JagjitSLohatbaddi7ਯੁੱਧ ਹੈ ਕੀਇਹ ਵੱਖੋ ਵੱਖਰੇ ਮੁਲਕਾਂ ਜਾਂ ਧਰਮ ਅਧਾਰਤ ਫ਼ਿਰਕਿਆਂ ਵਿੱਚ ਲੰਮਾ ਬਖੇੜਾ ਹੁੰਦਾ ਹੈਜਿਸ ਵਿੱਚ ...
(24 ਅਕਤੂਬਰ 2023)

 

ਜੰਗ … … ਤਬਾਹੀ, ਕਹਿਰ, ਸਹਿਮ, ਨਸਲਕੁਸੀ, ਲੋਥਾਂ ਦੇ ਅੰਬਾਰ, ਉਜਾੜਾ, ਅਪੰਗਤਾ - ਕੀ ਕੀ ਨਾਮ ਦੇਈਏ? ਯੁੱਧ ਮਹਾਂਭਾਰਤ ਦਾ ਹੋਵੇ, ਵਿਸ਼ਵ ਜੰਗਾਂ ਹੋਣ, ਲੜਾਈ ਕਾਰਗਿਲ ਦੀ ਹੋਵੇ, ਮੈਦਾਨ ਕਰਬਲਾ ਦਾ ਹੋਵੇ, ਖਾਨਾਜੰਗੀ ਸੀਰੀਆ ਦੀ, ਰੂਸ ਯੁਕਰੇਨ ਦਾ ਯੁੱਧ ਅਤੇ ਹੁਣ ਇਜ਼ਰਾਈਲ ਹਮਾਸ ਦਾ ਰਣ … ਕੁੱਖਾਂ ਸੁੰਨੀਆਂ ਹੋ ਜਾਂਦੀਆਂ ਨੇ, ਸੁਹਾਗ ਉੱਜੜਦੇ ਨੇ, ਬਚਪਨਾ ਅਨਾਥ ਹੋ ਜਾਂਦਾ ਹੈ, ਕਬਰਾਂ ਵਾਲੀ ਚੁੱਪ ਪਸਰ ਜਾਂਦੀ ਹੈ। ਹੀਰੋਸ਼ੀਮਾ ਅਤੇ ਨਾਗਾਸਾਕੀ ਅੱਜ ਵੀ ਹਉਕਿਆਂ ਹਾਵਿਆਂ ਦੀ ਗਵਾਹੀ ਭਰਦੇ ਨੇਅੱਠ ਦਹਾਕਿਆਂ ਮਗਰੋਂ ਵੀ ਨਾਸੂਰ ਰਿਸਦੇ ਪਏ ਨੇਜ਼ਮੀਨਾਂ ਬੰਜਰ ਨੇ ਤੇ ਬੱਚੇ ਅਪੰਗਸਿਆਣੇ ਕਹਿੰਦੇ ਨੇ, ਤਿੱਖੇ ਔਜ਼ਾਰਾਂ ਨਾਲ ਮਜ਼ਾਕ ਚੰਗੇ ਨਹੀਂ ਹੁੰਦੇ!

ਬਸਰੇ ਦਾ ਜ਼ਿਕਰ ਅਕਸਰ ਪੰਜਾਬੀ ਲੋਕ-ਧਾਰਾ ਵਿੱਚ ਆਉਂਦਾ ਹੈਇਹ ਓਹੀ ਖੇਤਰ ਹੈ, ਜਿੱਥੇ ਅਨੇਕਾਂ ਪੰਜਾਬੀ ਜਵਾਨ ਬਰਤਾਨਵੀ ਹਕੂਮਤ ਵੱਲੋਂ ਪਹਿਲੇ ਵਿਸ਼ਵ ਯੁੱਧ ਵਿੱਚ ਲੜੇਇਸ ਵਿੱਚ ਤੇਰਾਂ ਲੱਖ ਭਾਰਤੀ ਫ਼ੌਜੀਆਂ ਨੇ ਹਿੱਸਾ ਲਿਆ ਸੀ ਪਰ 74000 ਨੂੰ ਮੁੜ ਘਰ ਦਾ ਦਰ ਦੇਖਣਾ ਨਸੀਬ ਨਹੀਂ ਹੋਇਆ ਸੀਉਸ ਵੇਲੇ ਗੱਭਰੂ ਫ਼ੌਜੀਆਂ ਦੀਆਂ ਸਜ-ਵਿਆਹੀਆਂ ਇਹੀ ਅਰਜੋਈ ਕਰਦੀਆਂ ਸਨ:

ਬਸਰੇ ਦੀ ਲਾਮ ਟੁੱਟਜੇ, ਮੈਂ ਰੰਡੀਓਂ ਸੁਹਾਗਣ ਹੋਵਾਂ

ਇਹ ਲਾਮ ਇੰਨਾ ਭਿਆਨਕ ਵਰਤਾਰਾ ਸੀ ਕਿ ਇਸ ਵਿੱਚ ਨੱਬੇ ਲੱਖ ਸੈਨਿਕ ਅਤੇ ਸੱਤਰ ਲੱਖ ਆਮ ਨਾਗਰਿਕ ਮਾਰੇ ਗਏਅਪਾਹਜ ਫ਼ੌਜੀਆਂ ਦੀ ਗਿਣਤੀ ਵੀ ਸੱਤਰ ਲੱਖ ਦੇ ਨੇੜੇ ਸੀਨਤੀਜੇ ਵਜੋਂ ਭੁੱਖਮਰੀ ਅਤੇ ਮਹਾਂਮਾਰੀਆਂ ਨੇ ਹੋਰ ਪੰਜ ਕਰੋੜ ਲੋਕਾਂ ਨੂੰ ਆਪਣੀ ਬੁੱਕਲ਼ ਵਿੱਚ ਸਮੇਟ ਲਿਆ ਸੀਪਰ ਮਨੁੱਖ ਤਾਂ ਮਨੁੱਖ ਨਿੱਕਲਿਆ! ਸਬਕ ਸਿੱਖਣ ਦੀ ਬਜਾਏ ਹੋਰ ਖੂੰਖਾਰ ਹੋ ਨਿੱਬੜਿਆਦੂਜੀ ਆਲਮੀ ਜੰਗ ਛੇਤੀ ਵਿੱਢ ਲਈ, ਜਿਸ ਵਿੱਚ 70 ਦੇਸ਼ਾਂ ਦੇ 10 ਕਰੋੜ ਤੋਂ ਵੱਧ ਸੈਨਿਕ ਇਸਦੀ ਭੱਠੀ ਵਿੱਚ ਝੋਕੇ ਗਏਮਨੁੱਖੀ ਇਤਿਹਾਸ ਦੇ ਇਸ ਅਮਾਨਵੀ ਕਹਿਰ ਵਿੱਚ ਦੋ ਕਰੋੜ ਫ਼ੌਜੀ ਅਤੇ ਚਾਰ ਕਰੋੜ ਸਿਵਲੀਅਨ ਮੌਤ ਦੇ ਮੂੰਹ ਵਿੱਚ ਚਲੇ ਗਏਇਹ ਹੈ ਸੱਭਿਆ ਮਨੁੱਖ ਦੀਆਂ ਅਸੱਭਿਆ ਕਰਤੂਤਾਂ ਦੀ ਇੱਕ ਝਲਕਚੰਦ ਪਲਾਂ ਦੀ ਸ਼ਰਾਰਤ ਦਾ ਖ਼ਮਿਆਜ਼ਾ ਸਦੀਆਂ ਤਕ ਭੁਗਤਣਾ ਪੈਂਦਾ ਹੈ ਸ਼ਾਇਰ ਮੁਜ਼ੱਫ਼ਰ ਰਜ਼ਮੀ ਹੰਝੂਆਂ ਦੇ ਪਾਣੀ ਦੀ ਗੱਲ ਕਰਦਾ ਹੈ:

ਤਾਰੀਖ ਕੀ ਆਂਖੋਂ ਨੇ ਵੋਹ ਦੌਰ ਭੀ ਦੇਖਾ ਹੈ,
ਲਮਹੋਂ ਨੇ ਖ਼ਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ

ਆਦਿ ਸਮੇਂ ਤੋਂ ਹੀ ਮਾਨਵ ਬੇਚੈਨੀ ਦਾ ਸ਼ਿਕਾਰ ਰਿਹਾ ਹੈਜਨਮ ਤੋਂ ਹੀ ਸਵਾਰਥ ਦਾ ਪੱਲਾ ਫੜਿਆ ਹੋਇਆਮਨ ਮਸਤਕ ਵਿੱਚ ਪਸ਼ੂ ਬਿਰਤੀ ਦਾ ਵਾਸਾਸਮਰੱਥ ਵਾਰਤਾਕਾਰ ਗੁਰਬਚਨ ਸਿੰਘ ਭੁੱਲਰ ਦਾ ਕਥਨ ਹੈ ਕਿ ਸਮਾਜ ਵਿਗਿਆਨ ਵਿੱਚ ਬੰਦੇ ਨੂੰ ‘ਸਮਾਜਿਕ ਪਸ਼ੂ’ ਕਿਹਾ ਜਾਂਦਾ ਹੈਸਮਾਜਿਕ ਰੂਪ ਧਾਰ ਚੁੱਕੇ ਇਸ ਪਸ਼ੂ ਦਾ ਮੇਲ ਹੋਰ ਪਸ਼ੂਆਂ ਨਾਲ ਸਾਂਝਾ ਹੈਆਪਣੀ ਖੁਰਲੀ ਵਿੱਚ ਚਾਰਾ ਪਿਆ ਹੋਣ ਦੇ ਬਾਵਜੂਦ, ਨਾਲ ਦੀ ਖੁਰਲੀ ਵਾਲੇ ਨੂੰ ਢੁੱਡ ਮਾਰ ਕੇ ਪਰੇ ਕਰਦਿਆਂ ਉਹਦੀ ਖੁਰਲੀ ਵਿੱਚੋਂ ਚਾਰਾ ਖਾਣ ਦੀ ਰੁਚੀ ਮਨੁੱਖ ਵਿੱਚ ਸਦਾ ਹੀ ਬਣੀ ਰਹੀ ਹੈਇਹ ਅੱਜ ਵੀ ਬਣੀ ਹੋਈ ਹੈ ਤੇ ਭਵਿੱਖ ਵਿੱਚ ਵੀ ਇਸਦੇ ਮਿਟ ਜਾਣ ਦੇ ਕੋਈ ਆਸਾਰ ਨਹੀਂ ਦਿਸਦੇਨਿੱਜੀ ਜਾਇਦਾਦ ਲਈ ਹਾਬੜ ਇਸੇ ਰੁਚੀ ਦੀ ਸਾਕਾਰਤਾ ਹੈਮਨੁੱਖ ਜਾਨਵਰੀ ਜੰਗਲ ਤੋਂ ਸੱਭਿਅਤਾ ਤਕ ਪਹੁੰਚ ਗਿਆ ਹੈਇਸ ਸਫ਼ਰ ਵਿੱਚ ਇਸ ਨੇ ਆਪਣੇ ਦਿਮਾਗ਼ ਦਾ ਦੰਗ ਕਰਨ ਵਾਲਾ ਹੀ ਨਹੀਂ, ਸਗੋਂ ਭੈਭੀਤ ਕਰਨ ਵਾਲਾ ਵਿਕਾਸ ਕਰ ਲਿਆ ਹੈ

ਯੁੱਧ ਹੈ ਕੀ? ਇਹ ਵੱਖੋ ਵੱਖਰੇ ਮੁਲਕਾਂ ਜਾਂ ਧਰਮ ਅਧਾਰਤ ਫ਼ਿਰਕਿਆਂ ਵਿੱਚ ਲੰਮਾ ਬਖੇੜਾ ਹੁੰਦਾ ਹੈ, ਜਿਸ ਵਿੱਚ ਅੱਤ ਦਰਜੇ ਦੀ ਹਿੰਸਾ ਅਤੇ ਜਾਨੀ ਮਾਲੀ ਤਬਾਹੀ ਸ਼ਾਮਲ ਹੁੰਦੀ ਹੈ। ਸਿਆਸੀ ਜਮਾਤਾਂ ਵਿੱਚ ਵੀ ਇਹ ਵਿਸ਼ਾਲ ਹਥਿਆਰਬੰਦ ਟਾਕਰਾ ਹੁੰਦਾ ਹੈਅਕਸਰ ਤਿੰਨ ਪੱਖਾਂ ਕਰ ਕੇ ਯੁੱਧ ਛੇੜਿਆ ਜਾਂਦਾ ਹੈ; ਸ਼ਕਤੀ ਪ੍ਰਾਪਤੀ, ਹੱਕ ਪ੍ਰਾਪਤੀ ਅਤੇ ਵਿਚਾਰਾਂ ਦੀ ਵਿਚਾਰਾਂ ਉੱਤੇ ਵਿਜੈ ਪ੍ਰਾਪਤੀਸ਼ਕਤੀ ਗ੍ਰਹਿਣ ਕਰਨ ਵਾਲੇ ਯੁੱਧ ਵਿੱਚ ਹਿੰਸਾ ਪ੍ਰਮੁੱਖ ਹੁੰਦੀ ਹੈ ਹੱਕ ਤੇ ਸੱਚ ਪ੍ਰਾਪਤੀ ਲਈ ਲੜੇ ਜਾਣ ਵਾਲੇ ਯੁੱਧ ਦਾ ਮੰਤਵ ਮਾਨਵੀ ਹਿਤਾਂ ਤੇ ਮਨੁੱਖੀ ਅਣਖ ਨੂੰ ਮੰਨਿਆ ਜਾਂਦਾ ਹੈਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਜ਼ਬਰਦਸਤੀ ਆਪਣੇ ਵਿਚਾਰਾਂ ਲਈ ਕਾਇਲ ਕਰਨਾ ਤੀਜਾ ਕਾਰਨ ਹੈਠੰਢੀ ਜੰਗ ਇਸੇ ਮੰਤਵ ਦੀ ਪੂਰਤੀ ਲਈ ਕੀਤਾ ਜਾਣ ਵਾਲਾ ਯੁੱਧ ਹੈ

ਜੰਗ ਕਿਤੇ ਵੀ ਹੋਵੇ, ਦੁੱਖ ਸਮੁੱਚੀ ਮਾਨਵਤਾ ਨੂੰ ਹੰਢਾਉਣਾ ਪੈਂਦਾ ਹੈਵਹਿਣ ਵਾਲਾ ਲਹੂ ਪੂਰੀ ਤਰ੍ਹਾਂ ਮਨੁੱਖਤਾ ਨੂੰ ਸ਼ਰਮਿੰਦਾ ਕਰਦਾ ਹੈਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂ ਕਰਦਾ ਇਸਦੀਆਂ ਤਬਾਹੀਆਂ ਦੇ ਮੰਜ਼ਰ ਦੇਖ ਕੇ ਹੀ ਉਰਦੂ ਦੇ ਪ੍ਰਸਿੱਧ ਕਵੀ ਸਾਹਿਰ ਲੁਧਿਆਣਵੀ ਨੇ ਆਪਣੀ ਨਜ਼ਮ ‘ਐ ਸ਼ਰੀਫ਼ ਇਨਸਾਨੋਂ’ ਵਿੱਚ ਇੱਕ ਭਾਵੁਕਤਾ ਸਿਰਜੀ ਹੈ:

ਜੰਗ ਤੋਂ ਖੁਦ ਹੀ ਏਕ ਮਸਲਾ ਹੈ,
ਜੰਗ ਕਿਆ ਮਸਲੋਂ ਕਾ ਹੱਲ ਦੇਗੀ
ਇਸ ਲੀਏ! ਐ ਸ਼ਰੀਫ਼ ਇਨਸਾਨੋਂ
ਜੰਗ ਟਲਤੀ ਰਹੇ ਤੋਂ ਬਿਹਤਰ ਹੈ

ਜੰਗ ਵਿੱਚ ਕਿਸੇ ਦੀ ਜਿੱਤ ਹਾਰ ਨਹੀਂ ਹੁੰਦੀ, ਬਲਕਿ ਕਿਰਤੀ ਲੋਕ ਮਰਦੇ ਹਨਨੁਕਸਾਨ ਲੋਕਾਂ ਦਾ ਹੁੰਦਾ ਹੈ, ਹਾਕਮਾਂ ਦਾ ਨਹੀਂਮੌਤ ਤਾਂ ਉਨ੍ਹਾਂ ਦਾ ਵਪਾਰ ਹੈਯੁੱਧ ਇੱਕ ਅਜਿਹਾ ਦੁਖਾਂਤ ਹੈ, ਜਿੱਥੇ ਨੌਜਵਾਨ - ਜਿਹੜੇ ਇੱਕ ਦੂਜੇ ਨੂੰ ਜਾਣਦੇ ਤਕ ਨਹੀਂ ਹੁੰਦੇ ਤੇ ਨਾ ਹੀ ਇੱਕ ਦੂਜੇ ਨੂੰ ਨਫ਼ਰਤ ਕਰਦੇ ਹੁੰਦੇ ਹਨ - ਇੱਕ ਦੂਜੇ ਨੂੰ ਮਾਰਦੇ ਨੇ, ਉਨ੍ਹਾਂ ਹੁਕਮਰਾਨਾਂ ਦੇ ਹੁਕਮਾਂ ´ਤੇ, ਜਿਹੜੇ ਇੱਕ ਦੂਜੇ ਨੂੰ ਜਾਣਦੇ ਵੀ ਹਨ ਅਤੇ ਨਫ਼ਰਤ ਵੀ ਕਰਦੇ ਹਨਇਹ ਅਜਿਹੀ ਚੰਦਰੀ ਘਟਨਾ ਹੁੰਦੀ ਹੈ, ਜਿਸ ਨੂੰ ਹਾਰਨ ਵਾਲਾ ਤਾਂ ਹਾਰਦਾ ਹੀ ਹੈ, ਜਿੱਤਣ ਵਾਲਾ ਵੀ ਹਾਰਦਾ ਹੈਸਿਆਣਿਆਂ ਦਾ ਕਥਨ ਹੈ ਕਿ ਜੰਗ ਦਾ ਜਸ਼ਨ ਉਹ ਮਨਾਉਂਦੇ ਹਨ, ਜਿਨ੍ਹਾਂ ਕਦੇ ਜੰਗ ਲੜੇ ਨਹੀਂ ਹੁੰਦੇ; ਤੇ ਜਿਨ੍ਹਾਂ ਕਦੇ ਜੰਗ ਲੜੇ ਹੁੰਦੇ ਹਨ, ਉਹ ਜੰਗ ਦਾ ਜਸ਼ਨ ਨਹੀਂ ਮਨਾਉਂਦੇ

ਪ੍ਰਸਿੱਧ ਵਿਗਿਆਨੀ ਅਲਬਰਟ ਆਈਨਸਟਾਈਨ (1879-1956) ਨੇ ਵਿਗਿਆਨ ਦੀ ਵਰਤੋਂ ਫ਼ੌਜ ਵਿੱਚ ਨਾ ਕਰਨ ਦੀ ਤਾਕੀਦ ਕੀਤੀ ਸੀਉਸਨੇ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਆਪਣੇ ਇੱਕ ਮਹਿਮਾਨ ਨੂੰ ਪੁੱਛਿਆ ਸੀ ਕਿ ਜੇ ਅਗਲੀ ਜੰਗ ਹੋਈ ਤਾਂ ਕੀ ਇਨਸਾਨ ਧਰਤੀ ਤੋਂ ਖਤਮ ਹੋ ਸਕਦਾ ਹੈ? ਉਸਦਾ ਮੰਨਣਾ ਸੀ ਕਿ ਜੇ ਤੀਜਾ ਸੰਸਾਰ ਯੁੱਧ ਹੋਇਆ ਤਾਂ ਇਹ ਇਸ ਕਦਰ ਭਿਆਨਕ ਤੇ ਤਬਾਹਕੁਨ ਹੋਵੇਗਾ ਕਿ ਮਨੁੱਖ ਦੀ ਸਾਰੀ ਉੱਨਤੀ ਅਤੇ ਵਿਕਾਸ ਮੁੜ ਸਿਫ਼ਰ ਉੱਤੇ ਆ ਜਾਣਗੇ ਅਤੇ ਜਦੋਂ ਚੌਥਾ ਯੁੱਧ ਲੜਨ ਲਈ ਮਨੁੱਖ ਆਪਣੇ ਆਪ ਨੂੰ ਤਿਆਰ ਕਰੇਗਾ ਤਾਂ ਉਸ ਕੋਲ ਸਿਵਾਏ ਪੱਥਰਾਂ ਦੇ ਕੁਝ ਨਹੀਂ ਹੋਵੇਗਾਜੋ ਖਤਰਾ ਆਈਨਸਟਾਈਨ ਨੇ 1949 ਵਿੱਚ ਚਿਤਵਿਆ ਸੀ, ਉਹ ਅੱਜ ਵੀ ਸਾਡੇ ਸਿਰ ਉੱਤੇ ਮੰਡਰਾ ਰਿਹਾ ਹੈਸਵੀਡਨ ਦੇ 1833 ਵਿੱਚ ਜਨਮੇ ਪ੍ਰਸਿੱਧ ਇੰਜਨੀਅਰ ਅਤੇ ਖੋਜੀ ਅਲਫਰਡ ਨੋਬਲ ਨੇ ਡਾਇਨਾਮਾਈਟ ਦੀ ਖੋਜ ਕੀਤੀਅਚਾਨਕ ਉਸਦੀ ਇੱਕ ਨਜ਼ਰ ਅਖਬਾਰ ਵਿੱਚ ਛਪੀ ਆਪਣੀ ਕਿਸੇ ਫੋਟੋ ’ਤੇ ਪਈ, ਜਿਸਦੇ ਥੱਲੇ ਲਿਖਿਆ ਸੀ, “ਮੌਤ ਦਾ ਸੌਦਾਗਰ ਚੱਲ ਵਸਿਆ।” ਮਨ ਹਲੂਣਿਆ ਗਿਆਕੀ ਉਸ ਨੂੰ ਦੁਨੀਆਂ ਵਿੱਚ ਇਸ ਤਰ੍ਹਾਂ ਯਾਦ ਕੀਤਾ ਜਾਵੇਗਾ? ਆਪਣੀ ਸਾਰੀ ਜਾਇਦਾਦ, ਜੋ 19 ਕਰੋੜ ਡਾਲਰ ਸੀ, ਮਨੁੱਖਤਾ ਦੇ ਭਲੇ ਲਈ ਦੇ ਦਿੱਤੀਅੱਜ ਉਸਦੇ ਨਾਂ ’ਤੇ ਨੋਬਲ ਪੁਰਸਕਾਰ ਦਿੱਤੇ ਜਾਂਦੇ ਨੇਦੁਨੀਆਂ ਦੀ ਸਭ ਤੋਂ ਸ਼ਕਤੀਸਾਲੀ ਕਾਰਬਾਈਨ ਏ. ਕੇ. 47 ਦੇ ਖੋਜੀ ਰੂਸੀ ਜਰਨੈਲ ਮਿਖਾਇਲ ਕਲਾਸ਼ਨੀਕੋਵ ਨੇ ਇਸ ਖ਼ਤਰਨਾਕ ਹਥਿਆਰ ਦੀ ਭਿਆਨਕਤਾ ਨੂੰ ਮਨੁੱਖਤਾ ਦਾ ਘਾਣ ਸਮਝਦਿਆਂ 2013 ਵਿੱਚ ਆਪਣੀ ਮੌਤ ਤੋਂ ਪਹਿਲਾਂ ਲਿਖੀ ਇਸ ਚਿੱਠੀ ਵਿੱਚ ਇਸਦੇ ਈਜਾਦ ਕਰਨ ਦਾ ਪਛਤਾਵਾ ਕੀਤਾਮਈ 2012 ਵਿੱਚ ਰੂਸੀ ਆਰਥੋਡੈਕਸ ਚਰਚ ਨੂੰ ਲਿਖਿਆ: “ਮੈਨੂੰ ਇਹ ਸਵਾਲ ਵਾਰ ਵਾਰ ਪ੍ਰੇਸ਼ਾਨ ਕਰ ਰਿਹਾ ਹੈ ਕਿ ਪ੍ਰਮਾਤਮਾ ਨੇ ਮਨੁੱਖ ਨੂੰ ਈਰਖਾ, ਲਾਲਚ ਅਤੇ ਹਮਲਾਵਰ ਹੋਣ ਦੀ ਸ਼ੈਤਾਨੀ ਇੱਛਾ ਕਿਉਂ ਦਿੱਤੀ? ਕੀ ਮੈਂ ਇਸਾਈ ਹੋਣ ਦੇ ਨਾਤੇ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਨਹੀਂ?

ਚਿੰਤਕ ਫ੍ਰਾਂਸਿਸ ਪੀ. ਡੈਫੀ ਦਾ ਕਥਨ ਹੈ: “ਕੋਈ ਸਿਪਾਹੀ ਯੁੱਧ ਸ਼ੁਰੂ ਨਹੀਂ ਕਰਦਾ; ਉਹ ਕੇਵਲ ਆਪਣੀਆਂ ਜਾਨਾਂ ਦੀ ਬਾਜ਼ੀ ਲਾਉਂਦੇ ਹਨਯੁੱਧ ਸ਼ੁਰੂ ਹੁੰਦੇ ਹਨ: ਧਨੀ ਲੋਕਾਂ ਤੋਂ, ਸਿਆਸਤਦਾਨਾਂ ਤੋਂ, ਉਤੇਜਿਤ ਔਰਤਾਂ ਤੋਂ, ਅਖਬਾਰਾਂ ਦੇ ਸੰਪਾਦਕਾਂ ਤੋਂ; ਪਰ ਮਰਨ ਵਾਲੇ ਮਾਸੂਮ ਨੌਜਵਾਨ ਹੁੰਦੇ ਹਨ।” ਜੰਗਾਂ ਦਾ ਲਗਾਤਾਰ ਚੱਲਦੇ ਰਹਿਣਾ, ਪੂੰਜੀਵਾਦ ਦੀ ਲੋੜ ਬਣ ਗਿਆ ਹੈਮੰਡੀ ਦਾ ਅਸੂਲ ਹੈ ਕਿ ਕਿਸੇ ਵੀ ਚੀਜ਼ ਦਾ ਉਤਪਾਦਨ ਲਾਭ ਲਈ ਕੀਤਾ ਜਾਂਦਾ ਹੈ, ਨਾ ਕਿ ਉਸਦੀ ਵਰਤੋਂ ਲਈ … ਇਹ ਦੱਸਣ ਦੀ ਲੋੜ ਨਹੀਂ, ਕੌਣ ਇਸਦਾ ਲਾਭ ਉਠਾਏਗਾਸਰਬੀਆ ਦੀ ਕਹਾਵਤ ਹੈ ਕਿ ਯੁੱਧ ਵਿੱਚ ਹਾਕਮ ਬਾਰੂਦ ਵੰਡਦੇ ਨੇ, ਅਮੀਰ ਭੋਜਨ ਪਰੋਸਦੇ ਨੇ ਅਤੇ ਗਰੀਬ ਆਪਣੇ ਬੱਚੇ … ਜਦੋਂ ਯੁੱਧ ਦਾ ਖ਼ਾਤਮਾ ਹੁੰਦਾ ਹੈ; ਹਾਕਮ ਆਪਣਾ ਬਚਿਆ ਹੋਇਆ ਬਾਰੂਦ ਇਕੱਠਾ ਕਰ ਲੈਂਦੇ ਨੇ, ਅਮੀਰਾਂ ਕੋਲ ਵੱਧ ਅਨਾਜ ਜਮ੍ਹਾਂ ਹੋ ਜਾਂਦਾ ਹੈ ਤੇ ਗਰੀਬ ਆਪਣੇ ਬੱਚਿਆਂ ਦੀਆਂ ਕਬਰਾਂ ਫਰੋਲਦੇ ਨੇ! ਕਿੰਨੀ ਦੁਖਦਾਈ ਹਕੀਕਤ ਹੈਕਿਸੇ ਕਵੀ ਦੀ ਕਲਮ ਤੋਂ:

ਯੁੱਧ ਜਸ਼ਨ ਨਹੀਂ ਹੁੰਦਾ ਦੋਸਤੋ,
ਉਦੋਂ ਤਾਂ ਬਿਲਕੁਲ ਨਹੀਂ ਹੁੰਦਾ,
ਜਦੋਂ ਕਿਸੇ ਬਾਂਦਰ ਦੇ ਹੱਥ ’ਚ ਬੰਦੂਕ ਹੋਵੇ

ਕਿਸੇ ਸਿਰਫਿਰੇ ਨੂੰ ਲੱਭ ਜਾਏ
ਮਾਚਿਸ ਦੀ ਤੀਲੀ

ਕਿਸੇ ਹੈਵਾਨ ਦੇ ਹੱਥ ਵਿੱਚ
ਆ ਜਾਵੇ ਸੱਤਾ

ਤੇ ਕਿਸੇ ‘ਸ਼ੈਤਾਨ’ ਦੇ ਹੱਥ
ਆ ਜਾਵੇ ‘ਰੱਬ
।’

ਤ੍ਰਾਸਦੀ ਇਹ ਹੈ ਕਿ ਅੱਜ ਗਰੀਬ ਮੁਲਕ ਕਰਜ਼ਾ ਚੁੱਕ ਕੇ ਅਸਲਾ ਰੂਪੀ ਮੌਤ ਸਹੇੜਦੇ ਨੇਹੁਣ ਦੇ ਯੁੱਧ ਸੂਰਬੀਰਤਾ ਦੇ ਨਹੀਂ, ਮਨੁੱਖ ਦੀ ਮੂਰਖਤਾ ਭਰੀ ਤਬਾਹੀ ਦੇ ਪ੍ਰਮਾਣ ਪੱਤਰ ਹਨਇਉਂ ਕਹੀਏ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਵੀ ਹਥਿਆਰੀ ਸ਼ਕਤੀਆਂ ਨੇ ਇਹ ਚੰਗਿਆੜੀ ਮਘਦੀ ਰੱਖੀ ਹੈਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦੀ ਜੰਗ, ਅਮਰੀਕਾ ਵੀਅਤਨਾਮ ਜੰਗ, ਭਾਰਤ ਪਾਕ ਯੁੱਧ, ਅਮਰੀਕਾ ਦੇ ਇਰਾਕ, ਲਿਬੀਆ ਤੇ ਅਫ਼ਗ਼ਾਨਿਸਤਾਨ ਉੱਤੇ ਹਮਲੇ, ਸੀਰੀਆਈ ਖਾਨਾਜੰਗੀ, ਫ਼ਲਸਤੀਨ ਇਸਰਾਇਲ ਝੜਪਾਂ ਅਤੇ ਅਜੋਕਾ ਰੂਸ ਯੁਕਰੇਨ ਘਮਸਾਣ ਇਸੇ ਬਰਬਾਦੀ ਦੀਆਂ ਕੜੀਆਂ ਹਨਅੱਜ ਦਾ ਯੁੱਧ ਵੀ ਕੋਈ ਹੱਥੋਪਾਈ, ਬੰਦੂਕਾਂ, ਤੋਪਾਂ ਦਾ ਯੁੱਧ ਨਹੀਂ ਰਿਹਾ, ਸਗੋਂ ਭਵਿੱਖੀ ਰਣਨੀਤੀਆਂ ਦਾ ਹਿੱਸਾ ਹੈਹਥਿਆਰ ਵੇਚਣ ਅਤੇ ਕੁਦਰਤੀ ਸਰੋਤਾਂ ਉੱਤੇ ਕਬਜ਼ਾ ਕਰਨ ਲਈ ਹੀ ਨੀਤੀਆਂ ਘੜੀਆਂ ਜਾਂਦੀਆਂ ਹਨਡਰੋਨਜ਼, ਡਰੱਗਜ਼, ਕੋਵਿਡ ਇਸ ਅਸਿੱਧੇ ਯੁੱਧ ਦੇ ਹੀ ਰੂਪ ਹਨਤੇਲ, ਗੈਸ ਦੇ ਭੰਡਾਰਾਂ ਉੱਤੇ ਕਬਜ਼ਾ ਅਤੇ ਅਨਾਜ ਦੇ ਸੰਕਟ ਦਾ ਵਪਾਰੀਕਰਣ ਹੁਣ ਮਨੁੱਖ ਨੂੰ ਭੁੱਖਮਰੀ, ਲਾਚਾਰੀ, ਬੇਰੁਜ਼ਗਾਰੀ ਵੱਲ ਧੱਕ ਰਹੇ ਹਨਉੱਘੇ ਚਿੰਤਕ ਕਰਤ ਵੋਗੇਨਟ ਨੇ ਅੱਜ ਦੇ ਸਮਿਆਂ ਦੀ ਪ੍ਰੀਭਾਸਾ ਕੀਤੀ ਹੈ: “ਦੁਨੀਆਂ ਵਿੱਚ ਕਿਤੇ ਵੀ ਅਮਨ ਨਹੀਂ ਹੈਅਸੀਂ ਇਸਦੀ ਤਲਾਸ਼ ਕਰਦੇ ਹਾਂ; ਅਸੀਂ ਇਸ ਨੂੰ ਗੁਆ ਲੈਂਦੇ ਹਾਂ; ਅਸੀਂ ਇਸ ਨੂੰ ਫਿਰ ਲੱਭਦੇ ਹਾਂ।”

ਪੁਰਖੇ ਹੁਣ ਵੀ ਯਾਦ ਕਰਦੇ ਨੇ ਕਿ 1965 ਦੀ ਭਾਰਤ-ਪਾਕ ਜੰਗ ਵੇਲੇ ਲੋਕ ਡਾਕੀਏ ਨੂੰ ਆਪਣੇ ਘਰ ਵੱਲ ਆਉਂਦਾ ਦੇਖ ਕੰਬਣ ਲੱਗ ਜਾਂਦੇ ਸਨ, ਕਿਸੇ ਮਨਹੂਸ ਖਬਰ ਨੂੰ ਕਿਆਸ ਕੇਅੱਜ ਵੀ ਕਾਲੀਆਂ ਘਟਾਵਾਂ ਸਾਡੇ ਅੰਗ ਸੰਗ ਨੇਅੱਜ ਜੰਗ ਸਾਡੇ ਘਰਾਂ ਵਿੱਚ ਆ ਵੜੀ ਹੈ, ਸਾਡੇ ਪਰਿਵਾਰਾਂ ਵਿੱਚ ਆ ਵੜੀ ਹੈ, ਸਾਡੇ ਬੱਚਿਆਂ ਦੇ ਦਿਲਾਂ ਵਿੱਚ ਆ ਵੜੀ ਹੈਹੁਣ ਵੀ ਸਾਡੇ ਕੁਝ ਖਾਸ ਰੰਗੇ ਹਜੂਮ ਅਤੇ ਦੇਸ਼ ਭਗਤੀ ਦਾ ਭੇਖ ਧਾਰਨ ਕਰੀ ਫਿਰਦੇ ਐਂਕਰ ਦੋਹਾਂ ਦੇਸ਼ਾਂ ਵਿੱਚ ਜੰਗੀ ਮਾਹੌਲ ਪੈਦਾ ਕਰਨ ਲਈ ਹਾਲੋਂ-ਬੇਹਾਲ ਨੇ, ਜਿਨ੍ਹਾਂ ਨੂੰ ਆਮ ਲੋਕ ‘ਲਸ਼ਕਰ-ਏ-ਮੀਡੀਆ’ ਵਜੋਂ ਮੁਖਾਤਿਬ ਹੁੰਦੇ ਨੇਸ਼ਰਾਰਤੀ ਤੱਤ ਇਹ ਭੁੱਲ ਜਾਂਦੇ ਨੇ ਕਿ ਜੰਗ ਤੋਂ ਮਗਰੋਂ ਕੌਮੀ ਝੰਡੇ ਵਿੱਚ ਲਿਪਟਿਆ ਤਾਬੂਤ ਕਿਸੇ ਐਂਕਰ, ਕਿਸੇ ‘ਵੱਡੇ ਬੰਦੇ’, ਕਿਸੇ ਨੇਤਾ, ਕਿਸੇ ਧਨਾਢ ਕਾਰੋਬਾਰੀ ਦੇ ਘਰ ਨਹੀਂ, ਸਗੋਂ ਕਿਸੇ ਰੁੱਖੀ ਮਿੱਸੀ ਰੋਟੀ ਖਾਣ ਵਾਲੇ ਉੱਦਮੀ ਦੇ ਘਰ ਦਾ ਦਰਦਨਾਕ ਮੰਜ਼ਰ ਬਣਦਾ ਹੈਲੀਕ ਦੇ ਦੋਵੇਂ ਪਾਸੇ ਲੋਕ ਅਮਨ ਚਾਹੁੰਦੇ ਹਨਬਾਬਾ ਨਜ਼ਮੀ ਦੇ ਸ਼ਬਦਾਂ ਵਿੱਚ:

ਵਿੱਚ ਗੁਦਾਮਾਂ ਮਿੱਟੀ ਹੋਵੇ, ਅਸਲਾ ਸਾਰੀ ਦੁਨੀਆਂ ਦਾ,
ਫੁੱਲਾਂ ਦੀ ਖੁਸ਼ਬੋ ਬਣ ਜਾਵੇ
, ਮਸਲਾ ਸਾਰੀ ਦੁਨੀਆਂ ਦਾ

1971 ਦੀ ਜੰਗ ਦਾ ਸ਼ੀਸ਼ਾ ਸਾਨੂੰ ਪਾਸ਼ ਵੀ ਦਿਖਾਉਂਦਾ ਹੈ:

ਨਾ ਅਸੀਂ ਜਿੱਤੀ ਜੰਗ ਤੇ ਨਾ ਹਾਰੇ ਪਾਕੀ
ਇਹ ਤਾਂ ਪਾਪੀ ਪੇਟ ਸਨ
, ਜੋ ਪੁਤਲੀਆਂ ਬਣ ਨੱਚੇ

ਕੈਨੇਡੀਅਨ ਲੇਖਕ ਮਾਰਗਰੇਟ ਐਲੀਨਰ ਐਟਵੁੱਡ ਦਾ ਕਥਨ ਹੈ: “ਜੰਗ ਭਾਸ਼ਾ ਦੀ ਅਸਫਲਤਾ ਕਾਰਨ ਹੁੰਦੀ ਹੈ।” ਇਤਿਹਾਸ ਗਵਾਹ ਹੈ ਕਿ ਜੰਗ ਜਿੰਨੀ ਮਰਜ਼ੀ ਲੰਮੀ ਹੋਵੇ, ਨਿਬੇੜਾ ਗੱਲਬਾਤ ਰਾਹੀਂ ਹੀ ਹੁੰਦਾ ਹੈਫਿਰ ਸੰਵਾਦ ਤੋਂ ਕਿਉਂ ਨਾਬਰ ਹੋਇਆ ਜਾਂਦਾ ਹੈ? ਬਸਰੇ ਦੀ ਲਾਮ ਜੇ ਤਬਾਹੀ ਦਾ ਪ੍ਰਤੀਕ ਮੰਨੀ ਜਾਂਦੀ ਹੈ ਤਾਂ ਇਸੇ ਇਰਾਕ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਸੰਵਾਦ ਰਚਾਇਆ ਸੀਆਦਿ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੀ ਬਗਦਾਦ ਫੇਰੀ ਦਾ ਜ਼ਿਕਰ ਕੀਤਾ ਹੈ: “ਫੇਰਿ ਬਾਬਾ ਗਇਆ ਬਗਦਾਦ ਨੋ … ” ਮੱਕੇ ਮਦੀਨੇ ਅਤੇ ਬਗਦਾਦ ਦੀ ਫੇਰੀ ਦੌਰਾਨ ਗੁਰੂ ਜੀ ਨੇ ਉੱਥੋਂ ਦੇ ਪੀਰ ਦਸਤਗੀਰ ਅਤੇ ਬਹਿਲੋਲ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਆਪਣੀ ਦੂਰ-ਦ੍ਰਿਸ਼ਟੀ ਨਾਲ ਕਾਇਲ ਕੀਤਾ ਸੀਜਿਸ ਧਰਤੀ ’ਤੇ ਹਿੰਸਾ ਅਤੇ ਹਥਿਆਰਾਂ ਦਾ ਬੋਲਬਾਲਾ ਸੀ, ਉੱਥੇ ਸੁੱਚੇ ਬੋਲਾਂ ਦੀ ਫਤਹਿ ਹੋਈ ਅਤੇ ਬਗਦਾਦ ‘ਗੋਸ਼ਠਿ ਨਗਰੀ’ ਵਜੋਂ ਮਕਬੂਲ ਹੋ ਗਿਆਅੱਜ ਸਦੀਆਂ ਬਾਅਦ ਵੀ ਅਸੀਂ ਅੰਤਰਾਤਮਾ ਦੀ ਆਵਾਜ਼ ਨੂੰ ਠੁਕਰਾ ਕੇ ਹਲੀਮੀ ਵਾਲੇ ਬੋਲਾਂ ਤੋਂ ਪਾਸਾ ਵੱਟ ਰਹੇ ਹਾਂ, ਤਬਾਹੀ ਨੂੰ ਹੋਕਾ ਦੇ ਰਹੇ ਹਾਂ

ਅੱਜ ਦੁਨੀਆਂ ਦੀ ਵੱਡੀ ਵਸੋਂ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਅਤੇ ਭੁੱਖਮਰੀ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੈਸਾਡਾ ਫ਼ਰਜ਼ ਬਣਦਾ ਕਿ ਜਾਨਲੇਵਾ ਹਥਿਆਰਾਂ ਨੂੰ ਨਕਾਰ ਕੇ, ਅੰਧਕਾਰ ਦੇ ਬੱਦਲ਼ਾਂ ਨੂੰ ਉਹਲੇ ਕਰ ਕੇ ਮਨੁੱਖਤਾ ਦੇ ਦਰਦ ਨੂੰ ਘਟਾਉਣ ਦੀ ਆਵਾਜ਼ ਬੁਲੰਦ ਕਰੀਏ, ਦੁਨੀਆਂ ਨੂੰ ਰਹਿਣਯੋਗ ਬਣਾਈਏਮੌਤ ਦੇ ਸੌਦਾਗਰਾਂ ਨੂੰ ਸ਼ਿਵ ਕੁਮਾਰ ਬਟਾਲਵੀ ਦੇ ਸੁਨੇਹੇ ਨਾਲ ਵਰਜੀਏ:

ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ,
ਹੁਣ ਹੋਰ ਨਾ ਮਨੁੱਖ ਸਿਰ
ਲਹੂਆਂ ਦਾ ਕਰਜ਼ਾ ਚਾੜ੍ਹਿਉ

ਹੈ ਅੱਖ ਚੁੱਭੀ ਅਮਨ ਦੀ
ਆਇਓ ਵੇ ਫੂਕਾਂ ਮਾਰਿਉ
ਹਾੜਾ ਜੇ ਕਲਮਾਂ ਵਾਲਿਉ!
ਹਾੜਾ ਜੇ ਅਕਲਾਂ ਵਾਲਿਉ!
ਹਾੜਾ ਜੇ ਹੁਨਰਾਂ ਵਾਲਿਉ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4418)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)