PuranS Pandhi7ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਇਨ੍ਹਾਂ ਛੇ ਗੱਲਾਂ ਬਾਰੇ ਭਰੋਸੇ ਭਰਿਆ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਉਹ ...
(29 ਦਸੰਬਰ 2023)
ਇਸ ਸਮੇਂ ਪਾਠਕ: 225.


ਧਰਤੀ ਦੇ ਜਿਉਂਦੇ ਪ੍ਰਾਣੀਆਂ ਵਿੱਚੋਂ ਕੇਵਲ ਮਨੁੱਖ ਕੋਲ਼ ਭਾਸ਼ਾ ਜਾਂ ਬੋਲੀ ਹੈ
ਬੋਲੀ ਦੁਆਰਾ ਹਰ ਮਨੁੱਖ ਆਪਣੇ ਮਨ ਦੇ ਹਾਵ ਭਾਵ, ਖੁਸ਼ੀ ਗਮੀ ਤੇ ਦੁੱਖ ਸੁਖ ਪਰਗਟ ਕਰਦਾ ਹੈਬੋਲੀ ਰਾਹੀਂ ਇੱਕ ਮਨੁੱਖ ਦੇ ਦੂਜੇ ਮਨੁੱਖ ਨਾਲ ਸਬੰਧ ਜੁੜਦੇ ਹਨ ਤੇ ਵਿਚਾਰ ਤੇ ਵਿਹਾਰ ਦੀ ਸਾਂਝ ਬਣਦੀ ਹੈਅਜੋਕੇ ਜੀਵਨ ਦੇ ਹਰ ਖੇਤਰ ਵਿੱਚ ਜੋ ਵੀ ਵਿਕਾਸ ਤੇ ਚਾਨਣ ਦੀ ਲੋਅ ਦਾ ਪਸਾਰਾ ਹੈ, ਇਹ ਸਭ ਮਨੁੱਖ ਦੀ ਬੁੱਧੀ ਦੇ ਨਾਲ-ਨਾਲ ਬੋਲੀ ਦਾ ਹੀ ਕ੍ਰਿਸ਼ਮਾ ਹੈ

ਬੋਲਣ ਨੂੰ ਜਾਂ ਗੱਲਬਾਤ ਕਰਨ ਦੇ ਢੰਗ-ਤਰੀਕੇ ਨੂੰ ਇੱਕ ਕਲਾ, ਹੁਨਰ ਜਾਂ ਆਰਟ ਦੇ ਤੌਰ ਉੱਤੇ ਦੇਖਿਆ-ਪਰਖਿਆ ਜਾਂਦਾ ਹੈਕਿਸੇ ਮਨੁੱਖ ਦੇ ਜੀਵਨ ਦੀ ਸਭ ਤੋਂ ਉੱਤਮ, ਅਹਿਮ ਤੇ ਮਹਾਨ ਗੱਲ ਉਸ ਦੇ ਸੁਲਝੇ ਵਿਚਾਰ ਤੇ ਸ੍ਰੇਸ਼ਟ ਬਾਤਚੀਤ ਵਿੱਚੋਂ ਹੀ ਦੇਖੀ ਜਾਂਦੀ ਹੈਬੋਲਚਾਲ ਦੇ ਤਰੀਕੇ-ਸਲੀਕੇ ਵਿੱਚੋਂ ਮਨੁੱਖ ਦੇ ਚੰਗੇਰੇ ਅਚਾਰ, ਵਿਚਾਰ ਤੇ ਵਿਹਾਰ ਦੀ ਜਾਂ ਫਿਰ ਨੇਕੀ ਤੇ ਪਿਆਰ ਦੀ ਸੁਗੰਧੀ ਦੀ ਟੋਹ ਤੇ ਛੋਹ ਪ੍ਰਾਪਤ ਹੁੰਦੀ ਹੈ ਅਤੇ ਉਸ ਦੇ ਸਾਊ, ਸੁਹਿਰਦ, ਸੁਚੱਜੇ ਸੱਭਿਆਚਾਰ ਦਾ ਪਤਾ ਚਲਦਾ ਹੈ

ਸਿਆਣਿਆਂ ਦਾ ਮੰਨਣਾ ਹੈ ਕਿ ਸ਼ਬਦ ਉਹ ਭਾਂਡੇ ਹਨ; ਜਿਨ੍ਹਾਂ ਵਿੱਚ ਵਿਚਾਰਾਂ ਤੇ ਭਾਵਾਂ ਦਾ ਭੋਜਨ ਪਰੋਸਿਆ ਜਾਂਦਾ ਹੈਜਿਹੋ ਜਿਹੇ ਕਿਸੇ ਦੇ ਭਾਵ ਜਾਂ ਵਿਚਾਰ ਹੋਣਗੇ, ਉਹੋ ਜਿਹੀ ਉਸ ਦੀ ਬੋਲੀ ਜਾਂ ਸ਼ਬਦਾਵਲੀ ਹੋਵੇਗੀਕੋਝੀ, ਕੁਚੱਜੀ ਤੇ ਕਰੂਪ ਸੁਆਣੀ ਦੀ ਬੋਲਬਾਣੀ ਦਾ ਪ੍ਰਭਾਵ ਨਿਸਚੇ ਹੀ ਸਿਆਣੀ, ਸੁਚੱਜੀ ਤੇ ਸਚਿਆਰੀ ਸੁਆਣੀ ਤੋਂ ਵੱਖਰੀ ਭਾਂਤ ਦਾ ਹੋਵੇਗਾਵਿਚਾਰਾਂ ਦੀ ਅਮੀਰੀ ਮਨੁੱਖ ਨੂੰ ਸੁਹਣਾ ਤੇ ਸਚਿਆਰਾ ਬਣਾਉਂਦੀ ਹੈ

ਜ਼ਿੰਦਗੀ ਦੇ ਆਰਥਿਕ ਵਸੀਲਿਆਂ ਪੱਖੋਂ ਮਨੁੱਖ ਭਾਵੇਂ ਕਿੰਨਾ ਖੁਸ਼ਹਾਲ ਤੇ ਰੱਜਿਆ ਪੁੱਜਿਆ ਹੋਵੇ ਪਰ ਮਨੁੱਖ ਦੀ ਵਡਿਆਈ ਅਤੇ ਸੋਭਾ ਉਸ ਦੇ ਸਾਊ, ਸੁਹਿਰਦ ਤੇ ਨਿਮਰਤਾ ਭਰੇ ਵਤੀਰੇ ਨਾਲ ਅਤੇ ਮਿੱਠਤ ਭਰੀ ਬੋਲਬਾਣੀ ਨਾਲ ਜੁੜੀ ਹੋਈ ਹੁੰਦੀ ਹੈ

ਹਾਲਾਂਕਿ ਪੁਕਾਰਾ ਥਾ ਤੁਮ ਹੀ ਨੇ ਮੁਝੇ,
ਲੇਕਿਨ ਮਹਿਸੂਸ ਹੂਆ ਜੈਸੇ ਕੋਇਲ ਨੇ ਪੁਕਾਰਾ ਹੈ

ਮਨ ਨੂੰ ਮਿੱਠੀ, ਸੂਖਮ ਤੇ ਪਰਸ਼ੰਸਕ ਬੋਲਬਾਣੀ ਦੀ ਤਾਂਘ ਤੇ ਤਮੰਨਾ ਹੈਅਹਿਸਾਸਾਂ ਵਿੱਚ ਪਿਆਰ ਅਤੇ ਅਪਣੱਤ ਦੀ ਸਤਰੰਗੀ ਪੀਂਗ ਦਾ ਹੁਲਾਰਾ ਮਿਲਦਾ ਰਹੇਪਰ ਜੇ ਕਿਸੇ ਵਿਅਕਤੀ ਦੀ ਗੱਲਬਾਤ ਫਿੱਕੀ, ਹੈਂਕੜ ਅਤੇ ਹਕਾਰਤ ਭਰੀ ਹੋਵੇਗੀ ਤਾਂ ਉਸ ਨਾਲ ਮੇਲ ਮਿਲਾਪ ਜਾਂ ਸਾਂਝ ਦੇ ਕੋਈ ਅਰਥ ਨਹੀਂ ਰਹਿ ਜਾਂਦੇ

ਹਉਮੈਂ, ਹੰਕਾਰ, ਗਰੂਰ ਅਤੇ ਕੁੜੱਤਣ ਭਰੀ ਬੋਲਬਾਣੀ ਵਿੱਚੋਂ ਦੁਸ਼ਮਣੀ, ਦੁੱਖ, ਝਗੜੇ, ਖੁਆਰੀ ਅਤੇ ਬਰਬਾਦੀ ਵੱਲ ਨੂੰ ਰਾਹ ਨਿਕਲਦੇ ਹਨਵਿਅਕਤੀ ਦੇ ਮਨ ਵਿੱਚ ਕਲ਼ੇਸ਼ ਦੀ ਜੰਗ ਛਿੜੀ ਰਹਿੰਦੀ ਹੈ ਅਤੇ ਸਿਰ ਉੱਤੇ ਈਰਖਾ ਤੇ ਸਾੜੇ ਦੀਆਂ ਪੰਡਾਂ ਭਾਰੀਆਂ ਹੁੰਦੀਆਂ ਰਹਿੰਦੀਆਂ ਹਨਅਜਿਹਾ ਮਨੁੱਖ ਸੂਲੀ ਅ’ਤੇ ਟੰਗੇ ਹੋਣ ਦਾ ਅਹਿਸਾਸ ਹੀ ਹੰਢਾਉਂਦਾ ਹੈ

ਪਰ ਨਿਮਰਤਾ, ਮਿੱਠਤ ਅਤੇ ਅਪਣੱਤ ਭਰੀ ਬੋਲਬਾਣੀ ਵਿੱਚੋਂ ਸੁੱਚੇ ਪਿਆਰ ਅਤੇ ਮੁਹੱਬਤ ਦੀ ਨਦੀ ਦਾ ਵੇਗ ਅਤੇ ਵਹਾਅ ਹੁੰਦਾ ਹੈਅਜਿਹੇ ਸਮੇਂ ਮੁਹੱਬਤ ਦੇ ਤਿੱਖੇ ਵੇਗ ਵਿੱਚ ਰੁੜ੍ਹ ਜਾਣ ਦਾ ਜਜ਼ਬਾ ਅਤੇ ਸ਼ਰਬਤੀ ਅੱਖਾਂ ਵਿੱਚ ਪਿਘਲ ਕੇ ਮੋਹ ਬਣ ਜਾਣ ਦਾ ਅਹਿਸਾਸ ਹੁੰਦਾ ਹੈ

ਪ੍ਰਚਲਿਤ ਗੱਲ ਹੈ ਕਿ ਬੋਲੀ ਹੀ ਮਨੁੱਖ ਨੂੰ ਤਖਤ ਉੱਤੇ ਬਿਠਾਉਂਦੀ ਹੈ ਅਤੇ ਬੋਲੀ ਹੀ ਗਲ਼ ਵਿੱਚ ਫਾਂਸੀ ਦਾ ਫੰਧਾ ਪੁਆਉਣ ਦਾ ਕਾਰਣ ਬਣਦੀ ਹੈਜੀਵਨ ਦੇ ਹਰ ਖੇਤਰ ਵਿੱਚ ਇੱਜ਼ਤ ਅਤੇ ਆਦਰਯੋਗ ਪਦਵੀ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ; ਜੋ ਸੁਲਝੀ ਅਤੇ ਸਚਿਆਰੀ ਗੱਲਬਾਤ ਕਰਨ ਦਾ ਹੁਨਰ ਜਾਣਦੇ ਹਨ; ਜੋ ਸਮੇਂ ਅਤੇ ਸਥਿਤੀ ਅਨੁਸਾਰ ਬੋਲਦੇ ਹਨ ਤੇ ਆਪਣੀ ਲਿਆਕਤ ਅਤੇ ਯੋਗਿਤਾ ਦਾ ਸਹਿਜ, ਸੁਖਾਵਾਂ ਤੇ ਸਦੀਵੀ ਪ੍ਰਭਾਵ ਪਾ ਸਕਦੇ ਹਨ

ਈਰਾਨ ਦਾ ਮਹਾਨ ਫਿਲਾਸਫਰ ਤੇ ਸੰਤ ਕਵੀ ਸ਼ੇਖ ਸਾਅਦੀ ਕਹਿੰਦਾ ਹੈ: “ਸਿਆਣੇ ਬੋਲਣ ਤੋਂ ਪਹਿਲਾਂ ਸੋਚਦੇ ਹਨ, ਮੂਰਖ ਪਹਿਲਾਂ ਬੋਲਦੇ ਹਨ, ਪਿੱਛੋਂ ਸੋਚਦੇ ਹਨਸਿਆਣਿਆਂ ਦੀ ਜ਼ਬਾਨ ਦਿਲ ਵਿੱਚ ਤੇ ਮੂਰਖਾਂ ਦਾ ਦਿਲ ਜ਼ਬਾਨ ਉੱਤੇ ਹੁੰਦਾ ਹੈਸਿਆਣੇ ਬੋਲਣ ਤੋਂ ਪਹਿਲਾਂ ਗੱਲ ਦੇ ਅਰਥ ਤੇ ਉਸ ਦਾ ਨਤੀਜਾ ਸੋਚ ਕੇ ਬੋਲਦੇ ਹਨ ਪਰ ਮੂਰਖ ਨਤੀਜੇ ਦੀ ਪਰਵਾਹ ਕੀਤੇ ਬਗੈਰ ਬੋਲਦੇ ਹਨਬਹੁਤ ਥੋੜ੍ਹਾ ਪਰ ਕੰਮ ਦਾ ਬੋਲਣ ਵਾਲੇ ਦੇ ਬੋਲ ਕਸਤੂਰੀ ਵਾਂਗ ਖੁਸ਼ਬੂਦਾਰ ਹੁੰਦੇ ਹਨਪਰ ਬੜਬੋਲੇ ਦੇ ਬੋਲ ਕੂੜ-ਕਬਾੜ ਦੇ ਢੇਰ ਵਰਗੇ ਹੁੰਦੇ ਹਨ ਜਦੋਂ ਤਕ ਮਨੁੱਖ ਬੋਲਦਾ ਨਹੀਂ, ਉਦੋਂ ਤਕ ਉਸ ਦੇ ਗੁਣ ਔਗੁਣ ਲੁਕੇ ਰਹਿੰਦੇ ਹਨਬੋਲਣ ਤੋਂ ਹੀ ਉਸਦੇ ਗੁਣਵਾਨ ਜਾਂ ਮੂਰਖ ਹੋਣ ਦਾ ਪਤਾ ਚਲਦਾ ਹੈ।”

ਪ੍ਰਿੰਸੀਪਲ ਗੰਗਾ ਸਿੰਘ ਦਾ ਆਖਣਾ ਹੈ:

ਸਭਾ ਗੁਨੀਅਨ ਔਰ ਵਾਸ਼ਨਾ ਫੁਲੇਲ ਕੀ,
ਬੋਲੇ ਬਿਨ, ਖੋਲ੍ਹੇ ਬਿਨ ਕੈਸੇ ਕਰ ਜਾਨੀਐਂ

ਕਿਸੇ ਦੇ ਮਾਣ-ਅਪਮਾਨ ਜਾਂ ਇੱਜ਼ਤ-ਬੇਇੱਜ਼ਤੀ ਦਾ ਕਾਰਣ ਬਹੁਤੀਆਂ ਹਾਲਤਾਂ ਵਿੱਚ ਬੋਲਬਾਣੀ ਹੁੰਦੀ ਹੈਹਮਦਰਦੀ ਅਤੇ ਸਨੇਹ ਭਰੀ ਬੋਲਬਾਣੀ ਨਾਲ ਕਈਆਂ ਦੇ ਦੁੱਖ ਘਟ ਜਾਂਦੇ ਹਨ, ਬਿਮਾਰੀਆਂ ਅੱਧੀਆਂ ਰਹਿ ਜਾਂਦੀਆਂ ਹਨ ਬੁੱਢਿਆਂ ਅਤੇ ਬਿਮਾਰਾਂ ਲਈ ਅਤੇ ਕਿਸੇ ਦੇ ਸਾਰੇ ਦਿਨ ਦੇ ਥਕੇਵਿਆਂ ਭਰੇ ਕੰਮ ਦੀ ਘਰ ਦੀ ਮਿੱਠੀ ਬੋਲਬਾਣੀ ਮੱਲ੍ਹਮ ਦਾ ਅਸਰ ਕਰਦੀ ਹੈਮਹਿਮਾਨ ਨਿਵਾਜ਼ੀ ਲਈ ਪਦਾਰਥਾਂ ਨਾਲ ਭਰੀਆਂ ਪਲੇਟਾਂ ਦਾ ਓਨਾ ਮਹੱਤਵ ਨਹੀਂ, ਜਿੰਨਾ ਸਲੀਕੇ ਭਰੀ ਬੋਲਬਾਣੀ ਰਸ ਭਰਦੀ, ਸੰਤੁਸ਼ਟ ਅਤੇ ਤ੍ਰਿਪਤ ਕਰਦੀ ਹੈਪਤੀ ਪਤਨੀ ਦੇ ਸਲੀਕੇ ਅਤੇ ਮਿੱਠਤ ਭਰੇ ਬੋਲਾਂ ਦੀ ਚਾਸ਼ਣੀ ਪਿਆਰ ਨੂੰ ਵਧੇਰੇ ਗੂੜ੍ਹਾ ਅਤੇ ਚਿਰਜੀਵੀ ਬਣਾਉਂਦੀ ਹੈਬਾਣੀ ਵਿੱਚ ਸਾਹਿਬਾਂ ਦਾ ਫਰਮਾਨ ਹੈ:

“ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥”

ਕਹਿੰਦੇ ਹਨ ਕਿ ਇੱਕ ਵਾਰ ਇੱਕ ਦੁਖਿਆਰੀ ਜਨਾਨੀ ਦੇ ਪਤੀ, ਪੁੱਤਰ ਤੇ ਵੀਰ, ਤਿੰਨਾਂ ਨੂੰ ਇੱਕੋ ਸਮੇਂ, ਕਿਸੇ ਅਪਰਾਧ ਵਿੱਚ ਫਾਂਸੀ ਦੀ ਸਜ਼ਾ ਹੋ ਗਈਉਸ ਦੁਖਿਆਰੀ ਜਨਾਨੀ ਨੇ ਬਹੁਤ ਹੀ ਦੁੱਖ ਨਾਲ ਸਮੇਂ ਦੇ ਹਾਕਮ ਦੇ ਤਰਲੇ ਕੀਤੇ,

“ਨਾ ਮੇਰੇ ਸਿਰ ਦਾ ਸੁਹਾਗ ਰਿਹਾ, ਨਾ ਪੁੱਤਰ ਨਾ ਵੀਰ ਰਿਹਾ, ਸਭ ਪਾਸਿਓਂ ਮੈਂ ਲੁੱਟੀ ਗਈ, ਮੇਰੇ ਉੱਤੇ ਰਹਿਮ ਕਰੋ।”

ਤਰਸ ਕਰ ਕੇ ਜੱਜ ਨੇ ਆਖਿਆ, “ਇਨ੍ਹਾਂ ਦਾ ਅਪਰਾਧ ਭਾਵੇਂ ਮੁਆਫ ਕਰਨਯੋਗ ਨਹੀਂ ਪਰ ਤੇਰੇ ਹਾਲਾਤ ਦੇਖ ਕੇ ਮੈਨੂੰ ਤੇਰੇ ਨਾਲ ਹਮਦਰਦੀ ਹੈ, ਮੈਂ ਤਿੰਨਾਂ ਵਿੱਚੋਂ ਕੇਵਲ ਇੱਕ ਨੂੰ ਮੌਤ ਦੀ ਸਜ਼ਾ ਮੁਆਫ ਕਰ ਸਕਦਾ ਹਾਂ।” ਜੱਜ ਨੇ ਉਸ ਇਸਤਰੀ ਉੱਤੇ ਛੱਡ ਦਿੱਤਾ ਕਿ ਤਿੰਨਾਂ ਵਿੱਚੋਂ ਜਿਸ ਨੂੰ ਚਾਹੇ ਛੁਡਾ ਲਵੇ

ਆਖਰ ਦੁਖਿਆਰੀ ਇਸਤਰੀ ਨੇ ਆਪਣੇ ਵੀਰ ਨੂੰ ਚੁਣ ਲਿਆ ਤੇ ਉਸ ਨੂੰ ਛੱਡ ਦੇਣ ਦੀ ਬੇਨਤੀ ਕੀਤੀਜੱਜ ਨੇ ਪੁੱਛਿਆ, “ਤੂੰ ਪਤੀ ਨਹੀਂ ਚੁਣਿਆ, ਪੁੱਤਰ ਨਹੀਂ ਚੁਣਿਆ, ਵੀਰ ਹੀ ਕਿਉਂ ਚੁਣਿਆ ਹੈ?” ਉਸ ਦਾ ਉੱਤਰ ਬਹੁਤ ਅਰਥ ਭਰਿਆ ਸੀਉਸ ਆਖਿਆ, “ਮੈਨੂੰ ਪਤੀ ਨਵਾਂ ਮਿਲ ਸਕਦਾ ਹੈ, ਪਤੀ ਹੋਣ ਕਰ ਕੇ ਮੇਰੇ ਪੁੱਤਰ ਵੀ ਹੋ ਸਕਦਾ ਹੈ ਪਰ ਮਾਂ ਜਾਇਆ ਵੀਰ ਨਹੀਂ ਮਿਲ ਸਕਦਾ।”

ਇਸੇ ਤਰ੍ਹਾਂ ਦੀ ਸਿੱਖ ਇਤਿਹਾਸ ਦੀ ਇੱਕ ਹੋਰ ਘਟਨਾ ਮਿਲਦੀ ਹੈ: ਗੁਰੂ ਘਰ ਦੇ ਅਨਿੰਨ ਸੇਵਕ ਭਾਈ ਆਲਮ ਚੰਦ ਦੀ ਪਤਨੀ ਅੰਨ੍ਹੀ ਸੀਦੋਨੋ ਜੀਅ ਸਿਦਕਵਾਨ ਤੇ ਸ਼ਰਧਾਵਾਨ ਸਨਇੱਕ ਵਾਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਦੇ ਸਿੱਖੀ ਸਿਦਕ ਤੋਂ ਖੁਸ਼ ਹੋ ਕੇ ਅੰਨ੍ਹੀ ਸੁਆਣੀ ਨੂੰ ਕੋਈ ਵਰ ਲੈਣ ਲਈ ਆਖਿਆਸਿਆਣੀ ਇਸਤਰੀ ਨੇ ਆਖਿਆ, “ਮਹਾਰਾਜ, ਤੁਹਾਡਾ ਦਿੱਤਾ ਸਭ ਕੁਝ ਬੇਅੰਤ ਹੈ ਪਰ ਜੇਕਰ ਤਰੁੱਠੇ ਹੋ ਤਾਂ ਇਹ ਦਿਓ ਕਿ ਮੈਂ ਆਪਣੇ ਇਨ੍ਹਾਂ ਨੇਤਰਾਂ ਨਾਲ, ਕੁੱਛੜ ਬਾਲ ਚੁੱਕੀ, ਸੋਨੇ ਦੀ ਮਧਾਣੀ ਨਾਲ ਮੱਖਣ ਕੱਢਦੀ, ਆਪਣੀ ਸੁਹਣੀ ਨੂੰਹ ਦੇ ਦਰਸ਼ਨ ਕਰ ਸਕਾਂ।” ਸਿਆਣੀ ਇਸਤਰੀ ਨੇ ਇੱਕ ਹੀ ਵਾਕ ਵਿੱਚ ਨੇਤਰ ਵੀ ਮੰਗ ਲਏ, ਧਨ ਵੀ, ਪੁੱਤਰ ਤੇ ਪੋਤਰਾ ਵੀ ਮੰਗ ਲਏ ਇਤਿਹਾਸ ਦਾ ਪ੍ਰਸਿੱਧ ਵਿਅਕਤੀ, ‘ਸੇਵਾ ਪੰਥੀ’ ਭਾਈ ਆਇਆ ਰਾਮ ਇਸੇ ਅੰਨ੍ਹੀ ਮਾਈ ਦਾ ਬੇਟਾ ਸੀ

ਜੇ ਅੰਦਰ ਕੋਝਾ ਹੈ, ਬੋਲਬਾਣੀ ਕੁਰਖਤ ਹੈ ਤਾਂ ਬਹੁਤ ਮਹਿੰਗਾ ਪਹਿਰਾਵਾ, ਭੜਕੀਲਾ ਲਿਬਾਸ, ਸੋਨੇ ਦੇ ਗਹਿਣੇ ਅਤੇ ਭੜਕੀਲਾ ਮੇਕਅਪ ਵੀ ਕੋਈ ਅਰਥ ਨਹੀਂ ਰੱਖਦੇਪਰ ਮਿੱਠੀ ਬੋਲਬਾਣੀ ਸੁਰ ਹੋਈ ਸਿਤਾਰ ਵਾਂਗ ਸਭ ਦਾ ਮਨ ਮੋਹ ਲੈਂਦੀ ਹੈ ਤੇ ਵੱਡੇ ਰੁਤਬੇ ਹਾਸਲ ਕਰ ਲੈਂਦੀ ਹੈ:

ਹਜ਼ਾਰ ਆਰਾਇਸ਼ੇਂ ਸਦਕੇ ਹੈਂ ਉਨ ਕੀ ਸਾਦਾ ਵਾਜ਼ੀ ਪਰ
ਨਹੀਂ ਮੁਹਤਾਜੇ ਜ਼ੇਵਰ
, ਇਲਮੋ ਅਕਲ ਨੇ ਜਿਸ ਕੋ ਸਵਾਰਾ ਹੈ

ਕਹਿੰਦੇ ਹਨ, ਇੱਕ ਦਿਨ ਤੇਜ਼ੀ ਨਾਲ ਉਡੇ ਜਾਂਦੇ ਕਾਂ ਨੂੰ ਕੋਇਲ ਨੇ ਪੁੱਛਿਆ, “ਚਾਚਾ ਕਾਵਾਂ, ਅੱਜ ਸਵੇਰੇ-ਸਵੇਰੇ ਕਿੱਧਰ ਦੀਆਂ ਉਡਾਰੀਆਂ ਮਾਰਨ ਚੱਲਿਐਂ?”

ਅੱਗੋਂ ਉਦਾਸ ਹੋ ਕੇ ਕਾਂ ਨੇ ਆਖਿਆ, “ਇਸ ਬਸਤੀ ਦੇ ਲੋਕ ਬਹੁਤ ਮਾੜੇ ਹਨ, ਮੈਨੂੰ ਬੋਲਣ ਨਹੀਂ ਦਿੰਦੇ, ਬਹਿਣ ਨਹੀਂ ਦਿੰਦੇ, ਮੈਨੂੰ ਦੇਖਦੇ ਹੀ ਇੱਟਾਂ ਰੋੜੇ ਚੁੱਕ ਲੈਂਦੇ ਹਨ ਤੇ ਮਾਰਨ ਪੈਂਦੇ ਹਨਹੁਣ ਮੈਂ ਦੂਰ ਕਿਸੇ ਬਸਤੀ ਵਿੱਚ ਜਾਵਾਂਗਾ, ਉੱਥੇ ਅਰਾਮ ਨਾਲ ਰਹਾਂਗਾ ਤੇ ਲੋਕਾਂ ਨੂੰ ਆਪਣਾ ਰਾਗ ਸੁਣਾਵਾਂਗਾ।”

ਕੋਇਲ ਬੋਲੀ, “ਵੇ ਮਰ ਜਾਣਿਆ ਕਾਵਾਂ, ਲੋਕ ਕਿਸੇ ਥਾਂ ਦੇ ਮਾੜੇ ਨਹੀਂ ਹੁੰਦੇ, ਮਿਠਾਸ ਤੇ ਸੁਰੀਲੇ ਸੰਗੀਤ ਨੂੰ ਅਤੇ ਫਿੱਕੀ ਬੋਲੀ ਦੇ ਫਰਕ ਨੂੰ ਹਰ ਥਾਂ ਦੇ ਲੋਕ ਇੱਕੋ ਜਿਹਾ ਸਮਝਦੇ ਹਨਤੇਰੀ ਭੈੜੀ ਬੋਲੀ ਹੀ ਸਾਰੇ ਪੁਆੜਿਆਂ ਦੀ ਜੜ੍ਹ ਹੈ।”

ਜੇ ਗਹੁ ਨਾਲ ਵਿਚਾਰੀਏ ਤਾਂ ਮਹਾਂਭਾਰਤ ਦੀ ਭਿਆਨਕ ਤਬਾਹੀ ਪਿੱਛੇ ਵੀ ਦਰੋਪਤੀ ਦੇ ਕੌੜੇ ਅਤੇ ਸਾੜਵੇਂ ਬੋਲ ਹੀ ਸਨਪਾਂਡਵਾਂ ਦੇ ਅਦਭੁਤ ਬਣਾਏ ਮਹਿਲਾਂ ਨੂੰ ਦੇਖਣ ਗਏ ਦਰਜੋਧਨ ਨੂੰ ਪਤਾ ਹੀ ਨਾ ਲੱਗਾ, ਜਦੋਂ ਉਹ ਡਿਗ ਪਿਆਪੱਗ ਲੱਥ ਗਈ, ਸ਼ਰਮਿੰਦਗੀ ਨਾਲ ਭਰ ਗਿਆਪਰ ਮਹਿਲਾਂ ਵਿੱਚ ਬੈਠੀ ਦਰੋਪਤੀ ਨੇ ਹਾਸੇ ਭਾਣੇ ਆਖ ਦਿੱਤਾ, “ਅੰਨ੍ਹਿਆਂ ਦੇ ਅੰਨ੍ਹੇ ਹੀ ਰਹੇ।” ਕਿਉਂਕਿ ਦਰਜੋਧਨ ਦਾ ਵਡੇਰਾ ਨੇਤਰਹੀਣ ਸੀ, ਦਰਜੋਧਨ ਨੂੰ ਇਹ ਬੋਲੀ ਤੀਰ ਵਾਂਗ ਵਿੰਨ੍ਹ ਗਈਦਰੋਪਤੀ ਦੇ ਇਸ ਇੱਕ ਬੋਲ ਨੇ ਮਹਾਂਭਾਰਤ ਦੀ ਭਿਆਨਕ ਲੜਾਈ ਦਾ ਮੁੱਢ ਬੰਨ੍ਹਿਆ, ਜਿਸ ਵਿੱਚ ਪੁਰਾਤਨ ਗਰੰਥਾਂ ਅਨੁਸਾਰ ਚਾਲ਼ੀ ਲੱਖ ਮਨੁੱਖਾਂ ਦੇ ਮਾਰੇ ਜਾਣ ਦਾ ਜ਼ਿਕਰ ਹੈ

ਲੋਗ ਗੈਰੋਂ ਕੀ ਬਾਤ ਕਰਤੇ ਹੈਂ, ਹਮ ਨੇ ਅਪਨੇ ਭੀ ਆਜ਼ਮਾਏ ਹੈਂ,
ਲੋਗ ਕਾਂਟੋਂ ਸੇ ਬਚਤੇ ਹੈਂ, ਹਮ ਨੇ ਫੂਲੋਂ ਸੇ ਜ਼ਖਮ ਖਾਏ ਹੈਂ

ਹਰ ਮਨੁੱਖ ਦੀ ਜ਼ਬਾਨ ਵਿੱਚ ਕੁਝ ਵਿਸ਼ੇਸ਼ ਸ਼ਬਦ, ਵਾਕ-ਅੰਸ਼ ਜਾਂ ਤਕੀਆ ਕਲਾਮ ਮੂੰਹ ਉੱਤੇ ਚੜ੍ਹੇ ਹੁੰਦੇ ਹਨਜਿਵੇਂ: ‘ਕਿਨੀ ਜਾਣੀ’ ‘ਕੈਸੀ ਬਾਤ ਹੈ’ ‘ਬਲਕਿ’ ‘ਤੇਰਾ ਨਾਂ ਕੀ ਮੇਰਾ ਨਾਂ ਕੀ’ ਆਦਿਕਈ ਪੁਰਸ਼ਾਂ ਦੇ ਤਕੀਆ ਕਲਾਮ ਬੇਹੱਦ ਕੋਝੇ, ਮਲੀਨ, ਖਰ੍ਹਵੇ ਅਤੇ ਹਾਸੋਹੀਣੇ ਹੁੰਦੇ ਹਨਤਕੀਆ ਕਲਾਮ ਬਹੁਤੀ ਵਾਰ ਸ਼ਖਸੀਅਤ ਨੂੰ ਬਹੁਤ ਹਾਸੋਹੀਣਾ ਅਤੇ ਕਈ ਵਾਰ ਨਫਰਤ ਦਾ ਕੇਂਦਰ ਬਣਾ ਧਰਦਾ ਹੈਗੱਲ ਗੱਲ ਪਿੱਛੇ ਗਾਲ਼ ਕੱਢਣ ਦੀ ਆਦਤ ਹੁੰਦੀ ਹੈਕਈ ਵਾਰ ਬੰਦੇ ਦਾ ਅਸਲ ਨਾਮ ਭੁੱਲ ਜਾਂਦਾ ਹੈ, ਲੋਕ ਉਸ ਦਾ ਨਾਮ ਹੀ ਤਕੀਆ ਕਲਾਮ ਵਾਲਾ ਰੱਖ ਲੈਂਦੇ ਹਨ

ਤਕੀਆ ਕਲਾਮ ਵਾਂਗ ਹਰ ਵਿਅਕਤੀ ਦੀਆਂ ਕੁਝ ਵਿਸ਼ੇਸ਼ ਆਦਤਾਂ ਵੀ ਪੱਕੀਆਂ ਹੁੰਦੀਆਂ ਹਨਇੱਕ ਵਾਰ ਇਹ ਆਦਤਾਂ ਪੱਕ ਜਾਣ ਫਿਰ ਇਨ੍ਹਾਂ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ ਹੈਗੱਲਾਂ ਕਰਨ ਸਮੇਂ ਹੱਥਾਂ ਦੇ ਇਸ਼ਾਰੇ ਕਰਨ ਅਤੇ ਸਿਰ ਹਿਲਾਉਣ ਦੀ ਸਭ ਦੀ ਆਦਤ ਹੁੰਦੀ ਹੈਕਈਆਂ ਦੀ ਅੱਖਾਂ ਦੇ ਇਸ਼ਾਰੇ ਕਰਨ, ਭਰਵੱਟੇ ਚੁੱਕਣ, ਨੱਕ ਦਾ ਸੁੜ੍ਹਾਕਾ ਮਾਰਨ, ਬੇਮੌਕਾ ਹੱਸਣ, ਖੰਘਣ ਜਾਂ ਖੰਘੂਰੇ ਮਾਰਨ ਦੀ ਆਦਤ ਪੱਕੀ ਹੁੰਦੀ ਹੈਕਈਆਂ ਨੂੰ ਕੋਲ਼ ਬੈਠੇ ਵਿਅਕਤੀ ਦਾ ਮੋਢਾ ਫੜ ਕੇ ਹਿਲਾਉਣ ਦੀ ਜਾਂ ਕੂਹਣੀ ਮਾਰਨ ਦੀ ਆਦਤ ਹੁੰਦੀ ਹੈਬਹੁਤਿਆਂ ਨੂੰ ਕਿਸੇ ਦੀ ਗੱਲ ਕੱਟਣ ਦੀ ਤੇ ਆਪਣੀਆਂ ਮਾਰਨ ਦੀ ਆਦਤ ਹੁੰਦੀ ਹੈਕਈ ਹੋਰਾਂ ਦੀ ਚੱਲ ਰਹੀ ਬੱਲਬਾਤ ਵਿੱਚ ਐਵੇਂ ਟੰਗ ਅੜਾਉਣ, ਨੁਕਤਾਚੀਨੀ ਤੇ ਚੁਗਲੀ ਕਰਨ ਦੀ ਆਦਤ ਤੋਂ ਮਜਬੂਰ ਹੁੰਦੇ ਹਨਕਈਆਂ ਨੂੰ ਆਪਣੀ ਸਿਆਣਪ ਜਾਂ ਵਿਦਵਤਾ ਦਾ ਦਿਖਾਵਾ ਕਰਨ ਦਾ, ਟੋਕਣ ਦਾ ਤੇ ਨਸੀਹਤਾਂ ਦੇਣ ਦਾ ਝੱਸ ਹੁੰਦਾ ਹੈਤਰ੍ਹਾਂ ਤਰ੍ਹਾਂ ਦੀਆਂ ਬਹਿਬਤਾਂ ਵਾਲੇ ਖਲੀਫੇ ਹਰ ਥਾਂ ਦੇਖੇ ਜਾਂਦੇ ਹਨਪਰ ਕੁਝ ਮਨੁੱਖਾਂ ਦੇ ਬੋਲ ਅਜਿਹੇ ਹੁੰਦੇ ਹਨ; ਜੋ ਕਿਸੇ ਨੂੰ ਘਟੀਆ ਤੋਂ ਵਧੀਆ ਬਣਾਉਂਦੇ ਹਨ, ਸਨਮਾਨ ਸਤਿਕਾਰ ਵਿੱਚ ਵਾਧਾ ਕਰਦੇ ਹਨਕਿਸੇ ਦੇ ਬੋਲ ਅੰਦਰ ਸੁੱਤੀਆਂ ਸ਼ਕਤੀਆਂ, ਅਲਸਾਈਆਂ ਸੰਭਾਵਨਾਵਾਂ ਅਤੇ ਸੁੰਦਰਤਾ ਨੂੰ ਉਤੇਜਤ ਕਰਦੇ ਹੋਏ ਸੁਣਨ ਵਾਲੇ ਵਿੱਚ ਕ੍ਰਾਂਤੀਕਾਰੀ ਬਣਨ ਦੇ ਬੀਅ ਬੀਜ ਦਿੰਦੇ ਹਨ

ਲਫਜ਼ ਅਤੇ ਲਹਿਜ਼ੇ ਵਿੱਚ, ਬੋਲੀ ਅਤੇ ਸ਼ੈਲੀ ਵਿੱਚ ਅਥਾਹ ਅਤੇ ਅਸੀਮ ਸ਼ਕਤੀ ਹੁੰਦੀ ਹੈਇਹ ਅਣਹੋਣੀ ਨੂੰ ਹੋਣੀ ਵਿੱਚ ਤਬਦੀਲ ਕਰਨ, ਚਮਤਕਾਰੀ ਅਤੇ ਕਰਾਮਾਤੀ ਕ੍ਰਿਸ਼ਮੇ ਅਤੇ ਕ੍ਰਾਂਤੀਆਂ ਦੀ ਜਨਮ ਦਾਤੀ ਹੈ ਸੰਸਾਰ ਦੇ ਇੱਕ ਮਹਾਨ ਚਿੰਤਕ ਦੇ ਬੋਲ ਹਨ: “ਮੈਨੂੰ ਲਫਜ਼ ਅਤੇ ਲਹਿਜ਼ਾ ਦਿਓ, ਮੈਂ ਦੁਨੀਆਂ ਹਿਲਾ ਕੇ ਰੱਖ ਦਿਆਂਗਾ ਅਤੇ ਧਰਤੀ ਉੱਤੇ ਕ੍ਰਾਂਤੀ ਲਿਆ ਦਿਆਂਗਾ।”

ਇਸਲਾਮ ਦੇ ਇਤਿਹਾਸ ਵਿੱਚ ‘ਉਮਰ’ ਆਪਣੇ ਸਮੇਂ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਤੇ ਭਿਆਨਕ ਤਬਾਹੀ ਮਚਾਉਣ ਵਾਲਾ ਡਰਾਉਣਾ ਯੋਧਾ ਸੀਮੁਹੰਮਦ ਸਾਹਿਬ ਦਾ ਕੱਟੜ ਦੁਸ਼ਮਣ ਸੀਇੱਕ ਵਾਰ ਆਪਣੀ ਤਲਵਾਰ ਕੱਢ ਕੇ ਹਜ਼ਰਤ ਮੁਹੰਮਦ ਨੂੰ ਮਾਰਨ ਆਇਆਲੋਕ ਥਰ-ਥਰ ਕੰਬਣ ਲੱਗੇ ਤੇ ਲੋਕ ਇੱਧਰ ਉੱਧਰ ਭੱਜਣ ਲੱਗੇਪਰ ਮੁਹੰਮਦ ਸਾਹਿਬ ਨੇ ਧੀਰਜ ਨਾਲ ਆਖਿਆ, “ਉਮਰ, ਤੂੰ ਕਦੋਂ ਤਕ ਖੁਦਾ ਅਤੇ ਉਸ ਦੇ ਰਸੂਲ ਦੇ ਖਿਲਾਫ ਲੜਦਾ ਰਹੇਂਗਾ?” ਪਤਾ ਨਹੀਂ ਇਨ੍ਹਾਂ ਬੋਲਾਂ ਵਿੱਚ ਕੀ ਯਾਦੂ ਸੀ, ਉਮਰ ਦੇ ਹੱਥੋਂ ਤਲਵਾਰ ਡਿਗ ਪਈ ਅਤੇ ਉਹ ਮੁਹੰਮਦ ਦੇ ਪੈਰਾਂ ਵਿੱਚ ਡਿਗ ਪਿਆਪਿੱਛੋਂ ਇਹੋ ਉਮਰ ਇਸਲਾਮ ਦਾ “ਖਲੀਫਾ” ਬਣਿਆ

ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਦੇ ਹਰ ਧਰਮ ਦੇ ਕੇਂਦਰ ਉੱਤੇ ਗਏ, ਗੋਸ਼ਟੀਆਂ ਕੀਤੀਆਂ, ਹਰ ਧਰਮ ਦੇ ਪਖੰਡ ਦੀ ਖੁੱਲ੍ਹ ਕੇ ਨਿਖੇਧੀ ਕੀਤੀਨੇਕੀ ਅਤੇ ਸਚਾਈ ਦਾ ਸਿੱਕਾ ਜਮਾਇਆਉਨ੍ਹਾਂ ਦੇ ਬੋਲ ਹੀ ਸਨ; ਜਿਨ੍ਹਾਂ ਨੇ ਠੱਗਾਂ, ਚੋਰਾਂ ਤੇ ਰਾਖਸ਼ਾਂ ਨੂੰ ਸੰਤ ਬਣਾ ਦਿੱਤਾਇਸੇ ਕਾਰਣ ਉਨ੍ਹਾਂ ਨੂੰ ਕਿਸੇ ਨੇ ਗੁਰੂ, ਕਿਸੇ ਨੇ ਪੀਰ ਤੇ ਕਿਸੇ ਨੇ ਨਬੀ ਆਖਿਆ

1699 ਦੀ ਵਿਸਾਖੀ ਮੌਕੇ ਗੁਰੂ ਗੋਬਿੰਦ ਸਿੰਘ ਦੇ ਬੋਲਾਂ ਵਿੱਚ ਪਤਾ ਨਹੀਂ ਕੀ ਯਾਦੂ ਸੀ, ਉਸ ਆਖਿਆ, “ਮੈਨੂੰ ਇੱਕ ਸਿਰ ਦੀ ਲੋੜ ਹੈ।” ਅੱਗੋਂ ਸੀਸ ਭੇਟ ਕਰਨ ਵਾਲਿਆਂ ਦੀ ਲਾਈਨ ਲੱਗ ਗਈਕਿਹੋ ਜਿਹਾ ਪ੍ਰਭਾਵ ਹੋਵੇਗਾ ਗੁਰੂ ਗੋਬਿੰਦ ਸਿੰਘ ਦੇ ਉਨ੍ਹਾਂ ਬੋਲਾਂ ਦਾ ਕਿ ਤਿਆਗੀ ਵਿਰਾਗੀ ਸਾਧੂ, ਮਾਧੋ ਦਾਸ ਬੰਦਾ ਬਹਾਦਰ ਬਣ ਗਿਆ, ਜਿਸਨੇ ਆਪਣੇ ਸਮੇਂ ਵਿੱਚ ਪੰਜਾਬ ਵਿੱਚ ਤਰਥੱਲੀ ਮਚਾ ਦਿੱਤੀ ਅਤੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ

ਇਤਿਹਾਸ ਵਿੱਚ ਬੋਲੀ ਦਾ ਇੱਕ ਨਿਰਦਈ ਪੱਖ ਵੀ ਸਾਹਮਣੇ ਆਉਂਦਾ ਹੈਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨਿਰਦੋਸ਼, ਮਾਸੂਮ ਅਤੇ ਭੋਲ਼ੇ ਜਾਣ ਕੇ ਵੇਲੇ ਦੇ ਹਾਕਮਾਂ ਨੇ ਮੁਆਫ ਕਰਨ ਅਤੇ ਛੱਡ ਦੇਣ ਦਾ ਫੈਸਲਾ ਕਰ ਲਿਆ ਸੀ ਪਰ ਇੱਕ ਦਰਬਾਰੀ ਦੇ ਕੇਵਲ ਇੱਕੋ ਪਾਪੀ ਬੋਲ ਨੇ ਹਾਲਾਤ ਦਾ ਪਾਸਾ ਪਲਟ ਦਿੱਤਾਉਸ ਆਖਿਆ, “ਸੱਪ ਨੂੰ ਮਾਰਨ ਤੇ ਸਪੋਲੀਏ ਪਾਲਣ ਦੀ, ਤੁਹਾਡੀ ਕਿਹੋ ਜਿਹੀ ਸਿਆਣਪ ਹੈ?” ਉਸ ਦਾ ਇਹ ਇੱਕੋ ਫਿਕਰਾ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਨਿਰਦਈ ਤੇ ਬੇਕਿਰਕ ਮਿਸਾਲ ਬਣ ਗਿਆ, ਜਿਸ ਨੇ ਸੱਤ ਸਾਲ ਅਤੇ ਨੌ ਸਾਲ ਦੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ

ਪ੍ਰਭਾਵਸ਼ਾਲੀ ਵਾਰਤਾਲਾਪ ਦੀ ਇੱਕ ਹੋਰ ਤਸਵੀਰ ਹੈਦੁਨੀਆਂ ਦੇ ਮਹਾਨ ਸ਼ਕਤੀਸ਼ਾਲੀ ਸਿਕੰਦਰ ਦੀਆਂ ਫੌਜਾਂ ਹੱਥੋਂ ਰਾਜਾ ਪੋਰਸ ਦੀ ਲੜਾਈ ਵਿੱਚ ਹਾਰ ਹੋ ਜਾਂਦੀ ਹੈਪੋਰਸ ਫੜਿਆ ਜਾਂਦਾ ਹੈਜਿੱਤ ਦੇ ਨਸ਼ੇ ਵਿੱਚ ਸਿਕੰਦਰ, ਬੇੜੀਆਂ ਵਿੱਚ ਜਕੜੇ ਪੋਰਸ ਨੂੰ ਪੁੱਛਦਾ ਹੈ, “ਛੋੜ ਦੀਆ ਜਾਏ ਜਾਂ ਮਾਰ ਦੀਆਂ ਜਾਏ, ਦੱਸ ਤੇਰੇ ਸਾਥ ਕਿਆ ਸਲੂਕ ਕੀਆ ਜਾਏ?”

ਅੱਗੋਂ ਪੰਜਾਬ ਦਾ ਅਣਖੀ ਸਪੂਤ ਰਾਜਾ ਪੋਰਸ ਦਲੇਰੀ ਨਾਲ ਆਖਦਾ ਹੈ, “ਜੇ ਵਪਾਰੀ ਹੈਂ ਤਾਂ ਵੇਚ ਦੇ, ਕਸਾਈ ਹੈਂ ਤਾਂ ਮਾਰ ਦੇ ਪਰ ਜੇ ਬਾਦਸ਼ਾਹ ਹੈਂ ਤਾਂ ਬਾਦਸਾਹ ਨਾਲ ਬਾਦਸ਼ਾਹਾਂ ਵਾਲਾ ਸਲੂਕ ਕਰ।” ਇਹ ਉੱਤਰ ਸੁਣ ਕੇ ਸਿਕੰਦਰ ਨਿਹਾਲ ਹੋ ਜਾਂਦਾ ਹੈਪੋਰਸ ਨੂੰ ਰਿਹਾਅ ਵੀ ਕਰ ਦਿੰਦਾ ਹੈ ਅਤੇ ਉਸ ਦਾ ਜਿੱਤਿਆਂ ਇਲਾਕਾ ਵੀ ਉਸ ਦੇ ਸਪੁਰਦ ਕਰ ਦਿੰਦਾ ਹੈ

ਸਿੱਟਾ ਇਹ ਹੈ ਕਿ ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਇਨ੍ਹਾਂ ਛੇ ਗੱਲਾਂ ਬਾਰੇ ਭਰੋਸੇ ਭਰਿਆ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਗੱਲ ਕਿਸ ਨੂੰ ਕਹਿ ਰਿਹਾ ਹੈ, ਕਿਸ ਸਮੇਂ ਕਹਿ ਰਿਹਾ ਹੈ, ਕਿਸ ਢੰਗ ਨਾਲ ਕਹਿ ਰਿਹਾ ਹੈ, ਕੀ ਕਹਿ ਰਿਹਾ ਹੈ, ਕਿਉਂ ਕਹਿ ਰਿਹਾ ਹੈ ਅਤੇ ਇਸਦਾ ਕੀ ਪ੍ਰਭਾਵ ਪਵੇਗਾ?

ਗੁਰਬਾਣੀ ਵਿੱਚ ਸਾਹਿਬਾਂ ਦਾ ਫਰਮਾਨ ਹੈ:

ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4582)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪੂਰਨ ਸਿੰਘ ਪਾਂਧੀ

ਪੂਰਨ ਸਿੰਘ ਪਾਂਧੀ

Brampton, Ontario, Canada.
Phone: (905 - 789 - 6670)

Email: (pspandhi@hotmail.com)