PuranSPandhi7ਡਾ. ਹਰਬੰਸ ਸਿੰਘ ਨੇ ਉਸ ਦੀ ਇਸ ਸਕੀਮ ਨੂੰ ਬਹੁਤ ਸਖਤੀ ਨਾਲ਼ ਰੋਕ ਹੀ ਨਹੀਂ ਦਿੱਤਾਸਗੋਂ ...
(8 ਜਨਵਰੀ 2022)

 

ਡਾਕਟਰ ਹਰਬੰਸ ਸਿੰਘ ਇੱਕ ਅਨੋਖਾ, ਨਿਆਰਾ ਤੇ ਪਿਆਰਾ ਵਿਅਕਤੀ ਸੀ। ਜਿੱਥੇ ਬਹਿੰਦਾ, ਖੜ੍ਹਦਾ ਜਾਂ ਬੋਲਦਾ, ਰੌਣਕਾਂ ਦੀਆਂ ਝੜੀਆਂ ਲੱਗ ਜਾਂਦੀਆਂ। ਉਹ ਬਹੁਤ ਮਿਲਾਪੜਾ, ਸੁਚੇਤ ਤੇ ਸਹਿਯੋਗੀ ਭਾਵਨਾ ਦਾ ਭਰ ਵਗਦਾ ਦਰਿਆ ਸੀ। ਤੁਰੇ ਜਾਂਦਿਆਂ ਨੂੰ ਮੋਹ ਲੈਂਦਾ। ਉਹ ਬਹੁ-ਪੱਖੀ ਵਿੱਦਿਆ ਤੇ ਕਈ ਹੁਨਰਾਂ ਦਾ ਮਾਹਰ, ਉੱਦਮੀ, ਉਤਸ਼ਾਹੀ ਤੇ ਮਿਹਨਤੀ ਰੁਚੀਆਂ ਦਾ ਮਾਲਕ ਸੀ। ਚੋਟੀ ਦੇ ਲੇਖਕਾਂ, ਵਿਗਿਆਨੀਆਂ ਤੇ ਬੁੱਧੀਜੀਵੀ ਮਹਿਫਲਾਂ ਵਿੱਚ ਆਪਣੀ ਸੁਲ਼ਝੀ ਤੇ ਸ੍ਰੇਸ਼ਟ ਵਿੱਚਾਰਧਾਰਾ ਨਾਲ਼ ਬੋਹੜ ਵਾਂਗ ਛਾ ਜਾਂਦਾ। ਇਸੇ ਕਾਰਣ ਉਸ ਦੀ ਮਿੱਤਰਤਾ ਦੀ ਡੋਰੀ ਮਨਮੋਹਕ ਤੇ ਵਿਸ਼ਾਲ ਹੁੰਦੀ ਗਈ।

ਮੋਗਾ ਸ਼ਹਿਰ ਵਿੱਚ ਭਾਵੇਂ ਬਹੁਤ ਸਾਰੇ ਘਰਾਂ ਤੇ ਦੁਕਾਨਦਾਰਾਂ ਨਾਲ਼ ਉਸ ਦੀ ਰੁਹਾਨੀ ਸਾਂਝ ਸੀ ਪਰ ਅਜੋਕੀ ‘ਫੌਜੀ ਮਾਰਕੀਟ’ ਦੇ ਮਾਲਕ ਮੁਹਕਮ ਸਿੰਘ ਹੀਰਾ ਬਰਾੜ ਉਸ ਦਾ ਜਿਗਰੀ ਯਾਰ ਸੀ। ਬਾਘਾਪੁਰਾਣਾ ਦੇ ਮਹਾਨ ਸੰਤ ਗੁਰਮੇਲ ਸਿੰਘ ਨਾਲ਼ ਉਸ ਦੀ ਸਾਂਝ ਸੀ। ਪੰਜਾਬੀ ਦੇ ਮਹਾਨ ਚਿੰਤਕ ਤੇ ਨਾਵਲਿਸਟ ਗੁਰਦਿਆਲ ਸਿੰਘ ਉਸ ਦੇ ਪਰਮ ਮਿੱਤਰਾਂ ਵਿੱਚੋਂ ਇੱਕ ਸਨ। ਮੋਗੇ ਤੋਂ ਗੁਰਦਰਸ਼ਨ ਸਿੰਘ ਅਤੇ ਜ਼ਿਲ੍ਹਾ ਜਾਲੰਧਰ ਤੋਂ ਗੁਰਬਚਨ ਸਿੰਘ ਨਿੱਝਰ ਵੀ ਉਸਦੇ ਮਿੱਤਰ ਸਨ। ਤਿੰਨੋਂ ਇੱਕੋ ਜਿਹੇ ਉੱਚੇ ਕੱਦਾਂ ਵਾਲੇ, ਸੁਹਣੀਆਂ ਸੂਰਤਾਂ ਵਾਲੇ, ਆਪੋ ਆਪਣੇ ਕਿੱਤੇ ਦੇ ਸਿਕੰਦਰ ਤੇ ਮਨੁੱਖਤਾ ਦੇ ਹੁਸੀਨ ਨਾਇਕ ਸਨ।

ਡਾ. ਹਰਬੰਸ ਸਿੰਘ ਦਾ ਜਨਮ ਪਿਤਾ ਰਾਮ ਸਿੰਘ, ਮਾਤਾ ਜੈ ਕੌਰ ਦੇ ਘਰ ਮਿਤੀ 4 ਅਪ੍ਰੈਲ 1938 ਨੂੰ ਜ਼ਿਲਾ ਮੋਗਾ ਦੇ ਪਿੰਡ ਇੰਦਰਗੜ੍ਹ ਵਿੱਚ ਹੋਇਆ। ਧਰਮਕੋਟ ਵਾਸੀ, ਪਿਤਾ ਹਰੀ ਸਿੰਘ ਮਾਤਾ ਸ਼ਾਮ ਕੌਰ ਦੀ ਪੁੱਤਰੀ ਜਸਵੀਰ ਕੌਰ ਨਾਲ਼ ਸ਼ਾਦੀ ਹੋਈ। ਇਨ੍ਹਾਂ ਦੇ ਘਰ ਤਿੰਨ ਪਿਆਰੀਆਂ ਪੁੱਤਰੀਆਂ ਨੇ ਜਨਮ ਲਿਆ: ਮਨਦੀਪ ਕੌਰ (ਐਡਮਿੰਟਨ, ਕਨੇਡਾ), ਪਰਮਜੀਤ ਕੌਰ (ਚੰਦੀਗੜ੍ਹ) ਤੇ ਰਾਜਿੰਦਰ ਕੌਰ (ਬਰਨਾਲਾ)। ਪੁੱਤਰ: ਗੁਰਮੇਲ ਸਿੰਘ ਹੈ। ਹਰਬੰਸ ਸਿੰਘ ਦੀ ਸੁੱਘੜ ਸੁਜਾਣ ਇਕਲੋਤੀ ਨੋਂਹ-ਪੁੱਤਰੀ ਬਲਜੀਤ ਕੌਰ, ਇੱਕ ਪੋਤਰਾ ਅਭੀਜੀਤ ਸਿੰਘ ਤੇ ਪੋਤਰੀ ਸਿਮਰਨ ਕੌਰ ਹੈ।

ਦੁਨਿਆਵੀ ਸਕੀਰੀ ਪੱਖੋਂ ਹਰਬੰਸ ਮੇਰਾ ਸਾਢੂ ਸੀ, ਪਰ ਉਹ ਕੇਵਲ ਸਾਢੂ ਨਹੀਂ, ਮੇਰਾ ਹੋਰ ਵੀ ਬਹੁਤ ਕੁੱਝ ਸੀ। ਉਸ ਦੀ ਜ਼ਿੰਦਗੀ ਦੇ ਵਿਸਥਾਰ ਨੂੰ ਦੇਖਦਿਆਂ ਲਗਦਾ ਹੈ ਜਿਵੇਂ ਧਰਤੀ ਦਾ ਇਹ ਟੋਟਾ ਉਸ ਲਈ ਛੋਟਾ ਹੋਵੇ ਤੇ ਉਸ ਦੀਆਂ ਸੋਚਾਂ ਦੀ ਉਡਾਰੀ ਬਹੁਤ ਵੱਡੀ ਤੇ ਵਿਸ਼ਾਲ ਹੋਵੇ। ਉਸ ਦੇ ਪੈਰ ਚੱਕਰ ਹੀ ਅਜਿਹਾ ਸੀ। ਉਹ ਇੱਕ ਥਾਂ ਟਿਕ ਕੇ ਬਹਿਣ ਵਾਲ਼ਾ ਨਹੀਂ ਸੀ ਨਾ ਹੀ ਉਹ ਕਿਸੇ ਕਾਰੋਬਾਰ ਦੇ ਇੱਕੋ ਕਿੱਲੇ ਨਾਲ਼ ਬੱਝੇ ਰਹਿਣ ਵਾਲਾ ਸੀ। ਭਗਤ ਕਬੀਰ ਵਾਂਗ ‘ਐਸੇ ਘਰ ਹਮ ਬਹੁਤ ਬਸਾਏ। ਜਬ ਹਮ ਰਾਮ ਗਰਭ ਮਹਿ ਆਏ’ ਵਾਂਗ ਉਸ ਨੇ ਬਾਰ ਬਾਰ ਆਪਣੇ ਟਿਕਾਣੇ ਤੇ ਆਪਣੇ ਕਾਰੋਬਾਰ ਬਦਲੇ।

ਉਹ ਪੀਰਾਂ, ਫਕੀਰਾਂ ਤੇ ਦਰਵੇਸ਼ਾਂ ਵਾਂਗ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਵੀ ਬਾਦਸ਼ਾਹਾਂ ਵਾਂਗ ਰਹਿ ਸਕਦਾ ਸੀ। ਗੰਢੇ ਤੇ ਅਚਾਰ ਨਾਲ਼ ਰੁੱਖੀ ਮਿੱਸੀ ਖਾ ਕੇ ਵੀ ਛੱਤੀ ਪ੍ਰਕਾਰ ਦੇ ਭੋਜਨਾਂ ਦਾ ਆਨੰਦ ਲੈ ਸਕਦਾ ਸੀ। ਕਿਸੇ ਦੇ ਕੰਮ ਆਉਣ ਤੇ ਵਿਗੜੀ ਸੁਆਰਨ ਲਈ ਜ਼ਿੰਦਗੀ ਦੇ ਵੱਡੇ ਤੋ ਵੱਡੇ ਖਤਰੇ ਸਹੇੜ ਸਕਦਾ ਸੀ। ਕਿਸੇ ਦੀ ਚੰਗਿਆਈ ਜਾਂ ਕੋਈ ਹੁਨਰ ਦੇਖ ਕੇ ਚੁੱਪ ਰਹਿਣ ਜਾਂ ਦੜ ਵੱਟਣ ਦਾ ਆਦੀ ਨਹੀਂ ਸੀ; ਸਗੋਂ ਉਸਦੀ ਵਡਿਆਈ ਤੇ ਪਰਸ਼ੰਸਾ ਦਾ ਕੋਈ ਮੌਕਾ ਜਾਣ ਨਹੀਂ ਸੀ ਦਿੰਦਾ। ਆਪਣੇ ਪਰਸ਼ੰਸਕ ਬੋਲਾਂ ਦੁਆਰਾ ਨਿਹਾਲ ਕਰ ਦਿੰਦਾ ਸੀ। ਅਜਿਹੀ ਸੱਚੀ ਤੇ ਪਵਿੱਤਰ ਭਾਵਨਾ ਸੀ ਉਸ ਦੀ।

ਡਾ. ਹਰਬੰਸ ਸਿੰਘ ਨੇ ਆਪਣੀ ਸੁਖੀ ਤੇ ਖੁਸ਼ਹਾਲ ਜ਼ਿੰਦਗੀ ਲਈ ਜੋ ਘੋਰ ਸੰਘਰਸ਼ ਕੀਤੇ ਤੇ ਸਖਤ ਮਿਹਨਤ ਕੀਤੀ ਉਹ ਪੈਂਡਾ ਬੇਅੰਤ ਜੋਖ਼ਮ ਭਰਿਆ, ਔਕੜਾਂ ਤੇ ਕਠਨਾਈਆਂ ਭਰਿਆ ਹੈ। ਉਹ ਜਿਸ ਵੀ ਕਿੱਤੇ ਵਿੱਚ ਪਿਆ, ਉਸ ਦੀ ਧੁਰ ਆਤਮਾ ਤੱਕ ਰਸਾਈ ਕੀਤੀ। ਉਸ ਨੇ ਜ਼ਿੰਦਗੀ ਦੇ ਅਰੰਭ ਵਿੱਚ ਮਸ਼ੀਨਰੀ ਦੇ ਕੰਮਾਂ ਵਿੱਚ ਲੰਮਾ ਸਮਾਂ ਕਠੋਰ ਮਿਹਨਤ ਤੇ ਕਮਾਈ ਕੀਤੀ ਅਤੇ ਸੁਹਣੀ ਤੇ ਸੁਚੱਜੀ ਜੀਵਨ ਜਾਚ ਦਾ ਹਾਣੀ ਬਣਿਆ।

ਸਭ ਤੋਂ ਪਹਿਲਾਂ ਉਸ ਨੇ ਆਪਣੇ ਜਨਮ ਨਗਰ ਇੰਦਰਗੜ੍ਹ ਦੇ ਕੱਚੇ ਘਰਾਂ ਤੇ ਤੰਗ ਗਲ਼ੀਆਂ ਵਿੱਚੋਂ ਉੱਠ ਕੇ ਧਰਮਕੋਟ ਜ਼ੀਰਾ ਰੋਡ ’ਤੇ ਆਪਣੇ ਘਰ ਦੀ ਉਸਾਰੀ ਕੀਤੀ। ਉੱਥੇ ਹੀ ਕਾਰਾਂ ਦੀ ਮੁਰੰਮਤ ਦਾ ਕਾਰੋਬਾਰ ਅਰੰਭਿਆ। ਛੇਤੀ ਹੀ ਇਹ ਭਾਗਸ਼ਾਲੀ ਟਿਕਾਣਾ ਰੌਣਕਾਂ ਦਾ ਕੇਂਦਰ ਬਣ ਗਿਆ। ਪਰ ਉਹ ਇੱਕ ਥਾਂ ਟਿਕ ਕੇ ਰਹਿਣ ਵਾਲਾ ਕਿੱਥੇ ਸੀ? ਇੱਥੇ ਵੀ ਬਹੁਤਾ ਚਿਰ ਨਾ ਰਿਹਾ। ਸਭ ਕੁਝ ਵੇਚ ਵੱਟ ਕੇ ਆਪਣਾ ਵਸੇਬਾ ਤੇ ਕਾਰੋਬਾਰ ਕੋਟਕਪੂਰੇ ਲੈ ਗਿਆ।

ਕੋਟਕਪੂਰੇ ਫਰੀਦਕੋਟ ਰੋਡ ’ਤੇ ਉਸ ਨੇ ਆਪਣੇ ਕਾਰੋਬਾਰ ਦਾ ਤੇ ਘਰ ਦਾ ਬਹੁਤ ਮਿਹਨਤ ਤੇ ਰੀਝਾਂ ਨਾਲ਼ ਵਿਸਥਾਰ ਕੀਤਾ। ਬਹੁਤ ਤਹਿਜ਼ੀਬ ਵਾਲਾ ਘਰ ਤੇ ਆਦਰਸ਼ਕ ਸੁਪਨਿਆਂ ਦੀ ਵਿਸ਼ਾਲ ਵਰਕਸ਼ਾਪ ਦਾ ਨਿਰਮਾਣ ਕੀਤਾ। ਉਸ ਦਾ ਇਹ ਟਿਕਾਣਾ ਰੌਣਕਾਂ ਤੇ ਮਹਿਫਲਾਂ ਦਾ ਕੇਂਦਰ ਬਣ ਗਿਆ। ਉਸ ਦੀ ਚੜ੍ਹਾਈ ਦੀਆਂ ਘਰ-ਘਰ ਗੱਲਾਂ ਹੁੰਦੀਆਂ। ਇੱਥੇ ਉਸ ਨੇ ਲੰਮਾ ਸਮਾਂ ਸਖਤ ਮਿਹਨਤ ਕੀਤੀ ਤੇ ਕਮਾਈ ਕੀਤੀ। ਪਰਾਪਰਟੀ ਦਾ ਵੀ ਵਿਸਥਾਰ ਕੀਤਾ। ਫਿਰ ਪਹਿਲਾ ਘਰ ਵੇਚ ਕੇ ਗੋਬਿੰਦ ਨਗਰ ਵਿੱਚ ਨਵਾਂ ਤੇ ਵਿਸ਼ਾਲ ਘਰ ਬਣਾਇਆ।

ਇਸ ਖੁਸ਼ਗਵਾਰ ਹਾਲਾਤ ਵਿੱਚ ਹੈਰਾਨ ਕਰਦੀ ਇੱਕ ਹੋਰ ਤਬਦੀਲੀ ਆਈ। ਉਸ ਦੀ ਡਾਕਟਰੀ ਵਿਗਿਆਨ ਵੱਲ ਰੁਚੀ ਹੋ ਗਈ। ਕਿੱਥੇ ਲੋਹੇ ਦੀ ਮਸ਼ੀਨਰੀ ਦਾ ਮੋਟਾ ਸੋਟਾ ਕੰਮ ਤੇ ਕਿੱਥੇ ਡਾਕਟਰੀ ਵਿਗਿਆਨ ਦਾ ਸੂਖਮ, ਸੁਹਜ ਤੇ ਕੋਮਲ ਕੰਮ। ਇਸ ਦਾ ਸਿਰੜ, ਸਿਦਕ ਤੇ ਹਠ ਦੇਖੋ ਕਿ ਕਾਰਾਂ ਦਾ ਕੰਮ ਛੱਡ ਕੇ ਡਾਕਟਰੀ ਧੰਦੇ ਮਗਰ ਪੈ ਗਿਆ। ਆਯੁਰਵੈਦਕ ਦੀ ਥਿਉਰੀ ਤੇ ਆਕਿਊਪਰੈੱਸ਼ਰ ਦੀ ਖੋਜ ਵਿੱਚ ਆਪਣੇ ਜੀਵਨ ਦੀ ਸਾਰੀ ਸ਼ਕਤੀ ਝੋਕ ਦਿੱਤੀ। ਕਠੋਰ ਮਿਹਨਤ ਕੀਤੀ ਅਤੇ ਇਸ ਵਿੱਚ ਸਿਰੇ ਦਾ ਮਾਹਰ ਡਾਕਟਰ ਬਣਿਆ। ਆਕਿਊਪਰੈੱਸ਼ਰ ਅਜਿਹੀ ਕੋਮਲ ਤੇ ਸੂਖਮ ਵਿਧੀ ਹੈ; ਜਿਸ ਦੁਆਰਾ ਬਗੈਰ ਕਿਸੇ ਦਵਾ ਦਾਰੂ ਤੋਂ, ਆਪਣੀਆਂ ਉਂਗਲਾਂ ਦੇ ਪੋਟਿਆਂ ਦੀ ਟੋਹ ਤੇ ਛੋਹ ਨਾਲ਼ ਸਰੀਰ ਦੇ ਤਮਾਮ ਰੋਗ ਦੂਰ ਕੀਤੇ ਜਾਂਦੇ ਹਨ। ਇਸ ਵਿਧੀ ਦਾ ਸਿਰੇ ਦਾ ਮਾਹਰ ਸੀ ਉਹ। ਪਹਿਲਾਂ ਕੋਟਕਪੂਰੇ, ਫਿਰ ਦਿੱਲੀ ਤੇ ਫਿਰ ਸਾਡੇ ਕੋਲ ਕਨੇਡਾ ਆਇਆ। ਹਰ ਥਾਂ ਉਸ ਦੇ ਚਾਹੁਣ ਵਾਲੇ ਮਰੀਜ਼ਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਸਨ, ਵਾਰੀ ਨਹੀਂ ਸੀ ਆਉਂਦੀ।

ਫਿਰ ਉਸ ਦੀਆਂ ਸੋਚਾਂ ਸਕੀਮਾਂ ਨੂੰ ਕੋਟਕਪੂਰਾ ਸ਼ਹਿਰ ਛੋਟਾ ਲੱਗਾ। ਸ਼ਾਸਤਰੀ ਨਗਰ ਦਿੱਲੀ ਉਸ ਦੇ ਸਰਬੰਧੀ ਜਾਗੀਰ ਸਿੰਘ ਦੀ ਲੜਕੀ ਬਲਵਿੰਦਰ ਕੌਰ ਰਹਿੰਦੀ ਸੀ। ਉਸ ਦੀ ਡਬਲ ਛੱਤੀ ਵਿਸ਼ਾਲ ਕੋਠੀ ਸੀ। ਕੋਟਕਪੂਰਾ ਛੱਡ ਕੇ ਉਸ ਨੇ ਬਲਵਿੰਦਰ ਕੌਰ ਕੋਲ਼ ਦਿੱਲੀ ਜਾ ਡੇਰੇ ਲਾਏ। ਇੱਥੇ ਉਸ ਦੀ ਸ਼ਫਾ ਦੇ, ਉਸ ਦੇ ਹੁਨਰ ਤੇ ਡਾਕਟਰੀ ਵਿਗਿਆਨ ਦੇ ਦੂਰ-ਦੂਰ ਤੱਕ ਡੰਕੇ ਵੱਜ ਗਏ।

ਭਾਈ ਕੀ ਸਮਾਧ ਵਾਲੇ ਨਾਨਕਸਰੀ ਬਾਬਾ ਜੀ ਗੁਰਦੇਵ ਜੀ ਦਾ ਦਿੱਲੀ ਪਹਾੜ ਗੰਜ ਬਹੁਤ ਵੱਡਾ ਠਾਠ ਸੀ। ਉਨ੍ਹਾਂ ਦੇ ਭਾਰਤ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਵਿੱਚ ਅਜਿਹੇ ਠਾਠ ਸਨ। ਹਰ ਥਾਂ ਸ਼ਰਧਾਲੂਆਂ ਦੀ ਭੀੜ ਜੁੜਦੀ ਸੀ। ਡਾ. ਹਰਬੰਸ ਸਿੰਘ ਦੀ ਮਸ਼ਹੂਰੀ ਦੀ ਮਹਿਕ ਬਾਬਾ ਜੀ ਤੱਕ ਪਹੁੰਚੀ। ਉਨ੍ਹਾਂ ਨੂੰ ਅਜਿਹੇ ਗੁਣੀ ਦੀ ਲੋੜ ਸੀ। ਉਨ੍ਹਾਂ ਉਸ ਨੂੰ ਆਪਣੇ ਨਾਲ਼ ਜੋੜਨ ਦੇ ਯਤਨ ਕੀਤੇ। ਉਨ੍ਹਾਂ ਦੀ ਇੱਛਾ ਸੀ ਕਿ ਡਾਕਟਰ ਹਰਬੰਸ ਸਿੰਘ ਦੇਸ਼ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਨਾਲ਼ ਰਹੇ। ਇਸ ਨਾਲ ਬਾਬਾ ਜੀ ਦੀ ਮਹਿਮਾ ਦਾ ਹੋਰ ਵਿਸਥਾਰ ਹੁੰਦਾ ਸੀ। ਜਿੱਥੇ ਮਾਨਸਿਕ ਅਰੋਗਤਾ ਲਈ ਬਾਬਾ ਜੀ ਪ੍ਰਵਚਨ ਕਰਦੇ ਸਨ, ਉੱਥੇ ਤਨ ਦੀ ਅਰੋਗਤਾ ਲਈ ਡਾਕਟਰ ਹਰਬੰਸ ਸਿੰਘ ਦੀ ਡਾਕਟਰੀ ਸੇਵਾ ਬਹੁਤ ਵੱਡੇ ਅਰਥ ਰੱਖਦੀ ਸੀ। ਨਾਲੇ ਠਾਠ ਵਿੱਚ ਬਹੁਭਾਂਤੀ ਬੇਅੰਤ ਸੁਖ ਸਹੂਲਤਾਂ ਦੇ ਨਾਲ਼ ਮਾਇਆ ਦੇ ਬੇਅੰਤ ਖੁੱਲ੍ਹੇ ਗੱਫੇ ਸਨ। ਦੇਸ ਵਿਦੇਸ਼ ਦੀ ਮੁਫਤ ਦੀ ਸੈਰ। ਸਧਾਰਣ ਸੋਚ ਵਾਲੇ ਵਿਅਕਤੀ ਲਈ ਅਜਿਹਾ ਮੌਕਾ ਕਰਮਾ ਨਾਲ਼ ਮਿਲਦਾ ਹੈ। ਪਰ ਹਰਬੰਸ ਸਿੰਘ ਦੀ ਗੱਲ ਹੋਰ ਸੀ। ਜੇ ਕਿਸੇ ਵਿਅਕਤੀ ਜਾਂ ਸੰਸਥਾ ਨਾਲ਼ ਡਾਕਟਰ ਹਰਬੰਸ ਸਿੰਘ ਦੀ ਵਿੱਚਾਰਧਾਰਾ ਮੇਲ ਨਹੀਂ ਸੀ ਖਾਂਦੀ, ਉਹ ਉਸ ਨਾਲ ਮੇਲ ਮਿਲਾਪ ਤਾਂ ਕੀ ਉਸ ਨਾਲ਼ ਅੱਖ ਤੱਕ ਨਹੀਂ ਸੀ ਮਿਲਾਉਂਦਾ। ਬਾਬਾਵਾਦ ਦਾ ਜਲੌਅ ਉਸ ਨੂੰ ਉੱਕਾ ਪਸੰਦ ਨਹੀਂ ਸੀ। ਇਸ ਲਈ ਉਸ ਨੇ ਬਾਬਾ ਜੀ ਦੇ ਠਾਠ ਤੋਂ ਕਿਨਾਰਾ ਕਰ ਲਿਆ।

ਪਰ ਜ਼ਿੰਦਗੀ ਵਿੱਚ ਕਈ ਵਾਰ ਕੁੱਝ ਅਜਿਹੀਆਂ ਅਣਸੁਖਾਵੀਆਂ, ਦੁੱਖ ਭਰੀਆਂ ਤੇ ਬੇਹੱਦ ਕੌੜੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ; ਜੋ ਸੋਚੀਆਂ ਵਿਚਾਰੀਆਂ ਨਹੀਂ ਹੁੰਦੀਆਂ। ਜਿਨ੍ਹਾਂ ਕਰਕੇ ਬੰਦੇ ਦਾ ਦਿਲ ਟੱਟ ਜਾਂਦਾ ਹੈ, ਮਾਨਸਕ ਤਵਾਜ਼ਨ ਗੁਆ ਬੈਠਦਾ, ਰੋਗ ਸਹੇੜ ਲੈਂਦਾ ਤੇ ਮੰਜਾ ਮੱਲ ਲੈਂਦਾ ਹੈ। ਡਾ. ਹਰਬੰਸ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਕਿ ਉਸ ਦੀਆਂ ਜਾਨ ਤੋਂ ਪਿਆਰੀਆਂ ਤਿੰਨ ਧੀਆਂ, ਵਾਰੀ ਵਾਰੀ ਵਿਧਵਾ ਹੋ ਗਈਆਂ। ਪਿੱਛੋਂ ਚੰਦੀਗੜ੍ਹ ਵਾਲੀ ਵਿਧਵਾ ਲੜਕੀ ਦੀ ਸੜਕੀ ਹਾਦਸੇ ਵਿੱਚ ਮਿਰਤੂ ਹੋ ਗਈ। ਅਜਿਹੇ ਸਮੇ ਉਸ ਦੇ ਦੁੱਖਾਂ ਦਾ ਕੋਈ ਪਾਰਵਾਰ ਨਹੀਂ ਸੀ। ਘਰ ਵਿੱਚ ਸੋਗੀ ਮਾਹੌਲ। ਉੱਤੋਂ ਉਸ ਦੇ ਸਰੀਰ ਨੂੰ ਪਤਾ ਨਹੀਂ ਕੀ ਰੋਗ ਲੱਗਾ, ਉਸ ਦਾ ਸਾਰਾ ਸਰੀਰ ਬੁਰੀ ਤਰ੍ਹਾਂ ਸੁੱਜ ਗਿਆ। ਬੇਚੈਨੀ ਤੇ ਭਟਕਣਾ ਵਿੱਚ ਨਾ ਪਿਆ ਜਾਵੇ, ਨਾ ਬੈਠਾ ਜਾਵੇ, ਨਾ ਖਾਧਾ ਪੀਤਾ ਜਾਵੇ। ਬਚਣ ਦੀ ਉਮੀਦ ਵੀ ਜਾਂਦੀ ਰਹੀ। । ਪਰ ਡਾ. ਹਰਬੰਸ ਸਿੰਘ ਘੋਰ ਔਕੜਾਂ, ਸੰਕਟਾਂ ਤੇ ਮੁਸੀਬਤਾਂ ਵਿੱਚ ਵੀ ਦਿਲ ਛੱਡਣ ਤੇ ਹੌਸਲਾ ਹਾਰਨ ਵਾਲ਼ਾ ਨਹੀਂ ਸੀ। ਦੁੱਖਾਂ ਮਾਰੇ ਅਜਿਹੇ ਹਾਲਾਤ ਵਿੱਚ ਵੀ ਉਸ ਨੇ ਹੌਸਲਾ ਨਹੀਂ ਹਾਰਿਆ, ਦ੍ਰਿੜ੍ਹਤਾ ਤੇ ਦਲੇਰੀ ਦਾ ਪੱਲਾ ਨਹੀਂ ਛੱਡਿਆ। ਕੁੱਕਨੂਸ ਵਾਂਗ ਉਹ ਆਪਣੀ ਰਾਖ ਵਿੱਚੋਂ ਮੁੜ-ਮੁੜ ਉੱਠਣ ਤੇ ਉੱਡਣ ਵਾਲੇ ਕਿਰਦਾਰ ਦਾ ਮਾਲਕ ਸੀ। ਉਸ ਨੇ ਆਪਣੀ ਸਿਹਤ ਦੀ ਸੰਭਾਲ ਕੀਤੀ, ਪਰਵਾਰ ਦੀ ਮੁੜ ਉਸਾਰੀ ਕੀਤੀ, ਲੜਕੀਆਂ ਮੁੜ ਸੈੱਟ ਕੀਤੀਆਂ। ਪਹਿਲਾਂ ਵਾਂਗ ਪਰਵਾਰ ਖੁਸ਼ਹਾਲੀ ਦੇ ਪਰਾਂ ’ਤੇ ਮੁੜ ਉਡਾਰੀ ਮਾਰਨ ਜੋਗਾ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਸ਼ਾਸਤਰੀ ਨਗਰ ਦਿੱਲੀ ਰਹਿੰਦਿਆਂ ਬਲਵਿੰਦਰ ਕੌਰ ਦੇ ਘਰ ਬਹੁਤ ਸਾਰੇ ਮਰੀਜ਼ਾਂ ਵਿੱਚੋਂ ਹਰਬੰਸ ਸਿੰਘ ਦੇ ਸੰਪਰਕ ਵਿੱਚ ਇੱਕ ਨਿਰਾਸ, ਉਦਾਸ ਤੇ ਦੁਖਿਆਰੀ ਅਪਾਹਜ ਲੜਕੀ ਆਈ - ਨਿਰਵੈਰ ਕੌਰ। ਨਿਰੀ ਤਰਸ ਦੀ ਪਾਤਰ। ਉਸ ਦੀ ਜ਼ਿੰਦਗੀ ਦਾ ਕੋਈ ਸਹਾਰਾ ਨਹੀਂ ਸੀ। ਨਾ ਮਾਪੇ, ਨਾ ਕੋਈ ਹੋਰ ਸੰਗੀ ਸਾਥੀ। ਉਸ ਦੇ ਸਰੀਰ ਦਾ ਲੱਕੋਂ ਹੇਠਲਾ ਹਿੱਸਾ ਅਸਲੋਂ ਨਕਾਰਾ ਸੀ। ਤੁਰ ਫਿਰ ਨਹੀਂ ਸੀ ਸਕਦੀ। ਦਿੱਲੀ ਟੈਗੋਰ ਗਾਰਡਨ ਕੋਲ ਉਹ ਆਪਣੇ ਉਦਾਸ ਘਰ ਇਕੱਲੀ ਲਾਚਾਰ ਜ਼ਿੰਦਗੀ ਨੂੰ ਧੱਕਾ ਦੇ ਰਹੀ ਸੀ। ਡਾ. ਹਰਬੰਸ ਦੇ ਇਲਾਜ ਨਾਲ਼ ਨਿਰਵੈਰ ਦੀਆਂ ਲੱਤਾਂ ਭਾਵੇਂ ਤੁਰਨ ਜੋਗੀਆਂ ਨਾ ਹੋ ਸਕੀਆਂ ਪਰ ਸਰੀਰ ਦੇ ਬਾਕੀ ਰੋਗ ਦੂਰ ਹੋ ਗਏ ਅਤੇ ਉਹ ਧੁਰ ਅੰਦਰੋਂ ਇਸ ਦੀ ਪੱਕੀ ਮੁਰੀਦ ਬਣ ਗਈ।

ਬਹੁਤ ਤਰਲਿਆਂ ਨਾਲ਼ ਨਿਰਵੈਰ ਕੌਰ ਡਾਕਟਰ ਹਰਬੰਸ ਨੂੰ ਆਪਣੇ ਘਰ ਲਿਜਾਣ ਅਤੇ ਉੱਥੇ ਉਸ ਦਾ ਪੱਕਾ ਟਿਕਾਣਾ ਕਰਾਉਣ ਵਿੱਚ ਸਫਲ ਹੋ ਗਈ। ਉਸ ਨੂੰ ਡਾਕਟਰ ਹਰਬੰਸ ਸਿੰਘ ਤੇ ਉਸ ਦੀ ਪਤਨੀ ਜਸਵੀਰ ਕੌਰ ਵਰਗੇ ਮਮਤਾ ਮਾਰੇ ਰਹਿਮ ਦਿਲ ਮਾਂ ਪਿਓ ਵਰਗਾ ਆਸਰਾ ਮਸਾ ਮਿਲਿਆ ਸੀ। ਨਿਰਵੈਰ ਦੇ ਅਸਲੋਂ ਉਦਾਸ ਘਰ ਵਿੱਚ ਹਰਬੰਸ ਦੇ ਡਾਕਟਰੀ ਕਿੱਤੇ ਦੀਆਂ ਤੇ ਮਰੀਜ਼ਾਂ ਦੀਆਂ ਭੀੜਾਂ ਜੁੜਨ ਲੱਗ ਪਈਆਂ। ਰੌਣਕਾਂ ਨਾਲ਼ ਘਰ ਭਰਿਆ ਰਹਿੰਦਾ। ਉਸ ਦੀ ਨਿਰਾਸ, ਉਦਾਸ ਜ਼ਿੰਦਗੀ ਵਿੱਚ ਚਾਅ ਤੇ ਉਤਸ਼ਾਹ, ਖੁਸ਼ੀਆਂ ਤੇ ਖੇੜੇ ਦੇ ਫੁੱਲ ਖਿੜ ਗਏ। ਉਸ ਨੂੰ ਜਿਉਣਾ ਚੰਗਾ-ਚੰਗਾ ਲਗਦਾ।

ਉੱਧਰ ਜਿਵੇਂ ਪਾਕਸਤਾਨ ਬਣਨ ਸਮੇ ਭਗਤ ਪੂਰਨ ਸਿੰਘ ਇੱਕ ਅਪਾਹਜ ਤੇ ਅਨਾਥ ਬੱਚੇ ਪਿਆਰਾ ਸਿੰਘ ਨੂੰ ਆਪਣੇ ਕੰਧੇੜੇ ’ਤੇ ਚੁੱਕ ਕੇ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਲਿਆਇਆ ਤੇ ਉਸ ਨੇ ਸਾਰੀ ਉਮਰ ਆਪਣੇ ਪਿੰਗਲਵਾੜੇ ਵਿੱਚ ਉਸ ਦੀ ਪੁੱਤਾਂ ਵਾਂਗ ਪਾਲਣਾ ਕੀਤੀ, ਠੀਕ ਉਸੇ ਤਰ੍ਹਾਂ ਡਾ. ਹਰਬੰਸ ਸਿੰਘ ਆਪਣੀ ਨਿਰਵੈਰ ਨੂੰ ਮਮਤਾ ਮਾਰੇ ਬਾਬਲ ਵਾਂਗ ਆਪਣੇ ਕੰਧਾੜੇ ’ਤੇ ਚੁੱਕ ਕੇ ਲਈ ਫਿਰਦਾ ਰਿਹਾ, ਸੇਵਾ ਤੇ ਸਹਾਇਤਾ ਕਰਦਾ ਰਿਹਾ। ਉਸ ਦੀ ਹਰ ਇੱਛਾ ਜਾਂ ਖਾਹਸ਼ ਪੂਰੀ ਕਰਨ ਦਾ ਉਸ ਦਾ ਮਿਸ਼ਨ ਬਣ ਗਿਆ।

ਉੱਧਰ ਨਿਰਵੈਰ ਨੇ ਦਿੱਲੀ ਵਾਲੀ ਆਪਣੇ ਰਿਹਾਇਸ਼ੀ ਘਰ ਵਾਲੀ ਪਰਾਪਰਟੀ ਡਾ. ਹਰਬੰਸ ਸਿੰਘ ਦੇ ਨਾਂ ਕਰਨ ਦਾ ਫੈਸਲਾ ਕਰ ਲਿਆ ਪਰ ਰੱਜੀ ਰੂਹ, ਸੰਤੁਸ਼ਟ ਤੇ ਮਹਾਨ ਮਨੁੱਖ ਡਾ. ਹਰਬੰਸ ਸਿੰਘ ਨੇ ਉਸ ਦੀ ਇਸ ਸਕੀਮ ਨੂੰ ਬਹੁਤ ਸਖਤੀ ਨਾਲ਼ ਰੋਕ ਹੀ ਨਹੀਂ ਦਿੱਤਾ; ਸਗੋਂ ਅੱਗੋਂ ਤੋਂ ਇਸ ਬਾਰੇ ਸੋਚਣ ਤੱਕ ਦੀ ਵੀ ਪੱਕੀ ਮਨਾਹੀ ਕਰ ਦਿੱਤੀ। ਫਿਰ ਵੀ ਨਿਰਵੈਰ ਦਾ ਸਿਦਕ ਤੇ ਵਿਸ਼ਵਸ ਦੇਖੋ, ਉਹ ਰੁਕੀ ਨਹੀਂ। ਉਸ ਨੇ ਡਾ. ਹਰਬੰਸ ਸਿੰਘ ਦੀ ਮਰਜ਼ੀ ਤੋਂ ਬਗੈਰ, ਉਸ ਤੋਂ ਚੋਰੀ ਆਪਣੀ ਲੱਖਾਂ ਦੀ ਪਰਾਪਰਟੀ ਡਾ. ਹਰਬੰਸ ਸਿੰਘ ਦੇ ਨਾਂ ਕਰ ਦਿੱਤੀ। ਇਸ ਤਰ੍ਹਾਂ ਨਿਰਵੈਰ ਕੌਰ ਨੇ ਇਹ ਅਨੋਖੀ ਕੁਰਬਾਨੀ ਦੀ ਅਤੇ ਪਵਿੱਤਰ ਪਿਆਰ ਦੀ ਖੁਸ਼ਬੂਦਾਰ ਮਿਸਾਲ ਕਾਇਮ ਕਰ ਦਿੱਤੀ।

ਡਾ. ਹਰਬੰਸ ਸਿੰਘ ਦੀ ਸੁਹਣੀ, ਸਚਿਆਰੀ, ਪਿਆਰੀ ਤੇ ਲਾਇਕ ਪੋਤਰੀ ਸਿਮਰਨ ਦਾ 6 ਦਸੰਬਰ 2020 ਦਾ ਲੁਧਿਆਣੇ ਵਿਆਹ ਸੀ। ਹਰਬੰਸ ਤੇ ਜਸਵੀਰ ਦਿੱਲੀਓਂ ਕੋਟਕਪੂਰੇ ਆ ਗਏ। ਸੁੱਖੀਂ ਸਾਂਦੀਂ ਸ਼ਗਨਾਂ ਭਰੇ ਵਿਆਹ ਦੀਆਂ ਰਸਮਾਂ ਹੋਈਆਂ। 17 ਦਸੰਬਰ ਨੂੰ ਹਰਬੰਸ ਸਿੰਘ ਨੂੰ ਘਰ ਵਿੱਚ ਮਾਮੂਲੀ ਬੁਖਾਰ ਹੋਇਆ। ਪਹਿਲਾਂ ਘਰ ਵਿੱਚ ਓਹੜ ਪੋਹੜ ਕਰਦੇ ਰਹੇ, ਫਿਰ ਕੋਟਕਪੂਰੇ ਸਰਕਾਰੀ ਹਸਪਤਾਲ ਲੈ ਗਏ। ਉਨ੍ਹਾਂ ਤੁਰੰਤ ਸਰਕਾਰੀ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ। ਉਨ੍ਹਾਂ ਕਰੋਨਾ ਪਾਜ਼ਿਟਿਵ ਦੱਸਿਆ। ਇਲਾਜ ਸ਼ੁਰੂ ਹੋ ਗਿਆ। ਪਰ ਕਿੱਥੇ? ਭਾਵੀ ਦੇ ਕਹਿਰ ਦਾ ਪਤਾ ਨਹੀਂ ਸੀ। ਹੁਣ ਕੀ ਹੋ ਸਕਦਾ ਸੀ? ਦਿਲ ਦੀਆਂ ਦਿਲ ਵਿੱਚ ਰਹਿ ਗਈਆਂ। ਡਾਕਟਰ ਹਰਬੰਸ ਸਿੰਘ ਸੁਹਣੀ, ਸਚਿਆਰੀ ਤੇ ਪਿਆਰੀ ਰੂਹ ਦਾ ਸ਼ਿੰਗਾਰ, ਕੋਮਲ ਤੇ ਮਧੁਰ ਨਗਮਿਆਂ ਦੀ ਗੁੰਜਾਰ, ਪਵਿੱਤਰ ਕਿਰਦਾਰ ਤੇ ਠੀਕ ਅਰਥਾਂ ਵਿੱਚ ਰੰਗੀਨ ਸੁਪਨਿਆਂ ਦਾ ਸਰਦਾਰ ਸੀ। ਇਹ ਲਿਖਦਿਆਂ ਕਲੇਜਾ ਪਾਟਦਾ ਹੈ ਕਿ ਹੁਣ ਉਹ ਸਾਡੇ ਵਿੱਚਕਾਰ ਨਹੀਂ ਰਿਹਾ। ਇਹ ਪਿਆਰੀ ਹਸਤੀ 8 ਜਨਵਰੀ 2021 ਨੂੰ ਕੋਟਕਪੂਰੇ ਪਰਲੋਕ ਸਿਧਾਰ ਗਈ। ਉਸ ਨੂੰ ਗਏ ਨੂੰ ਸਾਲ ਹੋ ਗਿਆ ਹੈ ਪਰ ਉਹ ਭੁਲਾਇਆਂ ਵੀ ਨਹੀਂ ਭੁੱਲਦਾ। ਸੱਚ ਤਾਂ ਇਹ ਹੈ ਕਿ ਉਹ ਕਦੇ ਵੀ ਨਹੀਂ ਭੁੱਲਣਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3263)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪੂਰਨ ਸਿੰਘ ਪਾਂਧੀ

ਪੂਰਨ ਸਿੰਘ ਪਾਂਧੀ

Brampton, Ontario, Canada.
Phone: (905 - 789 - 6670)

Email: (pspandhi@hotmail.com)