“ਗੱਲ ਅੱਗੇ ਤੋਰਦਿਆਂ ਉਸ ਹੋਰ ਆਖਿਆ, “ਕੰਮ ਮੁਕਾ ਕੇ ਜਦੋਂ ਮੇਰੀਆਂ ਅੱਖਾਂ ...”
(7 ਮਈ 2021)
ਮੇਰੇ ਪੋਤੇ ਹਰਮਨ ਦੀ ਸਧਾਰਨ ਚੈਕਿੰਗ ਲਈ ਅਸੀਂ 29 ਜੁਲਾਈ 2009 ਨੂੰ ਹਸਪਤਾਲ ਲੈ ਕੇ ਗਏ ਸਾਂ। ਸਾਰਾ ਪਰਿਵਾਰ ਹਸਪਤਾਲ ਵਿੱਚ ਸੀ। ਅਸੀਂ ਉਸ ਦੇ ਰੂਮ ਵਿੱਚ ਬੈਠੇ ਸਾਂ। ਸਾਨੂੰ ਕਿਸੇ ਗੱਲ ਦਾ ਕੋਈ ਭੇਤ ਨਹੀਂ ਸੀ। ਦਿਨੇ ਤਿੰਨ ਵਜੇ ਡਾਕਟਰ ਆਇਆ, ਉਸਨੇ ਦੱਸਿਆ, “ਹਾਰਟ ਮਿਲ ਗਿਆ ਹੈ”। ਤਿਆਰ ਰਹਿਣ ਲਈ ਸਾਨੂੰ ਆਖ ਦਿੱਤਾ। ਡਾਕਟਰ ਦੇ ਅਚਾਨਕ ਇਹ ਬੋਲ ਸੁਣਦਿਆਂ ਸਾਡੇ ਦਿਲ ਹਿੱਲ ਗਏ। ਸਾਡੇ ਕਮਰੇ ਵਿੱਚ ਜਿਵੇਂ ਬੰਬ ਫਟਿਆ ਹੋਵੇ। ਮਨਾਂ ਵਿੱਚ ਜਿਵੇਂ ਬਿਜਲੀ ਫਿਰ ਗਈ ਹੋਵੇ। ਇਸ ਘੜੀ ਦੀ ਭਾਵੇਂ ਸਾਨੂੰ ਬੇਸਬਰੀ ਨਾਲ ਉਡੀਕ ਸੀ ਪਰ ਇਹ ਪਤਾ ਨਹੀਂ ਸੀ ਕਿ ਅੱਜ ਹੀ ਦਿਲ ਮਿਲ ਜਾਣ ਦੀ ਸੂਚਨਾ ਮਿਲ ਜਾਣੀ ਹੈ। ਅਸੀਂ ਤਾਂ ਅਵੇਸਲੇ ਸਾਂ, ਸਾਨੂੰ ਪਤਾ ਨਹੀਂ ਸੀ ਹਾਰਟ ਕਦੋਂ ਮਿਲਣਾ ਹੈ, ਕਦੋਂ ਸਾਡੀ ਵਾਰੀ ਆਉਣੀ ਹੈ। ਉਦੋਂ ਅਸੀਂ ਖੁਸ਼ ਵੀ ਸਾਂ, ਡਰੇ ਤੇ ਸਹਿਮੇ ਹੋਏ ਵੀ। ਇੱਕ ਪਾਸੇ ਦਿਲ ਹਿਲਾਊ ਪ੍ਰੀਖਿਆ ਦਾ ਸਮਾਂ ਸੀ, ਦੂਜੇ ਪਾਸੇ ਅਸਹਿ ਰੋਗ ਦਾ ਜੀਵਨ ਭਰ ਦੀ ਨਵਿਰਤੀ ਦਾ ਸਮਾਂ ਸੀ। ਸਾਡੇ ਅੰਦਰ ਡਰ ਦੇ ਘੜਿਆਲ ਵੱਜ ਰਹੇ ਸਨ।
(ਤਸਵੀਰ: ਹਰਮਨ ਕ੍ਰਿਟੀਕਲ ਕੇਅਰ ਰੂਮ ਵਿੱਚ)
ਹਸਪਤਾਲ ਦੇ ਪ੍ਰਬੰਧ ਅਨੁਸਾਰ ਰਾਤ ਦੇ ਸਮੇਂ ਮਰੀਜ਼ ਦੇ ਕਮਰੇ ਵਿੱਚ ਇੱਕ ਤੋਂ ਵੱਧ ਬੰਦਾ ਨਹੀਂ ਠਹਿਰ ਸਕਦਾ ਸੀ। ਉਸ ਕਮਰੇ ਵਿੱਚ ਉਦੋਂ ਅਸੀਂ ਹਰਮਨ ਸਮੇਤ ਸੱਤ ਜਣੇ ਸਾਂ। ਪਰ ਸਾਨੂੰ ਸਾਰਿਆਂ ਨੂੰ ਠਹਿਰਨ ਦੀ ਆਗਿਆ ਮਿਲ ਗਈ। ਇੱਕ ਬੈੱਡ ਵੀ ਮਿਲ ਗਿਆ। ਪਹ਼ਿਲਾਂ ਸ਼ਾਮ ਦੇ 6 ਵਜੇ, ਫਿਰ ਰਾਤ ਇੱਕ ਵਜੇ ਤੇ ਫਿਰ ਪੰਜ ਵਜੇ ਤਿਆਰੀ ਕਰਨ ਲਈ ਕਹਿ ਦਿੱਤਾ। ਰਾਤ ਅਸੀਂ ਸਾਰਿਆਂ ਬਹਿ ਕੇ ਕੱਟੀ।
30 ਜੁਲਾਈ 2009 ਸਵੇਰੇ 6 ਵਜੇ ਹਰਮਨ ਨੂੰ ਅਪਰੇਸ਼ਨ ਥੇਟਰ ਵਿੱਚ ਲੈ ਕੇ ਗਏ। ਮਗਰ-ਮਗਰ ਅਸੀਂ ਸਾਰੇ। ਡਰੇ ਤੇ ਸਹਿਮੇ ਹੋਏ। ਅਪਰੇਸ਼ਨ ਥੇਟਰ ਵਿੱਚ ਮਰੀਜ਼ ਤੋਂ ਬਗੈਰ ਹੋਰ ਕੋਈ ਅੰਦਰ ਨਹੀਂ ਜਾ ਸਕਦਾ। ਹਰਮਨ ਅਪਰੇਸ਼ਨ ਥੇਟਰ ਵਿੱਚ ਗਿਆ। ਅਸੀਂ ਬਾਹਰ। ਹਰਮਨ ਦਾ ਪੁਰਾਣਾ ਦਿਲ ਕੱਢ ਕੇ ਉਸ ਦੀ ਥਾਂ ਨਵਾਂ ਦਿਲ ਫਿੱਟ ਕਰਨ ਦੀ ਘੜੀ ਦੇ ਫਿਕਰ ਵਿੱਚ ਸਾਡੇ ਆਪਣੇ ਦਿਲ ਜ਼ੋਰ-ਜ਼ੋਰ ਦੀ ਫੜਕ ਰਹੇ ਸਨ। ਮਣਾਂ ਮੂੰਹੀਂ ਫਿਕਰ ਲੈ ਕੇ, ਧੜਕਦੇ ਦਿਲਾਂ ਨਾਲ ਅਸੀਂ ਸਾਰੇ ਵੇਟਿੰਗ ਰੂਮ ਵਿੱਚ ਜਾ ਬੈਠੇ। ਵੇਟਿੰਗ ਰੂਮ ਵਿੱਚ ਸਾਡੇ ਵਰਗੇ ਹੋਰ ਬਥੇਰੇ ਬੈਠੇ ਹੋਏ ਸਨ। ਬਥੇਰਿਆਂ ਦੇ ਦਿਲਾਂ ਦੇ ਟੁਕੜਿਆਂ ਦੇ ਅਪਰੇਸ਼ਨ ਹੋ ਰਹੇ ਸਨ। ਰੂਮ ਭਰਿਆ ਹੋਇਆ ਸੀ, ਕੋਈ ਸੀਟ ਖਾਲੀ ਨਹੀਂ ਸੀ। ਸਭਨਾਂ ਦੇ ਚਿਹਰਿਆਂ ’ਤੇ ਗ਼ਮ ਦੀ ਇਬਾਰਤ ਲਿਖੀ ਹੋਈ ਸੀ। ਸਾਰਿਆਂ ਦਾ ਧਿਆਨ ਕੰਧ ਨਾਲ ਲੱਗੇ ਇਨਫਰਮੇਸ਼ਨ ਬੋਰਡ ਵੱਲ ਲੱਗਾ ਹੋਇਆ ਸੀ; ਜੋ ਕੰਪਿਉਟਰਾਈਜ਼ ਸੀ ਅਤੇ ਜਿਸ ਉੱਤੇ ਹਰ ਮਰੀਜ਼ ਦੀ ਹਰ ਪਲ ਦੀ ਇਨਫਰਮੇਸ਼ਨ ਉੱਕਰੀ ਜਾ ਰਹੀ ਸੀ। ਅਪਰੇਸ਼ਨ ਰੂਮ ਦੀ ਅੰਦਰਲੀ ਹਾਲਤ ਦਾ ਪਤਾ ਚਲਦਾ ਸੀ। ਇਸ ਤੋਂ ਇਲਾਵਾ ਹਰ ਅਪਰੇਸ਼ਨ ਵੇਲੇ ਹਸਪਤਾਲ ਦੇ ਕਰਮਚਾਰੀ, ਆਪ ਅੰਦਰੋਂ ਆ ਕੇ ਨਾਲੋ ਨਾਲ ਬੱਚੇ ਦੇ ਵਾਰਸਾਂ ਨੂੰ ਬੱਚੇ ਦੀ ਹਾਲਤ ਦੱਸਦੇ ਰਹਿੰਦੇ ਹਨ। ਅਪਰੇਸ਼ਨ ਸੁੱਖ ਸਾਂਦ ਨਾਲ ਹੋਣ ਲਈ ਅਸੀਂ ਸਾਰੇ ਰੱਬ ਅੱਗੇ ਜੋਦੜੀਆਂ-ਅਰਦਾਸਾਂ ਕਰ ਰਹੇ ਸਾਂ। ਅਰਾਧਨਾ ਵਿੱਚ ਸਾਡੇ ਹੱਥ ਜੁੜੇ ਹੋਏ ਸਨ। ਪੁੱਤ ਨੂੰ ਸਹੀ ਸਲਾਮਤ ਵੇਖਣ ਲਈ ਸਾਡੇ ਜਿਸਮ ਅੱਖਾਂ ਬਣੇ ਹੋਏ ਸਨ। ਇੱਕ ਇੱਕ ਮਿੰਟ ਵੱਡਾ ਹੋ ਰਿਹਾ ਸੀ। ਕੋਈ ਇੱਕ ਘੰਟੇ ਪਿੱਛੋਂ ਅੰਦਰੋਂ ਸੁਖਸਾਂਦ ਦਾ ਸੁਨੇਹਾ ਮਿਲਿਆ। ਅਪਰੇਸ਼ਨ ਸਹੀ ਦਿਸ਼ਾ ਵੱਲ ਹੋਣ ਦੇ ਸੰਕੇਤ ਮਿਲੇ। ਸਾਡੀ ਜਾਨ ਵਿੱਚ ਜਾਨ ਆਈ। ਚਾਰ ਘੰਟੇ ਵਿੱਚ ਅਪਰੇਸ਼ਨ ਮੁਕੰਮਲ ਹੋਇਆ ਅਤੇ ਹਰਮਨ ਨੂੰ ਅਪਰੇਸ਼ਨ ਥੇਟਰ ਤੋਂ ਕ੍ਰਿਟੀਕਲ ਕੇਅਰ ਰੂਮ ਵਿੱਚ ਲਿਆਂਦਾ ਗਿਆ।
ਕ੍ਰਿਟੀਕਲ ਕੇਅਰ ਰੂਮ ਵਿੱਚ ਵਾਰੀ ਵਾਰੀ ਸਾਨੂੰ ਹਰਮਨ ਨੂੰ ਵੇਖਣ ਦੀ ਆਗਿਆ ਦਿੱਤੀ ਗਈ। ਅਸੀਂ ਉਸ ਨੂੰ ਦੇਖਣ ਲਈ ਤਰਸੇ ਹੋਏ ਸਾਂ। ਇਸ ਹਾਲਤ ਵਿੱਚ ਹਰਮਨ ਨੂੰ ਮਿਲਣ ਜਾਂ ਦੇਖਣ ’ਤੇ ਕੋਈ ਪਾਬੰਦੀ ਨਹੀਂ ਸੀ। ਕਠੋਰ ਸ਼ਰਤਾਂ ਜਾਂ ਬੇਲੋੜੀਆਂ ਬੰਦਸ਼ਾਂ ਨਹੀਂ ਸਨ। ਕ੍ਰਿਟੀਕਲ ਕੇਅਰ ਰੂਮ ਵਿੱਚ ਜਾਣ ਤੋਂ ਪਹਿਲਾਂ ਕੇਵਲ ਸਾਬਣ ਨਾਲ ਹੱਥ ਧੋਣੇ ਜ਼ਰੂਰੀ ਸਨ, ਹੋਰ ਕਿਸੇ ਤਰ੍ਹਾਂ ਦੀ ਕੋਈ ਫਾਰਮੈਲਟੀ ਜਾਂ ਕੋਈ ਬੰਦਸ਼ ਨਹੀਂ ਸੀ। ਵਾਰੀ ਨਾਲ ਦੋ-ਦੋ ਕਰਕੇ ਅਸੀਂ ਉਸ ਨੂੰ ਦੇਖ ਸਕਦੇ ਸਾਂ।
ਅਸੀਂ ਅੰਦਰ ਗਏ, ਹਰਮਨ ਬੇਹੋਸ਼ ਪਿਆ ਸੀ। ਗਿੱਠ ਤੋਂ ਵੀ ਜ਼ਿਆਦਾ ਛਾਤੀ ਖੋਲ੍ਹੀ ਹੋਈ ਸੀ, ਭਰਾੜ ਦਾ ਭਰਾੜ ਜਿਵੇਂ ਮਤੀਰਾ (ਹਦਵਾਣਾ) ਪਾੜਿਆ ਹੁੰਦਾ ਹੈ। ਉਸ ਅੰਦਰ ਲਹੂ ਤੋਂ ਬਿਨਾ ਹੋਰ ਕੁਝ ਦਿਖਾਈ ਨਹੀਂ ਸੀ ਦਿੰਦਾ। ਮੂੰਹ ’ਤੇ ਨੱਕ ਨਾਲ਼ੀਆਂ ਨਾਲ ਭਰੇ ਹੋਏ ਸਨ। ਟੇਪਾਂ ਲੱਗੀਆਂ ਹੋਈਆਂ ਸਨ। ਅੱਧ ਖੁੱਲ੍ਹੀਆਂ ਅੱਖਾਂ ਵਿੱਚ ਮੌਤ ਵਰਗਾ ਭੈਅ ਸੀ। ਸਰੀਰ ਦੀ ਭੋਰਾ-ਭੋਰਾ ਹਰਕਤ ਕੰਪਿਊਟਰ ਦੀ ਵੱਡੀ ਸਕਰੀਨ ’ਤੇ ਆ ਰਹੀ ਸੀ। ਉਹ ਮਸ਼ੀਨਰੀ ਦੁਆਰਾ ਜਿਉਂ ਰਿਹਾ ਸੀ। ਮਸ਼ੀਨਰੀ ਵਿੱਚ ਉਸ ਦੀ ਜਾਨ ਸੀ। ਸਾਰਾ ਕੁਝ ਨਕਲੀ। ਸਾਹ, ਖੂਨ ਤੇ ਖੁਰਾਕ ਆਦਿ ਕੰਪਿਉਟਰ ਪਰਨਾਲੀ ਦੁਆਰਾ ਦਿੱਤੀ ਜਾ ਰਹੀ ਸੀ। ਉਸ ਦਾ ਸਰੀਰ ਬੇਜਾਨ, ਬੇਸੁਰਤ ਪਿਆ ਸੀ। ਇਸ ਹਾਲਤ ਵਿੱਚ ਜਿੰਨੀ ਵਾਰ ਅਸੀਂ ਉਸ ਨੂੰ ਦੇਖਦੇ, ਉੱਨੀ ਵਾਰ ਸਾਡੇ ਫਿਕਰ ਹੋਰ ਡੂੰਘੇ ਹੋਈ ਜਾਂਦੇ। ਹਰ ਕੋਈ ਆਪਣੇ ਆਪ ਵਿੱਚ ਦਿਲ ਦੇ ਦਰਦ ਨਾਲ ਭਰਿਆ ਹੋਇਆ ਸੀ। ਆਪਣੇ ਫਿਕਰ ਦੀ ਜਾਂ ਦਰਦ ਦੀ ਗੱਲ ਕੋਈ ਕਿਸੇ ਨੂੰ ਕਹਿਣ ਸੁਣਨ ਦੀ ਹਾਲਤ ਵਿੱਚ ਨਹੀਂ ਸੀ। ਆਖਣ ਲਈ ਕਿਸੇ ਕੋਲ ਕੁਝ ਬਚਿਆ ਨਹੀਂ ਸੀ।
ਇਸ ਹਾਲਤ ਵਿੱਚ ਲਗਾਤਾਰ ਦਸ ਦਿਨ ਤਕ ਹਰਮਨ ਬੇਹੋਸ਼ ਪਿਆ ਰਿਹਾ। ਡਾਕਟਰ ਉਸ ਨੂੰ ਪਾਸਾ ਦੁਆ ਦਿੰਦੇ ਰਹੇ। ਉਸਦਾ ਮੂੰਹ ਮੱਥਾ ਸੁਆਰਦੇ ਤੇ ਦੰਦ ਸਾਫ ਕਰਦੇ ਰਹੇ। ਉਸ ਦੀਆਂ ਅੱਧ ਖੁੱਲ੍ਹੀਆਂ ਬੇਜਾਨ ਅੱਖਾਂ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ। ਨਵਤੇਜ ਤੇ ਸਰਬਜੀਤ ਦਿਨ ਰਾਤ ਹਸਪਤਾਲ ਰਹੇ। ਬੇਵੱਸ ਹੋਏ ਬਿੰਦੇ ਬਿੰਦੇ ਉਸ ਨੂੰ ਦੇਖ ਲੈਂਦੇ। ਪਰ ਕੁਝ ਕਰ ਨਹੀਂ ਸੀ ਸਕਦੇ। ਨਾ ਉਨ੍ਹਾਂ ਨੂੰ ਖਾਣ ਦੀ, ਨਾ ਪੀਣ ਦੀ ਸੋਝੀ ਸੀ, ਨਾ ਅਰਾਮ ਦੀ, ਨੀਂਦ ਕਿੱਥੋਂ ਆਉਣੀ ਸੀ? ਹਰਮਨ ਕਦੋਂ ਉੱਠੇ, ਕਦੋਂ ਠੀਕ ਹੋਵੇ, ਕਦੋਂ ਬੋਲੇ, ਸਹੀ ਸਲਾਮਤ ਹੋਵੇ ਤੇ ਗੱਲਾਂ ਕਰਕੇ ਸੁਣਾਵੇ। ਅਸੀਂ ਬੁਰੀ ਤਰ੍ਹਾਂ ਤਰਸੇ ਹੋਏ ਸਾਂ। ਸਾਰਾ ਕੁਝ ਡਾਕਟਰਾਂ ਦੇ ਵੱਸ ਸੀ। ਮਿਹਨਤ ਡਾਕਟਰਾਂ ਦੀ ਸੀ, ਉਹ ਜ਼ਿੰਦਗੀ ਦੇਣ ਵਾਲੇ ਸਨ। ਅਸੀਂ ਪਰਮਾਤਮਾ ਤੋਂ ਤੰਦਰੁਸਤੀ ਦੀ ਭਿੱਖਿਆ ਮੰਗ ਰਹੇ ਸਾਂ।
ਡਾਕਟਰਾਂ ਦੀ ਆਪਣੀ ਤਸੱਲੀ ਪਿੱਛੋਂ ਦਸਵੇਂ ਦਿਨ ਉਸ ਨੂੰ ਹੋਸ਼ ਵਿੱਚ ਲਿਆਂਦਾ ਗਿਆ। ਦਸਾਂ ਦਿਨਾਂ ਪਿੱਛੋਂ ਉਸ ਨੇ ਪਹਿਲੀ ਵਾਰ ਅੱਖਾਂ ਖੋਲ੍ਹੀਆਂ। ਪਰ ਉਦੋਂ ਉਹ ਕੇਵਲ ਸੁਣ ਸਕਦਾ ਸੀ, ਸਮਝ ਸਕਦਾ ਸੀ ਤੇ ਪਛਾਣ ਸਕਦਾ ਸੀ, ਬੋਲ ਨਹੀਂ ਸੀ ਸਕਦਾ। ਸਰੀਰ ਦੇ ਸਾਰੇ ਅੰਗ ਖੜ੍ਹ ਗਏ ਸਨ। ਇੱਕ ਉਂਗਲ ਵੀ ਨਹੀਂ ਸੀ ਹਿਲਾ ਸਕਦਾ। ਸਾਰੇ ਅੰਗ ਜਿੰਦਹੀਣ ਤੇ ਬੇਜਾਨ ਹੋ ਚੁੱਕੇ ਸਨ। ਇਸ ਹਾਲਤ ਵਿੱਚ ਵੀ ਸਾਡੇ ਅੰਦਰ ਅੰਤਾਂ ਦੀ ਘਬਰਾਹਟ ਸੀ। ਇਹ ਕੀ ਹੋ ਗਿਆ? ਕਦੋਂ ਇਹ ਬੋਲਣ ਤੇ ਤੁਰਨ ਜੋਗਾ ਹੋਵੇਗਾ? ਸਾਨੂੰ ਚਿੰਤਾ ਵੱਢ-ਵੱਢ ਖਾ ਰਹੀ ਸੀ। ਪਰ ਡਾਕਟਰ ਪੂਰੀ ਤਰ੍ਹਾਂ ਆਸਵੰਦ ਤੇ ਤਸੱਲੀ ਵਿੱਚ ਸਨ। ਵੱਡਾ ਤੇ ਗੁੰਝਲਦਾਰ ਕੰਮ ਹੋ ਚੁੱਕਾ ਸੀ, ਬਾਕੀ ਗੱਲਾਂ ਦੀ ਉਨ੍ਹਾਂ ਨੂੰ ਭੋਰਾ ਵੀ ਚਿੰਤਾ ਨਹੀਂ ਸੀ। ਬੁਝੇ ਹੋਏ ਬੱਲਬ ਨੂੰ ਲਾਹ ਕੇ ਉਸ ਦੀ ਥਾਂ ਨਵਾਂ ਬੱਲਬ ਫਿੱਟ ਕਰਨ ਵਾਂਗ ਪੁਰਾਣਾ ਦਿਲ ਤਬਦੀਲ ਕਰ ਕੇ ਉਸ ਦੀ ਥਾਂ ਨਵਾਂ ਦਿਲ ਫਿੱਟ ਕੀਤਾ ਗਿਆ ਸੀ। ਡਾਕਟਰਾਂ ਅਨੁਸਾਰ ਇਹ ਕਾਰਜ ਬਹੁਤ ਔਖਾ ਕਾਰਜ ਨਹੀਂ।
ਇਸ ਪਿੱਛੋਂ ਬਹੁਤ ਔਖਾ ਤੇ ਗੁੰਝਲਦਾਰ ਕੰਮ ਹੋਰ ਹੈ। ਡਾਕਟਰਾਂ ਸਾਨੂੰ ਦੱਸਿਆ ਕਿ ਕਿਸੇ ਪੁਰਾਣੇ ਘਰ ਵਿੱਚ ਨਵੇਂ ਮਹਿਮਾਨ ਦੇ ਆਉਣ ਵਾਂਗ, ਪਹਿਲੇ ਮਾਲਕਾਂ ਨਾਲ ਐਡਜਸਟਮੈਂਟ ਕਰਨ ਦਾ, ਜਾਣ ਪਛਾਣ, ਸਾਂਝ ਤੇ ਲਿਹਾਜ਼ ਸਥਾਪਤ ਕਰਨ ਦਾ ਕਾਰਜ ਬਹੁਤ ਸੂਖਮ ਤੇ ਬਹੁਤ ਔਖਾ ਕਾਰਜ ਹੈ। ਕੁਦਰਤ ਦਾ ਅੰਦਰਲਾ ਢਾਂਚਾ ਬਹੁਤ ਕੋਮਲ ਤੇ ਸੰਵੇਦਨਸ਼ੀਲ ਹੁੰਦਾ ਹੈ। ਨਵਾਂ ਦਿਲ ਸਰੀਰ ਦੇ ਅੰਦਰਲੇ ਢਾਂਚੇ ਲਈ ਓਪਰਾ ਹੁੰਦਾ ਹੈ। ਨਵੇਂ ਤੇ ਓਪਰੇ ਮਹਿਮਾਨ ਦੇ ਕਿਸੇ ਨਵੇਂ ਘਰ ਵਿੱਚ ਘੁਸਣ ਵਾਂਗ, ਘਰ ਦੇ ਪਹਿਲੇ ਤੇ ਅਸਲ ਮਾਲਕਾਂ ਦੀ ਛੇਤੀ ਕੀਤੇ ਸਾਂਝ-ਲਿਹਾਜ਼ ਨਹੀਂ ਬਣਦੀ। ਸਰੀਰ ਦੇ ਪਹਿਲੇ ਮਾਲਕ ਅਮੋੜ ਤੇ ਜ਼ਿੱਦੀ ਬੱਚੇ ਵਾਂਗ ਹੁੰਦੇ ਹਨ। ਕਿਸੇ ਨਵੇਂ ਮਹਿਮਾਨ ਨਾਲ ਵਰਚਦੇ ਨਹੀਂ। ਪਹਿਲੇ ਮਾਲਕਾਂ ਨੂੰ ਵਰਾ ਕੇ, ਸਮਝਾ ਕੇ, ਸੌ ਤਰ੍ਹਾਂ ਦੀਆਂ ਦਵਾਈਆਂ ਦੁਆਰਾ ਸੁਆ ਕੇ ਹੌਲ਼ੀ-ਹੌਲ਼ੀ ਨਵੇਂ ਦਿਲ ਨਾਲ ਜੋਟੀ ਪੈਂਦੀ ਹੈ ਅਤੇ ਹੌਲ਼ੀ-ਹੌਲ਼ੀ ਮੁੜ ਜੀਵਨ ਦਾ ਨਗਮਾ ਅਰੰਭ ਹੁੰਦਾ ਹੈ। ਇੱਥੇ ਗੁੰਝਲਾਂ ਵੀ ਪੈ ਸਕਦੀਆਂ ਹਨ, ਪਤਾ ਨਹੀਂ ਕੀ ਕੀ ਗੁੰਝਲਾਂ, ਬਹੁਤ ਭਿਆਨਕ ਗੁੰਝਲਾਂ। ਇਨ੍ਹਾਂ ਨੂੰ ਸੁਲਝਾਉਣ ਲਈ ਲੰਮਾ ਸਮਾਂ ਵੀ ਲੱਗ ਸਕਦਾ ਹੈ। ਪਤਾ ਨਹੀਂ ਕਿੰਨਾ ਸਮਾਂ?
ਪਰ ਸ਼ੁਕਰ ਪਰਮਾਤਮਾ ਦਾ ਤੇ ਬਾਰੰਬਾਰ ਧੰਨਵਾਦ ਡਾਕਟਰਾਂ ਦਾ ਜੋ ਕਿਸੇ ਤਰ੍ਹਾਂ ਦੀ ਕੋਈ ਗੁੰਝਲ ਨਹੀਂ ਪਈ, ਹਰ ਔਖੀ ਘਾਟੀ ਤੋਂ ਬੱਚਤ ਰਹੀ। ਹੌਲ਼ੀ ਹੌਲ਼ੀ ਹਰਮਨ ਦੇ ਸਾਹ, ਖੂਨ ਤੇ ਖੁਰਾਕ ਆਦਿ ਵਿਗਿਆਨ ਦੀ ਬਣਾਈ ਮਸ਼ੀਨਰੀ ਵਿੱਚੋਂ ਕੱਢ ਕੇ ਕੁਦਰਤ ਦੇ ਬਣਾਏ ਸਰੀਰ ਨਾਲ ਜੋੜ ਦਿੱਤੇ ਗਏ। ਕੋਈ ਪੰਦਰਾਂ ਦਿਨ ਕ੍ਰਿਟੀਕਲ ਕੇਅਰ ਰੂਮ ਵਿੱਚ ਉਸ ਲਈ ਨਵੀਂ ਜ਼ਿੰਦਗੀ ਦੇ ਰਾਹ ਤਲਾਸ਼ ਕੀਤੇ ਜਾਂਦੇ ਰਹੇ। ਇੱਕ-ਇੱਕ ਮਿੰਟ ਉਸ ਲਈ ਸੁਖ ਸਾਂਦ ਦਾ ਸੁਨੇਹਾ ਲੈ ਕੇ ਆਉਂਦਾ ਰਿਹਾ ਹੈ। ਹੌਲੀ-ਹੌਲੀ ਉਹ ਬੋਲਣ ਲੱਗਾ, ਅੰਗ ਪੈਰ ਹਿਲਾਉਣ ਲੱਗਾ ਤੇ ਖੁਰਾਕ ਵੀ ਖਾਣ ਲੱਗਾ। ਵੇਖਦਿਆਂ-ਵੇਖਦਿਆਂ ਉਸ ਦੇ ਅੰਗਾਂ ਦੀਆਂ ਸੁੱਕੀਆਂ ਲਗਰਾਂ ਵਿੱਚ ਨਵੇਂ ਸਿਰੇ ਤੋਂ ਫੁਟਾਰਾ ਅਰੰਭ ਹੋ ਗਿਆ।
ਹਰਮਨ ਦੇ ਦਿਲ ਦੀ ਡੋਰ ਵਿਸ਼ਵ ਪ੍ਰਸਿੱਧ ਦਿਲ ਦੇ ਮਾਹਰ ਤਿੰਨ ਡਾਕਟਰਾਂ ਤੇ ਦੋ ਨਰਸਾਂ ਦੇ ਹੱਥ ਸੀ: Dr. Anne Dipchand, Dr. Paul Kantor, Dr. Andrew Redington, ਅਤੇ ਦੋ ਨਰਸਾਂ Judith Wilson and Kriston Goerge ਸਨ। ਹਰਮਨ ਦੀ ਸਰਜਰੀ ਕਰਨ ਵਾਲੇ ਡਾਕਟਰਾਂ ਦੀ ਟੀਮ ਦੀ ਮੁਖੀ, ਲੰਮੀ, ਪਤਲੀ, ਸੁੰਦਰ, ਸਡੌਲ ਤੇ ਪ੍ਰਭਾਵਸ਼ਾਲੀ ਚਿਹਰੇ ਵਾਲੀ ਲੇਡੀ ਡਾਕਟਰ ਐਨੀ ਦੀਪਚੰਦ (Dr. Anne Dipchand) ਜਿਸ ਦੀ ਅਗਵਾਈ ਵਿੱਚ ਹਰਮਨ ਦੀ ਸਰਜਰੀ ਕੀਤੀ ਗਈ ਤੇ ਹਾਰਟ ਤਬਦੀਲ ਕੀਤਾ ਗਿਆ ਸੀ, ਸਵੇਰ ਤੋਂ ਸ਼ਾਮ ਤਕ ਹਰਮਨ ਦੀ ਦੇਖ ਭਾਲ ਵਿੱਚ ਮਗਨ ਰਹੀ। ਸਾਰਾ ਦਿਨ ਉਸ ਨੂੰ ਨਾ ਵਿਹਲੇ ਦੇਖਿਆ, ਨਾ ਅਰਾਮ ਕਰਦੀ ਨੂੰ, ਨਾ ਕੁਝ ਖਾਂਦੀ ਪੀਂਦੀ ਨੂੰ ਵੇਖਿਆ। ਸ਼ਾਮ ਹੋਈ ਤਾਂ ਸ਼ਾਇਦ ਉਸ ਦੀ ਡਿਉਟੀ ਔਫ ਹੋਣੀ ਹੋਵੇ, ਉਸ ਨੇ ਮੇਰੇ ਪੁੱਤਰ ਨਵਤੇਜ ਨੂੰ ਹਰਮਨ ਬਾਰੇ ਪੂਰੀ ਜਾਣਕਾਰੀ ਦਿੱਤੀ ਤੇ ਹਰ ਪੱਖੋਂ ਬੇਫਿਕਰ ਹੋਣ ਦੀ ਤਸੱਲੀ ਦਿੱਤੀ। ਅੰਤ ਆਪਣੇ ਸਟਾਈਲ ਵਿੱਚ ਉਸ ਨੇ ਨਵਤੇਜ ਨੂੰ “ਐਨੀ ਅਦਰ ਕੁਐਸਚਨ?” (ਕੋਈ ਹੋਰ ਸੁਆਲ) ਪੁੱਛਿਆ ਤਾਂ ਨਵਤੇਜ ਨੇ ਆਖਿਆ, “ਹੋਰ ਤਾਂ ਸਭ ਠੀਕ ਹੈ। ਪਰ ਇੱਕ ਗੱਲ ਮੇਰੇ ਮਨ ਵਿੱਚ ਆ ਰਹੀ ਹੈ ਕਿ ਮੈਂ ਤੈਨੂੰ ਸਵੇਰ ਤੋਂ ਸ਼ਾਮ ਤਕ ਕੰਮ ਵਿੱਚ ਮਗਨ ਦੇਖਿਆ ਹੈ। ਕੁਝ ਖਾਂਦੇ ਪੀਂਦੇ ਜਾਂ ਅਰਾਮ ਕਰਦੇ ਨਹੀਂ ਦੇਖਿਆ, ਕੀ ਤੁਹਾਨੂੰ ਥਕਾਵਟ ਨਹੀਂ ਹੁੰਦੀ ਜਾਂ ਭੁੱਖ ਪਿਆਸ ਨਹੀਂ ਲਗਦੀ?”
ਡਾਕਟਰ ਐਨੀ ਦੀਪਚੰਦ ਦਾ ਉੱਤਰ ਬਹੁਤ ਰੌਚਕ ਸੀ, “ਡਿਉਟੀ ਦੌਰਾਨ ਕੰਮ ਕਰਦਿਆਂ ਮੈਂਨੂੰ ਨਾ ਭੁੱਖ ਲਗਦੀ ਹੈ ਨਾ ਪਿਆਸ, ਨਾ ਥਕਾਵਟ ਹੁੰਦੀ ਹੈ। ਆਸੇ ਪਾਸੇ ਝਾਕਣ ਤਕ ਦੀ ਫੁਰਸਤ ਨਹੀਂ ਹੁੰਦੀ। ਮਰੀਜ਼ ਦੀ ਜਾਨ ਵਿੱਚ ਜਾਨ ਹੁੰਦੀ ਹੈ।” ਗੱਲ ਅੱਗੇ ਤੋਰਦਿਆਂ ਉਸ ਹੋਰ ਆਖਿਆ, “ਕੰਮ ਮੁਕਾ ਕੇ ਜਦੋਂ ਮੇਰੀਆਂ ਅੱਖਾਂ ਆਪਣੀ ਸਫਲਤਾ ਦੇ ਅਤੇ ਤੰਦਰੁਸਤੀ ਦੇ ਲੱਛਣ ਦੇਖਦੀਆਂ ਹਨ ਤੇ ਮੈਂਨੂੰ ਮੇਰੀ ਸਫਲਤਾ ਦੇ ਖਿੜੇ ਫੁਲ ਦਿਖਾਈ ਦਿੰਦੇ ਹਨ ਤਾਂ ਇਹ ਸਾਰਾ ਕੁਝ ਦੇਖ ਕੇ ਮੈਂਨੂੰ ਸਰੂਰ ਆ ਜਾਂਦਾ ਹੈ ਤੇ ਮੇਰੀ ਭੁੱਖ, ਪਿਆਸ ਤੇ ਥਕਾਵਟ ਸਭ ਦੂਰ ਹੋ ਜਾਂਦੀ ਹੈ।” ਅਜਿਹੀ ਕੋਮਲ ਸੋਚ ਅੱਗੇ ਬਾਰੰਮਬਾਰ ਸਿਰ ਝੁਕਦਾ ਹੈ।
‘ਸਿੱਕ ਚਿਲਡਰਨ ਹਸਪਤਾਲ ਟਰਾਂਟੋ’ ਦੇ ਬਹਿਸ਼ਤ ਵਰਗੇ ਪ੍ਰਬੰਧ ਵਿੱਚ ਅਤੇ ਫਰਿਸ਼ਤਿਆਂ ਵਰਗੇ ਡਾਕਟਰਾਂ ਤੇ ਕੋਮਲ ਨਰਸਾਂ ਦੀ ਮਿਹਨਤ ਤੇ ਲਗਨ ਦੁਆਰਾ ਹਰਮਨ ਮੁੜ ਬੋਲਣ ਲੱਗਾ ਹੈ, ਅੰਗ ਹਰਕਤ ਵਿੱਚ ਆਉਣ ਲੱਗੇ ਹਨ। ਖੁਰਾਕ ਖਾਣ ਲੱਗਾ ਹੈ। ਉਸ ਦੇ ਤਨ ਮਨ ਵਿੱਚ ਨਵੀਂ ਜੋਤ ਜਗਣ ਲੱਗੀ ਤੇ ਜੀਵਨ ਧਾਰਾ ਦਾ ਵਹਾਅ ਅਰੰਭ ਹੋ ਗਿਆ ਹੈ। ਅੱਜ ਹੋਰ ਕੱਲ੍ਹ ਹੋਰ, ਦਿਨੋ ਦਿਨ ਹੋਰ ਦਾ ਹੋਰ। ਕੁਲ 26 ਦਿਨਾਂ ਪਿੱਛੋਂ ਹਰਮਨ ਨੂੰ ਦੋ ਦਿਨ ਘਰ ਜਾਣ ਦੀ ਅਚਾਨਕ ਛੁੱਟੀ ਦਿੱਤੀ ਗਈ। ਅਸੀਂ ਬਹੁਤ ਖੁਸ਼। ਕਾਰ ਵਿੱਚ ਬਿਠਾ ਕੇ ਬਹੁਤ ਅਰਾਮ ਨਾਲ ਘਰ ਆਏ।
ਹਰਮਨ ਪਹਿਲੇ ਦਿਨ ਘਰ ਆਇਆ ਹੈ। ਘਰ ਵਿੱਚ ਖੇੜਾ ਹੈ। ਪਰਿਵਾਰ ਦੀ ਉਦਾਸ ਜ਼ਿੰਦਗੀ ਵਿੱਚ ਪਹਿਲੀ ਵਾਰ ਹੱਸਦਾ ਹਸਾਉਂਦਾ, ਤੰਦਰੁਸਤੀ ਭਰਿਆ ਹਵਾ ਦਾ ਬੁੱਲਾ ਆਇਆ ਹੈ। ਇੰਨੇ ਵੱਡੇ ਖਤਰਿਆਂ ਭਰੇ ਤੇ ਨਾਜ਼ਕ ਅਪਰੇਸ਼ਨ ਪਿੱਛੋਂ ਇੰਨੀ ਛੇਤੀ ਘਰ ਜਾਣ ਦੀ ਛੁੱਟੀ ਮਿਲ ਜਾਵੇਗੀ ਅਤੇ ਉਹ ਨਵੀਂ ਨਕੋਰ ਜ਼ਿੰਦਗੀ ਦੇ ਇੰਨਾ ਨੇੜੇ ਹੋਵੇਗਾ, ਇਹ ਸਾਰਾ ਕੁਝ ਅਸੀਂ ਸੋਚ ਵੀ ਨਹੀਂ ਸੀ ਸਕਦੇ। ਸਾਡੇ ਲਈ ਤਾਂ ਇਹ ਇੱਕ ਕ੍ਰਿਸ਼ਮਾ ਸੀ, ਵਿਗਿਆਨ ਦਾ ਇੱਕ ਅਜੀਬ ਚਮਤਕਾਰ। ਉਹ ਘਰ ਆਇਆ ਤਾਂ ਘਰ ਦਾ ਮਾਹੌਲ ਹੀ ਬਦਲ ਗਿਆ। ਅਸੀਂ ਤਾਂ ਉੱਡੇ ਫਿਰਦੇ ਸਾਂ। ਦੋ ਦਿਨ ਉਹ ਘਰ ਰਿਹਾ। ਦੋ ਦਿਨਾਂ ਪਿੱਛੋਂ ਫਿਰ ਹਸਪਤਾਲ ਦੀ ਵਾਪਸੀ। ਅੰਤ ਕੁਲ 31 ਦਿਨ ਹਸਪਤਾਲ ਰਹਿਣ ਪਿੱਛੋਂ, ਪਹਿਲੀ ਅਗਸਤ 2009 ਨੂੰ ਹਰਮਨ ਨੂੰ ਹਸਪਤਾਲ ਤੋਂ ਪੱਕੀ ਛੁੱਟੀ ਦਿੱਤੀ ਗਈ। 31 ਦਿਨਾਂ ਪਿੱਛੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਸੁਖ ਸਾਂਦ ਨਾਲ ਹਰਮਨ ਘਰ ਆ ਗਿਆ।
ਸਾਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਹਰਮਨ ਇੰਨੀ ਛੇਤੀ ਤਕੜਾ ਹੋ ਜਾਵੇਗਾ ਤੇ ਇੰਨੀ ਛੇਤੀ ਹਸਪਤਾਲੋਂ ਛੁੱਟੀ ਮਿਲ ਜਾਵੇਗੀ। ਕੁਲ ਇੱਕ ਮਹੀਨੇ ਵਿੱਚ ਹੀ ਸਾਰਾ ਕੁਝ ਨਿੱਬੜ ਗਿਆ। ਇੰਨਾ ਨਾਜ਼ਕ, ਗੁੰਝਲਦਾਰ ਤੇ ਮੇਜਰ ਅਪਰੇਸ਼ਨ, ਇੰਨਾ ਚੁਸਤ ਤੇ ਫੁਰਤੀਲਾ ਇਲਾਜ, ਹੈਰਾਨ ਕਰਦਾ ਕ੍ਰਿਸ਼ਮਾ ਹੈ। ਇਹ ਦੇਖ ਕੇ ਡਾਕਟਰਾਂ ਦੀ ਮਿਹਨਤ, ਲਗਨ ਅਤੇ ਭਰੋਸੇਯੋਗਤਾ ਅੱਗੇ ਸਿਰ ਝੁਕਦਾ ਹੈ। ਹਰਮਨ ਨੂੰ ਇਹ ਨਵਾਂ ਜੀਵਨ ਮਿਲਿਆ ਹੈ। ਇਹ ਮੈਡੀਕਲ ਵਿਗਿਆਨ ਦਾ ਇੱਕ ਤਰ੍ਹਾਂ ਦਾ ਅਨੋਖਾ ਤੇ ਅਦਭੁੱਤ ਕ੍ਰਿਸ਼ਮਾ ਹੈ।
ਹਸਪਤਾਲੋਂ ਛੁੱਟੀ ਤਾਂ ਮਿਲ ਗਈ, ਹਰਮਨ ਘਰ ਆ ਚੁੱਕਾ ਸੀ; ਫਿਰ ਵੀ ਡਾਕਟਰਾਂ ਦੀ ਸਿੱਧੀ ਨਿਗਰਾਨੀ ਵਿੱਚ ਰਿਹਾ। ਘਰ ਆ ਕੇ ਡਾਕਟਰ ਨਿੱਕੀ ਨਿੱਕੀ ਚੀਜ਼ ਚੈੱਕ ਕਰਦੇ ਰਹੇ। ਹਰਮਨ ਦੇ ਰਹਿਣ ਸਹਿਣ ਦਾ, ਦਵਾ ਤੇ ਖਾਦ ਖੁਰਾਕ ਦਾ, ਸਪੈਸ਼ਲ ਉਸ ਦਾ ਬੈੱਡ ਚੈੱਕ ਕਰਦੇ ਰਹੇ। ਉੱਚੇ ਨੀਵੇਂ ਥਾਂ ਪੈਰ ਰੱਖਣ ਦੀ, ਪੌੜੀਆਂ ਚੜ੍ਹਨ ਦੀ ਤੇ ਵੀਲ ਚੇਅਰ ਤੋਂ ਬਗੈਰ ਤੁਰਨ ਦੀ ਮਨਾਹੀ ਸੀ। ਕੋਈ ਮਹੀਨਾ ਭਰ ਇਸ ਤਰ੍ਹਾਂ ਰੱਖਿਆ ਕੀਤੀ ਜਾਂਦੀ ਰਹੀ।
*****
(ਛਪ ਰਹੀ ਬੁਕਲਟ ‘ਹਰਮਨ ਦੇ ਦਿਲ ਦੀ ਕਹਾਣੀ’ ਵਿੱਚੋਂ)
**
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2761)
(ਸਰੋਕਾਰ ਨਾਲ ਸੰਪਰਕ ਲਈ: