JagjitSLohatbaddi7ਇਉਂ ਲੱਗਦਾ ਸੀ ਕਿ ਕਾਰਜ ਸਿਰੇ ਚੜ੍ਹਨ ਵਾਲਾ ਹੈ। ਇੰਨੇ ਨੂੰ ਗੁਰਾ ਸਿਹੁੰ ਨੇ ਨਛੱਤਰ ਕੌਰ ਨੂੰ ਪਾਸੇ ਬੁਲਾਇਆ ਤੇ ਕੁਝ ...
(27 ਅਪਰੈਲ 2024)
ਇਸ ਸਮੇਂ ਪਾਠਕ: 210.


ਚੰਨ ... ਵੇ ਚੰਨ ... ਪੁੱਤ, ਉੱਠ ਦੇਖ ... ਸਰਘੀ ਵੇਲਾ ਹੋ ਗਿਐ। ਅੱਜ ਕੁੜੀ ਵਾਲਿਆਂ ਨੇ ਆਉਣੈ ... ਸਵਖਤੇ ਸ਼ਹਿਰੋਂ ਜਾ ਕੇ ਨਿੱਕ-ਸੁੱਕ ਲੈ ਆਇਓ ... ਤੇਰਾ ਬੇਲੀ ‘ਮਾਸਟਰ’ ਵੀ ਸਾਝਰੇ ਜਾਣ ਨੂੰ ਆਂਹਦਾ ਸੀ ...” ਬੇਬੇ ਮਹਿੰਦਰ ਕੌਰ ਇੱਕੋ ਸਾਹੇ ਕਈ ਕੁਝ ਕਹਿ ਗਈ। ਉਹਨੇ ਚੁੱਲ੍ਹੇ ਵਿੱਚ ਛਿਟੀਆਂ ਦੀ ਅੱਗ ਬਾਲ ਕੇ ਚਾਹ ਦੀ ਪਤੀਲੀ ਧਰ ਦਿੱਤੀ ਸੀ। ਅੱਧਾ ਕੁ ਟੱਬਰ ਜਾਗ ਚੁੱਕਿਆ ਸੀ। ਫੱਗਣ ਚੇਤ ਦੇ ਮਿੱਠੀ ਮਿੱਠੀ ਠੰਢ ਦੇ ਦਿਨ ਥੋੜ੍ਹੇ ਖੁੱਲ੍ਹਣ ਲੱਗੇ ਸਨ। ਕਣਕਾਂ ਹਰੀਆਂ ਕਚੂਰ ਖੜ੍ਹੀਆਂ ਸਨ ਤੇ ਕੁਝ ਕੁ ਦਿਨਾਂ ਤੱਕ ਸੋਨੇ ਰੰਗੀ ਭਾਹ ਮਾਰਨ ਲੱਗ ਜਾਣਾ ਸੀ

ਹੁਣੇ ਉੱਠਦਾਂ ...” ਕਹਿ ਚੰਨੇ ਨੇ ਪਾਸਾ ਲਿਆ, ਖੇਸ ਨੂੰ ਉੱਪਰ ਤੱਕ ਖਿੱਚਿਆ ਤੇ ਫਿਰ ਕਿਸੇ ਸੁਪਨਮਈ ਦੁਨੀਆਂ ਵਿੱਚ ਜਾ ਪਹੁੰਚਿਆ।

“ ... ਤੇ ਫੇਰ ਪਾਂਡੂਆਂ ਤੇ ਕੌਰੂਆਂ ਦਾ ਕੁਰਛੇਤਰ ਦੀ ਧਰਤੀ ਤੇ ਮਹਾਂਭਾਰਤ ਦਾ ਯੁੱਧ ਹੋਇਆ, ਹਸਤਨਾਪੁਰ ਦੀ ਰਾਜਗੱਦੀ ਕਰ ਕੇ। ਇਹ ਧਰਮ ਅਤੇ ਅਧਰਮ ਦੀ ਲੜਾਈ ਸੀ। ਪਾਂਡੂਆਂ ਦਾ ਸਾਥ ਭਗਵਾਨ ਕ੍ਰਿਸ਼ਨ ਨੇ ਦਿੱਤਾ ਤੇ ਉਨ੍ਹਾਂ ਦੀ ਜਿੱਤ ਹੋਈ ... ਦ੍ਰੋਪਦੀ ਪੰਚਾਲ ਦੇ ਰਾਜਾ ਦਰੁਪਦ ਦੀ ਧੀ ਸੀ ... ਬਹੁਤ ਸੋਹਣੀ ਸੁਨੱਖੀ। ਜਵਾਨ ਹੋਈ ਤਾਂ ਰਾਜੇ ਨੇ ਉਸਦਾ ਸਵੰਬਰ ਰਚਾਇਆ ... ਸ਼ਰਤ ਰੱਖੀ ... ਬੜੇ ਬੜੇ ਯੋਧੇ ਚੱਲ ਕੇ ਆਏ, ਪਰ ਕਿਸੇ ਤੋਂ ਵੀ ਸ਼ਰਤ ਮੂਜਬ ਤੇਲ ਦੇ ਕੜਾਹੇ ਵਿੱਚੀਂ ਦੇਖ ਕੇ ਮੱਛੀ ਦੀ ਅੱਖ ਵਿੱਚ ਤੀਰ ਨਾ ਵੱਜਿਆ। ਅਖੀਰ ਅਰਜਨ ਨੇ ਆਪਣਾ ਇਸ਼ਟ ਧਿਆਇਆ ਤੇ ਇੱਕ-ਚਿੱਤ ਹੋ ਕੇ ਮੱਛੀ ਦੀ ਅੱਖ ਵਿੱਚ ਤੀਰ ਮਾਰ ਕੇ ਰਾਜਕੁਮਾਰੀ ਨੂੰ ਜਿੱਤ ਲਿਆ ... ਤੇ ਦ੍ਰੋਪਦੀ ਨੇ ਉਸਦੇ ਗਲ਼ ਵਰਮਾਲਾ ਪਾ ਦਿੱਤੀ ... ” ਮਾਤਾ ਅਕਸਰ ਹੀ ਚੰਨੇ ਨੂੰ ਕਹਾਣੀ ਸੁਣਾਉਂਦੀ।

ਮੱਘਰ ਸਿਹੁੰ ਦਾ ਰਿਸ਼ਤਾ ਥੋੜ੍ਹਾ ਪਛੜ ਕੇ ਹੋਇਆ ਸੀ। ਗਿਣੇ ਚੁਣੇ ਸਿਆੜਾਂ ਕਰ ਕੇ ਕੁੜੀ ਵਾਲੇ ਦੇਖ ਕੇ ਮੁੜ ਜਾਂਦੇ, ਅਗਲੀ ਵਾਰ ਮਾਮੇ ਨੂੰ ਨਾਲ ਲਿਆਉਣ ਦਾ ਕਹਿ ਕੇ। ਪਰ ਮਾਮਾ ਕਦੇ ਨਾ ਆਇਆ। ਆਖਰ ਨੂੰ ਭਾਨੇ ਕੌਤਕੀ ਨੇ ਪਤਾ ਨੀ ਕਿਵੇਂ ਟਿੱਬਿਆਂ ’ਤੇ ਪਾਣੀ ਚਾੜ੍ਹ ਦਿੱਤਾ। ਰਿਸ਼ਤਾ ਪੱਕਾ ਹੋ ਗਿਆ। ਘਰ ਤੀਆਂ ਵਰਗਾ ਮਾਹੌਲ ਬਣ ਗਿਆ। ਬਰਾਤ ਤਿੰਨ ਦਿਨ ਪਿੰਡ ਰਾਜਗੜ੍ਹ ਠਹਿਰੀ ਸੀ ਤੇ ਸੇਵਾ ਵੀ ਪੂਰੀ ਕੀਤੀ ਸੀ ਅਗਲਿਆਂ ਨੇ। ਮੱਘਰ ਤੋਂ ਛੋਟੇ ਦਿਆਲੇ ਨੇ ‘ਓਹ ਜਾਣੇ’ ਕਹਿ ਕੇ ਸਬਰ ਕਰ ਲਿਆ ਸੀ ਕਿ ਚਲੋ ਭਰਾ ਦਾ ਹੀ ਸਹੀ, ਰੋਟੀ ਪੱਕਦੀ ਤਾਂ ਹੋ ਗਈ। ਨਿਗਾਹ ਖੁਣੋਂ ਥੁੜੀ ਬੇਬੇ ਨੂੰ ਤਾਂ ਹੁਣ ਚੁੱਲ੍ਹਾ-ਚੌਂਕਾ ਸੰਭਾਲਣਾ ਵੀ ਮੁਸ਼ਕਲ ਹੋ ਗਿਆ ਸੀ। ਦੋਹਾਂ ਭਾਈਆਂ ਦਾ ਸਨੇਹ ਵੀ ਨਿੱਘਾ ਸੀ ਤੇ ਕਦੇ ਇੱਕ ਨੇ ਦੂਜੇ ਦੀ ਗੱਲ ਕਦੇ ਨਹੀਂ ਸੀ ਮੋੜੀ। ਰੜਿਆਂ ਵਾਲੀ ਦੋ ਕਿੱਲੇ ਜ਼ਮੀਨ ਭਾਵੇਂ ਵੀਰਾਨੀ ਸੀ ਪਰ ਨਿਆਈਂ ਵਾਲੇ ਢਾਈ ਕਿੱਲੇ ਝੋਟੇ ਦੇ ਸਿਰ ਵਰਗੇ ਸਨਸੋਨਾ ਉੱਗਦਾ ਸੀ ਉੱਥੇ। ਤਿੰਨ ਚਾਰ ਲਵੇਰੀਆਂ ਨਾਲ ਦੁੱਧ-ਬਾਧ ਦੀ ਕਮੀ ਨਹੀਂ ਸੀ ਰਹਿੰਦੀ। ਨਿਭਾਅ ਸੁਹਣਾ ਚੱਲੀ ਜਾਂਦਾ ਸੀ।

ਅਗਲੇ ਸਾਲ ਘਰ ਵਿੱਚ ਕਿਲਕਾਰੀ ਵੱਜੀ। ਜੱਗ ਵਿੱਚ ਸੀਰ ਪੈ ਗਿਆ। ਭਾਈ ਜੀ ਨੇ ਵਾਕ ਲੈ ਕੇ ਨਾਂ ਗੁਰਚਰਨ ਸਿੰਘ ਰੱਖਣ ਦੀ ਤਾਕੀਦ ਕੀਤੀ। ਮਹਿੰਦਰ ਕੁਰ ਦੇ ਪੈਰ ਧਰਤੀ ’ਤੇ ਨਹੀਂ ਸੀ ਲੱਗ ਰਹੇ, “ਇਹ ਤਾਂ ਮੇਰਾ ਚੰਨ ਆ ... ਚੰਨ।” ਘਰ ਵਿੱਚ ਦੁੱਧ ਘਿਉ ਖੁੱਲ੍ਹਾ ਹੋਣ ਕਰ ਕੇ ਚੰਨਾ ਹੱਡਾਂ ਪੈਰਾਂ ਦਾ ਮੋਕਲਾ ਨਿੱਕਲਿਆ। ਤਕੜੇ ਜੁੱਸੇ ਵਾਲਾ। ਰੰਗ ਭਾਵੇਂ ਪੱਕਾ ਸੀ ਪਰ ਮਾਵੇ ਲੱਗੀ ਪੱਗ ਤੇ ਕੁੜਤਾ ਚਾਦਰਾ ਬੜਾ ਫੱਬਦਾ ਸੀ। ਪਿੰਡੋਂ ਹੀ ‘ਮਾਸਟਰ’ ਮੱਖਣ, ਚੰਨੇ ਦਾ ਪੱਗ-ਵੱਟ ਭਰਾ ਵੀ ਸੀ, ਸਲਾਹਕਾਰ ਵੀ ਤੇ ਰਾਜ਼ਦਾਰ ਵੀ। ਆਪ ਕਹਿਰੀ ਹੱਡੀ ਦਾ ਹੋਣ ਕਰ ਕੇ ਕਈ ਵਾਰ ਚੰਨੇ ਤੇ ਰਸ਼ਕ ਕਰਦਾ, “ਦੇਖੀਂ ਚੋਬਰਾ, ਨਜ਼ਰਾਂ ਤੋਂ ਬਚ ਕੇ!” ਚੰਨਾ ਹੱਸ ਕੇ ਸਾਰ ਦਿੰਦਾ। ਦੋਹਾਂ ਦੀ ਯਾਰੀ ਦਾ ਪਿੰਡ ਦੀ ਸੱਥ ਵਿੱਚ ਅਕਸਰ ਜ਼ਿਕਰ ਚੱਲਦਾ। ਸਾਂਝੇ ਹਲ ਜੋੜਦੇ ਤਾਂ ਕੰਮ ਮਿੰਟੋ-ਮਿੰਟੀ ਕਿਉਂਟਿਆ ਜਾਂਦਾ।

ਉੱਧਰ ਮੱਘਰ ਸਿਹੁੰ ਨੂੰ ਨਾਲ ਦੇ ਟਕੋਰਾਂ ਕਰਦੇ ‘ਕੱਲੀ ਹੋਵੇ ਨਾ ਵਣਾਂ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ।’ ਉਹ ਅਣਸੁਣਿਆ ਕਰ ਛੱਡਦਾ। ਇੱਕ ਦਿਨ ਮਹਿੰਦਰ ਕੌਰ ਨੇ ਵੀ ਖੂਹ ਤੋਂ ਪਾਣੀ ਭਰਨ ਵੇਲੇ ਸਾਥਣਾਂ ਦੀ ਕਹੀ ਗੱਲ ਤੋਂ ਪਰਦਾ ਚੁੱਕ ਦਿੱਤਾ, “ਮਖਾਂ ਜੀ, ਆਂਢਣਾਂ ਗੁਆਂਢਣਾਂ ਰੋਜ਼ ਪੁੱਤਾਂ ਦੀ ਜੋੜੀ ਹੋਣ ਦੀ ਗੱਲ ਕਰਦੀਆਂ ਨੇ ਤੇ ਵੱਡੀ ਬੇਬੇ ਵੀ ਏਹੀ ਆਸ ਲਾਈ ਬੈਠੀ ਆ।” ਦੋਹਾਂ ਤੋਂ ਘਰ ਦੀ ਹਾਲਤ ਲੁਕੀ ਥੋੜ੍ਹਾ ਸੀ। ਫਿਰ ਵੀ ਸਿਆਣਪ ਨਾਲ, ਪੈਲੀ ਵੱਲੋਂ ਥੁੜੇ ਹੋਣ ਦੇ ਬਾਵਜੂਦ ਵੀ ਆਪਣੀ ਅਤੇ ਚਕੋਤੇ ਤੇ ਲੈ ਕੇ ਕੀਤੀ ਵਹਾਈ ਨਾਲ ਤੋਰਾ ਤੁਰਿਆ ਜਾਂਦਾ ਸੀ। ਕਹਿੰਦੇ ਨੇ, ਰੱਬ ਜਦੋਂ ਦਿੰਦਾ ਹੇ, ਛੱਪਰ ਪਾੜ ਕੇ ਦਿੰਦਾ ਹੈਚੰਨੇ ਤੋਂ ਬਾਅਦ ਘਰ ਵਿੱਚ ਪੁੱਤਾਂ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ। ਕਾਂਤਾ, ਤੇਜੀ, ਜੀਤਾ ਤੇ ਇੰਦਰ ਇੱਕ ਦੂਜੇ ਦੀ ਬਾਂਹ ਫੜ ਕੇ ਜੱਗ ਵਿੱਚ ਦਸਤਕ ਦਿੰਦੇ ਰਹੇ ਤੇ ਮਹਿੰਦਰ ਕੁਰ ਪਿੰਡ ਵਿੱਚ ‘ਪੰਜ ਪੁੱਤੀ’ ਮਾਂ ਦੇ ਨਾਂ ਨਾਲ ਮਸ਼ਹੂਰ ਹੋ ਗਈ।

ਪੰਜੇ ਭਰਾ ਉਪਰੋਥਲੀ ਦੇ ਹੋਣ ਕਰ ਕੇ ਇੱਕ ਦੂਜੇ ਦੇ ਬਰਾਬਰ ਲੱਗਦੇ। ਮੱਘਰ ਸਿਹੁੰ ਬੜੇ ਮਾਣ ਨਾਲ ਉਨ੍ਹਾਂ ਨੂੰ ਜਵਾਨ ਹੁੰਦੇ ਦੇਖਦਾ ਪਰ ਮਨ ਦੇ ਕਿਸੇ ਖੂੰਜੇ ਭਵਿੱਖ ਦੀ ਚਿੰਤਾ ਸਤਾਉਣ ਲੱਗਦੀ। ਸਾਰੇ ਟੱਬਰ ਦਾ ਗੁਜ਼ਾਰਾ ਤਾਂ ਇਕੱਲੀ ਖੇਤੀ ਤੋਂ ਔਖਾ ਸੀ। ਭਾਵੇਂ ਚੰਨੇ ਨੇ ਘਰ ਦੀ ਲੰਬੜਦਾਰੀ ਸੰਭਾਲ ਕੇ ਬਾਪੂ ਅਤੇ ਛੜੇ ਚਾਚੇ ਨੂੰ ਕਾਫੀ ਹੱਦ ਤੱਕ ਨਿਸਚਿੰਤ ਕਰ ਦਿੱਤਾ ਸੀ ਪਰ ਫਿਰ ਵੀ ਮਨ ਵਿੱਚ ਇੱਕ ਕਸਕ ਜਿਹੀ ਰਹਿੰਦੀ, ‘ਪਰਿਵਾਰ ਦੀ ਵੇਲ ਕਿਵੇਂ ਵਧੂਗੀ?’ ਮਾਸਟਰ ਨਾਲ ਦਿਲ ਸਾਂਝਾ ਕੀਤਾ ਤਾਂ ਉਹਨੇ ਸਚਾਈ ਦੇ ਸਾਹਮਣੇ ਲਿਆ ਖੜ੍ਹਾ ਕੀਤਾ, “ਦੇਖ ਚੰਨਿਆ, ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਆ। ਬਾਣੀਆਂ ਦੇ ਘਰ ਜੁਆਕ ਜੰਮਦੈ, ਤਾਂ ਇੱਕ ਨਵੀਂ ਹੱਟੀ ਬਣ ਜਾਂਦੀ ਆ, ਪਰ ਆਪਾਂ ਤਾਂ ਟੋਟਿਆਂ ਵਿੱਚ ਵੰਡੇ ਜਾਨੇ ਆਂ ... ਗੁਜ਼ਾਰਾ ਔਖਾ ਹੋਇਆ ਪਿਆ। ਕੋਸ਼ਿਸ਼ ਕਰ ਕਿ ਛੋਟੇ ਭਰਾਵਾਂ ਨੂੰ ਨਾਲ ਹੋਰ ਕੰਮਾਂ ਧੰਦਿਆਂ ਚ ਵਾੜ ਦੇ।”

ਡੁੱਬੀ ਤਾਂ ਜੇ ਸਾਹ ਨਾ ਆਇਆ ... ਤੈਥੋਂ ਸਾਡੇ ਘਰ ਦੀ ਹਾਲਤ ਭੁੱਲੀ ਆ, ਮਾਸਟਰਾ? ਹੱਥ ਘੁੱਟ ਕੇ ਬਸਰ ਚੱਲੀ ਜਾਂਦਾ। ਕੰਮਾਂ ਕਾਰਾਂ ਵਾਸਤੇ ਨੋਟ ਵੀ ਤਾਂ ਚੋਖੇ ਚਾਹੀਦੇ ਨੇ ... ਤੂੰ ਹੀ ਕੋਈ ਹੱਲ ਦੱਸ” ਚੰਨੇ ਦੇ ਬੋਲ ਕੰਬਣ ਲੱਗੇ ਸਨ।

ਮੈਂ ਕਰਦਾਂ ਪਤਾ ਸੂਬੇਦਾਰ ਤੋਂ ... ਜੇ ਉਹ ਕੋਈ ਜੈੱਕ ਲਾ ਦੇਵੇ ਤਾਂ ਕਾਂਤੇ ਨੂੰ ਫ਼ੌਜ ਵਿੱਚ ਭਰਤੀ ਕਰਾਉਣ ਦਾ ਜੁਗਾੜ ਲੱਗ ਸਕਦੈ” ਮਾਸਟਰ ਦੇ ਬੋਲਾਂ ਨੇ ਠੁੰਮ੍ਹਣਾ ਦਿੱਤਾ ਸੀ। ਪੰਦਰਾਂ ਕੁ ਦਿਨਾਂ ਬਾਅਦ ਭਰਤੀ ਦਾ ਇਸ਼ਤਿਹਾਰ ਨਿੱਕਲਿਆ ਤਾਂ ਰਿਟਾਇਰਡ ਸੂਬੇਦਾਰ ਸੁਰਜੀਤ ਸਿੰਘ ਦੀ ਭੱਜ ਦੌੜ ਨਾਲ ਕਾਂਤਾ ਨੌਕਰ ਭਰਤੀ ਹੋ ਗਿਆ ਤੇ ਟ੍ਰੇਨਿੰਗ ਤੇ ਚਲਾ ਗਿਆ। ਆਸ ਦੀ ਕਿਰਨ ਬੱਝੀ, “ਘਰ ਦੇ ਹਾਲਾਤ ਥੋੜ੍ਹੇ ਸੁਧਰ ਜਾਣਗੇ।”

ਛੋਟੇ ਭਰਾਵਾਂ ਦਾ ਵੀ ਵਾਹੀ ਤੋਂ ਬਿਨਾਂ ਕੋਈ ਆਹਰ ਨਹੀਂ ਸੀ। ਮਹਿੰਦਰ ਕੁਰ ਨੂੰ ਚੰਨੇ ਦੇ ਰਿਸ਼ਤੇ ਦੀ ਤਾਂਘ ਰਹਿੰਦੀ ਪਰ ਜ਼ਮੀਨ ਤਾਂ ਕਿੱਲਿਆਂ ਤੋਂ ਘਟਦੀ ਕਨਾਲ਼ਾਂ ਤੇ ਆ ਚੁੱਕੀ ਸੀ। ਜਦ ਵੀ ਕੋਈ ਗੱਲ ਚੱਲਦੀ ਤਾਂ ਦਿਆਲਾ ਆਪਣੇ ਹਿੱਸੇ ਦੀ ਜ਼ਮੀਨ ਭਤੀਜਿਆਂ ਦੇ ਨਾਂ ਕਰਾਉਣ ਦੀ ਹਾਮੀ ਭਰਦਾ। ਕਈ ਥਾਂ ਗੱਲ ਚੱਲੀ ਪਰ ਨਾਂਹ ਨੁੱਕਰ ਹੁੰਦੀ ਰਹੀਕਦੇ ਘੱਟ ਸਿਆੜਾਂ ਕਰ ਕੇ, ਕਦੇ ਚੰਨੇ ਦਾ ਰੰਗ ਪੱਕਾ ਹੋਣ ਕਰ ਕੇ। ਅੱਕ ਕੇ ਇੱਕ ਦਿਨ ਮਹਿੰਦਰ ਕੌਰ ਦੇ ਜ਼ਿਦ ਕਰਨ ਤੇ ਮੱਘਰ ਨੇ ਨਛੱਤਰ ਕੌਰ ਦਾ ਜਾ ਕੁੰਡਾ ਖੜਕਾਇਆ, ਜੀਹਨੇ ਪਿੰਡ ਵਿੱਚ ਕਈ ਰਿਸ਼ਤੇ ਸਿਰੇ ਚੜ੍ਹਾਏ ਸਨ, “ਤੂੰ ਤਾਂ ਜਾਣਦੀ ਈ ਐਂ, ਨਛੱਤਰ ਕੁਰੇ! ਮੁੰਡੇ ਨੂੰ ਕੋਈ ਵੈਲ ਨੀ। ਘਰੋਂ ਖੇਤ ਤੇ ਖੇਤੋਂ ਘਰ ਹੁੰਦੈ। ਮਿਹਨਤੀ ਆ ... ਖਾਣ ਜੋਗੇ ਦਾਣੇ ਵੀ ਆ ਜਾਂਦੇ ਆ। ਭਾਮੇਂ ਕੋਈ ਲਿੱਸਾ ਘਰ ਈ ਦੇਖ ਲਾ। ਆਪਣੀ ਕੋਈ ਮੰਗ ਨੀ ... ਤਿੰਨੀ ਕੱਪੜੀਂ ਵਿਆਹ ਲਿਆਵਾਂਗੇ। ਕਿਮੇਂ ਨਾ ਕਿਮੇਂ ਮਾਰ ਕੋਈ ਰੇਖ ਚ ਮੇਖ ... ਕੁੜੀ ਰਾਜ ਕਰੂਗੀ” ਮੱਘਰ ਦੇ ਬੋਲਾਂ ਵਿੱਚ ਤਰਲਾ ਸੀ।

ਮੈਂ ਕਰਦੀ ਆਂ ਕੋਸ਼ਟ ਭਾਈ ਜੀ ... ਕੋਈ ਗਰੀਬ ਘਰ ਦੀ ਹੋਵੇ ਤਾਂ ਸੌਖੇ ਮੰਨ ਜਾਣਗੇ। ਨਹੀਂ ਤਾਂ ਹਰੇਕ ਜ਼ਮੀਨ ਵੱਲੀਂ ਦੇਖ ਕੇ ਨੱਕ ਬੁੱਲ੍ਹ ਮਾਰਦੈ” ਚਲੋ ਕੋਈ ਆਸ ਤਾਂ ਬੱਝੀ।

ਚੰਨੇ ਦੇ ਮਨ ਵਿੱਚ ਚੱਤੋ ਪਹਿਰ ਇਹ ਖੁੜਕਦੀ ਰਹਿੰਦੀ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਲੋਕਾਂ ਦੀ ਸੋਚ ਜੱਟ ਦੀ ਜ਼ਮੀਨ ਦੀ ਢੇਰੀ ’ਤੇ ਆ ਕੇ ਕਿਉਂ ਰੁਕ ਜਾਂਦੀ ਐ? ਕੰਮੀਆਂ ਕੋਲ ਜ਼ਮੀਨ ਨਾ ਹੋਣ ਤੇ ਵੀ ਕੋਈ ਰਿਸ਼ਤੇ ਖੁਣੋਂ ਕਿਉਂ ਨਹੀਂ ਰਹਿੰਦਾ? ਸਾਰੇ ਭਰਾ ਕੁਆਰੇ ਹੋਣ ਤਾਂ ਸਮਾਜ ਵੀ ਟੇਢੀ ਨਜ਼ਰ ਨਾਲ ਦੇਖਦਾ ਕਿ ਪਤਾ ਨੀ ਕਿਹੜਾ ਕੱਜ ਐ ਮੁੰਡਿਆਂ ਵਿੱਚ? ਸੋਚਾਂ ਦੀ ਘੁੰਮਣਘੇਰੀ ਪਈ ਰਹਿੰਦੀ, ਪਰ ਆਪਣੇ ਹੱਥ ਤਾਂ ਕੁੱਝ ਹੈ ਹੀ ਨਹੀਂ। ਮਾਸਟਰ ਸਮਝਾਉਂਦਾ , “ਬਾਈ, ਇਹ ਸਭ ਕਿਸਮਤਾਂ ਦੇ ਸੌਦੇ ਆ। ਜਦੋ ਕਿਸੇ ਕਰਮਾਂ ਵਾਲੀ ਨੇ ਆਉਣੈ ਤਾਂ ਅੱਖ ਦੇ ਫੋਰ ਵਿੱਚ ਹੀ ਡੋਲਾ ਆ ਜਾਣੈ। ਘਬਰਾ ਨਾ ... ਹੁਣ ਵੀ ਕਿਤੇ ਤਾਂ ਬੈਠੀ ਮਲਾਈਆਂ ਖਾਂਦੀ ਹੋਊ।” ਚੰਨੇ ਦਾ ਦਿਲ ਧਰਾਉਣ ਦੀ ਕਰਦਾ।

ਕਾਂਤੇ ਫ਼ੌਜੀ ਦਾ ਚਿੱਠੀ-ਚੀਰਾ ਆਉਂਦਾ ਤਾਂ ਨੇਫ਼ਾ ਬਾਡਰ ਦੇ ਹਾਲਾਤ ਬਿਆਨੇ ਹੁੰਦੇ। ਅਗਲੀਆਂ ਚੌਂਕੀਆਂ ਤੱਕ ਘੋੜਿਆਂ ਤੇ ਰਾਸ਼ਨ ਲਿਜਾਣ ਦੀਆਂ ਕਹਾਣੀਆਂ ਹੁੰਦੀਆਂ। ਚੱਲਦੀਆਂ ਗੋਲੀਆਂ ਦੀ ਵਿੱਥਿਆ ਹੁੰਦੀ। ਟੱਬਰ ਨੂੰ ਉਹਦੇ ਦੋ ਮਹੀਨਿਆਂ ਦੀ ਛੁੱਟੀ ਆਉਣ ਦੀ ਡੂੰਘੀ ਤਾਂਘ ਰਹਿੰਦੀ। ਮੱਘਰ ਤੇ ਦਿਆਲੇ ਨੂੰ ‘ਫੌਜੀਆ ਰੰਮ’ ਦੀਆਂ ਘੁੱਟਾਂ ਦਾ ਸਰੂਰ ਜਿਹਾ ਚੜ੍ਹਨ ਲੱਗਦਾ। ਮੋੜਵੀਂ ਚਿੱਠੀ ਉੱਚੇ ਬਾਰ ਵਾਲਿਆਂ ਦੇ ਜੋਧੇ ਤੋਂ ਲਿਖਾਉਣੀ ਤੇ ਤਾਕੀਦ ਕਰਨੀ ਕਿ ਜੋਰ ਲਾ ਕੇ ਇੱਕ ਹੋਰ ਭਰਾ ਨੂੰ ਭਰਤੀ ਕਰਾਉਣ ਦਾ ਹੀਲਾ ਕਰ। ਗੰਢੂਆਂ ਨਾਲ ਵੱਟ ਦੀ ਲੜਾਈ ਹੋਈ ਤਾਂ ਵੀ ਤਰਲਾ ਪਾਇਆ ਕਿ ਇੱਥੇ ਤਾਂ ਤਕੜੇ ਦਾ ਸੱਤੀਂ ਵੀਹੀਂ ਸੌ ਐ ... ਉਨ੍ਹਾਂ ਦੀ ਲੀਡਰਾਂ ਨਾਲ ਬਹਿਣੀ ਉੱਠਣੀ ਆ ... ਤੂੰ ਆਪਣੇ ਪਲਾਟੂਨ ਕਮਾਂਡਰ ਤੋਂ ਪੁਲਸ ਮਹਿਕਮੇ ਨੂੰ ਚਿੱਠੀ ਲਿਖਾ ਕਿ ਜੇ ਅਸੀਂ ਬਾਡਰਾਂ ਦੀ ਰਾਖੀ ਕਰਦੇ ਹਾਂ ਤਾਂ ਪਿੱਛੇ ਸਾਡਾ ਟੱਬਰ ਤਾਂ ਚੈਨ ਨਾਲ ਰਹਿ ਸਕੇ।

ਨਛੱਤਰ ਕੁਰ ਦੀ ਮਿਹਨਤ ਰੰਗ ਲਿਆਈ। ਆਪਦੇ ਪੇਕਿਉਂ ਨਵੇਂ ਪਿੰਡ ਤੋਂ ਸ਼ਰੀਕੇ ਵਿੱਚੋਂ ਭਰਾ ਲੱਗਦੇ ਗੁਰਾ ਸਿਹੁੰ ਨੂੰ ਮਨਾ ਲਿਆ ਕਿ ਆ ਕੇ ਘਰ ਬਾਰ ਦੇਖ ਲਓ। ਮਿਹਨਤੀ ਟੱਬਰ ਆ ... ਮੁੰਡਾ ਸਾਊ ਆ ... ਕੁੜੀ ਸੌਖੀ ਰਹੂਗੀ। ਮਹਿੰਦਰ ਕੁਰ ਖੁਸ਼ੀ ਨਾਲ ਭੱਜੀ ਫਿਰਦੀ ਸੀ। ਗੁਆਂਢਣ ਭਾਗਵੰਤੀ ਦੀ ਮਦਦ ਨਾਲ ਕੰਧਾਂ ਕੌਲੇ ਲਿੱਪ, ਪਰੋਲਾ ਫੇਰ ਘਰ ਦੀ ਦਿੱਖ ਹੀ ਬਦਲ ਦਿੱਤੀ। ਟੱਬਰ ਤੋਂ ਚਾਅ ਨਹੀਂ ਸੀ ਚੁੱਕਿਆ ਜਾਂਦਾ। ਗੁਰਾ ਸਿਹੁੰ ਆਪਣੇ ਸਾਲੇ ਤੇ ਨਛੱਤਰ ਕੌਰ ਨੂੰ ਨਾਲ ਲੈ ਕੇ ਮੱਘਰ ਸਿੰਘ ਦੇ ਘਰ ਪਹੁੰਚ ਗਿਆ। ਚੰਨਾ ਚਾਹ ਪਾਣੀ ਫੜਾਉਂਦਾ ਉੱਡਿਆ ਫਿਰਦਾ ਸੀ। ਕੁੜੀ ਵਾਲਿਆਂ ਨੇ ਪਰਿਵਾਰ, ਖ਼ਾਨਦਾਨ ਬਾਰੇ ਜਾਣਕਾਰੀ ਲਈ। ਜ਼ਮੀਨ ਜਾਇਦਾਦ ਤੇ ਡੰਗਰ ਪਸ਼ੂਆਂ ਤੋਂ ਆਮਦਨ ਬਾਬਤ ਸੁਆਲ ਕੀਤੇ। ਇਉਂ ਲੱਗਦਾ ਸੀ ਕਿ ਕਾਰਜ ਸਿਰੇ ਚੜ੍ਹਨ ਵਾਲਾ ਹੈ। ਇੰਨੇ ਨੂੰ ਗੁਰਾ ਸਿਹੁੰ ਨੇ ਨਛੱਤਰ ਕੌਰ ਨੂੰ ਪਾਸੇ ਬੁਲਾਇਆ ਤੇ ਕੁਝ ਘੁਸਰ ਮੁਸਰ ਜਿਹੀ ਕੀਤੀ। ਮੱਘਰ ਸਿੰਘ ਦਾ ਟੱਬਰ ਕਿਸੇ ਸੰਸੇ ਵਿੱਚ ਸੀ। ਚੰਦ ਕੁ ਮਿੰਟਾਂ ਬਾਅਦ ਨਛੱਤਰ ਕੌਰ ਨੇ ਆ ਕੇ ਦੱਸਿਆ ਕਿ ਨਵੇਂ ਪਿੰਡੀਏ ਰਿਸ਼ਤਾ ਕਰਨ ਨੂੰ ਤਾਂ ਤਿਆਰ ਨੇ, ਪਰ ਚੰਨੇ ਦੇ ਰੰਗ ਦਾ ਥੋੜ੍ਹਾ ਅੜਿੱਕਾ ਐ। ਕੁੜੀ ਬਣਦੀ ਤਣਦੀ ਆ ਤੇ ਉਹ ਰਿਸ਼ਤਾ ਕਰਨਗੇ ਤਾਂ ਫੌਜੀ ਨਾਲ ... ਬਾਕੀ ਥੋਡੀ ਮਰਜ਼ੀ!

ਚੰਨੇ ਤੇ ਜਿਵੇਂ ਅਸਮਾਨੀ ਬਿਜਲੀ ਡਿੱਗ ਪਈ।

ਕੁੜੀ ਵਾਲੇ ਆਪਣੇ ਫੈਸਲੇ ਬਾਰੇ ਦੱਸ ਕੇ ਮੱਘਰ ਸਿਹੁੰ ਨੂੰ ਆਪਣੇ ਪਰਿਵਾਰ ਵਿੱਚ ਸਲਾਹ ਕਰਨ ਦਾ ਕਹਿ ਕੇ ਚਲੇ ਗਏ। ਪਰਿਵਾਰ ਵਿੱਚ ਸੁੰਨ ਪਸਰ ਗਈ। ਚੰਨਾ ਮਸੋਸਿਆ ਗਿਆ ਤੇ ਖੇਤਾਂ ਵੰਨੀ ਨਿਕਲ ਗਿਆ। ਸੂਰਜ ਦੀ ਟਿੱਕੀ ਢਲ ਰਹੀ ਸੀ। ਹਵਾ ਵਿੱਚ ਠੰਢਕ ਘੁਲੀ ਹੋਈ ਸੀ ਪਰ ਚੰਨੇ ਦੇ ਦਿਲ ਵਿੱਚ ਡੋਬੂ ਜਿਹੇ ਪੈ ਰਹੇ ਸਨ: ‘ਭਲਾ ਰਹਿਣਾ ਤਾਂ ਉਹਨੇ ਐਥੇ ਹੋਇਆ ... ਪਰ ਘਰ ਵਾਲੀ ਫੌਜੀ ਦੀ ਅਖਵਾਊਗੀ। ਫੇਰ ਲੋਕਾਂ ਦੀਆਂ ਟਿੱਚਰਾਂ ਅਲਹਿਦਾ ... ਬੀ ਫੌਜੀ ਨੀ ਵਿਆਹਿਆ, ਬਾਕੀ ਭਰਾ ਵਿਆਹੇ ਨੇ ...

ਸਾਹਮਣਿਉਂ ਆਉਂਦੇ ਮਾਸਟਰ ਨੂੰ ਦੇਖ ਚੰਨਾ ਫਿੱਸ ਪਿਆ। ਯਾਰ ਤੋਂ ਕਾਹਦਾ ਲੁਕੋਅ? ਮਾਸਟਰ ਦੀ ਮੱਤ ਹਮੇਸ਼ਾ ਨਿੱਗਰ ਹੁੰਦੀ, “ਦੇਖ ਚੰਨਿਆ, ਇਹ ਕੋਈ ਜੱਗੋਂ ਤੇਰ੍ਹਵੀਂ ਗੱਲ ਤਾਂ ਹੈ ਨੀ। ਸਮਾਜ ਨੇ ਇਸ ਰੀਤ ਨੂੰ ਕੱਲ੍ਹ ਵੀ ਮਾਨਤਾ ਦਿੱਤੀ ਸੀ ਤੇ ਅੱਜ ਵੀ ਦੇ ਰਿਹਾ। ਜ਼ਮੀਨ ਦੀ ਵੰਡ ਰੋਕਣ ਲਈ ਇੱਕ ਮੁੰਡਾ ਵਿਆਹ ਕੇ ਬਾਕੀ ਕੁਆਰੇ ਰੱਖਣ ਦਾ ਰਿਵਾਜ ਤਾਂ ਪੀੜ੍ਹੀਆਂ ਤੋਂ ਚੱਲਦਾ ਆ ਰਿਹੈ ... ਬਾਕੀ ਰਹੀ ਲੋਕਾਂ ਦੀ ਕਾਨਾ-ਫੂਸੀ ਦੀ। ਦੋ ਚਹੁੰ ਦਿਨਾਂ ਚ ਬੋਲ ਕੁਬੋਲ ਕਰ ਕੇ ਚੁੱਪ ਕਰ ਜਾਣਗੇ ... ਨਾਲੇ ਬੇਬੇ ਕਥਾ ਸੁਣਾਉਂਦੀ ਤਾਂ ਹੁੰਦੀ ਆ ਕਿ ਜਦੋਂ ਅਰਜਨ, ਦ੍ਰੋਪਦੀ ਨੂੰ ਜਿੱਤ ਕੇ ਭਰਾਵਾਂ ਨਾਲ ਮਹਿਲਾਂ ਵਿੱਚ ਪਹੁੰਚਿਆ ਤਾਂ ਮਾਤਾ ਕੁੰਤੀ ਨੂੰ ਦੱਸਿਆ, “ਮਾਤੇ ਸ੍ਰੀ! ਦੇਖ ਅਸੀਂ ਕੀ ਲੱਭ ਕੇ ਲਿਆਏ ਹਾਂ?

ਸੁਤੇ ਸੁਭਾਅ ਕੁੰਤੀ ਦੇ ਮੂੰਹੋਂ ਨਿੱਕਲਿਆ, “ਪੰਜੇ ਭਰਾ ਵੰਡ ਲਿਉ” ਤੇ ਉਹ ਪੰਜਾਂ ਭਰਾਵਾਂ ਦੀ ਪਤਨੀ ਬਣ ਗਈ ...” ਮਾਤਾ ਦੇ ਬੋਲ ਰਾਜ-ਧਰਮ ਨਿਭਾਉਣ ਵਾਲੇ ਸਨ।

ਮਾਸਟਰ ਦੇ ਬੋਲਾਂ ਨਾਲ ਚੰਨੇ ਦੇ ਜ਼ਖ਼ਮਾਂ ’ਤੇ ਜਿਵੇਂ ਕੋਈ ਮਲ੍ਹਮ ਲੱਗ ਗਈ ਹੋਵੇ। ਚਿੱਤ ਨੂੰ ਠਰ੍ਹੰਮਾ ਜਿਹਾ ਮਿਲਿਆ। ਘਰ ਆ ਕੇ ਮਾਤਾ ਨੂੰ ਨਵੇਂ ਪਿੰਡੀਆਂ ਦੀ ਸ਼ਰਤ ਮਨਜੂਰ ਹੋਣ ਦੀ ‘ਹਾਂ’ ਨਛੱਤਰ ਕੌਰ ਤੱਕ ਪੁਚਾਉਣ ਦਾ ਕਹਿ ਕੇ ਚੁਬਾਰੇ ਚੜ੍ਹ ਗਿਆ। ਰੁਮਕਦੀ ਪੌਣ ਵਿੱਚ ਪਤਾ ਨਹੀਂ ਕਦੋਂ ਨੀਂਦਰ ਰਾਣੀ ਨੇ ਘੇਰਾ ਪਾ ਲਿਆ ਤੇ ਚੰਨਾ ਪਰੀਆਂ ਦੇ ਦੇਸ਼ ਪਹੁੰਚ ਗਿਆ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4918)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)