“ਕਿਵੇਂ ਆਪਣਿਆਂ ਨੇ ਹੀ ਰਾਤੋ-ਰਾਤ ਅਮਾਨਤ ਨੂੰ ਖ਼ਿਆਨਤ ਵਿੱਚ ਬਦਲਿਆ? ਕਿਵੇਂ ਪਿੰਡ ਦੀਆਂ ਧੀਆਂ ਭੈਣਾਂ ਨੂੰ ਸਾਂਝੀਆਂ ਕਹਿਣ ...”
(11 ਮਈ 2023)
ਇਸ ਸਮੇਂ ਪਾਠਕ 174.
ਖ਼ਲਕਤ ਬਹੁਰੰਗੀ ਹੈ … ਸਪਤ-ਵਰਣ ਦੀਆਂ ਰਿਸ਼ਮਾਂ ਵਰਗੀ। ਸ਼ੋਖ਼, ਤੇਜ਼, ਮੱਧਮ, ਫਿੱਕੇ-ਕਿੰਨੇ ਹੀ ਰੰਗਾਂ ਦਾ ਗੁਲਦਸਤਾ। ਤੁਹਾਡੀ ਕੀ ਪਸੰਦ ਹੈ? ਚੁਣ ਲਵੋ! ਦਿਨ ਰਾਤ, ਮੌਸਮ, ਰੁੱਤਾਂ ਰੰਗ ਬਦਲਦੇ ਨੇ। ਮਨੁੱਖ ਇਸੇ ਹੀ ਕੁਦਰਤੀ ਕੜੀ ਦਾ ਇੱਕ ਸੂਖਮ ਅੰਸ਼ ਹੈ - ਇੱਕ ਬਰੀਕ ਅਣੂ। ਪ੍ਰਕਿਰਤੀ ਦੀ ਮਰਿਆਦਾ ਕਿਸੇ ਬੱਝਵੀਂ ਤਰਕ-ਵਿਧੀ ਵਿੱਚ ਪਰੋਈ ਹੁੰਦੀ ਹੈ। ਕਦੇ ਕਦਾਈਂ ਅਣਹੋਣੀ ਵਾਪਰਦੀ ਹੈ, ਪਰਲੋ ਆ ਜਾਂਦੀ ਹੈ। ਲੋਕਾਈ ਭੈਭੀਤ ਹੋ ਜਾਂਦੀ ਹੈ: ‘ਖੁਦਾਈ ਨਾਰਾਜ਼ ਹੈ’, ਜ਼ਰੂਰ ਕੋਈ ਗੁਸਤਾਖ਼ੀ ਹੋਈ ਹੋਵੇਗੀ। ਦੋਸ਼-ਮੁਕਤ ਹੋਣ ਲਈ ਕਿੰਨੇ ਹੀ ਅਡੰਬਰ ਰਚਾਏ ਜਾਂਦੇ ਨੇ - ਹਵਨ, ਯੱਗ, ਪਾਠ, ਪੂਜਾ। ਰੱਬੀ ਸ਼ਕਤੀ ਤੋਂ ਸੰਸਕਾਰਾਂ ਦੀ ਉਮੀਦ ਰੱਖੀ ਜਾਂਦੀ ਹੈ, ਪਰ ਮਨੁੱਖੀ ਮਨਾਂ ਵਿਚਲੀ ਮੈਲ਼ ਉਵੇਂ ਕਾਇਮ ਰਹਿੰਦੀ ਹੈ। ਬੰਦਾ ਹਰ ਘੜੀ, ਹਰ ਪਲ ਆਪਣੇ ਆਪ ਨੂੰ ਬੇਦਾਗ਼ ਚਿੱਟੀ ਚਾਦਰ ਹੋਣ ਦਾ ਭਰਮ ਪਾਲੀ ਰੱਖਦਾ ਹੈ।
ਦੈਵੀ ਸ਼ਕਤੀ ਨੇ ਮਾਨਵ ਨੂੰ ਸ੍ਰੇਸ਼ਟਤਾ ਬਖ਼ਸ਼ੀ ਹੈ। ਦੂਸਰੇ ਜੀਵ ਜੰਤੂਆਂ ਤੋਂ ਵੱਖਰੀ ਤੇ ਵਿਲੱਖਣ ਸੋਝੀ ਝੋਲੀ ਪਾਈ ਹੈ। ਮੁੱਢ ਕਦੀਮਾਂ ਤੋਂ ਹੀ ਮਨੁੱਖ ਦੇ ਅੰਦਰਲੇ ਮਨ ਦਾ ਕਿਸੇ ਥਾਹ ਨਹੀਂ ਪਾਈ। ਪਸ਼ੂ ਪੰਛੀ, ਜੋ ਅਜ਼ਲ ਤੋਂ ਹੀ ਉਸਦੇ ਸੰਗੀ ਸਾਥੀ ਰਹੇ, ਉਹ ਹੀ ਉਸਦੇ ਪਹਿਲੇ ਸ਼ਿਕਾਰ ਬਣੇ। ਆਪਣੇ ਸਵੈ ਦੀ ਹੋਂਦ ਵਾਸਤੇ ਮਨੁੱਖ ਨੇ ਸਾਰੀਆਂ ਰਵਾਇਤਾਂ ਨੂੰ ਵਿਸਾਰ ਦਿੱਤਾ ਅਤੇ ਆਪਣੇ ਸ਼ੁਭਚਿੰਤਕਾਂ ਲਈ ਹੀ ਨਾਸ਼ੁਕਰਾ ਹੋ ਨਿੱਬੜਿਆ। ਇਹ ਫ਼ਿਤਰਤ, ਇਹ ਵਰਤਾਰਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਸ਼ਰਾਫ਼ਤ ਅਤੇ ਵਿਦਵਤਾ ਦਾ ਚੋਲਾ ਪਾ, ਧੋਖਾ ਦੇਣ ਦੀ ਬਿਰਤੀ ਤੋਂ ਬ੍ਰਹਿਮੰਡ ਦਾ ਕੋਈ ਪ੍ਰਾਣੀ ਬਚ ਨਹੀਂ ਸਕਿਆ। ਨੀਲ ਆਪਣੀ ਸ਼ਾਇਰੀ ਵਿੱਚ ਬੰਦੇ ਦੇ ‘ਬੇਲਗਾਮ’ ਹੋਣ ਦੀ ਗਵਾਹੀ ਭਰਦੈ:
ਬੰਦੇ ਦੀਆਂ ਬਦ-ਮਿਜ਼ਾਜੀਆਂ
ਇਸ ਕਦਰ ਬਾ-ਦਸਤੂਰ ਜਾਰੀ ਹਨ
ਕਿ ਬੰਦਾ, ਬੰਦੇ ਨੂੰ
ਬੰਦਾ ਨਹੀਂ ਸਮਝਦਾ।
ਪਰ ਓਹੀ ਬੰਦਾ, ਗੱਲਾਂ ਕਰਦਾ ਹੈ
ਬੰਦਾ ਪਰਵਰ ਦੀਆਂ
ਬੰਦਗੀ ਦੀਆਂ!
ਨਕਾਬ ਪਹਿਨਣ ਦੀ ਕਲਾ ਦਾ ਮਾਹਰ ਹੈ ਇਨਸਾਨ। ਪਲ ਛਿਣ ਵਿੱਚ ਹੀ ਵਿਰੋਧੀ ਪਾਲ਼ ਵਿੱਚ ਖੜ੍ਹਾ ਨਜ਼ਰੀਂ ਪੈਂਦਾ ਹੈ। ਕਮਾਲ ਦਾ ਤਰਕ ਦਿੰਦਾ ਆਪਣੀ ਕਰਤੂਤ ਨੂੰ ਨਿਆਂ ਸੰਗਤ ਠਹਿਰਾਉਣ ਲਈ। ਘੁੱਗੀ ਦਾ ਭੇਸ ਧਾਰ ਸ਼ਿਕਰਾ ਸ਼ਿਕਾਰ ਕਰਨ ਨੂੰ ਅਹੁਲਦਾ ਹੈ। ਪਹਿਰਾਵੇ ਬਦਲਦੇ ਰਹਿੰਦੇ ਨੇ, ਰੋਲ ਬਦਲਦੇ ਰਹਿੰਦੇ ਨੇ, ਪਰ ਅੰਤਰੀਵ ਵਿੱਚ ਸ਼ੈਤਾਨ ਉਹੀ ਬੈਠਾ ਹੁੰਦਾ। ਇਤਿਹਾਸ ਗਵਾਹ ਹੈ ਕਿ ਮਨੁੱਖ ਨੇ ਨਾਟਕੀ ਚਿਹਰੇ ਬਦਲੇ ਨੇ, ਪਰ ਆਪਣੇ ਅੰਦਰਲੇ ਹੈਵਾਨ ਨੂੰ ਕਾਬੂ ਨਹੀਂ ਕਰ ਸਕਿਆ। ਦੂਜਿਆਂ ਦਾ ਹੱਕ ਮਾਰ ਆਪਣਾ ਘਰ ਭਰਨ, ਦੁਨਿਆਵੀ ਪਦਾਰਥਾਂ ਨੂੰ ਹੜੱਪਣ ਅਤੇ ਮਜ਼ਲੂਮਾਂ ਨੂੰ ਨਪੀੜਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਲੁੱਟ ਖੋਹ ਕਰਨ ਵੇਲੇ ਧਾਰਮਿਕ ਅਕੀਦਾ ਚੇਤਿਆਂ ਵਿੱਚ ਨਹੀਂ ਵਸਦਾ। ਭੁੱਲ ਜਾਂਦਾ ਹੈ ਕਿ ਨੰਗੇ ਪੈਰੀਂ ਜ਼ਿਆਰਤ ਕਰਨ ਨਾਲ, ਡੰਡਾਉਤ ਨਾਲ, ਸਰੋਵਰਾਂ ਵਿੱਚ ਚੁੱਭੀਆਂ ਲਾਉਣ ਨਾਲ ਦਾਗ਼ ਨਹੀਂ ਮਿਟਦੇ। ਦਰਗਾਹ ਵਿੱਚ ਰਾਜਾ ਅਤੇ ਰੰਕ ਦਾ ਬਰਾਬਰ ਦਾ ਦਰਜਾ ਸੁਣੀਂਦੈ। ਸ੍ਵਾਂਗ ਉੱਤਰ ਜਾਂਦੇ ਨੇ। ਕਹਿੰਦੇ ਨੇ, ਉੱਥੇ ਪਾਰਦਰਸੀ ਸ਼ੀਸ਼ਾ ਲੱਗਿਆ ਹੁੰਦਾ।
ਰਾਵਣ ਦੇ ਦਸ ਚਿਹਰੇ ਸਨ। ਉਹ ਵੇਦਾਂ ਦਾ ਪੂਰਨ ਗਿਆਤਾ ਸੀ, ਗੁਣੀ ਗਿਆਨੀ। ਹਰ ਸਾਲ ਅਗਨੀ ਵਿੱਚ ਸਾੜਿਆ ਜਾਂਦਾ ਹੈ। ਸਾੜਨ ਵਾਲੇ ਨੂੰ ਕਦੇ ਅਹਿਸਾਸ ਹੋਇਆ ਹੈ ਕਿ ਦਿਆਨਤਦਾਰੀ ਨਾਲ ਦਿਲ ’ਤੇ ਹੱਥ ਰੱਖੇ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ? ਮੁਖੌਟਾ ਰਾਵਣ ਨੇ ਨਹੀਂ, ਮਨੁੱਖ ਨੇ ਪਹਿਨਿਆ ਹੋਇਆ ਹੈ। ਧਰਮ ਦੇ ਠੇਕੇਦਾਰ ਪਤਾ ਨਹੀਂ ਕਿੰਨੇ ਕੁ ਭੇਸ ਬਦਲਦੇ ਨੇ ਹਰ ਰੋਜ਼। ਭੋਲ਼ੀ ਜਨਤਾ ਰੱਬ ਦੀ ਨਰਾਜ਼ਗੀ ਦੇ ਡਰੋਂ ਕੁਝ ਬੋਲਣ ਦਾ ਹੱਕ ਵੀ ਨਹੀਂ ਰੱਖਦੀ। ਮਾਸੂਮ ਆਸਿਫਾ ‘ਰੱਬ ਦੇ ਘਰ’ ਵਿੱਚ ‘ਜਿਬ੍ਹਾ’ ਕੀਤੀ ਜਾਂਦੀ ਹੈ। ਕੀ ਪੁਜਾਰੀ ਰੱਬ ਦਾ ਰੂਪ ਸੀ? ‘ਰਾਮਾਂ, ਰਹੀਮਾਂ, ਬ੍ਰਹਮਚਾਰੀਆਂ’ ਨੇ ਚਿੱਟੇ ਚੋਲ਼ਿਆਂ ਥੱਲੇ ਦਿਲ ਵੀ ਪਾਕ ਰੱਖਿਆ ਹੈ? ‘ਖੁਦਾਈ’ ਬੰਦਿਆਂ ਨੂੰ ‘ਲੋਕਾਈ’ ਅਦਾਲਤਾਂ ਨੰਗਿਆਂ ਕਰ ਰਹੀਆਂ ਨੇ। ਮਕਰ ਦਾ ਮੱਕੜਜਾਲ਼ ਕਿੱਥੋਂ ਤਕ ਘਰ ਕਰ ਗਿਆ, ਪਤਾ ਹੀ ਨਹੀਂ ਲੱਗਿਆ। ਜੇ ਪੂਜਾ ਘਰਾਂ ਨੂੰ ਕਤਲਗਾਹਾਂ ਬਣਾ ਦਿੱਤਾ ਗਿਆ, ਤਾਂ ਕਿਹੜੇ ਆਸ਼ਰਮ ਵਿੱਚ ਸਕੂਨ ਮਿਲੇਗਾ? ਸੁਲਤਾਨ ਬਾਹੂ ਇਨ੍ਹਾਂ ਦਾ ਲਿਹਾਜ਼ ਨਹੀਂ ਕਰਦਾ:
ਮੀਮ ਮਜ਼੍ਹਬਾਂ ਵਾਲੇ ਦਰਵਾਜ਼ੇ ਉੱਚੇ
ਰਾਹ ਰਬਾਨਾ ਮੋਰੀ ਹੂ,
ਪੰਡਤਾਂ ਤੇ ਮੁਲਵਾਣਿਆਂ ਕੋਲ਼ੋਂ
ਛੁਪ ਛੁਪ ਲੰਘੇ ਚੋਰੀ ਹੂ।
ਇੱਕ ਜਗ੍ਹਾ ਆਸਥਾ ਦਾ ਜ਼ਿਕਰ ਮਿਲਦਾ ਹੈ: ਕਿਸੇ ਸ਼ਖ਼ਸ ਨੇ ਇੱਕ ਧਾਰਮਿਕ ਸਥਾਨ ਦੇ ਸਾਹਮਣੇ ਬੀਅਰ ਬਾਰ ਖੋਲ੍ਹ ਲਿਆ। ਧਾਰਮਿਕ ਸਥਾਨ ਤੋਂ ਹਰ ਰੋਜ਼ ਉਸ ਬਾਰ ਦੇ ਵਿਰੁੱਧ ਪ੍ਰਾਰਥਨਾ ਕੀਤੀ ਜਾਣ ਲੱਗੀ। ਅਚਾਨਕ ਇੱਕ ਦਿਨ ਉਸ ਬੀਅਰ ਬਾਰ ਨੂੰ ਅੱਗ ਲੱਗ ਗਈ ਅਤੇ ਉਹ ਸੜ ਕੇ ਸੁਆਹ ਹੋ ਗਿਆ। ਬਾਰ ਦੇ ਮਾਲਕ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਕਿ ਇਨ੍ਹਾਂ ਦੀ ਅਰਦਾਸ ਕਾਰਨ ਮੇਰਾ ਕਿੱਤਾ ਸੁਆਹ ਹੋ ਗਿਆ ਹੈ। ਪਰ ਜੱਜ ਦੇ ਸਾਹਮਣੇ ਧਾਰਮਿਕ ਸਥਾਨ ਦੇ ਲੋਕ ਇਸ ਗੱਲ ਤੋਂ ਇਨਕਾਰੀ ਸਨ ਕਿ ਉਨ੍ਹਾਂ ਦੀ ਅਰਦਾਸ ਕਾਰਨ ਇਹ ਸਾਰਾ ਭਾਣਾ ਵਾਪਰਿਆ ਹੈ! ਜੱਜ ਨੇ ਦੁਬਿਧਾ ਵਿੱਚ ਇੱਕ ਟਿੱਪਣੀ ਲਿਖੀ, “ਇੱਕ ਪਾਸੇ ਉਹ ਬਾਰ ਦਾ ਮਾਲਕ ਹੈ, ਜੋ ਪ੍ਰਾਰਥਨਾ ਦੀ ਸ਼ਕਤੀ ਵਿੱਚ ਵਿਸ਼ਵਾਸ ਕਰਦਾ ਹੈ ਤੇ ਦੂਜੇ ਪਾਸੇ ਉਸ ਧਾਰਮਿਕ ਸਥਾਨ ਦੇ ਸਾਰੇ ਲੋਕ, ਜੋ ਇਸ ਗੱਲ ਤੋਂ ਮੁਨਕਰ ਹਨ। ਸੋ ਅਜੀਬ ਵਿਡੰਬਣਾ ਹੈ।” ਬਹੁਰੂਪੀਆ ਕੌਣ ਹੈ?
ਪਹੁ-ਫੁਟਾਲਾ ਹੁੰਦਾ ਹੈ ਤਾਂ ਸੋਸ਼ਲ ਮੀਡੀਆ ’ਤੇ ਸ਼ੁਭਚਿੰਤਕਾਂ ਦੇ ਸੰਦੇਸ਼ਾਂ ਦਾ ਆਗਾਜ਼ ਹੋ ਜਾਂਦਾ ਹੈ। ਸਦਾਚਾਰੀ ਛੱਪੜ ਪਾੜ ਕੇ ਡਿਗਦੀ ਹੈ। ‘ਓ ਮੇਰਿਆ ਰੱਬਾ, ਸੰਸਾਰੀ ਲੋਕ ਹੈਨੇ ਸੰਸਕਾਰੀ ਕਦੋਂ ਤੋਂ ਹੋ ਗਏ?’ ਇਉਂ ਲੱਗਦਾ, ਜਿਵੇਂ ਕਲਜੁਗੀ ਜੀਵ ‘ਹਰਿ ਕੀ ਪਉੜੀ’ ’ਤੇ ਬੈਠੇ ਹੋਣ ਅਤੇ ਉਨ੍ਹਾਂ ਨੇ ਮਹਾਂਪੁਰਸਾਂ ਦੇ ਪ੍ਰਵਚਨਾਂ ਨੂੰ ਆਪਣੇ ਪੱਲੇ ਪੀਡੀ ਗੰਢ ਦੇ ਕੇ ਬੰਨ੍ਹ ਲਿਆ ਹੋਵੇ। ਪਾਪਾਂ ਨੂੰ ਤਿਲਾਂਜਲੀ ਦੇ ਦਿੱਤੀ ਹੋਵੇ। ਸਤਿਜੁਗ ਵਿੱਚ ਵਿਚਰਨ ਦਾ ਭੁਲੇਖਾ ਜਿਹਾ ਪੈਂਦਾ ਹੈ। ਦਿਨ ਚੜ੍ਹਦਾ ਹੈ ਤਾਂ ਕੱਜਣ ਉੱਤਰਨ ਲੱਗਦੇ ਨੇ। ਬਗ਼ਲ ਵਿੱਚ ਛੁਰੀਆਂ ਦਾ ਖੜਾਕ ਤੇਜ਼ ਹੋ ਜਾਂਦਾ ਹੈ। ਛਵੀਆਂ ਖਹਿੰਦੀਆਂ ਨੇ। ਸ਼ਾਮਾਂ ਹੁੰਦੀਆਂ ਤਕ ਅਸਮਾਨ ਲਾਲ ਸੂਹਾ ਹੋ ਜਾਂਦਾ ਹੈ ਅਤੇ ਅਗਲੇ ਦਿਨ ਦੇ ਅਖਬਾਰਾਂ ਵਿੱਚ ਛਲ-ਕਪਟ, ਝੂਠ ਫ਼ਰੇਬ ਤੋਂ ਬਿਨਾਂ ਕੋਈ ਖਬਰ ਨਹੀਂ ਲੱਭਦੀ। ਬਣਾਉਟੀ ਚਿਹਰੇ, ਨਕਾਬ, ਪਰਦੇ ਘੇਰਾ ਪਾਈ ਬੈਠੇ ਨਜ਼ਰੀਂ ਪੈਂਦੇ ਨੇ। ਲੱਗਦਾ ਹੈ ਜਿਵੇਂ ਜੰਗਲ ਦੇ ਕਿਸੇ ਨਿੱਕੀ ਜਿਹੀ ਨੁੱਕਰੇ ਸਹਿਮ ਕੇ ਬੈਠੇ ਹੋਈਏ। ਅਗਲੀ ਸਵੇਰ ਦੇ ਸੁਨੇਹੇ ਨਵੇਂ ਸਿਰਿਉਂ ਦੁਹਰਾਏ ਜਾਣ ਲੱਗਦੇ ਨੇ!
ਰਾਜਨੀਤੀ, ਨਕਾਬਪੋਸਾਂ ਦਾ ਗੜ੍ਹ ਹੈ … … ਮੁਖੌਟਿਆਂ ਦੀ ਸਭ ਤੋਂ ਵੱਡੀ ਖਾਣ। ਨਕਲੀ ਚਿਹਰਿਆਂ ਦੀ ਮੰਡੀ ਲਗਦੀ ਹੈ ਤੇ ਕੀਮਤ ਵੀ ਚੋਖੀ ਸੁਣੀਂਦੀ ਹੈ। ਕਾਰਨ ਹੈ ਕਿ ਇੱਥੇ ਇੱਕੋ ਹੀ ਚਿਹਰੇ ਉੱਤੇ ਕਿੰਨੇ ਹੀ ਨਕਾਬ ਪਹਿਨੇ ਮਿਲਦੇ ਨੇ। ਸਿਧਾਤਾਂ ਨੂੰ ਤਿਲਾਂਜਲੀ, ਜ਼ਮੀਰਾਂ ਨੂੰ ਬੇਦਾਵਾ, ਸੱਚ ਨੂੰ ਸੂਲ਼ੀ ਚਾੜ੍ਹਨ ਦਾ ਕਾਰਜ ਅਛੋਪਲੇ ਜਿਹੇ ਹੀ ਸਿੱਧ ਹੋ ਜਾਂਦਾ ਹੈ। ਕਦੋਂ ਵਿਰੋਧੀ ਪਾਰਟੀ ਦੀਆਂ ਨੀਤੀਆਂ ਦਿਲ ਵਿੱਚ ‘ਘਰ’ ਕਰ ਜਾਣ, ਵਿਵੇਕ ਨੂੰ ਵੀ ਪਤਾ ਨਹੀਂ ਲੱਗਦਾ। ਅੰਤਰ-ਆਤਮਾ ਦੀ ਟੁੱਟ-ਭੱਜ ਦਾ ਖੜਾਕ ਵੀ ਨਹੀਂ ਸੁਣਦਾ। ਰਾਜਤੰਤਰ ਨੇ ਕਿਸੇ ਨੂੰ ਪਾਰਦਰਸ਼ੀ ਰਹਿਣ ਜੋਗਾ ਛੱਡਿਆ ਹੈ? ਅੰਦਰੋਂ ਬਾਹਰੋਂ ਇੱਕ? ਕਾਨੂੰਨਦਾਨਾਂ ਨੇ ਕਾਨੂੰਨ ਦਾ ਬੁਰਕਾ ਪਾ ਕੇ ਕਿੰਨੇ ਕੁ ਕਾਨੂੰਨ ਤੋੜੇ ਹਨ; ਰੂਹ ਕੰਬ ਜਾਂਦੀ ਹੈ। ਲੋਕਤੰਤਰ ਦੇ ਮੰਦਰਾਂ ਵਿੱਚ ਬੈਠੇ ਕਾਤਲਾਂ, ਬਲਾਤਕਾਰੀਆਂ, ਬਾਹੂਬਲੀਆਂ, ਭ੍ਰਿਸ਼ਟਾਚਾਰੀਆਂ ਦੀ ਗਿਣਤੀ ਦੇਖ ਕੇ ਰਾਜਤੰਤਰ ਦਾ ਵਜੂਦ ਹੀ ਕੰਬਣ ਲੱਗ ਜਾਂਦਾ। ਝਾਤੀ ਮਾਰੋ, ਕਿਸਨੇ ਮੁਖੌਟਾ ਨਹੀਂ ਪਾਇਆ? ਅੱਖ ਦੇ ਫੋਰ ਵਿੱਚ ਵਫ਼ਾਦਾਰੀਆਂ ਬਦਲ ਜਾਂਦੀਆਂ ਨੇ। ਹੁਕਮਰਾਨਾਂ ਦਾ ਪਟਾ ਗਲ਼ ਵਿੱਚ ਪੈ ਜਾਂਦਾ ਹੈ। ਮਨ ਵਿੱਚ ਕੋਈ ਡਰ ਬੈਠਾ ਹੁੰਦਾ। ਕੋਈ ਭਲਾ ਕੰਮ ਤਾਂ ਕੀਤਾ ਨਹੀਂ ਹੁੰਦਾ, ਉਹੀ ਚੋਰੀ ਚਕਾਰੀ … ਉਹੀ ਘਪਲੇ … ਏਜੰਸੀਆਂ ਦਾ ਡਰ! ਸੱਤਾਧਾਰੀਆਂ ਦੀ ਸ਼ਰਨ ਵਿੱਚ ਸ਼ਾਇਦ ਕੁਝ ਸਕੂਨ ਮਿਲੇ। ਰਾਸ਼ਟਰਵਾਦ ਦਾ ਲਬਾਦਾ ਪਾ ਕੇ ਫਿਰ ਤੋਂ ‘ਨਵਾਂ ਭਾਰਤ’ ਸਿਰਜਣ ਦੇ ਸੁਪਨੇ। ‘ਦੇਸ਼ ਸੇਵਾ’ ਦੀ ਭਾਵਨਾ ਕਿੰਨੀ ਪ੍ਰਬਲ ਹੈ ਇਨ੍ਹਾਂ ਸੀਨਿਆਂ ਵਿੱਚ। ਮੁਖੌਟਿਆਂ ਹੇਠਲੇ ਇਨ੍ਹਾਂ ਚਿਹਰਿਆਂ ਦਾ ਨਵਗੀਤ ਕੌਰ ਦੀ ਕਲਮ ਪਰਦਾਫਾਸ਼ ਕਰਦੀ ਹੈ:
ਰੁਤਬਿਆਂ ਦੀ ਦੁਹਾਈ ਮਹਿਫ਼ਲਾਂ ’ਚ
ਬੇਸ਼ੁਮਾਰ ਸੀ ਜਿਨ੍ਹਾਂ ਦੀ,
ਕਿਰਦਾਰ ਦੇ ਬੇਹੱਦ ਬੌਣੇ ਨਿੱਕਲੇ
ਉੱਚੇ ਸ਼ਮਲਿਆਂ ਵਾਲੇ ਲੋਕ।
ਬਹੁਰੂਪੀਆ ਕਰਮ-ਕਾਂਡ ਤੋਂ ਸਾਡੇ ਵਿਦਵਾਨ, ਬੁੱਧੀਜੀਵੀ, ਚਿੰਤਕ, ਲੇਖਕ ਤੇ ਕਲਾਕਾਰ ਵੀ ਵਾਂਝੇ ਨਹੀਂ। ਸਮਾਜ ਨੂੰ ਸੇਧ ਦੇਣ ਵਾਲੇ ਇਹ ਇਲਮੀ ਭੱਦਰਪੁਰਸ਼ ਅਕਸਰ ਤਿਲਕਦੇ ਦੇਖੇ ਜਾ ਸਕਦੇ ਹਨ। ਲੋਕਾਂ ਨੂੰ ਸੁਚੱਜੇ ਜੀਵਨ ਦਾ ਪਾਠ ਪੜ੍ਹਾਉਣ ਵਾਲੇ ਇਹ ਰਹਿਬਰ ਆਪਣੀ ਕਰਮਭੂਮੀ ਵਿੱਚ ਵਿਚਰਦੇ ਦੂਰੋਂ ਹੀ ਚੰਗੇ ਲੱਗਦੇ ਹਨ। ਆਦਰਸ਼ਵਾਦ ਸਮਝ ਕੇ ਇਨ੍ਹਾਂ ਦੇ ਨੇੜੇ ਜਾ ਕੇ ਦੇਖਣ ਤੋਂ ਪਤਾ ਲੱਗਦਾ ਕਿ ਉੱਪਰਲੀ ਪਰਤ ਦੇ ਮੁਲੰਮੇ ਉੱਤਰ ਜਾਣ ਤੋਂ ਬਾਅਦ ਹੇਠਲਾ ਖਰਵ੍ਹਾ ਪਦਾਰਥ, ਪਛਾਣ ਤੋਂ ਬਾਹਰ ਹੈ। ਅਖੌਤੀ ਵਿਦਵਾਨਾਂ ਦੀਆਂ ਜਾਅਲੀ ਡਿਗਰੀਆਂ, ਵੱਡੇ ਵੱਡੇ ਰੁਤਬੇ, ਨਿੱਜੀ ਜੀਵਨ ਦੀਆਂ ਰੰਗੀਨੀਆਂ, ਇਨ੍ਹਾਂ ਦੇ ਪ੍ਰਤੱਖ ਦਿਸਦੇ ਕਿਰਦਾਰਾਂ ਤੋਂ ਦਿਨ ਰਾਤ ਜਿੰਨਾ ਵਖਰੇਵਾਂ ਬਿਆਨ ਕਰਦੀਆਂ ਹਨ। ਇਨਾਮਾਂ ਸਨਮਾਨਾਂ ਦੀ ਦੌੜ ਵਿੱਚ ਇਮਾਨ ਕਿੱਥੇ ਦਫ਼ਨ ਹੋ ਗਿਆ, ਪਤਾ ਹੀ ਨੀ ਲੱਗਾ! ਵਾਰਤਾਕਾਰ ਜਸਵੀਰ ਭੁੱਲਰ ਦੱਸਦਾ ਹੈ ਕਿ ਕੋਈ ਸਮਾਂ ਸੀ, ਜਦੋਂ ਲੇਖਕਾਂ ਨੂੰ ਮਿਲਦੀ ਸ਼ਾਬਾਸ਼ ਅਤੇ ਮਾਣ ਸਨਮਾਨ ਦਾ ਖਿੱਦੋ ਰੁੜ੍ਹਦਾ ਸੀ ਤਾਂ ਇਸ ਅੰਦਰਲਾ ਘੁੰਗਰੂ ਛਣਕਦਾ ਸੀ। ਹੁਣ ਉਸ ਲੀਰਾਂ ਦੀ ਖਿੱਦੋ ਦਾ ਖਿਲਾਰਾ ਪਿਆ ਹੋਇਆ ਹੈ। ਇਹ ਲੀਰਾਂ ਭਿੱਜੀਆਂ ਹੋਈਆਂ ਵੀ ਨੇ ਤੇ ਬਦਬੂਦਾਰ ਵੀ! ਹਮਾਮ ਦਾ ਨੰਗ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਰਹਿ ਗਿਆ। ਜੇ ਰਾਹ ਦਸੇਰੇ ਹੀ ਭਟਕਦੇ ਫਿਰਦੇ ਨੇ, ਤਾਂ ਚਾਨਣ ਦੀ ਕਿਰਨ ਕਿੱਥੋਂ ਦਿਸੇਗੀ:
ਜੇ ਬਲਦੇ ਦੀਵਿਆਂ ਦੇ
ਆਪਣੇ ਥੱਲੇ ਹਨੇਰਾ ਹੈ
ਭਰੋਸਾ ਫਿਰ ਕਰਾਂ ਕਿੱਦਾਂ
ਇਨ੍ਹਾਂ ਦੀ ਰੌਸ਼ਨੀ ਉੱਪਰ। - (ਹਰਦਿਆਲ ਸਾਗਰ)
ਨਕਾਬ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਗਏ ਹਨ। ਅਸੀਂ ਇਨ੍ਹਾਂ ਵਿੱਚ ਛੁਪੇ ਮੁਹਾਂਦਰਿਆਂ ਨੂੰ ਦੇਖਣ, ਸਮਝਣ ਤੋਂ ਹੀ ਇਨਕਾਰੀ ਹੋ ਗਏ ਹਾਂ। ਜੋ ਉੱਪਰੋਂ ਦਿਖਾਈ ਦਿੰਦਾ ਹੈ, ਓਹੀ ਸੱਚ ਹੈ। ਬਾਹਰਲੀ ਚਕਾਚੌਂਧ, ਅੰਦਰਲੀ ਦਿੱਖ ਦੇ ਦਰਸ਼ਨ ਹੀ ਨਹੀਂ ਹੋਣ ਦਿੰਦੀ। ਬੁੱਲ੍ਹਾਂ ਵਿੱਚੋਂ ਮਿੱਠਬੋਲੜੇ ਵਚਨਾਂ ਨਾਲ ਮਨ ਮੋਹਣ ਵਾਲੇ ਦਿਲਾਂ ਵਿੱਚ ਪਤਾ ਨਹੀਂ ਕੀ ਕੀ ਛੁਪਾਈ ਰੱਖਦੇ ਨੇ। ਸਚਾਈ ਕੋਈ ਹਾਦਸਾ ਪ੍ਰਤੀਤ ਹੁੰਦੀ ਹੈ। ਅਜੋਕੇ ਸਮਿਆਂ ਦਾ ਸੱਚ ਪ੍ਰੋ. ਜਸਪਾਲ ਘਈ ਦੀ ਕਲਮ ਨੇ ਉਜਾਗਰ ਕੀਤਾ ਹੈ:
ਘੁੱਗੀ ਦਾ ਭੇਸ ਧਾਰ ਤੇ ਨੀਅਤ ਉਕਾਬ ਰੱਖ,
ਸਿਆਸਤ ਇਹੋ ਹੈ ਸੱਚ ’ਤੇ ਪਾ ਕੇ ਨਕਾਬ ਰੱਖ।
ਚਿਹਰੇ ਤੋਂ ਮਨ ਦੇ ਅਕਸ ਨੂੰ ਪੜ੍ਹਦਾ ਭਲਾ ਹੈ ਕੌਣ,
ਬੁੱਲ੍ਹਾਂ ’ਚੋਂ ਸ਼ਹਿਦ ਚੋਣ ਦੇ, ਦਿਲ ਵਿੱਚ ਤੇਜ਼ਾਬ ਰੱਖ।
ਮੁਖੌਟਿਆਂ ਦੀ ਅਦਲਾ ਬਦਲੀ ਦਾ ਨੰਗਾ ਨਾਚ ਸੰਤਾਲੀ ਨੇ ਬੜੀ ਕਰੂਰਤਾ ਨਾਲ ਵੇਖਿਆ ਹੈ। ਭਰਾਵਾਂ ਵਾਂਗ ਵਿਚਰਦੇ, ਪਰਿਵਾਰਾਂ ਵਾਂਗ ਰਿਸ਼ਤੇ ਨਿਭਾਉਂਦੇ ਭਾਈਚਾਰੇ ਵਿੱਚ ਕਿਹੜਾ ਰਾਖਸ਼ ਆ ਵੜਿਆ ਸੀ? ਕਿਵੇਂ ਆਪਣਿਆਂ ਨੇ ਹੀ ਰਾਤੋ-ਰਾਤ ਅਮਾਨਤ ਨੂੰ ਖ਼ਿਆਨਤ ਵਿੱਚ ਬਦਲਿਆ? ਕਿਵੇਂ ਪਿੰਡ ਦੀਆਂ ਧੀਆਂ ਭੈਣਾਂ ਨੂੰ ਸਾਂਝੀਆਂ ਕਹਿਣ ਵਾਲਿਆਂ ਨੇ ਇੱਜ਼ਤਾਂ ਰੋਲੀਆਂ? ਇਨ੍ਹਾਂ ਮੁਖੌਟਿਆਂ ਦੀ ਅਸਲੀਅਤ ਮਾਰੇ ਗਏ ਦਸ ਲੱਖ ਪੰਜਾਬੀਆਂ ਦੀਆਂ ਰੂਹਾਂ ਜਾਣਦੀਆਂ ਹੋਣਗੀਆਂ। ਦੁਨੀਆਂ ਧੜਿਆਂ ਵਿੱਚ ਵੰਡੀ ਹੋਈ ਹੈ। ਅਸਲੀ ਚਿਹਰੇ-ਮੁਹਰੇ ਪਰਦੇ ਦੇ ਪਿੱਛੇ ਨੇ, ਪਰ ਕਠਪੁਤਲੀਆਂ ਦਾ ਨਾਚ ਨਚਾਇਆ ਜਾ ਰਿਹਾ ਹੈ। ਲੋਕਾਈ ਨਕਾਬਪੋਸ਼ਾਂ ਦੀ ਗ੍ਰਿਫ਼ਤ ਵਿੱਚ ਹੈ। ਠੱਗਾਂ ਦੀ ਅੱਖ ਸਾਧ ਦੀ ਭੂਰੀ ’ਤੇ ਹੈ। ਤ੍ਰਾਸਦੀ ਇਹ ਹੈ ਕਿ ਬਾਜ਼ ਅਮਨ ਸ਼ਾਂਤੀ ਦੇ ਦੂਤ ਬਣ ਬੈਠੇ ਨੇ ਤੇ ਘੁੱਗੀਆਂ ਸਹਿਮੀਆਂ ਨੁੱਕਰੇ ਲੱਗੀਆਂ ਨੇ। ਮੈਤਰੀ ਭਾਵ ਕਿਸੇ ਕੰਧੋਲ਼ੀ ਉਹਲੇ ਲੁਕਿਆ ਬੈਠਾ ਹੈ। ਬਰੈਂਪਟਨ, ਕੈਨੇਡਾ ਵਸਦੀ ਸ਼ਾਇਰਾ ਸੁਰਜੀਤ ਤਿੱਖੇ ਨਸ਼ਤਰ ਨਾਲ ਇਨ੍ਹਾਂ ਨਕਾਬਪੋਸ਼ਾਂ ਦਾ ਚਿਹਰਾ ਬੇ-ਪਰਦ ਕਰਦੀ ਹੈ:
ਤੈਨੂੰ ਮੁਖੌਟੇ ਬੜੇ ਸਜਦੇ ਨੇ
ਤੂੰ ਇਨ੍ਹਾਂ ਨੂੰ
ਇੱਦਾਂ ਹੀ ਪਾਈ ਰੱਖ!
ਠਹਿਰ!
ਮੈਨੂੰ ਵੀ ਅਣਜਾਣ ਹੋਣ ਦਾ
ਕੋਈ ਸਾਂਗ ਰਚ ਲੈਣ ਦੇ!!!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3964)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)