਅਤ ਸਮਝਾਉਣ ਅਤੇ ਦਰਿਆ ਦੀ ਸਫ਼ਾਈ ਕਰਨ ਦਾ ਬੀੜਾ ਚੁੱਕਿਆ। ਅੱਜ ਉਹਨਾਂ ਨਾਲ ਕਾਫਲਾ ਤਿਆਰ ਹੈ, ਪਾਣੀ ਦੀ ਅਹਿਮੀਅਤ ਨੂੰ ਸਮਝ ਕੇ। ਪਰ ਕਿਸੇ ਵੀ ਸਿਆਸਤਦਾਨ ਨੂੰ ਬਿਮਾਰ ਦਰਿਆ, ਪੰਜਾਬੀਅਤ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਹਰ ਵਾਰ ਵੋਟਾਂ ਦੇ ਦਿਨਾਂ ਵਿੱਚ ਲੀਡਰਾਂ ਨੂੰ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਮੰਗ ਪੱਤਰ ਦਿੱਤੇ ਜਾਂਦੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਮੱਤੇਵਾੜਾ ਦੇ ਜੰਗਲ ਦਾ ਹਾਲ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਸੀ ਕਿਸੇ ਵੇਲੇ, ਪਰ ਹੁਣ ਤਾਂ ਉਹ ਮਹਿਜ਼ ਇੱਕ ਵੋਟ ਮਾਤਰ ਹਨ।
ਮਾਹਰਾਂ ਵੱਲੋਂ ਦਿੱਤੀਆਂ ਸਮਝਾਉਣੀਆਂ ਨੂੰ ਜ਼ਿਆਦਾਤਰ ਬੰਦ ਏਸੀ ਕਮਰਿਆਂ ਵਿੱਚ ਬੈਠੇ ਬਾਬੂਆਂ ਵੱਲੋਂ ਦਿੱਤੀਆਂ ਸਲਾਹਾਂ ਸਮਝ ਕੇ ਨਕਾਰਨ ਜਾਂ ਨਾ ਮੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦਾ ਪਿੰਡ ਹੈ ਤਰਿੰਗਲਵਾੜੀ। ਇਸ ਪਿੰਡ ਵਿੱਚ ਪਾਣੀ ਦਾ ਕੋਈ ਸਰੋਤ ਨਹੀਂ ਹੈ। ਪਿੰਡ ਤੋਂ ਦੂਰ ਬਣੇ ਇੱਕ ਡੈਮ ਦੇ ਤਲਾਅ ਤੋਂ ਪਾਣੀ ਲੈਣ ਲਈ ਪਿੰਡ ਦੀਆਂ ਔਰਤਾਂ ਇਕੱਠੀਆਂ ਹੋ ਕੇ ਜਾਂਦੀਆਂ ਹਨ। ਤਲਾਅ ਦਾ ਪਾਣੀ 70 ਫੀਸਦੀ ਸੁੱਕ ਗਿਆ ਹੈ ਅਤੇ ਪ੍ਰਦੂਸ਼ਿਤ ਹੋ ਗਿਆ ਹੈ। ਪਾਣੀ ਦੇ ਨੇੜੇ ਟੋਏ ਪੁੱਟੇ ਜਾਂਦੇ ਹਨ। ਉਨ੍ਹਾਂ ਟੋਇਆਂ ਦੇ ਭਰਨ ’ਤੇ ਹੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਹੁੰਦਾ ਹੈ। ਅਜਿਹਾ ਕਰਨ ਨਾਲ ਪਾਣੀ ਸਾਫ਼ ਹੋ ਜਾਂਦਾ ਹੈ, ਪਰ ਇੱਕ ਗਾਗਰ ਜਾਂ ਘੜਾ ਭਰਨ ਲਈ 20 ਤੋਂ 25 ਮਿੰਟ ਇੰਤਜ਼ਾਰ ਕਰਨਾ ਪੈਂਦਾ ਹੈ।
ਦਿੱਲੀ ਦੀ ਹਾਲਤ ਕੋਈ ਬਹੁਤ ਹੀ ਚੰਗੀ ਨਹੀਂ ਹਾ ਟੈਂਕਰਾਂ ਰਾਹੀਂ ਜਿਹੜਾ ਪਾਣੀ ਪੀਣ ਵਾਸਤੇ ਆਉਂਦਾ ਹੈ, ਉਹ ਵੀ ਇੱਕ ਦੋ ਦਿਨ ਬਾਅਦ ਆਉਂਦਾ ਹੈ। ਲੋਕਾਂ ਨੂੰ ਆਪਣੇ ਲਈ ਪਾਣੀ ਦਾ ਇੰਤਜ਼ਾਮ ਕਰਨ ਲਈ ਤੜਕੇ 4 ਵਜੇ ਹੀ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਤਾਂ ਜਾ ਕੇ ਉਹਨਾਂ ਨੂੰ ਪਾਣੀ ਨਸੀਬ ਹੁੰਦਾ ਹੈ। ਇੱਕ ਟੈਂਕਰ ਦੇ ਖਾਲੀ ਹੋਣ ਨੂੰ ਸਿਰਫ ਦੋ ਤੋਂ ਤਿੰਨ ਮਿੰਟ ਹੀ ਲੱਗਦੇ ਹਨ। ਕਈ ਲੋਕਾਂ ਨੂੰ ਫਿਰ ਵੀ ਪਾਣੀ ਨਸੀਬ ਨਹੀਂ ਹੁੰਦਾ। ਇੱਕ ਪਾਸੇ ਅਸੀਂ ਵਿਸ਼ਵ ਗੁਰੂ ਬਣ ਕੇ ਗਵਾਂਢੀਆਂ ਨੂੰ ਮੱਤਾਂ ਦੇ ਰਹੇ ਹਾਂ ਪਰ ਘਰ ਅੰਦਰ ਲੋਕਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ, ਇਸਦੀ ਸਾਨੂੰ ਕੋਈ ਪਰਵਾਹ ਨਹੀਂ ਹੈ। ਪਰ ਇਸ ਗੱਲੋਂ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਦਾਦ ਦੇਣੀ ਬਣਦੀ ਹੈ, ਜਿਸਨੇ ਹਰਿਆਣੇ ਵੱਲੋਂ ਦਿੱਲੀ ਦਾ ਪਾਣੀ ਬੰਦ ਕਰਨ ’ਤੇ ਭੁੱਖ ਹੜਤਾਲ ’ਤੇ ਬੈਠਣਾ ਹੀ ਇਕਮਾਤਰ ਹੱਲ ਸਮਝਿਆ। ਪਰ ਪੰਜਾਬ ਦੇ ਗਿਰਗਟ ਵਾਂਗ ਰੰਗ ਬਦਲਦੇ ਲੀਡਰਾਂ ਤੋਂ ਅਜਿਹੀ ਆਸ ਮੂਲੋਂ ਹੀ ਨਹੀਂ ਕੀਤੀ ਜਾ ਸਕਦੀ।
ਉਹ ਦਿਨ ਦੂਰ ਨਹੀਂ ਜਿਸ ਦਿਨ ਦਿੱਲੀ ਵਿੱਚ ਹੀ ਨਹੀਂ ਪੂਰੇ ਦੱਖਣੀ ਭਾਰਤ, ਸਮੇਤ ਪੰਜਾਬ ਦੇ ਵੀ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਟੈਂਕਰ ਰਾਹੀਂ ਪਾਣੀ ਆਉਣ ਲੱਗ ਪਿਆ। ਇਸਦੀ ਸ਼ੁਰੂਆਤ ਫਰੀਦਕੋਟ ਫਾਜ਼ਿਲਕਾ ਏਰੀਏ ਵਿੱਚ ਦੋ ਤਿੰਨ ਸਾਲ ਪਹਿਲਾਂ ਹੋ ਚੁੱਕੀ ਹੈ। ਪਾਣੀ ਵਾਲੀਆਂ ਟੈਂਕੀਆਂ ਦੇ ਰੂਪ ਹੁਣ ਤਾਂ ਕਈ ਥਾਈਂ ਟਰੈਕਟਰ ’ਤੇ ਵੀ ਪਾਣੀ ਪਹੁੰਚਾਉਣ (ਵੇਚਣਾ ਕਹਿਣਾ ਵਾਜਿਬ ਰਹੇਗਾ) ਦਾ ਕਾਰੋਬਾਰ ਕਈ ਲੋਕਾਂ ਨੇ ਸਬਜ਼ੀਆਂ ਦੀ ਤਰ੍ਹਾਂ ਹੋਕਾ ਦੇ ਕੇ ਕਰਨ ਦੀ ਸ਼ੁਰੂਆਤ ਕਰ ਲਈ ਹੈ। ਇਸ ਸ਼ੁਰੂਆਤ ਨੂੰ ਜੇਕਰ ਸਮਾਂ ਰਹਿੰਦੇ ਰੋਕਣ ਅਤੇ ਇਸਦੇ ਕਾਰਨ ਦੀ ਤਹਿ ਤਕ ਨਾ ਜਾਇਆ ਗਿਆ ਤਾਂ ਇਹ ਪੰਜ ਦਰਿਆਵਾਂ ਦੀ ਧਰਤੀ ਨਾਲ ਤਾਂ ਕੋਝਾ ਮਜ਼ਾਕ ਹੈ ਹੀ, ਇੱਥੋਂ ਦੇ ਬਾਸ਼ਿੰਦਿਆਂ ਲਈ, ਪੰਜਾਬੀਅਤ ਦੀ ਹਾਰ ਲਈ ਸ਼ਰਮਨਾਕ ਗੱਲ ਹੋਵੇਗੀ। ਪੰਜਾਬ ਦੀ ਹੋਂਦ ਪਾਣੀ ਨਾਲ ਹੀ ਹੈ ,ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਕਾਰਪੋਰੇਟ ਦੀ ਹੱਦ ਤਾਂ ਦੇਖਣ ਵਾਲੀ ਉਸ ਸਮੇਂ ਹੋਈ ਜਦੋਂ ਲਹਿੰਦੇ ਪੰਜਾਬ ਵਿੱਚ ਜਾ ਰਹੇ ਰਾਵੀ ਦਰਿਆ ਦੀ ਖ਼ਬਰ ਵੇਖਣ, ਸੁਣਨ ਨੂੰ ਮਿਲੀ ਕਿ ਕਿਸ ਤਰ੍ਹਾਂ ਰਾਵੀ ਦਰਿਆ ਵੀ ਆਪਣੇ ਆਖਰੀ ਸਾਹ ਗਿਣ ਰਿਹਾ ਹੈ ਅਤੇ ਉੱਧਰ ਦੇ ਵਸਨੀਕਾਂ ਦੇ ਚਿਹਰੇ ਉੱਤਰੇ ਹੋਏ ਹਨ, ਜਿਨ੍ਹਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਦਰਿਆ ਰਾਵੀ ਹੈ, ਵਾਤਾਵਰਣ ਪ੍ਰੇਮੀਆਂ ਦੇ ਕਹਿਣ ਮੁਤਾਬਕ ਕਾਰਪੋਰੇਟ ਜਗਤ ਹੁਣ ਰਾਵੀ ਦਰਿਆ ਨੂੰ ਕਲੋਨੀ ਦੇ ਰੂਪ ਵਿੱਚ ਤੱਕ ਰਿਹਾ ਹੈ ਕਿਉਂਕਿ ਰਾਵੀ ਦਾ ਪਾਣੀ ਦੋਹਾਂ ਪੰਜਾਬਾਂ ਦੀ ਧਰਤੀ ਜ਼ੀਰਦੀ ਹੈ। ਸਮੇਂ ਦੀ ਭਿਆਨਕਤਾ ਨੂੰ ਸਮਝਣਾ ਮੁਸ਼ਕਿਲ ਨਹੀਂ ਹੈ। “ਪਹਿਲਾ ਪਾਣੀ ਜੀਉ ਹੈ” ਦੀ ਸਾਰਥਿਕਤਾ ਨੂੰ ਸਮਝਦੇ ਹੋਏ ਅਜੇ ਵੀ ਡੁੱਲ੍ਹੇ ਬੇਰਾਂ ਨੂੰ ਚੁਗਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਉਲਾਂਭਾ ਨਾ ਦੇ ਸਕਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5112)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.