“ਵੇਲਾ ਹੱਥੋਂ ਨਿਕਲਦਾ ਜਾ ਰਿਹਾ ਹੈ,ਆਓ ਆਉਣ ਵਾਲੀਆਂ ਪੀੜ੍ਹੀਆਂ ਦੀ ਆਜ਼ਾਦ ਹਸਤੀ ਅਤੇ ਪੰਜਾਬ ਦੀ ...”
(4 ਜੂਨ 2023)
ਇਸ ਵੇਲੇ ਪਾਠਕ: 216.
ਨਸ਼ਾ ਘਰੇਲੂ ਸਮੱਸਿਆ ਤੋਂ ਸ਼ੁਰੂ ਹੋ ਕੇ ਸਮਾਜਿਕ ਅਤੇ ਆਰਥਿਕ ਸਮੱਸਿਆ ਬਣ ਗਿਆ ਹੈ। ਨਸ਼ਾ ਮਨੁੱਖ ਜਾਤੀ ਦੇ ਨਾਲ ਨਾਲ ਤੁਰਿਆ ਆ ਰਿਹਾ ਹੈ ਅਤੇ ਵਿਗਿਆਨ ਦੀ ਦੁਰਵਰਤੋਂ ਕਾਰਨ ਵਿਕਾਸ ਕਰ ਰਿਹਾ ਹੈ। ਅਮੀਰ ਅਤੇ ਸ਼ਾਹੀ ਠਾਠ-ਬਾਠ ਵਾਲਿਆਂ ਦੇ ਮਨ ਪ੍ਰਚਾਵੇ ਦਾ ਸਾਧਨ ਹੁੰਦੇ ਹੋਏ ਇਸ ਨੇ ਆਮ ਲੋਕਾਈ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ। ਅੱਜ ਚਿੱਟਾ, ਹੈਰੋਇਨ, ਸਮੈਕ ਅਤੇ ਹੋਰ ਰਸਾਇਣਿਕ ਨਸ਼ਿਆਂ ਦੀ ਪੰਜਾਬ ਦੀ ਧਰਤੀ ’ਤੇ ਭਰਮਾਰ ਹੈ। ਖਾਣ ਪੀਣ ਦੇ ਸਾਮਾਨ ਦੀ ਡਿਲਿਵਰੀ ਤਾਂ ਕਿਸੇ ਕਾਰਨ ਕਰਕੇ ਲੇਟ ਹੋ ਸਕਦੀ ਹੈ, ਪਰ ਚਿੱਟੇ ਦੀ ਪਹੁੰਚ ਵਿੱਚ ਦੇਰੀ ਕਤਈ ਨਹੀਂ ਹੋ ਸਕਦੀ। ਕਈਆਂ ਪਿੰਡਾਂ ਵਿੱਚ ਨਸ਼ੇ ਦੇ ਸੌਦਾਗਰ ਫੇਰੀ ਲਾਉਣ ਵਾਲਿਆਂ ਵਾਂਗ ਮਿੱਥੇ ਸਮੇਂ ’ਤੇ ਪਹੁੰਚ ਜਾਂਦੇ ਹਨ ਅਤੇ ਨਸ਼ਾ ਲੈਣ ਵਾਲੇ ਵੀ। ਹਾਕਰਾਂ ਦੀ ਤਰ੍ਹਾਂ ਆਵਾਜ਼ ਲਗਾਉਂਦਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਆਮ ਹੀ ਦੇਖੀਆ ਜਾ ਸਕਦੀਆਂ ਹਨ। 5ਜੀ ਸਪੀਡ ਦੇ ਹਿਸਾਬ ਨਾਲ ਚਿੱਟੇ ਦਾ ਨੈੱਟਵਰਕ ਕੰਮ ਕਰ ਰਿਹਾ ਹੈ। ਇੰਤਜ਼ਾਰ ਕਿਸੇ ਨੂੰ ਨਹੀਂ ਕਰਨਾ ਪੈਂਦਾ, ਨਾ ਖਰੀਦਾਰ ਨੂੰ ਅਤੇ ਨਾ ਹੀ ਵਿਕਰੇਤਾ ਨੂੰ, ਪਰ ਪ੍ਰਸ਼ਾਸਨ ਦੇ ਅਵੇਸਲੇਪਣ ਕਰਕੇ ਪ੍ਰਸ਼ਾਸਨ ਨੂੰ ਭਿਣਕ ਤਕ ਨਹੀਂ ਹੁੰਦੀ। ਸਰਕਾਰਾਂ ਦੀ ਹਾਲਤ ਨੀਰੋ ਦੇ ਬੰਸਰੀ ਵਜਾਉਣ ਦੀ ਤਰ੍ਹਾਂ ਹੈ। ਪੰਜਾਬ ਵਿੱਚ ਸਿਵਿਆ ਦੀ ਅੱਗ ਚਾਹੇ ਇਸ ਤੋਂ ਵੀ ਜ਼ਿਆਦਾ ਤੇਜ਼ ਹੋ ਜਾਵੇ, ਪੰਜਾਬ ਦੇ ਨੀਰੋ ਨੂੰ ਕੋਈ ਫ਼ਰਕ ਨਹੀਂ ਪੈਂਦਾ, ਉਹ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ। ਵਿਦਵਾਨਾਂ ਦਾ ਕਥਨ ਹੈ, “ਸੱਤਾ ਅਤੇ ਸਰਮਾਏ ਦੀ ਭੁੱਖ ਇਨਸਾਨ ਨੂੰ ਲਾਲਚੀ ਅਤੇ ਡਿਕਟੇਟਰ ਬਣਾ ਦਿੰਦੀ ਹੈ।”
ਸਰਦੇ ਪੁੱਜਦੇ ਘਰਾਂ ਤੋਂ ਤੁਰਿਆ ਨਸ਼ਾ ਆਮ ਲੋਕਾਈ, ਨੌਜਵਾਨ ਮੁੰਡੇ ਕੁੜੀਆਂ ਦੇ ਹੱਥਾਂ ਵਿੱਚੋਂ ਦੀ ਹੁੰਦਾ ਹੋਇਆ ਹੁਣ ਤਰੱਕੀ ਕਰ ਕੇ ਬੱਚਿਆਂ ਦੇ ਮੂੰਹ, ਨਾੜਾ ਤਕ ਪਹੁੰਚ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬੱਚਾ ਨਸ਼ੇ ਦਾ ਟੀਕਾ ਆਪਣੇ ਹੱਥ ਦੀ ਨਾੜ ਵਿੱਚ ਲਾ ਰਿਹਾ ਦਿਖਾਈ ਦਿੰਦਾ ਹੈ। ਅਸੀਂ ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਕਹਿ ਰਹੇ ਹਾਂ, ਪਰ ਪੰਜਾਬ ਇਸ ਪੱਖੋਂ ਕੰਗਾਲੀ ਦੇ ਰਾਹ ’ਤੇ ਹੈ। ਬੱਚਿਆਂ ਦੇ ਹੱਥਾਂ ਵਿੱਚ ਨਸ਼ੇ ਦੇ ਟੀਕਿਆ ਦਾ ਆਉਣਾ ਆਉਣ ਵਾਲੇ ਸਮੇਂ ਦੀ ਤਸਵੀਰ ਪੇਸ਼ ਕਰ ਰਿਹਾ ਹੈ, ਜੋ ਕਿ ਬਹੁਤ ਹੀ ਖੌਫਨਾਕ ਦ੍ਰਿਸ਼ ਦੀ ਪੇਸ਼ਕਾਰੀ ਹੈ, ਅਤੇ ਸਰਕਾਰਾਂ ਨਸ਼ੇ ਦਾ ਲੱਕ ਤੋੜ ਦੇਣ ਜਿਹੇ ਹਵਾਈ ਕਿਲੇ ਲੋਕਾਂ ਸਾਹਮਣੇ ਉਸਾਰ ਰਹੀਆਂ ਹਨ।
ਪਿਛਲੇ ਦਿਨੀਂ ਇੱਕ ਨਸ਼ੇੜੀ ਵਿਅਕਤੀ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਾਉਣ ਲਈ ਜਾਣ ਦਾ ਸਬੱਬ ਬਣਿਆ। ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਕਿ ਨਸ਼ਾ ਛੁਡਾਊ ਸੈਂਟਰਾ ਵਿੱਚ ਜਗ੍ਹਾ ਦੀ ਕਮੀ ਹੈ, ਜਿਹੜੇ ਸਰਕਾਰੀ ਅਤੇ ਅਰਧ ਸਰਕਾਰੀ ਹਨ (ਇਹ ਸਿਰਫ ਇੱਕ ਸ਼ਹਿਰ ਦਾ ਹਾਲ ਹੈ)। ਮੁਲਾਜ਼ਮਾਂ ਦੇ ਕਹਿਣ ਮੁਤਾਬਕ ਹਰ ਤੀਜਾ ਵਿਅਕਤੀ ਨਸ਼ੇ ਦੀ ਗ੍ਰਿਫਤ ਵਿੱਚ ਹੈ। ਨਸ਼ਾ ਛੱਡਣ ਆਏ ਵਿਅਕਤੀਆਂ ਨੂੰ ਜ਼ਿਆਦਾਤਰ ਬੁਪਰੀਨੌਰਫਿਨ ਨਾਮ ਦੀ ਗੋਲੀ ਦੇ ਕੇ ਨਸ਼ਾ ਛੁਡਾਉਣ ਦੀ ਯੋਜਨਾ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਕੇਸਾਂ ਨੂੰ ਛੱਡ ਕੇ ਇਸਦੇ ਨਤੀਜੇ ਕੋਈ ਖਾਸ ਸਾਹਮਣੇ ਨਹੀਂ ਆ ਰਹੇ। ਕਾਰਨ ਗੋਲੀ ਦਾ ਆਸਾਨੀ ਨਾਲ ਉਪਲਬਧ ਹੋਣਾ ਹੈ। ਇੱਕ ਕਿਸਮ ਨਾਲ ਨਸ਼ੇੜੀ ਵਿਅਕਤੀ ਗੋਲੀ ਦਾ ਆਦੀ ਹੋ ਜਾਂਦਾ ਹੈ, ਗੋਲੀ ਦੀ ਮਾਤਰਾ ਹੌਲੀ ਹੌਲੀ ਘੱਟ ਕਰਨ ਦੀ ਲੋੜ ਨਹੀਂ ਸਮਝੀ ਜਾ ਰਹੀ। ਤਕਰੀਬਨ 80 ਫ਼ੀਸਦੀ ਦੇ ਕਰੀਬ ਨਸ਼ੇੜੀ ਗੋਲੀ ਦੀ ਵਰਤੋਂ ਕਰਦੇ ਹਨ, ਜੋ ਕਿ ਸਮਝ ਤੋਂ ਬਾਹਰ ਦੀ ਗੱਲ ਹੈ। ਇਸ ਗੋਲੀ ਦੀ ਇਜਾਦ ਚਿੱਟੇ ਦੀ ਗ੍ਰਿਫਤ ਵਿੱਚ ਆਏ ਵਿਅਕਤੀ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਕੀਤੀ ਗਈ ਸੀ। ਕੀ ਇਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਹੀ ਹੈ?
ਨਸ਼ੇ ਦਾ ਮੁੱਦਾ ਸਿਰਫ਼ ਤੇ ਸਿਰਫ਼ ਚੁਣਾਵੀ ਮੁੱਦਾ ਬਣ ਕੇ ਰਹਿ ਗਿਆ ਹੈ। ਚੁਣਾਵੀ ਮੌਸਮ ਦੌਰਾਨ, ਚੋਣ ਲੜਨ ਵਾਲੀ ਇੱਕ ਪਾਰਟੀ ਨਸ਼ੇ ਦੀ ਜੜ੍ਹ ਪੁੱਟਣ ਦੇ ਦਾਅਵੇ/ ਵਾਅਦੇ ਕਰਦੀ ਹੈ, ਕੋਈ ਛੇ ਮਹੀਨਿਆਂ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਗੱਲ ਕਰਦੀ ਹੈ, ਅਤੇ ਦੂਜੀ ਚਾਰ ਹਫ਼ਤਿਆ ਵਿੱਚ ਨਸ਼ਾ ਖ਼ਤਮ ਕਰਨ ਦੀ ਗੱਲ ਕਰਕੇ ਵੋਟਰਾਂ ਨੂੰ ਫਸਾਉਣ ਲਈ ਆਪਣੇ ਆਪਣੇ ਜਾਲ ਸੁੱਟਦੀਆਂ ਹਨ। ਇਹਨਾਂ ਦਾਅਵਿਆ/ਵਾਅਦਿਆ ਦੀ ਫੂਕ ਉਦੋਂ ਹੀ ਨਿਕਲ ਜਾਂਦੀ ਹੈ, ਜਦੋਂ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਸ਼ਰਾਬ ਦੀ ਵਿਕਰੀ ਤੋਂ ਇਕੱਠੇ ਹੋਣ ਵਾਲੇ ਮਾਲੀਏ ਨਾਲ ਸੂਬੇ ਦੀ ਆਰਥਿਕਤਾ ਦੀ ਗੱਡੀ ਨੂੰ ਲੀਹੇ ਪਾਉਣ ਦੀਆਂ ਗੱਲਾਂ ਜਨਤਾ ਸਾਹਮਣੇ ਪੇਸ਼ ਕਰਦੀ ਹੈ, ਕਿਉਂਕਿ ਸ਼ਰਾਬ ਸਰਕਾਰ ਦੀ ਨਜ਼ਰ ਵਿੱਚ ਨਸ਼ਾ ਨਹੀਂ ਹੈ। ਪਿੰਡਾਂ/ਸ਼ਹਿਰਾਂ ਵਿੱਚ ਸਰਕਾਰਾਂ ਦੇ ਕਰਿੰਦੇ ਨਸ਼ਿਆਂ ਦੀ ਸਪਲਾਈ, ਵੋਟਾਂ ਦੌਰਾਨ ਕਰਦੇ ਆਮ ਮਿਲ ਜਾਂਦੇ ਹਨ। ਇਹਨਾਂ ਨੂੰ ਸ਼ਹਿ ਕੌਣ ਦਿੰਦਾ ਹੈ? ਇਹ ਸੋਚ ਵਿਚਾਰ ਦਾ ਹਿੱਸਾ ਹਰ ਸੁਹਿਰਦ ਪੰਜਾਬੀ ਦਾ ਹੋਣਾ ਚਾਹੀਦਾ ਹੈ।
ਵੇਲਾ ਹੱਥੋਂ ਨਿਕਲਦਾ ਜਾ ਰਿਹਾ ਹੈ, ਆਓ ਆਉਣ ਵਾਲੀਆਂ ਪੀੜ੍ਹੀਆਂ ਦੀ ਆਜ਼ਾਦ ਹਸਤੀ ਅਤੇ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ, “ਚੱਲ ਆਪਾਂ ਕੀ ਲੈਣਾ?” ਵਾਲੀ ਬਿਰਤੀ ਤਿਆਗ ਕੇ ਅਗਲੇਰੇ ਕਦਮ ਪੁੱਟਣ ਦਾ ਹੀਲਾ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4010)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)